ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 603

ਸੋਰਠਿ ਮਹਲਾ ੩ ਘਰੁ ੧ ॥ ਤਿਹੀ ਗੁਣੀ ਤ੍ਰਿਭਵਣੁ ਵਿਆਪਿਆ ਭਾਈ ਗੁਰਮੁਖਿ ਬੂਝ ਬੁਝਾਇ ॥ ਰਾਮ ਨਾਮਿ ਲਗਿ ਛੂਟੀਐ ਭਾਈ ਪੂਛਹੁ ਗਿਆਨੀਆ ਜਾਇ ॥੧॥ ਮਨ ਰੇ ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ ॥ ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ ॥ ਰਹਾਉ ॥ ਨਾਮੈ ਤੇ ਸਭਿ ਊਪਜੇ ਭਾਈ ਨਾਇ ਵਿਸਰਿਐ ਮਰਿ ਜਾਇ ॥ ਅਗਿਆਨੀ ਜਗਤੁ ਅੰਧੁ ਹੈ ਭਾਈ ਸੂਤੇ ਗਏ ਮੁਹਾਇ ॥੨॥ ਗੁਰਮੁਖਿ ਜਾਗੇ ਸੇ ਉਬਰੇ ਭਾਈ ਭਵਜਲੁ ਪਾਰਿ ਉਤਾਰਿ ॥ ਜਗ ਮਹਿ ਲਾਹਾ ਹਰਿ ਨਾਮੁ ਹੈ ਭਾਈ ਹਿਰਦੈ ਰਖਿਆ ਉਰ ਧਾਰਿ ॥੩॥ ਗੁਰ ਸਰਣਾਈ ਉਬਰੇ ਭਾਈ ਰਾਮ ਨਾਮਿ ਲਿਵ ਲਾਇ ॥ ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤੁ ਲਗਿ ਪਾਰਿ ਜਨ ਪਾਇ ॥੪॥੯॥ {ਪੰਨਾ 603}

ਪਦਅਰਥ: ਤਿਹੀ ਗੁਣੀ = (ਮਾਇਆ ਦੇ) ਤਿੰਨਾਂ ਹੀ ਗੁਣਾਂ ਵਿਚ (ਰਜੋ, ਸਤੋ, ਤਮੋ ਗੁਣ) ਤ੍ਰਿਭਵਣੁ = ਤਿੰਨ ਭਵਨਾਂ ਵਾਲਾ ਜਗਤ, ਸਾਰਾ ਸੰਸਾਰ। ਵਿਆਪਿਆ = ਫਸਿਆ ਪਿਆ ਹੈ। ਬੂਝ = (ਆਤਮਕ ਜੀਵਨ ਦੀ) ਸਮਝ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ। ਨਾਮਿ = ਨਾਮ ਵਿਚ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਜਾਇ = ਜਾ ਕੇ।੧।

ਛੋਡਿ = ਛੱਡ ਕੇ। ਚਉਥੈ = ਉਸ ਅਵਸਥਾ ਵਿਚ ਜਿਥੇ ਮਾਇਆ ਦੇ ਤਿੰਨ ਗੁਣ ਪ੍ਰਭਾਵ ਨਹੀਂ ਪਾ ਸਕਦੇ। ਮਨਿ = ਮਨ ਵਿਚ।ਰਹਾਉ।

ਨਾਮੈ ਤੇ = ਨਾਮ ਤੋਂ ਹੀ। ਸਭਿ = ਸਾਰੇ। ਊਪਜੇ = ਆਤਮਕ ਜੀਵਨ ਪ੍ਰਾਪਤ ਕਰਦੇ ਹਨ। ਨਾਇ ਵਿਸਰਿਐ = ਜੇ ਨਾਮ ਵਿਸਰ ਜਾਏ। ਮਰਿ ਜਾਇ = (ਆਤਮਕ ਮੌਤੇ) ਮਰ ਜਾਂਦਾ ਹੈ। ਅਗਿਆਨੀ = ਆਤਮਕ ਜੀਵਨ ਦੀ ਸੂਝ ਤੋਂ ਸੱਖਣਾ। ਅੰਧੁ = ਮਾਇਆ ਦੇ ਮੋਹ ਵਿਚ ਅੰਨ੍ਹਾ। ਮੁਹਾਇ = (ਆਤਮਕ ਜੀਵਨ ਦਾ ਸਰਮਾਇਆ) ਲੁਟਾ ਕੇ।੨।

