ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 5

ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥

ਪਦ ਅਰਥ: ਕਿਵ ਕਰਿ = ਕਿਉਂ ਕਰਿ, ਕਿਸ ਤਰ੍ਹਾਂ। ਆਖਾ = ਮੈਂ ਆਖਾਂ, ਮੈਂ ਬਿਆਨ ਕਰਾਂ, ਮੈ ਕਹਿ ਸਕਾਂ। ਸਾਲਾਹੀ = ਮੈਂ ਸਾਲਾਹਾਂ, ਮੈਂ ਅਕਾਲ ਪੁਰਖ ਦੀ ਵਡਿਆਈ ਕਰਾਂ। ਕਿਉ = ਕਿਉਂ ਕਰਿ, ਕਿਸ ਤਰ੍ਹਾਂ। ਵਰਨੀ = ਮੈਂ ਵਰਣਨ ਕਰਾਂ, ਸਭੁ ਕੋ = ਹਰੇਕ ਜੀਵ। ਆਖਣਿ ਆਖੈ = ਆਖਣ ਨੂੰ ਤਾਂ ਆਖਦਾ ਹੈ, ਆਖਣ ਦਾ ਜਤਨ ਕਰਦਾ ਹੈ। ਇਕ ਦੂ ਇਕੁ ਸਿਆਣਾ = ਇਕ ਦੂਜੇ ਤੋਂ ਸਿਆਣਾ ਬਣ ਬਣ ਕੇ, ਇਕ ਜਣਾ ਆਪਣੇ ਆਪ ਨੂੰ ਦੂਜੇ ਤੋਂ ਸਿਆਣਾ ਸਮਝ ਕੇ। ਦੂ = ਤੋਂ।

ਅਰਥ: ਮੈਂ ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ? ਹੇ ਨਾਨਕ! ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ (ਅਕਾਲ ਪੁਰਖ ਦੀ ਵਡਿਆਈ) ਦੱਸਣ ਦਾ ਜਤਨ ਕਰਦਾ ਹੈ, (ਪਰ ਦੱਸ ਨਹੀਂ ਸਕਦਾ) ।

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥

ਪਦ ਅਰਥ: ਸਾਹਿਬੁ = ਮਾਲਕ, ਅਕਾਲ ਪੁਰਖ। ਨਾਈ = ਵਡਿਆਈ। ਜਾ ਕਾ = ਜਿਸ (ਅਕਾਲ ਪੁਰਖ) ਦਾ। ਕੀਤਾ ਜਾ ਕਾ ਹੋਵੈ = ਜਿਸ ਹਰੀ ਦਾ ਸਭ ਕੁਝ ਕੀਤਾ ਹੁੰਦਾ ਹੈ। ਜੇ ਕੋ = ਜੇ ਕੋਈ ਮਨੁੱਖ। ਆਪੌ = ਆਪਹੁ, ਆਪਣੇ ਆਪ ਤੋਂ, ਆਪਣੀ ਅਕਲ ਦੇ ਬਲ ਤੋਂ। ਨ ਸੋਹੈ– ਸੋਭਦਾ ਨਹੀਂ, ਆਦਰ ਨਹੀਂ ਪਾਂਦਾ। ਅਗੈ ਗਇਆ = ਅਕਾਲ ਪੁਰਖ ਦੇ ਦਰ 'ਤੇ ਜਾ ਕੇ।

ਅਰਥ: ਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ। ਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ) ਜਤਨ ਕਰੇ, ਉਹ ਅਕਾਲ ਪੁਰਖ ਦੇ ਦਰ 'ਤੇ ਜਾ ਕੇ ਆਦਰ ਨਹੀਂ ਪਾਂਦਾ। 21।

ਭਾਵ: ਜਿਸ ਮਨੁੱਖ ਨੇ 'ਨਾਮ' ਵਿਚ ਚਿੱਤ ਜੋੜਿਆ ਹੈ, ਜਿਸ ਨੂੰ ਸਿਮਰਨ ਦੀ ਲਗਨ ਲੱਗ ਗਈ ਹੈ, ਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਉਪਜਿਆ ਹੈ, ਉਸ ਦਾ ਆਤਮਾ ਸੁੱਧ ਪਵਿੱਤਰ ਹੋ ਜਾਂਦੀ ਹੈ। ਪਰ ਇਹ ਭਗਤੀ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ।

ਬੰਦਗੀ ਦਾ ਇਹ ਸਿੱਟਾ ਨਹੀਂ ਹੋ ਸਕਦਾ ਕਿ ਮਨੁੱਖ ਇਹ ਦੱਸ ਸਕੇ ਕਿ ਜਗਤ ਕਦੋਂ ਬਣਿਆ। ਨਾਹ ਪੰਡਤ, ਨਾਹ ਕਾਜ਼ੀ, ਨਾਹ ਜੋਗੀ, ਕੋਈ ਭੀ ਇਹ ਭੇਤ ਨਹੀਂ ਪਾ ਸਕੇ। ਪਰਮਾਤਮਾ ਬੇਅੰਤ ਵੱਡਾ ਹੈ। ਉਸ ਦੀ ਵਡਿਆਈ ਭੀ ਬੇਅੰਤ ਹੈ, ਉਸ ਦੀ ਰਚਨਾ ਭੀ ਬੇਅੰਤ ਹੈ। 21।

