ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 698

ਜੈਤਸਰੀ ਮਹਲਾ ੪ ॥ ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥ ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥ ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥ ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥ ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥੨॥ ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥ ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ ॥੩॥ ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥ ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥੪॥੬॥ {ਪੰਨਾ 698}

ਪਦਅਰਥ: ਸਾਧ = ਗੁਰੂ! ਚਲਤੌ = ਭਟਕਦਾ, ਚੰਚਲ। ਅਰੂੜਾ = ਅਸਥਿਰ। ਅਨਹਤ = ਇਕ-ਰਸ, ਲਗਾਤਾਰ। ਧੁਨਿ = ਰੌ। ਵਾਜਹਿ = ਵੱਜਦੇ ਹਨ। ਅੰਮ੍ਰਿਤ ਧਾਰ = ਆਤਮਕ ਜੀਵਨ ਦੇਣ ਵਾਲੇ ਨਾਮ = ਜਲ ਦੀ ਧਾਰ। ਰਸਿ = ਪ੍ਰੇਮ ਨਾਲ। ਲੀੜਾ = ਲੇੜ੍ਹ ਲਿਆ, ਰੱਜ ਗਿਆ।੧।

ਮਨ = ਹੇ ਮਨ! ਗੂੜਾ = ਸੋਹਣਾ। ਮਨਿ = ਮਨ ਵਿਚ। ਸਤਿਗੁਰਿ = ਗੁਰੂ ਨੇ। ਲਾਇ ਝਪੀੜਾ = ਜੱਫੀ ਪਾ ਕੇ। ਰਹਾਉ।

ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ। ਬੰਧ ਭਏ = ਬੱਝੇ ਪਏ। ਬਿਖੁ = (ਆਤਮਕ ਜੀਵਨ ਨੂੰ ਮੁਕਾਣ ਵਾਲੀ ਮਾਇਆ) ਜ਼ਹਿਰ। ਸੰਚਹਿ = ਇਕੱਠੀ ਕਰਦੇ ਹਨ। ਜਕੀੜਾ = ਹਠ, ਜ਼ੋਰ। ਕੈ ਅਰਥਿ = ਦੀ ਖ਼ਾਤਰ। ਸਿਰਿ = ਸਿਰ ਉਤੇ। ਜਮਕਾਲ ਪੀੜਾ = ਜਮਕਾਲ ਦਾ ਦੁੱਖ, ਮੌਤ ਦਾ ਦੁੱਖ।੨।

ਹਰ ਅਰਥਿ = ਪਰਮਾਤਮਾ ਦੀ ਖ਼ਾਤਰ। ਸਾਧੂ = ਗੁਰੂ। ਮੁਖਿ = ਮੂੰਹ ਉਤੇ। ਧੂੜਾ = ਖ਼ਾਕ। ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰ ਲੋਕ ਵਿਚ। ਪਾਵਹਿ = ਪਾਂਦੇ ਹਨ, ਖੱਟਦੇ ਹਨ। ਰੰਗੁ = ਪ੍ਰੇਮ। ਮਨਿ = ਮਨ ਵਿਚ।੩।

ਹਰਿ = ਹੇ ਹਰੀ! ਕੀੜਾ = ਨਿਮਾਣਾ ਦਾਸ। ਪਗ = ਪੈਰ। ਮਿਲਿ = ਮਿਲ ਕੇ। ਪਾਖਾਣੁ = ਪੱਥਰ, ਪੱਥਰ ਵਾਂਗ ਅਭਿੱਜ। ਮੂੜਾ = ਮੂਰਖ।੪।

ਅਰਥ: ਹੇ ਮੇਰੇ ਮਨ! ਸੋਹਣੇ ਪਰਮਾਤਮਾ ਦਾ ਨਾਮ (ਸਦਾ) ਜਪਿਆ ਕਰ। ਹੇ ਭਾਈ! ਗੁਰੂ ਨੇ ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ, ਹੁਣ ਪਰਮਾਤਮਾ ਮੈਨੂੰ ਜੱਫੀ ਪਾ ਕੇ ਮਿਲ ਪਿਆ ਹੈ।ਰਹਾਉ।

