ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 632

ਸੋਰਠਿ ਮਹਲਾ ੯ ॥ ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥ ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥ ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥ ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥ ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥੩॥੪॥ {ਪੰਨਾ 632}

ਪਦਅਰਥ: ਬਿਚਾਰੋ = (ਪਰਮਾਤਮਾ ਦੇ ਨਾਮ ਦਾ) ਧਿਆਨ ਕਰ। ਜਿਹ ਸਿਮਰਤ = ਜਿਸ ਨੂੰ ਸਿਮਰਦਿਆਂ। ਗਨਕਾ = ਵੇਸਵਾ {ਵੇਖੋ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ} ਕਿਸੇ ਸੰਤ ਨੇ ਇਸ ਨੂੰ ਇਕ ਤੋਤਾ ਦਿੱਤਾ ਸੀ ਜੋ 'ਰਾਮ ਰਾਮ' ਉਚਾਰਦਾ ਸੀ। ਉਸ ਤੋਂ ਰਾਮ = ਨਾਮ ਸਿਮਰਨ ਦੀ ਲਗਨ ਇਸ ਵੇਸਵਾ ਨੂੰ ਭੀ ਲੱਗ ਗਈ ਸੀ। ਉਰ = ਹਿਰਦੇ ਵਿਚ।੧।ਰਹਾਉ।

ਧ੍ਰੂਅ = ਧ੍ਰੁਵ {ਵੇਖੋ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ} ਰਾਜਾ ਉਤੱਾਨਪਾਦ ਦਾ ਪੁੱਤਰ। ਮਤੇਈ ਮਾਂ ਦੇ ਨਿਰਾਦਰ ਤੋਂ ਉਪਰਾਮ ਹੋ ਕੇ ਜੰਗਲ ਵਿਚ ਭਗਤੀ ਕਰਨ ਜਾ ਲੱਗਾ, ਤੇ ਸਦਾ ਲਈ ਅਟੱਲ ਸੋਭਾ ਖੱਟ ਗਿਆ। ਸਿਮਰਨਿ = ਸਿਮਰਨ ਨਾਲ। ਨਿਰਭੈ ਪਦੁ = ਨਿਰਭੈਤਾ ਦਾ ਆਤਮਕ ਦਰਜਾ। ਇਹ ਬਿਧਿ ਕੋ = ਇਸ ਤਰ੍ਹਾਂ ਦਾ। ਹਰਤਾ = ਦੂਰ ਕਰਨ ਵਾਲਾ। ਕਾਹੇ = ਕਿਉਂ?੧।

ਗਹੀ = ਫੜੀ। ਗਜ = ਹਾਥੀ {ਵੇਖੋ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ} ਇਕ ਗੰਧਰਬ ਸਰਾਪ ਦੇ ਕਾਰਨ ਹਾਥੀ ਦੀ ਜੂਨੇ ਜਾ ਪਿਆ ਸੀ। ਜਦੋਂ ਇਹ ਵਰੁਣ ਦੇ ਤਲਾਬ ਵਿਚ ਵੜਿਆ, ਤਾਂ ਇਕ ਤੰਦੂਏ ਨੇ ਇਸ ਨੂੰ ਫੜ ਲਿਆ। ਰਾਮ = ਨਾਮ ਦੀ ਬਰਕਤਿ ਨਾਲ ਤੰਦੂਏ ਦੇ ਪੰਜੇ ਤੋਂ ਬਚਿਆ।੨।

