ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 606

ਸੋਰਠਿ ਮਹਲਾ ੪ ॥ ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥ ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥ ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥ ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥ ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥ ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥ ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥ ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥ ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥ ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥੩॥ ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥ ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥ ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥੪॥੫॥ {ਪੰਨਾ 606}

ਪਦਅਰਥ: ਕਰਿ = ਕਰ ਕੇ, ਬਣਾ ਕੇ। ਚਾਨਾਣੁ = ਚਨਾਣ। ਤਾਣੁ = ਸਹਾਰਾ, ਆਸਰਾ। ਸੁਘੜੁ = ਸੁਚੱਜੀ ਆਤਮਕ ਘਾੜਤ ਵਾਲਾ। ਸੁਜਾਣੁ = ਸਿਆਣਾ, ਸਭ ਦੇ ਦਿਲ ਦੀ ਜਾਣਨ ਵਾਲਾ।੧।

ਨੀਸਾਣੁ = ਜੀਵਨ = ਸਫ਼ਰ ਵਿਚ ਰਾਹਦਾਰੀ।ਰਹਾਉ।

ਵਰਤਦਾ = ਵੰਡਦਾ। ਪਰਵਾਣੁ = ਕਬੂਲ (ਕਰਦਾ ਹੈ) ਬਖਸ = ਬਖ਼ਸ਼ਸ਼। ਸਚੁ = ਸਦਾ ਕਾਇਮ ਰਹਿਣ ਵਾਲਾ। ਨੀਸਾਣੁ = ਨਿਸ਼ਾਨ, ਝੰਡਾ, ਚਾਨਣ = ਮੁਨਾਰਾ। ਹੁਕਮਿ = ਹੁਕਮ ਅਨੁਸਾਰ। ਫੁਰਮਾਣੁ = ਹੁਕਮ।੨।

ਭੰਡਾਰ = ਖ਼ਜ਼ਾਨੇ। ਦਾਣੁ = ਦਾਨ, ਬਖ਼ਸ਼ੀਸ਼। ਮਾਣੁ = ਆਦਰ। ਤਾੜੀ = ਸਮਾਧੀ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ।੩।

ਪਰਧਾਣੁ = ਮੰਨਿਆ = ਪ੍ਰਮੰਨਿਆ। ਤੁਲੁ = ਤਰਾਜ਼ੂ। ਪਰਵਾਣੁ = ਵੱਟਾ।੪।

ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਹੀ ਜੀਵਨ-ਸਫ਼ਰ ਵਾਸਤੇ) ਰਾਹਦਾਰੀ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਤੂੰ ਪਰਮਾਤਮਾ ਦਾ ਧਿਆਨ ਧਰਿਆ ਕਰ, (ਧਿਆਨ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦਾ ਗੇੜ ਨਹੀਂ ਰਹੇਗਾ।ਰਹਾਉ।

ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ, ਤੇ (ਸ੍ਰਿਸ਼ਟੀ ਨੂੰ) ਸੂਰਜ ਚੰਦ ਚਾਨਣ ਕਰਨ ਲਈ ਬਣਾਂਦਾ ਹੈ। ਪ੍ਰਭੂ ਆਪ ਹੀ ਨਿਆਸਰਿਆਂ ਦਾ ਆਸਰਾ ਹੈ, ਜਿਨ੍ਹਾਂ ਨੂੰ ਕੋਈ ਆਦਰ-ਮਾਣ ਨਹੀਂ ਦੇਂਦਾ ਉਹਨਾਂ ਨੂੰ ਆਦਰ-ਮਾਣ ਦੇਣ ਵਾਲਾ ਹੈ। ਉਹ ਪਿਆਰਾ ਪ੍ਰਭੂ ਸੋਹਣੀ ਆਤਮਕ ਘਾੜਤ ਵਾਲਾ ਹੈ, ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਉਹ ਮੇਹਰ ਕਰ ਕੇ ਆਪ ਸਭ ਦੀ ਰਖਿਆ ਕਰਦਾ ਹੈ।੧।

ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤਿ ਦੇਂਦਾ ਹੈ, ਆਪ ਹੀ ਜੀਵਾਂ ਨੂੰ ਆਪਣੀ ਹਜ਼ੂਰੀ ਵਿਚ ਕਬੂਲ ਕਰਦਾ ਹੈ। ਪ੍ਰਭੂ ਆਪ ਹੀ ਸਭ ਉਤੇ ਬਖ਼ਸ਼ਸ਼ ਕਰਦਾ ਹੈ, ਉਹ ਆਪ ਹੀ (ਜੀਵਾਂ ਵਾਸਤੇ) ਸਦਾ ਕਾਇਮ ਰਹਿਣ ਵਾਲਾ ਚਾਨਣ-ਮੁਨਾਰਾ ਹੈ। ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਹੁਕਮ ਵਿਚ ਤੋਰਦਾ ਹੈ, ਆਪ ਹੀ ਹਰ ਥਾਂ ਹੁਕਮ ਚਲਾਂਦਾ ਹੈ।੨।

ਹੇ ਭਾਈ! ਉਹ ਪਿਆਰਾ ਪ੍ਰਭੂ (ਆਪਣੀ) ਭਗਤੀ ਦੇ ਖ਼ਜ਼ਾਨਿਆਂ ਵਾਲਾ ਹੈ, ਆਪ ਹੀ (ਜੀਵਾਂ ਨੂੰ ਆਪਣੀ ਭਗਤੀ ਦੀ) ਦਾਤਿ ਦੇਂਦਾ ਹੈ। ਪ੍ਰਭੂ ਆਪ ਹੀ (ਜੀਵਾਂ ਪਾਸੋਂ) ਸੇਵਾ-ਭਗਤੀ ਕਰਾਂਦਾ ਹੈ, ਤੇ ਆਪ ਹੀ (ਸੇਵਾ-ਭਗਤੀ ਕਰਨ ਵਾਲਿਆਂ ਨੂੰ ਜਗਤ ਪਾਸੋਂ) ਇੱਜ਼ਤ ਦਿਵਾਂਦਾ ਹੈ। ਉਹ ਪ੍ਰਭੂ ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ, ਤੇ ਆਪ ਹੀ (ਆਪਣੇ ਗੁਣਾਂ ਵਿਚ) ਸਮਾਧੀ ਲਾਂਦਾ ਹੈ।੩।

ਹੇ ਭਾਈ! ਉਹ ਪ੍ਰਭੂ ਪਿਆਰਾ ਆਪ ਹੀ ਸਭ ਤੋਂ ਵੱਡਾ ਹੈ ਤੇ ਮੰਨਿਆ-ਪ੍ਰਮੰਨਿਆ ਹੋਇਆ ਹੈ। ਉਹ ਆਪ ਹੀ (ਆਪਣਾ) ਤੇਲ ਤੇ ਪੈਮਾਨਾ ਵਰਤ ਕੇ (ਆਪਣੇ ਪੈਦਾ ਕੀਤੇ ਜੀਵਾਂ ਦੇ ਜੀਵਨ ਦਾ) ਮੁੱਲ ਪਾਂਦਾ ਹੈ। ਉਹ ਪ੍ਰਭੂ ਆਪ ਅਤੁੱਲ ਹੈ (ਉਸ ਦੀ ਬਜ਼ੁਰਗੀ ਦਾ ਮਾਪ ਨਹੀਂ ਹੋ ਸਕਦਾ) ਉਹ (ਜੀਵਾਂ ਦੇ ਜੀਵਨ ਸਦਾ) ਤੋਲਦਾ ਹੈ। ਹੇ ਦਾਸ ਨਾਨਕ! ਆਖ-) ਮੈਂ ਸਦਾ ਉਸ ਤੋਂ ਸਦਕੇ ਜਾਂਦਾ ਹਾਂ।੪।੫।

ਸੋਰਠਿ ਮਹਲਾ ੪ ॥ ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥ ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ ॥ ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਓਮਾਹਾ ॥ ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥ ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ ॥ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥ ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥੨॥ ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ ॥ ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ ॥ ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥੩॥ ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ ॥ ਗਲਿ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਭੁ ਖਿੰਚੈ ਤਿਉ ਜਾਹਾ ॥ ਜੋ ਗਰਬੈ ਸੋ ਪਚਸੀ ਪਿਆਰੇ ਜਪਿ ਨਾਨਕ ਭਗਤਿ ਸਮਾਹਾ ॥੪॥੬॥ {ਪੰਨਾ 606}

ਪਦਅਰਥ: ਉਮਾਹਾ = ਉਤਸ਼ਾਹਾ। ਸਬਦਿ = ਸ਼ਬਦ ਵਿਚ। ਸਮਾਹਾ = ਲੀਨਤਾ ਪੈਦਾ ਕਰਦਾ ਹੈ। ਲੇਖਣਿ = ਕਲਮ।੧।