ਹੇ ਭਾਈ! ਜਿਸ ਮਨੁੱਖ ਨੇ ਵੱਡੇ ਭਾਗਾਂ ਨਾਲ ਗੁਰੂ ਦੀ ਸਾਧ ਸੰਗਤਿ ਪ੍ਰਾਪਤ ਕਰ ਲਈ, ਉਸ ਦਾ ਭਟਕਦਾ ਮਨ ਟਿਕ ਗਿਆ। ਉਸ ਦੇ ਅੰਦਰ ਇਕ-ਰਸ ਰੌ ਨਾਲ (ਮਾਨੋ) ਸਦਾ ਵਾਜੇ ਵੱਜਦੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਪ੍ਰੇਮ ਨਾਲ (ਪੀ ਪੀ ਕੇ) ਉਹ ਰੱਜ ਜਾਂਦਾ ਹੈ।੧।

ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਮਾਇਆ ਦੇ ਮੋਹ ਵਿਚ ਬੱਝੇ ਰਹਿੰਦੇ ਹਨ। ਉਹ ਜ਼ੋਰ ਲਾ ਕੇ (ਆਤਮਕ ਮੌਤ ਲਿਆਉਣ ਵਾਲੀ ਮਾਇਆ) ਜ਼ਹਿਰ ਹੀ ਇਕੱਠੀ ਕਰਦੇ ਰਹਿੰਦੇ ਹਨ। ਉਹ ਮਨੁੱਖ ਉਸ ਮਾਇਆ ਨੂੰ ਪਰਮਾਤਮਾ ਦੇ ਰਾਹ ਤੇ ਖ਼ਰਚ ਨਹੀਂ ਸਕਦੇ, (ਇਸ ਵਾਸਤੇ ਉਹ) ਆਤਮਕ ਮੌਤ ਦਾ ਦੁੱਖ ਆਪਣੇ ਸਿਰ ਉਤੇ ਸਹਾਰਦੇ ਹਨ।੨।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਬੜੀ ਸਰਧਾ ਨਾਲ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਕੇ ਆਪਣਾ ਸਰੀਰ ਪਰਮਾਤਮਾ ਦੇ ਅਰਪਣ ਕਰ ਦਿੱਤਾ, ਉਹ ਮਨੁੱਖ ਇਸ ਲੋਕ ਵਿਚ ਪਰਲੋਕ ਵਿਚ ਸੋਭਾ ਖੱਟਦੇ ਹਨ, ਉਹਨਾਂ ਦੇ ਮਨ ਵਿਚ ਪਰਮਾਤਮਾ ਨਾਲ ਗੂੜ੍ਹਾ ਪਿਆਰ ਬਣ ਜਾਂਦਾ ਹੈ।੩।

ਹੇ ਹਰੀ! ਹੇ ਪ੍ਰਭੂ! ਮੈਨੂੰ ਗੁਰੂ ਮਿਲਾ, ਮੈਨੂੰ ਗੁਰੂ ਮਿਲਾ, ਮੈਂ ਗੁਰੂ ਦੇ ਸੇਵਕਾਂ ਦਾ ਨਿਮਾਣਾ ਦਾਸ ਹਾਂ। ਹੇ ਦਾਸ ਨਾਨਕ! ਆਖ-) ਜਿਸ ਮਨੁੱਖ ਦੇ ਅੰਦਰ ਗੁਰੂ ਦੇ ਚਰਨਾਂ ਦਾ ਪਿਆਰ ਬਣ ਜਾਂਦਾ ਹੈ, ਗੁਰੂ ਨੂੰ ਮਿਲ ਕੇ ਉਸ ਦਾ ਮੂਰਖ ਅਭਿੱਜ ਮਨ ਹਰਾ ਹੋ ਜਾਂਦਾ ਹੈ।੪।੬।

ਜੈਤਸਰੀ ਮਹਲਾ ੪ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਸਿਮਰਹੁ ਅਗਮ ਅਪਾਰਾ ॥ ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥ ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥ ਹਰਿ ਗੁਣ ਗਾਵਹੁ ਮੀਤ ਹਮਾਰੇ ॥ ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥ ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥ ਮਧੁਸੂਦਨ ਹਰਿ ਮਾਧੋ ਪ੍ਰਾਨਾ ॥ ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥ ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥ ਹਰਿ ਹਰਿ ਨਾਮੁ ਸਦਾ ਸੁਖਦਾਤਾ ॥ ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥ ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥੪॥੧॥੭॥ {ਪੰਨਾ 698}

