ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 15

ਸਿਰੀਰਾਗੁ ਮਹਲਾ ੧ ॥ ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥ ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥ ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥੧॥ ਬਾਬਾ ਮਾਇਆ ਰਚਨਾ ਧੋਹੁ ॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥੧॥ ਰਹਾਉ ॥ ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥ ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥ ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥੨॥ ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ ॥ ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥ ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ ॥੩॥ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥ {ਪੰਨਾ 15}

ਪਦ ਅਰਥ: ਲੇਖੈ = ਲੇਖੇ ਵਿਚ, ਗਿਣਤੀ-ਮਿਣਤੀ ਵਿਚ, ਥੋੜੇ ਹੀ ਸਮੇਂ ਲਈ। ਬੋਲਣੁ ਬੋਲਣਾ = ਬੋਲ-ਚਾਲ। ਖਾਣਾ ਖਾਉ = ਖਾਣ-ਪੀਣ। ਵਾਟ = ਜ਼ਿੰਦਗੀ ਦਾ ਸਫ਼ਰ। ਚਲਾਈਆ = ਜੋ ਚਲਾਈ ਹੋਈ ਹੈ। ਸੁਣਿ ਵੇਖਾਉ = ਸੁਣਨਾ ਵੇਖਣਾ। ਲਵਾਈਅਹਿ = ਜੋ ਲਏ ਜਾ ਰਹੇ ਹਨ। ਪੜੇ = ਪੜ੍ਹੇ ਹੋਏ ਮਨੁੱਖ ਨੂੰ। ਕਿ = ਕੀਹ? ਪੜੇ…ਜਾਉ = ਮੈਂ (ਇਸ ਬਾਰੇ) ਕਿਸੇ ਪੜ੍ਹੇ ਹੋਏ ਮਨੁੱਖ ਨੂੰ ਕੀਹ ਪੁੱਛਣ ਜਾਵਾਂ? ਇਸ ਬਾਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਹਰ ਕੋਈ ਜਾਣਦਾ ਹੈ।1।

ਬਾਬਾ = ਹੇ ਭਾਈ! ਰਚਨਾ = ਖੇਡ। ਧੋਹੁ = ਠੱਗੀ, ਚਾਰ ਦਿਨ ਦੀ ਖੇਡ। ਅੰਧੈ = ਅੰਨ੍ਹੇ ਨੇ, ਮਾਇਆ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ। ਏਹ = ਮਾਇਆ। ਓਹੁ = ਪ੍ਰਭੂ ਦਾ ਨਾਮ।1। ਰਹਾਉ।

ਜੀਵਣ ਮਰਣਾ = ਜੰਮਣ ਤੋਂ ਮਰਨ ਤਕ। ਜਾਇ ਕੈ = ਜਨਮ ਲੈ ਕੇ, ਜੰਮ ਕੇ। ਏਥੈ = ਇਸ ਦੁਨੀਆ ਵਿਚ। ਖਾਜੈ = ਖਾਣ ਦੇ ਆਹਰੇ, ਪਦਾਰਥ ਇਕੱਠੇ ਕਰਨ ਦੇ ਆਹਰੇ। ਕਾਲਿ = (ਸਾਰੇ) ਸਮੇਂ ਵਿਚ, ਸਾਰੀ ਉਮਰ। ਬਹਿ = ਬੈਠ ਕੇ। ਸਮਝਾਈਐ = (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ ਲੇਖਾ) ਸਮਝਾਇਆ ਜਾਂਦਾ ਹੈ। ਸਭਿ = ਸਾਰੇ ਹੀ। ਪੰਡ ਪਰਾਲਿ = ਪਰਾਲੀ ਦੀਆਂ ਪੰਡਾਂ, ਨਕਾਰੇ ਭਾਰ।2।

