ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 523

ਸਲੋਕ ਮਃ ੫ ॥ ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥ ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ ॥੧॥ {ਪੰਨਾ 523}

ਪਦਅਰਥ: ਮਦ = ਅਹੰਕਾਰ ਦੀ ਮਸਤੀ। ਦੁਸਟ = ਭੈੜੀਆਂ। ਨਿਵਾਰਿ = ਦੂਰ ਕਰ।

ਅਰਥ: ਹੇ ਨਾਨਕ! ਪ੍ਰਭੂ ਤੋਂ) ਸਦਾ ਸਦਕੇ ਹੋ (ਤੇ ਇਉਂ ਬੇਨਤੀ ਕਰ-) ਹੇ ਮੇਰੇ ਪ੍ਰਭੂ! ਰੱਖਿਆ ਕਰ ਤੇ (ਮੇਰੇ ਅੰਦਰੋਂ) ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਮਸਤੀ ਤੇ ਭੈੜੀਆਂ ਵਾਸ਼ਨਾ ਦੂਰ ਕਰ।

ਮਃ ੫ ॥ ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥ ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ ॥੨॥ {ਪੰਨਾ 523}

ਪਦਅਰਥ: ਘਠਾ = ਘਸ ਗਿਆ। ਸਭੁ ਅੰਗੁ = ਸਾਰਾ ਸਰੀਰ। ਧ੍ਰਿਗੁ = ਫਿਟਕਾਰ = ਜੋਗ। ਸਚਿ = ਸੱਚ ਵਿਚ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਰੰਗੁ = ਪਿਆਰ।

ਅਰਥ: (ਮਿੱਠੇ ਪਦਾਰਥ) ਖਾਂਦਿਆਂ ਖਾਂਦਿਆਂ ਮੂੰਹ (ਭੀ) ਘਸ ਗਿਆ (ਤੇ ਸੋਹਣੇ ਕੱਪੜੇ) ਪਹਿਨਦਿਆਂ ਸਾਰਾ ਸਰੀਰ ਹੀ ਲਿੱਸਾ ਹੋ ਗਿਆ (ਭਾਵ, ਜੇ ਖਾਣ ਤੇ ਪਹਿਨਣ ਦੇ ਆਹਰਾਂ ਵਿਚ ਹੀ ਜਵਾਨੀ ਲੰਘ ਕੇ ਬੁਢੇਪਾ ਆ ਗਿਆ, ਤੇ ਫਿਰ ਭੀ) , ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਪਿਆਰ ਪਰਮਾਤਮਾ ਵਿਚ ਨਾਹ ਬਣਿਆ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ।੨।

ਪਉੜੀ ॥ ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥ ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥ ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥ ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥ ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥ ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥ ਜਿਨ੍ਹ੍ਹੀ ਪਛਾਤਾ ਹੁਕਮੁ ਤਿਨ੍ਹ੍ਹ ਕਦੇ ਨ ਰੋਵਣਾ ॥ ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥ {ਪੰਨਾ 523}

ਪਦਅਰਥ: ਤਿਵੈ = ਉਸੇ ਤਰ੍ਹਾਂ। ਰੰਗਿ = ਪਿਆਰ ਵਿਚ। ਦੁਰਮਤਿ = ਭੈੜੀ ਮੱਤ। ਨਿਰੰਕਾਰ = ਹੇ ਨਿਰੰਕਾਰ! ਨ ਜੋਵਣਾ = ਜੋਏ ਨਹੀਂ ਜਾਂਦੇ, ਪਾਏ ਨਹੀਂ ਜਾਂਦੇ। ਨੈਣ = ਅੱਖਾਂ ਨਾਲ। ਅਲੋਵਣਾ = ਵੇਖਦੇ ਹਨ। ਨ ਰੋਵਣਾ = ਪਛੁਤਾਂਦੇ ਨਹੀਂ।