ਪਦਅਰਥ: ਅਗਮ = ਅਪਹੁੰਚ। ਅਪਾਰਾ = ਪਾਰ = ਰਹਿਤ, ਬੇਅੰਤ। ਹਮਾਰਾ = ਅਸਾਂ ਜੀਵਾਂ ਦਾ। ਹਰਿ = ਹੇ ਹਰੀ! ਗੁਰਿ ਮਿਲਿਐ = ਜੇ ਗੁਰੂ ਮਿਲ ਪਏ।੧।

ਮੀਤ ਹਮਾਰੇ = ਹੇ ਸਾਡੇ ਮਿੱਤਰੋ! ਉਰ = ਹਿਰਦਾ। ਧਾਰੇ = ਧਾਰਿ, ਟਿਕਾ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਪਰਗਟੁ = ਪਰਤੱਖ।੨।

ਮਧੁ ਸੂਦਨ = {ਮਧੁ ਰਾਖਸ਼ ਨੂੰ ਮਾਰਨ ਵਾਲਾ} ਹੇ ਪ੍ਰਭੂ! ਮਾਧੋ = {ਮਾ = ਧਵ = ਮਾਇਆ ਦਾ ਪਤੀ} ਹੇ ਹਰੀ! ਪ੍ਰਾਨਾ = ਹੇ ਮੇਰੀ ਜਿੰਦ (ਦੇ ਸਹਾਰੇ) ! ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਨਿਰੰਜਨੁ = ਨਿਰਲੇਪ {ਨਿਰ = ਅੰਜਨੁ। ਅੰਜਨ = ਮਾਇਆ ਦੀ ਕਾਲਖ਼}੩।

ਕੈ ਰੰਗਿ = ਦੇ ਪ੍ਰੇਮ ਵਿਚ। ਰਾਤਾ = ਮਗਨ। ਗੁਰ = ਹੇ ਗੁਰੂ! ਨਾਮਿ = ਨਾਮ ਦੀ ਰਾਹੀਂ।੪।

ਅਰਥ: ਹੇ ਭਾਈ! ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਜਿਸ ਨੂੰ ਸਿਮਰਿਆਂ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ। ਹੇ ਹਰੀ! ਹੇ ਪ੍ਰਭੂ! ਸਾਨੂੰ ਗੁਰੂ ਮਹਾ ਪੁਰਖ ਮਿਲਾ ਦੇ। ਜੇ ਗੁਰੂ ਮਿਲ ਪਏ, ਤਾਂ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।੧।

ਹੇ ਮੇਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੋ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖੋ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਤਮਕ ਜੀਵਨ ਦੇਣ ਵਾਲੇ ਬੋਲ (ਮੈਨੂੰ ਭੀ) ਸੁਣਾਇਆ ਕਰੋ। (ਹੇ ਮਿੱਤਰੋ! ਗੁਰੂ ਦੀ ਸਰਨ ਪਏ ਰਹੋ) , ਜੇ ਗੁਰੂ ਮਿਲ ਪਏ, ਤਾਂ ਪਰਮਾਤਮਾ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।੨।

ਹੇ ਦੂਤਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਪਤੀ! ਹੇ ਮੇਰੀ ਜਿੰਦ (ਦੇ ਸਹਾਰੇ) ! ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ। ਹੇ ਹਰੀ! ਹੇ ਪ੍ਰਭੂ! ਮੇਰੇ ਉਤੇ) ਮੇਹਰ ਕਰ, ਮੈਨੂੰ ਉਹ ਮਹਾ ਪੁਰਖ ਗੁਰੂ ਮਿਲਾ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ।੩।

ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ। ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿਚ ਮਸਤ ਰਹਿੰਦਾ ਹੈ। ਹੇ ਨਾਨਕ! ਆਖ-) ਹੇ ਹਰੀ! ਮੈਨੂੰ ਗੁਰੂ ਮਹਾ ਪੁਰਖ ਮਿਲਾ। ਹੇ ਗੁਰੂ! ਤੇਰੇ ਬਖ਼ਸ਼ੇ) ਹਰਿ-ਨਾਮ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ।੪।੧।੭।

