ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 593

ਮਨਮੁਖਿ ਅੰਧ ਨ ਚੇਤਨੀ ਜਨਮਿ ਮਰਿ ਹੋਹਿ ਬਿਨਾਸਿ ॥ ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ ਜਿਨ ਕੰਉ ਧੁਰਿ ਪੂਰਬਿ ਲਿਖਿਆਸਿ ॥੨॥ {ਪੰਨਾ 593}

ਅਰਥ: ਅੰਨ੍ਹੇ ਮਨਮੁਖ ਹਰੀ ਨੂੰ ਸਿਮਰਦੇ ਨਹੀਂ, ਜਨਮ ਮਰਨ ਦੇ ਗੇੜ ਵਿਚ ਪੈ ਕੇ ਤਬਾਹ ਹੋ ਰਹੇ ਹਨ; ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਉਹਨਾਂ ਨੇ ਨਾਮ ਸਿਮਰਿਆ ਹੈ, ਜਿਨ੍ਹਾਂ ਦੇ ਹਿਰਦੇ ਵਿਚ ਧੁਰ ਮੁੱਢ ਤੋਂ (ਕੀਤੇ ਭਲੇ ਕੰਮਾਂ ਦੇ ਸੰਸਕਾਰਾਂ ਅਨੁਸਾਰ ਲੇਖ) ਲਿਖਿਆ ਪਿਆ ਹੈ।੨।

ਪਉੜੀ ॥ ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ ਜਿਤੁ ਖਾਇਐ ਹਮ ਕਉ ਤ੍ਰਿਪਤਿ ਭਈ ॥ ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ ਗਈ ॥ {ਪੰਨਾ 593}

ਪਦਅਰਥ: ਤ੍ਰਿਪਤਿ = ਰੱਜ। ਪੈਨਣੁ = ਪੁਸ਼ਾਕ। ਸਰਧ = ਚਾਹ, ਇੱਛਾ।

ਅਰਥ: ਹਰੀ ਦਾ ਨਾਮ ਸਾਡਾ ਛੱਤੀ (੩੬) ਤਰ੍ਹਾਂ ਦਾ (ਭਾਵ, ਕਈ ਸੁਆਦਾਂ ਵਾਲਾ) ਭੋਜਨ ਹੈ, ਜਿਸ ਨੂੰ ਖਾ ਕੇ ਅਸੀ ਰੱਜ ਗਏ ਹਾਂ (ਭਾਵ, ਮਾਇਕ ਪਦਾਰਥਾਂ ਵਲੋਂ ਤ੍ਰਿਪਤ ਹੋ ਗਏ ਹਾਂ) ਹਰੀ ਦਾ ਨਾਮ ਹੀ ਸਾਡੀ ਪੁਸ਼ਾਕ ਹੈ ਜਿਸ ਨੂੰ ਪਹਿਨ ਕੇ ਕਦੇ ਬੇ-ਪੜਦਾ ਨਾਹ ਹੋਵਾਂਗੇ, ਤੇ ਹੋਰ (ਸੁੰਦਰ) ਪੁਸ਼ਾਕਾਂ ਪਾਉਣ ਦੀ ਸਾਡੀ ਚਾਹ ਦੂਰ ਹੋ ਗਈ ਹੈ।

ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ ॥ ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ ॥ {ਪੰਨਾ 593}

ਪਦਅਰਥ: ਕਾਰਕੁਨੀ = ਮੁਖ਼ਤਿਆਰੀ। ਅਗਲੀ = ਪਹਿਲੀ। ਕਾਣਿ = ਮੁਥਾਜੀ।

ਅਰਥ: ਹਰੀ ਦਾ ਨਾਮ ਸਾਡਾ ਵਣਜ, ਨਾਮ ਹੀ ਸਾਡਾ ਵਪਾਰ ਹੈ ਤੇ ਸਤਿਗੁਰੂ ਨੇ ਸਾਨੂੰ ਨਾਮ ਦੀ ਹੀ ਮੁਖ਼ਤਿਆਰੀ ਦਿੱਤੀ ਹੈ; ਹਰੀ ਦੇ ਨਾਮ ਦਾ ਹੀ ਅਸਾਂ ਲੇਖਾ ਲਿਖਿਆ ਹੈ, (ਜਿਸ ਲੇਖੇ ਕਰ ਕੇ) ਜਮ ਦੀ ਪਹਿਲੀ ਖ਼ੁਸ਼ਾਮਦ ਦੂਰ ਹੋ ਗਈ ਹੈ।

ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥੧੭॥ {ਪੰਨਾ 593}

ਅਰਥ: ਪਰ ਕਿਸੇ ਵਿਰਲੇ ਗੁਰਮੁਖ ਨੇ ਨਾਮ ਸਿਮਰਿਆ ਹੈ (ਉਹੀ ਸਿਮਰਦੇ ਹਨ) ਜਿਨ੍ਹਾਂ ਨੂੰ ਧੁਰੋਂ ਬਖ਼ਸ਼ਸ਼ ਦੀ ਰਾਹੀਂ (ਪਿਛਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ ਉੱਕਰੇ ਹੋਏ) ਲੇਖ ਦੀ ਪਰਾਪਤੀ ਹੋਈ ਹੈ।੧੨।

ਸਲੋਕ ਮਃ ੩ ॥ ਜਗਤੁ ਅਗਿਆਨੀ ਅੰਧੁ ਹੈ ਦੂਜੈ ਭਾਇ ਕਰਮ ਕਮਾਇ ॥ ਦੂਜੈ ਭਾਇ ਜੇਤੇ ਕਰਮ ਕਰੇ ਦੁਖੁ ਲਗੈ ਤਨਿ ਧਾਇ ॥ {ਪੰਨਾ 593}

ਪਦਅਰਥ: ਤਨਿ = ਸਰੀਰ ਵਿਚ।

ਅਰਥ: ਸੰਸਾਰ ਅੰਨ੍ਹਾ ਤੇ ਅਗਿਆਨੀ ਹੈ, ਮਾਇਆ ਦੇ ਮੋਹ ਵਿਚ ਕੰਮ ਕਰ ਰਿਹਾ ਹੈ; (ਪਰ) ਮਾਇਆ ਦੇ ਮੋਹ ਵਿਚ ਜਿਤਨੇ ਭੀ ਕਰਮ ਕਰਦਾ ਹੈ (ਉਤਨਾ ਹੀ) ਸਰੀਰ ਨੂੰ ਦੁੱਖ ਧਾ ਕੇ ਲੱਗਦਾ ਹੈ (ਭਾਵ, ਖ਼ਾਸ ਤੌਰ ਤੇ ਦੁੱਖ ਲੱਗਦਾ ਹੈ)

ਗੁਰ ਪਰਸਾਦੀ ਸੁਖੁ ਊਪਜੈ ਜਾ ਗੁਰ ਕਾ ਸਬਦੁ ਕਮਾਇ ॥ ਸਚੀ ਬਾਣੀ ਕਰਮ ਕਰੇ ਅਨਦਿਨੁ ਨਾਮੁ ਧਿਆਇ ॥ {ਪੰਨਾ 593}

ਅਰਥ: ਜੇ ਜਗਤ ਗੁਰੂ ਦਾ ਸ਼ਬਦ ਕਮਾਏ, ਸੱਚੀ ਬਾਣੀ ਦੀ ਰਾਹੀਂ ਹਰ ਵੇਲੇ ਨਾਮ ਸਿਮਰਨ ਦੇ ਕਰਮ ਕਰੇ, ਤਾਂ ਸਤਿਗੁਰੂ ਦੀ ਮੇਹਰ ਨਾਲ ਸੁਖ ਉਪਜਦਾ ਹੈ।

ਨਾਨਕ ਜਿਤੁ ਆਪੇ ਲਾਏ ਤਿਤੁ ਲਗੇ ਕਹਣਾ ਕਿਛੂ ਨ ਜਾਇ ॥੧॥ {ਪੰਨਾ 593}

ਅਰਥ: ਹੇ ਨਾਨਕ! ਕੋਈ ਗੱਲ ਆਖ ਨਹੀਂ ਸਕੀਦੀ, ਜਿੱਧਰ ਆਪ ਹਰੀ (ਜੀਵਾਂ ਨੂੰ) ਜੋੜਦਾ ਹੈ, ਉਧਰ ਹੀ ਜੁੜਦੇ ਹਨ।੧।

ਮਃ ੩ ॥ ਹਮ ਘਰਿ ਨਾਮੁ ਖਜਾਨਾ ਸਦਾ ਹੈ ਭਗਤਿ ਭਰੇ ਭੰਡਾਰਾ ॥ ਸਤਗੁਰੁ ਦਾਤਾ ਜੀਅ ਕਾ ਸਦ ਜੀਵੈ ਦੇਵਣਹਾਰਾ ॥ {ਪੰਨਾ 593}

