ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 539

ਹਰਿ ਜਨ ਹਰਿ ਲਿਵ ਉਬਰੇ ਮੇਰੀ ਜਿੰਦੁੜੀਏ ਧੁਰਿ ਭਾਗ ਵਡੇ ਹਰਿ ਪਾਇਆ ਰਾਮ ॥ ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ ਗੁਰ ਖੇਵਟ ਸਬਦਿ ਤਰਾਇਆ ਰਾਮ ॥ ਹਰਿ ਹਰਿ ਪੁਰਖੁ ਦਇਆਲੁ ਹੈ ਮੇਰੀ ਜਿੰਦੁੜੀਏ ਗੁਰ ਸਤਿਗੁਰ ਮੀਠ ਲਗਾਇਆ ਰਾਮ ॥ ਕਰਿ ਕਿਰਪਾ ਸੁਣਿ ਬੇਨਤੀ ਹਰਿ ਹਰਿ ਜਨ ਨਾਨਕ ਨਾਮੁ ਧਿਆਇਆ ਰਾਮ ॥੪॥੨॥ {ਪੰਨਾ 539}

ਪਦਅਰਥ: ਹਰਿ ਜਨ = ਪਰਮਾਤਮਾ ਦੇ ਭਗਤ। ਲਿਵ = ਲਗਨ। ਉਬਰੇ = (ਸੰਸਾਰ = ਸਮੁੰਦਰ ਵਿਚੋਂ) ਬਚ ਨਿਕਲਦੇ ਹਨ। ਧੁਰਿ = ਧੁਰ ਦਰਗਾਹ ਤੋਂ। ਪੋਤੁ = ਜਹਾਜ਼। ਖੇਵਟ = ਮਲਾਹ। ਸਬਦਿ = ਸ਼ਬਦ ਨੇ। ਦਇਆਲੁ = ਦਇਆ ਦਾ ਘਰ।੪।

ਅਰਥ: ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਭਗਤ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਧੁਰ ਦਰਗਾਹ ਤੋਂ ਲਿਖੇ ਅਨੁਸਾਰ ਵੱਡੇ ਭਾਗਾਂ ਨਾਲ ਉਹ ਪਰਮਾਤਮਾ ਨੂੰ ਮਿਲ ਪੈਂਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਹਾਜ਼ ਹੈ, (ਹਰਿ ਜਨਾਂ ਨੂੰ) ਗੁਰੂ-ਮਲਾਹ ਦੇ ਸ਼ਬਦ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ। ਹੇ ਮੇਰੀ ਸੋਹਣੀ ਜਿੰਦੇ! ਸਰਬ-ਵਿਆਪਕ ਪਰਮਾਤਮਾ ਸਦਾ ਹੀ ਦਇਆਵਾਨ ਹੈ, ਗੁਰੂ ਸਤਿਗੁਰੂ ਦੀ ਸਰਨ ਪਿਆਂ (ਹਰਿ-ਜਨਾਂ ਨੂੰ ਪਰਮਾਤਮਾ) ਪਿਆਰਾ ਲੱਗਣ ਲੱਗ ਪੈਂਦਾ ਹੈ।

ਹੇ ਦਾਸ ਨਾਨਕ! ਆਖ-) ਹੇ ਹਰੀ! ਮੇਹਰ ਕਰ, ਮੇਰੀ ਬੇਨਤੀ ਸੁਣ (ਮੈਂ ਤੇਰਾ ਨਾਮ ਸਿਮਰਦਾ ਰਹਾਂ। ਜਿਨ੍ਹਾਂ ਉੱਤੇ ਤੂੰ ਮੇਹਰ ਦੀ ਨਿਗਾਹ ਕੀਤੀ, ਉਹਨਾਂ) ਤੇਰਾ ਨਾਮ ਸਿਮਰਿਆ।੪।੨।

ਬਿਹਾਗੜਾ ਮਹਲਾ ੪ ॥ ਜਗਿ ਸੁਕ੍ਰਿਤੁ ਕੀਰਤਿ ਨਾਮੁ ਹੈ ਮੇਰੀ ਜਿੰਦੁੜੀਏ ਹਰਿ ਕੀਰਤਿ ਹਰਿ ਮਨਿ ਧਾਰੇ ਰਾਮ ॥ ਹਰਿ ਹਰਿ ਨਾਮੁ ਪਵਿਤੁ ਹੈ ਮੇਰੀ ਜਿੰਦੁੜੀਏ ਜਪਿ ਹਰਿ ਹਰਿ ਨਾਮੁ ਉਧਾਰੇ ਰਾਮ ॥ ਸਭ ਕਿਲਵਿਖ ਪਾਪ ਦੁਖ ਕਟਿਆ ਮੇਰੀ ਜਿੰਦੁੜੀਏ ਮਲੁ ਗੁਰਮੁਖਿ ਨਾਮਿ ਉਤਾਰੇ ਰਾਮ ॥ ਵਡ ਪੁੰਨੀ ਹਰਿ ਧਿਆਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ ਰਾਮ ॥੧॥ {ਪੰਨਾ 539}