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥

ਪਦ ਅਰਥ: ਪਾਤਾਲਾ ਪਾਤਾਲ = ਪਾਤਾਲਾਂ ਦੇ ਹੇਠ ਹੋਰ ਪਾਤਾਲ ਹਨ। ਆਗਾਸਾ ਆਗਾਸ = ਆਕਾਸ਼ਾਂ ਦੇ ਉੱਤੇ ਹੋਰ ਆਕਾਸ਼ ਹਨ। ਓੜਕ = ਅਖ਼ੀਰ, ਅੰਤ, ਅਖ਼ੀਰਲੇ ਬੰਨੇ। ਭਾਲਿ ਥਕੇ = ਭਾਲ ਭਾਲ ਕੇ ਥੱਕ ਗਏ ਹਨ। ਕਹਨਿ = ਆਖਦੇ ਹਨ। ਇਕ ਵਾਤ = ਇਕ ਗੱਲ, ਇਕ-ਜ਼ਬਾਨ ਹੋ ਕੇ।

ਅਰਥ: (ਸਾਰੇ) ਵੇਦ ਇੱਕ = ਜ਼ਬਾਨ ਹੋ ਕੇ ਆਖਦੇ ਹਨ, "ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ) "।

ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥

ਪਦ ਅਰਥ: ਸਹਸ ਅਠਾਰਹ = ਅਠਾਰਾਂ ਹਜ਼ਾਰ (ਆਲਮ) । ਕਹਨਿ ਕਤੇਬਾ = ਕਤੇਬਾਂ ਆਖਦੀਆਂ ਹਨ। ਕਤੇਬਾ = ਈਸਾਈ ਮਤ ਤੇ ਇਸਲਾਮ ਆਦਿਕ ਦੀਆਂ ਚਾਰ ਕਿਤਾਬਾਂ: ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ। ਅਸੁਲੂ = ਮੁੱਢ। ਨੋਟ: ਇਹ ਅਰਬੀ ਬੋਲੀ ਦਾ ਲਫ਼ਜ਼ ਹੈ। ਅੱਖਰ 'ਸ' ਦਾ ਹੇਠਲਾ (ੁ) ਅਰਬੀ ਦਾ ਅੱਖ਼ਰ 'ਸੁਆਦ' ਦੱਸਣ ਵਾਸਤੇ ਹੈ। ਇਕ ਧਾਤੁ = ਇੱਕ ਅਕਾਲ ਪੁਰਖ, ਇਕ ਪੈਦਾ ਕਰਨ ਵਾਲਾ। ਲੇਖਾ ਹੋਇ = ਜੇ ਲੇਖਾ ਹੋ ਸਕੇ। ਲਿਖੀਐ = ਲਿਖ ਸਕੀਦਾ ਹੈ। ਲੇਖੈ ਵਿਣਾਸੁ = ਲੇਖੇ ਦਾ ਖ਼ਾਤਮਾ, ਲੇਖੇ ਦਾ ਅੰਤ।

ਅਰਥ: (ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, "ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ"। (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) 'ਹਜ਼ਾਰਾਂ' ਤੇ 'ਲੱਖਾਂ' ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ, (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ) ।

ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥

ਪਦ ਅਰਥ: ਆਖੀਐ = ਆਖੀਦਾ ਹੈ (ਜਿਸ ਅਕਾਲ ਪੁਰਖ ਨੂੰ) । ਆਪੇ = ਉਹ ਅਕਾਲ ਪੁਰਖ ਆਪ ਹੀ। ਜਾਣੈ = ਜਾਣਦਾ ਹੈ। ਆਪੁ = ਆਪਣੇ ਆਪ ਨੂੰ।

ਅਰਥ: ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ। 22।

ਭਾਵ: ਪ੍ਰਭੂ ਦੀ ਕੁਦਰਤ ਦਾ ਬਿਆਨ ਕਰਨ ਲਗਿਆਂ 'ਹਜ਼ਾਰਾਂ' ਜਾਂ 'ਲੱਖਾਂ' ਦੇ ਹਿੰਦਸੇ ਵੀ ਵਰਤੇ ਨਹੀਂ ਜਾ ਸਕਦੇ। ਇਤਨੀ ਬੇਅੰਤ ਕੁਦਰਤ ਹੈ ਕਿ ਇਸ ਦਾ ਲੇਖਾ ਕਰਨ ਲਗਿਆਂ ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ। 22।

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥

ਪਦ ਅਰਥ: ਸਾਲਾਹੀ = ਸਲਾਹੁਣ-ਜੋਗ ਪਰਮਾਤਮਾ। ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਏਤੀ ਸੁਰਤਿ = ਇਤਨੀ ਸਮਝ (ਕਿ ਅਕਾਲ ਪੁਰਖ ਕੇਡਾ ਵੱਡਾ ਹੈ) । ਨ ਪਾਈਆ = ਕਿਸੇ ਨੇ ਨਹੀਂ ਪਾਈ। ਅਤੈ = ਅਤੇ, ਤੇ। ਵਾਹ = ਵਹਿਣ, ਨਾਲੇ। ਪਵਹਿ = ਪੈਂਦੇ ਹਨ। ਸਮੁੰਦਿ = ਸਮੁੰਦਰ ਵਿਚ। ਨ ਜਾਣੀਅਹਿ = ਨਹੀਂ ਜਾਣੇ ਜਾਂਦੇ, ਉਹ ਨਦੀਆਂ ਤੇ ਨਾਲੇ (ਫਿਰ ਵੱਖਰੇ) ਪਛਾਣੇ ਨਹੀਂ ਜਾ ਸਕਦੇ, (ਵਿਚੇ ਵਿਚ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ) ।

