ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 156

ਗਉੜੀ ਚੇਤੀ ਮਹਲਾ ੧ ॥ ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥ ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥੧॥ ਮਨ ਏਕੋ ਸਾਹਿਬੁ ਭਾਈ ਰੇ ॥ ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥੧॥ ਰਹਾਉ ॥ ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥ ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥੨॥ ਮਨਮੁਖਿ ਕਰਹਿ ਤੇਤਾ ਦੁਖੁ ਲਾਗੈ ਗੁਰਮੁਖਿ ਮਿਲੈ ਵਡਾਈ ਰੇ ॥ ਜੋ ਤਿਨਿ ਕੀਆ ਸੋਈ ਹੋਆ ਕਿਰਤੁ ਨ ਮੇਟਿਆ ਜਾਈ ਰੇ ॥੩॥ ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥ ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥੪॥੪॥੧੬॥ {ਪੰਨਾ 156}

ਪਦ ਅਰਥ: ਅਉਖਧ = ਦਵਾਈ। ਅਉਖਧ ਮੂਲੁ = ਦਵਾਈਆਂ ਦਾ ਮੂਲ, ਸਭ ਤੋਂ ਵਧੀਆ ਦਵਾਈ। ਮੰਤ੍ਰ ਮੂਲੁ = ਸਭ ਤੋਂ ਵਧੀਆ ਮੰਤ੍ਰ। ਏਕੈ = ਇਕ ਹੀ, ਪਰਮਾਤਮਾ ਦਾ ਨਾਮ ਹੀ। ਦ੍ਰਿੜੁ = ਪੱਕਾ। ਰੇ = ਹੇ ਭਾਈ! ਪਾਪ ਕਰਮ = ਮੰਦੇ ਕੰਮ, ਵਿਕਾਰ।1।

ਭਾਈ ਰੇ = ਹੇ ਭਾਈ! ਮਨ ਸਾਹਿਬੁ = ਮਨ ਦਾ ਖਸਮ, ਮਨ ਨੂੰ ਵਿਕਾਰਾਂ ਵਲੋਂ ਬਚਾ ਕੇ ਰੱਖਣ ਵਾਲਾ ਮਾਲਕ। ਤੀਨਿ ਗੁਣਾ = ਤਿੰਨੇ ਗੁਣ, ਤਿੰਨਾਂ ਗੁਣਾਂ ਵਿਚ ਪਰਵਿਰਤ ਸਰੀਰਕ ਇੰਦ੍ਰੇ। ਸੰਸਾਰਿ ਸਮਾਵਹਿ = ਸੰਸਾਰ ਵਿਚ ਰੁੱਝੇ ਹੋਏ ਹਨ।1। ਰਹਾਉ।

ਤਨਿ = ਤਨ ਵਿਚ। ਪੰਡ = ਮਾਇਆ ਦੀ ਪੰਡ। ਉਚਾਈ = ਚੁੱਕੀ ਹੋਈ ਹੈ। ਲਜੁ = ਉਮਰ ਦੀ ਲੱਜ। ਮੂਸਾ = ਚੂਹਾ, ਜਮ, ਬੀਤ ਰਿਹਾ ਸਮਾ।2।

ਮਨਮੁਖਿ = ਜਿਨ੍ਹਾਂ ਦਾ ਮੁਖ ਆਪਣੇ ਮਨ ਵਲ ਹੈ, ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ। ਤੇਤਾ = ਉਤਨਾ ਹੀ। ਤਿਨਿ = ਉਸ (ਪਰਮਾਤਮਾ) ਨੇ। ਕਿਰਤੁ = ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਸਮੂਹ।3।