ਪਦਅਰਥ: ਜਗਿ = ਜਗਤ ਵਿਚ। ਸੁਕ੍ਰਿਤੁ = ਸ੍ਰੇਸ਼ਟ ਕਰਮ। ਕੀਰਤਿ = ਸਿਫ਼ਤਿ-ਸਾਲਾਹ। ਮਨਿ = ਮਨ ਵਿਚ। ਧਾਰੇ = ਧਾਰਿ, ਟਿਕਾ ਲੈ। ਉਧਾਰੇ = ਬਚਾ ਲੈਂਦਾ ਹੈ। ਕਿਲਵਿਖ = ਪਾਪ। ਮਲੁ = ਮੈਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਨਾਲ। ਉਤਾਰੇ = ਦੂਰ ਕਰ ਲੈਂਦਾ ਹੈ। ਮੁਗਧ = ਮੂਰਖ। ਨਿਸਤਾਰੇ = ਪਾਰ ਲੰਘਾ ਲੈਂਦਾ ਹੈ।੧।

ਅਰਥ: ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ, ਪਰਮਾਤਮਾ ਦਾ ਨਾਮ ਜਪਣਾ, ਜਗਤ ਵਿਚ ਸਭ ਤੋਂ ਸ੍ਰੇਸ਼ਟ ਕਰਮ ਹੈ। ਤੂੰ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਟਿਕਾਈ ਰੱਖ। ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ (ਵਿਕਾਰੀਆਂ ਨੂੰ) ਪਵਿਤ੍ਰ ਕਰਨ ਵਾਲਾ ਹੈ, ਤੂੰ ਭੀ ਪਰਮਾਤਮਾ ਦਾ ਨਾਮ ਜਪਿਆ ਕਰ, ਨਾਮ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ। ਹੇ ਮੇਰੀ ਸੋਹਣੀ ਜਿੰਦੇ! (ਜਿਸ ਮਨੁੱਖ ਨੇ ਹਰਿ-ਨਾਮ ਸਿਮਰਿਆ, ਉਸ ਨੇ ਆਪਣੇ ਅੰਦਰੋਂ) ਸਾਰੇ ਵਿਕਾਰ ਸਾਰੇ ਪਾਪ ਸਾਰੇ ਦੁੱਖ ਦੂਰ ਕਰ ਲਏ, ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦੀ ਬਰਕਤਿ ਨਾਲ ਵਿਕਾਰਾਂ ਦੀ ਮੈਲ ਲਾਹ ਲੈਂਦਾ ਹੈ।

ਹੇ ਦਾਸ ਨਾਨਕ! ਆਖ-) ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ। ਪਰਮਾਤਮਾ ਦਾ ਨਾਮ ਸਾਡੇ ਵਰਗੇ ਮੂਰਖਾਂ ਨੂੰ, ਮਹਾਂ ਮੂਰਖਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।੧।

ਜੋ ਹਰਿ ਨਾਮੁ ਧਿਆਇਦੇ ਮੇਰੀ ਜਿੰਦੁੜੀਏ ਤਿਨਾ ਪੰਚੇ ਵਸਗਤਿ ਆਏ ਰਾਮ ॥ ਅੰਤਰਿ ਨਵ ਨਿਧਿ ਨਾਮੁ ਹੈ ਮੇਰੀ ਜਿੰਦੁੜੀਏ ਗੁਰੁ ਸਤਿਗੁਰੁ ਅਲਖੁ ਲਖਾਏ ਰਾਮ ॥ ਗੁਰਿ ਆਸਾ ਮਨਸਾ ਪੂਰੀਆ ਮੇਰੀ ਜਿੰਦੁੜੀਏ ਹਰਿ ਮਿਲਿਆ ਭੁਖ ਸਭ ਜਾਏ ਰਾਮ ॥ ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਮੇਰੀ ਜਿੰਦੁੜੀਏ ਜਨ ਨਾਨਕ ਹਰਿ ਗੁਣ ਗਾਏ ਰਾਮ ॥੨॥ {ਪੰਨਾ 539}

