ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 614

ਸੋਰਠਿ ਮਹਲਾ ੫ ॥ ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥ ਹਮ ਸੰਤਨ ਸਿਉ ਬਣਿ ਆਈ ॥ ਪੂਰਬਿ ਲਿਖਿਆ ਪਾਈ ॥ ਇਹੁ ਮਨੁ ਤੇਰਾ ਭਾਈ ॥ ਰਹਾਉ ॥ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ॥ ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥ ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥ ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥ ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ ॥ ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥੪॥੮॥੧੯॥ {ਪੰਨਾ 614}

ਪਦਅਰਥ: ਰੇਨੁ = ਚਰਨ = ਧੂੜ। ਪਿਆਰੇ = ਹੇ ਪਿਆਰੇ ਪ੍ਰਭੂ! ਓਟ = ਆਸਰਾ। ਸਤਾਣੀ = ਸ = ਤਾਣੀ, ਤਾਣ ਵਾਲੀ, ਤਕੜੀ।੧।

ਸਿਉ = ਨਾਲ। ਬਣਿ ਆਈ = ਪ੍ਰੀਤਿ ਬਣ ਗਈ ਹੈ। ਪੂਰਬਿ ਲਿਖਿਆ = ਪੂਰਬਲੇ ਭਾਗਾਂ ਅਨੁਸਾਰ ਲਿਖਿਆ ਲੇਖ। ਭਾਈ = ਪ੍ਰੇਮੀ।ਰਹਾਉ।

ਲੇਵਾ ਦੇਵੀ = ਲੈਣ = ਦੇਣ। ਬਿਉਹਾਰਾ = ਵਰਤਣ = ਵਿਹਾਰ। ਲਾਹਾ = ਲਾਭ। ਭੰਡਾਰਾ = ਖ਼ਜ਼ਾਨੇ।੨।

ਮੋ ਕਉ = ਮੈਨੂੰ। ਪੂੰਜੀ = ਹਰਿ = ਨਾਮ ਦਾ ਸਰਮਾਇਆ। ਸਉਪੀ = ਹਵਾਲੇ ਕੀਤੀ, ਦਿੱਤੀ। ਧੋਖਾ = ਫ਼ਿਕਰ। ਕਹਾ ਕਰੈਗੋ = ਕੁਝ ਨਹੀਂ ਕਰ ਸਕੇਗਾ। ਫਾਟਿਓ = ਪਾਟ ਗਿਆ ਹੈ। ਸਗਲੋ = ਸਾਰਾ।੩।

ਪਰਸਾਦੇ = ਪਰਸਾਦਿ, ਕਿਰਪਾ ਨਾਲ। ਮਾਨਿਆ = ਪਤੀਜ ਗਿਆ ਹੈ। ਰੰਗਿ = ਪ੍ਰੇਮ = ਰੰਗ ਵਿਚ। ਰਤੇ = ਰੰਗਿਆ ਗਿਆ। ਬਿਸਮਾਦੇ = ਅਸਚਰਜ ਪ੍ਰਭੂ ਦੇ।

ਅਰਥ: ਹੇ ਪ੍ਰਭੂ! ਤੇਰੇ ਸੰਤਾਂ ਨਾਲ ਮੇਰੀ ਪ੍ਰੀਤਿ ਬਣ ਗਈ ਹੈ। ਪਿਛਲੇ ਲਿਖੇ ਲੇਖ ਅਨੁਸਾਰ ਇਹ ਪ੍ਰਾਪਤੀ ਹੋਈ ਹੈ। ਹੁਣ ਮੇਰਾ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਹੈ।ਰਹਾਉ।

ਹੇ ਪਿਆਰੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਬਣਿਆ ਰਹਾਂ, ਸੰਤ ਜਨਾਂ ਦੀ ਸਰਨ ਪਿਆ ਰਹਾਂ। ਸੰਤ ਹੀ ਮੇਰਾ ਤਕੜਾ ਸਹਾਰਾ ਹਨ, ਸੰਤ ਜਨ ਹੀ ਮੇਰੇ ਜੀਵਨ ਨੂੰ ਸੋਹਣਾ ਬਣਾਣ ਵਾਲੇ ਹਨ।੧।

