ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 797

ਬਿਲਾਵਲੁ ਮਹਲਾ ੩ ॥ ਅਤੁਲੁ ਕਿਉ ਤੋਲਿਆ ਜਾਇ ॥ ਦੂਜਾ ਹੋਇ ਤ ਸੋਝੀ ਪਾਇ ॥ ਤਿਸ ਤੇ ਦੂਜਾ ਨਾਹੀ ਕੋਇ ॥ ਤਿਸ ਦੀ ਕੀਮਤਿ ਕਿਕੂ ਹੋਇ ॥੧॥ ਗੁਰ ਪਰਸਾਦਿ ਵਸੈ ਮਨਿ ਆਇ ॥ ਤਾ ਕੋ ਜਾਣੈ ਦੁਬਿਧਾ ਜਾਇ ॥੧॥ ਰਹਾਉ ॥ ਆਪਿ ਸਰਾਫੁ ਕਸਵਟੀ ਲਾਏ ॥ ਆਪੇ ਪਰਖੇ ਆਪਿ ਚਲਾਏ ॥ ਆਪੇ ਤੋਲੇ ਪੂਰਾ ਹੋਇ ॥ ਆਪੇ ਜਾਣੈ ਏਕੋ ਸੋਇ ॥੨॥ ਮਾਇਆ ਕਾ ਰੂਪੁ ਸਭੁ ਤਿਸ ਤੇ ਹੋਇ ॥ ਜਿਸ ਨੋ ਮੇਲੇ ਸੁ ਨਿਰਮਲੁ ਹੋਇ ॥ ਜਿਸ ਨੋ ਲਾਏ ਲਗੈ ਤਿਸੁ ਆਇ ॥ ਸਭੁ ਸਚੁ ਦਿਖਾਲੇ ਤਾ ਸਚਿ ਸਮਾਇ ॥੩॥ ਆਪੇ ਲਿਵ ਧਾਤੁ ਹੈ ਆਪੇ ॥ ਆਪਿ ਬੁਝਾਏ ਆਪੇ ਜਾਪੇ ॥ ਆਪੇ ਸਤਿਗੁਰੁ ਸਬਦੁ ਹੈ ਆਪੇ ॥ ਨਾਨਕ ਆਖਿ ਸੁਣਾਏ ਆਪੇ ॥੪॥੨॥ {ਪੰਨਾ 797}

ਨੋਟ: ਵੇਖੋ ਬਿਲਾਵਲੁ ਮ: ੧, ਸ਼ਬਦ ਨੰ: ੩।

ਪਦਅਰਥ: ਅਤੁਲੁ = ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਅ = ਤੁਲੁ। ਕਿਉ ਤੋਲਿਆ ਜਾਇ = ਨਹੀਂ ਤੋਲਿਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ। ਦੂਜਾ = ਪ੍ਰਭੂ ਦੇ ਬਰਾਬਰ ਦਾ ਕੋਈ ਹੋਰ। ਸੋਝੀ = (ਪਰਮਾਤਮਾ ਦੀ ਹਸਤੀ ਦੇ ਮਾਪ ਦੀ) ਸਮਝ। ਤਿਸ ਤੇ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉੱਡ ਗਿਆ ਹੈ} ਉਸ ਪ੍ਰਭੂ ਤੋਂ (ਵੱਖਰਾ) ਤਿਸ ਦੀ = {ਵੇਖੋ 'ਤਿਸ ਤੇ'}ਕਿਕੂ = ਕਿਵੇਂ?੧।

ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਤਾ = ਤਦੋਂ। ਕੋ = ਕੋਈ ਮਨੁੱਖ। ਜਾਣੈ = ਜਾਣ-ਪਛਾਣ ਬਣਾਂਦਾ ਹੈ। ਦੁਬਿਧਾ = ਮੇਰ = ਤੇਰ। ਜਾਇ = ਦੂਰ ਹੋ ਜਾਂਦੀ ਹੈ।੧।ਰਹਾਉ।