ਸਭੁ ਕੋ = ਹਰੇਕ ਜੀਵ। ਆਖੈ = ਆਖਦਾ ਹੈ, ਮੰਗਦਾ ਹੈ। ਆਖੈ ਬਹੁਤੁ ਬਹੁਤੁ = ਬਹੁਤੀ ਮਾਇਆ ਮੰਗਦਾ ਹੈ। ਕਹਣਿ = ਕਹਣ ਨਾਲ। ਕਹਣਿ……ਹੋਇ = ਆਪਣੇ ਕਹਿਣ-ਅਨੁਸਾਰ ਕੋਈ ਵੱਡਾ ਨਹੀਂ ਬਣਿਆ, ਮੂੰਹੋਂ-ਮੰਗੇ ਧਨ ਨਾਲ ਕਦੇ ਕੋਈ ਰੱਜਿਆ ਨਹੀਂ। ਕੀਮਤਿ……ਪਾਈਆ = ਕਿਸੇ ਨੇ ਕਦੇ ਆਪਣੇ ਮੰਗਣ ਦੀ ਕੀਮਤ ਨਹੀਂ ਪਾਈ, ਮੰਗਣ ਦਾ ਹੱਦ-ਬੰਨਾ ਨਹੀਂ ਲੱਭਾ, ਬੱਸ ਨਹੀਂ ਕੀਤੀ। ਸਾਚਾ = ਸਦਾ-ਥਿਰ ਰਹਿਣ ਵਾਲਾ। ਸਾਹਬੁ = ਮਾਲਕ। ਹੋਰਿ ਕੇਤੇ = ਬਾਕੀ ਸਾਰੇ ਬੇਅੰਤ ਜੀਵ। ਲੋਅ = ਲੋਕ, ਸ੍ਰਿਸ਼ਟੀਆਂ।3।

ਹੂ = ਤੋਂ। ਤਿਨ ਕੈ ਸੰਗਿ = ਉਹਨਾਂ ਦੇ ਨਾਲ ਹੈ। ਵਡਿਆ ਸਿਉ = ਮਾਇਆ-ਧਾਰੀਆਂ ਨਾਲ। ਰੀਸ = ਕਿਸੇ ਹੋਰ ਦੇ ਪੂਰਨਿਆਂ ਤੇ ਤੁਰਨਾ। ਵਡਿਆ……ਰੀਸ = ਮਾਇਆ-ਧਾਰੀਆਂ ਦੇ ਰਾਹੇ ਨਹੀਂ ਤੁਰਨਾ। ਸਮਾਲੀਅਨਿ = ਸੰਭਾਲੇ ਜਾਂਦੇ ਹਨ, ਸਾਰ ਲਈ ਜਾਂਦੀ ਹੈ।4।

ਅਰਥ: ਇਹ ਗੱਲ ਹਰ ਕੋਈ ਜਾਣਦਾ ਹੈ ਕਿ ਅਸੀਂ ਜ਼ਿੰਦਗੀ ਦੇ ਸਾਹ ਗਿਣੇ-ਮਿਥੇ ਸਮੇਂ ਲਈ ਹੀ ਲੈ ਰਹੇ ਹਾਂ, ਸਾਡਾ ਬੋਲ-ਚਾਲ, ਸਾਡਾ ਖਾਣ-ਪੀਣ ਥੋੜੇ ਹੀ ਸਮੇਂ ਲਈ ਹੈ, ਜਿਸ ਜੀਵਨ-ਸਫ਼ਰ ਵਿਚ ਅਸੀਂ ਤੁਰੇ ਹੋਏ ਹਾਂ ਇਹ ਸਫ਼ਰ ਭੀ ਥੋੜੇ ਹੀ ਚਿਰ ਲਈ ਹੈ, (ਦੁਨੀਆਂ ਦੇ ਰਾਗ-ਰੰਗ ਤੇ ਰੰਗ-ਤਮਾਸ਼ੇ) ਸੁਣਨੇ ਵੇਖਣੇ ਭੀ ਥੋੜੇ ਹੀ ਸਮੇਂ ਲਈ ਹਨ।1।

ਹੇ ਭਾਈ! ਮਾਇਆ ਦੀ ਖੇਡ (ਜੀਵਾਂ ਲਈ) ਚਾਰ ਦਿਨ ਦੀ ਹੀ ਖੇਡ ਹੈ। ਪਰ ਇਸ ਚਾਰ ਦਿਨ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਨਾਹ ਮਾਇਆ ਨਾਲ ਹੀ ਨਿਭਦੀ ਹੈ ਤੇ ਨਾਹ ਪ੍ਰਭੂ ਦਾ ਨਾਮ ਹੀ ਮਿਲਦਾ ਹੈ।1। ਰਹਾਉ।