(ਹੇ ਪ੍ਰਭੂ! ਤੇਰੀ ਮੇਹਰ ਨਾਲ) ਸੰਤ ਜਨਾਂ ਨਾਲ ਹੀ ਮੇਰਾ ਲੈਣ-ਦੇਣ ਤੇ ਵਰਤਣ-ਵਿਹਾਰ ਹੈ। ਸੰਤ ਜਨਾਂ ਨਾਲ ਰਹਿ ਕੇ ਮੈਂ ਇਹ ਲਾਭ ਖੱਟਿਆ ਹੈ ਕਿ ਮੇਰੇ ਅੰਦਰ ਭਗਤੀ ਦੇ ਖ਼ਜ਼ਾਨੇ ਭਰ ਗਏ ਹਨ।੨।

ਹੇ ਭਾਈ! ਜਦੋਂ ਤੋਂ ਸੰਤ ਜਨਾਂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਰਾਸਿ-ਪੂੰਜੀ ਦਿੱਤੀ ਹੈ, ਤਦੋਂ ਤੋਂ ਮੇਰੇ ਮਨ ਦਾ ਚਿੰਤਾ-ਫ਼ਿਕਰ ਲਹਿ ਗਿਆ ਹੈ। (ਮੇਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ) ਸਾਰਾ ਹੀ ਹਿਸਾਬ ਦਾ ਕਾਗਜ਼ ਪਾਟ ਚੁਕਾ ਹੈ। ਹੁਣ ਧਰਮਰਾਜ ਮੈਥੋਂ ਕੋਈ ਪੁੱਛ ਨਹੀਂ ਕਰੇਗਾ।੩।

ਹੇ ਭਾਈ! ਸੰਤ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਕ ਆਨੰਦ ਬਣਿਆ ਪਿਆ ਹੈ। ਹੇ ਨਾਨਕ! ਆਖ-ਮੇਰਾ ਮਨ ਪਰਮਾਤਮਾ ਨਾਲ ਪਤੀਜ ਗਿਆ ਹੈ, ਅਸਚਰਜ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮੈਂ ਰੰਗਿਆ ਗਿਆ ਹਾਂ।੪।੮।੧੯।

ਸੋਰਠਿ ਮਃ ੫ ॥ ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ ॥ ਰਾਮ ਨਾਮ ਸੰਗਿ ਕਰਿ ਬਿਉਹਾਰਾ ਪਾਵਹਿ ਪਦੁ ਨਿਰਬਾਨੀ ॥੧॥ ਪਿਆਰੇ ਤੂ ਮੇਰੋ ਸੁਖਦਾਤਾ ॥ ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ॥ ਰਹਾਉ ॥ ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹਿ ਸੁਖੁ ਨਹੀ ਪਾਈਐ ॥ ਹੋਹੁ ਰੇਨ ਤੂ ਸਗਲ ਕੀ ਮੇਰੇ ਮਨ ਤਉ ਅਨਦ ਮੰਗਲ ਸੁਖੁ ਪਾਈਐ ॥੨॥ ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ ॥ ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥੩॥ ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ ॥ ਨਾਮੁ ਵਰਤਣਿ ਨਾਮੋ ਵਾਲੇਵਾ ਨਾਮੁ ਨਾਨਕ ਪ੍ਰਾਨ ਅਧਾਰਾ ॥੪॥੯॥੨੦॥ {ਪੰਨਾ 614}

ਪਦਅਰਥ: ਜੇਤੀ = ਜਿਤਨੀ ਹੀ। ਸਮਗ੍ਰੀ = ਸਾਮਾਨ। ਤੇਤੀ ਹੀ = ਇਹ ਸਾਰੀ ਹੀ। ਸੰਗਿ = ਨਾਲ। ਪਦੁ = ਆਤਮਕ ਦਰਜਾ। ਨਿਰਬਾਨੀ = ਵਾਸਨਾ = ਰਹਿਤ।੧।

ਪਿਆਰੇ = ਹੇ ਪਿਆਰੇ ਪ੍ਰਭੂ! ਗੁਰਿ ਪੂਰੈ = ਪੂਰੇ ਗੁਰੂ ਨੇ। ਪਰਾਤਾ = ਪ੍ਰੋਤਾ ਗਿਆ ਹਾਂ।ਰਹਾਉ।

ਤਾ ਮਹਿ = ਇਹਨਾਂ ਵਿਚ ਫਸੇ ਰਿਹਾਂ। ਰੇਨ = ਚਰਨ = ਧੂੜ। ਸਗਲ ਕੀ = ਸਭਨਾਂ ਦੀ।੨।

ਘਾਲ = ਮੇਹਨਤ। ਭਾਨੈ = ਭੰਨਦਾ, ਨਾਸ ਕਰਦਾ। ਅੰਤਰ ਬਿਧਿ = ਅੰਦਰਲੀ ਹਾਲਤ। ਮਨ = ਹੇ ਮਨ! ਹੋਮਿ = ਹਵਨ ਕਰ ਦੇਹ, ਭੇਟਾ ਕਰ ਦੇਹ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ = ਰਹਿਤ ਹੈ।੩।

