ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 535

ਦੇਵਗੰਧਾਰੀ ਮਹਲਾ ੫ ॥ ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥ ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥੧॥ ਰਹਾਉ ॥ ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ ॥ ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ ॥੧॥ ਗੁਰਿ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਦੁਤੀਅ ਗਏ ਸੁਖ ਹੋਊ ॥ ਕਹੁ ਨਾਨਕ ਭਵ ਸਾਗਰੁ ਤਰਿਆ ਹਰਿ ਨਿਧਿ ਪਾਈ ਸਹਜੋਊ ॥੨॥੨॥੩੩॥ {ਪੰਨਾ 535}

ਪਦਅਰਥ: ਬਹੁ ਬਿਧਿ = ਬਹੁਤ ਤਰੀਕਿਆਂ ਨਾਲ। ਰੀ = ਹੇ ਭੈਣ! ਖੰਡ = ਧਰਤੀ ਦੇ ਨੌ ਹਿੱਸੇ। ਦੀਪ = ਸੱਤ ਦੀਪ, ਸਾਰੇ ਦੇਸ। ਰਵਿਆ = ਮੌਜੂਦ। ਲੋਊ = ਲੋਕ, ਭਵਨ।੧।ਰਹਾਉ।

ਅਗਮ = ਅਪਹੁੰਚ। ਅਗੰਮਾ = ਅਪਹੁੰਚ। ਮਹਿੰਮਾ = ਵਡਿਆਈ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਸੁਨਿ = ਸੁਣ ਕੇ। ਸੋਊ = ਸੋਭਾ। ਚਾਰਿ ਆਸਰਮ = {ਬ੍ਰਹਮ = ਚਰਜ, ਗ੍ਰਿਹਸਥ, ਵਾਨਪ੍ਰਸਤ, ਸੰਨਿਆਸ}ਚਾਰਿ ਬਰੰਨਾ = {ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ}ਸੇਵਤੋਊ = ਸੇਵਤ ਹੀ, ਸੇਵਾ = ਭਗਤੀ ਕਰਨ ਨਾਲ।੧।

ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਦੁਤੀਅ = ਮੇਰ = ਤੇਰ, ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਦਾ ਖ਼ਿਆਲ। ਭਵ ਸਾਗਰੁ = ਸੰਸਾਰ = ਸਮੁੰਦਰ। ਨਿਧਿ = ਖ਼ਜ਼ਾਨਾ। ਸਹਜੋਊ = ਆਤਮਕ ਅਡੋਲਤਾ।੨।

ਅਰਥ: ਹੇ ਭੈਣ! ਮੈਂ ਇਸ ਅਨੇਕਾਂ ਰੰਗਾਂ ਵਾਲੇ ਜਗਤ ਨੂੰ (ਗਹੁ ਨਾਲ) ਵੇਖਿਆ ਹੈ, ਮੈਨੂੰ ਇਸ ਵਿਚ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ। ਹੇ ਭੈਣ! ਧਰਤੀ ਦੇ ਸਾਰੇ ਖੰਡਾਂ ਵਿਚ, ਦੇਸ਼ਾਂ ਵਿਚ ਸਭਨਾਂ ਵਿਚ ਪਰਮਾਤਮਾ ਹੀ ਮੌਜੂਦ ਹੈ, ਸਭ ਭਵਨਾਂ ਵਿਚ ਪਰਮਾਤਮਾ ਵਿਆਪਕ ਹੈ।੧।ਰਹਾਉ।

ਹੇ ਭੈਣ! ਪਰਮਾਤਮਾ ਅਪਹੁੰਚ ਹੈ, ਸਾਡੀ ਜੀਵਾਂ ਦੀ ਅਕਲ ਉਸ ਤਕ ਨਹੀਂ ਪਹੁੰਚ ਸਕਦੀ; ਉਸ ਦੀ ਵਡਿਆਈ ਕੋਈ ਭੀ ਬਿਆਨ ਨਹੀਂ ਕਰ ਸਕਦਾ। ਹੇ ਭੈਣ! ਉਸ ਦੀ ਸੋਭਾ ਸੁਣ ਸੁਣ ਕੇ ਮੇਰੇ ਮਨ ਨੂੰ ਆਤਮਕ ਜੀਵਨ ਮਿਲ ਰਿਹਾ ਹੈ। ਚੌਹਾਂ ਆਸ਼੍ਰਮਾਂ, ਚੌਹਾਂ ਵਰਨਾਂ ਦੇ ਜੀਵ ਉਸ ਦੀ ਸੇਵਾ-ਭਗਤੀ ਕਰ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ।੧।