ਭਵਜਲੁ = ਸੰਸਾਰ = ਸਮੁੰਦਰ। ਉਤਾਰਿ = ਉਤਾਰੇ, ਲੰਘਾਂਦਾ ਹੈ। ਉਰ = ਹਿਰਦਾ। ਧਾਰਿ = ਟਿਕਾ ਕੇ।੩।

ਉਥਰੇ = (ਸੰਸਾਰ = ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ। ਲਾਇ = ਲਾ ਕੇ। ਬੇੜਾ = ਜਹਾਜ਼। ਤੁਲਹੜਾ = ਸੋਹਣਾ ਤੁਲਹਾ (ਤੁਲਹਾ = ਲੱਕੜਾਂ ਤੇ ਕਾਹੀ ਆਦਿਕ ਬੰਨ੍ਹ ਕੇ ਦਰਿਆ ਤੋਂ ਪਾਰ ਲੰਘਾਣ ਲਈ ਬਣਾਇਆ ਹੋਇਆ ਵਸੀਲਾ) ਜਿਤੁ = ਜਿਸ ਵਿਚ। ਜਿਤੁ ਲਗਿ = ਜਿਸ ਵਿਚ ਚੜ੍ਹ ਕੇ।੪।

ਅਰਥ: ਹੇ ਮੇਰੇ ਮਨ! ਮਾਇਆ ਦੇ) ਤਿੰਨ ਗੁਣਾਂ (ਦੇ ਪ੍ਰਭਾਵ) ਨੂੰ ਛੱਡ ਕੇ ਉਸ ਅਵਸਥਾ ਵਿਚ ਟਿਕ ਜਿਥੇ ਇਹਨਾਂ ਤਿੰਨਾਂ ਦਾ ਜ਼ੋਰ ਨਹੀਂ ਪੈਂਦਾ। ਹੇ ਭਾਈ! ਪਰਮਾਤਮਾ ਤੇਰੇ ਮਨ ਵਿਚ (ਹੀ) ਵੱਸਦਾ ਹੈ, ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ।ਰਹਾਉ।

ਹੇ ਭਾਈ! ਸਾਰਾ ਜਗਤ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਫਸਿਆ ਪਿਆ ਹੈ। ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ (ਗੁਰੂ ਉਸ ਨੂੰ) ਆਤਮਕ ਜੀਵਨ ਦੀ ਸਮਝ ਬਖ਼ਸ਼ਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਲੀਨ ਹੋ ਕੇ (ਮਾਇਆ ਦੇ ਤਿੰਨਾਂ ਗੁਣਾਂ ਦੀ ਪਕੜ ਤੋਂ) ਬਚੀਦਾ ਹੈ, (ਆਪਣੀ ਤਸੱਲੀ ਵਾਸਤੇ) ਜਾ ਕੇ ਪੁੱਛ ਲਵੋ ਉਹਨਾਂ ਨੂੰ ਜਿਨ੍ਹਾਂ ਨੂੰ ਆਤਮਕ ਜੀਵਨ ਦੀ ਸਮਝ ਆ ਗਈ ਹੈ।੧।

ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜੁੜ ਕੇ ਹੀ ਸਾਰੇ ਜੀਵ ਆਤਮਕ ਜੀਵਨ ਜੀਊ ਸਕਦੇ ਹਨ। ਜੇ ਨਾਮ ਵਿਸਰ ਜਾਏ, ਤਾਂ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ। ਆਤਮਕ ਜੀਵਨ ਦੀ ਸਮਝ ਤੋਂ ਸੱਖਣਾ ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ। ਮਾਇਆ ਦੇ ਮੋਹ ਵਿਚ ਸੁੱਤੇ ਹੋਏ ਮਨੁੱਖ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾ ਕੇ ਜਾਂਦੇ ਹਨ।੨।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੇ ਹਨ ਉਹ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ, (ਗੁਰੂ ਉਹਨਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ। ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਾਂਭ ਕੇ ਰੱਖਦਾ ਹੈ, ਇਹ ਹਰਿ-ਨਾਮ ਹੀ ਜਗਤ ਵਿਚ (ਅਸਲ) ਲਾਭ ਹੈ।੩।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ ਮਨੁੱਖ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ। ਹੇ ਨਾਨਕ! ਆਖ-) ਹੇ ਭਾਈ! ਪਰਮਾਤਮਾ ਦਾ ਨਾਮ ਹੀ ਜਹਾਜ਼ ਹੈ, ਹਰਿ-ਨਾਮ ਹੀ ਤੁਲਹਾ ਹੈ ਜਿਸ ਵਿਚ ਚੜ੍ਹ ਕੇ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।੪।੯।