ਜਗਤ ਵਿਚ ਜਨਮ ਲੈ ਕੇ ਜੰਮਣ ਤੋਂ ਮਰਨ ਤਕ ਸਾਰੀ ਉਮਰ (ਮਨੁੱਖ) ਪਦਾਰਥ ਇਕੱਠੇ ਕਰਨ ਦੇ ਆਹਰੇ ਲੱਗਾ ਰਹਿੰਦਾ ਹੈ (ਜਿਨ੍ਹਾਂ ਦੀ ਖ਼ਾਤਰ ਇਹ ਦੌੜ ਭੱਜ ਕਰਦਾ ਹੈ, ਉਹਨਾਂ ਵਿਚੋਂ) ਕੋਈ ਭੀ ਉਹ ਥਾਂ ਤਕ ਸਾਥ ਨਹੀਂ ਨਿਬਾਹੁੰਦਾ ਜਿਥੇ ਇਸ ਨੂੰ (ਸਾਰੀ ਜ਼ਿੰਦਗੀ ਵਿਚ ਕੀਤੇ ਕੰਮਾਂ ਦਾ ਲੇਖਾ) ਸਮਝਾਇਆ ਜਾਂਦਾ ਹੈ, (ਇਸ ਦੇ ਮਰਨ ਪਿਛੋਂ) ਇਸ ਨੂੰ ਰੋਣ ਵਾਲੇ ਸਾਰੇ ਹੀ ਸੰਬੰਧੀ (ਇਸ ਦੇ ਭਾ ਦੀਆਂ) , ਪਰਾਲੀ ਦੀਆਂ ਪੰਡਾਂ ਪਏ ਚੁੱਕਦੇ ਹਨ (ਕਿਉਂਕਿ ਮਰਨ ਵਾਲੇ ਨੂੰ ਕੋਈ ਲਾਭ ਨਹੀਂ ਹੁੰਦਾ) ।2।

(ਹੇ ਪ੍ਰਭੂ!) ਹਰੇਕ ਜੀਵ (ਤੈਨੂੰ) ਬਹੁਤ ਬਹੁਤ ਧਨ ਵਾਸਤੇ ਹੀ ਆਖਦਾ ਹੈ, ਕੋਈ ਭੀ ਥੋੜਾ ਨਹੀਂ ਮੰਗਦਾ, ਕਿਸੇ ਨੇ ਭੀ ਕਦੇ ਮੰਗਣ ਤੋਂ ਬੱਸ ਨਹੀਂ ਕੀਤੀ, ਮੰਗ ਮੰਗ ਕੇ ਕਦੇ ਕੋਈ ਭੀ ਰੱਜਿਆ ਨਹੀਂ (ਪਰ ਉਹ ਸਾਰਾ ਧਨ ਇਥੇ ਹੀ ਰਹਿ ਜਾਂਦਾ ਹੈ) । ਹੇ ਪ੍ਰਭੂ! ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਖ਼ਾਲਕ ਹੈਂ, ਹੋਰ ਸਾਰੇ ਜੀਆ-ਜੰਤ ਹੋਰ ਸਾਰੇ ਜਗਤ ਮੰਡਲ-ਨਾਸਵੰਤ ਹਨ।3।

(ਹੇ ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ) ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ, ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ (ਕਿਉਂਕਿ ਮੈਨੂੰ ਪਤਾ ਹੈ ਕਿ) ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ।4।3।

ਨੋਟ: ਅੰਕ 3 ਦੱਸਦਾ ਹੈ ਕਿ ਤੀਜਾ ਸ਼ਬਦ ਖ਼ਤਮ ਹੋਇਆ ਹੈ।

ਭਾਵ: ਚਾਰ ਦਿਨ ਦੀ ਖੇਡ ਦੀ ਖ਼ਾਤਰ ਜੀਵ ਪ੍ਰਭੂ ਦਾ ਨਾਮ ਵਿਸਾਰ ਕੇ ਜੀਵਨ ਵਿਅਰਥ ਗਵਾਂਦੇ ਹਨ। ਜ਼ਿੰਦਗੀ ਦੇ ਦਿਨ ਗਿਣੇ-ਮਿਥੇ ਹਨ, ਇਹ ਭੀ ਗਵਾ ਲਏ ਖਾਣ ਦੇ ਪਦਾਰਥਾਂ ਦੇ ਆਹਰੇ, ਸਦਾ ਧਨ ਹੀ ਮੰਗਦੇ ਰਹੇ ਜੋ ਨਾਲ ਨਹੀਂ ਨਿਭਦਾ। ਪਰ ਪ੍ਰਭੂ ਦੀ ਮਿਹਰ ਉਹਨਾਂ ਤੇ ਹੈ ਜੋ ਮਾਇਆ-ਧਾਰੀਆਂ ਦੇ ਰਾਹੇ ਨਹੀਂ ਤੁਰਦੇ।

