ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 90

ਮਃ ੩ ॥ ਸਬਦਿ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰਿ ॥ ਸਦਾ ਰਾਵੇ ਪਿਰੁ ਆਪਣਾ ਸਚੈ ਪ੍ਰੇਮਿ ਪਿਆਰਿ ॥ ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ ॥ ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ ॥੨॥ {ਪੰਨਾ 90}

ਪਦ ਅਰਥ: ਭਾਇ = ਪਿਆਰ ਵਿਚ। ਸੁਆਲਿਓ = ਸੋਹਣੇ ਰੂਪ ਵਾਲੀ {ਨੋਟ: ਲਫ਼ਜ਼ 'ਸੁਆਲਿਓ' ਦਾ ਅਰਥ ਹੈ 'ਸੋਹਣੇ ਰੂਪ ਵਾਲਾ'। ਦੋਹਾਂ ਦਾ ਫ਼ਰਕ ਚੇਤੇ ਰੱਖਣ ਵਾਲਾ ਹੈ}। ਮੇਲਣਹਾਰਿ = ਮੇਲਣਹਾਰ ਨੇ।

ਅਰਥ: ਜੀਊਂਦੇ ਖਸਮ ਵਾਲੀ (ਗੁਰਮੁਖ ਜੀਵ-) ਇਸਤ੍ਰੀ (ਉਹ ਹੈ ਜੋ) ਗੁਰੂ ਦੇ ਸ਼ਬਦ ਦੀ ਰਾਹੀਂ ਸਤਿਗੁਰੂ ਦੇ ਪ੍ਰੇਮ-ਪਿਆਰ ਵਿਚ ਸਦਾ ਆਪਣੇ ਹਰੀ-ਖਸਮ (ਦੀ ਯਾਦ) ਦਾ ਆਨੰਦ ਮਾਣਦੀ ਹੈ। ਉਹ ਸੁੰਦਰ ਨਾਰੀ ਬਹੁਤ ਸੋਹਣੇ ਰੂਪ ਵਾਲੀ ਤੇ ਸੋਭਾ ਵਾਲੀ ਹੈ। ਹੇ ਨਾਨਕ! ਨਾਮ ਵਿਚ (ਜੁੜੀ ਹੋਣ ਕਰਕੇ) (ਗੁਰਮੁਖ) ਸੋਹਾਗਣ ਨੂੰ ਮੇਲਣਹਾਰ ਹਰੀ ਨੇ (ਆਪਣੇ ਵਿਚ) ਮਿਲਾ ਲਿਆ ਹੈ।2।

ਪਉੜੀ ॥ ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ ॥ ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥ ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ ॥ ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ ॥ ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥੧੭॥ {ਪੰਨਾ 90}

