ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 490

ਰਾਗੁ ਗੂਜਰੀ ਮਹਲਾ ੩ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਧ੍ਰਿਗੁ ਇਵੇਹਾ ਜੀਵਣਾ ਜਿਤੁ ਹਰਿ ਪ੍ਰੀਤਿ ਨ ਪਾਇ ॥ ਜਿਤੁ ਕੰਮਿ ਹਰਿ ਵੀਸਰੈ ਦੂਜੈ ਲਗੈ ਜਾਇ ॥੧॥ ਐਸਾ ਸਤਿਗੁਰੁ ਸੇਵੀਐ ਮਨਾ ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ ਅਵਰ ਵਿਸਰਿ ਸਭ ਜਾਇ ॥ ਹਰਿ ਸੇਤੀ ਚਿਤੁ ਗਹਿ ਰਹੈ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਇ ॥੧॥ ਰਹਾਉ ॥ ਗੋਬਿੰਦ ਪ੍ਰੀਤਿ ਸਿਉ ਇਕੁ ਸਹਜੁ ਉਪਜਿਆ ਵੇਖੁ ਜੈਸੀ ਭਗਤਿ ਬਨੀ ॥ ਆਪ ਸੇਤੀ ਆਪੁ ਖਾਇਆ ਤਾ ਮਨੁ ਨਿਰਮਲੁ ਹੋਆ ਜੋਤੀ ਜੋਤਿ ਸਮਈ ॥੨॥ ਬਿਨੁ ਭਾਗਾ ਐਸਾ ਸਤਿਗੁਰੁ ਨ ਪਾਈਐ ਜੇ ਲੋਚੈ ਸਭੁ ਕੋਇ ॥ ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ ਹੋਇ ॥੩॥ ਨਾਨਕ ਐਸੇ ਸਤਿਗੁਰ ਕੀ ਕਿਆ ਓਹੁ ਸੇਵਕੁ ਸੇਵਾ ਕਰੇ ਗੁਰ ਆਗੈ ਜੀਉ ਧਰੇਇ ॥ ਸਤਿਗੁਰ ਕਾ ਭਾਣਾ ਚਿਤਿ ਕਰੇ ਸਤਿਗੁਰੁ ਆਪੇ ਕ੍ਰਿਪਾ ਕਰੇਇ ॥੪॥੧॥੩॥ {ਪੰਨਾ 490}

ਪਦ ਅਰਥ: ਧ੍ਰਿਗੁ = ਫਿਟਕਾਰ-ਜੋਗ। ਜਿਤੁ = ਜਿਸ (ਜੀਊਣ) ਵਿਚ। ਜਿਤੁ ਕੰਮਿ = ਜਿਸ ਕੰਮ ਵਿਚ। ਦੂਜੈ = ਮਾਇਆ (ਦੇ ਮੋਹ) ਵਿਚ।1।

ਮਨਾ = ਹੇ ਮਨ! ਜਿਤੁ ਸੇਵਿਐ = ਜਿਸ ਦੀ ਸੇਵਾ ਕੀਤਿਆਂ। ਅਵਰ = ਹੋਰ ਦੀ (ਪ੍ਰੀਤਿ)। ਸੇਤੀ = ਨਾਲ। ਗਹਿ ਰਹੈ– ਜੁੜਿਆ ਰਹੇ। ਜਰਾ = ਬੁਢੇਪਾ। ਪਦਵੀ = ਦਰਜਾ।1। ਰਹਾਉ।

ਸਿਉ = ਨਾਲ। ਸਹਜੁ = ਆਤਮਕ ਅਡੋਲਤਾ। ਜੈਸੀ = ਅਸਚਰਜ ਜਿਹੀ। ਸੇਤੀ = ਨਾਲ। ਆਪ ਸੇਤੀ = ਮਨ ਦੀ ਰਾਹੀਂ। ਆਪੁ = ਆਪਾ-ਭਾਵ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਸੁਰਤਿ। ਸਮਈ = ਸਮਾਈ, ਲੀਨ ਹੋ ਗਈ।2।