ਪਦਅਰਥ: ਤਿਨਾ ਵਸਗਤਿ = ਉਹਨਾਂ ਦੇ ਵੱਸ ਵਿਚ। ਪੰਚੇ = ਕਾਮਾਦਿਕ ਪੰਜੇ (ਵੈਰੀ) ਨਵਨਿਧਿ = (ਦੁਨੀਆ ਦੇ) ਨੌ ਖ਼ਜ਼ਾਨੇ। ਅਲਖੁ = ਜਿਸ ਦਾ ਸਹੀ ਸਰੂਪ ਸਮਝ ਵਿਚ ਨਹੀਂ ਆ ਸਕਦਾ। ਲਖਾਏ = ਸਮਝਾ ਦੇਂਦਾ ਹੈ। ਗੁਰਿ = ਗੁਰੂ ਨੇ। ਜਾਏ = ਦੂਰ ਹੋ ਜਾਂਦੀ ਹੈ। ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ। ਪ੍ਰਭਿ = ਪ੍ਰਭੂ ਨੇ।੨।

ਅਰਥ: ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਕਾਮਾਦਿਕ ਪੰਜੇ ਵੈਰੀ ਉਹਨਾਂ ਦੇ ਵੱਸ ਵਿਚ ਆ ਜਾਂਦੇ ਹਨ, ਦੁਨੀਆ ਦੇ ਨੌ ਖ਼ਜ਼ਾਨਿਆਂ ਦੀ ਬਰਾਬਰੀ ਕਰਨ ਵਾਲਾ ਹਰਿ-ਨਾਮ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਉਹਨਾਂ ਨੂੰ ਉਸ ਪਰਮਾਤਮਾ ਦੀ ਸਮਝ ਬਖ਼ਸ਼ ਦੇਂਦਾ ਹੈ ਜਿਸ ਤਕ ਮਨੁੱਖ ਦੀ ਆਪਣੀ ਸਮਝ ਨਹੀਂ ਪਹੁੰਚ ਸਕਦੀ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਆਸਾ ਤੇ ਮਨ ਦਾ ਫੁਰਨਾ ਪੂਰਾ ਕਰ ਦਿੱਤਾ, ਉਹਨਾਂ ਨੂੰ ਪਰਮਾਤਮਾ ਮਿਲ ਪਿਆ, ਉਹਨਾਂ ਦੀ ਮਾਇਆ ਦੀ ਸਾਰੀ ਭੁੱਖ ਲਹਿ ਜਾਂਦੀ ਹੈ। ਹੇ ਦਾਸ ਨਾਨਕ! ਆਖ-) ਧੁਰ ਦਰਗਾਹ ਤੋਂ ਪਰਮਾਤਮਾ ਨੇ ਜਿਸ ਮਨੁੱਖ ਦੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖ ਦਿੱਤਾ, ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।੨।

ਹਮ ਪਾਪੀ ਬਲਵੰਚੀਆ ਮੇਰੀ ਜਿੰਦੁੜੀਏ ਪਰਦ੍ਰੋਹੀ ਠਗ ਮਾਇਆ ਰਾਮ ॥ ਵਡਭਾਗੀ ਗੁਰੁ ਪਾਇਆ ਮੇਰੀ ਜਿੰਦੁੜੀਏ ਗੁਰਿ ਪੂਰੈ ਗਤਿ ਮਿਤਿ ਪਾਇਆ ਰਾਮ ॥ ਗੁਰਿ ਅੰਮ੍ਰਿਤੁ ਹਰਿ ਮੁਖਿ ਚੋਇਆ ਮੇਰੀ ਜਿੰਦੁੜੀਏ ਫਿਰਿ ਮਰਦਾ ਬਹੁੜਿ ਜੀਵਾਇਆ ਰਾਮ ॥ ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੁੜੀਏ ਤਿਨ ਕੇ ਸਭ ਦੁਖ ਗਵਾਇਆ ਰਾਮ ॥੩॥ {ਪੰਨਾ 539}

