ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 716

ਟੋਡੀ ਮਹਲਾ ੫ ਘਰੁ ੫ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥ ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥ ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥ ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥ ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥ ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥ {ਪੰਨਾ 716}

ਪਦਅਰਥ: ਗੁਨੁ = ਉਪਕਾਰ। ਪੰਚ ਦੋਖ = (ਕਾਮਾਦਿਕ) ਪੰਜੇ ਵਿਕਾਰ। ਅਰੁ = ਅਤੇ। ਅਹੰ ਰੋਗ = ਹਉਮੈ ਦਾ ਰੋਗ। ਤੇ = ਤੋਂ। ਸਗਲ = ਸਾਰੇ।ਰਹਾਉ।

ਬੰਧਨ = ਫਾਹੀਆਂ। ਤੋਰਿ = ਤੋੜ ਕੇ। ਛੋਰਿ = ਛੁਡਾ ਕੇ। ਬਿਖਿਆ ਤੇ = ਮਾਇਆ (ਦੇ ਮੋਹ) ਤੋਂ। ਕੋ = ਦਾ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ। ਰੂਪੁ = ਸੁਹਜ। ਅਨਰੂਪੁ = ਕੁਹਜ। ਗਹਿਓ = ਫੜ ਲਿਆ, ਬੰਨ੍ਹ ਦਿੱਤਾ। ਮੋਹਿ = ਮੈਨੂੰ। ਰੰਗਿ = ਪ੍ਰੇਮ = ਰੰਗ ਵਿਚ। ਭੀਨ = ਭਿਉਂ ਦਿੱਤਾ।੧।

ਲਾਲਨੁ = ਸੋਹਣਾ ਲਾਲ। ਪਾਟ ਬੀਚ = ਵਿਚਲੇ ਪਰਦੇ। ਖੋਏ = ਖੋਇ, ਦੂਰ ਕਰਕੇ। ਹਰਖੇ = ਖ਼ੁਸ਼ੀ ਵਿਚ। ਪਤੀਨ = ਪਤੀਜ ਗਿਆ। ਤਿਸ ਹੀ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}ਗ੍ਰਿਹੁ = ਸਰੀਰ = ਘਰ। ਠਾਕੁਰੁ = ਮਾਲਕ। ਕੋ ਧੀਨ = ਕਾ ਅਧੀਨ, ਦਾ ਸੇਵਕ।੨।

ਅਰਥ: ਹੇ ਭਾਈ! ਮੇਰੇ ਪ੍ਰਭੂ ਜੀ ਨੇ (ਮੇਰੇ ਉੱਤੇ) ਇਹੋ ਜਿਹਾ ਉਪਕਾਰ ਕਰ ਦਿੱਤਾ ਹੈ, (ਕਿ) ਕਾਮਾਦਿਕ ਪੰਜੇ ਵਿਕਾਰ ਅਤੇ ਹਉਮੈ ਦਾ ਰੋਗ-ਇਹ ਸਾਰੇ ਉਸ ਨੇ ਮੇਰੇ ਸਰੀਰ ਵਿਚੋਂ ਕੱਢ ਦਿੱਤੇ ਹਨ।ਰਹਾਉ।

(ਹੇ ਭਾਈ! ਮੇਰੇ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ) ਫਾਹੀਆਂ ਤੋੜ ਕੇ (ਮੈਨੂੰ) ਮਾਇਆ (ਦੇ ਮੋਹ) ਤੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ। ਮੇਰਾ ਕੋਈ ਸੁਹਜ ਕੋਈ ਕੁਹਜ ਉਸ ਨੇ ਕੋਈ ਭੀ ਆਪਣੇ ਮਨ ਵਿਚ ਨਹੀਂ ਲਿਆਂਦਾ। ਮੈਨੂੰ ਉਸ ਨੇ ਆਪਣੇ ਪ੍ਰੇਮ ਨਾਲ ਬੰਨ੍ਹ ਦਿੱਤਾ ਹੈ। ਮੈਨੂੰ ਆਪਣੇ ਪਿਆਰ-ਰੰਗ ਵਿਚ ਭਿਉਂ ਦਿੱਤਾ ਹੈ।੧।