ਜੈਤਸਰੀ ਮਃ ੪ ॥ ਹਰਿ ਹਰਿ ਹਰਿ ਹਰਿ ਨਾਮੁ ਜਪਾਹਾ ॥ ਗੁਰਮੁਖਿ ਨਾਮੁ ਸਦਾ ਲੈ ਲਾਹਾ ॥ ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓ‍ੁਮਾਹਾ ਰਾਮ ॥੧॥ ਹਰਿ ਹਰਿ ਨਾਮੁ ਦਇਆਲੁ ਧਿਆਹਾ ॥ ਹਰਿ ਕੈ ਰੰਗਿ ਸਦਾ ਗੁਣ ਗਾਹਾ ॥ ਹਰਿ ਹਰਿ ਹਰਿ ਜਸੁ ਘੂਮਰਿ ਪਾਵਹੁ ਮਿਲਿ ਸਤਸੰਗਿ ਓ‍ੁਮਾਹਾ ਰਾਮ ॥੨॥ ਆਉ ਸਖੀ ਹਰਿ ਮੇਲਿ ਮਿਲਾਹਾ ॥ ਸੁਣਿ ਹਰਿ ਕਥਾ ਨਾਮੁ ਲੈ ਲਾਹਾ ॥ ਹਰਿ ਹਰਿ ਕ੍ਰਿਪਾ ਧਾਰਿ ਗੁਰ ਮੇਲਹੁ ਗੁਰਿ ਮਿਲਿਐ ਹਰਿ ਓ‍ੁਮਾਹਾ ਰਾਮ ॥੩॥ ਕਰਿ ਕੀਰਤਿ ਜਸੁ ਅਗਮ ਅਥਾਹਾ ॥ ਖਿਨੁ ਖਿਨੁ ਰਾਮ ਨਾਮੁ ਗਾਵਾਹਾ ॥ ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ ਹਰਿ ਨਾਨਕ ਭਗਤਿ ਓ‍ੁਮਾਹਾ ਰਾਮ ॥੪॥੨॥੮॥ {ਪੰਨਾ 698}

ਪਦਅਰਥ: ਜਪਾਹਾ = ਜਪੋ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲੈ = ਲਵੋ। ਲਾਹਾ = ਲਾਭ, ਖੱਟੀ। ਦ੍ਰਿੜਾਵਹੁ = ਹਿਰਦੇ ਵਿਚ ਪੱਕੀ ਕਰੋ। ਉਮਾਹਾ = ਚਾਉ, ਉਤਸ਼ਾਹ, ਆਨੰਦ {ਅੱਖਰ 'ੳ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਓਮਾਹਾ' ਹੈ, ਇਥੇ 'ਉਮਾਹਾ' ਪੜ੍ਹਨਾ ਹੈ}੧।

ਦਇਆਲੁ = ਦਇਆ ਦਾ ਘਰ, ਦਇਆ ਦਾ ਪੁੰਜ। ਧਿਆਹਾ = ਧਿਆਵੋ। ਕੈ ਰੰਗਿ = ਦੇ ਪ੍ਰੇਮ ਵਿਚ। ਗਾਹਾ = ਗਾਵੋ। ਜਸੁ = ਸਿਫ਼ਤਿ-ਸਾਲਾਹ। ਘੂਮਰਿ = ਘੁਮ ਘੁਮ ਕੇ ਨਾਚ, ਮਸਤ ਕਰਨ ਵਾਲਾ ਨਾਚ। ਮਿਲਿ = ਮਿਲ ਕੇ। ਸਤ ਸੰਗਿ = ਸਤ ਸੰਗ ਵਿਚ।੨।

ਸਖੀ = ਹੇ ਸਹੇਲੀਹੋ! ਹੇ ਸਤਸੰਗੀਓ! ਮੇਲਿ = ਮਿਲਾਪ ਵਿਚ, ਚਰਨਾਂ ਵਿਚ। ਮਿਲਾਹਾ = ਮਿਲੋ। ਸੁਣਿ = ਸੁਣ ਕੇ। ਹਰਿ = ਹੇ ਹਰੀ! ਗੁਰਿ ਮਿਲਿਐ = ਜੇ ਗੁਰੂ ਮਿਲ ਪਏ।੩।

