ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 95

ਮਾਝ ਮਹਲਾ ੪ ॥ ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥ ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥ ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥੧॥ ਆਉ ਸਖੀ ਹਰਿ ਮੇਲੁ ਕਰੇਹਾ ॥ ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥ ਮੇਰਾ ਮਿਤ੍ਰੁ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ ਨਰਹਰੀਐ ਜੀਉ ॥੨॥ ਮੇਰੀ ਬੇਦਨ ਹਰਿ ਗੁਰੁ ਪੂਰਾ ਜਾਣੈ ॥ ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇ ॥ ਮੈ ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥੩॥ ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ ॥ ਹਰਿ ਹਰਿ ਨਾਮੁ ਬੂੰਦ ਮੁਖਿ ਪਾਈ ॥ ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ ॥੪॥੩॥ {ਪੰਨਾ 95}

ਪਦ ਅਰਥ: ਪੜੀਐ = (ਆਉ, ਰਲ ਕੇ) ਪੜ੍ਹੀਏ। ਗੁਣੀਐ = (ਆਉ, ਰਲ ਕੇ) ਵਿਚਾਰੀਏ। ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ।

ਭਉਜਲੁ = ਸੰਸਾਰ-ਸਮੁੰਦਰ। ਦੁਤਰੁ = {duÔqr} ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ।1।

ਸਖੀ = ਹੇ ਸਹੇਲੀ! ਹੇ ਸਤਸੰਗੀ! ਹਰਿ ਮੇਲੁ = ਹਰੀ ਦੀ ਪ੍ਰਾਪਤੀ ਵਾਲਾ ਇਕੱਠ, ਸਤਸੰਗ। ਕਰੇਹਾ = ਅਸੀਂ ਕਰੀਏ। ਮੈ = ਮੈਨੂੰ। ਦੇਇ = ਦੇਂਦਾ ਹੈ। ਸਖਾ = ਮਿਤ੍ਰ, ਸਾਥੀ। ਨਰਹਰੀਐ = ਨਰਹਰੀ, ਪਰਮਾਤਮਾ।2।

ਬੇਦਨ = ਪੀੜਾ। ਹਉ = ਮੈਂ। ਅਉਖਧੁ = (ਬੇਦਨ ਦੂਰ ਕਰਨ ਲਈ) ਦਵਾਈ। ਗੁਰ ਪੂਰੇ = ਹੇ ਪੂਰੇ ਗੁਰੂ! ਨਾਮਿ = ਨਾਮ ਵਿਚ (ਜੋੜ ਕੇ) । ਉਧਰੀਐ = ਪਾਰ ਲੰਘਾ।3।

ਚਾਤ੍ਰਿਕ = ਪਪੀਹੇ {ਨੋਟ: ਪ੍ਰਚਲਤ ਖ਼ਿਆਲ ਹੈ ਕਿ ਪਪੀਹਾ ਸ੍ਵਾਂਤੀ ਨਛੱਤ੍ਰ ਸਮੇ ਪਈ ਬੂੰਦ ਨੂੰ ਹੀ ਪੀਂਦਾ ਹੈ}। ਮੁਖਿ = ਮੂੰਹ ਵਿਚ। ਜਲ ਨਿਧਿ = ਪਾਣੀ ਦਾ ਖ਼ਜ਼ਾਨਾ, ਸਮੁੰਦਰ। ਮੀਨੇ = ਮੱਛੀਆਂ।4।

ਅਰਥ: (ਹੇ ਸਤਸੰਗੀ ਮਿਤ੍ਰ! ਆਉ ਰਲ ਕੇ ਅਸੀ) ਪਰਮਾਤਮਾ ਦੇ ਗੁਣਾਂ ਵਾਲੀ ਬਾਣੀ ਪੜ੍ਹੀਏ ਤੇ ਵਿਚਾਰੀਏ, ਪਰਮਾਤਮਾ ਦੇ ਨਾਮ ਦੀ ਕਥਾ ਹੀ ਸਦਾ ਸੁਣਾ ਸੁਣਦੇ ਰਹੀਏ। ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ (ਸਿਫ਼ਤਿ-ਸਾਲਾਹ) ਦੇ ਗੁਣ ਗਾ ਕੇ ਇਸ ਜਗਤ ਤੋਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ (ਸਿਫ਼ਤਿ-ਸਾਲਾਹ ਤੋਂ ਬਿਨਾ) ਜਿਸ ਤੋਂ ਪਾਰ ਲੰਘਣਾ ਬਹੁਤਾ ਔਖਾ ਹੈ।1।

