ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 727

ਤਿਲੰਗ ਮਹਲਾ ੯ ॥ ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥ ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥ ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥ ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥ ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥ ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥ ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥ {ਪੰਨਾ 727}

ਪਦਅਰਥ: ਜਸੁ = ਸਿਫ਼ਤਿ-ਸਾਲਾਹ। ਸੰਗੀ = ਸਾਥੀ। ਅਉਸਰੁ = (ਜ਼ਿੰਦਗੀ ਦਾ) ਸਮਾ। ਬੀਤਿਓ ਜਾਤੁ ਹੈ– ਲੰਘਦਾ ਜਾ ਰਿਹਾ ਹੈ। ਮੇਰੋ ਕਹਿਓ = ਮੇਰਾ ਆਖਿਆ, ਮੇਰਾ ਬਚਨ।੧।ਰਹਾਉ।

ਸੰਪਤਿ = ਧਨ = ਪਦਾਰਥ। ਸਿਉ = ਨਾਲ। ਨੇਹੁ = ਪਿਆਰ। ਫਾਸ = ਫਾਹੀ। ਜਬ = ਜਦੋਂ। ਗਲਿ = ਗਲ ਵਿਚ। ਪਰੀ = ਪੈਂਦੀ ਹੈ। ਸਭ = ਹਰੇਕ ਚੀਜ਼। ਪਰਾਇਓ = ਬਿਗਾਨੀ।੧।

ਜਾਨਿ ਕੈ = ਜਾਣ ਕੇ, ਜਾਣਦਾ ਹੋਇਆ। ਬੂਝਿ ਕੈ = ਸਮਝ ਕੇ, ਸਮਝਦਾ ਹੋਇਆ। ਬਾਵਰੇ = ਹੇ ਝੱਲੇ! ਤੈ ਬਿਗਾਰਿਓ = ਤੂੰ ਵਿਗਾੜ ਲਿਆ ਹੈ। ਕਾਜੁ = ਕੰਮ। ਕਰਤ = ਕਰਦਾ। ਸੁਕਚਿਓ = ਸੰਗਦਾ। ਗਰਬੁ = ਅਹੰਕਾਰ। ਨਿਵਾਰਿਓ = ਦੂਰ ਕੀਤਾ।੨।

ਜਿਹ ਬਿਧਿ = ਜਿਸ ਤਰੀਕੇ ਨਾਲ। ਗੁਰਿ = ਗੁਰੂ ਨੇ। ਰੇ = ਹੇ! ਪੁਕਾਰਿ ਕੈ = ਉੱਚੀ ਬੋਲ ਕੇ। ਗਹੁ = ਫੜ। ਪ੍ਰਭ ਸਰਨਾਈ = ਪ੍ਰਭੂ ਦੀ ਸਰਨ।੩।

ਅਰਥ: ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰ, ਇਹ ਸਿਫ਼ਤਿ-ਸਾਲਾਹ ਹੀ ਤੇਰਾ ਅਸਲੀ ਸਾਥੀ ਹੈ। ਮੇਰਾ ਬਚਨ ਮੰਨ ਲੈ। ਉਮਰ ਦਾ ਸਮਾ ਲੰਘਦਾ ਜਾ ਰਿਹਾ ਹੈ।੧।ਰਹਾਉ।

ਹੇ ਮਨ! ਮਨੁੱਖ ਧਨ-ਪਦਾਰਥ, ਰਥ, ਮਾਲ, ਰਾਜ ਨਾਲ ਬੜਾ ਮੋਹ ਕਰਦਾ ਹੈ। ਪਰ ਜਦੋਂ ਮੌਤ ਦੀ ਫਾਹੀ (ਉਸ ਦੇ) ਗਲ ਵਿਚ ਪੈਂਦੀ ਹੈ, ਹਰੇਕ ਚੀਜ਼ ਬਿਗਾਨੀ ਹੋ ਜਾਂਦੀ ਹੈ।੧।

ਹੇ ਝੱਲੇ ਮਨੁੱਖ! ਇਹ ਸਭ ਕੁਝ ਜਾਣਦਾ ਹੋਇਆ ਸਮਝਦਾ ਹੋਇਆ ਭੀ ਤੂੰ ਆਪਣਾ ਕੰਮ ਵਿਗਾੜ ਰਿਹਾ ਹੈਂ। ਤੂੰ ਪਾਪ ਕਰਦਾ (ਕਦੇ) ਸੰਗਦਾ ਨਹੀਂ, ਤੂੰ (ਇਸ ਧਨ-ਪਦਾਰਥ ਦਾ) ਮਾਣ ਭੀ ਦੂਰ ਨਹੀਂ ਕਰਦਾ।੨।

ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ-ਹੇ ਭਾਈ! ਗੁਰੂ ਨੇ (ਮੈਨੂੰ) ਜਿਸ ਤਰ੍ਹਾਂ ਉਪਦੇਸ਼ ਕੀਤਾ ਹੈ, ਉਹ (ਤੂੰ ਭੀ) ਸੁਣ ਲੈ (ਕਿ) ਪ੍ਰਭੂ ਦੀ ਸਰਨ ਪਿਆ ਰਹੁ (ਸਦਾ ਪ੍ਰਭੂ ਦਾ ਨਾਮ ਜਪਿਆ ਕਰ) ੩।੩।

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ    ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥ ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥ ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥ ਅਸਮਾਨ ‍ਮ੍ਯ੍ਯਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥ ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥ ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥ ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥ {ਪੰਨਾ 727}

ਪਦਅਰਥ: ਕਤੇਬ = ਪੱਛਮੀ ਮਤਾਂ ਦੇ ਧਰਮ = ਪੁਸਤਕ (ਤੌਰੇਤ, ਜ਼ੰਬੂਰ, ਅੰਜੀਲ, ਕੁਰਾਨ) ਇਫਤਰਾ = {ਅਰਬੀ} ਮੁਬਾਲਗ਼ਾ, ਬਣਾਵਟ, ਅਸਲੀਅਤ ਨਾਲੋਂ ਵਧਾ ਕੇ ਦੱਸੀਆਂ ਹੋਈਆਂ ਗੱਲਾਂ। ਫਿਕਰੁ = ਸਹਿਮ, ਅਸ਼ਾਂਤੀ। ਟੁਕੁ = ਰਤਾ ਕੁ। ਟੁਕੁ ਦਮੁ = ਪਲਕ ਭਰ। ਕਰਾਰੀ = ਟਿਕਾਉ ਇਕਾਗ੍ਰਤਾ। ਜਉ = ਜੇ। ਹਾਜਿਰ ਹਜੂਰਿ = ਹਰ ਥਾਂ ਮੌਜੂਦ। ਖੁਦਾਇ = ਰੱਬ, ਪਰਮਾਤਮਾ।੧।