ਹੇ ਨਾਨਕ! ਆਖ-ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਪਣਾ ਸ਼ਬਦ ਪੱਕਾ ਕਰ ਕੇ ਟਿਕਾ ਦਿੱਤਾ ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਗਈ, ਉਸ ਨੂੰ ਆਤਮਕ ਅਨੰਦ ਮਿਲ ਗਿਆ, ਉਸ ਨੇ ਸੰਸਾਰ-ਸਮੁੰਦਰ ਤਰ ਲਿਆ, ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਪਿਆ, ਉਸ ਨੂੰ ਆਤਮਕ ਅਡੋਲਤਾ ਹਾਸਲ ਹੋ ਗਈ।੨।੨।੩੩।

ਰਾਗੁ ਦੇਵਗੰਧਾਰੀ ਮਹਲਾ ੫ ਘਰੁ ੬    ੴ ਸਤਿਗੁਰ ਪ੍ਰਸਾਦਿ ॥ ਏਕੈ ਰੇ ਹਰਿ ਏਕੈ ਜਾਨ ॥ ਏਕੈ ਰੇ ਗੁਰਮੁਖਿ ਜਾਨ ॥੧॥ ਰਹਾਉ ॥ ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ ॥੧॥ ਜਿਉ ਬੈਸੰਤਰੁ ਕਾਸਟ ਮਝਾਰਿ ਬਿਨੁ ਸੰਜਮ ਨਹੀ ਕਾਰਜ ਸਾਰਿ ॥ ਬਿਨੁ ਗੁਰ ਨ ਪਾਵੈਗੋ ਹਰਿ ਜੀ ਕੋ ਦੁਆਰ ॥ ਮਿਲਿ ਸੰਗਤਿ ਤਜਿ ਅਭਿਮਾਨ ਕਹੁ ਨਾਨਕ ਪਾਏ ਹੈ ਪਰਮ ਨਿਧਾਨ ॥੨॥੧॥੩੪॥ {ਪੰਨਾ 535}

ਪਦਅਰਥ: ਏਕੈ = ਇਕ (ਪਰਮਾਤਮਾ) ਹੀ। ਰੇ = ਹੇ ਭਾਈ! ਜਾਨ = ਸਮਝ, ਨਿਸ਼ਚਾ ਕਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।੧।ਰਹਾਉ।

ਕਾਹੇ = ਕਿਉਂ? ਭ੍ਰਮਤ ਹਉ = ਤੂੰ ਭਟਕਦਾ ਹੈਂ। ਭਾਈ = ਹੇ ਭਾਈ! ਸ੍ਰਬ ਥਾਨ = ਸਰਬ ਥਾਨ, ਸਭ ਥਾਈਂ।੧।

ਬੈਸੰਤਰੁ = ਅੱਗ। ਕਾਸਟ ਮਝਾਰਿ = ਲੱਕੜ ਵਿਚ (ਕਾਸਟ = ਕਾਠ) ਸੰਜਮ = ਜੁਗਤਿ, ਮਰਯਾਦਾ। ਸਾਰਿ = ਸਾਰੇ, ਸਿਰੇ ਚੜ੍ਹਦਾ। ਕੋ = ਦਾ। ਦੁਆਰ = ਦਰਵਾਜ਼ਾ। ਮਿਲਿ = ਮਿਲ ਕੇ। ਤਜਿ = ਤਜ ਕੇ। ਪਰਮ ਨਿਧਾਨ = ਸਭ ਤੋਂ ਸ੍ਰੇਸ਼ਟ (ਨਾਮ-) ਖ਼ਜ਼ਾਨਾ।੨।