ਹੇ ਨਾਨਕ! ਆਖ-ਹੇ ਭਾਈ!) ਹੁਣ ਜਦੋਂ ਵਿਚਕਾਰਲੇ ਪਰਦੇ ਦੂਰ ਕਰ ਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ, ਤਾਂ ਮੇਰੇ ਚਿਤ ਵਿਚ ਆਨੰਦ ਪੈਦਾ ਹੋ ਗਿਆ ਹੈ, ਮੇਰਾ ਮਨ ਖ਼ੁਸ਼ੀ ਵਿਚ ਗਦ-ਗਦ ਹੋ ਉੱਠਿਆ ਹੈ। (ਹੁਣ ਮੇਰਾ ਇਹ ਸਰੀਰ) ਉਸੇ ਦਾ ਹੀ ਘਰ (ਬਣ ਗਿਆ ਹੈ) ਉਹੀ (ਇਸ ਘਰ ਦਾ) ਮਾਲਕ (ਬਣ ਗਿਆ ਹੈ) , ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ।੨।੧।੨੦।

ਟੋਡੀ ਮਹਲਾ ੫ ॥ ਮਾਈ ਮੇਰੇ ਮਨ ਕੀ ਪ੍ਰੀਤਿ ॥ ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤਿ ॥ ਰਹਾਉ ॥ ਪ੍ਰਾਨ ਅਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸਨ ਪ੍ਰਭ ਨੀਤਿ ॥ ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ ਹਰਿ ਸਖਾ ਕੀਤ ॥੧॥ ਸੰਤ ਪ੍ਰਸਾਦਿ ਭਏ ਮਨ ਨਿਰਮਲ ਕਰਿ ਕਿਰਪਾ ਅਪੁਨੇ ਕਰਿ ਲੀਤ ॥ ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ਆਦਿ ਜੁਗਾਦਿ ਭਗਤਨ ਕੇ ਮੀਤ ॥੨॥੨॥੨੧॥ {ਪੰਨਾ 716}

ਪਦਅਰਥ: ਮਾਈ = ਹੇ ਮਾਂ! ਏਹੀ = ਇਹ ਪ੍ਰੀਤਿ ਹੀ। ਕਰਮ ਧਰਮ = (ਤੀਰਥ = ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮ। ਰੀਤਿ = ਜੀਵਨ = ਮਰਯਾਦਾ।ਰਹਾਉ।

ਪ੍ਰਾਨ ਅਧਾਰ = ਜਿੰਦ ਦਾ ਆਸਰਾ। ਮੋਰੈ = ਮੇਰੇ ਵਾਸਤੇ। ਬਾਟ = ਰਸਤਾ। ਘਾਟ = ਪੱਤਣ। ਤੋਸਾ = ਰਾਹ ਦਾ ਖ਼ਰਚ। ਸੰਗਿ = ਨਾਲ। ਕਉ = ਵਾਸਤੇ। ਸਖਾ = ਮਿੱਤਰ।੧।

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕਰਿ = ਕਰ ਕੇ। ਕਰਿ ਲੀਤ = ਬਣਾ ਲਿਆ ਹੈ। ਸਿਮਰਿ = ਸਿਮਰ ਕੇ। ਨਾਨਕ = ਹੇ ਨਾਨਕ! ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ।੨।

ਅਰਥ: ਹੇ ਮਾਂ! ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ ਹੈ। ਮੇਰੇ ਵਾਸਤੇ ਇਹ (ਪ੍ਰਭੂ-ਪ੍ਰੇਮ) ਹੀ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮ ਹੈ ਇਹੀ ਜਪ ਤਪ ਹੈ। ਪਰਮਾਤਮਾ ਦਾ ਨਾਮ ਸਿਮਰਨਾ ਹੀ ਜ਼ਿੰਦਗੀ ਨੂੰ ਪਵਿੱਤ੍ਰ ਕਰਨ ਦਾ ਤਰੀਕਾ ਹੈ।ਰਹਾਉ।

ਹੇ ਮਾਂ! ਮੇਰੀ ਇਹੀ ਤਾਂਘ ਹੈ ਕਿ) ਮੈਨੂੰ ਸਦਾ ਪ੍ਰਭੂ ਦਾ ਦਰਸਨ ਵੇਖਣਾ ਪ੍ਰਾਪਤ ਰਹੇ-ਇਹੀ ਮੇਰੀ ਜਿੰਦ ਦਾ ਸਹਾਰਾ ਹੈ ਇਹੀ ਮੇਰੇ ਵਾਸਤੇ ਸਾਰੀ ਜ਼ਿੰਦਗੀ ਵਿਚ (ਖੱਟਿਆ ਕਮਾਇਆ) ਧਨ ਹੈ। ਰਸਤੇ ਵਿਚ, ਪੱਤਣ ਉਤੇ (ਜ਼ਿੰਦਗੀ ਦੇ ਸਫ਼ਰ ਵਿਚ ਹਰ ਥਾਂ ਪਰਮਾਤਮਾ ਦਾ ਪਿਆਰ ਹੀ) ਮੇਰੇ ਨਾਲ ਰਾਹ ਦਾ ਖ਼ਰਚ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਦੇ ਵਾਸਤੇ ਪਰਮਾਤਮਾ ਨੂੰ ਮਿੱਤਰ ਬਣਾ ਲਿਆ ਹੈ।੧।