ਸੁਭਰ = ਨਕਾ-ਨਕ। ਪੰਕ = ਚਰਨ-ਧੂੜ। ਮੂੜਾ = ਮੂਰਖ।4।

ਅਰਥ: ਹੇ ਭਾਈ! ਜੇ ਤੂੰ ਜਨਮਾਂ ਜਨਮਾਂਤਰਾਂ ਦੇ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਨੂੰ ਕੱਟਣ ਵਾਲੇ ਪਰਮਾਤਮਾ ਦਾ ਨਾਮ ਲੈਂਦਾ ਰਹੇਂ, ਜੇ ਤੂੰ (ਉਸ ਨਾਮ ਦੇ ਸਿਮਰਨ ਵਿਚ) ਆਪਣੇ ਚਿੱਤ ਨੂੰ ਪੱਕਾ ਕਰ ਲਏਂ, ਤਾਂ (ਤੈਨੂੰ ਯਕੀਨ ਆ ਜਾਇਗਾ ਕਿ) ਮਨ ਦੇ ਰੋਗ ਦੂਰ ਕਰਨ ਵਾਲੀ ਸਭ ਤੋਂ ਵਧੀਆ ਦਵਾਈ ਪ੍ਰਭੂ ਦਾ ਨਾਮ ਹੀ ਹੈ, ਮਨ ਨੂੰ ਵੱਸ ਵਿਚ ਕਰਨ ਵਾਲਾ ਸਭ ਤੋਂ ਵਧੀਆ ਮੰਤ੍ਰ ਪਰਮਾਤਮਾ ਦਾ ਨਾਮ ਹੀ ਹੈ।1।

ਹੇ ਭਾਈ! (ਵਿਕਾਰਾਂ ਵਲੋਂ ਬਚਾ ਸਕਣ ਵਾਲਾ) ਮਨ ਦਾ ਰਾਖਾ ਇਕ ਪ੍ਰਭੂ-ਨਾਮ ਹੀ ਹੈ (ਉਸ ਦੇ ਗੁਣ ਪਛਾਣ) , ਪਰ ਜਿਤਨਾ ਚਿਰ ਤੇਰੇ ਤ੍ਰਿਗੁਣੀ ਇੰਦ੍ਰੇ ਸੰਸਾਰ (ਦੇ ਮੋਹ) ਵਿਚ ਰੁੱਝੇ ਹੋਏ ਹਨ, ਉਸ ਅਲੱਖ ਪਰਮਾਤਮਾ ਨੂੰ ਸਮਝਿਆ ਨਹੀਂ ਜਾ ਸਕਦਾ।1। ਰਹਾਉ।

ਹੇ ਭਾਈ! ਅਸਾਂ ਜੀਵਾਂ ਨੇ ਤਾਂ ਮਾਇਆ ਦੀ ਪੰਡ (ਹਰ ਵੇਲੇ ਸਿਰ ਉਤੇ) ਚੁਕੀ ਹੋਈ ਹੈ, ਸਾਨੂੰ ਤਾਂ ਆਪਣੇ ਅੰਦਰ ਮਾਇਆ ਸ਼ੱਕਰ ਖੰਡ ਵਰਗੀ ਮਿੱਠੀ ਲੱਗ ਰਹੀ ਹੈ, (ਸਾਡੇ ਭਾ ਦੀ ਤਾਂ ਮਾਇਆ ਦੇ ਮੋਹ ਦੀ) ਹਨੇਰੀ ਰਾਤ ਪਈ ਹੋਈ ਹੈ, (ਜਿਸ ਵਿਚ ਸਾਨੂੰ ਕੁਝ ਦਿੱਸਦਾ ਹੀ ਨਹੀਂ, ਤੇ (ਉਧਰੋਂ) ਜਮ-ਚੂਹਾ ਸਾਡੀ ਉਮਰ ਦੀ ਲੱਜ ਟੁੱਕਦਾ ਜਾ ਰਿਹਾ ਹੈ (ਉਮਰ ਘਟਦੀ ਜਾ ਰਹੀ ਹੈ) ।2।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਜਿਤਨਾ ਭੀ ਉੱਦਮ ਕਰਦੇ ਹਨ, ਉਤਨਾ ਹੀ ਦੁੱਖ ਵਾਪਰਦਾ ਹੈ। (ਲੋਕ ਪਰਲੋਕ ਵਿਚ) ਸੋਭਾ ਉਹਨਾਂ ਨੂੰ ਮਿਲਦੀ ਹੈ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ। ਜੋ (ਨਿਯਮ) ਉਸ ਪਰਮਾਤਮਾ ਨੇ ਬਣਾ ਦਿੱਤਾ ਹੈ ਉਹੀ ਵਰਤਦਾ ਹੈ (ਉਸ ਨਿਯਮ ਅਨੁਸਾਰ) ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ (ਜੋ ਸਾਡੇ ਮਨ ਵਿਚ ਟਿਕਿਆ ਪਿਆ ਹੈ, ਆਪਣੇ ਹੀ ਮਨ ਦੇ ਪਿੱਛੇ ਤੁਰਿਆਂ) ਮਿਟਾਇਆ ਨਹੀਂ ਜਾ ਸਕਦਾ।3।