ਪਦ ਅਰਥ: ਸਾਧਿਆ = ਸਿੱਧੇ ਰਾਹ ਤੇ ਪਾਂਦਾ ਹੈ। ਅਨਾਥ = ਜਿਨ੍ਹਾਂ ਦਾ ਕੋਈ ਹੋਰ ਸਹਾਰਾ ਨਹੀਂ ਹੈ।

ਅਰਥ: ਹੇ ਪ੍ਰਭੂ! ਸਭ ਜੀਵ ਤੇਰੀ (ਹੀ) ਸਿਫ਼ਤਿ-ਸਾਲਾਹ ਕਰਦੇ ਹਨ, ਜਿਸ ਤੂੰ (ਉਹਨਾਂ ਮਾਇਆ ਵਿਚ) ਫਸਿਆਂ ਨੂੰ ਕੱਢਿਆ ਹੈ। ਹੇ ਹਰੀ! ਸਭ ਜੀਵ ਤੇਰੇ ਅੱਗੇ ਸਿਰ ਨਵਾਂਦੇ ਹਨ, ਜਿਸ ਤੂੰ (ਉਹਨਾਂ ਨੂੰ) ਪਾਪਾਂ ਤੋਂ ਬਚਾਇਆ ਹੈ। ਹੇ ਹਰੀ! ਜਿਨ੍ਹਾਂ ਨੂੰ ਕਿਤੇ ਆਦਰ ਨਹੀਂ ਮਿਲਦਾ, ਤੂੰ ਉਹਨਾਂ ਦਾ ਮਾਣ ਬਣਦਾ ਹੈਂ। ਹੇ ਹਰੀ! ਤੂੰ ਸਭ ਤੋਂ ਵਧੀਕ ਡਾਢਾ ਹੈਂ। (ਹੇ ਭਾਈ!) ਪ੍ਰਭੂ ਅਹੰਕਾਰੀਆਂ ਨੂੰ ਮਾਰ ਕੇ (ਭਾਵ, ਬਿਪਤਾ ਵਿਚ ਪਾ ਕੇ) ਨਿਵਾਉਂਦਾ ਹੈ, ਤੇ ਮੂਰਖ ਮਨਮੁਖਾਂ ਨੂੰ ਸਿੱਧੇ ਰਾਹੇ ਪਾਂਦਾ ਹੈ ਪ੍ਰਭੂ ਗਰੀਬ ਤੇ ਅਨਾਥ ਭਗਤਾਂ ਨੂੰ ਆਦਰ ਬਖ਼ਸ਼ਦਾ ਹੈ।17।

ਸਲੋਕ ਮਃ ੩ ॥ ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ ॥ ਹਰਿ ਕਾ ਨਾਮੁ ਉਤਮੁ ਮਨਿ ਵਸੈ ਮੇਟਿ ਨ ਸਕੈ ਕੋਇ ॥ ਕਿਰਪਾ ਕਰੇ ਜਿਸੁ ਆਪਣੀ ਤਿਸੁ ਕਰਮਿ ਪਰਾਪਤਿ ਹੋਇ ॥ ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥੧॥ {ਪੰਨਾ 90}

ਪਦ ਅਰਥ: ਭਾਣੈ = ਹੁਕਮ ਵਿਚ। ਵਡਿਆਈ = ਆਦਰ। ਮਨਿ = ਮਨ ਵਿਚ। ਕਰਮਿ = ਬਖ਼ਸ਼ਸ਼ ਦੀ ਰਾਹੀਂ।

ਅਰਥ: ਜੋ ਮਨੁੱਖ ਸਤਿਗੁਰੂ ਦੇ ਭਾਣੇ ਵਿਚ ਜੀਵਨ ਬਤੀਤ ਕਰਦਾ ਹੈ, ਉਸ ਦਾ (ਹਰੀ ਦੀ ਦਰਗਾਹ ਵਿਚ) ਬੜਾ ਆਦਰ ਹੁੰਦਾ ਹੈ, ਪ੍ਰਭੂ ਦਾ ਉੱਤਮ ਨਾਮ ਉਸ ਦੇ ਮਨ ਵਿਚ ਘਰ ਕਰਦਾ ਹੈ (ਟਿਕਦਾ ਹੈ) , ਤੇ ਕੋਈ (ਮਾਇਕ ਪਦਾਰਥ ਉੱਤਮ 'ਨਾਮ' ਦੇ ਸੰਸਕਾਰਾਂ ਨੂੰ ਉਸ ਦੇ ਹਿਰਦੇ ਵਿਚੋਂ) ਦੂਰ ਨਹੀਂ ਕਰ ਸਕਦਾ। (ਪਰ ਨਾਮ-ਪ੍ਰਾਪਤੀ ਦਾ ਕਾਰਨ, ਭਾਵ, ਭਾਣਾ ਮੰਨਣ ਦਾ ਉੱਦਮ, ਮਨੁੱਖ ਦੇ ਆਪਣੇ ਵੱਸ ਵਿਚ ਨਹੀਂ) , ਕੋਈ ਗੁਰਮੁਖ ਜੀਊੜਾ ਸਮਝਦਾ ਹੈ, ਕਿ ਜਿਸ ਤੇ (ਹਰੀ ਆਪ) ਆਪਣੀ ਮਿਹਰ ਕਰੇ, ਉਸ ਨੂੰ ਉਸ ਮਿਹਰ ਸਦਕਾ (ਉੱਤਮ ਨਾਮ) ਪ੍ਰਾਪਤ ਹੁੰਦਾ ਹੈ, (ਕਿਉਂਕਿ) ਹੇ ਨਾਨਕ! ਕਾਰਣ ਸਿਰਜਨਹਾਰ ਦੇ ਵੱਸ ਵਿਚ ਹੈ।1।