ਪਦਅਰਥ: ਜੀਅ ਕਾ ਦਾਤਾ = ਜਿੰਦ = ਦਾਤਾ, ਆਤਮਕ ਜੀਵਨ ਦੇਣ ਵਾਲਾ।

ਅਰਥ: ਸਾਡੇ (ਹਿਰਦੇ-ਰੂਪ) ਘਰ ਵਿਚ ਸਦਾ ਨਾਮ (ਰੂਪ) ਖ਼ਜ਼ਾਨਾ (ਮੌਜੂਦ) ਹੈ ਤੇ ਭਗਤੀ ਦੇ ਭੰਡਾਰ ਭਰੇ ਹੋਏ ਹਨ, (ਕਿਉਂਕਿ) ਆਤਮਕ ਜੀਵਨ ਦੇਣ ਵਾਲਾ ਸਤਿਗੁਰੂ ਸਦਾ ਅਸਾਡੇ ਸਿਰ ਤੇ ਕਾਇਮ ਹੈ।

ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ ॥ ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ ॥ {ਪੰਨਾ 593}

ਪਦਅਰਥ: ਅਨਦਿਨੁ = ਹਰ ਰੋਜ਼। ਜੁਗੁ ਜੁਗੁ = ਹਰੇਕ ਜੁਗ ਵਿਚ।

ਅਰਥ: (ਨਾਮ ਖ਼ਜ਼ਾਨੇ ਦੀ ਬਰਕਤਿ ਨਾਲ) ਅਸੀ ਸਤਿਗੁਰੂ ਦੇ ਅਪਾਰ ਸ਼ਬਦ ਦੀ ਰਾਹੀਂ ਸਦਾ ਹਰ ਵੇਲੇ ਹਰੀ ਦੇ ਗੁਣ ਗਾਉਂਦੇ ਹਾਂ, ਤੇ ਸਤਿਗੁਰੂ ਦਾ ਸ਼ਬਦ, ਜੋ ਹਰੇਕ ਜੁਗ ਵਿਚ (ਨਾਮ ਦੀ ਦਾਤਿ) ਵਰਤਾਉਣ ਵਾਲਾ ਹੈ, ਸਦਾ ਉਚਾਰਦੇ ਹਾਂ।

ਇਹੁ ਮਨੂਆ ਸਦਾ ਸੁਖਿ ਵਸੈ ਸਹਜੇ ਕਰੇ ਵਾਪਾਰਾ ॥ ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਣਹਾਰਾ ॥ {ਪੰਨਾ 593}

ਅਰਥ: (ਸਤਿਗੁਰੂ ਦੇ ਸ਼ਬਦ ਨਾਲ) ਸਾਡਾ ਇਹ ਮਨ ਸਦਾ ਸੁਖੀ ਰਹਿੰਦਾ ਹੈ ਤੇ ਸੁਤੇ ਹੀ (ਭਾਵ, ਕਿਸੇ ਖ਼ਾਸ ਜਤਨ ਤੋਂ ਬਿਨਾ ਹੀ) ਨਾਮ ਦਾ ਵਾਪਾਰ ਕਰਦਾ ਹੈ ਅਤੇ ਮਨ ਦੇ ਅੰਦਰ ਸਤਿਗੁਰੂ ਦਾ (ਬਖ਼ਸ਼ਿਆ ਹੋਇਆ) ਗਿਆਨ ਤੇ ਮੁਕਤੀ ਕਰਾਉਣ ਵਾਲਾ ਹਰੀ-ਨਾਮ (ਰੂਪ) ਰਤਨ ਵੱਸਦਾ ਹੈ।

ਨਾਨਕ ਜਿਸ ਨੋ ਨਦਰਿ ਕਰੇ ਸੋ ਪਾਏ ਸੋ ਹੋਵੈ ਦਰਿ ਸਚਿਆਰਾ ॥੨॥ {ਪੰਨਾ 593}

ਅਰਥ: ਹੇ ਨਾਨਕ! ਜਿਸ ਤੇ ਕ੍ਰਿਪਾ ਦ੍ਰਿਸ਼ਟੀ ਕਰਦਾ ਹੈ, ਉਸ ਨੂੰ (ਇਹ ਦਾਤਿ) ਮਿਲਦੀ ਹੈ ਤੇ ਦਰਗਾਹ ਵਿਚ ਉਹ ਸੁਰਖ਼ਰੂ ਹੋ ਜਾਂਦਾ ਹੈ।੨।