ਬੰਦੇ = ਹੇ ਮਨੁੱਖ! ਪਰੇਸਾਨੀ = ਘਬਰਾਹਟ। ਸਿਹਰੁ = ਜਾਦੂ, ਉਹ ਜਿਸ ਦੀ ਅਸਲੀਅਤ ਕੁਝ ਹੋਰ ਹੋਵੇ ਪਰ ਵੇਖਣ ਨੂੰ ਕੁਝ ਅਜੀਬ ਮਨ = ਮੋਹਣਾ ਦਿੱਸਦਾ ਹੋਵੇ। ਮੇਲਾ = ਤਮਾਸ਼ਾ, ਖੇਡ। ਦਸਤਗੀਰੀ = {ਦਸਤ = ਹੱਥ। ਗੀਰੀ = ਫੜਨਾ} ਹੱਥ ਪੱਲੇ ਪੈਣ ਵਾਲੀ ਚੀਜ਼, ਸਦਾ ਸਾਂਭ ਰੱਖਣ ਵਾਲੀ ਸ਼ੈ।ਰਹਾਉ।

ਦਰੋਗੁ = ਝੂਠ। ਦਰੋਗੁ ਪੜਿ ਪੜਿ = ਇਹ ਪੜ੍ਹ ਕੇ ਕਿ ਵੇਦ ਝੂਠੇ ਹਨ ਜਾਂ ਇਹ ਪੜ੍ਹ ਕੇ ਕਿ ਕਤੇਬ ਝੂਠੇ ਹਨ। ਹੋਇ = ਹੋ ਕੇ। ਬੇਖਬਰ = ਅਣਜਾਣ ਮਨੁੱਖ। ਬਾਦੁ = ਝਗੜਾ, ਬਹਿਸ। ਬਕਾਹਿ = ਬੋਲਦੇ ਹਨ। ਬਾਦੁ ਬਕਾਹਿ = ਬਹਿਸ ਕਰਦੇ ਹਨ। ਹਕੁ ਸਚੁ = ਸਦਾ ਕਾਇਮ ਰਹਿਣ ਵਾਲਾ ਰੱਬ। ਮਿਆਨੇ = ਵਿਚ। ਸਿਆਮ ਮੂਰਤਿ = ਕ੍ਰਿਸ਼ਨ ਜੀ ਦੀ ਮੂਰਤੀ। ਨਾਹਿ = (ਰੱਬ) ਨਹੀਂ ਹੈ।੨।

ਅਸਮਾਨ = ਅਕਾਸ਼, ਦਸਮ ਦੁਆਰ, ਅੰਤਹਕਰਨ, ਮਨ। ਮ੍ਯ੍ਯਿਾਨੇ = ਮਿਆਨੇ, ਅੰਦਰ। ਲਹੰਗ = ਲੰਘਦਾ ਹੈ, ਵਗਦਾ ਹੈ। ਦਰੀਆ = (ਸਰਬ = ਵਿਆਪਕ ਪ੍ਰਭੂ = ਰੂਪ) ਨਦੀ। ਗੁਸਲ = ਇਸ਼ਨਾਨ। ਕਰਦਨ ਬੂਦ = {ਕਰਦਨੀ ਬੂਦ} ਕਰਨਾ ਚਾਹੀਦਾ ਸੀ। ਫਕਰੁ = ਫ਼ਕੀਰੀ, ਬੰਦਗੀ ਵਾਲਾ ਜੀਵਨ। ਚਸਮੇ = ਐਨਕਾਂ। ਜਹ ਤਹਾ = ਹਰ ਥਾਂ।੩।

ਅਲਾਹ = ਅੱਲਾਹ, ਰੱਬ। ਪਾਕੰ ਪਾਕ = ਪਵਿੱਤਰ ਤੋਂ ਪਵਿੱਤਰ, ਸਭ ਤੋਂ ਪਵਿੱਤਰ। ਸਕ = ਸ਼ੱਕ, ਭਰਮ। ਕਰਉ = ਕਰਉਂ, ਮੈਂ ਕਰਾਂ। ਦੂਸਰ = (ਉਸ ਵਰਗਾ ਕੋਈ ਹੋਰ) ਦੂਜਾ। ਕਰਮੁ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲਾ। ਉਹੁ = ਉਹ ਪ੍ਰਭੂ। ਸੋਇ = ਉਹ ਮਨੁੱਖ (ਜਿਸ ਉੱਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ) ੪।

ਅਰਥ: ਹੇ ਭਾਈ! ਵਾਦ-ਵਿਵਾਦ ਦੀ ਖ਼ਾਤਰ) ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ (ਮਨੁੱਖ ਦੇ ਆਪਣੇ) ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। (ਹੇ ਭਾਈ!) ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ (ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ) ੧।

ਹੇ ਭਾਈ! ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ। ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ।੧।ਰਹਾਉ।

ਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿਚ ਜੋ ਲਿਖਿਆ ਹੈ) ਝੂਠ (ਹੈ) , ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ। (ਪਰ ਉਹ ਇਹ ਨਹੀਂ ਜਾਣਦੇ ਕਿ) ਸਦਾ ਕਾਇਮ ਰਹਿਣ ਵਾਲਾ ਰੱਬ ਖ਼ਲਕਤ ਵਿਚ (ਭੀ) ਵੱਸਦਾ ਹੈ, (ਨਾਹ ਉਹ ਵੱਖਰਾ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ) ਨਾਹ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ।੨।

(ਸਤਵੇਂ ਅਸਮਾਨ ਦੇ ਵਿਚ ਬੈਠਾ ਸਮਝਣ ਦੇ ਥਾਂ, ਹੇ ਭਾਈ!) ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿਚ ਇਸ਼ਨਾਨ ਕਰਨਾ ਸੀ। ਸੋ, ਉਸ ਦੀ ਸਦਾ ਬੰਦਗੀ ਕਰ, (ਇਹ ਭਗਤੀ ਦੀ) ਐਨਕ ਲਾ (ਕੇ ਵੇਖ) , ਉਹ ਹਰ ਥਾਂ ਮੌਜੂਦ ਹੈ।੩।

ਰੱਬ ਸਭ ਤੋਂ ਪਵਿੱਤਰ (ਹਸਤੀ) ਹੈ (ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ) , ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ। ਹੇ ਕਬੀਰ! ਇਸ ਭੇਤ ਨੂੰ) ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ-ਜੋਗ ਬਣਾਏ। ਤੇ, ਇਹ ਬਖ਼ਸ਼ਸ਼ ਉਸ ਬਖ਼ਸ਼ਸ਼ ਕਰਨ ਵਾਲੇ ਦੇ ਆਪਣੇ ਹੱਥ ਹੈ।੪।੧।