ਅਰਥ: (ਹੇ ਪ੍ਰਭੂ! ਜਗਤ ਵਿਚ) ਉਸੇ ਤਰ੍ਹਾਂ ਵਰਤਾਰਾ ਵਰਤਦਾ ਹੈ ਜਿਵੇਂ ਤੇਰਾ ਹੁਕਮ ਹੁੰਦਾ ਹੈ, ਜਿਥੇ ਜਿਥੇ ਤੂੰ ਆਪ (ਜੀਵਾਂ ਨੂੰ) ਰੱਖਦਾ ਹੈਂ, ਓਥੇ ਹੀ (ਜੀਵ) ਜਾ ਖਲੋਂਦੇ ਹਨ; ਜੋ ਜੀਵ ਤੇਰੇ ਨਾਮ ਦੇ ਪਿਆਰ ਵਿਚ (ਰਹਿੰਦੇ) ਹਨ ਉਹ ਭੈੜੀ ਮੱਤ ਧੋ ਲੈਂਦੇ ਹਨ, ਹੇ ਨਿਰੰਕਾਰ! ਤੈਨੂੰ ਸਿਮਰ ਸਿਮਰ ਕੇ ਭਟਕਣਾ ਤੇ ਡਰ ਦੂਰ ਕਰ ਲੈਂਦੇ ਹਨ। ਜੋ ਮਨੁੱਖ ਤੇਰੇ ਪਿਆਰ ਵਿਚ ਰੰਗੇ ਜਾਂਦੇ ਹਨ ਉਹ ਜੂਨਾਂ ਵਿਚ ਨਹੀਂ ਪਾਏ ਜਾਂਦੇ, ਅੰਦਰ ਬਾਹਰ (ਹਰ ਥਾਂ) ਉਹ ਇਕ (ਤੈਨੂੰ ਹੀ) ਅੱਖਾਂ ਨਾਲ ਵੇਖਦੇ ਹਨ।

ਹੇ ਨਾਨਕ! ਜਿਨ੍ਹਾਂ ਨੇ ਪ੍ਰਭੂ ਦਾ ਹੁਕਮ ਪਛਾਣਿਆ ਹੈ ਉਹ ਕਦੇ ਪਛੁਤਾਂਦੇ ਨਹੀਂ (ਕਿਉਂਕਿ ਉਹ ਕਿਸੇ ਵਿਕਾਰ ਵਿਚ ਫਸਦੇ ਹੀ ਨਹੀਂ, ਸਗੋਂ) ਪ੍ਰਭੂ ਦਾ ਨਾਮ-ਰੂਪ ਬਖ਼ਸ਼ੀਸ਼ (ਸਦਾ ਆਪਣੇ) ਮਨ ਵਿਚ ਪਰੋਈ ਰੱਖਦੇ ਹਨ।੧੮।

ਸਲੋਕ ਮਃ ੫ ॥ ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ ॥ ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ ॥੧॥ {ਪੰਨਾ 523}

ਪਦਅਰਥ: ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ। ਮੂੜ = ਮੂਰਖ। ਨਪਾਕ = ਗੰਦਾ।

ਅਰਥ: ਜਿਤਨਾ ਚਿਰ ਜੀਊਂਦਾ ਰਿਹਾ ਰੱਬ ਨੂੰ ਯਾਦ ਨਾਹ ਕੀਤਾ, ਮਰ ਗਿਆ ਤਾਂ ਮਿੱਟੀ ਵਿਚ ਰਲ ਗਿਆ; ਹੇ ਨਾਨਕ! ਰੱਬ ਨਾਲੋਂ ਟੁੱਟੇ ਹੋਏ ਐਸੇ ਮੂਰਖ ਗੰਦੇ ਮਨੁੱਖ ਨੇ ਦੁਨੀਆ ਨਾਲ ਹੀ (ਜੀਵਨ ਅਜਾਈਂ) ਗੁਜ਼ਾਰ ਦਿੱਤਾ।੧।

ਮਃ ੫ ॥ ਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ ॥ ਜਨਮੁ ਪਦਾਰਥੁ ਤਾਰਿਆ ਨਾਨਕ ਸਾਧੂ ਸੰਗਿ ॥੨॥ {ਪੰਨਾ 523}

ਪਦਅਰਥ: ਰੰਗਿ = ਪਿਆਰ ਵਿਚ। ਪਦਾਰਥੁ = ਕੀਮਤੀ ਚੀਜ਼, ਅਮੋਲਕ ਸ਼ੈ।

ਅਰਥ: ਹੇ ਨਾਨਕ! ਜਿਸ ਮਨੁੱਖ ਨੇ ਸਤ ਸੰਗ ਵਿਚ (ਰਹਿ ਕੇ) ਜੀਊਂਦਿਆਂ (ਸਾਰੀ ਉਮਰ) ਪਰਮਾਤਮਾ ਨੂੰ ਯਾਦ ਰੱਖਿਆ, ਤੇ ਮਰਨ ਵੇਲੇ ਭੀ ਪ੍ਰਭੂ ਦੇ ਪਿਆਰ ਵਿਚ ਰਿਹਾ, ਉਸ ਨੇ ਇਹ ਮਨੁੱਖਾ ਜੀਵਨ-ਰੂਪ ਅਮੋਲਕ ਚੀਜ਼ (ਸੰਸਾਰ-ਸਮੁੰਦਰ ਵਿਚ ਰੁੜ੍ਹਨੋਂ) ਬਚਾ ਲਈ ਹੈ।੨।