ਸਭੁ ਕੋਇ = ਹਰੇਕ ਜੀਵ। ਕੂੜ = ਝੂਠ, ਮਾਇਆ ਦਾ ਮੋਹ। ਪਾਲਿ = ਕੰਧ।3।

ਜੀਉ = ਜਿੰਦ, ਆਪਣਾ ਆਪ। ਧਰੇਇ = ਧਰ ਦੇਂਦਾ ਹੈ। ਚਿਤਿ = ਚਿੱਤ ਵਿਚ।4।

ਅਰਥ: ਹੇ ਮੇਰੇ ਮਨ! ਇਹੋ ਜਿਹੇ ਗੁਰੂ ਦੀ ਸਰਨ ਪੈਣਾ ਚਾਹੀਦਾ ਹੈ ਜਿਸ ਦੀ ਸਰਨ ਪਿਆਂ ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਏ, ਅਤੇ ਹੋਰ (ਮਾਇਆ ਆਦਿਕ) ਦਾ ਪਿਆਰ ਸਾਰਾ ਭੁਲ ਜਾਏ, (ਜਿਸ ਦੀ ਸਰਨ ਪਿਆਂ) ਪਰਮਾਤਮਾ ਨਾਲ ਚਿੱਤ ਸਦਾ ਜੁੜਿਆ ਰਹੇ, ਅਤੇ ਇਹੋ ਜਿਹਾ ਆਤਮਕ ਜੀਵਨ ਦਾ ਦਰਜਾ ਮਿਲ ਜਾਏ ਜਿਸ ਨੂੰ ਕਦੇ ਬੁਢੇਪੇ ਦਾ ਡਰ ਨਾਹ ਹੋ ਸਕੇ (ਜੋ ਆਤਮਕ ਦਰਜਾ ਕਦੇ ਕਮਜ਼ੋਰ ਨਾਹ ਹੋ ਸਕੇ)।1। ਰਹਾਉ।

(ਹੇ ਮੇਰੇ ਮਨ!) ਇਹੋ ਜਿਹਾ ਜੀਵਨ ਫਿਟਕਾਰ-ਜੋਗ ਹੈ ਜਿਸ ਜੀਊਣ ਵਿਚ ਪਰਮਾਤਮਾ ਨਾਲ ਪਿਆਰ ਨਾਹ ਬਣੇ, (ਐਸਾ ਭੀ ਕੰਮ ਫਿਟਕਾਰ-ਜੋਗ ਹੈ) ਜਿਸ ਕੰਮ ਵਿਚ ਲੱਗਿਆਂ ਪਰਮਾਤਮਾ ਭੁੱਲ ਜਾਏ, ਅਤੇ ਮਨੁੱਖ ਮਾਇਆ ਦੇ ਮੋਹ ਵਿਚ ਜਾ ਫਸੇ।1।

ਹੇ ਭਾਈ! ਪਰਮਾਤਮਾ ਨਾਲ ਪਿਆਰ ਪਾਇਆਂ (ਮਨੁੱਖ ਦੇ ਅੰਦਰ) ਇਕ (ਅਚਰਜ) ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਹੈਰਾਨ ਕਰਨ ਵਾਲੀ ਭਗਤੀ (ਦਾ ਰੰਗ) ਬਣਦਾ ਹੈ। ਅੰਦਰੇ ਅੰਦਰ ਹੀ (ਮਨੁੱਖ ਦੇ ਅੰਦਰੋਂ) ਆਪਾ-ਭਾਵ (ਅਹੰਕਾਰ) ਮੁੱਕ ਜਾਂਦਾ ਹੈ, (ਜਦੋਂ ਆਪਾ-ਭਾਵ ਮੁੱਕਦਾ ਹੈ) ਤਦੋਂ ਮਨ ਪਵਿਤ੍ਰ ਹੋ ਜਾਂਦਾ ਹੈ, ਤਦੋ ਮਨੁੱਖ ਦੀ ਸੁਰਤਿ ਰੱਬੀ ਨੂਰ ਵਿਚ ਲੀਨ ਰਹਿੰਦੀ ਹੈ।2।