ਹੇ ਸਤਸੰਗੀ ਮਿਤ੍ਰ! ਆਉ, ਪਰਮਾਤਮਾ (ਦੀ ਪ੍ਰਾਪਤੀ) ਵਾਲਾ ਸਤਸੰਗ ਬਣਾਈਏ। ਜੇਹੜਾ ਗੁਰਮੁਖਿ ਮੈਨੂੰ ਮੇਰੇ ਪ੍ਰੀਤਮ-ਪ੍ਰਭੂ ਦਾ ਸੁਨੇਹਾ ਦੇਵੇ, ਮੈਨੂੰ ਪਰਮਾਤਮਾ (ਦਾ ਥਹੁ-ਪਤਾ) ਦੱਸੇ ਉਹੀ ਮੇਰਾ ਮਿਤ੍ਰ ਹੈ ਮੇਰਾ ਸਾਥੀ ਹੈ, ਮੇਰਾ ਸੱਜਣ ਹੈ ਮੇਰਾ ਭਰਾ ਹੈ।2।

(ਹੇ ਸਤਸੰਗੀ ਮਿਤ੍ਰ!) ਪਰਮਾਤਮਾ (ਦਾ ਰੂਪ) ਪੂਰਾ ਗੁਰੂ (ਹੀ) ਮੇਰੀ ਪੀੜਾ ਜਾਣਦਾ ਹੈ ਕਿ ਪਰਮਾਤਮਾ ਦਾ ਨਾਮ ਉਚਾਰਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆ ਸਕਦੀ। (ਇਸ ਵਾਸਤੇ ਮੈਂ ਗੁਰੂ ਅੱਗੇ ਹੀ ਬੇਨਤੀ ਕਰਦਾ ਹਾਂ ਤੇ ਆਖਦਾ ਹਾਂ =) ਹੇ ਪੂਰੇ ਸਤਿਗੁਰੂ! ਮੈਨੂੰ (ਆਪਣਾ) ਉਪਦੇਸ਼ ਦੇਹ (ਇਹੀ) ਦਵਾਈ (ਹੈ ਜੋ ਮੇਰੀ ਬੇਦਨ ਦੂਰ ਕਰ ਸਕਦਾ ਹੈ) । ਹੇ ਪੂਰੇ ਸਤਿਗੁਰੂ! ਮੈਨੂੰ ਪਰਮਾਤਮਾ ਦੇ ਨਾਮ ਵਿਚ (ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ।3।

ਹੇ ਦਾਸ ਨਾਨਕ! (ਆਖ–) ਅਸੀਂ ਨਿਮਾਣੇ ਚਾਤ੍ਰਿਕ ਹਾਂ ਤੇ ਗੁਰੂ ਦੀ ਸਰਨ ਆਏ ਹਾਂ। (ਗੁਰੂ ਦੀ ਕਿਰਪਾ ਨਾਲ ਅਸਾਂ) ਪਰਮਾਤਮਾ ਦਾ ਨਾਮ ਮੂੰਹ ਵਿਚ ਪਾਇਆ ਹੈ (ਜਿਵੇਂ ਚਾਤ੍ਰਿਕ ਸ੍ਵਾਂਤੀ) ਬੂੰਦ (ਮੂੰਹ ਵਿਚ ਪਾਂਦਾ ਹੈ) । ਪਰਮਾਤਮਾ ਪਾਣੀ ਦਾ ਸਮੁੰਦਰ ਹੈ, ਅਸੀਂ ਉਸ ਪਾਣੀ ਦੀਆਂ ਮੱਛੀਆਂ ਹਾਂ, ਉਸ ਨਾਮ-ਜਲ ਤੋਂ ਬਿਨਾ ਆਤਮਕ ਮੌਤ ਆ ਜਾਂਦੀ ਹੈ (ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ) ।4।3।