ਅਰਥ: ਹੇ ਭਾਈ! ਹਰ ਥਾਂ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹੀ (ਹਰ ਥਾਂ ਵੱਸਦਾ) ਸਮਝ।੧।ਰਹਾਉ।

ਹੇ ਭਾਈ! ਤੁਸੀਂ ਕਿਉਂ ਭਟਕਦੇ ਹੋ? ਭਟਕਣਾ ਛੱਡ ਦਿਉ। ਹੇ ਭਾਈ! ਪਰਮਾਤਮਾ ਸਭ ਥਾਵਾਂ ਵਿਚ ਵਿਆਪ ਰਿਹਾ ਹੈ।੧।

ਹੇ ਭਾਈ! ਜਿਵੇਂ (ਹਰੇਕ) ਲੱਕੜ ਵਿਚ ਅੱਗ (ਵੱਸਦੀ ਹੈ, ਪਰ) ਜੁਗਤਿ ਤੋਂ ਬਿਨਾ (ਉਹ ਅੱਗ ਹਾਸਲ ਨਹੀਂ ਕੀਤੀ ਜਾ ਸਕਦੀ, ਤੇ, ਅੱਗ ਨਾਲ ਕੀਤੇ ਜਾਣ ਵਾਲੇ) ਕੰਮ ਸਿਰੇ ਨਹੀਂ ਚੜ੍ਹ ਸਕਦੇ। (ਇਸੇ ਤਰ੍ਹਾਂ, ਭਾਵੇਂ ਪਰਮਾਤਮਾ ਹਰ ਥਾਂ ਵੱਸ ਰਿਹਾ ਹੈ, ਪਰ) ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਪਰਮਾਤਮਾ ਦਾ ਦਰ ਨਹੀਂ ਲੱਭ ਸਕੇਗਾ। ਹੇ ਨਾਨਕ! ਆਖ-ਸਾਧ ਸੰਗਤਿ ਵਿਚ ਮਿਲ ਕੇ ਆਪਣਾ ਅਹੰਕਾਰ ਤਿਆਗ ਕੇ ਸਭ ਤੋਂ ਸ੍ਰੇਸ਼ਟ (ਨਾਮ-) ਖ਼ਜ਼ਾਨਾ ਮਿਲ ਜਾਂਦਾ ਹੈ।੨।੧।੩੪।

ਦੇਵਗੰਧਾਰੀ ੫ ॥ ਜਾਨੀ ਨ ਜਾਈ ਤਾ ਕੀ ਗਾਤਿ ॥੧॥ ਰਹਾਉ ॥ ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ ॥੧॥ ਗਣ ਗੰਧਰਬ ਸਿਧ ਅਰੁ ਸਾਧਿਕ ॥ ਸੁਰਿ ਨਰ ਦੇਵ ਬ੍ਰਹਮ ਬ੍ਰਹਮਾਦਿਕ ॥ ਚਤੁਰ ਬੇਦ ਉਚਰਤ ਦਿਨੁ ਰਾਤਿ ॥ ਅਗਮ ਅਗਮ ਠਾਕੁਰੁ ਆਗਾਧਿ ॥ ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ ॥੨॥੨॥੩੫॥ {ਪੰਨਾ 535}

ਪਦਅਰਥ: ਤਾ ਕੀ = ਉਸ (ਪਰਮਾਤਮਾ) ਦੀ। ਗਾਤਿ = ਗਤਿ, ਅਵਸਥਾ, ਆਤਮਕ ਅਵਸਥਾ।੧।ਰਹਾਉ।

ਕਹ = ਕਿਥੇ? ਪੇਖਾਰਉ = ਮੈਂ ਵਿਖਾਵਾਂ। ਹਉ = ਮੈਂ। ਕਰਿ = ਕਰ ਕੇ। ਬਿਸਮਨ ਬਿਸਮੇ = ਹੈਰਾਨ ਤੋਂ ਹੈਰਾਨ, ਬਹੁਤ ਹੀ ਹੈਰਾਨ। ਕਹਨ– ਕਥਨ, ਬਿਆਨ। ਕਹਾਤਿ = ਕਹਿੰਦੇ, ਜੋ ਕਹਿੰਦੇ ਹਨ।੧।