ਅਜਾਮਲੁ = ਕਨੌਜ ਦਾ ਇਕ ਵੇਸਵਾ = ਗਾਮੀ ਬ੍ਰਾਹਮਣ। ਕਿਸੇ ਮਹਾਤਮਾ ਦੇ ਕਹਿਣ ਤੇ ਇਸ ਨੇ ਆਪਣੇ ਇਕ ਪੁੱਤਰ ਦਾ ਨਾਮ 'ਨਾਰਾਇਣ' ਰੱਖਿਆ। ਉਥੋਂ ਹੀ 'ਨਾਰਾਇਣ' ਦਾ ਸਿਮਰਨ ਕਰਨ ਦੀ ਲਗਣ ਲੱਗ ਗਈ, ਤੇ, ਵਿਕਾਰਾਂ ਵਿਚੋਂ ਬਚ ਨਿਕਲਿਆ। ਚੇਤ = ਸਿਮਰ। ਚਿੰਤਾਮਨਿ = ਪਰਮਾਤਮਾ, ਉਹ ਜੋ ਮਣੀ ਹਰੇਕ ਚਿਤਵਨੀ ਪੂਰੀ ਕਰਦੀ ਹੈ।੩।

ਅਰਥ: ਹੇ ਮਨ! ਪਰਮਾਤਮਾ ਦੀ ਸਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ। ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨਕਾ (ਵਿਕਾਰਾਂ ਵਿਚ ਡੁੱਬਣੋਂ) ਬਚ ਗਈ ਸੀ ਤੂੰ ਭੀ, (ਹੇ ਭਾਈ!) ਉਸ ਦੀ ਸਿਫ਼ਤਿ-ਸਾਲਾਹ ਆਪਣੇ ਹਿਰਦੇ ਵਿਚ ਵਸਾਈ ਰੱਖ।ਰਹਾਉ।

ਹੇ ਭਾਈ! ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਧ੍ਰੂ ਸਦਾ ਲਈ ਅਟੱਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ, ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ, ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ ਕਰਨ ਵਾਲਾ ਹੈ।੧।

ਹੇ ਭਾਈ! ਜਿਸ ਵੇਲੇ ਹੀ (ਗਜ ਨੇ) ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗਜ (ਹਾਥੀ) ਤੰਦੂਏ ਦੀ ਫਾਹੀ ਤੋਂ ਨਿਕਲ ਗਿਆ ਸੀ। ਮੈਂ ਕਿਥੋਂ ਤਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਉਚਾਰ ਕੇ ਉਸ (ਹਾਥੀ) ਦੇ ਬੰਧਨ ਟੁੱਟ ਗਏ ਸਨ।੨।

ਹੇ ਭਾਈ! ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਵਿਕਾਰੀ ਸੀ (ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ) ਅੱਖ ਦੇ ਝਮਕਣ ਜਿਤਨੇ ਸਮੇ ਵਿਚ ਹੀ ਉਸ ਦਾ ਪਾਰ-ਉਤਾਰਾ ਹੋ ਗਿਆ ਸੀ। ਨਾਨਕ ਆਖਦਾ ਹੈ-(ਹੇ ਭਾਈ! ਤੂੰ) ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ।੩।੪।

ਸੋਰਠਿ ਮਹਲਾ ੯ ॥ ਪ੍ਰਾਨੀ ਕਉਨੁ ਉਪਾਉ ਕਰੈ ॥ ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ ॥੧॥ ਰਹਾਉ ॥ ਕਉਨੁ ਕਰਮ ਬਿਦਿਆ ਕਹੁ ਕੈਸੀ ਧਰਮੁ ਕਉਨੁ ਫੁਨਿ ਕਰਈ ॥ ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ ॥੧॥ ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ ॥ ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ ॥੨॥ ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ ॥ ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ ॥੩॥੫॥ {ਪੰਨਾ 632}

ਪਦਅਰਥ: ਕਉਨੁ ਉਪਾਉ = ਕੇਹੜਾ ਹੀਲਾ? ਜਾ ਤੇ = ਜਿਸ ਨਾਲ, ਜਿਸ ਦੀ ਰਾਹੀਂ। ਕੋ = ਦਾ। ਤ੍ਰਾਸੁ = ਡਰ। ਹਰੈ = ਦੂਰ ਕਰ ਲਏ।੧।