ਪਉੜੀ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ ॥ {ਪੰਨਾ 593}

ਅਰਥ: ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਆਪਣੇ ਸਤਿਗੁਰੂ ਦੀ ਚਰਨੀਂ ਜਾ ਲੱਗਦਾ ਹੈ, ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ, ਜਿਸ ਨੇ ਮੂੰਹੋਂ ਹਰੀ ਦਾ ਨਾਮ ਉਚਾਰਿਆ ਹੈ।

ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ ॥ {ਪੰਨਾ 593}

ਅਰਥ: ਉਸ ਗੁਰਸਿੱਖ ਨੂੰ ਧੰਨੁ ਧੰਨੁ ਆਖਣਾ ਚਾਹੀਦਾ ਹੈ, ਜਿਸ ਦੇ ਮਨ ਵਿਚ ਹਰੀ ਦਾ ਨਾਮ ਸੁਣ ਕੇ ਚਾਅ ਪੈਦਾ ਹੁੰਦਾ ਹੈ, ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜਿਸ ਨੇ ਸਤਿਗੁਰੂ ਦੀ ਸੇਵਾ ਕਰ ਕੇ ਪਰਮਾਤਮਾ ਦਾ ਨਾਮ ਲੱਭਾ ਹੈ।

ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥੧੮॥ {ਪੰਨਾ 593}

ਅਰਥ: ਮੈਂ ਸਦਾ ਉਸ ਗੁਰਸਿੱਖ ਅਗੇ ਆਪਣਾ ਸਿਰ ਨਿਵਾਉਂਦਾ ਹਾਂ, ਜੋ ਗੁਰਸਿੱਖ ਸਤਿਗੁਰੂ ਦੇ ਭਾਣੇ ਵਿਚ ਚੱਲਦਾ ਹੈ।੧੮।

ਸਲੋਕੁ ਮਃ ੩ ॥ ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥ ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥ {ਪੰਨਾ 593}

ਅਰਥ: ਕਿਸੇ ਮਨੁੱਖ ਨੇ ਮਨ ਦੇ ਹਠ ਨਾਲ ਰੱਬ ਨੂੰ ਨਹੀਂ ਲੱਭਾ, ਸਾਰੇ ਜੀਵ (ਭਾਵ, ਕਈ ਮਨੁੱਖ) (ਹਠ ਨਾਲ) ਕਰਮ ਕਰ ਕੇ (ਓੜਕ) ਥੱਕ ਗਏ ਹਨ; ਮਨ ਦੇ ਹਠ ਨਾਲ (ਕਈ ਤਰ੍ਹਾਂ ਦੇ) ਭੇਖ ਕਰ ਕਰ ਕੇ ਭਟਕਦੇ ਹਨ ਤੇ ਮਾਇਆ ਦੇ ਮੋਹ ਵਿਚ ਦੁੱਖ ਉਠਾਉਂਦੇ ਹਨ।

ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥ {ਪੰਨਾ 593}

ਅਰਥ: ਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿਚ ਨਹੀਂ ਵੱਸ ਸਕਦਾ।

ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ ॥ ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥੧॥ {ਪੰਨਾ 593}

ਅਰਥ: ਸਤਿਗੁਰੂ ਦੀ ਸੇਵਾ ਨਾਲ ਮਨ ਸਾਫ਼ ਹੁੰਦਾ ਹੈ ਤੇ ਅਗਿਆਨ (ਰੂਪ) ਹਨੇਰਾ ਦੂਰ ਹੁੰਦਾ ਹੈ, ਹੇ ਨਾਨਕ! ਨਾਮ (ਰੂਪ) ਰਤਨ ਹਿਰਦੇ ਵਿਚ ਪਰਤੱਖ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿਚ (ਭਾਵ ਸੁਤੇ ਹੀ ਨਾਮ ਜਪਣ ਵਾਲੀ ਦਸ਼ਾ ਵਿਚ) ਮਨੁੱਖ ਲੀਨ ਹੋ ਜਾਂਦਾ ਹੈ।੧।

TOP OF PAGE

Sri Guru Granth Darpan, by Professor Sahib Singh