ਅਰਥ: ਸਲਾਹੁਣ = ਜੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕੇਡਾ ਵੱਡਾ ਹੈ, (ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿਚੇ ਹੀ ਲੀਨ ਹੋ ਜਾਂਦੇ ਹਨ) । ਨਦੀਆਂ ਤੇ ਨਾਲੇ ਸਮੁੰਦਰ ਵਿਚ ਪੈਂਦੇ ਹਨ, (ਪਰ ਫਿਰ ਵੱਖਰੇ) ਉਹ ਪਛਾਣੇ ਨਹੀਂ ਜਾ ਸਕਦੇ (ਵਿਚੇ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ) ।

ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥

ਪਦ ਅਰਥ: ਸਮੁੰਦ ਸਾਹ ਸੁਲਤਾਨ = ਸਮੁੰਦਰਾਂ ਦੇ ਪਾਤਿਸ਼ਾਹ ਤੇ ਸੁਲਤਾਨ। ਗਿਰਹਾ ਸੇਤੀ = ਪਹਾੜਾਂ ਜੇਡੇ। ਤੁਲਿ = ਬਰਾਬਰ। ਨ ਹੋਵਨੀ = ਨਹੀਂ ਹੁੰਦੇ। ਤਿਸੁ ਮਨਹੁ = ਉਹ ਕੀੜੀ ਦੇ ਮਨ ਵਿਚੋਂ। ਜੇ ਨ ਵੀਸਰਹਿ = ਜੇ ਤੂੰ ਨਾਹ ਵਿਸਰ ਜਾਏਂ, (ਹੇ ਹਰੀ!) ।

ਅਰਥ: ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ (ਜਿਨ੍ਹਾਂ ਦੇ ਖ਼ਜ਼ਾਨਿਆਂ ਵਿੱਚ) ਪਹਾੜ ਜੇਡੇ ਧਨ ਪਦਾਰਥਾਂ (ਦੇ ਢੇਰ ਹੋਣ) (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿਚ) ਇਕ ਕੀੜੀ ਦੇ ਭੀ ਬਰਾਬਰ ਨਹੀਂ ਹੁੰਦੇ, ਜੇ (ਹੇ ਅਕਾਲ ਪੁਰਖ!) ਉਸ ਕੀੜੀ ਦੇ ਮਨ ਵਿਚੋਂ ਤੂੰ ਨਾਹ ਵਿਸਰ ਜਾਏਂ। 23।

ਭਾਵ: ਸੋ, ਬੰਦਗੀ ਕਰਨ ਨਾਲ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ। ਪਰ ਇਸ ਦਾ ਇਹ ਭਾਵ ਨਹੀਂ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦਾ ਕੋਈ ਲਾਭ ਨਹੀਂ ਹੈ। ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਮਨੁੱਖ ਸ਼ਾਹਾਂ ਪਾਤਿਸ਼ਾਹਾਂ ਦੀ ਭੀ ਪਰਵਾਹ ਨਹੀਂ ਕਰਦਾ, ਪ੍ਰਭੂ ਦੇ ਨਾਮ ਸਾਹਮਣੇ ਬੇਅੰਤ ਧਨ ਭੀ ਉਸ ਨੂੰ ਤੁੱਛ ਜਾਪਦਾ ਹੈ। 23।

ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥

ਪਦ ਅਰਥ: ਸਿਫਤੀ = ਸਿਫ਼ਤਾਂ ਦਾ। ਕਹਣਿ = ਕਹਿਣ ਨਾਲ, ਦੱਸਣ ਨਾਲ। ਕਰਣੈ = ਬਣਾਈ ਹੋਈ ਕੁਦਰਤ ਦਾ। ਦੇਣਿ = ਦੇਣ ਵਿਚ, ਦਾਤਾਂ ਦੇਣ ਨਾਲ। ਵੇਖਣਿ, ਸੁਣਣਿ = ਵੇਖਣ ਤੇ ਸੁਣਨ ਨਾਲ। ਨ ਜਾਪੈ = ਨਹੀਂ ਜਾਪਦਾ, ਨਹੀਂ ਦਿੱਸਦਾ। ਮਨਿ = (ਅਕਾਲ ਪੁਰਖ ਦੇ) ਮਨ ਵਿਚ। ਮੰਤੁ = ਸਲਾਹ।

ਅਰਥ: (ਅਕਾਲ ਪੁਰਖ ਦੇ) ਗੁਣਾਂ ਦਾ ਕੋਈ ਹੱਦ-ਬੰਨਾ ਨਹੀਂ ਹੈ, ਗਿਣਨ ਨਾਲ ਭੀ (ਗੁਣਾਂ ਦਾ) ਅੰਤ ਨਹੀਂ ਪੈ ਸਕਦਾ। (ਗਿਣੇ ਨਹੀਂ ਜਾ ਸਕਦੇ) । ਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ। ਵੇਖਣ ਤੇ ਸੁਣਨ ਨਾਲ ਭੀ ਉਸ ਦੇ ਗੁਣਾਂ ਦਾ ਪਾਰ ਨਹੀਂ ਪਾ ਸਕੀਦਾ। ਉਸ ਅਕਾਲ ਪੁਰਖ ਦੇ ਮਨ ਵਿਚ ਕਿਹੜੀ ਸਲਾਹ ਹੈ-ਇਸ ਗੱਲ ਦਾ ਭੀ ਅੰਤ ਨਹੀਂ ਪਾਇਆ ਜਾ ਸਕਦਾ।

ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥

ਪਦ ਅਰਥ: ਕੀਤਾ = ਬਣਾਇਆ ਹੋਇਆ। ਆਕਾਰੁ = ਇਹ ਜਗਤ ਜੋ ਦਿੱਸ ਰਿਹਾ ਹੈ। ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ।

ਅਰਥ: ਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਅਖ਼ੀਰ, ਇਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿੱਸਦਾ।

ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥

ਪਦ ਅਰਥ: ਅੰਤ ਕਾਰਣਿ = ਹੱਦ-ਬੰਨਾ ਲੱਭਣ ਲਈ। ਕੇਤੇ = ਕਈ ਮਨੁੱਖ। ਬਿਲਲਾਹਿ = ਵਿਲਕਦੇ ਹਨ, ਤਰਲੇ ਲੈਂਦੇ ਹਨ। ਤਾ ਕੇ ਅੰਤ = ਉਸ ਅਕਾਲ ਪੁਰਖ ਦੇ ਹੱਦ-ਬੰਨੇ। ਨ ਪਾਏ ਜਾਹਿ = ਲੱਭੇ ਨਹੀਂ ਜਾ ਸਕਦੇ।

ਅਰਥ: ਕਈ ਮਨੁੱਖ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਸਨ, ਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ।

ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥

ਪਦ ਅਰਥ: ਏਹੁ ਅੰਤ = ਇਹ ਹੱਦ-ਬੰਨਾ (ਜਿਸ ਦੀ ਭਾਲ ਬੇਅੰਤ ਜੀਵ ਕਰਦੇ ਹਨ) । ਬਹੁਤਾ ਕਹੀਐ = ਜਿਉਂ ਜਿਉਂ ਅਕਾਲ ਪੁਰਖ ਨੂੰ ਵੱਡਾ ਆਖੀ ਜਾਵੀਏ, ਜਿਉਂ ਜਿਉਂ ਉਸ ਦੇ ਗੁਣ ਕਥਨ ਕਰੀ ਜਾਵੀਏ। ਬਹੁਤ ਹੋਇ = ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ।

ਅਰਥ: (ਅਕਾਲ ਪੁਰਖ ਦੇ ਗੁਣਾਂ ਦਾ) ਇਹ ਹੱਦ-ਬੰਨਾ (ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ) ਕੋਈ ਮਨੁੱਖ ਨਹੀਂ ਪਾ ਸਕਦਾ। ਜਿਉਂ ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ।

ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥

ਪਦ ਅਰਥ: ਥਾਉ = ਅਕਾਲ ਪੁਰਖ ਦੇ ਨਿਵਾਸ ਦਾ ਟਿਕਾਣਾ। ਉਚੇ ਉਪਰਿ ਊਚਾ = ਉੱਚੇ ਤੋਂ ਉੱਚਾ, ਬਹੁਤ ਉੱਚਾ। ਨਾਉ = ਨਾਮਣਾ, ਵਡਿਆਈ। ਏਵਡੁ = ਇਤਨਾ ਵੱਡਾ। ਹੋਵੈ ਕੋਇ = ਜੇ ਕੋਈ ਮਨੁੱਖ ਹੋਵੇ। ਤਿਸੁ ਊਚੇ ਕਉ = ਉਸ ਉੱਚੇ ਅਕਾਲ ਪੁਰਖ ਨੂੰ। ਸੋਇ = ਉਹ ਮਨੁੱਖ ਹੀ।

ਅਰਥ: ਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ। ਉਸ ਦਾ ਨਾਮਣਾ ਭੀ ਉੱਚਾ ਹੈ। ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ, ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ) ।

ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥੨੪॥

ਪਦ ਅਰਥ: ਜੇਵਡੁ = ਜੇਡਾ ਵੱਡਾ। ਜਾਣੈ = ਜਾਣਦਾ ਹੈ। ਆਪਿ ਆਪਿ = ਕੇਵਲ ਆਪ ਹੀ (ਉਸ ਤੋਂ ਬਿਨਾਂ ਕੋਈ ਹੋਰ ਨਹੀਂ ਜਾਣਦਾ) । ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਹਰੀ। ਕਰਮੀ = ਕਰਮ ਨਾਲ, ਬਖ਼ਸ਼ਸ਼ ਨਾਲ। ਦਾਤਿ = ਬਖ਼ਸ਼ਸ਼।

ਅਰਥ: ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕੇਡਾ ਵੱਡਾ ਹੈ। ਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ। 24।

ਭਾਵ: ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਉਸ ਦੀ ਪੈਦਾ ਕੀਤੀ ਰਚਨਾ ਭੀ ਬੇਅੰਤ ਹੈ। ਜਿਉਂ ਜਿਉਂ ਉਸ ਦੇ ਗੁਣਾਂ ਵਲ ਧਿਆਨ ਮਾਰੀਏ, ਉਹ ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ। ਜਗਤ ਵਿਚ ਨਾਹ ਕੋਈ ਉਸ ਪ੍ਰਭੂ ਜੇਡਾ ਵੱਡਾ ਹੈ ਹੀ, ਤੇ ਇਸ ਵਾਸਤੇ ਨਾਹ ਕੋਈ ਇਹ ਦੱਸ ਸਕਦਾ ਹੈ ਕਿ ਪ੍ਰਭੂ ਕਿਤਨਾ ਵੱਡਾ ਹੈ। 24।

ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥

ਪਦ ਅਰਥ: ਕਰਮੁ = ਬਖ਼ਸ਼ਸ਼। ਤਿਲੁ = ਤਿਲ ਜਿਤਨੀ ਭੀ। ਤਮਾਇ = ਲਾਲਚ, ਤ੍ਰਿਸ਼ਨਾ। ਦਾਤਾ = ਦਾਤਾਂ ਦੇਣ ਵਾਲਾ।