ਕਉਨੁ ਕਰਮ = ਕੇਹੜਾ ਕਰਮ? ਕਹੁ = ਦੱਸੋ। ਕਰਈ = ਕਰੇ। ਕਉਨੁ ਨਾਮ ਗੁਰ = ਗੁਰੂ ਦਾ ਕੇਹੜਾ ਨਾਮ? ਜਾ ਕੈ ਸਿਮਰੈ = ਜਿਸ ਦੇ ਸਿਮਰਨ ਨਾਲ। ਕਉ = ਨੂੰ। ਤਰਈ = ਪਾਰ ਲੰਘ ਜਾਏ।੧।

ਕਲ ਮਹ = ਕਲਜੁਗ ਵਿਚ, ਜਗਤ ਵਿਚ। ਕਿਰਪਾ ਨਿਧਿ ਨਾਮੁ = ਕਿਰਪਾ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ। ਜਾਹਿ = ਜਿਸ ਨੂੰ। ਗਤਿ = ਉੱਚੀ ਆਤਮਕ ਅਵਸਥਾ। ਸਮ = ਬਰਾਬਰ। ਨਾਹਨਿ = ਨਹੀਂ। ਬਿਧਿ = ਜੁਗਤਿ।੨।

ਸੁਖ ਦੁਖੁ ਰਹਤ = ਸੁਖਾਂ ਦੁੱਖਾਂ ਤੋਂ ਵੱਖਰਾ। ਜਾ ਕਉ = ਜਿਸ ਨੂੰ। ਗੁਸਾਈ = ਧਰਤੀ ਦਾ ਖਸਮ। ਨਿਰੰਤਰਿ = ਇਕ-ਰਸ, ਬਿਨਾ ਵਿੱਥ ਦੇ। ਦਰਪਨ ਨਿਆਈ = ਸ਼ੀਸ਼ੇ ਵਾਂਗ।੩।

ਅਰਥ: (ਹੇ ਭਾਈ! ਦੱਸ,) ਮਨੁੱਖ ਉਹ ਕੇਹੜਾ ਹੀਲਾ ਕਰੇ ਜਿਸ ਨਾਲ ਪਰਮਾਤਮਾ ਦੀ ਭਗਤੀ ਪ੍ਰਾਪਤ ਕਰ ਸਕੇ; ਅਤੇ ਜਮ ਦਾ ਡਰ ਦੂਰ ਕਰ ਸਕੇ।੧।ਰਹਾਉ।

(ਹੇ ਭਾਈ!) ਦੱਸ, ਉਹ ਕੇਹੜੇ (ਧਾਰਮਿਕ) ਕਰਮ ਹਨ, ਉਹ ਕਿਹੋ ਜਿਹੀ ਵਿੱਦਿਆ ਹੈ, ਉਹ ਕੇਹੜਾ ਧਰਮ ਹੈ (ਜੇਹੜਾ ਮਨੁੱਖ) ਕਰੇ; ਉਹ ਕੇਹੜਾ ਗੁਰੂ ਦਾ (ਦੱਸਿਆ) ਨਾਮ ਹੈ ਜਿਸ ਦਾ ਸਿਮਰਨ ਕਰਨ ਨਾਲ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ।੧।

(ਹੇ ਭਾਈ!) ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਹੀ ਜਗਤ ਵਿਚ ਹੈ ਜਿਸ ਨੂੰ (ਜੇਹੜਾ ਮਨੁੱਖ) ਜਪਦਾ ਹੈ (ਉਹ) ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਹੋਰ ਕਿਸੇ ਤਰ੍ਹਾਂ ਦੇ ਭੀ ਕੋਈ ਕਰਮ ਉਸ (ਨਾਮ) ਦੇ ਬਰਾਬਰ ਨਹੀਂ ਹਨ-ਬੇਦ (ਭੀ) ਇਹ ਜੁਗਤਿ ਦੱਸਦਾ ਹੈ।੨।

