ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 153

ਗਉੜੀ ਮਹਲਾ ੧ ॥ ਕਾਮੁ ਕ੍ਰੋਧੁ ਮਾਇਆ ਮਹਿ ਚੀਤੁ ॥ ਝੂਠ ਵਿਕਾਰਿ ਜਾਗੈ ਹਿਤ ਚੀਤੁ ॥ ਪੂੰਜੀ ਪਾਪ ਲੋਭ ਕੀ ਕੀਤੁ ॥ ਤਰੁ ਤਾਰੀ ਮਨਿ ਨਾਮੁ ਸੁਚੀਤੁ ॥੧॥ ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥ ਹਉ ਪਾਪੀ ਤੂੰ ਨਿਰਮਲੁ ਏਕ ॥੧॥ ਰਹਾਉ ॥ ਅਗਨਿ ਪਾਣੀ ਬੋਲੈ ਭੜਵਾਉ ॥ ਜਿਹਵਾ ਇੰਦ੍ਰੀ ਏਕੁ ਸੁਆਉ ॥ ਦਿਸਟਿ ਵਿਕਾਰੀ ਨਾਹੀ ਭਉ ਭਾਉ ॥ ਆਪੁ ਮਾਰੇ ਤਾ ਪਾਏ ਨਾਉ ॥੨॥ ਸਬਦਿ ਮਰੈ ਫਿਰਿ ਮਰਣੁ ਨ ਹੋਇ ॥ ਬਿਨੁ ਮੂਏ ਕਿਉ ਪੂਰਾ ਹੋਇ ॥ ਪਰਪੰਚਿ ਵਿਆਪਿ ਰਹਿਆ ਮਨੁ ਦੋਇ ॥ ਥਿਰੁ ਨਾਰਾਇਣੁ ਕਰੇ ਸੁ ਹੋਇ ॥੩॥ ਬੋਹਿਥਿ ਚੜਉ ਜਾ ਆਵੈ ਵਾਰੁ ॥ ਠਾਕੇ ਬੋਹਿਥ ਦਰਗਹ ਮਾਰ ॥ ਸਚੁ ਸਾਲਾਹੀ ਧੰਨੁ ਗੁਰਦੁਆਰੁ ॥ ਨਾਨਕ ਦਰਿ ਘਰਿ ਏਕੰਕਾਰੁ ॥੪॥੭॥ {ਪੰਨਾ 153}

ਪਦ ਅਰਥ: ਝੂਠ ਵਿਕਾਰਿ = ਝੂਠ ਬੋਲਣ ਦੇ ਭੈੜ ਵਿਚ। ਜਾਗੈ = ਤਤਪਰ ਹੋ ਜਾਂਦਾ ਹੈ। ਹਿਤ = ਮੋਹ, ਖਿੱਚ। ਜਾਗੈ ਹਿਤ = ਪ੍ਰੇਰਨਾ ਹੁੰਦੀ ਹੈ, ਖਿੱਚ ਪੈਂਦੀ ਹੈ। ਤਰੁ = {qrs` = a raft} ਤੁਲਹਾ। ਤਾਰੀ = {qir = a boat} ਬੇੜੀ। ਸੁਚੀਤੁ = ਚਿੱਤ ਨੂੰ ਪਵਿਤ੍ਰ ਕਰਨ ਵਾਲਾ।1।

ਵਾਹੁ = ਅਸਚਰਜ। ਨਿਰਮਲੁ = ਪਵਿਤ੍ਰ। ਤੂੰ ਏਕ = ਸਿਰਫ਼ ਤੂੰ ਹੀ।1। ਰਹਾਉ।

ਭੜਵਾਉ = ਭੈੜਾ ਵਾਕ, ਤੱਤਾ-ਠੰਢਾ ਬੋਲ। ਏਕ ਸੁਆਉ = ਇਕ ਇਕ ਚਸਕਾ। ਦਿਸਟਿ = ਨਜ਼ਰ, ਧਿਆਨ, ਰੁਚੀ। ਵਿਕਾਰੀ = ਵਿਕਾਰੀਂ, ਵਿਕਾਰਾਂ ਵਲ। ਆਪੁ = ਆਪਾ-ਭਾਵ।2।

ਮਰੈ = ਆਪਾ-ਭਾਵ ਵਲੋਂ ਮਰੇ। ਮਰਣੁ = ਆਤਮਕ ਮੌਤ। ਪੂਰਾ = ਪੂਰਨ, ਮੁਕੰਮਲ ਉਕਾਈ-ਰਹਿਤ। ਪਰਪੰਚਿ = ਪਰਪੰਚ ਵਿਚ, ਜਗਤ-ਖੇਡ ਵਿਚ। ਦੋਇ = ਦ੍ਵੈਤ ਵਿਚ, ਮੇਰ-ਤੇਰ ਵਿਚ। ਥਿਰੁ = ਅਡੋਲ-ਚਿੱਤ। ਸੁ = ਉਹ ਮਨੁੱਖ।3।