ਮਃ ੩ ॥ ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ ॥ ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ ॥ ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ ॥ ਗੁਰ ਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰੁ ॥ ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥ ਗੁਰਮੁਖਿ ਜਿਨੀ ਅਰਾਧਿਆ ਤਿਨੀ ਤਰਿਆ ਭਉਜਲੁ ਸੰਸਾਰੁ ॥ ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ ॥੨॥ {ਪੰਨਾ 90}

ਪਦ ਅਰਥ: ਅਨਦਿਨੁ = ਹਰ ਰੋਜ਼। ਲਿਵ ਤਾਰ = ਇਕ-ਰਸ। ਬੰਦੀ = ਦਾਸੀ। ਪੂਰੈ = ਪੂਰੇ (ਗੁਰੂ) ਨੇ। ਹੁਕਮਿ ਸਵਾਰਣਹਾਰ = ਸਵਾਰਣਹਾਰ ਦੇ ਹੁਕਮ ਵਿਚ। ਮੋਖ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ। ਜੰਦਾਰੁ = ਜੰਦਾਲ, ਜ਼ਾਲਮ, ਡਾਢਾ। ਗੁਣੀ = ਗੁਣਾਂ ਦੀ ਰਾਹੀਂ।

ਅਰਥ: ਹੇ ਨਾਨਕ। ਜਿਨ੍ਹਾਂ ਨੇ ਹਰ ਰੋਜ਼ ਇਕ-ਰਸ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਹੈ, ਖਸਮ ਪ੍ਰਭੂ ਦੀ ਦਾਸੀ ਮਾਇਆ ਉਹਨਾਂ ਦੇ ਅੱਗੇ ਕਾਰ ਕਮਾਂਦੀ ਹੈ (ਭਾਵ, ਉਹ ਬੰਦੇ ਮਾਇਆ ਦੇ ਪਿੱਛੇ ਨਹੀਂ ਫਿਰਦੇ, ਮਾਇਆ ਉਹਨਾਂ ਦੀ ਸੇਵਕ ਬਣਦੀ ਹੈ) , (ਕਿਉਂਕਿ) ਸਵਾਰਣਵਾਲੇ (ਪ੍ਰਭੂ) ਦੇ ਹੁਕਮ ਵਿਚ ਪੂਰੇ (ਗੁਰੂ) ਨੇ ਉਹਨਾਂ ਨੂੰ ਪੂਰਨ ਕਰ ਦਿੱਤਾ ਹੈ (ਤੇ ਉਹ ਮਾਇਆ ਦੇ ਪਿੱਛੇ ਡੋਲਦੇ ਨਹੀਂ) ਸਤਿਗੁਰੂ ਦੀ ਕਿਰਪਾ ਨਾਲ ਜਿਸ ਨੇ (ਇਹ ਭੇਤ) ਸਮਝ ਲਿਆ ਹੈ, ਉਸ ਨੇ ਮੁਕਤੀ ਦਾ ਦਰ ਲੱਭ ਲਿਆ ਹੈ। ਮਨਮੁਖ ਬੰਦੇ (ਪ੍ਰਭੂ ਦਾ) ਹੁਕਮ ਨਹੀਂ ਪਛਾਣਦੇ, (ਇਸ ਕਰਕੇ) ਉਹਨਾਂ ਨੂੰ ਜ਼ਾਲਮ ਜਮ ਦੰਡ ਦੇਂਦਾ ਹੈ। ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਸਿਮਰਨ ਕੀਤਾ, ਉਹ ਸੰਸਾਰ-ਸਾਗਰ ਨੂੰ ਤਰ ਗਏ ਹਨ, (ਕਿਉਂਕਿ ਸਤਿਗੁਰੂ ਨੇ) ਗੁਣਾਂ ਦੁਆਰਾ (ਭਾਵ, ਉਹਨਾਂ ਦੇ ਹਿਰਦੇ ਵਿਚ ਗੁਣ ਪਰਗਟ ਕਰ ਕੇ ਉਹਨਾਂ ਦੇ) ਸਾਰੇ ਅਉਗੁਣ ਮਿਟਾ ਦਿੱਤੇ ਹਨ। ਗੁਰੂ ਬੜਾ ਬਖ਼ਸ਼ਿੰਦ ਹੈ।2।