ਸੋਰਠਿ ਮਹਲਾ ੩ ਘਰੁ ੧ ॥ ਸਤਿਗੁਰੁ ਸੁਖ ਸਾਗਰੁ ਜਗ ਅੰਤਰਿ ਹੋਰ ਥੈ ਸੁਖੁ ਨਾਹੀ ॥ ਹਉਮੈ ਜਗਤੁ ਦੁਖਿ ਰੋਗਿ ਵਿਆਪਿਆ ਮਰਿ ਜਨਮੈ ਰੋਵੈ ਧਾਹੀ ॥੧॥ ਪ੍ਰਾਣੀ ਸਤਿਗੁਰੁ ਸੇਵਿ ਸੁਖੁ ਪਾਇ ॥ ਸਤਿਗੁਰੁ ਸੇਵਹਿ ਤਾ ਸੁਖੁ ਪਾਵਹਿ ਨਾਹਿ ਤ ਜਾਹਿਗਾ ਜਨਮੁ ਗਵਾਇ ॥ ਰਹਾਉ ॥ ਤ੍ਰੈ ਗੁਣ ਧਾਤੁ ਬਹੁ ਕਰਮ ਕਮਾਵਹਿ ਹਰਿ ਰਸ ਸਾਦੁ ਨ ਆਇਆ ॥ ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ ॥੨॥ ਸਤਿਗੁਰੁ ਸੇਵੇ ਸੋ ਵਡਭਾਗੀ ਜਿਸ ਨੋ ਆਪਿ ਮਿਲਾਏ ॥ ਹਰਿ ਰਸੁ ਪੀ ਜਨ ਸਦਾ ਤ੍ਰਿਪਤਾਸੇ ਵਿਚਹੁ ਆਪੁ ਗਵਾਏ ॥੩॥ ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ ਬਿਨੁ ਗੁਰ ਮਗੁ ਨ ਪਾਏ ॥ ਨਾਨਕ ਸਤਿਗੁਰੁ ਮਿਲੈ ਤ ਅਖੀ ਵੇਖੈ ਘਰੈ ਅੰਦਰਿ ਸਚੁ ਪਾਏ ॥੪॥੧੦॥ {ਪੰਨਾ 603}

ਪਦਅਰਥ: ਸੁਖੁ ਸਾਗਰੁ = ਸੁਖਾਂ ਦਾ ਸਮੁੰਦਰ। ਅੰਤਰਿ = ਵਿਚ। ਹੋਰ ਥੈ = ਕਿਸੇ ਹੋਰ ਥਾਂ ਵਿਚ। ਦੁਖਿ = ਦੁੱਖ ਵਿਚ। ਰੋਗਿ = ਰੋਗ ਵਿਚ। ਵਿਆਪਿਆ = ਗ੍ਰਸਿਆ ਹੋਇਆ। ਮਰਿ = ਮਰ ਕੇ। ਧਾਹੀ = ਧਾਹੀਂ, ਧਾਹਾਂ ਮਾਰ ਮਾਰ ਕੇ।੧।

ਪ੍ਰਾਣੀ = ਹੇ ਬੰਦੇ! ਸੇਵਿ = ਸੇਵਾ ਕਰ। ਗਵਾਇ = ਗਵਾ ਕੇ।ਰਹਉ।

ਧਾਤੁ = ਮਾਇਆ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਕਮਾਵਹਿ = ਕਰਦੇ ਹਨ। ਸਾਦੁ = ਸੁਆਦ। ਸੰਧਿਆ = ਸਵੇਰ ਦੁਪਹਿਰ ਤੇ ਸ਼ਾਮ ਦੀ ਪੂਜਾ। ਤਰਪਣੁ = ਪਿਤਰਾਂ ਤੇ ਦੇਵਤਿਆਂ ਨੂੰ ਜਲ ਭੇਟਾ ਕਰਨਾ।੨।

