ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 658

ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥ {ਪੰਨਾ 658}

ਪਦਅਰਥ: ਬਾਂਧੇ = ਬੱਝੇ ਹੋਏ ਹਾਂ। ਫਾਸ = ਫਾਹੀ। ਬਧਨਿ = ਰੱਸੀ ਨਾਲ। ਤੁਮ = ਤੈਨੂੰ। ਕੋ = ਦਾ।੧।

ਜਾਨਤ ਹਹੁ = ਤੁਸੀ ਜਾਣਦੇ ਹੋ। ਜੈਸੀ = ਜਿਹੋ ਜਿਹੀ (ਭਗਤਾਂ ਦੀ ਪ੍ਰੀਤ ਹੈ ਤੇਰੇ ਨਾਲ) ਐਸੀ = ਅਜਿਹੀ ਪ੍ਰੀਤ ਦੇ ਹੁੰਦਿਆਂ। ਕਹਾ ਕਰਹੁਗੇ = ਕੀਹ ਕਰੇਂਗਾ? ਇਸ ਤੋਂ ਬਿਨਾ ਹੋਰ ਕੀਹ ਕਰੇਂਗਾ? (ਭਾਵ, ਤੂੰ ਜ਼ਰੂਰ ਆਪਣੇ ਭਗਤਾਂ ਨੂੰ ਮੋਹ ਤੋਂ ਬਚਾਈ ਰੱਖੇਂਗਾ) ੧।ਰਹਾਉ।

ਮੀਨੁ = ਮੱਛੀ। ਪਕਰਿ = ਫੜ ਕੇ। ਫਾਂਕਿਓ = ਫਾੜੀ ਫਾੜੀ ਕਰ ਦਿੱਤੀ। ਰਾਂਧਿ ਕੀਓ = ਰਿੰਨ੍ਹ ਲਈ। ਬਹੁ ਬਾਨੀ = ਕਈ ਤਰੀਕਿਆਂ ਨਾਲ। ਖੰਡ = ਟੋਟਾ। ਤਊ = ਤਾਂ ਭੀ।੨।

ਬਾਪੈ = ਪਿਉ ਦੀ (ਮਲਕੀਅਤ) ਭਾਵਨ ਕੋ = ਪ੍ਰੇਮ ਦਾ (ਬੱਧਾ ਹੋਇਆ) ਰਾਜਾ = ਜਗਤ ਦਾ ਮਾਲਕ (ਨੋਟ: ਭਗਤ ਰਵਿਦਾਸ ਜੀ ਆਪਣੀ ਬਾਣੀ ਵਿਚ ਪਰਮਾਤਮਾ ਦੇ ਨਾਵਾਂ ਦੇ ਨਾਲ ਲਫ਼ਜ਼ 'ਰਾਜਾ' ਭੀ ਬਹੁਤ ਵਾਰੀ ਵਰਤਦੇ ਹਨ; ਹਰੇਕ ਕਵੀ ਦਾ ਆਪੋ ਆਪਣਾ ਸੁਭਾਵ ਹੁੰਦਾ ਹੈ ਕਿ ਕੋਈ ਖ਼ਾਸ ਲਫ਼ਜ਼ ਮੁੜ ਮੁੜ ਵਰਤਣਾ ਉਹਨਾਂ ਨੂੰ ਪਿਆਰਾ ਲੱਗਦਾ ਹੈ) ਪਟਲ = ਪਰਦਾ। ਬਿਆਪਿਓ = ਛਾਇਆ ਹੋਇਆ ਹੈ। ਸੰਤਾਪ = (ਮੋਹ ਦਾ) ਕਲੇਸ਼।੩।

ਭਗਤਿ ਇਕ = ਇੱਕ ਪ੍ਰਭੂ ਦੀ ਭਗਤੀ। ਬਾਢੀ = ਵਧਾਈ ਹੈ, ਦ੍ਰਿੜ੍ਹ ਕੀਤੀ ਹੈ। ਅਬ...ਕਹੀਐ = ਹੁਣ ਕਿਸੇ ਨਾਲ ਇਹ ਗੱਲ ਕਰਨ ਦੀ ਲੋੜ ਹੀ ਨਹੀਂ ਰਹੀ। ਜਾ ਕਾਰਨਿ = ਜਿਸ (ਮੋਹ ਤੋਂ ਬਚਣ) ਦੀ ਖ਼ਾਤਰ। ਅਜਹੂ = ਹੁਣ ਤੱਕ।੪।

ਅਰਥ: ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ) , ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।੧।ਰਹਾਉ।

(ਸੋ, ਹੇ ਮਾਧੋ!) ਜੇ ਅਸੀ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?

(ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ) ੨।

ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।੩।

ਰਵਿਦਾਸ ਆਖਦਾ ਹੈ-(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ) ੪।੨।

ਸ਼ਬਦ ਦਾ ਭਾਵ: ਮਾਇਆ ਦੇ ਮੋਹ ਦੀ ਫਾਹੀ ਨੂੰ ਤੋੜਨ ਦਾ ਇਕੋ ਇਕ ਤਰੀਕਾ ਹੈ-ਪ੍ਰਭੂ-ਚਰਨਾਂ ਵਿਚ ਪਿਆਰ।

ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥ ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥ ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥ ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥ ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥ ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥ ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥ ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥ {ਪੰਨਾ 658}

ਪਦਅਰਥ: ਦੁਲਭ = ਦੁਰ = ਲੱਭ, ਜਿਸ ਦਾ ਮਿਲਣਾ ਬਹੁਤ ਹੀ ਔਖਾ ਹੈ। ਪੁੰਨ = ਭਲੇ ਕੰਮ। ਜਾਤ = ਜਾ ਰਿਹਾ ਹੈ। ਅਬਿਬੇਕੈ = ਵਿਚਾਰ = ਹੀਣਤਾ ਦੇ ਕਾਰਨ, ਅੰਞਾਣ = ਪੁਣੇ ਵਿਚ। ਸਮਸਰਿ = ਵਰਗੇ, ਦੇ ਬਰਾਬਰ। ਕਿਹ ਲੇਖੈ = ਕਿਸ ਕੰਮ ਆਏ? ਕਿਸੇ ਅਰਥ ਨਹੀਂ।੧।

ਰਾਜਾ = ਜਗਤ ਦਾ ਮਾਲਕ। ਰਸੁ = (ਮਿਲਾਪ ਦਾ) ਆਨੰਦ। ਜਿਹ ਰਸ = ਜਿਸ ਰਸ ਦੀ ਬਰਕਤ ਨਾਲ। ਅਨ ਰਸ = ਹੋਰ ਚਸਕੇ।੧।ਰਹਾਉ।

ਜਾਨਿ = ਜਾਣ ਬੁੱਝ ਕੇ, ਜਾਣਦੇ ਬੁੱਝਦੇ ਹੋਏ। ਅਜਾਨ = ਅੰਞਾਣ। ਬਾਵਰ = ਪਾਗਲ। ਸੋਚ ਅਸੋਚ = ਚੰਗੀਆਂ ਮੰਦੀਆਂ ਸੋਚਾਂ। ਦਿਵਸ = ਉਮਰ ਦੇ ਦਿਨ। ਜਾਹੀ = ਗੁਜ਼ਰ ਰਹੇ ਹਨ। ਇੰਦ੍ਰੀ = ਕਾਮ = ਵਾਸ਼ਨਾ। ਸਬਲ = ਸ+ਬਲ, ਬਲਵਾਨ। ਨਿਬਲ = ਨਿਰਬਲ, ਕਮਜ਼ੋਰ। ਬਿਬੇਕ ਬੁਧਿ = ਪਰਖਣ ਦੀ ਅਕਲ। ਪਰਮਾਰਥ = ਪਰਮ+ਅਰਥ, ਸਭ ਤੋਂ ਵੱਡੀ ਲੋੜ। ਪਰਵੇਸ = ਦਖ਼ਲ।੨।

ਆਨ = ਕੁੱਝ ਹੋਰ। ਅਚਰੀਅਤ = ਕਮਾਈਦਾ ਹੈ। ਅਨ ਕਛੁ = ਕੁਝ ਹੋਰ। ਅਪਰ = ਅਪਾਰ, ਬਲੀ। ਉਦਾਸ = ਉਪਰਾਮ, ਆਸਾਂ ਤੋਂ ਬਚਿਆ ਹੋਇਆ। ਪਰਹਰਿ = ਛੱਡ ਕੇ, ਦੂਰ ਕਰ ਕੇ। ਕੋਪੁ = ਗੁੱਸਾ। ਜੀਅ = ਜਿੰਦ ਉਤੇ।੩।