ਕਰਿ = ਕਰ ਕੇ। ਕੀਰਤਿ = ਸਿਫ਼ਤਿ-ਸਾਲਾਹ। ਅਥਾਹਾ = ਡੂੰਘਾ, ਡੂੰਘੇ ਜਿਗਰੇ ਵਾਲਾ। ਖਿਨੁ ਖਿਨੁ = ਹਰ ਛਿਨ, ਹਰ ਵੇਲੇ। ਗਵਾਹਾ = ਗਾਵੋ। ਮੋ ਕਉ = ਮੈਨੂੰ। ਕਉ = ਨੂੰ। ਗੁਰ = ਹੇ ਗੁਰੂ!੪।

ਅਰਥ: ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰੋ। ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ-ਖੱਟੀ ਖੱਟਦੇ ਰਹੋ। ਹੇ ਭਾਈ! ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਕਰ ਕੇ ਟਿਕਾ ਲਵੋ। ਪਰਮਾਤਮਾ ਦਾ ਨਾਮ (ਮਨੁੱਖ ਦੇ ਮਨ ਵਿਚ) ਆਨੰਦ ਪੈਦਾ ਕਰਦਾ ਹੈ।੧।

ਹੇ ਭਾਈ! ਪਰਮਾਤਮਾ ਦਇਆ ਦਾ ਸੋਮਾ ਹੈ, ਉਸ ਦਾ ਨਾਮ ਸਦਾ ਸਿਮਰਦੇ ਰਹੋ। ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦੇ ਗੁਣ ਗਾਂਦੇ ਰਹੋ। ਹੇ ਭਾਈ! ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੋ (ਸਿਫ਼ਤਿ-ਸਾਲਾਹ ਮਨ ਨੂੰ ਮਸਤ ਕਰਨ ਵਾਲਾ ਨਾਚ ਹੈ, ਇਹ) ਨਾਚ ਨੱਚੋ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਆਤਮਕ ਆਨੰਦ ਮਾਣਿਆ ਕਰੋ।੨।

ਹੇ ਸੰਤ ਸੰਗੀਓ! ਆਓ, ਰਲ ਕੇ ਪ੍ਰਭੂ ਦੇ ਚਰਨਾਂ ਵਿਚ ਜੁੜੀਏ। ਹੇ ਸਤ ਸੰਗੀਓ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣ ਕੇ ਪਰਮਾਤਮਾ ਦੇ ਨਾਮ-ਸਿਮਰਨ ਦੀ ਖੱਟੀ ਖੱਟਦੇ ਰਹੋ। (ਪ੍ਰਭੂ-ਦਰ ਤੇ ਅਰਦਾਸ ਕਰੋ-) ਹੇ ਪ੍ਰਭੂ! ਮੇਹਰ ਕਰ, (ਸਾਨੂੰ) ਗੁਰੂ ਮਿਲਾ। ਹੇ ਸਤ ਸੰਗੀਓ! ਜੇ ਗੁਰੂ ਮਿਲ ਪਏ, ਤਾਂ (ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ।੩।

ਹੇ ਭਾਈ! ਉਸ ਅਪਹੁੰਚ ਅਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ, ਜਸ ਕਰ ਕੇ, ਹਰ ਵੇਲੇ ਉਸ ਦਾ ਨਾਮ ਜਪਿਆ ਕਰੋ। ਹੇ ਨਾਨਕ! ਆਖ-) ਹੇ ਨਾਮ ਦੀ ਦਾਤਿ ਦੇਣ ਵਾਲੇ ਗੁਰੂ! ਮੇਰੇ ਉਤੇ ਮੇਹਰ ਕਰ, ਮੈਨੂੰ ਮਿਲ, (ਤੇਰੇ ਮਿਲਾਪ ਦੀ ਬਰਕਤਿ ਨਾਲ ਮੇਰੇ ਅੰਦਰ) ਭਗਤੀ ਕਰਨ ਦਾ ਚਾਉ ਪੈਦਾ ਹੋਵੇ।੪।੨।੮।

TOP OF PAGE

Sri Guru Granth Darpan, by Professor Sahib Singh