ਸਰਾਫੁ = ਪਰਖਣ ਵਾਲਾ। ਕਸਵਟੀ = ਉਹ ਵੱਟੀ ਜਿਸ ਉਤੇ ਸੋਨੇ ਨੂੰ ਕੱਸ ਲਾ ਕੇ (ਰਗੜ ਕੇ) ਵੇਖਿਆ ਜਾਂਦਾ ਹੈ ਕਿ ਇਹ ਖਰਾ ਹੈ ਜਾਂ ਨਹੀਂ। ਆਪੇ = ਆਪ ਹੀ। ਚਲਾਏ = ਪਰਚਲਤ ਕਰਦਾ ਹੈ, (ਸਿੱਕੇ ਨੂੰ) ਚਲਾਂਦਾ ਹੈ। ਏਕੋ ਸੋਇ = ਸਿਰਫ਼ ਉਹ (ਪਰਮਾਤਮਾ) ਹੀ।੨।

ਤਿਸ ਤੇ = ਉਸ (ਪਰਮਾਤਮਾ) ਤੋਂ ਹੀ। ਜਿਸ ਨੋ = {ਵੇਖੋ 'ਤਿਸ ਤੇ', 'ਤਿਸ ਦੀ'}ਨਿਰਮਲ = ਪਵਿੱਤ੍ਰ। ਲਾਏ = (ਮਾਇਆ) ਚੰਬੋੜਦਾ ਹੈ। ਆਇ = ਆ ਕੇ। ਲਗੈ = ਚੰਬੜ ਜਾਂਦੀ ਹੈ। ਸਭੁ = ਹਰ ਥਾਂ। ਸਚੁ = ਸਦਾ-ਥਿਰ ਪ੍ਰਭੂ। ਸਚਿ = ਸਦਾ-ਥਿਰ ਪ੍ਰਭੂ ਵਿਚ।੩।

ਧਾਤੁ = ਮਾਇਆ। ਬੁਝਾਏ = ਸਮਝ ਬਖ਼ਸ਼ਦਾ ਹੈ। ਜਾਪੇ = ਜਪਦਾ ਹੈ। ਆਖਿ = ਉਚਾਰ ਕੇ।੪।

ਅਰਥ: (ਜਦੋਂ) ਗੁਰੂ ਦੀ ਕਿਰਪਾ ਨਾਲ (ਕਿਸੇ ਵਡਭਾਗੀ ਮਨੁੱਖ ਦੇ) ਮਨ ਵਿਚ (ਪਰਮਾਤਮਾ) ਆ ਵੱਸਦਾ ਹੈ, ਤਦੋਂ ਉਹ ਮਨੁੱਖ (ਪਰਮਾਤਮਾ ਨਾਲ) ਡੂੰਘੀ ਸਾਂਝ ਪਾ ਲੈਂਦਾ ਹੈ, ਤੇ, (ਉਸ ਦੇ ਅੰਦਰੋਂ) ਭਟਕਣਾ ਦੂਰ ਹੋ ਜਾਂਦੀ ਹੈ।੧।ਰਹਾਉ।

(ਜਿਸ ਮਨੁੱਖ ਦੇ ਅੰਦਰੋਂ ਭਟਕਣਾ ਮੇਰ-ਤੇਰ ਦੂਰ ਹੋ ਜਾਂਦੀ ਹੈ ਉਸ ਨੂੰ ਯਕੀਨ ਆ ਜਾਂਦਾ ਹੈ ਕਿ) ਪਰਮਾਤਮਾ ਦੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ, ਉਸ ਦੇ ਬਰਾਬਰ ਦਾ ਕੋਈ ਦੱਸਿਆ ਨਹੀਂ ਜਾ ਸਕਦਾ। (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਵੱਖਰਾ ਹੋਰ ਕੋਈ ਨਹੀਂ ਹੈ, (ਇਸ ਵਾਸਤੇ) ਪਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ।੧।