(ਪਰ, ਹੇ ਭਾਈ!) ਚਾਹੇ ਹਰੇਕ ਮਨੁੱਖ ਪਿਆ ਤਾਂਘ ਕਰੇ, ਕਿਸਮਤ ਤੋਂ ਬਿਨਾ ਅਜੇਹਾ ਗੁਰੂ ਨਹੀਂ ਮਿਲਦਾ (ਜਿਸ ਦੇ ਮਿਲਿਆਂ ਮਨੁੱਖ ਦੇ) ਅੰਦਰੋਂ ਮਾਇਆ ਦੇ ਮੋਹ ਵਾਲੀ ਕੰਧ ਦੂਰ ਹੋ ਜਾਏ। (ਜਦੋਂ ਇਹ ਕੰਧ ਨਿਕਲ ਜਾਂਦੀ ਹੈ ਤੇ ਹਰੀ ਨਾਲ ਮਿਲਾਪ ਹੋ ਜਾਂਦਾ ਹੈ) ਤਦੋਂ ਮਨੁੱਖ ਨੂੰ ਸਦਾ ਲਈ ਆਨੰਦ ਪ੍ਰਾਪਤ ਹੋ ਜਾਂਦਾ ਹੈ।3।

ਹੇ ਨਾਨਕ! (ਜਿਸ ਸੇਵਕ ਨੂੰ ਇਹੋ ਜਿਹਾ ਗੁਰੂ ਮਿਲ ਪੈਂਦਾ ਹੈ) ਉਹ ਸੇਵਕ ਅਜੇਹੇ ਗੁਰੂ ਦੀ ਕੀਹ ਸੇਵਾ ਕਰਦਾ ਹੈ? (ਬੱਸ, ਇਹੀ ਸੇਵਾ ਕਰਦਾ ਹੈ ਕਿ) ਗੁਰੂ ਦੇ ਅੱਗੇ ਆਪਣੀ ਜਿੰਦ ਭੇਟਾ ਕਰ ਦੇਂਦਾ ਹੈ (ਭਾਵ, ਉਹ ਸੇਵਕ) ਗੁਰੂ ਦੀ ਮਰਜ਼ੀ ਨੂੰ ਆਪਣੇ ਚਿੱਤ ਵਿਚ ਟਿਕਾ ਲੈਂਦਾ ਹੈ (ਗੁਰੂ ਦੇ ਹੁਕਮ ਵਿਚ ਤੁਰਦਾ ਹੈ। ਪਰ ਭਾਣਾ ਮੰਨਾਣਾ ਭੀ ਕੋਈ ਸੌਖੀ ਖੇਡ ਨਹੀਂ, ਜਿਸ ਮਨੁੱਖ ਉਤੇ) ਗੁਰੂ ਆਪ ਹੀ ਕਿਰਪਾ ਕਰਦਾ ਹੈ (ਉਹ ਮਨੁੱਖ ਗੁਰੂ ਦੇ ਹੁਕਮ ਨੂੰ ਸਦਾ ਮੰਨਦਾ ਹੈ)।4।1।3।

ਗੂਜਰੀ ਮਹਲਾ ੩ ॥ ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥ ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥ ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ ॥ ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥੧॥ ਰਹਾਉ ॥ ਹਰਿ ਮੇਰਾ ਸਿਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪੁ ਹਰਿ ਮੇਰਾ ਭਾਈ ॥ ਹਰਿ ਕੀ ਮੈ ਭੂਖ ਲਾਗੈ ਹਰਿ ਨਾਮਿ ਮੇਰਾ ਮਨੁ ਤ੍ਰਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ ॥੨॥ ਹਰਿ ਬਿਨੁ ਹੋਰ ਰਾਸਿ ਕੂੜੀ ਹੈ ਚਲਦਿਆ ਨਾਲਿ ਨ ਜਾਈ ॥ ਹਰਿ ਮੇਰਾ ਧਨੁ ਮੇਰੈ ਸਾਥਿ ਚਾਲੈ ਜਹਾ ਹਉ ਜਾਉ ਤਹ ਜਾਈ ॥੩॥ ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ॥ ਕਹੈ ਨਾਨਕੁ ਹਰਿ ਕਾ ਭਾਣਾ ਹੋਆ ਕਹਣਾ ਕਛੂ ਨ ਜਾਈ ॥੪॥੨॥੪॥ {ਪੰਨਾ 490}