ਪਉੜੀ ॥ ਆਦਿ ਜੁਗਾਦੀ ਆਪਿ ਰਖਣ ਵਾਲਿਆ ॥ ਸਚੁ ਨਾਮੁ ਕਰਤਾਰੁ ਸਚੁ ਪਸਾਰਿਆ ॥ ਊਣਾ ਕਹੀ ਨ ਹੋਇ ਘਟੇ ਘਟਿ ਸਾਰਿਆ ॥ ਮਿਹਰਵਾਨ ਸਮਰਥ ਆਪੇ ਹੀ ਘਾਲਿਆ ॥ ਜਿਨ੍ਹ੍ਹ ਮਨਿ ਵੁਠਾ ਆਪਿ ਸੇ ਸਦਾ ਸੁਖਾਲਿਆ ॥ ਆਪੇ ਰਚਨੁ ਰਚਾਇ ਆਪੇ ਹੀ ਪਾਲਿਆ ॥ ਸਭੁ ਕਿਛੁ ਆਪੇ ਆਪਿ ਬੇਅੰਤ ਅਪਾਰਿਆ ॥ ਗੁਰ ਪੂਰੇ ਕੀ ਟੇਕ ਨਾਨਕ ਸੰਮ੍ਹ੍ਹਾਲਿਆ ॥੧੯॥ {ਪੰਨਾ 523}

ਪਦਅਰਥ: ਆਦਿ = ਜਗਤ = ਰਚਨਾ ਦੇ ਸ਼ੁਰੂ ਤੋਂ। ਜੁਗਾਦੀ = ਜੁਗਾਂ ਦੇ ਸ਼ੁਰੂ ਤੋਂ। ਆਦਿ ਜੁਗਾਦੀ = ਭਾਵ, ਸਦਾ ਤੋਂ ਹੀ। ਸਚੁ = ਸਦਾ-ਥਿਰ ਰਹਿਣ ਵਾਲਾ। ਪਸਾਰਿਆ = ਪਸਰ ਰਿਹਾ ਹੈ, ਮੌਜੂਦ ਹੈ। ਊਣਾ = ਘੱਟ, ਖ਼ਾਲੀ। ਸਾਰਿਆ = ਸੰਭਾਲ ਕਰਦਾ ਹੈ। ਘਾਲਿਆ = (ਸਿਮਰਨ ਦੀ) ਘਾਲ ਕਮਾਈ ਕਰਾਂਦਾ ਹੈ। ਵੁਠਾ = ਆ ਵੱਸਿਆ। ਸੰਮ੍ਹ੍ਹਾਲਿਆ = ਯਾਦ ਕੀਤਾ ਹੈ।

ਅਰਥ: ਪਰਮਾਤਮਾ ਸਦਾ ਤੋਂ ਹੀ ਆਪ (ਸਭ ਦੀ) ਰੱਖਿਆ ਕਰਦਾ ਆਇਆ ਹੈ; ਉਸ ਕਰਤਾਰ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਹ ਹਰ ਥਾਂ ਮੌਜੂਦ ਹੈ; ਕੋਈ ਥਾਂ ਉਸ ਤੋਂ ਖ਼ਾਲੀ ਨਹੀਂ; ਹਰੇਕ ਘਟ ਵਿਚ (ਵਿਆਪਕ ਹੋ ਕੇ, ਹਰੇਕ ਦੀ) ਸੰਭਾਲ ਕਰਦਾ ਹੈ, ਸਭ ਜੀਵਾਂ ਤੇ ਮੇਹਰ ਕਰਦਾ ਹੈ, ਸਭ ਕੁਝ ਕਰਨ-ਜੋਗਾ ਹੈ, ਉਹ ਆਪ ਹੀ (ਜੀਵਾਂ ਪਾਸੋਂ ਸਿਮਰਨ ਦੀ) ਕਮਾਈ ਕਰਾਂਦਾ ਹੈ।