ਨੋਟ: ਗੁਰੂ ਨਾਨਕ ਦੇਵ ਜੀ ਦੇ ਖ਼ਿਆਲ ਅਨੁਸਾਰ ਨਿਰੀਆਂ ਜਗਤ ਦੀਆਂ ਮੱਲਾਂ ਮੱਲਣਾ ਜੀਵਨ ਦਾ ਸਹੀ ਰਸਤਾ ਨਹੀਂ ਹੈ।

ਸਿਰੀਰਾਗੁ ਮਹਲਾ ੧ ॥ ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥ ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥ ਬਾਬਾ ਬੋਲੀਐ ਪਤਿ ਹੋਇ ॥ ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥੧॥ ਰਹਾਉ ॥ ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥ ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥ ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥੩॥ ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥ ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥ ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥੪॥੪॥ {ਪੰਨਾ 15}

ਪਦ ਅਰਥ: ਲਬੁ = ਖਾਣ ਦਾ ਲਾਲਚ। ਕੂੜੁ = ਝੂਠ ਬੋਲਣਾ। ਠਗਿ = ਠੱਗ ਕੇ। ਪਰ ਮਲੁ = ਪਰਾਈ ਮੈਲ। ਮੁਖਿ = ਮੂੰਹ ਵਿਚ। ਸੁਧੀ = ਸਮੂਲਚੀ, ਸਾਰੀ ਦੀ ਸਾਰੀ। ਅਗਨਿ = ਅੱਗ। ਰਸ ਕਸ = ਚਸਕੇ। ਆਪੁ ਸਲਾਹਣਾ = ਆਪਣੇ ਆਪ ਨੂੰ ਵਡਿਆਉਣਾ। ਏ = ਇਹ।1।

ਬਾਬਾ = ਹੇ ਭਾਈ! ਬੋਲੀਐ = ਉਹ ਬੋਲ ਬੋਲੀਏ, ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕਰੀਏ। ਪਤਿ = ਇੱਜ਼ਤ। ਸੇ = ਉਹੀ ਬੰਦੇ। ਦਰਿ = ਪ੍ਰਭੂ ਦੀ ਹਜ਼ੂਰੀ ਵਿਚ। ਕਹੀਅਹਿ = ਕਹੇ ਜਾਂਦੇ ਹਨ। ਨੀਚ ਕਰਮ = ਮੰਦ-ਕਰਮੀ ਬੰਦੇ।1। ਰਹਾਉ।

ਰਸੁ = ਚਸਕਾ। ਰੁਪਾ = ਚਾਂਦੀ। ਕਾਮਣਿ = ਇਸਤ੍ਰੀ। ਪਰਮਲ = ਸੁਗੰਧੀ। ਪਰਮਲ ਕੀ ਵਾਸ = ਸੁਗੰਧੀ ਸੁੰਘਣੀ। ਮੰਦਰ = ਸੋਹਣੇ ਘਰ। ਏਤੇ = ਇਤਨੇ, ਕਈ। ਕੈ ਘਟਿ = ਕਿਸ ਹਿਰਦੇ ਵਿਚ?2।

ਜਿਤੁ ਬੋਲਿਐ = ਜੇਹੜਾ ਬੋਲ ਬੋਲਿਆਂ। ਜਿਤੁ = ਜਿਸ (ਬੋਲ) ਦੀ ਰਾਹੀਂ। ਪਰਵਾਣੁ = ਕਬੂਲ, ਸੁਚੱਜਾ, ਸੁਲੱਖਣਾ। ਬੋਲਿ = ਬੋਲ ਕੇ। ਵਿਗੁਚਣਾ = ਖ਼ੁਆਰ ਹੋਈਦਾ ਹੈ। ਮਨ = ਹੇ ਮਨ! ਭਾਵਹਿ = ਚੰਗੇ ਲੱਗਦੇ ਹਨ। ਤਿਸੁ = ਉਸ ਪ੍ਰਭੂ ਨੂੰ। ਕਿ = ਕੀਹ? ਕਹਣ ਵਖਾਣ = ਕਹਣ-ਕਹਾਣ, ਫਾਲਤੂ ਗੱਲਾਂ। ਕਿ = ਕਿਸ ਅਰਥ? ਕੋਈ ਲਾਭ ਨਹੀਂ।2।