ਅਰਥ: (ਅਸਾਂ ਮਾਇਆ-ਧਾਰੀ ਜੀਵਾਂ ਨੇ) ਜਗਤ-ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਨਹੀਂ ਕਦੇ ਵਿਚਾਰਿਆ, ਜਿਸ ਆਨੰਦ ਦੀ ਬਰਕਤਿ ਨਾਲ (ਮਾਇਆ ਦੇ) ਹੋਰ ਸਾਰੇ ਚਸਕੇ ਦੂਰ ਹੋ ਜਾਂਦੇ ਹਨ।੧।ਰਹਾਉ।

ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਪਿਛਲੇ ਕੀਤੇ) ਭਲੇ ਕੰਮਾਂ ਦੇ ਫਲ ਵਜੋਂ ਅਸਾਨੂੰ ਮਿਲ ਗਿਆ, ਪਰ ਅਸਾਡੇ ਅੰਞਾਣਪੁਣੇ ਵਿਚ ਇਹ ਵਿਅਰਥ ਹੀ ਜਾ ਰਿਹਾ ਹੈ; (ਅਸਾਂ ਕਦੇ ਸੋਚਿਆ ਹੀ ਨਹੀਂ ਕਿ) ਜੇ ਪ੍ਰਭੂ ਦੀ ਬੰਦਗੀ ਤੋਂ ਵਾਂਜੇ ਰਹੇ ਤਾਂ (ਦੇਵਤਿਆਂ ਦੇ) ਰਾਜੇ ਇੰਦਰ ਦੇ ਸੁਰਗ ਵਰਗੇ ਭੀ ਮਹਿਲ ਮਾੜੀਆਂ ਕਿਸੇ ਕੰਮ ਨਹੀਂ ਹਨ।੧।

(ਹੇ ਪ੍ਰਭੂ!) ਜਾਣਦੇ ਬੁੱਝਦੇ ਹੋਏ ਭੀ ਅਸੀ ਕਮਲੇ ਤੇ ਮੂਰਖ ਬਣੇ ਹੋਏ ਹਾਂ, ਅਸਾਡੀ ਉਮਰ ਦੇ ਦਿਹਾੜੇ (ਮਾਇਆ ਦੀਆਂ ਹੀ) ਚੰਗੀਆਂ ਮੰਦੀਆਂ ਵਿਚਾਰਾਂ ਵਿਚ ਗੁਜ਼ਰ ਰਹੇ ਹਨ, ਅਸਾਡੀ ਕਾਮ-ਵਾਸ਼ਨਾ ਵਧ ਰਹੀ ਹੈ, ਵਿਚਾਰ-ਸ਼ਕਤੀ ਘਟ ਰਹੀ ਹੈ, ਇਸ ਗੱਲ ਦੀ ਅਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਅਸਾਡੀ ਸਭ ਤੋਂ ਵੱਡੀ ਲੋੜ ਕੀਹ ਹੈ।੨।

ਅਸੀ ਆਖਦੇ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ, ਮਾਇਆ ਇਤਨੀ ਬਲਵਾਨ ਹੋ ਰਹੀ ਹੈ ਕਿ ਅਸਾਨੂੰ (ਆਪਣੀ ਮੂਰਖਤਾ ਦੀ) ਸਮਝ ਹੀ ਨਹੀਂ ਪੈਂਦੀ। (ਹੇ ਪ੍ਰਭੂ!) ਤੇਰਾ ਦਾਸ ਰਵਿਦਾਸ ਆਖਦਾ ਹੈ-ਮੈਂ ਹੁਣ ਇਸ (ਮੂਰਖ-ਪੁਣੇ) ਤੋਂ ਉਪਰਾਮ ਹੋ ਗਿਆ ਹਾਂ, (ਮੇਰੇ ਅੰਞਾਣਪੁਣੇ ਤੇ) ਗੁੱਸਾ ਨਾਹ ਕਰਨਾ ਤੇ ਮੇਰੀ ਆਤਮਾ ਉਤੇ ਮਿਹਰ ਕਰਨੀ।੩।੩।

ਭਾਵ: ਮਾਇਆ ਦਾ ਮੋਹ ਮਨੁੱਖ ਨੂੰ ਅਸਲ ਨਿਸ਼ਾਨੇ ਤੋਂ ਡੇਗ ਦੇਂਦਾ ਹੈ।

ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥ ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥ ਹਰਿ ਹਰਿ ਹਰਿ ਨ ਜਪਹਿ ਰਸਨਾ ॥ ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥ ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ ॥ ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥ ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ ॥ ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥੩॥੪॥ {ਪੰਨਾ 658}