ਪਦ ਅਰਥ: ਜੀ = ਹੇ ਭਾਈ! ਤੇ = ਤੋਂ, ਨਾਲ। ਮਨਹੁ ਚਿੰਦਿਆ = ਮਨ ਤੋਂ ਚਿਤਵਿਆ ਹੋਇਆ। ਬਿਰਥਾ = ਵਿਅਰਥ।1।

ਰੀਤਿ = ਜੀਵਨ-ਜੁਗਤਿ। ਕਥਾ ਕਹਾਨੀ = ਮਨ ਪਰਚਾਵੇ ਦੀਆਂ ਗੱਲਾਂ। ਪ੍ਰਸਾਦਿ = ਕਿਰਪਾ ਨਾਲ। ਭੀਜੈ = ਭਿੱਜ ਜਾਏ, ਗਿੱਝ ਜਾਏ। ਬਨੀ = ਫੱਬੀ।1। ਰਹਾਉ।

ਬੰਧਪੁ = ਰਿਸ਼ਤੇਦਾਰ। ਭਾਈ = ਭਰਾ। ਨਾਮਿ = ਨਾਮ ਨਾਲ। ਤ੍ਰਿਪਤੈ = ਰੱਜਦਾ ਹੈ। ਸਖਾਈ = ਸਾਥੀ।2।

ਰਾਸਿ = ਸਰਮਾਇਆ। ਕੂੜੀ = ਨਾਸਵੰਤ। ਹਉ = ਮੈਂ। ਜਾਉ = ਜਾਉਂ, ਮੈਂ ਜਾਂਦਾ ਹਾਂ।3।

ਝੂਠੇ = ਨਾਸਵੰਤ ਪਦਾਰਥਾਂ ਵਿਚ। ਲਾਗੈ = ਪਿਆਰ ਪਾਂਦਾ ਹੈ। ਕਮਾਈ = ਕਮਾਂਦਾ ਹੈ। ਭਾਣਾ = ਰਜ਼ਾ।4।

ਅਰਥ: ਹੇ ਭਾਈ! ਪਰਮਾਤਮਾ ਨਾਲ ਪਿਆਰ ਮੇਰੀ ਜੀਵਨ-ਜੁਗਤਿ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਵਾਸਤੇ ਮਨ-ਪਰਚਾਵੇ ਦੀਆਂ ਗੱਲਾਂ ਹਨ। ਬੱਸ! ਮੈਨੂੰ ਇਹੀ ਸੇਵਾ-ਭਗਤੀ ਚੰਗੀ ਲੱਗਦੀ ਹੈ ਕਿ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਪਰਮਾਤਮਾ ਦੀ ਯਾਦ ਵਿਚ ਗਿੱਝ ਜਾਏ।1। ਰਹਾਉ।

ਹੇ ਭਾਈ! ਸਿਰਫ਼ ਪਰਮਾਤਮਾ ਦੀ ਸੇਵਾ-ਭਗਤੀ ਕਰੋ ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਸੇਵਾ-ਪੂਜਾ ਨਾਹ ਕਰੋ। ਪਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਮਨ-ਇੱਛਤ ਫਲ ਪਾ ਲਈਦਾ ਹੈ, ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਪੂਜਾ ਨਾਲ ਆਪਣੀ ਜ਼ਿੰਦਗੀ ਹੀ ਵਿਅਰਥ ਚਲੀ ਜਾਂਦੀ ਹੈ।1।