ਨਾਨਕ (ਆਖਦਾ ਹੈ) ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਪ੍ਰੀਤ ਜੋੜ ਕੇ ਉਸ ਦੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਮਨ ਪ੍ਰੇਮ-ਰਸ ਨਾਲ ਸਦਾ ਨਕਾ-ਨਕ ਭਰੇ ਰਹਿੰਦੇ ਹਨ, ਉਹ (ਪ੍ਰੇਮ ਤੋਂ) ਖ਼ਾਲੀ ਨਹੀਂ ਹੁੰਦੇ। ਜੇ (ਸਾਡਾ) ਮੂਰਖ (ਮਨ) ਉਹਨਾਂ ਦੇ ਚਰਨਾਂ ਦੀ ਧੂੜ ਬਣੇ, ਤਾਂ ਇਸ ਨੂੰ ਭੀ ਕੁਝ ਪ੍ਰਾਪਤੀ ਹੋ ਜਾਏ।4। 4।16।

ਗਉੜੀ ਚੇਤੀ ਮਹਲਾ ੧ ॥ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥ ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥ ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥ ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥ ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥ {ਪੰਨਾ 156}

ਪਦ ਅਰਥ: ਕਤ ਕੀ = ਕਦੋਂ ਦੀ? ਕੇਰਾ = ਦਾ। ਕਤ ਕੇਰਾ = ਕਦੋਂ ਦਾ। ? ਕਿਦੂ = ਕਿਸ ਤੋਂ? ਕਿਦੂ ਥਾਵਹੁ = ਕਿਸ ਥਾਂ ਤੋਂ? ਬਿੰਬ = ਮੰਡਲ {ibMb = a jar}। ਅਗਨਿ ਬਿੰਬ = ਮਾਂ ਦੇ ਪੇਟ ਦੀ ਅੱਗ, ਜਠਰਾਗਨੀ। ਜਲ = ਪਿਤਾ ਦਾ ਬੀਰਜ। ਨਿਪਜੇ = ਨਿੰਮੇ, ਮਾਂ ਦੇ ਪੇਟ ਵਿਚ ਟਿਕਾਏ ਗਏ। ਕਾਹੇ ਕੰਮਿ = ਕਿਸ ਵਾਸਤੇ?।1।

ਜਾਣੈ = ਡੂੰਘੀ ਸਾਂਝ ਪਾ ਸਕਦਾ ਹੈ। ਕਹੇ ਨ ਜਾਨੀ = ਕਹੇ ਨ ਜਾਨਿ, ਗਿਣੇ ਨਹੀਂ ਜਾਂਦੇ।1। ਰਹਾਉ।

ਚੀਨੇ = ਵੇਖੇ। ਨਾਗ = ਸੱਪ। ਪੰਖ = ਪੰਛੀ।2।

ਪਟਣ = ਸ਼ਹਰ। ਬਿਜ = ਪੱਕੇ। ਮੰਦਰ = ਘਰ।3।

ਨਵ ਖੰਡ = ਨੌ ਖੰਡਾਂ ਵਾਲੀ ਸਾਰੀ ਧਰਤੀ। ਘਟ ਹੀ ਮਹਿ = ਆਪਣੇ ਅੰਦਰ ਹੀ।4।

ਸਾਗਰੁ = ਸਮੁੰਦਰ। ਨੀਰਿ = ਨੀਰ ਨਾਲ, ਪਾਣੀ ਨਾਲ। ਤੇਤੇ = ਉਤਨੇ, ਬੇਅੰਤ।5।

ਵਗੈ = ਚੱਲ ਰਹੀ ਹੈ। ਕਾਤੀ = ਛੁਰੀ, ਤ੍ਰਿਸ਼ਨਾ ਦੀ ਛੁਰੀ।6।

ਅਰਥ: ਹੇ ਮੇਰੇ ਮਾਲਕ ਪ੍ਰਭੂ! ਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ। (ਤੇ, ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ, ਉਹ ਐਸਾ) ਕੋਈ ਭੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ (ਜੋ ਤੇਰੀ ਸਿਫ਼ਤਿ-ਸਾਲਾਹ ਵਿਚ ਜੁੜ ਸਕੇ) ।1। ਰਹਾਉ।