(ਜਿਸ ਦੇ ਅੰਦਰ ਪ੍ਰਭੂ ਪਰਗਟ ਹੋ ਜਾਂਦਾ ਹੈ, ਉਸ ਨੂੰ ਯਕੀਨ ਆ ਜਾਂਦਾ ਹੈ ਕਿ) ਪਰਮਾਤਮਾ ਆਪ ਹੀ (ਉੱਚੇ ਜੀਵਨ-ਮਿਆਰ ਦੀ) ਕਸਵੱਟੀ ਵਰਤ ਕੇ (ਜੀਵਾਂ ਦੇ ਜੀਵਨ) ਪਰਖਣ ਵਾਲਾ ਹੈ। ਪ੍ਰਭੂ ਆਪ ਹੀ ਪਰਖ ਕਰਦਾ ਹੈ, ਤੇ (ਪਰਵਾਨ ਕਰ ਕੇ ਉਸ ਉੱਚੇ ਜੀਵਨ ਨੂੰ) ਜੀਵਾਂ ਦੇ ਸਾਹਮਣੇ ਲਿਆਉਂਦਾ ਹੈ (ਜਿਵੇਂ ਖਰਾ ਸਿੱਕਾ ਲੋਕਾਂ ਵਿਚ ਪਰਚਲਤ ਕੀਤਾ ਜਾਂਦਾ ਹੈ) ਪ੍ਰਭੂ ਆਪ ਹੀ (ਜੀਵਾਂ ਦੇ ਜੀਵਨ ਨੂੰ) ਜਾਂਚਦਾ-ਪਰਖਦਾ ਹੈ, (ਉਸ ਦੀ ਮੇਹਰ ਨਾਲ ਹੀ ਕੋਈ ਜੀਵਨ ਉਸ ਪਰਖ ਵਿਚ) ਪੂਰਾ ਉਤਰਦਾ ਹੈ। ਸਿਰਫ਼ ਉਹ ਪਰਮਾਤਮਾ ਆਪ ਹੀ (ਇਸ ਖੇਡ ਨੂੰ) ਜਾਣਦਾ ਹੈ।੨।

ਮਾਇਆ ਦੀ ਸਾਰੀ ਹੋਂਦ ਉਸ ਪਰਮਾਤਮਾ ਤੋਂ ਹੀ ਬਣੀ ਹੈ। ਜਿਸ ਮਨੁੱਖ ਨੂੰ ਪ੍ਰਭੂ (ਆਪਣੇ ਨਾਲ) ਮਿਲਾਂਦਾ ਹੈ, ਉਹ (ਇਸ ਮਾਇਆ ਤੋਂ ਨਿਰਲੇਪ ਰਹਿ ਕੇ) ਪਵਿੱਤ੍ਰ ਜੀਵਨ ਵਾਲਾ ਬਣ ਜਾਂਦਾ ਹੈ। ਜਿਸ ਮਨੁੱਖ ਨੂੰ (ਪ੍ਰਭੂ ਆਪ ਆਪਣੀ ਮਾਇਆ) ਚੰਬੋੜ ਦੇਂਦਾ ਹੈ, ਉਸ ਨੂੰ ਇਹ ਆ ਚੰਬੜਦੀ ਹੈ। (ਜਦੋਂ ਕਿਸੇ ਮਨੁੱਖ ਨੂੰ ਗੁਰੂ ਦੀ ਰਾਹੀਂ) ਹਰ ਥਾਂ ਆਪਣਾ ਸਦਾ ਕਾਇਮ ਰਹਿਣ ਵਾਲਾ ਸਰੂਪ ਵਿਖਾਂਦਾ ਹੈ, ਤਦੋਂ ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।੩।

(ਹੇ ਭਾਈ! ਪ੍ਰਭੂ) ਆਪ ਹੀ (ਆਪਣੇ ਚਰਨਾਂ ਵਿਚ) ਮਗਨਤਾ (ਦੇਣ ਵਾਲਾ ਹੈ) , ਆਪ ਹੀ ਮਾਇਆ (ਚੰਬੋੜਨ ਵਾਲਾ) ਹੈ। ਪ੍ਰਭੂ ਆਪ ਹੀ (ਸਹੀ ਜੀਵਨ ਦੀ) ਸੂਝ ਬਖ਼ਸ਼ਦਾ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਆਪਣਾ ਨਾਮ) ਜਪਦਾ ਹੈ। ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ (ਗੁਰੂ ਦਾ) ਸ਼ਬਦ ਹੈ। ਹੇ ਨਾਨਕ! ਪ੍ਰਭੂ ਆਪ ਹੀ (ਗੁਰੂ ਦਾ ਸ਼ਬਦ) ਉਚਾਰ ਕੇ (ਹੋਰਨਾਂ ਨੂੰ) ਸੁਣਾਂਦਾ ਹੈ (ਇਹ ਹੈ ਸਰਧਾ ਉਸ ਵਡਭਾਗੀ ਦੀ ਜਿਸ ਦੇ ਮਨ ਵਿਚ ਉਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਆ ਵੱਸਦਾ ਹੈ) ੪।੨।