ਨੋਟ: ਇਸ ਸ਼ਬਦ ਦੇ ਦੂਜੇ ਬੰਦ ਦੇ ਲਫ਼ਜ਼ 'ਬਾਦੁ' ਤੇ 'ਸਿਆਮ ਮੂਰਤਿ' ਤੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਕਬੀਰ ਜੀ ਕਿਸੇ ਕਾਜ਼ੀ ਤੇ ਪੰਡਿਤ ਦੀ ਬਹਿਸ ਨੂੰ ਨਾ-ਪਸੰਦ ਕਰਦੇ ਹੋਏ ਇਹ ਸ਼ਬਦ ਉਚਾਰ ਰਹੇ ਹਨ। ਬਹਿਸਾਂ ਵਿਚ ਆਮ ਤੌਰ ਤੇ ਇਕ-ਦੂਜੇ ਦੇ ਧਰਮ-ਪੁਸਤਕਾਂ ਉੱਤੇ ਚਿੱਕੜ ਸੁੱਟਣ ਦੇ ਜਤਨ ਕੀਤੇ ਜਾਂਦੇ ਹਨ, ਦੂਜੇ ਮਤ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਪਰ ਬਹਿਸ ਕਰਨ ਵਾਲੇ ਨੂੰ ਪੁੱਛੋ ਕਿ ਕਦੇ ਇਸ ਵਿਚੋਂ ਦਿਲ ਨੂੰ ਭੀ ਕੋਈ ਸ਼ਾਂਤੀ ਹਾਸਲ ਹੋਈ ਹੈ? ਕੋਈ ਆਖਦਾ ਹੈ ਰੱਬ ਸਤਵੇਂ ਅਸਮਾਨ ਤੇ ਹੈ, ਕੋਈ ਆਖਦਾ ਹੈ ਕ੍ਰਿਸ਼ਨ ਜੀ ਦੀ ਮੂਰਤੀ ਹੀ ਪਰਮਾਤਮਾ ਹੈ; ਪਰ ਇਹ ਭੇਤ ਬੰਦਗੀ ਕਰਨ ਵਾਲੇ ਨੂੰ ਸਮਝ ਵਿਚ ਆਉਂਦਾ ਹੈ ਕਿ ਪਰਮਾਤਮਾ ਖ਼ਲਕਤ ਵਿਚ ਵੱਸਦਾ ਹੈ, ਪਰਮਾਤਮਾ ਹਰ ਥਾਂ ਮੌਜੂਦ ਹੈ।੪।

ਸ਼ਬਦ ਦਾ ਭਾਵ: ਦੂਜਿਆਂ ਦੀਆਂ ਧਰਮ-ਪੁਸਤਕਾਂ ਉੱਤੇ ਚਿੱਕੜ ਸੁੱਟਿਆਂ ਮਨ ਵਿਚ ਸ਼ਾਂਤੀ ਨਹੀਂ ਹੋ ਸਕਦੀ। ਅੰਦਰ-ਵੱਸਦੇ ਰੱਬ ਦੀ ਬੰਦਗੀ ਕਰੋ, ਸਾਰੀ ਖ਼ਲਕਤ ਵਿਚ ਦਿੱਸ ਪਏਗਾ।

ਨਾਮਦੇਵ ਜੀ ॥ ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥ ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥ ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥੧॥ ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥ ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥ ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥ ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥ {ਪੰਨਾ 727}

ਪਦਅਰਥ: ਟੇਕ = ਓਟ, ਸਹਾਰਾ। ਖੁੰਦਕਾਰਾ = ਸਹਾਰਾ। ਖੁੰਦਕਾਰ = ਬਾਦਸ਼ਾਹ, ਹੇ ਮੇਰੇ ਪਾਤਿਸ਼ਾਹ! ਮਸਕੀਨ = ਆਜਿਜ਼। ਅਧਾਰਾ = ਆਸਰਾ।੧।ਰਹਾਉ।

ਕਰੀਮਾਂ = ਹੇ ਕਰੀਮ! ਹੇ ਬਖ਼ਸ਼ਸ਼ ਕਰਨ ਵਾਲੇ! ਰਹੀਮਾਂ = ਹੇ ਰਹੀਮ! ਹੇ ਰਹਿਮ ਕਰਨ ਵਾਲੇ! ਗਨੀ = ਅਮੀਰ, ਰੱਜਿਆ = ਪੁੱਜਿਆ। ਹਾਜਰਾ ਹਜੂਰਿ = ਹਰ ਥਾਂ ਮੌਜੂਦ, ਪ੍ਰਤੱਖ ਮੌਜੂਦ। ਦਰਿ = ਵਿਚ। ਪੇਸਿ = ਪੇਸ਼ਿ, ਸਾਹਮਣੇ। ਦਰਿ ਪੇਸਿ ਮਨੀ = ਮੇਰੇ ਸਾਹਮਣੇ।੧।

ਦਿਹੰਦ = ਦੇਣ ਵਾਲਾ, ਦਾਤਾ। ਬਿਸੀਆਰ = ਬਹੁਤ। ਧਨੀ = ਧਨ ਵਾਲਾ। ਦੇਹਿ = ਤੂੰ ਦੇਂਦਾ ਹੈਂ। ਲੇਹਿ = ਤੂੰ ਲੈਂਦਾ ਹੈਂ। ਦਿਗਰ = ਕੋਈ ਹੋਰ, ਦੂਸਰਾ।੨।

ਦਾਨਾਂ = ਜਾਣਨ ਵਾਲਾ। ਬੀਨਾਂ = ਵੇਖਣ ਵਾਲਾ। ਚ = ਦਾ। ਚੇ = ਦੇ। ਚੀ = ਦੀ। ਨਾਮੇ ਚੇ = ਨਾਮੇ ਦੇ। ਨਾਮੇ ਚੇ ਸੁਆਮੀ = ਹੇ ਨਾਮਦੇਵ ਦੇ ਸੁਆਮੀ!੪।

ਅਰਥ: ਹੇ ਮੇਰੇ ਪਾਤਿਸ਼ਾਹ! ਤੇਰਾ ਨਾਮ ਮੈਂ ਅੰਨ੍ਹੇ ਦੀ ਡੰਗੋਰੀ ਹੈ, ਸਹਾਰਾ ਹੈ; ਮੈਂ ਕੰਗਾਲ ਹਾਂ, ਮੈਂ ਆਜਿਜ਼ ਹਾਂ, ਤੇਰਾ ਨਾਮ (ਹੀ) ਮੇਰਾ ਆਸਰਾ ਹੈ।੧।ਰਹਾਉ।

ਹੇ ਅੱਲਾਹ! ਹੇ ਕਰੀਮ! ਹੇ ਰਹੀਮ! ਤੂੰ (ਹੀ) ਅਮੀਰ ਹੈਂ, ਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ (ਫਿਰ, ਮੈਨੂੰ ਕਿਸੇ ਹੋਰ ਦੀ ਕੀਹ ਮੁਥਾਜੀ?) ੧।

ਤੂੰ (ਰਹਿਮਤ ਦਾ) ਦਰੀਆ ਹੈਂ, ਤੂੰ ਦਾਤਾ ਹੈਂ, ਤੂੰ ਬਹੁਤ ਹੀ ਧਨ ਵਾਲਾ ਹੈਂ; ਇੱਕ ਤੂੰ ਹੀ (ਜੀਵਾਂ ਨੂੰ ਪਦਾਰਥ) ਦੇਂਦਾ ਹੈਂ, ਤੇ ਮੋੜ ਲੈਂਦਾ ਹੈਂ, ਕੋਈ ਹੋਰ ਐਸਾ ਨਹੀਂ (ਜੋ ਇਹ ਸਮਰੱਥਾ ਰੱਖਦਾ ਹੋਵੇ) ੨।

ਹੇ ਨਾਮਦੇਵ ਦੇ ਖਸਮ! ਹੇ ਹਰੀ! ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ (ਸਭ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ (ਸਭ ਦੇ ਕੰਮ) ਵੇਖਣ ਵਾਲਾ ਹੈਂ; ਹੇ ਹਰੀ! ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ?੩।੧।੨।