ਬੋਹਿਥਿ = ਜਹਾਜ਼ ਵਿਚ, ਨਾਮ-ਜਹਾਜ਼ ਵਿਚ। ਵਾਰ = ਵਾਰੀ, ਅਵਸਰ। ਠਾਕੇ = ਰੋਕੇ ਹੋਏ। ਸਾਲਾਹੀ = ਮੈਂ ਸਾਲਾਹ ਸਕਦਾ ਹਾਂ। ਧੰਨੁ = {DNX = excellent} ਸ੍ਰੇਸ਼ਟ। ਦਰਿ = (ਗੁਰੂ ਦੇ) ਦਰ ਤੇ (ਡਿੱਗਿਆਂ) । ਘਰਿ = ਹਿਰਦੇ ਵਿਚ।4।

ਅਰਥ: ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ! ਤੂੰ ਅਚਰਜ ਹੈਂ ਤੂੰ ਅਚਰਜ ਹੈਂ। (ਤੇਰੇ ਵਰਗਾ ਹੋਰ ਕੋਈ ਨਹੀਂ) ; (ਕਾਮ ਆਦਿਕ ਵਿਕਾਰਾਂ ਤੋਂ ਬਚਣ ਲਈ) ਮੈਨੂੰ ਸਿਰਫ਼ ਤੇਰਾ ਹੀ ਆਸਰਾ ਹੈ। ਮੈਂ ਪਾਪੀ ਹਾਂ, ਸਿਰਫ਼ ਤੂੰ ਹੀ ਪਵਿਤ੍ਰ ਕਰਨ ਦੇ ਸਮਰੱਥ ਹੈਂ।1। ਰਹਾਉ।

(ਮੇਰੇ ਅੰਦਰ) ਕਾਮ (ਪ੍ਰਬਲ) ਹੈ ਕ੍ਰੋਧ (ਪ੍ਰਬਲ) ਹੈ, ਮੇਰਾ ਚਿੱਤ ਮਾਇਆ ਵਿਚ (ਮਗਨ ਰਹਿੰਦਾ) ਹੈ। ਝੂਠ ਬੋਲਣ ਦੇ ਭੈੜ ਵਿਚ ਮੇਰਾ ਹਿਤ ਜਾਗਦਾ ਹੈ ਮੇਰਾ ਚਿੱਤ ਤਤਪਰ ਹੁੰਦਾ ਹੈ। ਮੈਂ ਪਾਪ ਤੇ ਲੋਭ ਦੀ ਰਾਸਿ-ਪੂੰਜੀ ਇਕੱਠੀ ਕੀਤੀ ਹੋਈ ਹੈ। (ਤੇਰੀ ਮਿਹਰ ਨਾਲ ਜੇ ਮੇਰੇ) ਮਨ ਵਿਚ ਤੇਰਾ ਪਵਿਤ੍ਰ ਕਰਨ ਵਾਲਾ ਨਾਮ (ਵੱਸ ਪਏ ਤਾਂ ਇਹ ਮੇਰੇ ਲਈ) ਤੁਲਹਾ ਹੈ ਬੇੜੀ ਹੈ।1।

(ਜੀਵ ਦੇ ਅੰਦਰ ਕਦੇ) ਅੱਗ (ਦਾ ਜ਼ੋਰ ਪੈ ਜਾਂਦਾ) ਹੈ (ਕਦੇ) ਪਾਣੀ (ਪ੍ਰਬਲ ਹੋ ਜਾਂਦਾ) ਹੈ (ਇਸ ਵਾਸਤੇ ਇਹ) ਤੱਤਾ-ਠੰਢਾ ਬੋਲ ਬੋਲਦਾ ਰਹਿੰਦਾ ਹੈ। ਜੀਭ ਆਦਿਕ ਹਰੇਕ ਇੰਦ੍ਰੀ ਨੂੰ ਆਪੋ ਆਪਣਾ ਚਸਕਾ (ਲੱਗਾ ਹੋਇਆ) ਹੈ, ਨਿਗਾਹ ਵਿਕਾਰਾਂ ਵਲ ਰਹਿੰਦੀ ਹੈ, (ਮਨ ਵਿਚ) ਨਾਹ ਡਰ ਹੈ ਨਾਹ ਪ੍ਰੇਮ ਹੈ (ਅਜੇਹੀ ਹਾਲਤ ਵਿਚ ਪ੍ਰਭੂ ਦਾ ਨਾਮ ਕਿਵੇਂ ਮਿਲੇ?) । ਜੀਵ ਆਪਾ-ਭਾਵ ਨੂੰ ਖ਼ਤਮ ਕਰੇ, ਤਾਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਸਕਦਾ ਹੈ।2।

ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦਾ ਹੈ, ਤਾਂ ਇਸ ਨੂੰ ਆਤਮਕ ਮੌਤ ਨਹੀਂ ਹੁੰਦੀ। ਆਪਾ-ਭਾਵ ਦੇ ਖ਼ਤਮ ਹੋਣ ਤੋਂ ਬਿਨਾ ਮਨੁੱਖ ਪੂਰਨ ਨਹੀਂ ਹੋ ਸਕਦਾ (ਉਕਾਈਆਂ ਤੋਂ ਬਚ ਨਹੀਂ ਸਕਦਾ, ਸਗੋਂ) ਮਨ ਮਾਇਆ ਦੇ ਛਲ ਵਿਚ ਦ੍ਵੈਤ ਵਿਚ ਫਸਿਆ ਰਹਿੰਦਾ ਹੈ। (ਜੀਵ ਦੇ ਭੀ ਕੀਹ ਵੱਸ?) ਜਿਸ ਨੂੰ ਪਰਮਾਤਮਾ ਆਪ ਅਡੋਲ-ਚਿੱਤ ਕਰਦਾ ਹੈ ਉਹੀ ਹੁੰਦਾ ਹੈ।3।

ਮੈਂ (ਪ੍ਰਭੂ ਦੇ ਨਾਮ) ਜਹਾਜ਼ ਵਿਚ (ਤਦੋਂ ਹੀ) ਚੜ੍ਹ ਸਕਦਾ ਹਾਂ, ਜਦੋਂ (ਉਸ ਦੀ ਮਿਹਰ ਨਾਲ) ਮੈਨੂੰ ਵਾਰੀ ਮਿਲੇ। ਜੇਹੜੇ ਬੰਦਿਆਂ ਨੂੰ ਨਾਮ-ਜਹਾਜ਼ ਤੇ ਚੜ੍ਹਨਾ ਨਹੀਂ ਮਿਲਦਾ, ਉਹਨਾਂ ਨੂੰ ਪ੍ਰਭੂ ਦੀ ਦਰਗਾਹ ਵਿਚ ਖ਼ੁਆਰੀ ਮਿਲਦੀ ਹੈ (ਧੱਕੇ ਪੈਂਦੇ ਹਨ, ਪ੍ਰਭੂ ਦਾ ਦੀਦਾਰ ਨਸੀਬ ਨਹੀਂ ਹੁੰਦਾ) ।

(ਅਸਲ ਗੱਲ ਇਹ ਹੈ ਕਿ) ਗੁਰੂ ਦਾ ਦਰ ਸਭ ਤੋਂ ਸ੍ਰੇਸ਼ਟ ਹੈ (ਗੁਰੂ ਦੇ ਦਰ ਤੇ ਰਹਿ ਕੇ ਹੀ) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ। ਹੇ ਨਾਨਕ! (ਗੁਰੂ ਦੇ) ਦਰ ਤੇ ਰਿਹਾਂ ਹੀ ਹਿਰਦੇ ਵਿਚ ਪਰਮਾਤਮਾ ਦਾ ਦਰਸਨ ਹੁੰਦਾ ਹੈ।4।7।

ਗਉੜੀ ਮਹਲਾ ੧ ॥ ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥ ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥ ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ॥੧॥ ਰੇ ਮਨ ਮੇਰੇ ਭਰਮੁ ਨ ਕੀਜੈ ॥ ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥ ਜਨਮੁ ਜੀਤਿ ਮਰਣਿ ਮਨੁ ਮਾਨਿਆ ॥ ਆਪਿ ਮੂਆ ਮਨੁ ਮਨ ਤੇ ਜਾਨਿਆ ॥ ਨਜਰਿ ਭਈ ਘਰੁ ਘਰ ਤੇ ਜਾਨਿਆ ॥੨॥ ਜਤੁ ਸਤੁ ਤੀਰਥੁ ਮਜਨੁ ਨਾਮਿ ॥ ਅਧਿਕ ਬਿਥਾਰੁ ਕਰਉ ਕਿਸੁ ਕਾਮਿ ॥ ਨਰ ਨਾਰਾਇਣ ਅੰਤਰਜਾਮਿ ॥੩॥ ਆਨ ਮਨਉ ਤਉ ਪਰ ਘਰ ਜਾਉ ॥ ਕਿਸੁ ਜਾਚਉ ਨਾਹੀ ਕੋ ਥਾਉ ॥ ਨਾਨਕ ਗੁਰਮਤਿ ਸਹਜਿ ਸਮਾਉ ॥੪॥੮॥ {ਪੰਨਾ 153}