ਪਉੜੀ ॥ ਹਰਿ ਕੀ ਭਗਤਾ ਪਰਤੀਤਿ ਹਰਿ ਸਭ ਕਿਛੁ ਜਾਣਦਾ ॥ ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ ॥ ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ ਮਾਰਦਾ ॥ ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ ॥ ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ ॥੧੮॥ {ਪੰਨਾ 90}

ਪਦ ਅਰਥ: ਪਰਤੀਤਿ = ਭਰੋਸਾ। ਜੇਵਡੁ = ਜੇਡਾ, ਬਰਾਬਰ ਦਾ। ਜਾਣੁ = ਜਾਣੂ, ਜਾਣਨ ਵਾਲਾ। ਧਰਮੁ = ਨਿਆਂ ਦੀ ਗੱਲ। ਕਾੜਾ = ਝੋਰਾ, ਫ਼ਿਕਰ। ਅੰਦੇਸਾ = ਡਰ। ਅਧਰਮਿ = ਅਨਿਆਉਂ ਨਾਲ। ਸਚਾ = ਸਦਾ-ਥਿਰ, ਅਟੱਲ, ਅਭੁੱਲ। ਕਰ ਜੋੜਿ = ਹੱਥ ਜੋੜ ਕੇ, ਨਿਮ੍ਰਤਾ ਨਾਲ ਨਿਰਮਾਣ ਹੋ ਕੇ।

ਅਰਥ: ਭਗਤ ਜਨਾਂ ਨੂੰ ਪ੍ਰਭੂ ਉੱਤੇ (ਇਹ) ਭਰੋਸਾ ਹੈ ਕਿ ਪ੍ਰਭੂ ਅੰਤਰਜਾਮੀ ਹੈ, ਉਸ ਦੇ ਬਰਾਬਰ ਹੋਰ ਕੋਈ (ਹਿਰਦਿਆਂ ਦਾ) ਜਾਣੂ ਨਹੀਂ, (ਤੇ ਇਸੇ ਕਰਕੇ) ਪ੍ਰਭੂ ਨਿਆਂ ਦੀ ਵਿਚਾਰ ਕਰਦਾ ਹੈ। ਜੇ (ਇਹ ਭਰੋਸਾ ਹੋਵੇ ਕਿ) ਪ੍ਰਭੂ ਅਨਿਆਊਂ ਨਾਲ ਨਹੀਂ ਮਾਰਦਾ, ਤਾਂ ਕੋਈ ਫ਼ਿਕਰ ਡਰ ਨਹੀਂ ਰਹਿੰਦਾ। ਪ੍ਰਭੂ ਆਪ ਅਭੁੱਲ ਹੈ ਤੇ ਉਸ ਦਾ ਨਿਆਂ ਭੀ ਅਭੁੱਲ ਹੈ, (ਇਸ 'ਮਾਰ' ਦਾ ਸਦਕਾ ਹੀ) ਪਾਪੀ ਮਨੁੱਖ (ਪਾਪਾਂ ਵਲੋਂ) ਹਾਰਦਾ ਹੈ। ਹੇ ਭਗਤ ਜਨੋ! ਨਿਰਮਾਣ ਹੋ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੋ, ਪ੍ਰਭੂ ਆਪਣੇ ਭਗਤਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ।18।

ਸਲੋਕ ਮਃ ੩ ॥ ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ ॥ ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ ॥ ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥੧॥ {ਪੰਨਾ 90}