ਦਾਮੋਦਰ = {ਦਾਮ = ਰੱਸੀ। ਉਦਰ = ਪੇਟ} ਪਰਮਾਤਮਾ। ਮਾਧਵੇ = ਮਾਇਆ ਦਾ ਪਤੀ, ਪ੍ਰਭੂ। ਵਰਤਣਿ = ਹਰ ਰੋਜ਼ ਕੰਮ ਆਉਣ ਵਾਲੀ ਚੀਜ਼। ਵਾਲੇਵਾ = ਹਿਰਦੇ = ਘਰ ਦਾ ਸਾਮਾਨ। ਅਧਾਰਾ = ਆਸਰਾ। ਨਾਮੋ = ਨਾਮ ਹੀ।੪।

ਅਰਥ: ਹੇ ਪਿਆਰੇ ਪ੍ਰਭੂ! ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਤੂੰ ਹੀ ਮੇਰਾ ਸੁਖਾਂ ਦਾ ਦਾਤਾ ਹੈਂ। (ਜਦੋਂ ਤੋਂ) ਪੂਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ, ਮੈਂ ਤੇਰੇ ਨਾਲ ਹੀ ਪ੍ਰੋਤਾ ਗਿਆ ਹਾਂ।ਰਹਾਉ।

ਹੇ ਮਨੁੱਖ! ਇਹ ਜਿਤਨਾ ਹੀ ਸਾਜ-ਸਾਮਾਨ ਤੂੰ ਵੇਖ ਰਿਹਾ ਹੈਂ, ਇਹ ਸਾਰਾ ਹੀ (ਅੰਤ) ਛੱਡ ਕੇ ਚਲੇ ਜਾਣਾ ਹੈ। ਪਰਮਾਤਮਾ ਦੇ ਨਾਮ ਨਾਲ ਸਾਂਝ ਬਣਾ, ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ।੧।

ਹੇ ਭਾਈ! ਕਾਮ ਕ੍ਰੋਧ ਲੋਭ ਮੋਹ ਅਹੰਕਾਰ-ਇਸ ਵਿਚ ਫਸੇ ਰਿਹਾਂ ਸੁਖ ਨਹੀਂ ਮਿਲਿਆ ਕਰਦਾ। ਹੇ ਮੇਰੇ ਮਨ! ਤੂੰ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੁ। ਤਦੋਂ ਹੀ ਆਤਮਕ ਆਨੰਦ ਖ਼ੁਸ਼ੀ ਸੁਖ ਪ੍ਰਾਪਤ ਹੁੰਦਾ ਹੈ।

ਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰ, ਜੇਹੜਾ ਕਿਸੇ ਦੀ ਕੀਤੀ ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ, ਤੇ ਹਰੇਕ ਦੇ ਦਿਲ ਦੀ ਜਾਣਦਾ ਹੈ। ਹੇ ਭਾਈ! ਜੇਹੜਾ ਪ੍ਰਕਾਸ਼-ਰੂਪ ਪ੍ਰਭੂ ਸਭ ਤੋਂ ਵੱਡਾ ਹੈ ਜਿਸ ਦਾ ਸਰੂਪ ਮੌਤ-ਰਹਿਤ ਹੈ, ਉਸ ਦੀ ਪੂਜਾ-ਭਗਤੀ ਕਰ, ਤੇ, ਭੇਟਾ ਵਜੋਂ ਆਪਣਾ ਇਹ ਮਨ ਉਸ ਦੇ ਹਵਾਲੇ ਕਰ ਦੇਹ।੩।

ਹੇ ਨਾਨਕ! ਗੋਬਿੰਦ ਦਾਮੋਦਰ ਦਇਆ-ਦੇ-ਘਰ, ਮਾਇਆ-ਦੇ-ਪਤੀ, ਪਾਰਬ੍ਰਹਮ ਨਿਰੰਕਾਰ ਦੇ ਨਾਮ ਨੂੰ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਬਣਾ, ਨਾਮ ਨੂੰ ਹੀ ਹਿਰਦੇ-ਘਰ ਦਾ ਸਾਮਾਨ ਬਣਾ, ਨਾਮ ਹੀ ਜਿੰਦ ਦਾ ਆਸਰਾ ਹੈ।੪।੯।੨੦।