ਹੇ ਭਾਈ! ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਸਿਮ੍ਰਿਤੀਆਂ ਦੀ ਮਰਯਾਦਾ ਹੈ ਤੇ ਸ਼ਾਸਤ੍ਰਾਂ ਦੀ ਵਿਚਾਰ ਹੈ, ਪਰਮਾਤਮਾ ਹੀ ਮੇਰਾ ਰਿਸ਼ਤੇਦਾਰ ਹੈ, ਪਰਮਾਤਮਾ ਹੀ ਮੇਰਾ ਭਰਾ-ਭਾਈ ਹੈ। ਪਰਮਾਤਮਾ ਦੇ ਸਿਮਰਨ ਦੀ ਮੈਨੂੰ ਭੁੱਖ ਲੱਗਦੀ ਹੈ (ਮੇਰੀ ਆਤਮਕ ਜ਼ਿੰਦਗੀ ਦੇ ਕਾਇਮ ਰਹਿਣ ਵਾਸਤੇ ਮੈਨੂੰ ਸਿਮਰਨ ਦੀ ਖ਼ੁਰਾਕ ਦੀ ਲੋੜ ਪੈਂਦੀ ਹੈ) , ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੇਰਾ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ। ਪਰਮਾਤਮਾ ਮੇਰਾ ਸੰਬੰਧੀ ਹੈ, ਪਰਮਾਤਮਾ ਹੀ ਮੇਰਾ ਅੰਤ ਵੇਲੇ ਦਾ ਸਾਥੀ ਹੈ।1।

(ਹੇ ਭਾਈ! ਦੁਨੀਆ ਦੇ ਧਨ ਪਦਾਰਥ ਦਾ ਕੀਹ ਮਾਣ? ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਰਮਾਇਆ ਝੂਠਾ ਹੈ, (ਜਗਤ ਤੋਂ) ਤੁਰਨ ਵੇਲੇ (ਮਨੁੱਖ ਦੇ) ਨਾਲ ਨਹੀਂ ਜਾਂਦਾ। (ਸੋ,) ਪਰਮਾਤਮਾ ਦਾ ਨਾਮ ਹੀ ਮੇਰਾ ਧਨ ਹੈ, ਇਹ ਧਨ ਮੇਰੇ ਨਾਲ ਸਾਥ ਕਰਦਾ ਹੈ, ਮੈਂ ਜਿਥੇ ਭੀ ਜਾਂਦਾ ਹਾਂ ਇਹ ਧਨ ਮੇਰੇ ਨਾਲ ਜਾਂਦਾ ਹੈ।3।

ਹੇ ਭਾਈ! ਜੇਹੜਾ ਮਨੁੱਖ ਨਾਲ ਨਾਹ ਨਿਭਣ ਵਾਲੇ ਪਦਾਰਥਾਂ ਵਿਚ ਪ੍ਰੀਤਿ ਪਾਈ ਰੱਖਦਾ ਹੈ, ਉਸ ਦਾ ਜੀਵਨ ਹੀ ਉਹਨਾਂ ਪਦਾਰਥਾਂ ਨਾਲ ਇਕ-ਮਿਕ ਹੋ ਜਾਂਦਾ ਹੈ, ਉਹ ਨਿਤ ਉਹਨਾਂ ਨਾਸਵੰਤ ਪਦਾਰਥਾਂ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ।

(ਪਰ) ਨਾਨਕ ਆਖਦਾ ਹੈ– ਇਹ ਪਰਮਾਤਮਾ ਦੀ ਰਜ਼ਾ ਹੀ ਹੈ (ਕਿ ਕੋਈ ਹਰਿ-ਨਾਮ ਵਿਚ ਮਸਤ ਹੈ ਤੇ ਕੋਈ ਝੂਠੇ ਪਦਾਰਥਾਂ ਵਿਚ ਲੱਗਾ ਪਿਆ ਹੈ) , ਇਸ ਰਜ਼ਾ ਨੂੰ ਚੰਗਾ ਜਾਂ ਮੰਦਾ ਨਹੀਂ ਆਖਿਆ ਜਾ ਸਕਦਾ।4।2।4।

