ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 662 ਧਨਾਸਰੀ ਮਹਲਾ ੧ ॥ ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇ ਬਦੀ ਕਰੇ ਤਾ ਤਸੂ ਨ ਛੀਜੈ ॥ ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ ॥੧॥ ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥ ਚੋਰੁ ਸੁਆਲਿਉ ਚੋਰੁ ਸਿਆਣਾ ॥ ਖੋਟੇ ਕਾ ਮੁਲੁ ਏਕੁ ਦੁਗਾਣਾ ॥ ਜੇ ਸਾਥਿ ਰਖੀਐ ਦੀਜੈ ਰਲਾਇ ॥ ਜਾ ਪਰਖੀਐ ਖੋਟਾ ਹੋਇ ਜਾਇ ॥੨॥ ਜੈਸਾ ਕਰੇ ਸੁ ਤੈਸਾ ਪਾਵੈ ॥ ਆਪਿ ਬੀਜਿ ਆਪੇ ਹੀ ਖਾਵੈ ॥ ਜੇ ਵਡਿਆਈਆ ਆਪੇ ਖਾਇ ॥ ਜੇਹੀ ਸੁਰਤਿ ਤੇਹੈ ਰਾਹਿ ਜਾਇ ॥੩॥ ਜੇ ਸਉ ਕੂੜੀਆ ਕੂੜੁ ਕਬਾੜੁ ॥ ਭਾਵੈ ਸਭੁ ਆਖਉ ਸੰਸਾਰੁ ॥ ਤੁਧੁ ਭਾਵੈ ਅਧੀ ਪਰਵਾਣੁ ॥ ਨਾਨਕ ਜਾਣੈ ਜਾਣੁ ਸੁਜਾਣੁ ॥੪॥੪॥੬॥ {ਪੰਨਾ 662} ਪਦਅਰਥ: ਸਲਾਹੇ = ਸਿਫ਼ਤ ਕਰੇ, ਖ਼ੁਸ਼ਾਮਦ ਕਰੇ। ਭੀਜੈ = ਭਿੱਜਦਾ, ਪਤੀਜਦਾ। ਬਦੀ = ਬੁਰਿਆਈ, ਨਿੰਦਿਆ। ਤਸੂ = ਰਤਾ ਭੀ। ਛੀਜੈ = ਛਿੱਜਦਾ, ਕਮਜ਼ੋਰ ਹੁੰਦਾ, ਘਾਬਰਦਾ। ਹਾਮਾ = ਹਮਾਇਤ, ਜ਼ਾਮਨੀ {ਹਾਮਾ ਭਰਨੀ = ਜ਼ਾਮਨ ਬਣਨਾ, ਕਿਸੇ ਦੇ ਚੰਗੇ ਹੋਣ ਬਾਰੇ ਤਸੱਲੀ ਭਰਿਆ ਬਚਨ ਆਖਣਾ}। ਕੀਆ = ਕੀਤਾ ਗਿਆ, ਬਣਾਇਆ ਗਿਆ। ਕਿਉ ਹੋਇ = ਨਹੀਂ ਹੋ ਸਕਦਾ।੧। ਮਨ = ਹੇ ਮਨ! ਕੁਤੇ = ਕੁੱਤੇ ਵਾਂਗ ਲਾਲਚੀ। ਕੂੜਿਆਰ = ਹੇ ਝੂਠੇ! ਬੂਝੀਐ = ਪਛਾਣਿਆ ਜਾਂਦਾ ਹੈ। ਸਚਿਆਰ = ਸੱਚਾ ਮਨੁੱਖ।੧।ਰਹਾਉ। ਸੁਆਲਿਉ = ਸੋਹਣਾ। ਦੁਗਾਣਾ = ਦੋ ਗੰਢੇ ਕੌਡੀਆਂ ਦੇ।੨। ਬੀਜਿ = ਬੀਜ ਕੇ। ਆਪੇ = ਆਪ ਹੀ। ਖਾਇ = ਕਸਮਾਂ ਖਾਏ, ਸਹੁੰਆਂ ਚੁੱਕੇ। ਵਡਿਆਈਆ = ਗੁਣ। ਤੇਹੈ ਰਾਹਿ = ਉਹੋ ਜਿਹੇ ਰਾਹ ਤੇ। ਜਾਇ = ਜਾਂਦਾ ਹੈ। ਸੁਰਤਿ = ਭਾਵਨਾ, ਮਨ ਦੀ ਵਾਸਨਾ।