ਹੇ ਨਾਨਕ! ਆਖ-) ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਪਵਿੱਤ੍ਰ ਹੋ ਜਾਂਦੇ ਹਨ, ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ ਆਪਣੇ (ਸੇਵਕ) ਬਣਾ ਲੈਂਦਾ ਹੈ। ਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਉਹ ਆਤਮਕ ਆਨੰਦ ਮਾਣਦੇ ਹਨ। ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ, ਪਰਮਾਤਮਾ ਆਪਣੇ ਭਗਤਾਂ ਦਾ ਮਿੱਤਰ ਹੈ।੨।੨।੨੧।

ਟੋਡੀ ਮਹਲਾ ੫ ॥ ਪ੍ਰਭ ਜੀ ਮਿਲੁ ਮੇਰੇ ਪ੍ਰਾਨ ॥ ਬਿਸਰੁ ਨਹੀ ਨਿਮਖ ਹੀਅਰੇ ਤੇ ਅਪਨੇ ਭਗਤ ਕਉ ਪੂਰਨ ਦਾਨ ॥ ਰਹਾਉ ॥ ਖੋਵਹੁ ਭਰਮੁ ਰਾਖੁ ਮੇਰੇ ਪ੍ਰੀਤਮ ਅੰਤਰਜਾਮੀ ਸੁਘੜ ਸੁਜਾਨ ॥ ਕੋਟਿ ਰਾਜ ਨਾਮ ਧਨੁ ਮੇਰੈ ਅੰਮ੍ਰਿਤ ਦ੍ਰਿਸਟਿ ਧਾਰਹੁ ਪ੍ਰਭ ਮਾਨ ॥੧॥ ਆਠ ਪਹਰ ਰਸਨਾ ਗੁਨ ਗਾਵੈ ਜਸੁ ਪੂਰਿ ਅਘਾਵਹਿ ਸਮਰਥ ਕਾਨ ॥ ਤੇਰੀ ਸਰਣਿ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ॥੨॥੩॥੨੨॥ {ਪੰਨਾ 716}

ਪਦਅਰਥ: ਮੇਰੇ ਪ੍ਰਾਨ = ਹੇ ਮੇਰੀ ਜਿੰਦ (ਦੇ ਮਾਲਕ) ! ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਹੀਅਰੇ ਤੇ = ਹਿਰਦੇ ਤੋਂ। ਕਉ = ਨੂੰ।ਰਹਾਉ।

ਖੋਵਹੁ = ਨਾਸ ਕਰੋ। ਭਰਮੁ = ਭਟਕਣਾ। ਰਾਖੁ = ਰੱਖਿਆ ਕਰ। ਪ੍ਰੀਤਮ = ਹੇ ਪ੍ਰੀਤਮ! ਸੁਘੜ = ਹੇ ਸੋਹਣੇ! ਸੁਜਾਣ = ਹੇ ਸਿਆਣੇ! ਕੋਟਿ ਰਾਜ = ਕ੍ਰੋੜਾਂ ਬਾਦਸ਼ਾਹੀਆਂ। ਮੇਰੈ = ਮੇਰੇ ਵਾਸਤੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਦ੍ਰਿਸਟਿ = ਨਿਗਾਹ। ਮਾਨ = ਮੇਰੇ ਮਨ ਉਤੇ, ਮੇਰੇ ਉੱਤੇ।੧।

ਰਸਨਾ = ਜੀਭ। ਜਸੁ = ਸਿਫ਼ਤਿ-ਸਾਲਾਹ। ਪੂਰਿ = ਭਰ ਕੇ। ਅਘਾਵਹਿ = ਰੱਜੇ ਰਹਿਣ। ਸਮਰਥ = ਹੇ ਸਮਰਥ! ਕਾਨ = ਕੰਨ। ਜੀਅਨ ਕੇ ਦਾਤੇ = ਹੇ ਸਭ ਜੀਵਾਂ ਦੇ ਦਾਤਾਰ!੨।