ਤਿਨ ਪਲੈ = ਉਹਨਾਂ ਮਨੁੱਖਾਂ ਦੇ ਪਾਸ। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਸੁਆਲਿਉ = ਸੋਹਣਾ। ਕਾਇ = ਕੌਣ? ਨਾਨਕ = ਹੇ ਨਾਨਕ! ਨਦਰੀ ਬਾਹਰੇ = ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਹੋਏ। ਦਾਨਿ = ਦਾਨ ਵਿਚ, ਪ੍ਰਭੂ ਦੇ ਦਿਤੇ ਹੋਏ ਪਦਾਰਥ ਵਿਚ। ਨਾਇ = ਪ੍ਰਭੂ ਦੇ ਨਾਮ ਵਿਚ।4।

ਅਰਥ: ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ– ਖਾਣ ਦਾ ਲਾਲਚ (ਮੇਰੇ ਅੰਦਰ) ਕੁੱਤਾ ਹੈ (ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ ਭੌਂਕਦਾ ਹੈ) , ਝੂਠ (ਬੋਲਣ ਦੀ ਵਾਦੀ ਮੇਰੇ ਅੰਦਰ) ਚੂਹੜਾ ਹੈ (ਜਿਸ ਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ) , (ਦੂਜਿਆਂ ਨੂੰ) ਠੱਗ ਕੇ ਖਾਣਾ (ਮੇਰੇ ਅੰਦਰ) ਮੁਰਦਾਰ ਹੈ (ਜੋ ਸੁਆਰਥ ਦੀ ਬਦਬੂ ਵਧਾ ਰਿਹਾ ਹੈ) , ਪਰਾਈ ਨਿੰਦਿਆ ਮੇਰੇ ਮੂੰਹ ਵਿਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ) , ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ।1।

ਹੇ ਭਾਈ! ਉਹ ਬੋਲ ਬੋਲਣਾ ਚਾਹੀਦਾ ਹੈ (ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਮਿਲੇ। ਉਹੀ ਮਨੁੱਖ (ਅਸਲ ਵਿਚ) ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਆਖੇ ਜਾਂਦੇ ਹਨ, ਮੰਦ-ਕਰਮੀ ਬੰਦੇ ਬੈਠੇ ਝੁਰਦੇ ਹੀ ਹਨ।1। ਰਹਾਉ।

ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ, ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ, ਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਤੇ (ਸੋਹਣੇ) ਮਹਲ-ਮਾੜੀਆਂ ਦੀ ਲਾਲਸਾ, (ਸੁਆਦਲੇ) ਮਿੱਠੇ ਪਦਾਰਥ, ਤੇ ਮਾਸ (ਖਾਣ) ਦਾ ਚਸਕਾ = ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿਚ ਹੋ ਸਕਦਾ ਹੈ?2।

ਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸ ਦੇ ਬੋਲਣ ਨਾਲ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ। ਹੇ ਮੂਰਖ ਅੰਞਾਣ ਮਨ! ਸੁਣ, ਫਿੱਕਾ (ਨਾਮ-ਰਸ ਤੋਂ ਸੱਖਣਾ) ਬੋਲ ਬੋਲਿਆਂ ਖ਼ੁਆਰ ਹੋਈਦਾ ਹੈ (ਭਾਵ, ਜੇ ਸਾਰੀ ਉਮਰ ਨਿਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੀ ਯਾਦ ਤੋਂ ਖ਼ਾਲੀ ਹੋਣ ਤਾਂ ਦੁਖੀ ਹੀ ਰਹੀਦਾ ਹੈ) । ਪ੍ਰਭੂ ਭੀ ਸਿਫ਼ਤਿ-ਸਾਲਾਹ ਤੋਂ ਬਿਨਾ ਹੋਰ ਗੱਲਾਂ ਵਿਅਰਥ ਹਨ। ਜੋ ਮਨੁੱਖ (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ) ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ।3।

ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ। ਐਸੇ ਭਲੇ ਮਨੁੱਖਾਂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ। ਉਹਨਾਂ ਵਰਗਾ ਸੋਹਣਾ ਹੋਰ ਕੌਣ ਹੈ? ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਬੰਦੇ ਉਸ ਦੇ ਨਾਮ ਵਿਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਰਹਿੰਦੇ ਹਨ।4। 4।