ਪਦਅਰਥ: ਬਲਵੰਚੀਆ = ਵਲ = ਛਲ ਕਰਨ ਵਾਲੇ। ਪਰਦ੍ਰੋਹੀ = ਦੂਜਿਆਂ ਨਾਲ ਦਗ਼ਾ ਕਰਨ ਵਾਲੇ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਗਤਿ ਮਿਤਿ = ਉੱਚੇ ਆਤਮਕ ਜੀਵਨ ਦੀ ਮਰਯਾਦਾ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ। ਗੁਰਿ = ਗੁਰੂ ਨੇ। ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਮਰਦਾ = ਆਤਮਕ ਮੌਤੇ ਮਰ ਰਹੇ ਨੂੰ। ਬਹੁੜਿ = ਮੁੜ। ਜੀਵਾਇਆ = ਆਤਮਕ ਜੀਵਨ ਦਿੱਤਾ। ਸਤਿਗੁਰ ਮਿਲੇ = ਗੁਰੂ ਨੂੰ (ਜੇਹੜੇ) ਮਿਲ ਪਏ।੩।

ਅਰਥ: ਹੇ ਮੇਰੀ ਸੋਹਣੀ ਜਿੰਦੇ! ਅਸੀ ਜੀਵ ਪਾਪੀ ਹਾਂ, ਵਲ-ਛਲ ਕਰਨ ਵਾਲੇ ਹਾਂ, ਦੂਜਿਆਂ ਨਾਲ ਦਗ਼ਾ-ਫ਼ਰੇਬ ਕਰਨ ਵਾਲੇ ਹਾਂ, ਮਾਇਆ ਦੀ ਖ਼ਾਤਰ ਠੱਗੀਆਂ ਕਰਨ ਵਾਲੇ ਹਾਂ। ਹੇ ਮੇਰੀ ਸੋਹਣੀ ਜਿੰਦੇ! ਜਿਸ ਵੱਡੇ ਭਾਗਾਂ ਵਾਲੇ ਨੇ ਗੁਰੂ ਲੱਭ ਲਿਆ ਉਸਨੇ ਪੂਰੇ ਗੁਰੂ ਦੀ ਰਾਹੀਂ ਉੱਚੇ ਆਤਮਕ ਜੀਵਨ ਦੀ ਮਰਯਾਦਾ ਹਾਸਲ ਕਰ ਲਈ। ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਦੇ ਮੂੰਹ ਵਿਚ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੋਅ ਦਿੱਤਾ, ਉਸ ਆਤਮਕ ਮੌਤੇ ਮਰ ਰਹੇ ਮਨੁੱਖ ਨੂੰ ਗੁਰੂ ਨੇ ਮੁੜ ਆਤਮਕ ਜੀਵਨ ਬਖ਼ਸ਼ ਦਿੱਤਾ। ਹੇ ਦਾਸ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਗੁਰੂ ਨੂੰ ਮਿਲ ਪਏ, ਗੁਰੂ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ।੩।

ਅਤਿ ਊਤਮੁ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਜਿਤੁ ਜਪਿਐ ਪਾਪ ਗਵਾਤੇ ਰਾਮ ॥ ਪਤਿਤ ਪਵਿਤ੍ਰ ਗੁਰਿ ਹਰਿ ਕੀਏ ਮੇਰੀ ਜਿੰਦੁੜੀਏ ਚਹੁ ਕੁੰਡੀ ਚਹੁ ਜੁਗਿ ਜਾਤੇ ਰਾਮ ॥ ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ ॥ ਅਪਰਾਧੀ ਪਾਪੀ ਉਧਰੇ ਮੇਰੀ ਜਿੰਦੁੜੀਏ ਜਨ ਨਾਨਕ ਖਿਨੁ ਹਰਿ ਰਾਤੇ ਰਾਮ ॥੪॥੩॥ {ਪੰਨਾ 539}

ਪਦਅਰਥ: ਜਿਤੁ = ਜਿਸ ਦੀ ਰਾਹੀਂ। ਜਿਤੁ ਜਪਿਐ = ਜਿਸ ਦੇ ਜਪਣ ਨਾਲ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਗੁਰਿ = ਗੁਰੂ ਨੇ। ਚਹੁ ਕੁੰਡੀ = ਚਹੁ ਕੂਟਾਂ ਵਿਚ, ਸਾਰੇ ਸੰਸਾਰ ਵਿਚ। ਚਹੁ ਜੁਗਿ = ਚਾਰ ਜੁਗੀ ਸਮੇ ਵਿਚ, ਸਦਾ ਲਈ ਹੀ। ਜਾਤੇ = ਪਰਗਟ ਹੋ ਗਏ, ਨਾਮਣੇ ਵਾਲੇ ਹੋ ਗਏ। ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ = ਜਲ ਵਿਚ। ਹਰਿ ਸਰਿ = ਹਰਿ = ਨਾਮ ਦੇ ਸਰੋਵਰ ਵਿਚ। ਉਧਰੇ = ਡੁੱਬਣੋਂ ਬਚ ਗਏ। ਰਾਤੇ = ਰੰਗੇ ਗਏ।੪।