ਪਦਅਰਥ: ਸੁਰਤਰ = ਸੁਰਗ ਦੇ ਰੁੱਖ (ਇਹ ਗਿਣਤੀ ਵਿਚ ਪੰਜ ਹਨ: ਮੰਦਾਰ, ਪਾਰਿਜਾਤਿ, ਸੰਤਾਨ, ਕਲਪ ਰੁੱਖ, ਹਰਿਚੰਦਨ)

(पंचैते देवतरवो मंदारः पारिजातकः।

संतानः कल्पवृक्षश्च पुंसि वा हरिचंदनम्।)

ਚਿੰਤਾਮਨਿ = ਉਹ ਮਣੀ ਜਿਸ ਪਾਸੋਂ ਮਨ ਦੀ ਹਰੇਕ ਚਿਤਵਨੀ ਪੂਰੀ ਹੋ ਜਾਂਦੀ ਮੰਨੀ ਜਾਂਦੀ ਹੈ। ਕਾਮਧੇਨੁ = {ਕਾਮ = ਵਾਸ਼ਨਾ। ਧੇਨੁ = ਗਾਂ} ਹਰੇਕ ਵਾਸ਼ਨਾ ਪੂਰੀ ਕਰਨ ਵਾਲੀ ਗਾਂ (ਸੁਰਗ ਵਿਚ ਰਹਿੰਦੀ ਮੰਨੀ ਜਾਂਦੀ ਹੈ) ਬਸਿ = ਵੱਸ ਵਿਚ। ਜਾ ਕੇ = ਜਿਸ ਪਰਮਾਤਮਾ ਦੇ। ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਅਸਟ ਦਸਾ = {+੧੦} ਅਠਾਰਾਂ। ਨਵ ਨਿਧਿ = ਕੁਬੇਰ ਦੇਵਤੇ ਦੇ ਨੌ ਖ਼ਜ਼ਾਨੇ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ।੧।

ਰਸਨਾ = ਜੀਭ ਨਾਲ। ਬਚਨ ਰਚਨਾ = ਫੋਕੀਆਂ ਗੱਲਾਂ। ਤਿਆਗਿ = ਤਿਆਗ ਕੇ।੧।ਰਹਾਉ।

ਨਾਨਾ = ਕਈ ਕਿਸਮ ਦੇ। ਖਿਆਨ = ਪ੍ਰਸੰਗ {Skt. आरब्यान}ਬੇਦ ਬਿਧਿ = ਵੇਦਾਂ ਵਿਚ ਦੱਸੀਆਂ ਧਾਰਮਿਕ ਵਿਧੀਆਂ। ਚਉਤੀਸ ਅਖਰ = {अ इ उ स=੪, ਪੰਜ ਵਰਗ, ਕ = ਵਰਗ ਆਦਿਕ=੨੫, य र व ल ह=੫, ਕੁੱਲ ਜੋੜ =੩੪। ਨੋਟ: ਅਸਲ 'ਹ੍ਰਸ੍ਵ' ਸਿਰਫ਼ ੩ ਹਨ, ', ਅ, ੲ', ਬਾਕੀ ਦੇ ਇਹਨਾਂ ਤੋਂ ਹੀ ਬਣੇ ਹਨ ਲਗਾਂ ਮਾਤ੍ਰਾਂ ਲਾ ਕੇ}ਚਉਤੀਸ ਅਖਰ ਮਾਂਹੀ = ੩੪ ਅੱਖਰਾਂ ਵਿਚ ਹੀ, ਨਿਰੀ ਵਾਕ ਰਚਨਾ, ਨਿਰੀਆਂ ਗੱਲਾਂ ਜੋ ਆਤਮਕ ਜੀਵਨ ਤੋਂ ਹੇਠਾਂ ਹਨ। ਪਰਮਾਰਥੁ = ਪਰਮ+ਅਰਥ, ਸਭ ਤੋਂ ਉੱਚੀ ਗੱਲ। ਸਰਿ = ਬਰਾਬਰ।੨।