(ਹੇ ਮੇਰੇ ਸਾਹਿਬ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ, ਅਸੀਂ ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀਂ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ? (ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀਂ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ।1।

(ਅਣਗਿਣਤ ਔਗੁਣਾਂ ਦੇ ਕਾਰਨ) ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ-ਜੂਨਾਂ ਵਿਚ ਅਸੀਂ ਜੰਮੇ, ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿਚ ਪੈਦਾ ਹੋਏ, ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਉਡਦੇ ਰਹੇ।2।

(ਜਨਮ ਜਨਮਾਂਤਰਾਂ ਵਿਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ) , ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ, (ਚੋਰੀ ਦਾ ਮਾਲ ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ!) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ।3।

(ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀਂ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ ਭੀ ਖ਼ਲਾਸੀ ਨਹੀਂ ਕਰਦੇ) । (ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿਚ ਹੀ ਵੱਸਦਾ ਹੈਂ।4।

(ਹੇ ਮੇਰੇ ਸਾਹਿਬ!) ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਔਗੁਣ ਹਨ। (ਅਸੀਂ ਇਹਨਾਂ ਨੂੰ ਧੋ ਸਕਣ ਤੋਂ ਅਸਮਰਥ ਹਾਂ) , ਤੂੰ ਆਪ ਹੀ ਦਇਆ ਕਰ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ।5।

(ਹੇ ਮੇਰੇ ਸਾਹਿਬ!) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ। ਨਾਨਕ ਬੇਨਤੀ ਕਰਦਾ ਹੈ– ਜੋ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ (ਹਰ ਵੇਲੇ ਹੀ) ਆਤਮਕ ਆਨੰਦ ਬਣਿਆ ਰਹਿੰਦਾ ਹੈ।6।5।17।

ਗਉੜੀ ਬੈਰਾਗਣਿ ਮਹਲਾ ੧ ॥ ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥ ਨਾਮੁ ਨ ਜਾਨਿਆ ਰਾਮ ਕਾ ॥ ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥ ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥ ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥੨॥ ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥ ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥੩॥ ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ ॥ ਹੁਕਮੁ ਨ ਜਾਪੀ ਖਸਮ ਕਾ ਕਿਸੈ ਵਡਾਈ ਦੇਇ ॥੪॥੧॥੧੮॥ {ਪੰਨਾ 156}

ਨੋਟ: ਇਸ ਸ਼ਬਦ ਦੇ ਅਖ਼ਰੀਲੇ ਅੰਕ ਵੇਖੋ। ਅੰਕ 4 ਦੱਸਦਾ ਹੈ ਕਿ ਇਸ ਸ਼ਬਦ ਦੇ 4 ਬੰਦ ਹਨ। ਅੰਕ 18 ਦੱਸਦਾ ਹੈ ਕਿ ਗਉੜੀ ਰਾਗਣੀ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ 18ਵਾਂ ਸ਼ਬਦ ਹੈ। ਇਸ ਤੋਂ ਪਹਿਲਾਂ "ਗਉੜੀ ਚੇਤੀ" ਵਿਚ 5 ਸ਼ਬਦ ਆ ਚੁਕੇ ਹਨ। ਹੁਣ ਇਹ "ਗਉੜੀ ਬੈਰਾਗਣਿ" ਦਾ ਪਹਿਲਾ ਸ਼ਬਦ ਹੈ।