ਪਦ ਅਰਥ: ਉਲਟਿਓ = ਪਰਤਿਆ ਹੈ, ਮਾਇਆ ਦੇ ਮੋਹ ਵਲੋਂ ਹਟਿਆ ਹੈ। ਕਮਲੁ = ਹਿਰਦਾ-ਕਮਲ। ਬ੍ਰਹਮੁ ਬੀਚਾਰਿ = ਬ੍ਰਹਮ ਨੂੰ ਵਿਚਾਰ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਚਿੱਤ ਜੋੜਿਆਂ। ਅੰਮ੍ਰਿਤ ਧਾਰ = ਅੰਮ੍ਰਿਤ ਦੀ ਧਾਰ, ਨਾਮ-ਅੰਮ੍ਰਿਤ ਦੀ ਵਰਖਾ। ਗਗਨਿ = ਗਗਨ ਵਿਚ, ਆਕਾਸ਼ ਵਿਚ, ਚਿੱਤ-ਰੂਪ ਆਕਾਸ਼ ਵਿਚ, ਚਿਦਾਕਾਸ਼ ਵਿਚ। ਦਸ ਦੁਆਰਿ = ਦਸਵੇਂ ਦੁਆਰ ਵਿਚ, ਦਿਮਾਗ਼ ਵਿਚ। ਅੰਮ੍ਰਿਤਧਾਰ ਦਸ ਦੁਆਰਿ = ਦਿਮਾਗ਼ ਵਿਚ ਨਾਮ ਦੀ ਵਰਖਾ ਹੁੰਦੀ ਹੈ, ਦਿਮਾਗ਼ ਵਿਚ ਠੰਢ ਪੈਂਦੀ ਹੈ (ਭਾਵ, ਦਿਮਾਗ਼ ਵਿਚ ਪਹਿਲਾਂ ਦੁਨੀਆ ਦੇ ਝੰਮੇਲਿਆਂ ਦੀ ਤੇਜ਼ੀ ਸੀ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਸ਼ਾਂਤੀ ਹੋ ਗਈ) । ਤ੍ਰਿਭਵਣੁ = ਤਿੰਨ ਭਵਨ, ਸਾਰਾ ਸੰਸਾਰ। ਬੇਧਿਆ = ਵਿੰਨ੍ਹ ਲਿਆ, ਵਿਆਪਕ। ਮੁਰਾਰਿ = {ਮੁਰ ਦਾ ਅਰੀ} ਪਰਮਾਤਮਾ।1।

ਭਰਮੁ = ਭਟਕਣਾ, ਮਾਇਆ ਦੀ ਦੌੜ-ਭੱਜ। ਮਨਿ ਮਾਨਿਐ = ਜੇ ਮਨ ਮੰਨ ਜਾਏ, ਜੇ ਮਨ ਨਾਮ-ਰਸ ਵਿਚ ਟਿਕ ਜਾਏ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪੀਜੈ = ਪੀ ਲਈਦਾ ਹੈ।1। ਰਹਾਉ।

ਜੀਤਿ = ਜਿੱਤ ਕੇ। ਜਨਮੁ ਜੀਤਿ = ਜਨਮ ਜਿੱਤ ਕੇ, ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਕੇ। ਮਰਣਿ = ਮਰਨ ਵਿਚ, ਸੁਆਰਥ ਦੀ ਮੌਤ ਵਿਚ। ਮਨੁ ਮਾਨਿਆ = ਮਨ ਪਤੀਜ ਜਾਂਦਾ ਹੈ। ਮਰਣਿ ਮਨੁ ਮਾਨਿਆ = ਆਪਾ-ਭਾਵ ਵਲੋਂ ਮੌਤ ਵਿਚ ਮਨ ਪਤੀਜ ਜਾਂਦਾ ਹੈ, ਮਨ ਨੂੰ ਇਹ ਗੱਲ ਪਸੰਦ ਆ ਜਾਂਦੀ ਹੈ ਕਿ ਖ਼ੁਦਗ਼ਰਜ਼ੀ ਨਾਹ ਰਹੇ। ਆਪਿ = ਆਪਾ-ਭਾਵ ਵਲੋਂ। ਮਨ ਤੇ = ਮਨ ਤੋਂ, ਅੰਦਰੋਂ ਹੀ। ਜਾਨਿਆ = ਸਮਝ ਆ ਜਾਂਦੀ ਹੈ। ਨਜਰਿ = ਪ੍ਰਭੂ ਦੀ ਮਿਹਰ ਦੀ ਨਜ਼ਰ। ਘਰੁ = ਪਰਮਾਤਮਾ ਦਾ ਟਿਕਾਣਾ, ਪ੍ਰਭੂ-ਚਰਨਾਂ ਵਿਚ ਟਿਕਾਓ। ਘਰ ਤੇ = ਘਰ ਤੋਂ, ਹਿਰਦੇ ਵਿਚ ਹੀ।2।