ਅਰਥ: ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਬੜਾ ਹੀ ਸ੍ਰੇਸ਼ਟ ਹੈ, ਇਸ ਨਾਮ ਦੇ ਜਪਣ ਨਾਲ ਸਾਰੇ (ਪਿਛਲੇ) ਪਾਪ ਦੂਰ ਹੋ ਜਾਂਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਹਰਿ-ਨਾਮ ਦੇ ਕੇ ਵਿਕਾਰਾਂ ਵਿਚ ਡਿੱਗਿਆਂ ਹੋਇਆਂ ਨੂੰ ਭੀ ਪਵਿਤ੍ਰ ਬਣਾ ਦਿੱਤਾ, ਉਹ ਸਾਰੇ ਸੰਸਾਰ ਵਿਚ ਸਦਾ ਲਈ ਹੀ ਨਾਮਣੇ ਵਾਲੇ ਹੋ ਗਏ। ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਜਲ ਵਿਚ, ਹਰਿ-ਨਾਮ ਸਰੋਵਰ ਵਿਚ ਇਸ਼ਨਾਨ ਕੀਤਾ, ਉਹਨਾਂ ਦੀ ਹਉਮੈ ਦੀ ਸਾਰੀ ਮੈਲ ਲਹਿ ਗਈ। ਹੇ ਦਾਸ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਵਿਕਾਰੀ ਤੇ ਪਾਪੀ ਭੀ ਇਕ ਖਿਨ ਵਾਸਤੇ ਹਰਿ-ਨਾਮ-ਰੰਗ ਵਿਚ ਰੰਗੇ ਗਏ, ਉਹ ਸੰਸਾਰ-ਸਮੁੰਦਰ ਵਿਚ ਡੁੱਬਣੋਂ ਬਚ ਗਏ।੪।੩।

ਬਿਹਾਗੜਾ ਮਹਲਾ ੪ ॥ ਹਉ ਬਲਿਹਾਰੀ ਤਿਨ੍ਹ੍ਹ ਕਉ ਮੇਰੀ ਜਿੰਦੁੜੀਏ ਜਿਨ੍ਹ੍ਹ ਹਰਿ ਹਰਿ ਨਾਮੁ ਅਧਾਰੋ ਰਾਮ ॥ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ ਬਿਖੁ ਭਉਜਲੁ ਤਾਰਣਹਾਰੋ ਰਾਮ ॥ ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ ਤਿਨ ਸੰਤ ਜਨਾ ਜੈਕਾਰੋ ਰਾਮ ॥ ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ ਸਭਿ ਦੂਖ ਨਿਵਾਰਣਹਾਰੋ ਰਾਮ ॥੧॥ {ਪੰਨਾ 539}

ਪਦਅਰਥ: ਹਉ = ਮੈਂ, ਹਉਂ। ਬਲਿਹਾਰੀ = ਕੁਰਬਾਨ। ਅਧਾਰੋ = ਆਸਰਾ। ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕੀਤਾ। ਬਿਖੁ = ਜ਼ਹਿਰ। ਭਉ ਜਲੁ = ਸੰਸਾਰ = ਸਮੁੰਦਰ। ਤਾਰਣਹਾਰੋ = ਤਾਰਨ ਦੀ ਸਮਰਥਾ ਵਾਲਾ। ਇਕ ਮਨਿ = ਇਕਾਗ੍ਰਤਾ ਨਾਲ, ਇਕ ਮਨ ਨਾਲ। ਜੈਕਾਰੋ = ਸੋਭਾ। ਜਪਿ = ਜਪ ਕੇ। ਸਭਿ = ਸਾਰੇ।੧।

ਅਰਥ: ਹੇ ਮੇਰੀ ਸੋਹਣੀ ਜਿੰਦੇ! ਆਖ-) ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਾਮਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ। ਗੁਰੂ (ਮਾਇਆ ਦੇ ਮੋਹ ਦੇ) ਜ਼ਹਿਰ (-ਭਰੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਸੰਤ ਜਨਾਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ (ਹਰ ਥਾਂ) ਸੋਭਾ-ਵਡਿਆਈ ਹੁੰਦੀ ਹੈ। ਹੇ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਸੁਖ ਮਿਲ ਜਾਂਦਾ ਹੈ, ਹਰਿ-ਨਾਮ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਹੈ।੧।

TOP OF PAGE

Sri Guru Granth Darpan, by Professor Sahib Singh