ਨੋਟ: ਜੇ ਮੁਸਲਮਾਨੀ ਲਫ਼ਜ਼, ਅੱਲਾਹ, ਕਰੀਮ, ਰਹੀਮ ਦੇ ਵਰਤਣ ਤੋਂ ਅਸੀ ਨਾਮਦੇਵ ਜੀ ਨੂੰ ਮੁਸਲਮਾਨ ਨਹੀਂ ਸਮਝ ਸਕਦੇ, ਤਾਂ ਕ੍ਰਿਸ਼ਨ ਤੇ ਬੀਠੁਲ ਆਦਿਕ ਲਫ਼ਜ਼ਾਂ ਤੋਂ ਭੀ ਇਹ ਅੰਦਾਜ਼ਾ ਗ਼ਲਤ ਹੈ ਕਿ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਸਨ।

ਭਾਵ: ਪ੍ਰਭੂ ਦਾ ਗੁਣਾਨੁਵਾਦ-

ਤੂੰ ਹੀ ਮੇਰਾ ਸਹਾਰਾ ਹੈਂ। ਸਭ ਦਾ ਰਾਜ਼ਕ ਤੂੰ ਹੀ ਹੈਂ।

ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥ ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥ ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥੧॥ ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥੨॥ ਚੰਦੀ ਹਜਾਰ ਆਲਮ ਏਕਲ ਖਾਨਾਂ ॥ ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩॥ ਅਸਪਤਿ ਗਜਪਤਿ ਨਰਹ ਨਰਿੰਦ ॥ ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥੪॥੨॥੩॥ {ਪੰਨਾ 727}

ਪਦਅਰਥ: ਹਲੇ ਯਾਰਾਂ = ਹੇ ਮਿੱਤਰ! ਹੇ ਸੱਜਣ! ਖੁਸਿ = ਖੁਸ਼ੀ ਦੇਣ ਵਾਲੀ, ਠੰਢ ਪਾਣ ਵਾਲੀ। ਖਬਰੀ = ਤੇਰੀ ਖ਼ਬਰ, ਤੇਰੀ ਸੋਇ {ਜਿਵੇਂ, "ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ"}ਬਲਿ ਬਲਿ = ਸਦਕੇ ਜਾਂਦਾ ਹਾਂ। ਹਉ = ਮੈਂ। ਨੀਕੀ = ਸੋਹਣੀ, ਚੰਗੀ, ਪਿਆਰੀ। ਬਿਗਾਰੀ = ਵਿਗਾਰ, ਕਿਸੇ ਹੋਰ ਵਾਸਤੇ ਕੀਤਾ ਹੋਇਆ ਕੰਮ (ਨੋਟ:ਦੁਨੀਆ ਦੇ ਸਾਰੇ ਧੰਧੇ ਅਸੀ ਇਸ ਸਰੀਰ ਦੀ ਖ਼ਾਤਰ ਤੇ ਪੁੱਤਰ ਇਸਤ੍ਰੀ ਆਦਿਕ ਸੰਬੰਧੀਆਂ ਦੀ ਖ਼ਾਤਰ ਕਰਦੇ ਹਾਂ; ਪਰ ਸਮਾਂ ਆਉਂਦਾ ਹੈ ਜਦੋਂ ਨਾ ਇਹ ਸਰੀਰ ਸਾਥ ਨਿਬਾਹੁੰਦਾ ਹੈ ਤੇ ਨਾ ਹੀ ਸੰਬੰਧੀ। ਸੋ, ਸਾਰੀ ਉਮਰ ਵਿਗਾਰ ਹੀ ਕਰਦੇ ਰਹਿੰਦੇ ਹਾਂ) ਤੇਰੀ ਬਿਗਾਰੀ = ਇਹ ਰੋਜ਼ੀ ਆਦਿਕ ਕਮਾਉਣ ਦਾ ਕੰਮ ਜਿਸ ਵਿਚ ਤੂੰ ਅਸਾਨੂੰ ਲਾਇਆ ਹੋਇਆ ਹੈ। ਆਲੇ = ਆਹਲਾ, ਉੱਚਾ, ਵੱਡਾ, ਸਭ ਤੋਂ ਪਿਆਰਾ।੧।ਰਹਾਉ।

ਕੁਜਾ = (ਅਜ਼) ਕੁਜਾ, ਕਿੱਥੋਂ। ਆਮਦ = ਆਮਦੀ, ਤੂੰ ਆਇਆ। ਕੁਜਾ = ਕਿੱਥੇ। ਰਫਤੀ = ਤੂੰ ਗਿਆ ਸੈਂ। ਮੇ ਰਵੀ = ਤੂੰ ਜਾ ਰਿਹਾ ਹੈਂ। ਕੁਜਾ.......ਮੇ ਰਵੀ = ਤੂੰ ਕਿੱਥੋਂ ਆਇਆ? ਤੂੰ ਕਿਥੇ ਗਿਆ? ਤੂੰ ਕਿੱਥੇ ਜਾ ਰਿਹਾ ਹੈਂ? (ਭਾਵ, ਨਾ ਤੂੰ ਕਿਤੋਂ ਆਇਆ, ਨਾ ਤੂੰ ਕਿਤੇ ਕਦੇ ਗਿਆ, ਅਤੇ ਨਾ ਤੂੰ ਕਿਤੇ ਜਾ ਰਿਹਾ ਹੈਂ; ਤੂੰ ਸਦਾ ਅਟੱਲ ਹੈਂ) ਰਾਸਿ = {Skt. रास: A kind of dance practised by Krishna and the cowherds but particularly the gopis or cowherdesses of Vrindavana, 2. Speech} ਰਾਸਾਂ ਜਿੱਥੇ ਕ੍ਰਿਸ਼ਨ ਜੀ ਨਾਚ ਕਰਦੇ ਤੇ ਗੀਤ ਸੁਣਾਉਂਦੇ ਸਨ। (ਰਾਸਿ ਮੰਡਲੁ ਕੀਨੋ ਆਖਾਰਾ। ਸਗਲੋ ਸਾਜਿ ਰਖਿਓ ਪਾਸਾਰਾ।੧।੨।੪੫। ਸੂਹੀ ਮਹਲਾ ੫) ਬੁਗੋਈ = ਤੂੰ (ਹੀ) ਆਖਦਾ ਹੈਂ।੧।

ਖੂਬ = ਸੋਹਣੀ। ਦ੍ਵਾਰਿਕਾ ਨਗਰੀ......ਮਗੋਲ = ਕਾਹੇ ਕੇ ਦ੍ਵਾਰਿਕਾ ਨਗਰੀ, ਕਾਹੇ ਕੇ ਮਗੋਲ; ਕਾਹਦੇ ਲਈ ਦੁਆਰਕਾ ਨਗਰੀ ਵਿਚ ਤੇ ਕਾਹਦੇ ਲਈ ਮੁਗਲ (-ਧਰਮ) ਦੇ ਨਗਰ ਵਿਚ? ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ, ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿੱਚ ਹੈਂ।੨।