ਨੋਟ: ਅਖ਼ੀਰਲਾ ਅੰਕ 4 ਦੱਸਦਾ ਹੈ ਕਿ ਇਹ ਚੌਥਾ ਸ਼ਬਦ ਹੈ।

ਭਾਵ: ਜਿਸ ਮਨੁੱਖ ਦੇ ਮਨ ਵਿਚ ਦੁਨੀਆ ਦੇ ਚਸਕਿਆਂ ਤੇ ਵਿਕਾਰਾਂ ਦਾ ਜ਼ੋਰ ਹੋਵੇ, ਉਹ ਪਰਮਾਤਮਾ ਦੇ ਨਾਮ ਵਿਚ ਨਹੀਂ ਜੁੜ ਸਕਦਾ। ਚਸਕੇ-ਵਿਕਾਰ ਤੇ ਭਗਤੀ ਇਕੋ ਹਿਰਦੇ ਵਿਚ ਇਕੱਠੇ ਨਹੀਂ ਹੋ ਸਕਦੇ। ਅਜੇਹਾ ਮਨੁੱਖ ਭਾਵੇਂ ਕਿਤਨਾ ਹੀ ਅਕਲਈਆ ਮੰਨਿਆ-ਪ੍ਰੰਮਨਿਆ ਤੇ ਧਨੀ ਹੋਵੇ, ਉਸ ਦਾ ਜੀਵਨ ਖੇਹ-ਖ਼ੁਆਰੀ ਵਿਚ ਹੀ ਲੰਘਦਾ ਹੈ।

ਨੋਟ: ਸ਼ਬਦ ਦੇ ਅੰਕ ਨੰ: 2 ਨੂੰ ਧਿਆਨ ਨਾਲ ਵੇਖਣਾ। ਚਸਕਾ ਕੋਈ ਭੀ ਹੋਵੇ, ਮਾੜਾ ਹੈ। ਮਨੁੱਖ ਤਦੋਂ ਹੀ ਕੁਰਾਹੇ ਪੈਂਦਾ ਹੈ ਜਦੋਂ ਸਰੀਰਕ ਲੋੜਾਂ ਤੋਂ ਲੰਘ ਕੇ ਚਸਕੇ ਵਿਚ ਫਸ ਜਾਂਦਾ ਹੈ। ਇਹ ਚਸਕਾ ਚਾਹੇ ਧਨ ਜੋੜਨ ਦਾ ਹੈ, ਚਾਹੇ ਕਾਮ-ਵਾਸ਼ਨਾ ਦਾ ਹੈ, ਚਾਹੇ ਸੋਹਣੇ ਘਰ ਬਨਾਣ ਦਾ ਹੈ, ਚਾਹੇ ਮਿਠਿਆਈਆਂ ਖਾਣ ਦਾ ਹੈ ਤੇ ਚਾਹੇ ਮਾਸ ਖਾਣ ਦਾ ਹੈ। ਸੋ, ਬਾਕੀ ਚਸਕਿਆਂ ਵਾਂਗ ਮਾਸ ਖਾਣਾ ਭੀ ਤਦੋਂ ਹੀ ਕੁਚੱਜੀ ਕਰਤੂਤ ਹੈ ਜਦੋਂ ਇਹ ਚਸਕਾ ਬਣ ਜਾਂਦਾ ਹੈ।

ਸਿਰੀਰਾਗੁ ਮਹਲਾ ੧ ॥ ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥ ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥ ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥੧॥ ਨਾਨਕ ਸਾਚੇ ਕਉ ਸਚੁ ਜਾਣੁ ॥ ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥ ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥ ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥ ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥੨॥ ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥ ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥ ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥੩॥ ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥ ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥ ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ॥੪॥੫॥ {ਪੰਨਾ 15-16}

ਪਦ ਅਰਥ: ਅਮਲੁ = ਨਸ਼ਾ (ਅਫ਼ੀਮ ਆਦਿਕ ਦਾ) । ਗਲੋਲਾ = ਗੋਲਾ। ਕੂੜ = ਨਾਸ਼ਵੰਤ ਜਗਤ (ਦਾ ਮੋਹ) । ਦੇਵਣਹਾਰਿ = ਦੇਵਣਹਾਰ ਨੇ। ਮਤੀ = ਮੱਤੀ, ਮਸਤ ਹੋਈ ਨੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੋਫੀ = ਜੋ ਨਸ਼ੇ ਤੋਂ ਪਰਹੇਜ਼ ਕਰਦੇ ਹਨ, ਜਿਨ੍ਹਾਂ ਨਾਸ਼ਵੰਤ ਜਗਤ ਦੇ ਮੋਹ-ਨਸ਼ੇ ਨੂੰ ਛੱਡਿਆ। ਰਾਖਣ ਕਉ = ਮੱਲਣ ਲਈ। ਦਰਵਾਰੁ = ਪ੍ਰਭੂ ਦਾ ਦਰ।1।

ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ। ਚਲੈ ਮਾਣੁ = ਆਦਰ ਮਿਲੇ।1। ਰਹਾਉ।

ਸਰਾ = ਸ਼ਰਾਬ। ਗੁੜ ਬਾਹਰਾ = ਗੁੜ ਪਾਣ ਤੋਂ ਬਿਨਾ ਬਣਾਇਆ ਹੋਇਆ। ਵਖਾਣਹਿ = ਉਚਾਰਦੇ ਹਨ। ਜੇਤੜੇ = ਜੋ ਜੋ ਮਨੁੱਖ। ਹਉ = ਮੈਂ। ਖੀਵਾ = ਮਸਤ। ਮਹਲੀ = ਪਰਮਾਤਮਾ ਦੀ ਹਜ਼ੂਰੀ ਵਿਚ।2।

ਨਾਉ = ਪ੍ਰਭੂ ਦਾ ਨਾਮ। ਨੀਰੁ = (ਇਸ਼ਨਾਨ ਵਾਸਤੇ) ਪਾਣੀ। ਚੰਗਿਆਈਆ = ਪ੍ਰਭੂ ਦੇ ਗੁਣ, ਸਿਫ਼ਤਿ-ਸਾਲਾਹ। ਸਤੁ = ਉੱਚਾ ਆਚਰਨ। ਪਰਮਲੁ = ਸੁਗੰਧੀ। ਤਨਿ = ਤਨ ਉੱਤੇ, ਤਨ ਵਿਚ। ਵਾਸੁ = ਸੁਗੰਧੀ। ਉਜਲਾ = ਰੌਸ਼ਨ, ਸਾਫ਼-ਸੁਥਰਾ। ਆਖੀਅਹਿ = ਆਖੇ ਜਾਂਦੇ ਹਨ।3।

ਮਨਹੁ = ਮਨ ਤੋਂ। ਜੀਅ = ਜਿੰਦ। ਪਰਾਣ = ਸਾਹ। ਜੀਅ ਪਰਾਣ = ਜਿੰਦ-ਜਾਨ। ਜੇਤਾ = ਜਿਤਨਾ ਭੀ, ਸਾਰਾ ਹੀ। ਕੂੜੀਆ = ਕੂੜ ਵਿਚ ਫਸਾਣ ਵਾਲੀਆਂ, ਜਗਤ ਦੇ ਮੋਹ ਵਿਚ ਫਸਾਣ ਵਾਲੀਆਂ। ਪਰਵਾਣੁ = ਸੁਚੱਜੀ, ਚੰਗੀ, ਕਬੂਲ ਕਰਨ-ਜੋਗ।4।

ਅਰਥ: ਦੇਣਹਾਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ-ਰੂਪ ਅਫੀਮ ਦਾ ਗੋਲਾ ਜੀਵ ਨੂੰ ਦਿੱਤਾ ਹੋਇਆ ਹੈ। (ਇਸ ਮੋਹ-ਅਫੀਮ ਨੂੰ ਖਾ ਕੇ) ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ ਹੈ, ਚਾਰ ਦਿਨ ਜ਼ਿੰਦਗੀ ਵਿਚ ਰੰਗ-ਰਲੀਆਂ ਮਾਣ ਰਹੀ ਹੈ। ਜਿਨ੍ਹਾਂ ਨੇ ਮੋਹ-ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ।1।

ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸੱਚੀ ਸਾਂਝ ਬਣਾ, ਜਿਸ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ। (ਤੇ ਅਰਦਾਸ ਕਰ ਕਿ ਹੇ ਪ੍ਰਭੂ! ਆਪਣਾ ਨਾਮ ਦੇਹ ਜਿਸ ਕਰਕੇ) ਤੇਰੀ ਹਜ਼ੂਰੀ ਵਿਚ ਆਦਰ ਮਿਲ ਸਕੇ।1। ਰਹਾਉ।

ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ, ਉਸ (ਸ਼ਰਾਬ) ਵਿਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵਲੋਂ ਬੇ-ਪਰਵਾਹ ਕਰ ਦੇਂਦਾ ਹੈ) । ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ। ਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿਚ ਟਿਕ ਜਾਏ (ਤੇ, ਮਨ ਟਿਕਦਾ ਹੈ ਸਿਮਰਨ ਦੀ ਬਰਕਤਿ ਨਾਲ) ।2।