ਪਦ ਅਰਥ: ਰੈਣਿ = ਰਾਤ। ਦਿਵਸੁ = ਦਿਨ। ਖਾਇ = ਖਾ ਕੇ। ਬਦਲੇ = ਵੱਟੇ, ਭਾ।1।

ਨਾਮੁ ਨ ਜਾਨਿਆ = ਨਾਮ ਦੀ ਕਦਰ ਨ ਪਾਈ, ਨਾਮ ਨਾਲ ਡੂੰਘੀ ਸਾਂਝ ਨ ਪਾਈ। ਰੇ ਮੂੜੇ = ਹੇ ਮੂਰਖ!।1। ਰਹਾਉ।

ਅਨਤਾ ਧਨੁ = ਬੇਅੰਤ ਧਨ। ਧਰਣੀ ਧਰੇ = ਧਰਤੀ ਵਿਚ ਰੱਖਦਾ ਹੈ, ਇਕੱਠਾ ਕਰਦਾ ਹੈ। ਅਨਤ = ਅਨੰਤ ਪ੍ਰਭੂ। ਅਨਤ ਨ ਚਾਹਿਆ ਜਾਇ = ਅਨੰਤ ਪ੍ਰਭੂ ਦੇ ਸਿਮਰਨ ਦੀ ਤਾਂਘ ਨਹੀਂ ਉਪਜਦੀ। ਅਨਤ ਕਉ = ਬੇਅੰਤ ਧਨ ਨੂੰ। ਅਨਤ ਗਵਾਇ = ਪਰਮਾਤਮਾ ਦੀ ਯਾਦ ਗਵਾ ਕੇ।2।

ਆਪਣ ਲੀਆ = ਨਿਰੀ ਲੋਚਨਾ ਨਾਲ, ਨਿਰੀ ਇੱਛਾ ਕੀਤਿਆਂ। ਜੇ ਮਿਲੈ = ਜੇ (ਨਾਮ ਧਨ) ਮਿਲ ਸਕੇ। ਸਭੁ ਕੋ = ਹਰੇਕ ਜੀਵ। ਭਾਗਠੁ = ਧਨਾਢ, ਨਾਮ ਖ਼ਜ਼ਾਨੇ ਦਾ ਮਾਲਕ। ਕਰਮ = ਅਮਲ, ਆਚਰਨ। ਨਿਬੜੈ = ਫ਼ੈਸਲਾ ਹੁੰਦਾ ਹੈ। ਜੇ = ਭਾਵੇਂ, ਜੀਕਰ। ਲੋਚੈ = ਤਾਂਘ ਕਰੇ।3।

ਕਰਣਾ = ਜਗਤ। ਜਿਨਿ = ਜਿਸ (ਪਰਮਾਤਮਾ) ਨੇ। ਸਾਰ = ਸੰਭਾਲ। ਕਰੇਇ = ਕਰਦਾ ਹੈ। ਨ ਜਾਪੀ = ਸਮਝ ਵਿਚ ਨਹੀਂ ਆ ਸਕਦਾ। ਦੇਇ = ਦੇਂਦਾ ਹੈ।4।

ਅਰਥ: ਹੇ ਮੂਰਖ! ਤੂੰ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਨਹੀਂ ਪਾਈ, (ਇਹ ਮਨੁੱਖਾ ਜੀਵਨ ਹੀ ਸਿਮਰਨ ਦਾ ਸਮਾ ਹੈ, ਜਦੋਂ ਇਹ ਉਮਰ ਸਿਮਰਨ ਤੋਂ ਬਿਨਾ ਹੀ ਲੰਘ ਗਈ, ਤਾਂ) ਮੁੜ ਸਮਾ ਬੀਤ ਜਾਣ ਤੇ ਅਫ਼ਸੋਸ ਕਰੇਂਗਾ।1। ਰਹਾਉ।

(ਹੇ ਮੂਰਖ!) ਤੂੰ ਰਾਤ ਸੌਂ ਕੇ ਗੁਜ਼ਾਰਦਾ ਜਾ ਰਿਹਾ ਹੈਂ ਤੇ ਦਿਨ ਖਾ ਖਾ ਕੇ ਵਿਅਰਥ ਬਿਤਾਂਦਾ ਜਾਂਦਾ ਹੈਂ, ਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ, ਪਰ (ਸਿਮਰਨ-ਹੀਨ ਹੋਣ ਕਰਕੇ) ਕੌਡੀ ਦੇ ਭਾ ਜਾ ਰਿਹਾ ਹੈ।1।