ਬਿਲਾਵਲੁ ਮਹਲਾ ੩ ॥ ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥ ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥੧॥ ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥ ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥ ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥ ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥ ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥ ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ ॥ ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥ {ਪੰਨਾ 797}

ਪਦਅਰਥ: ਤੇ = ਤੋਂ, ਦੀ ਰਾਹੀਂ। ਸਾਹਿਬ ਤੇ = ਮਾਲਕ = ਪ੍ਰਭੂ ਤੋਂ, ਮਾਲਕ = ਪ੍ਰਭੂ ਦੀ ਕਿਰਪਾ ਨਾਲ। ਸੇਵ = (ਮਾਲਕ = ਪ੍ਰਭੂ ਦੀ) ਸੇਵਾ = ਭਗਤੀ। ਬਹਾਨਾ = ਗ਼ਲਤ ਦਲੀਲ। ਐਸਾ = ਇਹੋ ਜਿਹਾ, ਅਚਰਜ। ਖੇਲੁ = ਜਗਤ = ਤਮਾਸ਼ਾ। ਸਮਾਨਾ = ਵਿਆਪਕ।੧।

ਸਤਿਗੁਰਿ = ਗੁਰੂ ਦੀ ਰਾਹੀਂ, ਗੁਰੂ ਦੀ ਕਿਰਪਾ ਨਾਲ। ਪਰਚੈ = ਗਿੱਝ ਜਾਂਦਾ ਹੈ। ਨਾਮਿ = ਨਾਮ ਵਿਚ। ਕਰਮੁ = ਬਖ਼ਸ਼ਸ਼। ਸੋ = ਉਹ ਮਨੁੱਖ। ਪਾਏ = ਹਾਸਲ ਕਰ ਲੈਂਦਾ ਹੈ। ਅਨਦਿਨੁ = ਹਰ ਰੋਜ਼ {अनुदिनं}ਸਹਜ = ਆਤਮਕ ਅਡੋਲਤਾ। ਸਹਜ ਧਿਆਨਾ = ਆਤਮਕ ਅਡੋਲਤਾ ਪੈਦਾ ਕਰਨ ਵਾਲੀ ਮਗਨਤਾ।੧।ਰਹਾਉ।

ਅਭਿਮਾਨਾ = ਮਾਣ। ਖਿੰਚਹਿ = ਖਿੱਚ ਲੈਂਦਾ ਹੈਂ। ਸੁਆਮੀ = ਹੇ ਮਾਲਕ! ਕਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇਸ਼ੱਕ ਕਰੇ। ਦਿਖਾ = ਦਿਖਾਂ, ਮੈਂ ਵੇਖਾਂ।੨।

ਚੇਲਾ = ਸਿੱਖ। ਆਪੇ = ਆਪ ਹੀ। ਗੁਣੀ ਨਿਧਾਨਾ = ਗੁਣਾਂ ਦਾ ਖ਼ਜ਼ਾਨਾ। ਚਲਾਏ = (ਜੀਵਨ = ਰਾਹ ਉਤੇ) ਤੋਰਦਾ ਹੈ। ਭਾਵੈ = ਚੰਗਾ ਲੱਗਦਾ ਹੈ।੩।