ਜਿਸ ਨੋ = (ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਪੀ = ਪੀ ਕੇ। ਤ੍ਰਿਪਤਾਸੇ = ਰੱਜੇ ਰਹਿੰਦੇ ਹਨ। ਆਪੁ = ਆਪਾ = ਭਾਵ। ਗਵਾਏ = ਗਵਾਇ, ਗਵਾ ਕੇ।੩।

ਅੰਧੁ = ਅੰਨਿ੍ਹਆਂ ਵਾਲਾ ਕੰਮ। ਮਗੁ = ਰਸਤਾ। ਅਖੀ = (ਆਪਣੀਆਂ) ਅੱਖਾਂ ਨਾਲ। ਘਰੈ ਅੰਦਰਿ = ਘਰ ਹੀ ਵਿਚ। ਘਰ ਅੰਦਰਿ = ਘਰ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਪਾਏ = ਲੱਭ ਲੈਂਦਾ ਹੈ।੪।

ਅਰਥ: ਹੇ ਬੰਦੇ! ਗੁਰੂ ਦੀ ਸਰਨ ਪਉ, ਤੇ, ਆਤਮਕ ਆਨੰਦ ਮਾਣ। ਜੇ ਤੂੰ ਗੁਰੂ ਦੀ ਦੱਸੀ ਸੇਵਾ ਕਰੇਂਗਾ, ਤਾਂ ਸੁਖ ਪਾਏਂਗਾ। ਨਹੀਂ ਤਾਂ ਆਪਣਾ ਜੀਵਨ ਵਿਅਰਥ ਗੁਜ਼ਾਰ ਕੇ (ਇਥੋਂ) ਚਲਾ ਜਾਏਂਗਾ।ਰਹਾਉ।

ਹੇ ਭਾਈ! ਜਗਤ ਵਿਚ ਗੁਰੂ (ਹੀ) ਸੁਖ ਦਾ ਸਮੁੰਦਰ ਹੈ, (ਗੁਰੂ ਤੋਂ ਬਿਨਾ) ਕਿਸੇ ਹੋਰ ਥਾਂ ਸੁਖ ਨਹੀਂ ਮਿਲਦਾ। ਜਗਤ ਆਪਣੀ ਹਉਮੈ ਦੇ ਕਾਰਨ (ਗੁਰੂ ਤੋਂ ਖੁੰਝ ਕੇ) ਦੁੱਖ ਵਿਚ ਰੋਗ ਵਿਚ ਗ੍ਰਸਿਆ ਰਹਿੰਦਾ ਹੈ, ਮੁੜ ਮੁੜ ਜੰਮਦਾ ਮਰਦਾ ਹੈ, ਧਾਹਾਂ ਮਾਰ ਮਾਰ ਕੇ ਰੋਂਦਾ ਹੈ (ਦੁੱਖੀ ਹੁੰਦਾ ਹੈ) ੧।

ਹੇ ਭਾਈ! ਗੁਰੂ ਤੋਂ ਖੁੰਝੇ ਹੋਏ ਮਨੁੱਖ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਵਿਚ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਉਂਦਾ। ਤਿੰਨੇ ਵੇਲੇ ਸੰਧਿਆ-ਪਾਠ ਕਰਦੇ ਹਨ, ਪਿਤਰਾਂ ਦੇਵਤਿਆਂ ਨੂੰ ਜਲ ਅਰਪਣ ਕਰਦੇ ਹਨ, ਗਾਇਤ੍ਰੀ-ਮੰਤ੍ਰ ਦਾ ਪਾਠ ਕਰਦੇ ਹਨ, ਪਰ ਆਤਮਕ ਜੀਵਨ ਦੀ ਸੂਝ ਤੋਂ ਬਿਨਾ ਉਹਨਾਂ ਨੂੰ ਦੁੱਖ ਹੀ ਮਿਲਦਾ ਹੈ।੨।

ਹੇ ਭਾਈ! ਉਹ ਮਨੁੱਖ ਭਾਗਾਂ ਵਾਲਾ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ (ਪਰ ਗੁਰੂ ਉਸੇ ਨੂੰ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਮਿਲਾਏ। (ਗੁਰੂ ਦੀ ਸ਼ਰਨ ਪੈਣ ਵਾਲੇ) ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ (ਗੁਰੂ ਪਾਸੋਂ) ਪਰਮਾਤਮਾ ਦੇ ਨਾਮ ਦਾ ਰਸ ਪੀ ਕੇ ਸਦਾ ਰੱਜੇ ਰਹਿੰਦੇ ਹਨ।੩।