ਜੋ ਮਨੁੱਖ (ਨਿਰਾ) ਬੇਅੰਤ ਧਨ ਹੀ ਇਕੱਠਾ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਬੇਅੰਤ ਪ੍ਰਭੂ ਨੂੰ ਸਿਮਰਨ ਦੀ ਤਾਂਘ ਪੈਦਾ ਨਹੀਂ ਹੋ ਸਕਦੀ। ਜੋ ਜੋ ਭੀ ਬੇਅੰਤ ਦੌਲਤ ਦੀ ਲਾਲਸਾ ਵਿਚ ਦੌੜੇ ਫਿਰਦੇ ਹਨ, ਉਹ ਬੇਅੰਤ ਪ੍ਰਭੂ ਦੇ ਨਾਮ-ਧਨ ਨੂੰ ਗਵਾ ਲੈਂਦੇ ਹਨ।2।

(ਪਰ) ਜੇ ਨਿਰੀ ਇੱਛਾ ਕੀਤਿਆਂ ਹੀ ਨਾਮ-ਧਨ ਮਿਲ ਸਕਦਾ ਹੋਵੇ, ਤਾਂ ਹਰੇਕ ਜੀਵ ਨਾਮ-ਧਨ ਦੇ ਖ਼ਜ਼ਾਨਿਆਂ ਦਾ ਮਾਲਕ ਬਣ ਜਾਏ। ਭਾਵੇਂ ਜੀਕਰ ਹਰੇਕ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਨਾਮ-ਧਨ ਦੀ ਲਾਲਸਾ ਕਰੇ, ਪਰ ਇਹ ਹਰੇਕ ਦੇ ਅਮਲਾਂ ਉੱਤੇ ਹੀ ਫ਼ੈਸਲਾ ਹੁੰਦਾ ਹੈ (ਕਿ ਕਿਸ ਨੂੰ ਪ੍ਰਾਪਤੀ ਹੋਵੇਗੀ। ਸੋ, ਨਿਰਾ ਦੁਨੀਆ ਦੀ ਖ਼ਾਤਰ ਨਾਹ ਭਟਕੋ) ।3।

ਹੇ ਨਾਨਕ! (ਉੱਦਮ ਕਰਦਿਆਂ ਭੀ ਹੱਕ ਨਹੀਂ ਸਮਝਿਆ ਜਾ ਸਕਦਾ। ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸ ਨੂੰ ਮਿਲੇਗਾ। ਉੱਦਮ ਦਾ ਮਾਣ ਹੀ ਸਾਰੇ ਉੱਦਮ ਨੂੰ ਵਿਅਰਥ ਕਰ ਦੇਂਦਾ ਹੈ) ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਉਹ ਹਰੇਕ ਜੀਵ ਦੀ ਸੰਭਾਲ ਕਰਦਾ ਹੈ (ਉੱਦਮ ਦੇ ਫਲ ਬਾਰੇ) ਉਸ ਖਸਮ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ, (ਇਹ ਪਤਾ ਨਹੀਂ ਲੱਗ ਸਕਦਾ) ਕਿ ਕਿਸ ਮਨੁੱਖ ਨੂੰ ਉਹ (ਨਾਮ ਜਪਣ ਦੀ) ਵਡਿਆਈ ਦੇ ਦੇਂਦਾ ਹੈ (ਅਸੀਂ ਜੀਵ ਕਿਸੇ ਮਨੁੱਖ ਦੇ ਦਿੱਸਦੇ ਉੱਦਮ ਤੇ ਗ਼ਲਤੀ ਖਾ ਸਕਦੇ ਹਾਂ। ਉੱਦਮ ਕਰਦੇ ਹੋਏ ਭੀ ਪ੍ਰਭੂ ਪਾਸੋਂ ਮਿਹਰ ਦੀ ਦਾਤਿ ਮੰਗਦੇ ਰਹੋ) ।4।1।18।

TOP OF PAGE

Sri Guru Granth Darpan, by Professor Sahib Singh