ਗਣ = ਸ਼ਿਵ ਜੀ ਦੇ ਸੇਵਕ। ਗੰਧਰਬ = ਦੇਵਤਿਆਂ ਦੇ ਰਾਗੀ। ਸਿਧ = ਕਰਾਮਾਤੀ ਜੋਗੀ। ਅਰੁ = ਅਤੇ। ਸਾਧਿਕ = ਜੋਗ = ਸਾਧਨ ਕਰਨ ਵਾਲੇ। ਸੁਰਿਨਰ = ਦੈਵੀ ਗੁਣਾਂ ਵਾਲੇ ਮਨੁੱਖ। ਬ੍ਰਹਮ = ਪਰਮਾਤਮਾ ਨੂੰ ਜਾਣਨ ਵਾਲੇ। ਬ੍ਰਹਮਾਦਿਕ = ਬ੍ਰਹਮਾ ਵਰਗੇ ਦੇਵਤੇ। ਚਤੁਰ = ਚਾਰ। ਅਗਮ = ਅਪਹੁੰਚ। ਆਗਾਧਿ = ਅਥਾਹ। ਭਨੁ = ਕਹੁ, ਆਖ। ਨਾਨਕ = ਹੇ ਨਾਨਕ! ਪਰੈ ਪਰਾਤਿ = ਪਰੇ ਤੋਂ ਪਰੇ।੨।

ਅਰਥ: ਹੇ ਭਾਈ! ਉਸ ਪਰਮਾਤਮਾ ਦੀ ਆਤਮਕ ਅਵਸਥਾ ਸਮਝੀ ਨਹੀਂ ਜਾ ਸਕਦੀ (ਪਰਮਾਤਮਾ ਕਿਹੋ ਜਿਹਾ ਹੈ-ਇਹ ਗੱਲ ਜਾਣੀ ਨਹੀਂ ਜਾ ਸਕਦੀ) ੧।ਰਹਾਉ।

ਹੇ ਭਾਈ! ਆਪਣੀ ਅਕਲ ਦਾ ਜ਼ੋਰ ਲਾ ਕੇ ਮੈਂ ਉਹ ਪਰਮਾਤਮਾ ਕਿਥੇ ਵਿਖਾਵਾਂ? (ਨਹੀਂ ਵਿਖਾ ਸਕਦਾ। ਜੇਹੜੇ ਮਨੁੱਖ ਉਸ ਨੂੰ ਬਿਆਨ ਕਰਨ ਦਾ ਜਤਨ ਕਰਦੇ ਹਨ ਉਹ ਭੀ ਹੈਰਾਨ ਹੀ ਰਹਿ ਜਾਂਦੇ ਹਨ (ਉਸ ਦਾ ਸਰੂਪ ਕਥਿਆ ਨਹੀਂ ਜਾ ਸਕਦਾ) ੧।

ਹੇ ਭਾਈ! ਸ਼ਿਵ ਜੀ ਦੇ ਗੁਣ, ਦੇਵਤਿਆਂ ਦੇ ਰਾਗੀ, ਕਰਾਮਾਤੀ ਜੋਗੀ, ਜੋਗ-ਸਾਧਨਾਂ ਕਰਨ ਵਾਲੇ, ਦੈਵੀ ਗੁਣਾਂ ਵਾਲੇ ਮਨੁੱਖ, ਦੇਵਤੇ, ਬ੍ਰਹਮ-ਗਿਆਨੀ, ਬ੍ਰਹਮਾ ਆਦਿਕ ਵੱਡੇ ਦੇਵਤੇ, ਚਾਰੇ ਵੇਦ (ਉਸ ਪਰਮਾਤਮਾ ਦੇ ਗੁਣਾਂ ਦਾ) ਦਿਨ ਰਾਤ ਉਚਾਰਨ ਕਰਦੇ ਹਨ। ਫਿਰ ਭੀ ਉਸ ਪਰਮਾਤਮਾ ਤਕ (ਆਪਣੀ ਅਕਲ ਦੇ ਜ਼ੋਰ) ਪਹੁੰਚ ਨਹੀਂ ਹੋ ਸਕਦੀ, ਉਹ ਅਪਹੁੰਚ ਹੈ ਉਹ ਅਥਾਹ ਹੈ।