ਅਰਥ: ਅਕਾਲ ਪੁਰਖ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਭੀ ਲਾਲਚ ਨਹੀਂ। ਉਸ ਦੀ ਬਖ਼ਸ਼ਸ਼ ਏਡੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ।

ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰੁ ॥ ਕੇਤੇ ਖਪਿ ਤੁਟਹਿ ਵੇਕਾਰ ॥

ਪਦ ਅਰਥ: ਕੇਤੇ = ਕਈ। ਜੋਧ ਅਪਾਰ = ਅਪਾਰ ਜੋਧੇ, ਅਨਗਿਣਤ ਸੂਰਮੇ। ਮੰਗਹਿ = ਮੰਗਦੇ ਹਨ। ਗਣਤ = ਗਿਣਤੀ। ਕੇਤਿਆ = ਕਈਆਂ ਦੀ। ਵੇਕਾਰ = ਵਿਕਾਰਾਂ ਵਿਚ। ਖਪਿ ਤੁਟਹਿ = ਖਪ ਖਪ ਕੇ ਨਾਸ ਹੁੰਦੇ ਹਨ।

ਅਰਥ: ਬੇਅੰਤ ਸੂਰਮੇ ਅਤੇ ਕਈ ਹੋਰ ਅਜਿਹੇ, ਜਿਨ੍ਹਾਂ ਦੀ ਗਿਣਤੀ 'ਤੇ ਵਿਚਾਰ ਨਹੀਂ ਹੋ ਸਕਦੀ, (ਅਕਾਲ ਪੁਰਖ ਦੇ ਦਰ 'ਤੇ) ਮੰਗ ਰਹੇ ਹਨ, ਕਈ ਜੀਵ (ਉਸ ਦੀਆਂ ਦਾਤਾਂ ਵਰਤ ਕੇ) ਵਿਕਾਰਾਂ ਵਿਚ (ਹੀ) ਖਪ ਖਪ ਕੇ ਨਾਸ ਹੁੰਦੇ ਹਨ।

ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥

ਪਦ ਅਰਥ: ਕੇਤੇ = ਬੇਅੰਤ ਜੀਵ। ਮੁਕਰੁ ਪਾਹਿ = ਮੁਕਰ ਪੈਂਦੇ ਹਨ। ਖਾਹਿ ਖਾਹਿ = ਖਾਂਦੇ ਹਨ, ਖਾਹੀ ਜਾਂਦੇ ਹਨ।

ਨੋਟ: 'ਤੂੰ ਦੇਖਹਿ ਹਉ ਮੁਕਰਿ ਪਾਉ।

'ਸਭੁ ਕਿਛੁ ਸੁਣਦਾ ਵੇਖਦਾ, ਕਿਉ ਮੁਕਰਿ ਪਇਆ ਜਾਇ। '

ਇਹਨਾਂ ਦੋਹਾਂ ਤੁਕਾਂ ਵਿਚ ਲਫ਼ਜ਼ 'ਮੁਕਰਿ' ਹੈ, ਪਰ ਉਪਰਲੀ ਤੁਕ ਵਿਚ 'ਮੁਕਰੁ' ਹੈ। ਦੋਹਾਂ ਦਾ ਅਰਥ ਇਕੋ ਹੀ ਹੈ। 'ਮੁਕਰਿ' ਵਿਆਕਰਨ ਅਨੁਸਾਰ ਠੀਕ ਢੁਕਦਾ ਹੈ। ਇਸ ਲਫ਼ਜ਼ ਸੰਬੰਧੀ ਅਜੇ ਹੋਰ ਵਧੀਕ ਖੋਜ ਦੀ ਲੋੜ ਹੈ।

ਅਰਥ: ਬੇਅੰਤ ਜੀਵ (ਅਕਾਲ ਪੁਰਖ ਦੇ ਦਰ ਤੋਂ ਪਦਾਰਥ) ਪਰਾਪਤ ਕਰ ਕੇ ਮੁਕਰ ਪੈਂਦੇ ਹਨ (ਭਾਵ, ਕਦੇ ਸ਼ੁਕਰ ਵਿਚ ਆ ਕੇ ਇਹ ਨਹੀ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ) । ਅਨੇਕਾਂ ਮੂਰਖ (ਪਦਾਰਥ ਲੈ ਕੇ) ਖਾਹੀ ਹੀ ਜਾਂਦੇ ਹਨ (ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ) ।

ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥

ਪਦ ਅਰਥ: ਕੇਤਿਆ = ਕਈ ਜੀਵਾਂ ਨੂੰ। ਦੂਖ = ਕਈ ਦੁੱਖ ਕਲੇਸ਼। ਭੂਖ = ਭੂੱਖ(ਭਾਵ, ਖਾਣ ਨੂੰ ਭੀ ਨਹੀਂ ਮਿਲਦਾ) । ਸਦ = ਸਦਾ। ਦਾਤਿ = ਬਖ਼ਸ਼ਸ਼। ਦਾਤਾਰ = ਹੇ ਦੇਣਹਾਰ ਅਕਾਲ ਪੁਰਖ!