ਮਾਝ ਮਹਲਾ ੪ ॥ ਹਰਿ ਜਨ ਸੰਤ ਮਿਲਹੁ ਮੇਰੇ ਭਾਈ ॥ ਮੇਰਾ ਹਰਿ ਪ੍ਰਭੁ ਦਸਹੁ ਮੈ ਭੁਖ ਲਗਾਈ ॥ ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ ॥੧॥ ਮਿਲਿ ਸਤਸੰਗਿ ਬੋਲੀ ਹਰਿ ਬਾਣੀ ॥ ਹਰਿ ਹਰਿ ਕਥਾ ਮੇਰੈ ਮਨਿ ਭਾਣੀ ॥ ਹਰਿ ਹਰਿ ਅੰਮ੍ਰਿਤੁ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ ॥੨॥ ਵਡਭਾਗੀ ਹਰਿ ਸੰਗਤਿ ਪਾਵਹਿ ॥ ਭਾਗਹੀਨ ਭ੍ਰਮਿ ਚੋਟਾ ਖਾਵਹਿ ॥ ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥੩॥ ਮੈ ਆਇ ਮਿਲਹੁ ਜਗਜੀਵਨ ਪਿਆਰੇ ॥ ਹਰਿ ਹਰਿ ਨਾਮੁ ਦਇਆ ਮਨਿ ਧਾਰੇ ॥ ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ ॥੪॥੪॥ {ਪੰਨਾ 95}

ਪਦ ਅਰਥ: ਹਰਿ ਜਨ ਸੰਤ = ਹੇ ਹਰੀ ਜਨੋ! ਹੇ ਸੰਤ ਜਨੋ! ਭਾਈ = ਹੇ ਭਰਾਵੋ! ਮੈ = ਮੈਨੂੰ। ਜਗਜੀਵਨ = ਹੇ ਜਗ-ਜੀਵਨ! ਹੇ ਜਗਤ ਦੇ ਜੀਵਨ! ਮਿਲਿ = ਮਿਲ ਕੇ। ਦਰਸਨਿ = ਦਰਸਨ ਵਿਚ।1।

ਸਤਸੰਗਿ = ਸਤ ਸੰਗ ਵਿਚ। ਬੋਲੀ = ਬੋਲੀ, ਮੈਂ ਬੋਲਾਂ। ਮੇਰੈ ਮਨਿ = ਮੇਰੇ ਮਨ ਵਿਚ। ਭਾਣੀ = ਪਿਆਰੀ ਲੱਗ ਰਹੀ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।2।

ਵਡਭਾਗੀ = ਵੱਡੇ ਭਾਗਾਂ ਵਾਲੇ। ਭ੍ਰਮਿ = ਭਟਕਣਾ ਵਿਚ ਪੈ ਕੇ। ਭਰੀਜੈ = ਭਰ ਜਾਈਦਾ ਹੈ, ਲਿਬੜੀਦਾ ਹੈ।3।

ਮੈ = ਮੈਨੂੰ। ਆਇ = ਆ ਕੇ। ਦਇਆ ਧਾਰੇ = ਦਇਆ ਧਾਰਿ, ਦਇਆ ਧਾਰ ਕੇ। ਨਾਮਿ = ਨਾਮ ਵਿਚ।4।

ਅਰਥ: ਹੇ ਹਰੀ ਜਨੋ! ਹੇ ਸੰਤ ਜਨੋ! ਹੇ ਮੇਰੇ ਭਰਾਵੋ! (ਮੈਨੂੰ) ਮਿਲੋ, ਮੈਨੂੰ ਮੇਰੇ ਹਰੀ ਪਰਮਾਤਮਾ ਦੀ ਦੱਸ ਪਾਵੋ, ਮੈਨੂੰ (ਉਸ ਦੇ ਦੀਦਾਰ ਦੀ) ਭੁੱਖ ਲੱਗੀ ਹੋਈ ਹੈ।

ਹੇ ਜਗਤ ਦੇ ਜੀਵਨ ਪ੍ਰਭੂ! ਹੇ ਦਾਤਾਰ! ਹੇ ਹਰੀ! ਮੇਰੀ ਇਹ ਸਰਧਾ ਪੂਰੀ ਕਰ ਕਿ ਤੇਰੇ ਦੀਦਾਰ ਵਿਚ ਲੀਨ ਹੋ ਕੇ ਮੇਰਾ ਮਨ (ਤੇਰੇ ਨਾਮ-ਅੰਮ੍ਰਿਤ ਨਾਲ) ਤਰੋ-ਤਰ ਹੋ ਜਾਏ।1।

(ਮੇਰਾ ਮਨ ਲੋਚਦਾ ਹੈ ਕਿ) ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਾਂ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੇਰੇ ਮਨ ਵਿਚ ਪਿਆਰੀਆਂ ਲੱਗ ਰਹੀਆਂ ਹਨ।

ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ-ਜਲ ਮੇਰੇ ਮਨ ਵਿਚ ਚੰਗਾ ਲਗ ਰਿਹਾ ਹੈ। ਇਹ ਨਾਮ-ਜਲ ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ।2।

ਵੱਡੇ ਭਾਗਾਂ ਵਾਲੇ ਮਨੁੱਖ ਪ੍ਰਭੂ ਦਾ ਮਿਲਾਪ ਕਰਾਣ ਵਾਲੀ ਸਾਧ ਸੰਗਤਿ ਪ੍ਰਾਪਤ ਕਰਦੇ ਹਨ। ਪਰ ਨਿਭਾਗੇ ਬੰਦੇ ਭਟਕਣਾ ਪੈ ਕੇ ਚੋਟਾਂ ਖਾਂਦੇ ਹਨ (ਵਿਕਾਰਾਂ ਦੀਆਂ ਸੱਟਾਂ ਸਹਾਰਦੇ ਹਨ) । ਚੰਗੀ ਕਿਸਮਤ ਤੋਂ ਬਿਨਾ ਸਾਧ ਸੰਗਤਿ ਨਹੀਂ ਮਿਲਦੀ। ਸਾਧ ਸੰਗਤਿ ਤੋਂ ਬਿਨਾ (ਮਨੁੱਖ ਦਾ ਮਨ ਵਿਕਾਰਾਂ ਦੀ) ਮੈਲ ਨਾਲ ਲਿਬੜਿਆ ਰਹਿੰਦਾ ਹੈ।3।

ਹੇ ਜਗਤ ਨੂੰ ਜੀਵਨ ਦੇਣ ਵਾਲੇ ਪਿਆਰੇ ਪ੍ਰਭੂ! ਆ ਕੇ ਮੈਨੂੰ ਮਿਲ। ਹੇ ਹਰੀ! ਆਪਣੇ ਮਨ ਵਿਚ ਦਇਆ ਧਾਰ ਕੇ ਮੈਨੂੰ ਆਪਣਾ ਨਾਮ ਦੇਹ।

ਹੇ ਦਾਸ ਨਾਨਕ! (ਆਖ–) ਗੁਰੂ ਦੀ ਮਤਿ ਦੀ ਬਰਕਤਿ ਨਾਲ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਪਿਆਰਾ ਲੱਗਦਾ ਹੈ, ਉਸ ਦਾ ਮਨ (ਸਦਾ) ਨਾਮ ਵਿਚ ਹੀ ਭਿੱਜਿਆ ਰਹਿੰਦਾ ਹੈ।4। 4।

ਮਾਝ ਮਹਲਾ ੪ ॥ ਹਰਿ ਗੁਰ ਗਿਆਨੁ ਹਰਿ ਰਸੁ ਹਰਿ ਪਾਇਆ ॥ ਮਨੁ ਹਰਿ ਰੰਗਿ ਰਾਤਾ ਹਰਿ ਰਸੁ ਪੀਆਇਆ ॥ ਹਰਿ ਹਰਿ ਨਾਮੁ ਮੁਖਿ ਹਰਿ ਹਰਿ ਬੋਲੀ ਮਨੁ ਹਰਿ ਰਸਿ ਟੁਲਿ ਟੁਲਿ ਪਉਦਾ ਜੀਉ ॥੧॥ ਆਵਹੁ ਸੰਤ ਮੈ ਗਲਿ ਮੇਲਾਈਐ ॥ ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ ॥ ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥੨॥ ਵਡਭਾਗੀ ਹਰਿ ਸੰਤੁ ਮਿਲਾਇਆ ॥ ਗੁਰਿ ਪੂਰੈ ਹਰਿ ਰਸੁ ਮੁਖਿ ਪਾਇਆ ॥ ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥੩॥ ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥ ਮਲੁ ਹਉਮੈ ਬਿਖਿਆ ਸਭ ਨਿਵਾਰੀ ॥ ਨਾਨਕ ਹਟ ਪਟਣ ਵਿਚਿ ਕਾਂਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥੪॥੫॥ {ਪੰਨਾ 95}