ਗੂਜਰੀ ਮਹਲਾ ੩ ॥ ਜੁਗ ਮਾਹਿ ਨਾਮੁ ਦੁਲੰਭੁ ਹੈ ਗੁਰਮੁਖਿ ਪਾਇਆ ਜਾਇ ॥ ਬਿਨੁ ਨਾਵੈ ਮੁਕਤਿ ਨ ਹੋਵਈ ਵੇਖਹੁ ਕੋ ਵਿਉਪਾਇ ॥੧॥ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥ ਸਤਿਗੁਰ ਮਿਲਿਐ ਹਰਿ ਮਨਿ ਵਸੈ ਸਹਜੇ ਰਹੈ ਸਮਾਇ ॥੧॥ ਰਹਾਉ ॥ ਜਾਂ ਭਉ ਪਾਏ ਆਪਣਾ ਬੈਰਾਗੁ ਉਪਜੈ ਮਨਿ ਆਇ ॥ ਬੈਰਾਗੈ ਤੇ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੨॥ ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ ॥ ਦਸਵੈ ਦੁਆਰਿ ਰਹਤ ਕਰੇ ਤ੍ਰਿਭਵਣ ਸੋਝੀ ਪਾਇ ॥੩॥ ਨਾਨਕ ਗੁਰ ਤੇ ਗੁਰੁ ਹੋਇਆ ਵੇਖਹੁ ਤਿਸ ਕੀ ਰਜਾਇ ॥ ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥੪॥੩॥੫॥ {ਪੰਨਾ 490}

ਪਦ ਅਰਥ: ਜੁਗ ਮਹਿ = ਜਗਤ ਵਿਚ, ਜ਼ਮਾਨੇ ਵਿਚ। ਦੁਲੰਭੁ = ਦੁਰਲੱਭ, ਬੜੀ ਔਖਿਆਈ ਨਾਲ ਮਿਲਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਹੋਵਈ = ਹੋਵਏ, ਹੋਵੈ, ਹੁੰਦੀ। ਕੋ = ਕੋਈ ਧਿਰ ਭੀ। ਵਿਉਪਾਇ = ਨਿਰਨਾ ਕਰ ਕੇ।1।

ਸਦ = ਸਦਾ। ਮਨਿ = ਮਨ ਵਿਚ। ਸਹਜੇ = ਆਤਮਕ ਅਡੋਲਤਾ ਵਿਚ।1। ਰਹਾਉ।

ਜਾਂ = ਜਦੋਂ। ਭਉ = ਡਰ-ਅਦਬ। ਬੈਰਾਗੁ = ਮਾਇਆ ਵਲੋਂ ਉਪਰਾਮਤਾ। ਤੇ = ਤੋਂ। ਸਿਉ = ਨਾਲ।2।

ਸੇਇ = ਉਹ ਬੰਦੇ {ਬਹੁ-ਵਚਨ}। ਮੁਕਤ = ਵਿਕਾਰਾਂ ਤੋਂ ਆਜ਼ਾਦ। ਜਿ = ਜੇਹੜੇ। ਜਿਣਹਿ = ਜਿੱਤਦੇ ਹਨ। ਧਾਤੁ = ਮਾਇਆ। ਲਾਗੈ = ਚੰਬੜਦੀ। ਦੁਆਰਿ = ਦੁਆਰ ਵਿਚ। ਰਹਤ = ਰਿਹਾਇਸ਼। ਤ੍ਰਿਭਵਣ = ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ।3।

ਗੁਰ ਤੇ = ਗੁਰੂ ਤੋਂ। ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}। ਰਜਾਇ = ਮਰਜ਼ੀ। ਕਰਤਾ = ਕਰਤਾਰ।4।

ਅਰਥ: ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਜੇ ਗੁਰੂ ਮਿਲ ਪਏ ਤਾਂ ਪ੍ਰਭੂ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਤੇ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।1। ਰਹਾਉ।