ਪਦ ਅਰਥ: ਉਰਿ = ਹਿਰਦੇ ਵਿਚ। ਸਾਲਾਹੀ = ਮੈਂ ਸਿਫ਼ਤਿ ਕਰਾਂ। ਗੁਰ ਕੈ ਹੇਤਿ = ਗੁਰੂ ਦੇ (ਪੈਦਾ ਕੀਤੇ) ਪਿਆਰ ਦੀ ਰਾਹੀਂ। ਸੁਹਾਗਣਿ = ਜੀਊਂਦੇ ਖਸਮ ਵਾਲੀ।

ਅਰਥ: (ਮਨ ਤਾਂਘਦਾ ਹੈ ਕਿ) ਆਪਣੇ ਪਿਆਰੇ ਨੂੰ (ਸਦਾ) ਮਿਲੀ ਰਹਾਂ, ਅੰਦਰ ਹਿਰਦੇ ਵਿਚ ਪਰੋ ਰੱਖਾਂ ਅਤੇ ਸਤਿਗੁਰੂ ਦੇ ਲਾਏ ਪ੍ਰੇਮ ਵਿਚ ਸਦਾ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੀ ਰਹਾਂ। (ਪਰ) ਹੇ ਨਾਨਕ! ਜਿਸ ਵਲ (ਉਹ ਪਿਆਰਾ ਪਿਆਰ ਨਾਲ) ਤੱਕਦਾ ਹੈ, ਉਸ ਨੂੰ (ਹੀ ਆਪਣੇ ਨਾਲ) ਮੇਲਦਾ ਹੈ, ਤੇ ਉਹੋ ਇਸਤ੍ਰੀ ਜੀਊਂਦੇ ਸਾਂਈ ਵਾਲੀ (ਅਖਵਾਉਂਦੀ ਹੈ) ।1।

ਮਃ ੩ ॥ ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥ ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥ ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ ॥ ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥੨॥ {ਪੰਨਾ 90}

ਪਦ ਅਰਥ: ਮਿਲਾਇਅਨੁ = ਮਿਲਾਏ ਹਨ ਉਸ ਪ੍ਰਭੂ ਨੇ। ਸਹਿਜ = ਅਡੋਲਤਾ ਵਿਚ। ਸਮਾਇਅਨੁ = ਲੀਨ ਕੀਤੇ ਹਨ ਉਸ (ਪ੍ਰਭੂ) ਨੇ। ਕ੍ਰਿਪਾ ਕਰੇ = ਕ੍ਰਿਪਾ ਕਰ ਕੇ। ਕਰੇ = ਕਰਿ, ਕਰਿ ਕੇ।

ਅਰਥ: ਪ੍ਰਭੂ ਜਿਸ (ਜੀਵ) ਤੇ ਮਿਹਰ ਦੀ ਨਜ਼ਰ ਕਰਦਾ ਹੈ, ਉਹ (ਜੀਵ) ਸਤਿਗੁਰੂ ਦੀ ਦੱਸੀ ਕਾਰ ਕਰ ਕੇ ਪ੍ਰਭੂ ਨੂੰ ਮਿਲ ਪੈਂਦਾ ਹੈ। ਹਰੀ ਨਾਮ ਦਾ ਸਿਮਰਨ ਕਰ ਕੇ ਜੀਵ ਮਨੁੱਖ (-ਸੁਭਾਵ) ਤੋਂ ਦੇਵਤਾ ਬਣ ਜਾਂਦੇ ਹਨ। ਜਿਨ੍ਹਾਂ ਦੀ ਹਉਮੈ ਦੂਰ ਕਰ ਕੇ ਉਸ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਤੋਂ ਬਚ ਜਾਂਦੇ ਹਨ। ਹੇ ਨਾਨਕ! ਪ੍ਰਭੂ ਨੇ ਆਪਣੀ ਮਿਹਰ ਕਰ ਕੇ ਉਹਨਾਂ ਨੂੰ ਅਡੋਲ ਅਵਸਥਾ ਵਿਚ ਟਿਕਾ ਦਿੱਤਾ।2।

TOP OF PAGE

Sri Guru Granth Darpan, by Professor Sahib Singh