ਪਦ ਅਰਥ: ਗਿਆਨੁ = ਜਾਣ-ਪਛਾਣ, ਡੂੰਘੀ ਸਾਂਝ। ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ। ਮੁਖਿ = ਮੂੰਹ ਨਾਲ। ਬੋਲੀ = ਬੋਲੀਂ, ਮੈਂ ਬੋਲਦਾ ਹਾਂ। ਹਰਿ ਰਸਿ = ਹਰੀ-ਨਾਮ ਦੇ ਰਸ ਵਿਚ। ਟੁਲਿ ਟੁਲਿ = ਡੁਲ੍ਹ ਡੁਲ੍ਹ, ਉਛਲ ਉਛਲ। ਪਉਦਾ = ਪੈਂਦਾ।1।

ਗਲਿ = ਗਲ ਨਾਲ। ਮੈ = ਮੈਨੂੰ। ਦੇਵਾ = ਦੇਵਾਂ, ਮੈਂ ਦੇ ਦਿਆਂ। ਚਉਦਾ = ਬੋਲਦਾ।2।

ਸੰਤੁ = ਗੁਰੂ। ਗੁਰਿ ਪੂਰੈ = ਪੂਰੇ ਗੁਰੂ ਨੇ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਨਿਤਿ = ਸਦਾ।3।

ਦਇਆਲਿ = ਦਇਆਲ ਨੇ। ਪ੍ਰਭਿ = ਪ੍ਰਭੂ ਨੇ। ਦਇਆਲ ਪ੍ਰਭਿ = ਦਇਆਲ ਪ੍ਰਭੂ ਨੇ। ਬਿਖਿਆ = ਮਾਇਆ। ਨਿਵਾਰੀ = ਦੂਰ ਕਰ ਦਿੱਤੀ। ਪਟਣ = ਸ਼ਹਰ। ਕਾਂਇਆ = ਸਰੀਰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ।4।

ਅਰਥ: ਮੈਂ ਗੁਰੂ ਦੀ ਦਿੱਤੀ ਹੋਈ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਕਰ ਲਈ ਹੈ, ਮੈਨੂੰ ਪਰਮਾਤਮਾ ਦਾ ਨਾਮ-ਰਸ ਮਿਲ ਗਿਆ ਹੈ। ਮੇਰਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਗਿਆ ਹੈ, ਮੈਨੂੰ (ਗੁਰੂ ਨੇ) ਪਰਮਾਤਮਾ ਦਾ ਨਾਮ-ਰਸ ਪਿਲਾ ਦਿੱਤਾ ਹੈ। (ਹੁਣ) ਮੈਂ ਸਦਾ ਪਰਮਾਤਮਾ ਦਾ ਨਾਮ ਮੂੰਹ ਨਾਲ ਉਚਾਰਦਾ ਰਹਿੰਦਾ ਹਾਂ, ਪਰਮਾਤਮਾ ਦੇ ਨਾਮ-ਰਸ ਵਿਚ ਮੇਰਾ ਮਨ ਉਛਲ ਉਛਲ ਪੈਂਦਾ ਹੈ।1।

ਹੇ ਸੰਤ ਜਨੋ! ਆਵੋ, ਮੈਨੂੰ ਆਪਣੇ ਗਲ ਨਾਲ ਲਾ ਲਵੋ, ਤੇ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਵੋ। ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਮਿਲੋ। ਜੇਹੜਾ ਕੋਈ ਸਤਿਗੁਰੂ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ (ਤੇ ਮੈਨੂੰ ਸੁਣਾਂਦਾ ਹੈਂ) ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਹਾਂ।2।

ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ, ਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿਚ ਪਾ ਦਿੱਤਾ ਹੈ। ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ।3।

ਦਇਆ ਦੇ ਘਰ ਪ੍ਰਭੂ ਨੇ ਜਿਸ ਮਨੁੱਖ ਉੱਤੇ ਮਿਹਰ ਕੀਤੀ, ਉਸ ਨੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਮਾਇਆ ਦੀ ਮੈਲ ਸਾਰੀ ਹੀ ਦੂਰੀ ਕਰ ਲਈ।

ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ (ਆਪਣੇ) ਸਰੀਰ-ਹੱਟ ਵਿਚ ਹੀ ਸਰੀਰ-ਸ਼ਹਰ ਵਿਚ ਹੀ (ਟਿਕ ਕੇ) ਪਰਮਾਤਮਾ ਦੇ ਨਾਮ ਦਾ ਸੌਦਾ ਖ਼ਰੀਦਦੇ ਹਨ।4।5।

TOP OF PAGE

Sri Guru Granth Darpan, by Professor Sahib Singh