ਹੇ ਭਾਈ! ਜਗਤ ਵਿਚ (ਹੋਰ ਪਦਾਰਥ ਤਾਂ ਸੁਖੈਨ ਮਿਲ ਜਾਂਦੇ ਹਨ, ਪਰ) ਪਰਮਾਤਮਾ ਦਾ ਨਾਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਇਹ ਨਾਮ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਤੇ, ਜਿਤਨਾ ਚਿਰ ਹਰਿ-ਨਾਮ ਨਾਹ ਮਿਲੇ ਉਤਨਾ ਚਿਰ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ, ਬੇ-ਸ਼ੱਕ ਕੋਈ ਭੀ ਧਿਰ ਕੋਈ ਹੋਰ ਉਪਾਉ ਕਰ ਕੇ (ਨਿਰਨਾ ਕਰ ਕੇ) ਵੇਖ ਲਵੋ।1।

ਜਦੋਂ ਪਰਮਾਤਮਾ (ਕਿਸੇ ਮਨੁੱਖ ਦੇ ਹਿਰਦੇ ਵਿਚ) ਆਪਣਾ ਡਰ-ਅਦਬ ਪਾਂਦਾ ਹੈ ਉਸ ਦੇ ਮਨ ਵਿਚ ਮਾਇਆ ਵਲੋਂ ਉਪਰਾਮਤਾ ਪੈਦਾ ਹੋ ਜਾਂਦੀ ਹੈ। ਇਸ ਉਪਰਾਮਤਾ ਦੀ ਹੀ ਬਰਕਤਿ ਨਾਲ ਪਰਮਾਤਮਾ ਮਿਲ ਪੈਂਦਾ ਹੈ, ਤੇ, ਮਨੁੱਖ ਪਰਮਾਤਮਾ (ਦੇ ਚਰਨਾਂ) ਨਾਲ ਸੁਰਤਿ ਜੋੜੀ ਰੱਖਦਾ ਹੈ।2।

ਹੇ ਭਾਈ! ਜੇਹੜੇ ਮਨੁੱਖ ਆਪਣਾ ਮਨ ਜਿੱਤ ਲੈਂਦੇ ਹਨ, ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਉਹਨਾਂ ਉੱਤੇ ਮੁੜ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ। ਜੇਹੜਾ ਭੀ ਮਨੁੱਖ (ਇੰਦ੍ਰਿਆਂ ਦੀ ਪਹੁੰਚ ਤੋਂ ਉਤਾਂਹ) ਚਿੱਤ-ਆਕਾਸ਼ ਵਿਚ (ਉੱਚੇ ਆਤਮਕ ਮੰਡਲ ਵਿਚ) ਆਪਣੀ ਰਿਹਾਇਸ਼ ਬਣਾ ਲੈਂਦਾ ਹੈ, ਉਸ ਨੂੰ ਤਿੰਨ ਭਵਨਾਂ ਵਿਚ ਵਿਆਪਕ ਪ੍ਰਭੂ ਦੀ ਸਮਝ ਪੈ ਜਾਂਦੀ ਹੈ।3।

ਹੇ ਨਾਨਕ! (ਆਖ– ਹੇ ਭਾਈ!) ਵੇਖੋ, ਪਰਮਾਤਮਾ ਦੀ ਅਚਰਜ ਮਰਜ਼ੀ! (ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਗੁਰੂ ਦੀ ਸਰਨ ਪੈਣ ਨਾਲ ਗੁਰੂ ਦਾ ਰੂਪ ਬਣ ਜਾਂਦਾ ਹੈ। ਪਰਮਾਤਮਾ ਆਪ ਹੀ ਇਹ ਸਬੱਬ ਬਣਾਂਦਾ ਹੈ, (ਗੁਰੂ ਦੀ ਸਰਨ ਪਏ ਮਨੁੱਖ ਦੀ) ਆਤਮਾ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ।4।3।5।

TOP OF PAGE

Sri Guru Granth Darpan, by Professor Sahib Singh