ਓਮਾਹਾ = ਉਤਸ਼ਾਹ (ਨਾਲ) ਅਨਦਿਨੁ = ਹਰ ਰੋਜ਼, ਹਰ ਵੇਲੇ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ।ਰਹਾਉ।

ਗੋਪੀ = ਗਵਾਲਿਆਂ ਦੀਆਂ ਇਸਤ੍ਰੀਆਂ। ਕਾਨੁ = ਕ੍ਰਿਸ਼ਨ। ਬਨਿ = ਜੰਗਲ ਵਿਚ, ਬਿੰਦ੍ਰਾਬਨ ਵਿਚ। ਸਾਵਲ ਸੁੰਦਰਾ = ਸਾਵਲੇ ਰੰਗ ਵਾਲਾ ਸੋਹਣਾ (ਕ੍ਰਿਸ਼ਨ) ਵੰਸੁ = ਬੰਸਰੀ। ਕੁਵਲੀਆਪੀੜੁ = ਕੰਸ ਦਾ ਭੇਜਿਆ ਹੋਇਆ ਹਾਥੀ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ। ਰੂਪਿ = ਰੂਪ ਵਿਚ। ਪਚਾਹਾ = ਨਾਸ।੨।

ਅਖਾੜਾ = (ਜਗਤ-) ਪਿੜ। ਚੋਜਾਹਾ = ਤਮਾਸ਼ੇ, ਖੇਡਾਂ। ਚੰਡੂਰੁ = ਕੰਸ ਦੇ ਪਹਿਲਵਾਨ ਦਾ ਨਾਮ। ਕੰਸੁ = ਕੇਸੀ। ਮੁਗਧਾਹਾ = ਮੂਰਖਾਂ ਦਾ।੩।

ਸਭੁ = ਸਾਰਾ। ਵਸਿ = ਵੱਸ ਵਿਚ। ਗਲਿ = ਗਲ ਵਿਚ। ਜੇਵੜੀ = ਰੱਸੀ। ਖਿੰਚੈ = ਖਿੱਚਦਾ ਹੈ। ਗਰਬੈ = ਅਹੰਕਾਰ ਕਰਦਾ ਹੈ ਪਚਸੀ ਨਾਸ ਹੋ ਜਾਇਗਾ।੪।

ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਉਤਸ਼ਾਹ ਨਾਲ ਜਪਿਆ ਕਰ। ਪੂਰੇ ਗੁਰੂ ਦੀ ਰਾਹੀਂ ਹਰਿ-ਨਾਮ ਦਾ ਲਾਭ ਖੱਟ ਲੈ। (ਜੇਹੜਾ) ਵਡ-ਭਾਗੀ ਮਨੁੱਖ (ਨਾਮ ਜਪਦਾ ਹੈ, ਉਸ) ਨੂੰ ਹਰ ਵੇਲੇ ਆਤਮਕ ਸੁਖ ਮਿਲਿਆ ਰਹਿੰਦਾ ਹੈ।ਰਹਾਉ।

ਹੇ ਭਾਈ! ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੀ) ਸੇਵਾ-ਭਗਤੀ ਵਿਚ ਜੋੜਦਾ ਹੈ, ਆਪ ਹੀ ਭਗਤੀ ਕਰਨ ਦਾ ਉਤਸ਼ਾਹ ਦੇਂਦਾ ਹੈ। ਪ੍ਰਭੂ ਆਪ ਹੀ (ਜੀਵਾਂ ਨੂੰ) ਗੁਣ ਗਾਵਣ ਲਈ ਪ੍ਰੇਰਨਾ ਕਰਦਾ ਹੈ, ਆਪ ਹੀ (ਜੀਵਾਂ ਨੂੰ) ਗੁਰੂ ਦੇ ਸ਼ਬਦ ਵਿਚ ਜੋੜਦਾ ਹੈ। ਪ੍ਰਭੂ ਆਪ ਹੀ ਕਲਮ ਹੈ, ਆਪ ਹੀ ਕਲਮ ਚਲਾਣ ਵਾਲਾ ਹੈ, ਤੇ, ਆਪ ਹੀ (ਜੀਵਾਂ ਦੇ ਮੱਥੇ ਉੱਤੇ ਭਗਤੀ ਦਾ) ਲੇਖ ਲਿਖਦਾ ਹੈ।੧।