ਹੇ ਨਾਨਕ! ਆਖ-ਹੇ ਭਾਈ!) ਜਿਸ ਨੂੰ (ਜਗਤ) ਧਰਤੀ ਦਾ ਖਸਮ ਆਖਦਾ ਹੈ ਉਹ ਸੁਖਾਂ ਦੁੱਖਾਂ ਤੋਂ ਵੱਖਰਾ ਰਹਿੰਦਾ ਹੈ, ਉਹ ਸਦਾ (ਮਾਇਆ ਤੋਂ) ਨਿਰਲੇਪ ਰਹਿੰਦਾ ਹੈ। ਉਹ ਤੇਰੇ ਅੰਦਰ ਭੀ ਇਕ-ਰਸ ਵੱਸ ਰਿਹਾ ਹੈ, ਜਿਵੇਂ ਸ਼ੀਸ਼ੇ (ਵਿਚ ਅਕਸ ਵੱਸਦਾ ਹੈ। ਉਸ ਦਾ ਸਦਾ ਸਿਮਰਨ ਕਰਨਾ ਚਾਹੀਦਾ ਹੈ) ੩।੫।

ਸੋਰਠਿ ਮਹਲਾ ੯ ॥ ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥ ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ ॥੧॥ ਰਹਾਉ ॥ ਸਗਲ ਜਨਮ ਭਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ ॥ ਬਿਖਿਆਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ ॥੧॥ ਸਾਧਸੰਗੁ ਕਬਹੂ ਨਹੀ ਕੀਨਾ ਨਹ ਕੀਰਤਿ ਪ੍ਰਭ ਗਾਈ ॥ ਜਨ ਨਾਨਕ ਮੈ ਨਾਹਿ ਕੋਊ ਗੁਨੁ ਰਾਖਿ ਲੇਹੁ ਸਰਨਾਈ ॥੨॥੬॥ {ਪੰਨਾ 632}

ਪਦਅਰਥ: ਮਾਈ = ਹੇ ਮਾਂ! ਕਿਹਿ ਬਿਧਿ = ਕਿਸ ਤਰ੍ਹਾਂ? ਲਖਉ = ਲਖਉਂ, ਮੈਂ ਪਛਾਣਾਂ। ਅਗਿਆਨੀ = ਅਗਿਆਨ ਵਿਚ। ਤਿਮਰਿ = ਹਨੇਰੇ ਵਿਚ। ਮੋ ਮਨੁ = ਮੇਰਾ ਮਨ।੧।

ਭ੍ਰਮ ਹੀ = ਭ੍ਰਮਿ ਹੀ {ਲਫ਼ਜ਼ 'ਭ੍ਰਮਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਭਟਕਣਾ ਵਿਚ ਹੀ। ਖੋਇਓ = ਗਵਾ ਲਿਆ ਹੈ। ਅਸਥਿਰੁ = ਅਡੋਲ ਰਹਿਣ ਵਾਲੀ। ਬਿਖਿਆਸਕਤ = {ਬਿਖਿਆ = ਆਸਤਕ। ਆਸਕ੍ਤ} ਮਾਇਆ ਵਿਚ ਲੰਪਟ। ਨਿਸ = ਰਾਤ। ਬਾਸੁਰ = ਦਿਨ। ਅਧਮਾਈ = ਨੀਚਤਾ।੧।