ਸੋਰਠਿ ਮਹਲਾ ੫ ॥ ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥ ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥ ਪੂਰੇ ਗੁਰ ਕੀ ਦੇਖੁ ਵਡਾਈ ॥ ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥ ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥ ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥ ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥ ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥ ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥ {ਪੰਨਾ 614}

ਪਦਅਰਥ: ਮਿਰਤਕ = (ਆਤਮਕ ਜੀਵਨ ਵਲੋਂ) ਮਰਿਆ ਹੋਇਆ। ਤਨਿ = ਸਰੀਰ ਵਿਚ, ਹਿਰਦੇ ਵਿਚ। ਸਾਸਾ = ਸਾਹ, ਜਿੰਦ, ਆਤਮਕ ਜੀਵਨ ਦੇਣ ਵਾਲਾ ਨਾਮ। ਆਨਿ = ਲਿਆ ਕੇ। ਮੁਗਧ = ਮੂਰਖ। ਸ੍ਰੋਤੇ = (ਸਿਫ਼ਤਿ-ਸਾਲਾਹ ਨੂੰ) ਸੁਣਨ ਵਾਲੇ। ਮੁਖਿ = ਮੂੰਹ ਨਾਲ।੧।

ਤਾ ਕੀ = ਉਸ (ਵਡਿਆਈ) ਦੀ।ਰਹਾਉ।

ਸੋਗ = ਗ਼ਮ। ਬਿਸਰਾਮਾ = ਟਿਕਾਣਾ, ਨਿਵਾਸ। ਬਾਂਛਤ = ਇੱਛਤ। ਅਚਿੰਤਾ = ਅਚਨਚੇਤ।੨।

ਈਹਾ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਹਿਰਦੈ = ਹਿਰਦੈ ਵਿਚ। ਮਨਿ = ਮਨ ਵਿਚ। ਭਾਣੇ = ਪਿਆਰੇ ਲੱਗੇ।੩।

ਦਰਦੁ = ਪੀੜ। ਭ੍ਰਮੁ = ਭਟਕਣ। ਪੂਰ = ਪੂਰੇ, ਸਫਲ। ਕਰੰਮਾ = ਕੰਮ।੪।

ਅਰਥ: ਹੇ ਭਾਈ! ਪੂਰੇ ਗੁਰੂ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ, ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ।ਰਹਾਉ।

ਹੇ ਭਾਈ! ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ। ਪਸ਼ੂ (-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ।੧।

(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਉਸ ਨੂੰ ਨਾਮ-ਜਿੰਦ ਦੇ ਕੇ ਉਸ ਦੇ ਅੰਦਰੋਂ) ਦੁੱਖਾਂ ਦਾ ਗ਼ਮਾਂ ਦਾ ਡੇਰਾ ਹੀ ਢਾਹ ਦੇਂਦਾ ਹੈ ਉਸ ਦੇ ਅੰਦਰ ਆਨੰਦ ਖ਼ੁਸ਼ੀਆਂ ਦਾ ਟਿਕਾਣਾ ਬਣਾ ਦੇਂਦਾ ਹੈ। ਉਸ ਮਨੁੱਖ ਨੂੰ ਅਚਨਚੇਤ ਮਨ-ਇੱਛਤ ਫਲ ਮਿਲ ਜਾਂਦੇ ਹਨ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।੨।

ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿਚ ਭਾ ਜਾਂਦੇ ਹਨ, ਉਹਨਾਂ ਨੂੰ ਇਸ ਲੋਕ ਵਿਚ ਸੁਖ ਪ੍ਰਾਪਤ ਰਹਿੰਦਾ ਹੈ, ਪਰਲੋਕ ਵਿਚ ਭੀ ਉਹ ਸੁਰਖ਼-ਰੂ ਹੋ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।੩।

ਹੇ ਨਾਨਕ! ਆਖ-ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ, ਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਸ ਦੇ ਅੰਦਰੋਂ ਹਰੇਕ ਦੁੱਖ ਪੀੜ ਭਟਕਣਾ ਖ਼ਤਮ ਹੋ ਜਾਂਦੀ ਹੈ।੪।੧੦।੨੧।

TOP OF PAGE

Sri Guru Granth Darpan, by Professor Sahib Singh