ਹੇ ਭਾਈ! ਪ੍ਰਭੂ ਹੀ ਗੋਪੀਆਂ ਹੈ, ਆਪ ਹੀ ਕ੍ਰਿਸ਼ਨ ਹੈ, ਆਪ ਹੀ (ਬਿੰਦ੍ਰਾਬਨ) ਜੰਗਲ ਵਿਚ ਗਾਈਆਂ ਚਾਰਨ ਵਾਲਾ ਹੈ। ਪ੍ਰਭੂ ਆਪ ਹੀ ਸਾਂਵਲੇ ਰੰਗ ਵਾਲਾ ਸੋਹਣਾ ਕ੍ਰਿਸ਼ਨ ਹੈ, ਆਪ ਹੀ ਬੰਸਰੀ ਵਜਾਣ ਵਾਲਾ ਹੈ। ਪ੍ਰਭੂ ਆਪ ਹੀ ਬਾਲਕ-ਰੂਪ (ਕ੍ਰਿਸ਼ਨ-ਰੂਪ) ਵਿਚ (ਕੰਸ ਦੇ ਭੇਜੇ ਹੋਏ ਹਾਥੀ) ਕੁਵਲੀਆਪੀੜ ਨੂੰ ਨਾਸ ਕਰਨ ਵਾਲਾ ਹੈ।੨।

ਹੇ ਭਾਈ! ਪ੍ਰਭੂ ਆਪ ਹੀ (ਇਹ ਜਗਤ ਦਾ) ਅਖਾੜਾ ਬਣਾਣ ਵਾਲਾ ਹੈ, (ਇਸ ਜਗਤ-ਅਖਾੜੇ ਵਿਚ) ਆਪ ਹੀ ਕੌਤਕ-ਤਮਾਸ਼ੇ ਰਚ ਕੇ ਵੇਖ ਰਿਹਾ ਹੈ। ਪ੍ਰਭੂ ਆਪ ਹੀ ਬਾਲਕ-ਰੂਪ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ, ਤੇ, ਆਪ ਹੀ ਉਸ ਪਾਸੋਂ ਚੰਡੂਰ, ਕੇਸੀ ਅਤੇ ਕੰਸ ਨੂੰ ਮਰਵਾਣ ਵਾਲਾ ਹੈ। ਆਪ ਹੀ ਤਾਕਤ (ਦੇਣ ਵਾਲਾ) ਹੈ, ਤੇ, ਆਪ ਹੀ ਮੂਰਖਾਂ ਦੀ ਤਾਕਤ ਭੰਨ ਦੇਂਦਾ ਹੈ।੩।

ਹੇ ਭਾਈ! ਪਿਆਰਾ ਪ੍ਰਭੂ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਹੈ, (ਜਗਤ ਨੂੰ ਆਪ ਹੀ ਆਪਣੇ) ਵੱਸ ਵਿਚ ਰੱਖਦਾ ਹੈ (ਜੀਵਾਂ ਦੀ ਜੀਵਨ-) ਜੁਗਤਿ ਆਪਣੇ ਹੱਥ ਵਿਚ ਰੱਖਦਾ ਹੈ। ਪ੍ਰਭੂ ਆਪ ਹੀ (ਸਭ ਜੀਵਾਂ ਦੇ) ਗਲ ਵਿਚ ਰੱਸੀ ਪਾਈ ਰੱਖਦਾ ਹੈ, ਜਿਵੇਂ ਪ੍ਰਭੂ (ਉਸ ਰੱਸੀ ਨੂੰ) ਖਿੱਚਦਾ ਹੈ ਤਿਵੇਂ ਹੀ ਜੀਵ (ਜੀਵਨ-ਰਾਹ ਤੇ) ਤੁਰਦੇ ਹਨ। ਹੇ ਨਾਨਕ! ਆਖ-) ਹੇ ਪਿਆਰੇ ਸੱਜਣ! ਜੇਹੜਾ ਮਨੁੱਖ (ਆਪਣੇ ਕਿਸੇ ਬਲ ਆਦਿਕ ਦਾ) ਅਹੰਕਾਰ ਕਰਦਾ ਹੈ ਉਹ ਤਬਾਹ ਹੋ ਜਾਂਦਾ ਹੈ (ਆਤਮਕ ਮੌਤ ਸਹੇੜ ਲੈਂਦਾ ਹੈ) ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰ, ਉਸ ਦੀ ਭਗਤੀ ਵਿਚ ਲੀਨ ਰਿਹਾ ਕਰ।੪।੬।

TOP OF PAGE

Sri Guru Granth Darpan, by Professor Sahib Singh