ਅਰਥ: ਹੇ ਪ੍ਰਭੂ ਜੀ! ਹੇ ਮੇਰੀ ਜਿੰਦ (ਦੇ ਮਾਲਕ) ! (ਮੈਨੂੰ) ਮਿਲ। ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਮੇਰੇ ਹਿਰਦੇ ਤੋਂ ਤੂੰ ਨਾਹ ਭੁੱਲ। ਆਪਣੇ ਭਗਤ ਨੂੰ ਇਹ ਪੂਰੀ ਦਾਤਿ ਬਖ਼ਸ਼।ਰਹਾਉ।

ਹੇ ਮੇਰੇ ਪ੍ਰੀਤਮ! ਹੇ ਅੰਤਰਜਾਮੀ! ਹੇ ਸੋਹਣੇ ਸੁਜਾਨ! ਮੇਰੇ ਮਨ ਦੀ ਭਟਕਣਾ ਦੂਰ ਕਰ, ਮੇਰੀ ਰੱਖਿਆ ਕਰ। ਹੇ ਪ੍ਰਭੂ! ਮੇਰੇ ਉਤੇ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ। ਮੇਰੇ ਵਾਸਤੇ ਤੇਰੇ ਨਾਮ ਦਾ ਧਨ ਕ੍ਰੋੜਾਂ ਬਾਦਸ਼ਾਹੀਆਂ (ਦੇ ਬਰਾਬਰ ਬਣਿਆ ਰਹੇ) ੧।

ਹੇ ਨਾਨਕ! ਆਖ-) ਹੇ ਸਭ ਤਾਕਤਾਂ ਦੇ ਮਾਲਕ! ਮੇਹਰ ਕਰ) ਮੇਰੀ ਜੀਭ ਅੱਠੇ ਪਹਰ ਤੇਰੇ ਗੁਣ ਗਾਂਦੀ ਰਹੇ, ਮੇਰੇ ਕੰਨ (ਆਪਣੇ ਅੰਦਰ) ਤੇਰੀ ਸਿਫ਼ਤਿ-ਸਾਲਾਹ ਭਰ ਕੇ (ਇਸੇ ਨਾਲ) ਰੱਜੇ ਰਹਿਣ। ਹੇ ਸਭ ਜੀਵਾਂ ਦੇ ਦਾਤਾਰ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ।੨।੩।੨੨।

ਟੋਡੀ ਮਹਲਾ ੫ ॥ ਪ੍ਰਭ ਤੇਰੇ ਪਗ ਕੀ ਧੂਰਿ ॥ ਦੀਨ ਦਇਆਲ ਪ੍ਰੀਤਮ ਮਨਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰਿ ॥ ਰਹਾਉ ॥ ਦਹ ਦਿਸ ਰਵਿ ਰਹਿਆ ਜਸੁ ਤੁਮਰਾ ਅੰਤਰਜਾਮੀ ਸਦਾ ਹਜੂਰਿ ॥ ਜੋ ਤੁਮਰਾ ਜਸੁ ਗਾਵਹਿ ਕਰਤੇ ਸੇ ਜਨ ਕਬਹੁ ਨ ਮਰਤੇ ਝੂਰਿ ॥੧॥ ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ ॥ ਸੁਖ ਸੰਪਤਿ ਭੋਗ ਇਸੁ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ ॥੨॥੪॥੨੩॥ {ਪੰਨਾ 716}

ਪਦਅਰਥ: ਪ੍ਰਭ = ਹੇ ਪ੍ਰਭੂ! ਪਗ = ਚਰਨ। ਧੂਰਿ = ਖ਼ਾਕ, ਧੂੜ। ਪ੍ਰੀਤਮ = ਹੇ ਪ੍ਰੀਤਮ! ਮਨ ਮੋਹਨ– ਹੇ ਮਨ ਨੂੰ ਮੋਹਨ ਵਾਲੇ! ਲੋਚਾ = ਤਾਂਘ। ਪੂਰਿ = ਪੂਰੀ ਕਰ।ਰਹਾਉ।

ਦਹਦਿਸ = ਦਸੀਂ ਪਾਸੀਂ, ਸਾਰੇ ਸੰਸਾਰ ਵਿਚ। ਰਵਿ ਰਹਿਆ = ਪਸਰਿਆ ਹੋਇਆ ਹੈ। ਜਸੁ = ਸੋਭਾ। ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹਜੂਰਿ = ਅੰਗ = ਸੰਗ। ਗਾਵਹਿ = ਗਾਂਦੇ ਹਨ। ਕਰਤੇ = ਹੇ ਕਰਤਾਰ! ਨ ਮਰਤੇ = ਆਤਮਕ ਮੌਤ ਨਹੀਂ ਸਹੇੜਦੇ। ਝੂਰਿ = (ਮਾਇਆ ਦੀ ਖ਼ਾਤਰ) ਕ੍ਰੁੱਝ ਕੇ।੧।