ਚੰਦੀ ਹਜਾਰ = ਕਈ ਹਜ਼ਾਰਾਂ। ਆਲਮ = ਦੁਨੀਆ। ਏਕਲ = ਇਕੱਲਾ। ਖਾਨਾਂ = ਖਾਨ, ਮਾਲਕ। ਹਮ ਚਿਨੀ = ਇਸੇ ਹੀ ਤਰ੍ਹਾਂ ਦਾ। ਹਮ = ਭੀ। ਚਿਨੀ = ਐਸਾ, ਅਜਿਹਾ। ਸਾਂਵਲੇ ਬਰਨਾਂ = ਸਾਂਵਲੇ ਰੰਗ ਵਾਲਾ, ਕ੍ਰਿਸ਼ਨ।੩।

ਅਸਪਤਿ = {अश्वपति = Lord of horses} ਸੂਰਜ ਦੇਵਤਾ। ਗਜਪਤਿ = ਇੰਦ੍ਰ ਦੇਵਤਾ। ਨਰਹ ਮਰਿੰਦ = ਨਰਾਂ ਦਾ ਰਾਜਾ, ਬ੍ਰਹਮਾ। ਮੁਕੰਦ = {Skt. मुकुंद = मुकुं दाति इति} ਮੁਕਤੀ ਦੇਣ ਵਾਲਾ, ਵਿਸ਼ਨੂੰ ਤੇ ਕ੍ਰਿਸ਼ਨ ਜੀ ਦਾ ਨਾਮ ਹੈ।੪।

ਨੋਟ: ਅੰਕ ੪ ਦਾ ਭਾਵ ਇਹ ਹੈ ਕਿ ਇਸ ਸ਼ਬਦ ਦੇ ੪ ਬੰਦ ਹਨ। ਅੰਕ ੨ ਦੱਸਦਾ ਹੈ ਕਿ ਨਾਮਦੇਵ ਜੀ ਦਾ ਇਹ ਦੂਜਾ ਸ਼ਬਦ ਹੈ। ਅੰਕ ੩ ਇਹ ਦੱਸਣ ਵਾਸਤੇ ਹੈ ਕਿ ਭਗਤਾਂ ਦੇ ਸਾਰੇ ਸ਼ਬਦਾਂ ਦਾ ਜੋੜ ੩ ਹੈ-੧ ਕਬੀਰ ਜੀ ਦਾ ਅਤੇ ੨ ਨਾਮਦੇਵ ਜੀ ਦੇ।

ਅਰਥ: ਹੇ ਸੱਜਣ! ਹੇ ਪਿਆਰੇ! ਤੇਰੀ ਸੋਇ ਠੰਢ ਪਾਣ ਵਾਲੀ ਹੈ (ਭਾਵ, ਤੇਰੀਆਂ ਕਥਾਂ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ) ; ਮੈਂ ਤੈਥੋਂ ਸਦਾ ਸਦਕੇ ਹਾਂ, ਕੁਰਬਾਨ ਹਾਂ। (ਹੇ ਮਿੱਤਰ!) ਤੇਰਾ ਨਾਮ (ਮੈਨੂੰ) ਸਭ ਤੋਂ ਵਧੀਕ ਪਿਆਰਾ (ਲੱਗਦਾ) ਹੈ, (ਇਸ ਨਾਮ ਦੀ ਬਰਕਤ ਨਾਲ ਹੀ, ਦੁਨੀਆ ਦੀ ਕਿਰਤ ਵਾਲੀ) ਤੇਰੀ ਦਿੱਤੀ ਹੋਈ ਵਿਗਾਰ ਭੀ (ਮੈਨੂੰ) ਮਿੱਠੀ ਲੱਗਦੀ ਹੈ।੧।ਰਹਾਉ।

(ਹੇ ਸੱਜਣ!) ਨਾਹ ਤੂੰ ਕਿਤੋਂ ਆਇਆ, ਨਾਹ ਤੂੰ ਕਿਤੇ ਕਦੇ ਗਿਆ ਅਤੇ ਨਾਹ ਤੂੰ ਜਾ ਰਿਹਾ ਹੈਂ (ਭਾਵ, ਤੂੰ ਸਦਾ ਅਟੱਲ ਹੈਂ) ਦੁਆਰਕਾ ਨਗਰੀ ਵਿਚ ਰਾਸ ਭੀ ਤੂੰ ਆਪ ਹੀ ਪਾਂਦਾ ਹੈਂ (ਭਾਵ, ਕਿਸ਼ਨ ਭੀ ਤੂੰ ਆਪ ਹੀ ਹੈਂ) ੧।

ਹੇ ਯਾਰ! ਸੋਹਣੀ ਤੇਰੀ ਪੱਗ ਹੈ (ਭਾਵ, ਸੋਹਣਾ ਤੇਰਾ ਸਰੂਪ ਹੈ) ਤੇ ਪਿਆਰੇ ਤੇਰੇ ਬਚਨ ਹਨ, ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿਚ ਹੈਂ (ਭਾਵ, ਤੂੰ ਹਰ ਥਾਂ ਹੈਂ) ੨।

(ਸ੍ਰਿਸ਼ਟੀ ਦੇ) ਕਈ ਹਜ਼ਾਰਾਂ ਮੰਡਲਾਂ ਦਾ ਤੂੰ ਇਕੱਲਾ (ਆਪ ਹੀ) ਮਾਲਕ ਹੈਂ। ਹੇ ਪਾਤਸ਼ਾਹ! ਇਹੋ ਜਿਹਾ ਹੀ ਸਾਉਲੇ ਰੰਗ ਵਾਲਾ ਕ੍ਰਿਸ਼ਨ ਹੈ (ਭਾਵ, ਕ੍ਰਿਸ਼ਨ ਭੀ ਤੂੰ ਆਪ ਹੀ ਹੈਂ) ੩।

ਹੇ ਨਾਮਦੇਵ ਦੇ ਖਸਮ ਪ੍ਰਭੂ! ਤੂੰ ਆਪ ਹੀ ਮੀਰ ਹੈਂ ਤੂੰ ਆਪ ਹੀ ਕ੍ਰਿਸ਼ਨ ਹੈਂ, ਤੂੰ ਆਪ ਹੀ ਸੂਰਜ-ਦੇਵਤਾ ਹੈਂ, ਤੂੰ ਆਪ ਹੀ ਇੰਦ੍ਰ ਹੈਂ, ਤੇ ਤੂੰ ਆਪ ਹੀ ਬ੍ਰਹਮਾ ਹੈਂ।੪।੨।੩।

ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਬਾਣੀ (ਚਾਹੇ ਉਹ ਸਤਿਗੁਰੂ ਜੀ ਦੀ ਆਪਣੀ ਉਚਾਰੀ ਹੋਈ ਹੈ ਤੇ ਚਾਹੇ ਕਿਸੇ ਭਗਤ ਦੀ) ਸਿੱਖ ਵਿਚ ਜੀਵਨ ਪੈਦਾ ਕਰਨ ਲਈ ਹੈ, ਸਿੱਖ ਦੇ ਜੀਵਨ ਦੀ ਥੰਮੀ ਹੈ। ਜੇ ਉਹ ਮੁਗ਼ਲ ਦੀ ਕਹਾਣੀ ਠੀਕ ਮੰਨ ਲਈ ਜਾਏ, ਤਾਂ ਸਿੱਖ ਐਸ ਵੇਲੇ ਇਸ ਸ਼ਬਦ ਨੂੰ ਆਪਣੇ ਜੀਵਨ ਦਾ ਆਸਰਾ ਕਿਸ ਤਰੀਕੇ ਨਾਲ ਬਣਾਏ? ਹੁਕਮ ਹੈ-"ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੈ"ਮੁਗ਼ਲ ਦੇ ਰਾਜ ਵੇਲੇ ਜੇ ਨਾਮਦੇਵ ਜੀ ਨੂੰ ਕਿਸੇ ਮੁਗ਼ਲ ਹਾਕਮ ਵਿਚ ਰੱਬ ਦਿੱਸ ਪਿਆ, ਤਾਂ ਕੀ ਅੰਗ੍ਰੇਜ਼ੀ ਹਕੂਮਤ ਵੇਲੇ ਜੇ ਕੋਈ ਅੰਗ੍ਰੇਜ਼ ਕਿਸੇ ਸਿੱਖ ਉਤੇ ਵਹਿਸ਼ੀਆਨਾ ਵਧੀਕੀ ਕਰੇ ਤਾਂ ਸਿੱਖ ਉਸ ਅੰਗ੍ਰੇਜ਼ ਵਿੱਚ ਰੱਬ ਵੇਖੇ? ਕੀ ਇਹ ਸ਼ਬਦ ਸਿਰਫ਼ ਪਿਛਲੀ ਹੋ ਬੀਤੀ ਕਹਾਣੀ ਨਾਲ ਹੀ ਸੰਬੰਧ ਰੱਖਦਾ ਸੀ? ਕੀ ਇਸ ਦੀ ਹੁਣ ਕਿਸੇ ਸਿੱਖ ਨੂੰ ਆਪਣੇ ਅਮਲੀ ਜੀਵਨ ਵਿਚ ਲੋੜ ਨਹੀਂ ਦਿੱਸਦੀ?

ਜੇ ਨਾਮਦੇਵ ਜੀ ਕਿਸੇ ਉੱਚੀ ਜਾਤ ਦੇ ਹੁੰਦੇ, ਧਨ ਪਦਾਰਥ ਵਾਲੇ ਭੀ ਹੁੰਦੇ ਅਤੇ ਕਿਸੇ ਅਤਿ ਨੀਵੇਂ ਕੰਗਾਲ ਬੰਦੇ ਨੂੰ ਵੇਖ ਕੇ ਵਜਦ ਵਿਚ ਆਉਂਦੇ ਅਤੇ ਉਸ ਨੂੰ ਰੱਬ ਆਖਦੇ, ਤਾਂ ਤੇ ਅਸਾਨੂੰ ਗੁਰੂ ਨਾਨਕ ਦੇਵ ਜੀ ਦਾ ਉੱਚਾ ਨਿਸ਼ਾਨਾ ਇਉਂ ਸਾਹਮਣੇ ਦਿੱਸ ਪੈਂਦਾ-

"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ ॥

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥"

ਪਰ ਮਾੜਾ ਬੰਦਾ ਤਕੜੇ ਨੂੰ ਸਦਾ 'ਮਾਈ ਬਾਪ' ਆਖ ਦਿਆ ਕਰਦਾ ਹੈ। ਇਸ ਵਿਚ ਕੋਈ ਫ਼ਖ਼ਰ ਨਹੀਂ ਕੀਤਾ ਜਾ ਸਕਦਾ। ਸੋ, ਮੁਗ਼ਲ ਅਤੇ ਉਸ ਦੀ ਵਛੇਰੀ ਵਾਲੀ ਕਹਾਣੀ ਇੱਥੇ ਬੇਲੋੜਵੀਂ ਤੇ ਕਾਹਲੀ ਵਿਚ ਹੀ ਜੋੜੀ ਗਈ ਹੈ।

ਇਸ ਸ਼ਬਦ ਵਿਚ ਵਰਤੇ ਹੋਏ ਲਫ਼ਜ਼ "ਪਗਰੀ" ਅਤੇ "ਮਗੋਲ" ਤੋਂ ਸ਼ਾਇਦ ਇਹ ਕਹਾਣੀ ਚੱਲ ਪਈ ਹੋਵੇ, ਕਿਉਂਕਿ ਲਫ਼ਜ਼ "ਪਗਰੀ" ਵਰਤ ਕੇ ਤਾਂ ਕਿਸੇ ਮਨੁੱਖ ਦਾ ਹੀ ਜ਼ਿਕਰ ਕੀਤਾ ਜਾਪਦਾ ਹੈ। ਪਰ, ਇਉਂ ਤਾਂ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਉਸਤਤ ਕਰਦੇ ਕਰਦੇ ਉਸ ਦੇ ਨੱਕ ਤੇ ਸੋਹਣੇ ਕੇਸਾਂ ਦਾ ਭੀ ਜ਼ਿਕਰ ਕਰਦੇ ਹਨ। ਕੀ ਉੱਥੇ ਭੀ ਕਿਸੇ ਮਨੁੱਖ ਦੀ ਹੀ ਕਹਾਣੀ ਜੋੜਨੀ ਪਏਗੀ? ਵੇਖੋ-

ਵਡਹੰਸ ਮਹਲਾ ੧ ਛੰਤ

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥

ਕੰਚਨ ਕਾਇਆ ਸੁਇਨੇ ਕੀ ਢਾਲਾ ॥... ... ... ॥੭॥

ਤੇਰੀ ਚਾਲ ਸੁਹਾਈ ਮਧੁਰਾੜੀ ਬਾਣੀ ॥... ... ...

ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥

ਨਾਮਦੇਵ ਜੀ ਦੇ ਇਸ ਸ਼ਬਦ ਵਿਚ ਕਿਸੇ ਘੋੜੀ ਜਾਂ ਘੋੜੀ ਦੇ ਵਛੇਰੇ ਦਾ ਤਾਂ ਕੋਈ ਜ਼ਿਕਰ ਨਹੀਂ, ਸਿਰਫ਼ ਲਫ਼ਜ਼ 'ਬਿਗਾਰ' ਹੀ ਮਿਲਦਾ ਹੈ; ਪਰ ਇਹ ਲਫ਼ਜ਼ ਸਤਿਗੁਰੂ ਜੀ ਨੇ ਭੀ ਕਈ ਵਾਰੀ ਵਰਤਿਆ ਹੈ; ਜਿਵੇਂ:

ਨਿਤ ਦਿਨਸੁ ਰਾਤਿ ਲਾਲਚੁ ਕਰੇ, ਭਰਮੈ ਭਰਮਾਇਆ ॥

ਵੇਗਾਰਿ ਫਿਰੈ ਵੇਗਾਰੀਆ, ਸਿਰਿ ਭਾਰੁ ਉਠਾਇਆ ॥

ਜੋ ਗੁਰ ਕੀ ਜਨੁ ਸੇਵਾ ਕਰੇ, ਸੋ ਘਰ ਕੈ ਕੰਮਿ ਹਰਿ ਲਾਇਆ ॥੧॥੪੮॥

{ਗਉੜੀ ਬੈਰਾਗਣਿ ਮ: ੪, ਪੰਨਾ ੧੬੬

ਕਿਉਂ ਨਾਹ ਇਸ ਸ਼ਬਦ ਵਿਚ ਭੀ ਇਹ ਲਫ਼ਜ਼ ਉਸੇ ਭਾਵ ਵਿਚ ਸਮਝਿਆ ਜਾਏ ਜਿਸ ਵਿਚ ਸਤਿਗੁਰੂ ਜੀ ਨੇ ਵਰਤਿਆ ਹੈ? ਫਿਰ, ਕਿਸੇ ਸੱਜਰ-ਸੂ ਘੋੜੀ ਦਾ ਜ਼ਿਕਰ ਲਿਆਉਣ ਦੀ ਲੋੜ ਹੀ ਨਹੀਂ ਰਹੇਗੀ।

ਜਿਸ ਤਰੀਕੇ ਨਾਲ ਮੁਗ਼ਲ ਦੀ ਘੋੜੀ ਦਾ ਸੰਬੰਧ ਇਸ ਸ਼ਬਦ ਨਾਲ ਜੋੜਿਆ ਜਾਂਦਾ ਹੈ, ਉਹ ਬੜਾ ਓਪਰਾ ਜਿਹਾ ਲੱਗਦਾ ਹੈ। ਕਹਿੰਦੇ ਹਨ ਕਿ ਜਦੋਂ ਬਿਰਧ ਅਵਸਥਾ ਵਿਚ ਨਾਮਦੇਵ ਜੀ ਕੱਪੜਿਆਂ ਦੀ ਪੰਡ ਚੁੱਕ ਕੇ ਘਾਟ ਤਕ ਅਪੜਾਉਣ ਵਿਚ ਔਖਿਆਈ ਮਹਿਸੂਸ ਕਰਨ ਲੱਗੇ, ਤਾਂ ਉਹਨਾਂ ਦੇ ਮਨ ਵਿਚ ਫੁਰਨਾ ਉੱਠਿਆ ਕਿ ਜੇ ਇਕ ਘੋੜੀ ਲੈ ਲਈਏ ਤਾਂ ਕੱਪੜੇ ਉਸ ਉੱਤੇ ਲੱਦ ਲਏ ਜਾਇਆ ਕਰਨ। ਪਰ ਨਾਮਦੇਵ ਜੀ ਦਾ ਇਹ ਖ਼ਿਆਲ ਪਰਮਾਤਮਾ ਨੂੰ ਚੰਗਾ ਨਾਹ ਲੱਗਾ, ਕਿਉਂਕਿ ਇਸ ਤਰ੍ਹਾਂ ਨਾਮਦੇਵ ਦੇ ਮਾਇਆ ਵਿਚ ਫਸਣ ਦਾ ਖ਼ਤਰਾ ਜਾਪਦਾ ਸੀ।

ਕਹਾਣੀ ਬਹੁਤ ਹੀ ਕੱਚੀ ਜਿਹੀ ਜਾਪਦੀ ਹੈ। ਕੁਦਰਤ ਦੇ ਨੇਮ ਅਨੁਸਾਰ ਹੀ ਮਨੁੱਖ ਉੱਤੇ ਬਿਰਧ ਅਵਸਥਾ ਆਉਂਦੀ ਹੈ। ਤਦੋਂ ਸਰੀਰਕ ਕਮਜ਼ੋਰੀ ਕਰਕੇ ਜੇ ਭਗਤ ਨਾਮਦੇਵ ਜੀ ਨੂੰ ਆਪਣੇ ਜੀਵਨ-ਨਿਰਬਾਹ ਲਈ ਮਜ਼ਦੂਰੀ ਕਰਨ ਵਿਚ ਘੋੜੀ ਦੀ ਲੋੜ ਜਾਪੀ ਤਾਂ ਇਹ ਕੋਈ ਪਾਪ ਨਹੀਂ। ਵੇਹਲੜ ਰਹਿ ਕੇ, ਭਗਤੀ ਦੇ ਇਵਜ਼ ਵਿਚ ਲੋਕਾਂ ਉੱਤੇ ਆਪਣੀ ਰੋਟੀ ਦਾ ਭਾਰ ਪਾਣਾ ਤਾਂ ਪਰਤੱਖ ਮਾੜਾ ਕੰਮ ਹੈ। ਪਰ ਭਗਤੀ ਦੇ ਨਾਲ ਨਾਲ ਕਿਰਤ-ਕਾਰ ਭੀ ਆਪਣੀ ਹੱਥੀਂ ਕਰਨੀ, ਇਹ ਤਾਂ ਸਗੋਂ ਧਰਮ ਦਾ ਸਹੀ ਨਿਸ਼ਾਨਾ ਹੈ।

ਪੰਡਤ ਤਾਰਾ ਸਿੰਘ ਜੀ ਨੇ ਇਸ ਕਹਾਣੀ ਦੇ ਥਾਂ ਸਿਰਫ਼ ਇਹੀ ਲਿਖਿਆ ਹੈ ਕਿ ਦੁਆਰਕਾ ਤੋਂ ਤੁਰਨ ਲੱਗਿਆਂ ਨਾਮਦੇਵ ਜੀ ਨੂੰ ਥਕੇਵੇਂ ਤੋਂ ਬਚਣ ਲਈ ਘੋੜੀ ਦੀ ਲੋੜ ਮਹਿਸੂਸ ਹੋਈ। ਸ਼ਬਦ ਵਿਚ ਚੂੰਕਿ ਘੋੜੀ ਅਤੇ ਵਛੇਰੇ ਦਾ ਕੋਈ ਜ਼ਿਕਰ ਨਹੀਂ ਹੈ, ਹੁਣ ਦੇ ਵਿਦਵਾਨਾਂ ਨੇ ਇਹ ਲਿਖਿਆ ਹੈ ਕਿ ਦੁਆਰਕਾ ਵਿਚ ਨਾਮਦੇਵ ਨੂੰ ਕਿਸੇ ਮੁਗ਼ਲ ਨੇ ਵਿਗਾਰੇ ਫੜ ਲਿਆ, ਤਾਂ ਉਸ ਨੇ ਮੁਗ਼ਲ ਵਿਚ ਭੀ ਰੱਬ ਤੱਕ ਕੇ ਇਹ ਸ਼ਬਦ ਉਚਾਰਿਆ।