ਪਰਮਾਤਮਾ ਦਾ ਨਾਮ ਤੇ ਸਿਫ਼ਤਿ-ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫ਼ਤਿ-ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ। ਪ੍ਰਭੂ ਦਾ ਨਾਮ ਤੇ ਸਿਫ਼ਤਿ-ਸਾਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਬਣਿਆ ਹੋਇਆ) ਸੁੱਚਾ ਆਚਰਨ ਸਰੀਰ ਉਤੇ ਲਾਣ ਲਈ ਸੁਗੰਧੀ ਹੈ। ਦੁੱਖਾਂ ਦੀ (ਨਿਵਿਰਤੀ) ਤੇ ਸੁੱਖਾਂ ਦੀ (ਪ੍ਰਾਪਤੀ) ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ।3।

ਜਿਸ ਪ੍ਰਭੂ ਦੀ ਬਖ਼ਸ਼ੀ ਹੋਈ ਇਹ ਜਿੰਦ-ਜਾਨ ਹੈ, ਉਸ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਪ੍ਰਭੂ ਨੂੰ ਵਿਸਾਰਿਆਂ ਖਾਣ ਪਹਿਨਣ ਦਾ ਸਾਰਾ ਹੀ ਉੱਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ, (ਕਿਉਂਕਿ) ਹੋਰ ਸਾਰੀਆਂ ਗੱਲਾਂ (ਮਨ ਨੂੰ) ਨਾਸਵੰਤ ਸੰਸਾਰ ਦੇ ਮੋਹ ਵਿਚ ਫਸਾਂਦੀਆਂ ਹਨ। (ਹੇ ਪ੍ਰਭੂ!) ਉਹੀ ਉੱਦਮ ਸੁਚੱਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਂਦਾ ਹੈ।4।5।

ਭਾਵ: ਪ੍ਰਭੂ ਦੀ ਯਾਦ ਭੁਲਾਇਆਂ ਜਗਤ ਦਾ ਮੋਹ ਆ ਦਬਾਂਦਾ ਹੈ, ਮੋਹ-ਅਧੀਨ ਹੋ ਕੇ ਕੀਤੇ ਕੰਮ ਮਨ ਨੂੰ ਹੋਰ ਮਲੀਨ ਕਰਦੇ ਜਾਂਦੇ ਹਨ। ਪ੍ਰਭੂ ਦਾ ਨਾਮ ਸਭ ਤੋਂ ਉੱਚੀ ਬਖ਼ਸ਼ਸ਼ ਹੈ, ਇਹ ਇਕ ਐਸਾ ਹੁਲਾਰਾ ਪੈਦਾ ਕਰਦਾ ਹੈ ਜਿਸ ਦਾ ਸਦਕਾ ਮਨੁੱਖ ਮੋਹ ਤੋਂ ਉਤਾਂਹ ਰਹਿ ਕੇ ਸੁੱਚੇ ਆਚਰਨ ਵਾਲਾ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।5।

ਸਿਰੀ ਰਾਗੁ ਮਹਲੁ 1 ॥ {ਨੋਟ: ਇਥੇ ਲਫ਼ਜ਼ 'ਮਹਲਾ' ਦੇ ਥਾਂ ਲਫ਼ਜ਼ 'ਮਹਲੁ' ਹੈ। ਜੇ ਲਫ਼ਜ਼ 'ਮਹਲਾ' ਦਾ ਉਚਾਰਨ 'ਮਹੱਲਾ' ਕਰੀਏ, ਤਾਂ ਲਫ਼ਜ਼ 'ਮਹਲੁ' ਦਾ ਉਚਾਰਨ ਮਹੱਲ ਕਰਨਾ ਪਏਗਾ; ਤੇ 'ਮਹੱਲਾ' ਅਤੇ 'ਮਹਲੁ' ਦੇ ਅਰਥ ਵਿਚ ਫ਼ਰਕ ਪ੍ਰਤੱਖ ਹੈ। ਸੋ, ਠੀਕ ਉਚਾਰਨ ਲਫ਼ਜ਼ 'ਬਹਰਾ' 'ਗਹਲਾ' ਵਾਂਗ ਹੈ। ਵਧੀਕ ਵਿਚਾਰ ਲਈ ਪੜ੍ਹੋ 'ਗੁਰਬਾਣੀ ਵਿਆਕਰਣ'}।

TOP OF PAGE

Sri Guru Granth Darpan, by Professor Sahib Singh