ਜਿਨ੍ਹਾਂ ਬੰਦਿਆਂ ਦੇ ਮਨ ਵਿਚ ਆ ਵੱਸਦਾ ਹੈ ਉਹ ਸਦਾ ਸੁਖੀ ਰਹਿੰਦੇ ਹਨ, ਪ੍ਰਭੂ ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਦੀ ਪਾਲਣਾ ਕਰ ਰਿਹਾ ਹੈ, ਉਹ ਬੇਅੰਤ ਹੈ, ਅਪਾਰ ਹੈ, ਸਭ ਕੁਝ ਆਪ ਹੀ ਆਪ ਹੈ।

ਹੇ ਨਾਨਕ! ਜਿਸ ਮਨੁੱਖ ਨੇ) ਪੂਰੇ ਗੁਰੂ ਦਾ ਆਸਰਾ ਲਿਆ ਹੈ, ਉਹ ਉਸ ਪ੍ਰਭੂ ਨੂੰ ਯਾਦ ਕਰਦਾ ਹੈ।੧੯।

ਸਲੋਕ ਮਃ ੫ ॥ ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥ ਸਤਿਗੁਰਿ ਦਿਤਾ ਹਰਿ ਨਾਮੁ ਅੰਮ੍ਰਿਤੁ ਚਖਿਆ ॥ ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥ ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥ ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥ ਨਾਨਕੁ ਮੰਗੈ ਦਾਨੁ ਸੰਤਾ ਧੂਰਿ ਤਰੈ ॥੧॥ {ਪੰਨਾ 523}

ਪਦਅਰਥ: ਆਦਿ = ਸ਼ੁਰੂ ਵਿਚ। ਮਧਿ = ਵਿਚਕਾਰਲੇ ਸਮੇ। ਅੰਤਿ = ਅਖ਼ੀਰ ਵਿਚ। ਆਦਿ ਮਧਿ ਅਰੁ ਅੰਤਿ = ਭਾਵ, ਸਦਾ ਹੀ। ਪਰਮੇਸਰਿ = ਪਰਮੇਸਰ ਨੇ। ਸਤਿਗੁਰਿ = ਸਤਿਗੁਰ ਨੇ। ਰਵੈ = ਯਾਦ ਕਰਦਾ ਹੈ। ਸਭਿ = ਸਾਰੇ। ਕਾਰਣੁ = ਸਬੱਬ, ਵਸੀਲਾ। ਤਰੈ = ਤਰ ਜਾਏ।

ਅਰਥ: (ਵਿਘਨਾਂ ਵਿਕਾਰਾਂ ਤੋਂ) ਪਰਮੇਸਰ ਨੇ ਆਪ (ਆਪਣੇ ਸੇਵਕ ਨੂੰ) ਸਦਾ ਹੀ ਬਚਾਇਆ ਹੈ, (ਜਿਸ ਸੇਵਕ ਦੀ ਪ੍ਰਭੂ ਨੇ ਰੱਖਿਆ ਕੀਤੀ ਹੈ, ਉਸ ਨੂੰ) ਸਤਿਗੁਰੂ ਨੇ ਪ੍ਰਭੂ ਨਾਮ ਦਿੱਤਾ ਹੈ, (ਉਸ ਸੇਵਕ ਨੇ) ਨਾਮ-ਅੰਮ੍ਰਿਤ ਚੱਖਿਆ ਹੈ, (ਉਸ ਨੂੰ) ਅਮੋਲਕ ਸਤ-ਸੰਗ (ਮਿਲਿਆ ਹੈ, ਜਿਥੇ) ਹਰ ਵੇਲੇ (ਉਹ ਸੇਵਕ) ਹਰੀ ਦੇ ਗੁਣ ਚੇਤੇ ਕਰਦਾ ਹੈ, ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਭਾਵ, ਸਾਰੀਆਂ ਵਾਸ਼ਨਾਂ ਮਿਟ ਜਾਂਦੀਆਂ ਹਨ, ਤੇ) ਉਹ ਜੂਨਾਂ ਵਿਚ ਨਹੀਂ ਭਟਕਦਾ। ਪਰ ਇਹ ਸਾਰੀ ਮੇਹਰ ਕਰਤਾਰ ਦੇ ਹੱਥ ਵਿਚ ਹੈ, ਜੋ ਉਹੀ ਆਪ (ਆਪਣੇ ਲਈ ਸਿਮਰਨ ਦਾ) ਵਸੀਲਾ ਪੈਦਾ ਕਰਦਾ ਹੈ।