੩। ਕੂੜੀਆ = ਝੂਠੀਆਂ ਗੱਲਾਂ। ਕੂੜੁ = ਝੂਠ। ਕਬਾੜੁ = ਕੂੜਾ ਕਰਕਟ, ਟੁੱਟਾ = ਭੱਜਾ ਮਾਲ, ਵਿਅਰਥ ਕੰਮ। ਭਾਵੈ ਆਖਉ = ਬੇਸ਼ੱਕ ਪਿਆ ਆਖੇ। ਤੁਧੁ ਭਾਵੈ = ਹੇ ਪ੍ਰਭੂ! ਤੈਨੂੰ ਪਸੰਦ ਆ ਜਾਏ। ਅਧੀ = {ਧੀ = ਅਕਲ} ਅਕਲ = ਹੀਨ ਮਨੁੱਖ, ਸਿੱਧੜ। ਜਾਣੁ = ਜਾਨਣਹਾਰ ਪ੍ਰਭੂ। ਸੁਜਾਣੁ = ਸਿਆਣਾ।੪। ਅਰਥ: ਜੇ ਕੋਈ ਚੋਰ (ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ) ਖ਼ੁਸ਼ਾਮਦ ਕਰੇ ਤਾਂ ਉਸ ਨੂੰ (ਇਹ) ਯਕੀਨ ਨਹੀਂ ਬਣ ਸਕਦਾ (ਕਿ ਇਹ ਸੱਚਾ ਹੈ) , ਜੇ ਉਹ ਚੋਰ (ਹਾਕਮ ਦੀ) ਬਦ-ਖ਼ੋਈ ਕਰੇ ਤਾਂ ਭੀ ਉਹ ਰਤਾ ਭਰ ਨਹੀਂ ਘਾਬਰਦਾ। ਕੋਈ ਭੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ। ਜੇਹੜਾ ਮਨੁੱਖ (ਲੋਕਾਂ ਦੀਆਂ ਨਜ਼ਰਾਂ ਵਿਚ) ਚੋਰ ਮੰਨਿਆ ਗਿਆ, ਉਹ (ਖ਼ੁਸ਼ਾਮਦਾਂ ਜਾਂ ਬਦ-ਖ਼ੋਈਆਂ ਨਾਲ ਹੋਰਨਾਂ ਦੇ ਸਾਹਮਣੇ) ਚੰਗਾ ਨਹੀਂ ਬਣ ਸਕਦਾ।੧। ਹੇ ਅੰਨ੍ਹੇ ਲਾਲਚੀ ਤੇ ਝੂਠੇ ਮਨ! ਧਿਆਨ ਨਾਲ) ਸੁਣ। ਸੱਚਾ ਮਨੁੱਖ ਬਿਨਾ ਬੋਲਿਆਂ ਹੀ ਪਛਾਣਿਆ ਜਾਂਦਾ ਹੈ।੧।ਰਹਾਉ। ਚੋਰ ਪਿਆ ਸੋਹਣਾ ਬਣੇ ਚਤੁਰ ਬਣੇ (ਪਰ ਆਖ਼ਰ ਉਹ ਚੋਰ ਹੀ ਹੈ ਉਸ ਦੀ ਕਦਰ ਕੀਮਤ ਨਹੀਂ ਪੈਂਦੀ, ਜਿਵੇਂ) ਖੋਟੇ ਰੁਪਏ ਦਾ ਮੁੱਲ ਦੋ ਗੰਢੇ ਕੌਡਾਂ ਹੀ ਹੈ। ਜੇ ਖੋਟੇ ਰੁਪਏ ਨੂੰ (ਖਰਿਆਂ ਵਿਚ) ਰੱਖ ਦੇਈਏ, (ਖਰਿਆਂ ਵਿਚ) ਰਲਾ ਦੇਈਏ, ਤਾਂ ਭੀ ਜਦੋਂ ਉਸ ਦੀ ਪਰਖ ਹੁੰਦੀ ਹੈ ਤਦੋਂ ਉਹ ਖੋਟਾ ਹੀ ਕਿਹਾ ਜਾਂਦਾ ਹੈ।੨। ਮਨੁੱਖ ਜੈਸਾ ਕੰਮ ਕਰਦਾ ਹੈ ਵੈਸਾ ਹੀ ਉਸ ਦਾ ਫਲ ਪਾਂਦਾ ਹੈ। ਹਰ ਕੋਈ ਆਪ (ਕਰਮਾਂ ਦੇ ਬੀਜ) ਬੀਜ ਕੇ ਆਪ ਹੀ ਫਲ ਖਾਂਦਾ ਹੈ। ਜੇ ਕੋਈ ਮਨੁੱਖ (ਹੋਵੇ ਤਾਂ ਖੋਟਾ, ਪਰ) ਆਪਣੀਆਂ ਵਡਿਆਈਆਂ ਦੀਆਂ ਕਸਮਾਂ ਚੁੱਕੀ ਜਾਏ (ਉਸ ਦਾ ਇਤਬਾਰ ਨਹੀਂ ਬਣ ਸਕਦਾ, ਕਿਉਂਕਿ) ਮਨੁੱਖ ਦੀ ਜਿਹੋ ਜਿਹੀ ਮਨੋ-ਵਾਸਨਾ ਹੈ ਉਹੋ ਜਿਹੇ ਰਸਤੇ ਉਤੇ ਹੀ ਉਹ ਤੁਰਦਾ ਹੈ।