ਹੇ ਨਾਨਕ! ਆਖ-ਪਰਾਮਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਪਰੇ ਤੋਂ ਪਰੇ ਹੈ।੨।੨।੩੫।

ਦੇਵਗੰਧਾਰੀ ਮਹਲਾ ੫ ॥ ਧਿਆਏ ਗਾਏ ਕਰਨੈਹਾਰ ॥ ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ ॥੧॥ ਰਹਾਉ ॥ ਸਫਲ ਮੂਰਤਿ ਗੁਰੁ ਮੇਰੈ ਮਾਥੈ ॥ ਜਤ ਕਤ ਪੇਖਉ ਤਤ ਤਤ ਸਾਥੈ ॥ ਚਰਨ ਕਮਲ ਮੇਰੇ ਪ੍ਰਾਨ ਅਧਾਰ ॥੧॥ ਸਮਰਥ ਅਥਾਹ ਬਡਾ ਪ੍ਰਭੁ ਮੇਰਾ ॥ ਘਟ ਘਟ ਅੰਤਰਿ ਸਾਹਿਬੁ ਨੇਰਾ ॥ ਤਾ ਕੀ ਸਰਨਿ ਆਸਰ ਪ੍ਰਭ ਨਾਨਕ ਜਾ ਕਾ ਅੰਤੁ ਨ ਪਾਰਾਵਾਰ ॥੨॥੩॥੩੬॥ {ਪੰਨਾ 535}

ਪਦਅਰਥ: ਧਿਆਏ = ਧਿਆਨ ਕਰਦਾ ਹੈ। ਗਾਏ = ਗਾਂਦਾ ਹੈ। ਕਰਨੈਹਾਰ = ਸਿਰਜਣਹਾਰ ਕਰਤਾਰ ਨੂੰ। ਸਹਜ = ਆਤਮਕ ਅਡੋਲਤਾ। ਅਨਿਕ = ਅਨੇਕਾਂ ਰੂਪਾਂ ਵਾਲਾ। ਉਹੀ = ਉਹ (ਪਰਮਾਤਮਾ) ਹੀ। ਰੇ = ਹੇ ਭਾਈ! ਸਮਾਰ = ਸੰਭਾਲ, ਹਿਰਦੇ ਵਿਚ ਸਾਂਭ ਰੱਖ।੧।ਰਹਾਉ।

ਸਫਲ ਮੂਰਤਿ = ਜਿਸ ਦੇ ਸਰੂਪ ਦਾ ਦਰਸਨ ਫਲ ਦੇਂਦਾ ਹੈ। ਮੇਰੈ ਮਾਥੈ = ਮੇਰੇ ਮੱਥੇ ਉੱਤੇ। ਜਤ ਕਤ = ਜਿੱਥੇ ਕਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਤ ਤਤ = ਉੱਥੇ ਉੱਥੇ ਹੀ। ਪ੍ਰਾਨ ਅਧਾਰ = ਜਿੰਦ ਦਾ ਆਸਰਾ।੧।

ਸਮਰਥ = ਹਰੇਕ ਤਾਕਤ ਦਾ ਮਾਲਕ। ਘਟ = ਸਰੀਰ। ਸਾਹਿਬੁ = ਮਾਲਕ। ਤਾਕੀ = ਤੱਕੀ ਹੈ। ਆਸਰ = ਆਸਰਾ। ਜਾ ਕਾ = ਜਿਸ (ਪਰਮਾਤਮਾ) ਦਾ। ਪਾਰਾਵਾਰ = ਪਾਰ ਅਵਾਰ, ਪਾਰਲਾ ਉਰਲਾ ਬੰਨਾ।੨।

ਅਰਥ: ਹੇ ਭਾਈ! ਜੇਹੜਾ ਮਨੁੱਖ ਸਿਰਜਣਹਾਰ ਕਰਤਾਰ ਦਾ ਧਿਆਨ ਧਰਦਾ ਹੈ ਕਰਤਾਰ ਦੇ ਗੁਣ ਗਾਂਦਾ ਹੈ, ਉਸ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਸ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਮਿਲੇ ਰਹਿੰਦੇ ਹਨ। ਹੇ ਭਾਈ! ਤੂੰ ਉਸ ਕਰਤਾਰ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖ, ਉਹੀ ਇੱਕ ਹੈ ਤੇ ਉਹੀ ਅਨੇਕਾਂ ਰੂਪਾਂ ਵਾਲਾ ਹੈ।੧।ਰਹਾਉ।