ਅਰਥ: ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁਖ (ਹੀ ਭਾਗਾਂ ਵਿਚ ਲਿਖੇ ਹਨ) । (ਪਰ) ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖ਼ਸ਼ਸ਼ ਹੀ ਹੈ (ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ) ।

ਬੰਦਿ ਖਲਾਸੀ ਭਾਣੈ ਹੋਇ ॥ ਹੋਰੁ ਆਖਿ ਨ ਸਕੈ ਕੋਇ ॥

ਪਦ ਅਰਥ: ਬੰਦਿ = ਬੰਦੀ ਤੋਂ, ਮਾਇਆ ਦੇ ਮੋਹ ਤੋਂ। ਖਲਾਸੀ = ਮੁਕਤੀ, ਛੁਟਕਾਰਾ। ਭਾਣੈ = ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ। ਹੋਇ = ਹੁੰਦਾ ਹੈ। ਹੋਰੁ = ਭਾਣੇ ਦੇ ਉਲਟ ਕੋਈ ਹੋਰ ਤਰੀਕਾ। ਕੋਇ = ਕੋਈ ਮਨੁੱਖ।

ਅਰਥ: ਤੇ (ਮਾਇਆ ਦੇ ਮੋਹ ਰੂਪ) ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ ਹੀ ਹੁੰਦਾ ਹੈ। ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ) ।

ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥

ਪਦ ਅਰਥ: ਖਾਇਕੁ = ਕੱਚਾ ਮਨੁੱਖ, ਮੂਰਖ। ਆਖਣਿ ਪਾਇ = ਆਖਣ ਦਾ ਜਤਨ ਕਰੇ, (ਭਾਵ, ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ। ਓਹੁ = ਉਹ ਮੂਰਖ ਹੀ। ਜੇਤੀਆ = ਜਿਤਨੀਆਂ (ਚੋਟਾਂ) । ਮੁਹਿ = ਮੂੰਹ ਉੱਤੇ। ਖਾਇ = ਖਾਂਦਾ ਹੈ।

ਅਰਥ: (ਪਰ) ਜੇ ਕੋਈ ਮੂਰਖ (ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ ਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ (ਇਸ ਮੂਰਖਤਾ ਦੇ ਕਾਰਨ) ਆਪਣੇ ਮੂੰਹ ਉੱਤੇ ਖਾਂਦਾ ਹੈ (ਭਾਵ, 'ਕੂੜ' ਤੋਂ ਬਚਣ ਲਈ ਇਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿਚ ਤੁਰੇ। ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ 'ਕੂੜ' ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ) ।

ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥

ਪਦ ਅਰਥ: ਦੇਇ = ਦੇਂਦਾ ਹੈ। ਆਖਹਿ = ਆਖਦੇ ਹਨ। ਸਿ ਭਿ = ਇਹ ਗੱਲ ਭੀ। ਕੇਈ ਕੇਇ = ਕਈ ਮਨੁੱਖ।

ਅਰਥ: (ਸਾਰੇ ਨ-ਸ਼ੁਕਰੇ ਹੀ ਨਹੀਂ ਹਨ) ਅਨੇਕਾਂ ਮਨੁੱਖ ਇਹ ਗੱਲ ਭੀ ਆਖਦੇ ਹਨ ਕਿ ਅਕਾਲ ਪੁਰਖ ਆਪ ਹੀ (ਜੀਵਾਂ ਦੀਆਂ ਲੋੜਾਂ) ਜਾਣਦਾ ਹੈ ਤੇ ਆਪ ਹੀ (ਦਾਤਾਂ) ਦੇਂਦਾ ਹੈ।

ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥

ਪਦ ਅਰਥ: ਜਿਸ ਨੋ = ਜਿਸ ਮਨੁੱਖ ਨੂੰ। ਨਾਨਕ = ਹੇ ਨਾਨਕ! ਪਾਤਿਸਾਹੀ ਪਾਤਿਸਾਹੁ = ਪਾਤਿਸ਼ਾਹਾਂ ਦੇ ਪਾਤਿਸ਼ਾਹ।

ਅਰਥ: ਹੇ ਨਾਨਕ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤਿ-ਸਾਲਾਹ ਬਖਸ਼ਦਾ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ (ਬਣ ਜਾਂਦਾ) ਹੈ (ਸਿਫ਼ਤਿ-ਸਾਲਾਹ ਹੀ ਸਭ ਤੋਂ ਉੱਚੀ ਦਾਤਿ ਹੈ) । 25।

ਭਾਵ: ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ ਦੱਸਣੀ ਤਾਂ ਕਿਤੇ ਰਹੀ, ਉਸ ਦੀ ਬਖ਼ਸ਼ਸ਼ ਹੀ ਇਤਨੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ। ਜਗਤ ਵਿਚ ਜੋ ਵੱਡੇ ਵੱਡੇ ਦਿੱਸਦੇ ਹਨ, ਇਹ ਸਭ ਉਸ ਪ੍ਰਭੂ ਦੇ ਦਰ 'ਤੇ ਹੀ ਮੰਗਦੇ ਹਨ। ਉਹ ਤਾਂ ਸਗੋਂ ਇਤਨਾ ਵੱਡਾ ਹੈ ਕਿ ਜੀਵਾਂ ਦੇ ਮੰਗਣ ਤੋ ਬਿਨਾਂ ਇਹਨਾਂ ਦੀਆਂ ਲੋੜਾਂ ਜਾਣ ਕੇ ਆਪਣੇ ਆਪ ਹੀ ਦਾਤਾਂ ਦੇਈ ਜਾਂਦਾ ਹੈ।