ਧੰਧ ਬੰਧ = ਧੰਧਿਆਂ ਦੇ ਬੰਧਨ। ਬਿਸੂਰ = ਚਿੰਤਾ = ਫ਼ਿਕਰ। ਸੰਪਤਿ = ਧਨ ਪਦਾਰਥ। ਜੀਅ ਕੇ = ਜਿੰਦ ਦੇ। ਕੂਰ = ਕੂੜ, ਝੂਠੇ, ਨਾਸਵੰਤ।੨।

ਅਰਥ: ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਪ੍ਰੀਤਮ! ਹੇ ਮਨਮੋਹਨ! ਮੇਹਰ ਕਰ, ਮੇਰੀ ਤਾਂਘ ਪੂਰੀ ਕਰ, ਮੈਨੂੰ ਤੇਰੇ ਚਰਨਾਂ ਦੀ ਧੂੜ ਮਿਲਦੀ ਰਹੇ।ਰਹਾਉ।

ਹੇ ਅੰਤਰਜਾਮੀ! ਤੂੰ ਸਦਾ (ਸਭ ਜੀਵਾਂ ਦੇ) ਅੰਗ-ਸੰਗ ਰਹਿੰਦਾ ਹੈਂ, ਤੇਰੀ ਸੋਭਾ ਸਾਰੇ ਸੰਸਾਰ ਵਿਚ ਖਿਲਰੀ ਰਹਿੰਦੀ ਹੈ। ਹੇ ਕਰਤਾਰ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਉਹ (ਮਾਇਆ ਦੀ ਖ਼ਾਤਰ) ਚਿੰਤਾ-ਫ਼ਿਕਰ ਕਰ ਕਰ ਕੇ ਕਦੇ ਭੀ ਆਤਮਕ ਮੌਤ ਨਹੀਂ ਸਹੇੜਦੇ।੧।

ਹੇ ਨਾਨਕ! ਜੇਹੜੇ ਮਨੁੱਖ ਕਰਤਾਰ ਦਾ ਜਸ ਗਾਂਦੇ ਰਹਿੰਦੇ ਹਨ) ਸਾਧ ਸੰਗਤਿ ਦੀ ਬਰਕਤਿ ਨਾਲ ਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ, (ਉਹਨਾਂ ਵਾਸਤੇ ਮਾਇਆ ਦੇ ਧੰਧਿਆਂ ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ। ਦੁਨੀਆ ਦੇ ਸੁਖ, ਧਨ-ਪਦਾਰਥ, ਇਸ ਜਿੰਦ ਨੂੰ ਪਿਆਰੇ ਲੱਗਣ ਵਾਲੇ ਮਾਇਕ ਪਦਾਰਥਾਂ ਦੇ ਭੋਗ-ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਮਨੁੱਖ ਇਹਨਾਂ ਸਭਨਾਂ ਨੂੰ ਝੂਠੇ ਜਾਣਦੇ ਹਨ।੨।੪।੨੩।

ਟੋਡੀ ਮਃ ੫ ॥ ਮਾਈ ਮੇਰੇ ਮਨ ਕੀ ਪਿਆਸ ॥ ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨਿ ਆਸ ॥ ਰਹਾਉ ॥ ਸਿਮਰਉ ਨਾਮੁ ਨਿਰੰਜਨ ਕਰਤੇ ਮਨ ਤਨ ਤੇ ਸਭਿ ਕਿਲਵਿਖ ਨਾਸ ॥ ਪੂਰਨ ਪਾਰਬ੍ਰਹਮ ਸੁਖਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ॥੧॥ ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥ ਸਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥੨॥੫॥੨੪॥ {ਪੰਨਾ 716}

ਪਦਅਰਥ: ਮਾਈ = ਹੇ ਮਾਂ! ਸਕਉ = ਸਕਉਂ। ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ। ਮਨਿ = ਮਨ ਵਿਚ। ਧਾਰੀ = ਬਣਾਈ।ਰਹਾਉ।

ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਨਿਰੰਜਨ ਨਾਮੁ = ਨਿਰੰਜਨ ਦਾ ਨਾਮ। ਨਿਰੰਜਨ = {ਨਿਰ = ਅੰਜਨ। ਅੰਜਨ = ਮਾਇਆ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਰਹਿਤ। ਕਰਤੇ = ਕਰਤਾਰ ਦਾ। ਤੇ = ਤੋਂ। ਸਭਿ = ਸਾਰੇ। ਕਿਲਵਿਖ = ਪਾਪ। ਸੁਖ ਦਾਤੇ ਨਾਮੁ = ਸੁਖਾਂ ਦੇ ਦੇਣ ਵਾਲੇ ਦਾ ਨਾਮ। ਬਿਮਲ = ਪਵਿਤ੍ਰ। ਜਾ ਕੋ ਜਾਸ = ਜਿਸ ਦਾ ਜਸ।੧।

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਪੂਰ = ਪੂਰੇ ਹੋ ਗਏ ਹਨ। ਮਨੋਰਥ = ਮੁਰਾਦਾਂ। ਭੇਟੇ = ਮਿਲ ਪਏ ਹਨ। ਗੁਣਤਾਸ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ। ਸਹਜ = ਆਤਮਕ ਅਡੋਲਤਾ। ਕੋਟਿ = ਕ੍ਰੋੜਾਂ। ਸੂਰ = ਸੂਰਜ।੨।

ਅਰਥ: ਹੇ ਮਾਂ! ਪ੍ਰੀਤਮ ਪ੍ਰਭੂ (ਦਾ ਦਰਸਨ ਕਰਨ) ਤੋਂ ਬਿਨਾ ਮੈਂ ਇਕ ਛਿਨ ਭਰ ਭੀ ਰਹਿ ਨਹੀਂ ਸਕਦਾ। ਮੈਂ ਉਸ ਦਾ ਦਰਸਨ ਕਰਨ ਵਾਸਤੇ ਆਪਣੇ ਮਨ ਵਿਚ ਆਸ ਬਣਾਈ ਹੋਈ ਹੈ। ਮੇਰੇ ਮਨ ਦੀ ਇਹ ਪਿਆਸ (ਸਦਾ ਟਿਕੀ ਰਹਿੰਦੀ ਹੈ) ਰਹਾਉ।

ਹੇ ਮਾਂ! ਜਿਸ ਅਬਿਨਾਸੀ ਪ੍ਰਭੂ ਦੀ ਸਿਫ਼ਤਿ-ਸਾਲਾਹ (ਜੀਵਾਂ ਨੂੰ) ਪਵਿਤ੍ਰ (ਕਰ ਦੇਂਦੀ) ਹੈ, ਉਸ ਨਿਰੰਜਨ ਕਰਤਾਰ ਦਾ, ਉਸ ਪੂਰਨ ਪਾਰਬ੍ਰਹਮ ਦਾ, ਉਸ ਸੁਖਦਾਤੇ ਦਾ ਨਾਮ ਮੈਂ (ਸਦਾ) ਸਿਮਰਦਾ ਰਹਿੰਦਾ ਹਾਂ। (ਸਿਮਰਨ ਦੀ ਬਰਕਤਿ ਨਾਲ, ਹੇ ਮਾਂ) ਮਨ ਤੋਂ, ਤਨ ਤੋਂ, ਸਾਰੇ ਪਾਪ ਦੂਰ ਹੋ ਜਾਂਦੇ ਹਨ।੧।

ਹੇ ਨਾਨਕ! ਆਖ-ਹੇ ਮਾਂ!) ਗੁਰੂ ਦੀ ਕਿਰਪਾ ਨਾਲ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ, ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ ਮੇਹਰ ਕਰ ਕੇ (ਮੈਨੂੰ) ਮਿਲ ਪਏ ਹਨ। (ਮੇਰੇ) ਮਨ ਵਿਚ ਸ਼ਾਂਤੀ ਪੈਦਾ ਹੋ ਗਈ ਹੈ, ਆਤਮਕ ਅਡੋਲਤਾ ਦੇ ਸੁਖ ਪੈਦਾ ਹੋ ਗਏ ਹਨ, (ਮਾਨੋ) ਕ੍ਰੋੜਾਂ ਸੂਰਜਾਂ ਦਾ (ਮੇਰੇ ਅੰਦਰ) ਚਾਨਣ ਹੋ ਗਿਆ ਹੈ।੨।੫।੨੪।

TOP OF PAGE

Sri Guru Granth Darpan, by Professor Sahib Singh