ਨਾਨਕ (ਭੀ, ਉਸੇ ਦੇ ਦਰ ਤੋਂ) ਦਾਨ ਮੰਗਦਾ ਹੈ ਕਿ (ਨਾਨਕ ਭੀ) ਸੰਤਾਂ ਦੀ ਚਰਨ-ਧੂੜ ਲੈ ਕੇ (ਭਾਵ, ਸਾਧ ਸੰਗਤਿ ਵਿਚ ਰਹਿ ਕੇ, ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏ।੧।

ਮਃ ੫ ॥ ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥ ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥ ਸਫਲੁ ਜਨਮੁ ਪਰਵਾਨੁ ਗੁਰਮੁਖਿ ਆਇਆ ॥ ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥ ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥ ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥ ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥ ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥੨॥ {ਪੰਨਾ 523}

ਪਦਅਰਥ: ਮੰਨਿ = ਮਨ ਵਿਚ। ਜਿਨਿ = ਜਿਸ (ਪ੍ਰਭੂ) ਨੇ। ਜਨਿ = ਜਨ ਨੇ। ਜਿਨਿ ਜਨਿ = ਜਿਸ ਮਨੁੱਖ ਨੇ। ਤਿਨਿ = ਉਸ ਮਨੁੱਖ ਨੇ। ਸਫਲੁ = ਫਲ ਸਹਿਤ, ਕਾਮਯਾਬ। ਖਸਮਿ = ਖਸਮ ਨੇ। ਜਿਸਹਿ = ਜਿਸ ਜਿਸ ਨੂੰ। ਜਮਹਿ = ਜੰਮਦੇ ਹਨ।

ਅਰਥ: (ਹੇ ਭਾਈ!) ਉਸ (ਪ੍ਰਭੂ) ਨੂੰ (ਆਪਣੇ) ਮਨ ਵਿਚ ਵਸਾ ਜਿਸ ਨੇ (ਤੈਨੂੰ) ਪੈਦਾ ਕੀਤਾ ਹੈ, ਜਿਸ ਮਨੁੱਖ ਨੇ ਖਸਮ (-ਪ੍ਰਭੂ) ਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ, ਉਸ ਗੁਰਮੁਖਿ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ ਹੈ, ਖਸਮ (ਪ੍ਰਭੂ ਨੇ) ਜੋ ਹੁਕਮ ਦਿੱਤਾ, ਉਸ ਹੁਕਮ ਨੂੰ ਸਮਝ ਕੇ ਉਹ (ਗੁਰਮੁਖਿ) ਸਦਾ ਖਿੜਿਆ ਰਹਿੰਦਾ ਹੈ।

ਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਵਾਨ ਹੋਇਆ ਹੈ ਉਹ ਭਟਕਣਾ ਵਿਚ ਨਹੀਂ ਪੈਂਦਾ, ਖਸਮ (-ਪ੍ਰਭੂ) ਨੇ ਜੋ ਕੁਝ ਉਸ ਨੂੰ ਦਿੱਤਾ, ਉਹ ਉਸ ਨੂੰ ਸੁਖ ਹੀ ਪ੍ਰਤੀਤ ਹੋਇਆ ਹੈ।

ਹੇ ਨਾਨਕ! ਜਿਸ ਮਨੁੱਖ ਤੇ ਮਿੱਤਰ (ਪ੍ਰਭੂ) ਮੇਹਰਵਾਨ ਹੁੰਦਾ ਹੈ ਉਸ ਨੂੰ ਆਪਣੇ ਹੁਕਮ ਦੀ ਸੂਝ ਬਖ਼ਸ਼ਦਾ ਹੈ, ਪਰ, ਜਿਸ ਜਿਸ ਜੀਵ ਨੂੰ ਭੁੱਲ ਵਿਚ ਪਾਂਦਾ ਹੈ ਉਹ ਨਿੱਤ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ।੨।

ਪਉੜੀ ॥ ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥ ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ ॥ ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ ॥ ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥ ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥੨੦॥ {ਪੰਨਾ 523-524}