ਜਤੁ = ਇੰਦ੍ਰਿਆਂ ਨੂੰ ਰੋਕਣਾ। ਸਤੁ = ਪਵਿਤ੍ਰ ਆਚਰਨ। ਮਜਨੁ = ਮੱਜਨੁ, ਚੁੱਭੀ, ਇਸ਼ਨਾਨ। ਨਾਮਿ = ਨਾਮ ਵਿਚ। ਅਧਿਕ = ਬਹੁਤਾ। ਕਰਾਉ = ਕਰਾਉਂ, ਮੈਂ ਕਰਾਂ। ਕਿਸੁ ਕਾਮਿ = ਕਿਸ ਕੰਮ ਲਈ? ਕਾਹਦੇ ਲਈ? ਨਰ ਨਾਰਾਇਣੁ = ਪਰਮਾਤਮਾ। ਅੰਤਰਜਾਮਿ = ਦਿਲਾਂ ਦੀ ਜਾਣਨ ਵਾਲਾ।3।

ਆਨ = ਕੋਈ ਹੋਰ (ਆਸਰਾ) । ਮਨਉ = ਜੇ ਮੈਂ ਮੰਨਾਂ। ਪਰ ਘਰਿ = ਦੂਜੇ ਘਰ ਵਿਚ, ਕਿਸੇ ਹੋਰ ਥਾਂ। ਜਾਉ = ਜਾਉਂ, ਮੈਂ ਜਾਵਾਂ। ਜਾਚਉ = ਮੈਂ ਮੰਗਾਂ। ਸਹਜਿ = ਸਹਜ ਵਿਚ, ਅਡੋਲਤਾ ਵਿਚ। ਸਮਾਉ = ਸਮਾਉਂ, ਮੈਂ ਲੀਨ ਹੁੰਦਾ ਹਾਂ।4।

ਅਰਥ: ਹੇ ਮੇਰੇ ਮਨ! (ਮਾਇਆ ਦੀ ਖ਼ਾਤਰ) ਭਟਕਣ ਛੱਡ ਦੇ (ਅਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜ) । (ਹੇ ਭਾਈ!) ਜਦੋਂ ਮਨ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਚੰਗੀ ਲੱਗਣ ਲੱਗ ਪੈਂਦੀ ਹੈ, ਤਦੋਂ ਇਹ ਸਿਫ਼ਤਿ-ਸਾਲਾਹ ਦਾ ਸੁਆਦ ਮਾਣਨ ਲੱਗ ਪੈਂਦਾ ਹੈ।1। ਰਹਾਉ।

ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਚਿੱਤ ਜੋੜਿਆਂ ਹਿਰਦਾ-ਕਮਲ ਮਾਇਆ ਦੇ ਮੋਹ ਵਲੋਂ ਹਟ ਜਾਂਦਾ ਹੈ, ਦਿਮਾਗ਼ ਵਿਚ ਭੀ (ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਨਾਮ-ਅੰਮ੍ਰਿਤ ਦੀ ਵਰਖਾ ਹੁੰਦੀ ਹੈ (ਤੇ ਮਾਇਆ ਵਾਲੇ ਝੰਬੇਲਿਆਂ ਦੀ ਅਸ਼ਾਂਤੀ ਮਿੱਟ ਕੇ ਠੰਢ ਪੈਂਦੀ ਹੈ) । (ਫਿਰ ਦਿਲ ਨੂੰ ਭੀ ਤੇ ਦਿਮਾਗ਼ ਨੂੰ ਭੀ ਇਹ ਯਕੀਨ ਹੋ ਜਾਂਦਾ ਹੈ ਕਿ) ਪ੍ਰਭੂ ਆਪ ਸਾਰੇ ਜਗਤ (ਦੇ ਜ਼ੱਰੇ ਜ਼ੱਰੇ) ਵਿਚ ਮੌਜੂਦ ਹੈ।1।

(ਸਿਫ਼ਤਿ-ਸਾਲਾਹ ਵਿਚ ਜੁੜਿਆਂ) ਜਨਮ-ਮਨੋਰਥ ਪ੍ਰਾਪਤ ਕਰ ਕੇ ਮਨ ਨੂੰ ਸੁਆਰਥ ਦਾ ਮੁੱਕ ਜਾਣਾ ਪਸੰਦ ਆ ਜਾਂਦਾ ਹੈ। ਇਸ ਗੱਲ ਦੀ ਸੂਝ ਮਨ ਅੰਦਰੋਂ ਹੀ ਪੈ ਜਾਂਦੀ ਹੈ ਕਿ ਆਪਾ-ਭਾਵ ਮੁੱਕ ਗਿਆ ਹੈ। ਜਦੋਂ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਹਿਰਦੇ ਵਿਚ ਹੀ ਇਹ ਅਨੁਭਵ ਹੋ ਜਾਂਦਾ ਹੈ ਕਿ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਹੈ।2।

ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ ਜਤ ਸਤ ਤੇ ਤੀਰਥ-ਇਸ਼ਨਾਨ (ਦਾ ਉੱਦਮ) ਹੈ। ਮੈਂ (ਜਤ ਸਤ ਆਦਿਕ ਵਾਲਾ) ਬਹੁਤਾ ਖਿਲਾਰਾ ਖਿਲਾਰਾਂ ਭੀ ਕਿਉਂ? (ਇਹ ਸਾਰੇ ਉੱਦਮ ਤਾਂ ਲੋਕ-ਵਿਖਾਵੇ ਦੇ ਹੀ ਹਨ, ਤੇ) ਪਰਮਾਤਮਾ ਹਰੇਕ ਦੇ ਦਿਲ ਦੀ ਜਾਣਦਾ ਹੈ।3।

(ਮਾਇਆ ਵਾਲੀ ਭਟਕਣਾ ਮੁਕਾਣ ਵਾਸਤੇ ਪ੍ਰਭੂ-ਦਰ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੋਰ ਕੋਈ ਆਸਰਾ ਨਹੀਂ, ਸੋ) ਮੈਂ ਤਦੋਂ ਹੀ ਕਿਸੇ ਹੋਰ ਥਾਂ ਜਾਵਾਂ ਜੇ ਮੈਂ (ਪ੍ਰਭੂ ਤੋਂ ਬਿਨਾ) ਕੋਈ ਹੋਰ ਥਾਂ ਮੰਨ ਹੀ ਲਵਾਂ। ਕੋਈ ਹੋਰ ਥਾਂ ਹੀ ਨਹੀਂ, ਮੈਂ ਕਿਸ ਪਾਸੋਂ ਇਹ ਮੰਗ ਮੰਗਾਂ (ਕਿ ਮੇਰਾ ਮਨ ਭਟਕਣੋਂ ਹਟ ਜਾਏ) ? ਹੇ ਨਾਨਕ! (ਮੈਨੂੰ ਯਕੀਨ ਹੈ ਕਿ ਗੁਰੂ ਦਾ ਉਪਦੇਸ਼ ਹਿਰਦੇ ਵਿਚ ਵਸਾ ਕੇ ਉਸ ਆਤਮਕ ਅਵਸਥਾ ਵਿਚ ਲੀਨ ਰਹਿ ਸਕੀਦਾ ਹੈ (ਜਿਥੇ ਮਾਇਆ ਵਾਲੀ ਭਟਕਣਾ ਦੀ ਅਣਹੋਂਦ ਹੈ) ਜਿਥੇ ਅਡੋਲਤਾ ਹੈ।4।8।

ਗਉੜੀ ਮਹਲਾ ੧ ॥ ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥ ਮਰਣ ਰਹਣ ਰਸੁ ਅੰਤਰਿ ਭਾਏ ॥ ਗਰਬੁ ਨਿਵਾਰਿ ਗਗਨ ਪੁਰੁ ਪਾਏ ॥੧॥ ਮਰਣੁ ਲਿਖਾਇ ਆਏ ਨਹੀ ਰਹਣਾ ॥ ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥੧॥ ਰਹਾਉ ॥ ਸਤਿਗੁਰੁ ਮਿਲੈ ਤ ਦੁਬਿਧਾ ਭਾਗੈ ॥ ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ ॥ ਜੀਵਤੁ ਮਰੈ ਮਹਾ ਰਸੁ ਆਗੈ ॥੨॥ ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ ॥ ਗੁਰ ਕੀ ਪਉੜੀ ਊਚੋ ਊਚਾ ॥ ਕਰਮਿ ਮਿਲੈ ਜਮ ਕਾ ਭਉ ਮੂਚਾ ॥੩॥ ਗੁਰਿ ਮਿਲਿਐ ਮਿਲਿ ਅੰਕਿ ਸਮਾਇਆ ॥ ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥ ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥ {ਪੰਨਾ 153}

ਪਦ ਅਰਥ: ਸੁ ਮਰਣੁ = ਉਹ ਮੌਤ, (ਵਿਕਾਰਾਂ ਵਲੋਂ) ਉਹ ਮੌਤ। ਮਰਣੁ ਦਿਖਾਏ = ਵਿਕਾਰਾਂ ਵਲੋਂ ਮੌਤ ਵਿਖਾ ਦੇਂਦਾ ਹੈ, ਵਿਕਾਰਾਂ ਵਲੋਂ ਮੌਤ ਜ਼ਿੰਦਗੀ ਦੇ ਤਜਰਬੇ ਵਿਚ ਲਿਆ ਦੇਂਦਾ ਹੈ। ਮਰਣੁ ਰਸੁ = (ਜਿਸ) ਮੌਤ ਦਾ ਆਨੰਦ, ਵਿਕਾਰਾਂ ਵਲੋਂ ਜਿਸ ਮੌਤ ਦਾ ਆਨੰਦ। ਅੰਤਰਿ = ਹਿਰਦੇ ਵਿਚ। ਭਾਏ = ਪਿਆਰਾ ਲਗਦਾ ਹੈ। ਗਰਬੁ = ਅਹੰਕਾਰ, (ਧਰਤੀ ਦੇ ਪਦਾਰਥਾਂ ਦਾ) ਅਹੰਕਾਰ। ਗਗਨ ਪੁਰੁ = ਆਕਾਸ਼ ਦਾ ਸ਼ਹਰ, ਉਹ ਸ਼ਹਰ ਜਿੱਥੇ ਸੁਰਤਿ ਆਕਾਸ਼ ਵਿਚ ਚੜ੍ਹੀ ਰਹੇ, ਉਹ ਆਤਮਕ ਅਵਸਥਾ ਜਿਥੇ ਸੁਰਤਿ ਉੱਚੀਆਂ ਆਤਮਕ ਉਡਾਰੀਆਂ ਲਾਂਦੀ ਰਹੇ।1।