ਸਾਚਾ = ਸਦਾ ਕਾਇਮ ਰਹਿਣ ਵਾਲਾ। ਕਉਣੁ ਜਾਣੈ = ਕੋਈ ਨਹੀਂ ਜਾਣ ਸਕਦਾ। ਘਰ ਮਹਿ = ਹਿਰਦੇ = ਘਰ ਵਿਚ (ਟਿਕਾ ਕੇ) , ਆਪਣੇ ਚਰਨਾਂ ਵਿਚ (ਜੋੜ ਕੇ) ਦੇ = ਦੇਂਦਾ ਹੈ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਜੀਵ। ਭਰਮਿ = ਭਟਕਣਾ ਵਿਚ (ਪੈ ਕੇ) ਭਵਹਿ = ਫਿਰਦੇ ਹਨ।੪।

ਅਰਥ: ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਜਪਣ ਵਿਚ) ਗਿੱਝ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ (ਸਦਾ) ਲੀਨ ਰਹਿੰਦਾ ਹੈ। (ਪਰ) ਗੁਰੂ (ਭੀ) ਉਸੇ ਨੂੰ ਮਿਲਦਾ ਹੈ ਜਿਸ ਉਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ, ਫਿਰ ਹਰ ਵੇਲੇ ਉਸ ਦੀ ਸੁਰਤਿ ਆਤਮਕ ਅਡੋਲਤਾ ਪੈਦਾ ਕਰਨ ਵਾਲੀ ਅਵਸਥਾ ਵਿਚ ਜੁੜੀ ਰਹਿੰਦੀ ਹੈ।੧।ਰਹਾਉ।

(ਹੇ ਭਾਈ!) ਮਾਲਕ-ਪ੍ਰਭੂ ਦੀ ਮੇਹਰ ਨਾਲ ਹੀ (ਕੋਈ ਮਨੁੱਖ ਉਸ ਦਾ) ਭਗਤ ਬਣਦਾ ਹੈ, ਮਾਲਕ-ਪ੍ਰਭੂ ਦੀ ਕਿਰਪਾ ਨਾਲ ਹੀ (ਮਨੁੱਖ ਨੂੰ ਉਸ ਦੀ) ਸੇਵਾ-ਭਗਤੀ ਪ੍ਰਾਪਤ ਹੁੰਦੀ ਹੈ। (ਇਹ ਸੇਵਾ-ਭਗਤੀ ਕਿਸੇ ਨੂੰ ਭੀ ਉਸ ਦੇ ਆਪਣੇ ਉੱਦਮ ਨਾਲ ਨਹੀਂ ਮਿਲਦੀ) ਕੋਈ ਭੀ ਮਨੁੱਖ ਅਜੇਹੀ ਗ਼ਲਤ ਦਲੀਲ ਨਹੀਂ ਦੇ ਸਕਦਾ।

ਹੇ ਪ੍ਰਭੂ! ਇਹ ਤੇਰਾ ਇਕ ਅਚਰਜ ਤਮਾਸ਼ਾ ਬਣਿਆ ਹੋਇਆ ਹੈ (ਕਿ ਤੇਰੀ ਭਗਤੀ ਤੇਰੀ ਮੇਹਰ ਨਾਲ ਹੀ ਮਿਲਦੀ ਹੈ, ਉਂਞ) ਤੂੰ ਸਭ ਜੀਵਾਂ ਵਿਚ ਆਪ ਹੀ ਸਮਾਇਆ ਹੋਇਆ ਹੈਂ।੧।

ਹੇ ਪ੍ਰਭੂ! ਆਪਣੇ ਉੱਦਮ ਨਾਲ) ਕੋਈ ਭੀ ਮਨੁੱਖ ਤੇਰੀ ਸੇਵਾ-ਭਗਤੀ ਨਹੀਂ ਕਰ ਸਕਦਾ, ਕੋਈ ਮਨੁੱਖ ਅਜੇਹਾ ਕੋਈ ਮਾਣ ਨਹੀਂ ਕਰ ਸਕਦਾ। ਹੇ ਮਾਲਕ-ਪ੍ਰਭੂ! ਜਦੋਂ ਤੂੰ ਕਿਸੇ ਜੀਵ ਵਿਚੋਂ (ਸੇਵਾ-ਭਗਤੀ ਵਾਸਤੇ ਦਿੱਤਾ ਹੋਇਆ) ਚਾਨਣ ਖਿੱਚ ਲੈਂਦਾ ਹੈਂ, ਤਦੋਂ ਫਿਰ ਕੋਈ ਭੀ ਸੇਵਾ-ਭਗਤੀ ਦੀਆਂ ਗੱਲਾਂ ਨਹੀਂ ਕਰ ਸਕਦਾ।੨।