ਸੰਗੁ = ਸਾਥ, ਮੇਲ = ਮਿਲਾਪ, ਸੰਗਤਿ। ਕੀਰਤਿ = ਸਿਫ਼ਤਿ-ਸਾਲਾਹ। ਪ੍ਰਭ = ਪ੍ਰਭੂ ਦੀ।੨।

ਅਰਥ: ਹੇ ਮਾਂ! ਧਰਤੀ ਦੇ ਖਸਮ-ਪ੍ਰਭੂ ਨੂੰ ਮੈਂ ਕਿਸ ਤਰ੍ਹਾਂ ਪਛਾਣਾਂ? ਮੇਰਾ ਮਨ (ਤਾਂ) ਵੱਡੇ ਮੋਹ ਦੀ ਅਗਿਆਨਤਾ ਵਿਚ, ਮੋਹ ਦੇ ਹਨੇਰੇ ਵਿਚ (ਸਦਾ) ਫਸਿਆ (ਅਜੇ ਤਕ ਅਜੇਹੀ) ਮਤਿ ਨਹੀਂ ਹਾਸਲ ਕੀਤੀ (ਜੋ ਮੈਨੂੰ) ਅਡੋਲ ਰੱਖ ਸਕੇ। ਦਿਨ ਰਾਤ ਮੈਂ ਮਾਇਆ ਵਿਚ ਹੀ ਲੰਪਟ ਰਹਿੰਦਾ ਹਾਂ। ਮੇਰੀ ਇਹ ਨੀਚਤਾ ਮੁੱਕਣ ਵਿਚ ਨਹੀਂ ਆਉਂਦੀ।੧।

ਹੇ ਮਾਂ! ਮੈਂ ਕਦੇ ਗੁਰਮੁਖਾਂ ਦੀ ਸੰਗਤਿ ਨਹੀਂ ਕੀਤੀ, ਮੈਂ ਕਦੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਨਹੀਂ ਗਾਇਆ। ਹੇ ਦਾਸ ਨਾਨਕ! ਆਖ-ਹੇ ਪ੍ਰਭੂ!) ਮੇਰੇ ਅੰਦਰ ਕੋਈ ਗੁਣ ਨਹੀਂ ਹੈ। ਮੈਨੂੰ ਆਪਣੀ ਸ਼ਰਨ ਵਿਚ ਰੱਖ।੨।੬।

ਸੋਰਠਿ ਮਹਲਾ ੯ ॥ ਮਾਈ ਮਨੁ ਮੇਰੋ ਬਸਿ ਨਾਹਿ ॥ ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ ॥੧॥ ਰਹਾਉ ॥ ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ ਨਿਮਖ ਨ ਹੀਏ ਬਸਾਵੈ ॥ ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮੁ ਸਿਰਾਵੈ ॥੧॥ ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ॥ ਘਟ ਹੀ ਭੀਤਰਿ ਬਸਤ ਨਿਰੰਜਨੁ ਤਾ ਕੋ ਮਰਮੁ ਨ ਜਾਨਾ ॥੨॥ ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥ ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥੩॥੭॥ {ਪੰਨਾ 632}

ਪਦਅਰਥ: ਮਾਈ = ਹੇ ਮਾਂ! ਮੇਰੋ = ਮੇਰਾ। ਬਸਿ = ਵੱਸ ਵਿਚ। ਨਿਸ = ਰਾਤ। ਬਾਸੁਰ = ਦਿਨ। ਬਿਖਿਅਨ ਕਉ = ਵਿਸ਼ਿਆਂ ਦੀ ਖ਼ਾਤਰ, ਪਦਾਰਥਾਂ ਦੀ ਖ਼ਾਤਰ। ਧਾਵਤ = ਦੌੜਦਾ ਹੈ। ਕਿਹਿ ਬਿਧਿ = ਕਿਸ ਤਰੀਕੇ ਨਾਲ? ਰੋਕਉ = ਰੋਕਉਂ, ਮੈਂ ਰੋਕਾਂ। ਤਾਹਿ = ਉਸ ਨੂੰ।੧।ਰਹਾਉ।

ਕੇ = ਦਾ। ਮਤ = ਉਪਦੇਸ਼, ਖ਼ਿਆਲ। ਨਿਮਖ = ਅੱਖ ਝਮਕਣ ਜਿਤਨਾ ਸਮਾਂ। ਹੀਏ = ਹਿਰਦੇ ਵਿਚ। ਦਾਰਾ = ਇਸਤ੍ਰੀ। ਸਿਉ = ਨਾਲ। ਸਿਰਾਵੈ = ਗੁਜ਼ਾਰਦਾ ਹੈ।੧।

ਮਦਿ = ਨਸ਼ੇ ਵਿਚ। ਬਾਵਰੋ = ਕਮਲਾ, ਝੱਲਾ। ਗਿਆਨਾ = ਆਤਮਕ ਜੀਵਨ ਦੀ ਸਮਝ। ਭੀਤਰਿ = ਵਿਚ। ਮਰਮੁ = ਭੇਦ। ਕੋ = ਦਾ।੨।