ਪਰ ਜੀਵ ਦੀ ਮੂਰਖਤਾ ਵੇਖੋ! ਦਾਤਾਂ ਵਰਤਦਾ ਵਰਤਦਾ ਦਾਤਾਰ ਨੂੰ ਵਿਸਾਰ ਕੇ ਵਿਕਾਰਾਂ ਵਿਚ ਪੈ ਜਾਂਦਾ ਹੈ ਤੇ ਕਈ ਦੁੱਖ-ਕਲੇਸ਼ ਸਹੇੜ ਲੈਂਦਾ ਹੈ। ਇਹ ਦੁੱਖ-ਕਲੇਸ਼ ਭੀ ਪ੍ਰਭੂ ਦੀ ਦਾਤ ਹੈ, ਕਿਉਂਕਿ ਇਹਨਾਂ ਦੁੱਖਾਂ-ਕਲੇਸ਼ਾਂ ਦੇ ਕਾਰਣ ਹੀ ਮਨੁੱਖ ਨੂੰ ਮੁੜ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ ਤੇ ਇਹ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ। ਇਹ ਸਿਫ਼ਤਿ-ਸਾਲਾਹ ਸਭ ਤੋਂ ਉੱਚੀ ਦਾਤ ਹੈ। 25।

ਅਮੁਲ ਗੁਣ ਅਮੁਲ ਵਾਪਾਰ ॥ ਅਮੁਲ ਵਾਪਾਰੀਏ ਅਮੁਲ ਭੰਡਾਰ ॥ ਅਮੁਲ ਆਵਹਿ ਅਮੁਲ ਲੈ ਜਾਹਿ ॥ ਅਮੁਲ ਭਾਇ ਅਮੁਲਾ ਸਮਾਹਿ ॥

ਪਦ ਅਰਥ: ਅਮੁਲ = ਅਮੋਲਕ, ਜਿਸ ਦਾ ਮੁੱਲ ਨਾਹ ਪੈ ਸਕੇ। ਗੁਣ = ਅਕਾਲ ਪੁਰਖ ਦੇ ਗੁਣ। ਵਾਪਾਰੀਏ = ਅਕਾਲ ਪੁਰਖ ਦੇ ਗੁਣਾਂ ਦਾ ਵਪਾਰ ਕਰਨ ਵਾਲੇ। ਭੰਡਾਰ = ਖ਼ਜ਼ਾਨੇ। ਆਵਹਿ = ਜੋ ਮਨੁੱਖ (ਇਸ ਵਪਾਰ ਲਈ) ਆਉਂਦੇ ਹਨ। ਲੈ ਜਾਹਿ = (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ। ਭਾਇ = ਭਾਉ ਵਿਚ, ਪ੍ਰੇਮ ਵਿਚ। ਸਮਾਹਿ = (ਅਕਾਲ ਪੁਰਖ ਵਿਚ) ਲੀਨ ਹਨ।

ਅਰਥ: (ਅਕਾਲ ਪੁਰਖ ਦੇ) ਗੁਣ ਅਮੋਲਕ ਹਨ (ਭਾਵ, ਗੁਣਾਂ ਦਾ ਮੁੱਲ ਨਹੀਂ ਪੈ ਸਕਦਾ) , (ਇਹਨਾਂ ਗੁਣਾਂ ਦੇ) ਵਪਾਰ ਕਰਨੇ ਭੀ ਅਮੋਲਕ ਹਨ। ਉਹਨਾਂ ਮਨੁੱਖਾਂ ਦਾ (ਭੀ) ਮੁੱਲ ਨਹੀਂ ਪੈ ਸਕਦਾ, ਜੋ (ਅਕਾਲ ਪੁਰਖ ਦੇ ਗੁਣਾਂ ਦੇ) ਵਪਾਰ ਕਰਦੇ ਹਨ, (ਗੁਣਾਂ ਦੇ) ਖ਼ਜ਼ਾਨੇ (ਭੀ) ਅਮੋਲਕ ਹਨ। ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ, ਜੋ (ਇਸ ਵਪਾਰ ਲਈ ਜਗਤ ਵਿਚ) ਆਉਂਦੇ ਹਨ। ਉਹ ਭੀ ਵੱਡੇ ਭਾਗਾਂ ਵਾਲੇ ਹਨ, ਜੋ (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ। ਜੋ ਮਨੁੱਖ ਅਕਾਲ ਪੁਰਖ ਦੇ ਪ੍ਰੇਮ ਵਿਚ ਹਨ ਅਤੇ ਜੋ ਮਨੁੱਖ ਉਸ ਅਕਾਲ ਪੁਰਖ ਵਿਚ ਲੀਨ ਹੋਏ ਹੋਏ ਹਨ, ਉਹ ਭੀ ਅਮੋਲਕ ਹਨ।

ਅਮੁਲੁ ਧਰਮੁ ਅਮੁਲੁ ਦੀਬਾਣੁ ॥ ਅਮੁਲੁ ਤੁਲੁ ਅਮੁਲੁ ਪਰਵਾਣੁ ॥ ਅਮੁਲੁ ਬਖਸੀਸ ਅਮੁਲੁ ਨੀਸਾਣੁ ॥ ਅਮੁਲੁ ਕਰਮੁ ਅਮੁਲੁ ਫੁਰਮਾਣੁ ॥