ਮਰਣੁ = ਮੌਤ, ਸਰੀਰ ਦੀ ਮੌਤ। ਨਹੀ ਰਹਣਾ = ਸਰੀਰਕ ਤੌਰ ਤੇ ਸਦਾ ਨਹੀਂ ਟਿਕੇ ਰਹਿਣਾ। ਜਪਿ = ਜਪ ਕੇ, ਸਿਮਰ ਕੇ। ਜਾਪਿ = ਜਾਪ ਕੇ, ਜਾਪ ਕਰ ਕੇ। ਰਹਣੁ = ਰਿਹਾਇਸ਼, ਸਦਾ ਦੀ ਰਿਹਾਇਸ਼, ਸਦੀਵੀ ਆਤਮਕ ਜੀਵਨ।1। ਰਹਾਉ।

ਦੁਬਿਧਾ = ਦੁਚਿੱਤਾ-ਪਨ, ਮੇਰ-ਤੇਰ। ਕਮਲੁ = ਹਿਰਦੇ ਦਾ ਕੌਲ ਫੁੱਲ। ਬਿਗਾਸਿ = ਖਿੜ ਕੇ। ਜੀਵਤੁ = ਜੀਊਂਦਾ ਹੀ, ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ। ਮਰੈ = ਮਾਇਆ ਦੇ ਮੋਹ ਵਲੋਂ ਮਰੇ। ਆਗੈ = ਸਾਹਮਣੇ, ਪਰਤੱਖ।2।

ਸਤਿਗੁਰਿ ਮਿਲਿਐ = ਜੇ ਸਤਿਗੁਰੂ ਮਿਲ ਪਏ। ਸਚ ਸੰਜਮਿ = ਸੱਚ ਦੇ ਸੰਜਮ ਵਿਚ (ਰਹਿ ਕੇ) , ਸਿਮਰਨ ਦੀ ਜੁਗਤਿ ਵਿਚ ਰਹਿ ਕੇ। ਸੂਚਾ = ਪਵਿਤ੍ਰ। ਪਉੜੀ = ਸਿਮਰਨ-ਰੂਪ ਪੌੜੀ। ਊਚੋ ਊਚਾ = ਉੱਚਾ ਹੀ ਉੱਚਾ। ਕਰਮਿ = ਪ੍ਰਭੂ ਦੀ ਮਿਹਰ ਨਾਲ। ਮੂਚਾ = ਮੁੱਕ ਜਾਂਦਾ ਹੈ।3।

ਮਿਲਿ = (ਪ੍ਰਭੂ ਦੀ ਯਾਦ ਵਿਚ) ਜੁੜ ਕੇ। ਅੰਕਿ = ਪ੍ਰਭੂ ਦੇ ਅੰਕ ਵਿਚ, ਪ੍ਰਭੂ ਦੇ ਚਰਨਾਂ ਵਿਚ। ਮਹਲੁ = ਪ੍ਰਭੂ ਦਾ ਨਿਵਾਸ-ਥਾਂ, ਉਹ ਅਵਸਥਾ ਜਿਥੇ ਪ੍ਰਭੂ ਦਾ ਮਿਲਾਪ ਹੋ ਜਾਏ। ਮਾਰਿ = ਮਾਰ ਕੇ।4।

ਅਰਥ: (ਹੇ ਭਾਈ! ਸਾਰੇ ਜੀਵ ਸਰੀਰਕ) ਮੌਤ-ਰੂਪ ਹੁਕਮ (ਪ੍ਰਭੂ ਦੀ ਹਜ਼ੂਰੀ ਵਿਚੋਂ) ਲਿਖਾ ਕੇ ਜੰਮਦੇ ਹਨ (ਭਾਵ, ਇਹੀ ਰੱਬੀ ਨਿਯਮ ਹੈ ਕਿ ਜੋ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ) । ਸੋ, ਇਥੇ ਸਰੀਰਕ ਤੌਰ ਤੇ ਕਿਸੇ ਨੇ ਸਦਾ ਨਹੀਂ ਟਿਕੇ ਰਹਿਣਾ। (ਹਾਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ, ਪ੍ਰਭੂ ਦੀ ਸਰਨ ਵਿਚ ਰਹਿ ਕੇ ਸਦੀਵੀ ਆਤਮਕ ਜੀਵਨ ਮਿਲ ਜਾਂਦਾ ਹੈ।1। ਰਹਾਉ।

ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਉਹ ਮੌਤ ਵਿਖਾ ਦੇਂਦਾ ਹੈ (ਵਿਕਾਰਾਂ ਵਲੋਂ ਉਹ ਮੌਤ ਉਸ ਦੇ ਜੀਵਨ-ਤਜਰਬੇ ਵਿਚ ਲਿਆ ਦੇਂਦਾ ਹੈ) ਜਿਸ ਮੌਤ ਦਾ ਆਨੰਦ (ਤੇ ਉਸ ਤੋਂ ਪੈਦਾ ਹੋਏ) ਸਦੀਵੀ ਆਤਮਕ ਜੀਵਨ ਦਾ ਆਨੰਦ ਉਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਪਿਆਰਾ ਲੱਗਣ ਪੈਂਦਾ ਹੈ। ਉਹ ਮਨੁੱਖ (ਸਰੀਰ ਆਦਿਕ ਦਾ) ਅਹੰਕਾਰ ਦੂਰ ਕਰ ਕੇ ਉਹ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਸੁਰਤਿ ਉੱਚੀਆਂ ਉਡਾਰੀਆਂ ਲਾਂਦੀ ਰਹੇ।1।

ਜੇ ਸਤਿਗੁਰੂ ਮਿਲ ਪਏ, ਤਾਂ ਮਨੁੱਖ ਦੀ ਦੁਬਿਧਾ ਦੂਰ ਹੋ ਜਾਂਦੀ ਹੈ, ਹਿਰਦੇ ਦਾ ਕੌਲ-ਫੁੱਲ ਖਿੜ ਕੇ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੀ ਮਾਇਆ ਦੇ ਮੋਹ ਤੋਂ ਉੱਚਾ ਰਹਿੰਦਾ ਹੈ, ਉਸ ਨੂੰ ਪਰਤੱਖ ਤੌਰ ਤੇ ਪਰਮਾਤਮਾ ਦੇ ਸਿਮਰਨ ਦਾ ਮਹਾ ਆਨੰਦ ਅਨੁਭਵ ਹੁੰਦਾ ਹੈ।2।

ਜੇ ਗੁਰੂ ਮਿਲ ਪਏ, ਤਾਂ ਮਨੁੱਖ ਸਿਮਰਨ ਦੀ ਜੁਗਤਿ ਵਿਚ ਰਹਿ ਕੇ ਪਵਿਤ੍ਰ-ਆਤਮਾ ਹੋ ਜਾਂਦਾ ਹੈ। ਗੁਰੂ ਦੀ ਦੱਸੀ ਹੋਈ ਸਿਮਰਨ ਦੀ ਪੌੜੀ ਦਾ ਆਸਰਾ ਲੈ ਕੇ (ਆਤਮਕ ਜੀਵਨ ਵਿਚ) ਉੱਚਾ ਹੀ ਉੱਚਾ ਹੁੰਦਾ ਜਾਂਦਾ ਹੈ। (ਪਰ ਇਹ ਸਿਮਰਨ ਪ੍ਰਭੂ ਦੀ) ਮਿਹਰ ਨਾਲ ਮਿਲਦਾ ਹੈ, (ਜਿਸ ਨੂੰ ਮਿਲਦਾ ਹੈ ਉਸ ਦਾ) ਮੌਤ ਦਾ ਡਰ ਲਹਿ ਜਾਂਦਾ ਹੈ।3।

ਜੇ ਗੁਰੂ ਮਿਲ ਪਏ ਤਾਂ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜ ਕੇ ਪ੍ਰਭੂ ਦੇ ਚਰਨਾਂ ਵਿਚ ਲੀਨ ਹੋਇਆ ਰਹਿੰਦਾ ਹੈ। ਗੁਰੂ ਮਿਹਰ ਕਰ ਕੇ ਉਸ ਨੂੰ ਉਹ ਆਤਮਕ ਅਵਸਥਾ ਵਿਖਾ ਦੇਂਦਾ ਹੈ ਜਿੱਥੇ ਪ੍ਰਭੂ ਦਾ ਮਿਲਾਪ ਹੋਇਆ ਰਹੇ। ਹੇ ਨਾਨਕ! ਉਸ ਮਨੁੱਖ ਦੀ ਹਉਮੈ ਦੂਰ ਕਰ ਕੇ ਗੁਰੂ ਉਸ ਨੂੰ ਪ੍ਰਭੂ ਨਾਲ ਇਕ-ਮਿਕ ਕਰ ਦੇਂਦਾ ਹੈ।4।9।

>TOP OF PAGE

Sri Guru Granth Darpan, by Professor Sahib Singh