੩। (ਆਪਣਾ ਇਤਬਾਰ ਜਮਾਣ ਲਈ ਚਲਾਕ ਬਣ ਕੇ) ਭਾਵੇਂ ਸਾਰੇ ਸੰਸਾਰ ਨੂੰ ਝੂਠੀਆਂ ਗੱਲਾਂ ਤੇ ਗੱਪਾਂ ਆਖੀ ਜਾਏ (ਪਰ, ਹੇ ਪ੍ਰਭੂ! ਕੋਈ ਮਨੁੱਖ ਤੈਨੂੰ ਧੋਖਾ ਨਹੀਂ ਦੇ ਸਕਦਾ) । (ਹੇ ਪ੍ਰਭੂ! ਜੇ ਦਿਲ ਦਾ ਖਰਾ ਹੋਵੇ ਤਾਂ) ਇਕ ਸਿੱਧੜ ਮਨੁੱਖ ਭੀ ਤੈਨੂੰ ਪਸੰਦ ਆ ਜਾਂਦਾ ਹੈ, ਤੇਰੇ ਦਰ ਤੇ ਕਬੂਲ ਹੋ ਜਾਂਦਾ ਹੈ। ਹੇ ਨਾਨਕ! ਘਟ ਘਟ ਦੀ ਜਾਣਨ ਵਾਲਾ ਸੁਜਾਨ ਪ੍ਰਭੂ (ਸਭ ਕੁਝ) ਜਾਣਦਾ ਹੈ।੪।੩।੬। ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ ਜੇ ਵਿਚਿ ਰੁਪਾ ਹੋਇ ॥ ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥ {ਪੰਨਾ 662} ਪਦਅਰਥ: ਕਾਇਆ = ਸਰੀਰ। ਕਾਗਦੁ = ਕਾਗ਼ਜ਼। ਪਰਵਾਣਾ = ਪਰਵਾਨਾ, ਲਿਖਿਆ ਹੋਇਆ ਹੁਕਮ। ਇਆਣਾ = ਅੰਞਾਣਾ ਜੀਵ। ਦਰਗਹ = ਦਰਗਾਹੀ ਨਿਯਮ ਅਨੁਸਾਰ। ਘੜੀਅਹਿ = ਘੜੇ ਜਾਂਦੇ ਹਨ, ਉੱਕਰੇ ਜਾਂਦੇ ਹਨ। ਤੀਨੇ ਲੇਖ = (ਰਜੋ ਤਮੋ ਸਤੋ) ਤ੍ਰਿਗੁਣੀ ਕੀਤੇ ਕੰਮਾਂ ਦੇ ਸੰਸਕਾਰ = ਰੂਪ ਲੇਖ। ਕਾਮਿ = ਕੰਮ ਵਿਚ। ਖੋਟਾ = ਖੋਟਾ ਸੰਸਕਾਰ। ਕਾਮਿ ਨ ਆਵੈ = ਲਾਭਦਾਇਕ ਨਹੀਂ ਹੁੰਦਾ।੧। ਨਾਨਕ = ਹੇ ਨਾਨਕ! ਵਿਚਿ = ਆਤਮਕ ਜੀਵਨ ਵਿਚ। ਰੁਪਾ = ਚਾਂਦੀ, ਸੁੱਧ ਧਾਤ, ਪਵਿਤ੍ਰਤਾ। ਸਭੁ ਕੋਇ = ਹਰੇਕ ਜੀਵ।੧।ਰਹਾਉ। ਕਾਦੀ = ਕਾਜ਼ੀ {ਨੋਟ: ਅਰਬੀ ਲਫ਼ਜ਼ 'ਕਾਜ਼ੀ' ਦੇ ਦੋ ਉਚਾਰਨ ਹਨ– ਕਾਜ਼ੀ ਅਤੇ ਕਾਦੀ}। ਕੂੜੁ = ਝੂਠ। ਮਲੁ = ਮੈਲ, ਹਰਾਮ ਦਾ ਮਾਲ। ਨਾਵੈ = ਨ੍ਹਾਉਂਦਾ ਹੈ, ਤੀਰਥ = ਇਸ਼ਨਾਨ ਕਰਦਾ ਹੈ। ਜੀਆ ਘਾਇ = ਜੀਵਾਂ ਨੂੰ ਮਾਰ ਕੇ, ਅਨੇਕਾਂ ਬੰਦਿਆਂ ਨੂੰ ਸ਼ੂਦਰ = ਬਹਾਨੇ ਪੈਰਾਂ ਹੇਠ ਲਤਾੜ ਕੇ। ਜੁਗਤਿ = ਜੀਵਨ ਦੀ ਜਾਚ। ਅੰਧੁ = ਅੰਨ੍ਹਾ। ਬੰਧੁ = ਬੰਨਾ। ਓਜਾੜੇ ਕਾ ਬੰਧੁ = ਉਜਾੜੇ ਦਾ ਬੰਨਾ, ਆਤਮਕ ਜੀਵਨ ਵਲੋਂ ਉਜਾੜ ਹੀ ਉਜਾੜ।੨। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਉਲਟੀ ਕਰੈ = ਸੁਰਤਿ ਨੂੰ ਹਰਾਮ ਦੇ ਮਾਲ ਰਿਸ਼ਵਤ ਵਲੋਂ ਪਰਤਾਂਦਾ ਹੈ। ਜੀਵਤੁ ਮਰੈ = ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਹਟਦਾ ਹੈ। ਬ੍ਰਹਮੁ = ਪਰਮਾਤਮਾ।੩। ਦਾਨਸ = ਅਕਲ, ਦਾਨਸ਼। ਦਾਨਸਬੰਦੁ = ਦਾਨਸ਼ਮੰਦ, ਅਕਲਮੰਦ। ਦਿਲਿ = ਦਿਲ ਵਿਚ (ਟਿਕੀ ਹੋਈ ਬੁਰਾਈ) । ਮਲੁ = ਵਿਕਾਰਾਂ ਦੀ ਮੈਲ। ਖੋਵੈ = ਨਾਸ ਕਰਦਾ ਹੈ। ਪੜਿਆ = ਵਿਦਵਾਨ। ਬੂਝੈ = ਸਮਝਦਾ ਹੈ। ਜਿਸੁ ਸਿਰਿ = ਜਿਸ ਦੇ ਸਿਰ ਉਤੇ, ਜਿਸ ਦੇ ਮੱਥੇ ਉਤੇ। ਨੀਸਾਣੁ = ਨਿਸ਼ਾਨ, ਟਿੱਕਾ।੪। ਅਰਥ: ਇਹ ਮਨੁੱਖਾ ਸਰੀਰ (ਮਾਨੋ) ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ (ਸਰੀਰ-ਕਾਗ਼ਜ਼ ਉਤੇ ਲਿਖਿਆ ਹੋਇਆ) ਦਰਗਾਹੀ ਪਰਵਾਨਾ ਹੈ। ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ (ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ ਮਨ ਵਿਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਹਨ) । ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿਚ ਉੱਕਰੇ ਜਾਂਦੇ ਹਨ। ਪਰ ਹੇ ਭਾਈ! ਵੇਖ (ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ) ਖੋਟਾ ਸੰਸਕਾਰ-ਲੇਖ ਭੀ ਕੰਮ ਨਹੀਂ ਆਉਂਦਾ।੧। ਹੇ ਨਾਨਕ! ਜੇ ਰੁਪਏ ਆਦਿਕ ਸਿੱਕੇ ਵਿਚ ਚਾਂਦੀ ਹੋਵੇ ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ (ਇਸੇ ਤਰ੍ਹਾਂ ਜਿਸ ਮਨ ਵਿਚ ਪਵਿਤ੍ਰਤਾ ਹੋਵੇ, ਉਸ ਨੂੰ ਖਰਾ ਆਖਿਆ ਜਾਂਦਾ ਹੈ) ।੧।ਰਹਾਉ। ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ।੨। ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ। ਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ ਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਪਰਤਦਾ ਹੈ। ਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿਚ ਸੁਰਤਿ ਜੋੜਦਾ ਹੈ, ਇਸ ਤਰ੍ਹਾਂ ਆਪ ਭੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਲੰਘਾ ਲੈਂਦਾ ਹੈ।੩। ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ। ਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ। ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਉਸ ਦੇ ਮੱਥੇ ਉਤੇ ਦਰਗਾਹ ਦਾ ਟਿੱਕਾ ਲੱਗਦਾ ਹੈ ਉਹੀ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।੪। ਧਨਾਸਰੀ ਮਹਲਾ ੧ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥ ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥੧॥ ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥ ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥ ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ ॥੨॥ ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥੩॥ ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ ॥ ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ ॥੪॥੧॥੬॥੮॥ {ਪੰਨਾ 662-663} ਪਦਅਰਥ: ਕਾਲੁ = ਸਮਾ, ਮਨੁੱਖਾ ਜਨਮ ਦਾ ਸਮਾ। ਜੋਗੁ = ਮਿਲਾਪ, ਪਰਮਾਤਮਾ ਦਾ ਮਿਲਾਪ। ਸਤ = ਉੱਚਾ ਆਚਰਨ। ਢਬੁ = ਤਰੀਕਾ। ਥਾਨਸਟ = ਸ੍ਰੇਸ਼ਟ ਥਾਂ, ਪਵਿਤ੍ਰ ਹਿਰਦੇ। ਜਗ = ਜਗਤ ਦੇ। ਭਰਿਸਟ = ਗੰਦੇ। ਇਵ = ਇਸ ਤਰ੍ਹਾਂ, ਇਹਨਾਂ ਵਿਖਾਵੇ ਦੀਆਂ ਸਮਾਧੀਆਂ ਨਾਲ।