ਸਾਧ = ਗੁਰੂ। ਦੁਰਮਤਿ = ਭੈੜੀ ਮਤਿ। ਸਗਲ = ਸਾਰੀ। ਚਿੰਤਾਮਨਿ = ਚਿਤਵਨੀ ਪੂਰੀ ਕਰਨ ਵਾਲੀ ਮਣੀ, ਪਰਮਾਤਮਾ। ਫਾਸੀ = ਫਾਹੀ।੩।

ਅਰਥ: ਹੇ ਮਾਂ! ਮੇਰਾ ਮਨ ਮੇਰੇ ਕਾਬੂ ਵਿਚ ਨਹੀਂ। ਰਾਤ ਦਿਨ ਪਦਾਰਥਾਂ ਦੀ ਖ਼ਾਤਰ ਦੌੜਦਾ ਫਿਰਦਾ ਹੈ। ਮੈਂ ਇਸ ਨੂੰ ਕਿਸ ਤਰੀਕੇ ਨਾਲ ਰੋਕਾਂ?੧।ਰਹਾਉ।

ਇਹ ਜੀਵ ਵੇਦਾਂ ਪੁਰਾਣਾਂ ਸਿੰਮ੍ਰਿਤੀਆਂ ਦਾ ਉਪਦੇਸ਼ ਸੁਣ ਕੇ (ਭੀ) ਰਤਾ ਭਰ ਸਮੇ ਲਈ ਭੀ (ਉਸ ਉਪਦੇਸ਼ ਨੂੰ ਆਪਣੇ) ਹਿਰਦੇ ਵਿਚ ਨਹੀਂ ਵਸਾਂਦਾ। ਪਰਾਏ ਧਨ, ਪਰਾਈ ਇਸਤ੍ਰੀ ਦੇ ਮੋਹ ਵਿਚ ਮਸਤ ਰਹਿੰਦਾ ਹੈ, (ਇਸ ਤਰ੍ਹਾਂ ਆਪਣਾ) ਜਨਮ ਵਿਅਰਥ ਗੁਜ਼ਾਰਦਾ ਹੈ।੧।

ਜੀਵ ਮਾਇਆ ਦੇ ਨਸ਼ੇ ਵਿਚ ਝੱਲਾ ਹੋ ਰਿਹਾ ਹੈ, ਆਤਮਕ ਜੀਵਨ ਬਾਰੇ ਇਸ ਨੂੰ ਕੋਈ ਸੂਝ ਨਹੀਂ ਪੈਂਦੀ। ਮਾਇਆ ਤੋਂ ਨਿਰਲੇਪ ਪ੍ਰਭੂ ਇਸ ਦੇ ਹਿਰਦੇ ਵਿਚ ਹੀ ਵੱਸਦਾ ਹੈ, ਪਰ ਉਸ ਦਾ ਭੇਦ ਇਹ ਜੀਵ ਨਹੀਂ ਸਮਝਦਾ।੨।

ਜਦੋਂ ਜੀਵ ਗੁਰੂ ਦੀ ਸ਼ਰਨ ਪੈਂਦਾ ਹੈ, ਤਦੋਂ ਇਸ ਦੀ ਸਾਰੀ ਕੋਝੀ ਮਤਿ ਨਾਸ ਹੋ ਜਾਂਦੀ ਹੈ। ਤਦੋਂ, ਹੇ ਨਾਨਕ! ਇਹ ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲੇ ਪਰਮਾਤਮਾ ਨੂੰ ਸਿਮਰਦਾ ਹੈ; ਤੇ, ਇਸ ਦੀ ਜਮ ਦੀ ਫਾਹੀ (ਭੀ) ਕੱਟੀ ਜਾਂਦੀ ਹੈ।੩।੭।

TOP OF PAGE

Sri Guru Granth Darpan, by Professor Sahib Singh