ਸਹਜ ਸਮਾਧਿ = ਮਨ ਦਾ ਪੂਰਨ ਟਿਕਾਉ। ਸਹਜ = ਆਤਮਕ ਅਡੋਲਤਾ। ਉਪਾਧਿ = ਕਲੇਸ਼। ਫੁਨਿ = ਫਿਰ, ਮੁੜ। ਬਡੈ ਭਾਗਿ = ਵੱਡੀ ਕਿਸਮਤ ਨਾਲ। ਕਹਿ = ਕਹੇ, ਆਖਦਾ ਹੈ। ਰਿਦੈ = ਹਿਰਦੇ ਵਿਚ। ਭਾਗੀ = ਦੂਰ ਹੋ ਜਾਂਦੇ ਹਨ।੩।

ਅਰਥ: (ਹੇ ਪੰਡਿਤ!) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਹਨ, ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ।੧।

(ਹੇ ਪੰਡਿਤ!) ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?੧।ਰਹਾਉ।

(ਹੇ ਪੰਡਿਤ!) ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ, ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ) । (ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ (ਰਿਸ਼ੀ) ਨੇ ਸੋਚ ਵਿਚਾਰ ਕੇ ਇਹੀ ਧਰਮ-ਤੱਤ ਦੱਸਿਆ ਹੈ ਕਿ (ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ। (ਫਿਰ, ਤੂੰ ਕਿਉਂ ਨਾਮ ਨਹੀਂ ਸਿਮਰਦਾ?) ੨।

ਰਵਿਦਾਸ ਆਖਦਾ ਹੈ-ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਕੋਈ ਵਿਕਾਰ ਉਸ ਵਿਚ ਨਹੀਂ ਉੱਠਦਾ, ਉਹ ਮਨੁੱਖ ਆਪਣੇ ਹਿਰਦੇ ਵਿਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ।੩।੪।

ਭਾਵ: ਸਭ ਪਦਾਰਥਾਂ ਦਾ ਦਾਤਾ ਪ੍ਰਭੂ ਆਪ ਹੈ। ਉਸ ਦਾ ਸਿਮਰਨ ਕਰੋ, ਕੋਈ ਭੁੱਖ ਨਹੀਂ ਰਹਿ ਜਾਇਗੀ।

ਜਉ ਤੁਮ ਗਿਰਿਵਰ ਤਉ ਹਮ ਮੋਰਾ ॥ ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥ ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥ ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥ ਜਉ ਤੁਮ ਦੀਵਰਾ ਤਉ ਹਮ ਬਾਤੀ ॥ ਜਉ ਤੁਮ ਤੀਰਥ ਤਉ ਹਮ ਜਾਤੀ ॥੨॥ ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥ ਜਹ ਜਹ ਜਾਉ ਤਹਾ ਤੇਰੀ ਸੇਵਾ ॥ ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥ ਤੁਮਰੇ ਭਜਨ ਕਟਹਿ ਜਮ ਫਾਂਸਾ ॥ ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥ {ਪੰਨਾ 658-659}

ਪਦਅਰਥ: ਜਉ = ਜੇ। ਗਿਰਿ = ਪਹਾੜ। ਗਿਰਿਵਰ = ਸੋਹਣਾ ਪਹਾੜ। ਤਉ = ਤਾਂ। ਭਏ ਹੈ– ਬਣਾਂਗਾ।੧।

ਨ ਤੋਰਹੁ = ਨਾਹ ਤੋੜ। ਹਮ ਨਹੀ ਤੋਰਹਿ = ਅਸੀ ਨਹੀਂ ਤੋੜਾਂਗੇ, ਮੈਂ ਨਹੀਂ ਤੋੜਾਂਗਾ। ਤੋਰਿ = ਤੋੜ ਕੇ। ਸਿਉ = ਨਾਲੋਂ।੧।ਰਹਾਉ।