੧। ਕਲ ਮਹਿ = ਸੰਸਾਰ ਵਿਚ {ਨੋਟ: ਗੁਰਮਤਿ ਅਨੁਸਾਰ ਕਿਸੇ ਖ਼ਾਸ ਜੁਗ ਨੂੰ ਕੋਈ ਪ੍ਰਭਤਾ ਵਡਿਆਈ ਨਹੀਂ ਹੈ}। ਸਾਰੁ = ਸ੍ਰੇਸ਼ਟ। ਤ = ਤਾਂ। ਮੀਟਹਿ = ਮੀਟਦੇ ਹਨ। ਕਉ = ਵਾਸਤੇ।੧।ਰਹਾਉ। ਆਂਟ = ਅੰਗੂਠਾ ਤੇ ਨਾਲ ਦੀਆਂ ਦੋ ਉਂਗਲਾਂ। ਸੇਤੀ = ਨਾਲ। ਤਿਨਿ = ਤਿੰਨ। ਲੋਅ = ਲੋਕ। ਮਗਰ = ਪਿੱਠ। ਪਦਮੁ = ਪਦਮ ਆਸਨ (ਚੌਕੜੀ ਮਾਰ ਕੇ ਖੱਬਾ ਪੈਰ ਸੱਜੇ ਪੱਟ ਉੱਤੇ ਅਤੇ ਸੱਜਾ ਪੈਰ ਖੱਬੇ ਪੱਟ ਉੱਤੇ ਰੱਖ ਕੇ ਬੈਠਣਾ) । ਅਲੋਅ = {ਅ = ਲੋਅ} ਜੋ ਕਦੇ ਵੇਖਿਆ ਨ ਹੋਵੇ, ਅਚਰਜ।੨। ਭਾਖਿਆ = ਬੋਲੀ। ਮਲੇਛ ਭਾਖਿਆ = ਉਹਨਾਂ ਦੀ ਬੋਲੀ ਜਿਨ੍ਹਾਂ ਨੂੰ ਇਹ ਆਪ ਮਲੇਛ ਆਖਦੇ ਹਨ। ਗਹੀ = ਗ੍ਰਹਣ ਕੀਤੀ। ਇਕ ਵਰਨ = ਇਕੋ ਵਰਨ ਦੀ, ਇਕੋ ਕਿਸਮ ਦੀ, ਅਧਰਮੀ ਹੀ ਅਧਰਮੀ। ਗਤਿ = ਮਰਯਾਦਾ।੩। ਅਸਟ = ਅੱਠ। ਅਸਟ ਸਾਜ = ਅਸ਼ਟਾਧਿਆਈ ਆਦਿਕ ਵਿਆਕਰਨਿਕ ਗ੍ਰੰਥ। ਸਾਜਿ = ਰਚ ਕੇ। ਸੋਧਹਿ = ਵਿਚਾਰਦੇ ਹਨ। ਮੁਕਤਿ = ਵਿਕਾਰਾਂ ਤੋਂ ਆਜ਼ਾਦੀ।੪। ਅਰਥ: ਜਗਤ ਵਿਚ ਪਰਮਾਤਮਾ ਦਾ ਨਾਮ (ਸਿਮਰਨਾ ਹੋਰ ਸਾਰੇ ਕੰਮਾਂ ਨਾਲੋਂ) ਸ੍ਰੇਸ਼ਟ ਹੈ। (ਜੇਹੜੇ ਇਹ ਲੋਕ) ਅੱਖਾਂ ਤਾਂ ਮੀਟਦੇ ਹਨ, ਨੱਕ ਭੀ ਫੜਦੇ ਹਨ (ਇਹ) ਜਗਤ ਨੂੰ ਠੱਗਣ ਵਾਸਤੇ (ਕਰਦੇ ਹਨ, ਇਹ ਭਗਤੀ ਨਹੀਂ, ਇਹ ਸ੍ਰੇਸ਼ਟ ਧਾਰਮਿਕ ਕੰਮ ਨਹੀਂ) ।੧। ਇਹ (ਮਨੁੱਖਾ ਜਨਮ ਦਾ) ਸਮਾ (ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ) ਨਹੀਂ ਹੈ, (ਇਹਨਾਂ ਢਬਾਂ ਨਾਲ) ਪਰਮਾਤਮਾ ਦਾ ਮੇਲ ਨਹੀਂ ਹੁੰਦਾ, ਨਾਹ ਹੀ ਉੱਚੇ ਆਚਰਨ ਦਾ ਤਰੀਕਾ ਹੈ। (ਇਹਨਾਂ ਤਰੀਕਿਆਂ ਦੀ ਰਾਹੀਂ) ਜਗਤ ਦੇ (ਅਨੇਕਾਂ) ਪਵਿਤ੍ਰ ਹਿਰਦੇ (ਭੀ) ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ (ਵਿਕਾਰਾਂ ਵਿਚ) ਡੁੱਬਣ ਲੱਗ ਪੈਂਦਾ ਹੈ।