ਪਦਅਰਥ: ਤਤਕਾਲਿ = ਉਸੇ ਵੇਲੇ। ਨ ਖਵਿ ਸਕਹਿ = ਸਹਾਰ ਨਹੀਂ ਸਕਦੇ। ਜੁਤੇ = ਜੋ ਦਿੱਤੇ, ਪਾ ਦਿੱਤੇ। ਮਥੇ ਵਾਲਿ = ਮੱਥੇ ਦੇ ਵਾਲਾਂ ਤੋਂ (ਫੜ ਕੇ)। ਪਛਾੜਿਅਨੁ = ਪਛਾੜੇ ਹਨ ਉਸ ਪ੍ਰਭੂ ਨੇ, ਭੁੰਞੇ ਪਟਕਾ ਕੇ ਮਾਰੇ ਹਨ ਉਸ ਨੇ। ਜਮ ਮਾਰਗਿ = ਜਮ ਦੇ ਰਾਹ ਤੇ। ਮੁਤੇ = ਛੱਡ ਦਿੱਤੇ ਹਨ। ਦੁਖਿ = (ਅਧਿਕਰਣ ਕਾਰਕ, ਇਕ-ਵਚਨ। ਦੁਖਿ ਲਗੈ = (ਪੂਰਬ ਪੂਰਨ ਕਾਰਦੰਤਕ, Locative Absolute) ਦੁੱਖ ਲੱਗਣ ਕਰ ਕੇ। ਨਰਕਿ ਘੋਰਿ = ਘੋਰ ਨਰਕ ਵਿਚ, ਡਰਾਉਣੇ ਨਰਕ ਵਿਚ। ਸੁਤੇ = ਜਾ ਪਏ। ਰਖਿਅਨੁ = ਰੱਖ ਲਏ ਉਸ (ਪ੍ਰਭੂ) ਨੇ। ਸਤੇ = ਸਤਿ, ਸੱਚਾ।

ਅਰਥ: ਜੋ ਮਨੁੱਖ (ਗੁਰਮੁਖਾਂ ਦੀ) ਨਿੰਦਿਆ ਕਰਦੇ ਹਨ ਉਹ ਤਾਂ ਪ੍ਰਭੂ ਨੇ (ਮਾਨੋ) ਉਸੇ ਵੇਲੇ ਹੀ ਮਾਰ ਦਿੱਤੇ, (ਕਿਉਂਕਿ ਨਿੰਦਾ ਦੇ ਕਾਰਨ ਪ੍ਰਭੂ ਨੇ ਉਹਨਾਂ ਦੇ ਮਨ ਨੂੰ) ਇਕ ਪਲਕ ਭਰ ਭੀ ਸ਼ਾਂਤੀ ਨਹੀਂ ਕਰਨ ਦਿੱਤੀ, ਪ੍ਰਭੂ ਜੀ ਆਪਣੇ ਦਾਸਾਂ ਦਾ ਦੁੱਖ ਸਹਾਰ ਨਹੀਂ ਸਕਦੇ (ਭਾਵ) ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਨੂੰ ਕੋਈ ਦੁੱਖ ਵਿਕਾਰ ਨਹੀਂ ਪੋਂਹਦਾ, ਪਰ ਨਿੰਦਕਾਂ ਨੂੰ ਪ੍ਰਭੂ ਨੇ ਜੂਨ ਵਿਚ ਪਾ ਦਿੱਤਾ ਹੈ, (ਨਿੰਦਕਾਂ ਨੂੰ, ਮਾਨੋ,) ਉਸ ਨੇ ਕੇਸਾਂ ਤੋਂ ਫੜ ਕੇ ਭੁੰਞੇ ਪਟਕਾ ਮਾਰਿਆ ਹੈ ਤੇ ਜਮ ਦੇ ਰਾਹ ਤੇ (ਨਿਖਸਮੇ) ਛੱਡ ਦਿੱਤਾ ਹੈ; ਇਸ ਤਰ੍ਹਾਂ ਦੁੱਖ ਲੱਗਣ ਕਰ ਕੇ ਉਹ ਵਿਲਕਦੇ ਹਨ, ਤੇ ਮਾਨੋ, ਘੋਰ ਨਰਕ ਵਿਚ ਜਾ ਪੈਂਦੇ ਹਨ।

ਪਰ ਹੇ ਨਾਨਕ! ਸੱਚੇ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਵਿਕਾਰਾਂ ਦੁੱਖਾਂ ਤੋਂ, ਮਾਨੋ) ਗਲ ਲਾ ਕੇ ਬਚਾ ਲਿਆ ਹੈ।੨੦।

TOP OF PAGE

Sri Guru Granth Darpan, by Professor Sahib Singh