ਇੱਕੋ ਹੀ ਸ਼ਬਦ ਬਾਰੇ ਵੱਖੋ-ਵੱਖ ਉਥਾਨਕਾ ਬਣ ਜਾਣ ਤੋਂ ਹੀ ਸ਼ੱਕ ਪੱਕਾ ਹੁੰਦਾ ਜਾਂਦਾ ਹੈ ਕਿ ਸ਼ਬਦ ਦੇ ਅਰਥ ਦੀ ਔਖਿਆਈ ਨੇ ਮਜਬੂਰ ਕੀਤਾ ਹੈ ਕੋਈ ਸੁਖੱਲਾ ਹੱਲ ਲੱਭਣ ਲਈ, ਨਹੀਂ ਤਾਂ ਕਿਸੇ ਘੋੜੀ ਜਾਂ ਵਿਗਾਰ ਵਾਲੀ ਕੋਈ ਘਟਨਾ ਨਹੀਂ ਵਾਪਰੀ। ਇਹ ਗੱਲ ਬਾਰੇ ਵਿਦਵਾਨ ਮੰਨਦੇ ਹਨ ਕਿ ਨਾਮਦੇਵ ਜੀ ਦੀ ਉਸ ਵੇਲੇ ਇਤਨੀ ਉੱਚੀ ਆਤਮਕ ਅਵਸਥਾ ਸੀ ਕਿ ਉਹ ਅਕਾਲ ਪੁਰਖ ਨੂੰ ਹਰ ਥਾਂ ਪ੍ਰਤੱਖ ਵੇਖ ਰਹੇ ਸਨ, ਉਸ ਮੁਗ਼ਲ ਵਿਚ ਭੀ ਉਹਨਾਂ ਆਪਣੇ ਪਰਮਾਤਮਾ ਨੂੰ ਹੀ ਵੇਖਿਆ; ਉਸ ਵੇਲੇ ਉਹ ਜਗਤ ਦੇ ਕਰਤਾਰ ਦੇ ਨਿਰਗੁਣ ਸਰੂਪ ਦੇ ਅਨਿੰਨ ਭਗਤ ਸਨ। ਪਰ ਇੱਥੇ ਇਕ ਭਾਰੀ ਔਕੜ ਆ ਪੈਂਦੀ ਹੈ, ਉਹ ਇਹ ਕਿ ਭਗਤ ਨਾਮਦੇਵ ਜੀ ਤਦੋਂ ਦੁਆਰਕਾ ਕੀਹ ਕਰਨ ਗਏ ਸਨ? ਕਈ ਕਾਰਨ ਹੋ ਸਕਦੇ ਹਨ-ਸੈਰ ਕਰਨ, ਕਿਸੇ ਸਾਕ-ਅੰਗ ਨੂੰ ਮਿਲਣ, ਰੋਜ਼ੀ ਸੰਬੰਧੀ ਕਿਸੇ ਕਾਰ-ਵਿਹਾਰ ਤੇ, ਕਿਸੇ ਹਕੀਮ ਵੈਦ ਤੋਂ ਕੋਈ ਦਵਾ ਦਾਰੂ ਲੈਣ? ਜਦੋਂ ਅਸੀ ਇਹ ਵੇਖਦੇ ਹਾਂ ਕਿ ਨਾਮਦੇਵ ਜੀ ਦੇ ਨਗਰ ਪੰਡਰਪੁਰ ਤੋਂ ਦੁਆਰਕਾ ਦੀ ਵਿੱਥ ਛੇ ਸੌ ਮੀਲ ਦੇ ਕਰੀਬ ਹੈ, ਤਾਂ ਉੱਪਰਲੇ ਸਾਰੇ ਅੰਦਾਜ਼ੇ ਰਹਿ ਜਾਂਦੇ ਹਨ, ਕਿਉਂਕਿ ਉਸ ਜ਼ਮਾਨੇ ਵਿਚ ਗੱਡੀਆਂ ਆਦਿਕ ਦਾ ਸਿਲਸਿਲਾ ਕੋਈ ਹੈ ਹੀ ਨਹੀਂ ਸੀ। ਇਤਨਾ ਲੰਮਾ ਪੈਂਡਾ ਤੁਰ ਕੇ ਜਾਣ ਲਈ ਆਖ਼ਰ ਕੋਈ ਬੜੀ ਡਾਢੀ ਤਕੜੀ ਲੋੜ ਹੀ ਪਈ ਹੋਵੇਗੀ। ਦੁਆਰਕਾ ਕ੍ਰਿਸ਼ਨ ਜੀ ਦੀ ਨਗਰੀ ਹੈ ਤੇ ਕ੍ਰਿਸ਼ਨ ਜੀ ਦੇ ਭਗਤ ਦੂਰੋਂ ਦੂਰੋਂ ਦੁਆਰਕਾ ਦੇ ਦਰਸ਼ਨ ਨੂੰ ਜਾਂਦੇ ਹਨ। ਗੁਰੂ ਅਮਰਦਾਸ ਜੀ ਦੇ ਵੇਲੇ ਦੀ ਪੰਡਤ ਮਾਈ ਦਾਸ ਦੀ ਕਥਾ ਭੀ ਬੜੀ ਉੱਘੀ ਹੈ। ਸੋ, ਕੀ ਭਗਤ ਨਾਮਦੇਵ ਜੀ ਬਾਕੀ ਕ੍ਰਿਸ਼ਨ-ਭਗਤਾਂ ਵਾਂਗ ਦੁਆਰਕਾ ਦੇ ਦਰਸ਼ਨ ਨੂੰ ਗਏ ਸਨ? ਇਹ ਨਹੀਂ ਹੋ ਸਕਦਾ। ਨਾਮਦੇਵ ਜੀ ਦਾ ਇਹ ਸ਼ਬਦ ਹੀ ਦੱਸਦਾ ਹੈ ਕਿ ਉਹ "ਚੰਦੀ ਹਜ਼ਾਰ ਆਲਮ" ਦੇ "ਏਕਲ ਖਾਨਾਂ" ਦੇ ਅਨਿੰਨ ਭਗਤ ਸਨ। ਮੁਗ਼ਲ ਦੀ ਕਹਾਣੀ ਲਿਖਣ ਵਾਲੇ ਭੀ ਇਹ ਮੰਨਦੇ ਹਨ ਕਿ ਉਹਨਾਂ ਮੁਗ਼ਲ ਵਿਚ ਵੀ ਰੱਬ ਵੇਖਿਆ। ਤਾਂ ਤੇ ਸਰਬ-ਵਿਆਪਕ ਪਰਮਾਤਮਾ ਦੇ ਭਗਤ ਨੂੰ ਉਚੇਚਾ ਛੇ ਸੌ ਮੀਲ ਪੈਂਡਾ ਮਾਰ ਕੇ ਮੂਰਤੀ ਦੇ ਦਰਸ਼ਨ ਵਾਸਤੇ ਦੁਆਰਕਾ ਜਾਣ ਦੀ ਲੋੜ ਨਹੀਂ ਸੀ। ਇਹ ਕਹਾਣੀ ਇਸ ਸ਼ਬਦ ਦੇ ਲਫ਼ਜ਼ "ਦੁਆਰਕਾ, ਮਗੋਲ, ਪਗਰੀ, ਬਿਗਾਰੀ" ਨੂੰ ਕਾਹਲੀ ਨਾਲ ਜੋੜਿਆਂ ਬਣਾਈ ਗਈ ਹੈ। ਇਸ ਸ਼ਬਦ ਵਿਚ ਨਿਰੋਲ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਹੈ ਤੇ ਬੱਸ।

ਭਾਵ: ਪਰਮਾਤਮਾ ਸਦਾ ਅਟੱਲ ਹੈ, ਅਤੇ ਹਰ ਥਾਂ ਮੌਜੂਦ ਹੈ।

TOP OF PAGE

Sri Guru Granth Darpan, by Professor Sahib Singh