ਹੇ ਭਾਈ! ਇਹ ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਅੰਨਿ੍ਹਆਂ ਵਾਲਾ ਹੀ ਕੰਮ ਸਦਾ ਕਰਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵਨ ਦਾ ਸਹੀ) ਰਸਤਾ ਨਹੀਂ ਲੱਭ ਸਕਦਾ। ਹੇ ਨਾਨਕ! ਜੇ ਇਸ ਨੂੰ ਗੁਰੂ ਮਿਲ ਪਏ, ਤਾਂ (ਪਰਮਾਤਮਾ ਨੂੰ) ਅੱਖਾਂ ਨਾਲ ਵੇਖ ਲੈਂਦਾ ਹੈ, ਆਪਣੇ ਹਿਰਦੇ-ਘਰ ਵਿਚ ਹੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲੈਂਦਾ ਹੈ।੪।੧੦।

ਸੋਰਠਿ ਮਹਲਾ ੩ ॥ ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ ॥ ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥੨॥ ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥ ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥ {ਪੰਨਾ 603-604}

ਪਦਅਰਥ: ਜੁਗ ਚਾਰੇ = ਚਹੁੰਆਂ ਜੁਗਾਂ ਵਿਚ। ਭਰਮਾਈ = ਭਟਕਦਾ ਹੈ। ਦੀਨ = ਕੰਗਾਲ, ਮੰਗਤੇ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਦੇਹਿ = ਦੇਂਹਿ, ਤੂੰ ਦੇਂਦਾ ਹੈਂ। ਬੁਝਾਈ = ਸਮਝ।੧।

ਆਧਾਰੇ = ਆਸਰਾ।ਰਹਾਉ।

ਮਨਸਾ = {मनीषा} ਵਾਸਨਾ। ਮਾਰਿ = ਮਾਰ ਕੇ। ਦੁਬਿਧਾ = ਦੁ = ਕਿਸਮਾ = ਪਨ, ਡਾਂਵਾਂ = ਡੋਲ ਹਾਲਤ। ਸਹਜਿ = ਆਤਮਕ ਅਡੋਲਤਾ ਵਿਚ। ਕਿਲਬਿਖ = ਪਾਪ।੨।

ਸਬਦਿ = ਸ਼ਬਦ ਦੀ ਰਾਹੀਂ। ਮਰਹੁ = (ਵਿਕਾਰਾਂ ਵਲੋਂ) ਅਛੋਹ ਹੋ ਜਾਵੋ। ਜੀਵਹੁ = ਆਤਮਕ ਜੀਵਨ ਹਾਸਲ ਕਰ ਲਵੋਗੇ। ਸਦ ਹੀ = ਸਦਾ ਹੀ। ਮਰਣੁ = ਆਤਮਕ ਮੌਤ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਮਨਿ = ਮਨ ਵਿਚ।੩।

ਦਾਤੈ = ਦਾਤੇ ਨੇ। ਹਥਿ = ਹੱਥ ਵਿਚ। ਦੇਈ = ਦੇਂਦਾ ਹੈ। ਜਾਪਹਿ = ਆਦਰ ਪਾਂਦੇ ਹਨ, ਪਰਗਟ ਹੁੰਦੇ ਹਨ।੪।

ਅਰਥ: ਹੇ ਪਿਆਰੇ ਪ੍ਰਭੂ ਜੀ! ਮੇਰੇ ਉਤੇ) ਮੇਹਰ ਕਰ, ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ।ਰਹਾਉ।

ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ। ਹੇ ਪ੍ਰਭੂ! ਅਸੀ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼।੧।

(ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ (ਨਾਮ ਦੀ ਬਰਕਤਿ ਨਾਲ) ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂ-ਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ (ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ) ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।੨।

ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ। ਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ।੩।

ਹੇ ਭਾਈ! ਦਾਤਾਰ ਨੇ (ਨਾਮ ਦੀ ਇਹ) ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦੇਂਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਇਥੇ) ਸੁਖ ਮਾਣਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਹੀ ਮਨੁੱਖ ਆਦਰ-ਮਾਣ ਪਾਂਦੇ ਹਨ।੪।੧੧।

TOP OF PAGE

Sri Guru Granth Darpan, by Professor Sahib Singh