੧। ਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਇਹ (ਆਪਣਾ) ਨੱਕ ਫੜਦੇ ਹਨ (ਸਮਾਧੀ ਦੀ ਸ਼ਕਲ ਵਿਚ ਬੈਠ ਕੇ ਮੂੰਹੋਂ ਆਖਦੇ ਹਨ ਕਿ) ਤਿੰਨੇ ਹੀ ਲੋਕ ਦਿੱਸ ਰਹੇ ਹਨ, ਪਰ ਆਪਣੀ ਹੀ ਪਿੱਠ ਪਿਛੇ ਪਈ ਕੋਈ ਚੀਜ਼ ਨਹੀਂ ਦਿੱਸਦੀ। ਇਹ ਅਸਚਰਜ ਪਦਮ ਆਸਨ ਹੈ।੨। (ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਸਮਝਣ ਵਾਲੇ) ਖਤ੍ਰੀਆਂ ਨੇ (ਆਪਣਾ ਇਹ) ਧਰਮ ਛੱਡ ਦਿੱਤਾ ਹੈ, ਜਿਨ੍ਹਾਂ ਨੂੰ ਇਹ ਮੂੰਹੋਂ ਮਲੇਛ ਕਹਿ ਰਹੇ ਹਨ (ਰੋਜ਼ੀ ਦੀ ਖ਼ਾਤਰ) ਉਹਨਾਂ ਦੀ ਬੋਲੀ ਗ੍ਰਹਣ ਕਰ ਚੁਕੇ ਹਨ, (ਇਹਨਾਂ ਦੇ) ਧਰਮ ਦੀ ਮਰਯਾਦਾ ਮੁੱਕ ਚੁੱਕੀ ਹੈ, ਸਾਰੀ ਸ੍ਰਿਸ਼ਟੀ ਇਕੋ ਵਰਨ ਦੀ ਹੋ ਗਈ ਹੈ (ਇਕੋ ਅਧਰਮ ਹੀ ਅਧਰਮ ਪ੍ਰਧਾਨ ਹੋ ਗਿਆ ਹੈ) ।੩। (ਬ੍ਰਾਹਮਣ ਲੋਕ) ਅਸ਼ਟਾਧਿਆਈ ਆਦਿਕ ਗ੍ਰੰਥ ਰਚ ਕੇ (ਉਹਨਾਂ ਅਨੁਸਾਰ) ਪੁਰਾਣਾਂ ਨੂੰ ਵਿਚਾਰਦੇ ਹਨ ਤੇ ਵੇਦਾਂ ਦਾ ਅਭਿਆਸ ਕਰਦੇ ਹਨ (ਬੱਸ! ਇਤਨੇ ਨੂੰ ਸ੍ਰੇਸ਼ਟ ਧਰਮ ਕਰਮ ਮੰਨੀ ਬੈਠੇ ਹਨ) । ਪਰ ਦਾਸ ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ (ਇਸ ਵਾਸਤੇ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਧਰਮ-ਕਰਮ ਹੈ) ।੪।੧।੬।੮। ਨੋਟ: ਅਖ਼ੀਰਲੇ ਅੰਕਾਂ ਨੂੰ ਗਹੁ ਨਾਲ ਵੇਖੋ। ਅੰਕ ੪ ਦੱਸਦਾ ਹੈ ਕਿ ਸ਼ਬਦ ਦੇ ੪ ਬੰਦ ਹਨ। ਅਗਲਾ ਅੰਕ ੧ ਦੱਸਦਾ ਹੈ ਕਿ "ਘਰੁ ੩" ਦਾ ਇਹ ਪਹਿਲਾ ਸ਼ਬਦ ਹੈ। "ਘਰ ੨" ਦੇ ੫ ਸ਼ਬਦ ਹਨ। 'ਘਰੁ ੩' ਦਾ ੧ ਸ਼ਬਦ ਹੈ। ਅੰਕ ੬ ਦੱਸਦਾ ਹੈ ਕਿ 'ਘਰੁ ੨' ਅਤੇ 'ਘਰੁ ੩' ਦੇ ਸ਼ਬਦਾਂ ਦਾ ਜੋੜ ੬ ਹੈ। ਧਨਾਸਰੀ ਰਾਗ ਵਿਚ ਗੁਰੂ ਨਾਨਕ ਜੀ ਦੇ ਹੁਣ ਤਕ ੮ ਸ਼ਬਦ ਆ ਚੁਕੇ ਹਨ। |
![]() |
![]() |
![]() |
![]() |
Sri Guru Granth Darpan, by Professor Sahib Singh |