ਪਦ ਅਰਥ: ਧਰਮੁ = ਨੀਯਮ, ਕਾਨੂੰਨ। ਦੀਬਾਣੁ = ਕਚਹਿਰੀ, ਰਾਜ = ਦਰਬਾਰ। ਤੁਲੁ = ਤੋਲ, ਤੱਕੜ। ਪਰਵਾਣੁ = ਪ੍ਰਮਾਣ, ਤੋਲਣ ਵਾਲਾ ਵੱਟਾ। ਬਖਸੀਸ = ਰਹਿਮਤ, ਦਇਆ। ਨੀਸਾਣੁ = ਅਕਾਲ ਪੁਰਖ ਦੀ ਬਖਸ਼ਸ਼ ਦਾ ਨਿਸ਼ਾਨ। ਕਰਮੁ = ਬਖ਼ਸ਼ਸ਼, ਰਹਿਮਤ। ਫੁਰਮਾਣੁ = ਹੁਕਮ। ਅਮੁਲੁ = ਅੰਦਾਜ਼ਿਆਂ ਤੋਂ ਪਰੇ।

ਅਰਥ: ਅਕਾਲ ਪੁਰਖ ਦੇ ਕਨੂੰਨ ਤੇ ਰਾਜ-ਦਰਬਾਰ ਅਮੋਲਕ ਹਨ। ਉਹ ਤੱਕੜ ਅਮੋਲਕ ਹਨ ਤੇ ਉਹ ਵੱਟਾ ਅਮੋਲਕ ਹੈ (ਜਿਸ ਨਾਲ ਜੀਵਾਂ ਦੇ ਚੰਗੇ-ਮੰਦੇ ਕੰਮਾਂ ਨੂੰ ਤੋਲਦਾ ਹੈ) । ਉਸ ਦੀ ਬਖ਼ਸ਼ਸ਼ ਤੇ ਬਖ਼ਸ਼ਸ਼ ਦੇ ਨਿਸ਼ਾਨ ਭੀ ਅਮੋਲਕ ਹਨ। ਅਕਾਲ ਪੁਰਖ ਦੀ ਬਖਸ਼ਸ਼ ਤੇ ਹੁਕਮ ਭੀ ਮੁੱਲ ਤੋਂ ਪਰੇ ਹਨ (ਕਿਸੇ ਦਾ ਭੀ ਅੰਦਾਜ਼ਾ ਨਹੀਂ ਲੱਗ ਸਕਦਾ) ।

ਅਮੁਲੋ ਅਮੁਲੁ ਆਖਿਆ ਨ ਜਾਇ ॥ ਆਖਿ ਆਖਿ ਰਹੇ ਲਿਵ ਲਾਇ ॥

ਪਦ ਅਰਥ: ਅਮੁਲੋ ਅਮੁਲੁ = ਅਮੋਲਕ ਹੀ ਅਮੋਲਕ, ਅੰਦਾਜ਼ਿਆਂ ਤੋਂ ਪਰੇ। ਆਖਿ ਆਖਿ = ਅੰਦਾਜ਼ਾ ਲਾ ਲਾ ਕੇ। ਰਹੇ = ਰਹਿ ਗਏ ਹਨ, ਥੱਕ ਗਏ ਹਨ। ਲਿਵ ਲਾਇ = ਲਿਵ ਲਾ ਕੇ, ਧਿਆਨ ਜੋੜ ਕੇ।

ਅਰਥ: ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ, ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ। ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ, ਉਹ (ਅੰਤ ਨੂੰ) ਰਹਿ ਜਾਂਦੇ ਹਨ।

ਆਖਹਿ ਵੇਦ ਪਾਠ ਪੁਰਾਣ ॥ ਆਖਹਿ ਪੜੇ ਕਰਹਿ ਵਖਿਆਣ ॥ ਆਖਹਿ ਬਰਮੇ ਆਖਹਿ ਇੰਦ ॥ ਆਖਹਿ ਗੋਪੀ ਤੈ ਗੋਵਿੰਦ ॥

ਪਦ ਅਰਥ: ਆਖਹਿ = ਆਖ ਰਹੇ ਹਨ, ਵਰਣਨ ਕਰਦੇ ਹਨ। ਵੇਦ ਪਾਠ = ਵੇਦਾਂ ਦੇ ਪਾਠ, ਵੇਦਾਂ ਦੇ ਮੰਤਰ। ਪੜੇ = ਪੜ੍ਹੇ ਹੋਏ ਮਨੁੱਖ, ਵਿਦਵਾਨ। ਕਰਹਿ ਵਖਿਆਣ = ਵਖਿਆਣ ਕਰਦੇ ਹਨ, ਉਪਦੇਸ਼ ਕਰਦੇ ਹਨ, ਹੋਰਨਾਂ ਨੂੰ ਸੁਣਾਉਂਦੇ ਹਨ। ਬਰਮੇ = ਕਈ ਬ੍ਰਹਮਾ। ਇੰਦ = ਇੰਦਰ ਦੇਵਤੇ। ਤੈ = ਅਤੇ, ਤੇ। ਗੋਵਿੰਦ = ਕਈ ਕਾਨ੍ਹ।

ਅਰਥ: ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ। ਵਿਦਵਾਨ ਮਨੁੱਖ ਭੀ, ਜੋ (ਹੋਰਨਾਂ ਨੂੰ) ਉਪਦੇਸ਼ ਕਰਦੇ ਹਨ, (ਅਕਾਲ ਪੁਰਖ ਦਾ) ਬਿਆਨ ਕਰਦੇ ਹਨ। ਕਈ ਬ੍ਰਹਮਾ, ਕਈ ਇੰਦਰ, ਗੋਪੀਆਂ ਤੇ ਕਈ ਕਾਨ੍ਹ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।

TOP OF PAGE

Sri Guru Granth Darpan, by Professor Sahib Singh