ਦੀਵਰਾ = ਸੋਹਣਾ ਜਿਹਾ ਦੀਵਾ। ਬਾਤੀ = ਵੱਟੀ। ਜਾਤੀ = ਜਾਤ੍ਰੀ।੨।

ਅਵਰ ਸੰਗਿ = ਹੋਰਨਾਂ ਨਾਲੋਂ।੩।

ਜਹ ਜਹ = ਜਿੱਥੇ ਜਿੱਥੇ। ਤੁਮ ਸੋ = ਤੇਰੇ ਵਰਗਾ। ਠਾਕੁਰੁ = ਮਾਲਕ। ਦੇਵਾ = ਹੇ ਦੇਵ!੪।

ਕਟਹਿ = ਕੱਟੇ ਜਾਂਦੇ ਹਨ। ਫਾਂਸਾ = ਫਾਹੇ। ਭਗਤਿ ਹੇਤਿ = ਭਗਤੀ ਹਾਸਲ ਕਰਨ ਲਈ।੫।

ਅਰਥ: ਹੇ ਮਾਧੋ! ਜੇ ਤੂੰ (ਮੇਰੇ ਨਾਲੋਂ) ਪਿਆਰ ਨਾਹ ਤੋੜੇਂ, ਤਾਂ ਮੈਂ ਭੀ ਨਹੀਂ ਤੋੜਾਂਗਾ; ਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ? (ਹੋਰ ਕੋਈ, ਹੇ ਮਾਧੋ! ਤੇਰੇ ਵਰਗਾ ਹੈ ਹੀ ਨਹੀਂ) ੧।ਰਹਾਉ।

ਹੇ ਮੇਰੇ ਮਾਧੋ! ਜੇ ਤੂੰ ਸੋਹਣਾ ਜਿਹਾ ਪਹਾੜ ਬਣੇਂ, ਤਾਂ ਮੈਂ (ਤੇਰਾ) ਮੋਰ ਬਣਾਂਗਾ (ਤੈਨੂੰ ਵੇਖ ਵੇਖ ਕੇ ਪੈਲਾਂ ਪਾਵਾਂਗਾ) ਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ (ਤੇ ਤੈਨੂੰ ਵੇਖ ਕੇ ਖ਼ੁਸ਼ ਹੋ ਹੋ ਕੇ ਬੋਲਾਂਗੀ) ੧।

ਹੇ ਮਾਧੋ! ਜੇ ਤੂੰ ਸੋਹਣਾ ਦੀਵਾ ਬਣੇਂ, ਮੈਂ (ਤੇਰੀ) ਵੱਟੀ ਬਣ ਜਾਵਾਂ। ਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ (ਤੇਰਾ ਦੀਦਾਰ ਕਰਨ ਲਈ) ਜਾਤ੍ਰੂ ਬਣ ਜਾਵਾਂਗਾ।੨।

ਹੇ ਪ੍ਰਭੂ! ਮੈਂ ਤੇਰੇ ਨਾਲ ਪੱਕਾ ਪਿਆਰ ਪਾ ਲਿਆ ਹੈ। ਤੇਰੇ ਨਾਲ ਪਿਆਰ ਗੰਢ ਕੇ ਮੈਂ ਹੋਰ ਸਭਨਾਂ ਨਾਲੋਂ ਤੋੜ ਲਿਆ ਹੈ।੩।

ਹੇ ਮਾਧੋ! ਮੈਂ ਜਿੱਥੇ ਜਿੱਥੇ ਜਾਂਦਾ ਹਾਂ (ਮੈਨੂੰ ਹਰ ਥਾਂ ਤੂੰ ਹੀ ਦਿੱਸਦਾ ਹੈਂ, ਮੈਂ ਹਰ ਥਾਂ) ਤੇਰੀ ਹੀ ਸੇਵਾ ਕਰਦਾ ਹਾਂ। ਹੇ ਦੇਵ! ਤੇਰੇ ਵਰਗਾ ਕੋਈ ਹੋਰ ਮਾਲਕ ਮੈਨੂੰ ਨਹੀਂ ਦਿੱਸਿਆ।੪।

ਤੇਰੀ ਬੰਦਗੀ ਕੀਤਿਆਂ ਜਮਾਂ ਦੇ ਬੰਧਨ ਕੱਟੇ ਜਾਂਦੇ ਹਨ, (ਤਾਹੀਏਂ) ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਨ ਲਈ ਤੇਰੇ ਗੁਣ ਗਾਉਂਦਾ ਹੈ।੫।੫।

ਸ਼ਬਦ ਦਾ ਭਾਵ: ਪ੍ਰਭੂ ਦੀ ਮਿਹਰ ਨਾਲ ਹੀ ਉਸ ਦੇ ਚਰਨਾਂ ਵਿਚ ਪ੍ਰੀਤਿ ਟਿਕੀ ਰਹਿ ਸਕਦੀ ਹੈ। ਉਹੀ ਪ੍ਰੀਤਿ ਉੱਚੇ ਦਰਜੇ ਦੀ ਹੈ।

TOP OF PAGE

Sri Guru Granth Darpan, by Professor Sahib Singh