ਹੇ ਭਾਈ! ਜਿਸ ਗੁਰੂ ਦਾ ਦਰਸਨ ਜੀਵਨ ਦਾ ਫਲ ਦੇਣ ਵਾਲਾ ਹੈ ਉਹ ਮੇਰੇ ਮੱਥੇ ਉੱਤੇ (ਆਪਣਾ ਹੱਥ ਰੱਖਦਾ ਹੈ, ਉਸ ਦੀ ਬਰਕਤਿ ਨਾਲ) ਮੈਂ ਜਿਧਰ ਵੇਖਦਾ ਹਾਂ ਉਧਰ ਹੀ ਪਰਮਾਤਮਾ ਮੈਨੂੰ ਆਪਣੇ ਨਾਲ ਵੱਸਦਾ ਪ੍ਰਤੀਤ ਹੁੰਦਾ ਹੈ, ਉਸ ਪਰਮਾਤਮਾ ਦੇ ਸੋਹਣੇ ਚਰਨ ਮੇਰੀ ਜਿੰਦ ਦਾ ਆਸਰਾ ਬਣ ਗਏ ਹਨ।੧।

ਹੇ ਨਾਨਕ! ਆਖ-ਹੇ ਭਾਈ!) ਮੈਂ ਉਸ ਪਰਮਾਤਮਾ ਦੀ ਸਰਨ ਤੱਕੀ ਹੈ ਉਸ ਪ੍ਰਭੂ ਦਾ ਆਸਰਾ ਤੱਕਿਆ ਹੈ ਜਿਸ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਜਿਸ (ਦੇ ਸਰੂਪ) ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।੨।੩।੩੬।

ਦੇਵਗੰਧਾਰੀ ਮਹਲਾ ੫ ॥ ਉਲਟੀ ਰੇ ਮਨ ਉਲਟੀ ਰੇ ॥ ਸਾਕਤ ਸਿਉ ਕਰਿ ਉਲਟੀ ਰੇ ॥ ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥ ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥ ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥ ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥ ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥ {ਪੰਨਾ 535}

ਪਦਅਰਥ: ਉਲਟੀ = ਉਲਟਾ ਲੈ, ਪਰਤਾਅ ਲੈ। ਸਿਉ = ਨਾਲ, ਨਾਲੋਂ। ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਰੇ = ਹੇ ਮਨ! ਛੁਟਕੀ ਛੁਟਕੀ = ਜ਼ਰੂਰ ਟੁੱਟ ਜਾਂਦੀ ਹੈ। ਸਾਕਤ ਸੰਗਿ = ਸਾਕਤ ਦੀ ਸੰਗਤਿ ਵਿਚ। ਨ ਛੁਟਕੀ = ਵਿਕਾਰਾਂ ਵਲੋਂ ਖ਼ਲਾਸੀ ਨਹੀਂ ਹੁੰਦੀ।੧।ਰਹਾਉ।

ਕਾਜਰ = ਕੱਜਲ, ਕਾਲਖ। ਭਰਿ = ਭਰ ਕੇ। ਮੰਦਰੁ = ਘਰ। ਜੋ ਪੈਸੇ = ਜੇਹੜਾ ਮਨੁੱਖ (ਉਸ ਵਿਚ) ਪਏਗਾ। ਕਾਲੂਖੀ = ਕਾਲਖ = ਭਰਿਆ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਜਿਸੁ ਤ੍ਰਿਕੁਟੀ = ਜਿਸ ਮਨੁੱਖ ਦੀ ਤ੍ਰਿਊੜੀ। ਤ੍ਰਿਕੁਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਮੱਥੇ ਦੀਆਂ ਤਿੰਨ ਵਿੰਗੀਆਂ ਲਕੀਰਾਂ; ਤ੍ਰਿਊੜੀ, ਅੰਦਰਲੀ ਖਿੱਝ।੧।

ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਕ੍ਰਿਪਾਲ = ਹੇ ਕਿਰਪਾ ਦੇ ਘਰ! ਕ੍ਰਿਪਾਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਨ ਜੁਟਸੀ = ਨਾਹ ਜੁੜੇ। ਕੋ = ਦਾ। ਮੂੰਡੁ = ਸਿਰ। ਪਗ = ਪੈਰ।੨।

ਅਰਥ: ਹੇ ਮੇਰੇ ਮਨ! ਜੇਹੜੇ ਮਨੁੱਖ ਪਰਮਾਤਮਾ ਨਾਲੋਂ ਸਦਾ ਟੁੱਟੇ ਰਹਿੰਦੇ ਹਨ, ਉਹਨਾਂ ਨਾਲੋਂ ਆਪਣੇ ਆਪ ਨੂੰ ਸਦਾ ਪਰੇ ਰੱਖ, ਪਰੇ ਰੱਖ। ਹੇ ਮਨ! ਸਾਕਤ ਝੂਠੇ ਮਨੁੱਖ ਦੀ ਪ੍ਰੀਤ ਨੂੰ ਭੀ ਝੂਠ ਹੀ ਸਮਝ, ਇਹ ਕਦੇ ਤੋੜ ਨਹੀਂ ਨਿਭਦੀ, ਇਹ ਜ਼ਰੂਰ ਟੁੱਟ ਜਾਂਦੀ ਹੈ। ਫਿਰ, ਸਾਕਤ ਦੀ ਸੰਗਤਿ ਵਿਚ ਰਿਹਾਂ ਵਿਕਾਰਾਂ ਤੋਂ ਕਦੇ ਖ਼ਲਾਸੀ ਨਹੀਂ ਹੋ ਸਕਦੀ।੧।ਰਹਾਉ।

ਹੇ ਮਨ! ਜਿਵੇਂ ਕੋਈ ਘਰ ਕੱਜਲ ਨਾਲ ਭਰ ਲਿਆ ਜਾਏ, ਉਸ ਵਿਚ ਜੇਹੜਾ ਭੀ ਮਨੁੱਖ ਵੜੇਗਾ ਉਹ ਕਾਲਖ ਨਾਲ ਭਰ ਜਾਏਗਾ (ਤਿਵੇਂ ਪਰਮਾਤਮਾ ਨਾਲੋਂ ਟੁੱਟੇ ਮਨੁੱਖ ਨਾਲ ਮੂੰਹ ਜੋੜਿਆਂ ਵਿਕਾਰਾਂ ਦੀ ਕਾਲਖ ਹੀ ਮਿਲੇਗੀ। ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦੀ ਮੱਥੇ ਦੀ ਤ੍ਰਿਊੜੀ ਮਿਟ ਜਾਂਦੀ ਹੈ (ਜਿਸ ਦੇ ਅੰਦਰੋਂ ਵਿਕਾਰਾਂ ਦੀ ਖਿੱਚ ਦੂਰ ਹੋ ਜਾਂਦੀ ਹੈ) ਉਹ ਦੂਰ ਤੋਂ ਹੀ ਸਾਕਤ ਮਨੁੱਖ ਕੋਲੋਂ ਪਰੇ ਪਰੇ ਰਹਿੰਦਾ ਹੈ।੧।

ਹੇ ਕਿਰਪਾ ਦੇ ਘਰ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ (ਮੇਹਰ ਕਰ) ਮੈਨੂੰ ਕਿਸੇ ਸਾਕਤ ਨਾਲ ਵਾਹ ਨਾਹ ਪਏ। ਹੇ ਦਾਸ ਨਾਨਕ! ਆਖ-ਹੇ ਪ੍ਰਭੂ!) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੇਰਾ ਸਿਰ ਤੇਰੇ ਸੰਤ ਜਨਾਂ ਦੇ ਪੈਰਾਂ ਹੇਠ ਪਿਆ ਰਹੇ।੨।੪।੩੭।

TOP OF PAGE

Sri Guru Granth Darpan, by Professor Sahib Singh