ਹੇ ਭਾਈ! ਪਰਮਾਤਮਾ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ (ਜੇਹੜੇ ਗੁਣ ਉਹ ਗੁਰੂ ਦੀ ਰਾਹੀਂ ਸਿੱਖ ਨੂੰ ਦੇਂਦਾ ਹੈ) ਜਿਵੇਂ ਉਸ ਹਰੀ ਭਗਵਾਨ ਨੂੰ ਚੰਗਾ ਲੱਗਦਾ ਹੈ, ਜਿਵੇਂ ਉਹ ਜੀਵ ਨੂੰ ਜੀਵਨ-ਰਾਹ ਉਤੇ ਤੋਰਦਾ ਹੈ ਤਿਵੇਂ ਹੀ ਜੀਵ ਤੁਰਦਾ ਹੈ।੩।

ਨਾਨਕ ਆਖਦਾ ਹੈ-ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੇਰੇ ਕੰਮਾਂ (ਦੇ ਭੇਤ) ਨੂੰ ਕੋਈ ਨਹੀਂ ਜਾਣ ਸਕਦਾ। ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਟਿਕਾ ਕੇ ਇੱਜ਼ਤ ਬਖ਼ਸ਼ਦਾ ਹੈਂ। ਕਈ ਜੀਵ ਕੁਰਾਹੇ ਪੈ ਕੇ ਅਹੰਕਾਰ ਵਿਚ ਭਟਕਦੇ ਫਿਰਦੇ ਹਨ।੪।੩।

ਬਿਲਾਵਲੁ ਮਹਲਾ ੩ ॥ ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥ ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥੧॥ ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥ ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ ॥ ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ ॥੨॥ ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥ ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥੩॥ ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ ॥ ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥੪॥੪॥ {ਪੰਨਾ 797}

ਪਦਅਰਥ: ਪੂਰਾ ਥਾਟੁ = ਉੱਤਮ ਜੁਗਤੀ, ਗੁਰੂ ਦੀ ਸਰਨ ਆ ਕੇ ਹਰਿ = ਨਾਮ ਜਪਣ ਦੀ ਉੱਤਮ ਜੁਗਤੀ। ਪੂਰੈ = ਪੂਰੇ (ਪ੍ਰਭੂ) ਨੇ, ਉਸ ਪ੍ਰਭੂ ਨੇ ਜਿਸ ਦੇ ਕੰਮਾਂ ਵਿਚ ਕੋਈ ਉਕਾਈ ਨਹੀਂ। ਏਕ ਸਮਾਨਾ = ਇਕੋ ਜਿਹੀ, ਜੋ ਹਰੇਕ ਜੁਗ ਵਿਚ ਇਕੋ ਜਿਹੀ ਚਲੀ ਆ ਰਹੀ ਹੈ। ਪਰਪੰਚ = ਸੰਸਾਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਤੁ ਕੋ ਧਰਹੁ = ਕੋਈ ਨਾਹ ਧਰੇ। ਗੁਮਾਨਾ = ਅਹੰਕਾਰ।੧।

ਮਾਹਿ = ਵਿਚ। ਮਤਿ = ਅਕਲ, ਸਿੱਖਿਆ। ਜੀਅਹੁ = ਦਿਲੋਂ। ਜਾਣੈ = ਪਛਾਣਦਾ ਹੈ, ਸਾਂਝ ਪਾਂਦਾ ਹੈ। ਅੰਤਰਿ = ਅੰਦਰ। ਰਵੈ = ਹਰ ਵੇਲੇ ਮੌਜੂਦ ਰਹਿੰਦਾ ਹੈ।੧।ਰਹਾਉ।

ਹੁਣਿ = ਇਸ ਵੇਲੇ, ਗੁਰੂ ਦੀ ਮਤਿ ਲੈ ਕੇ {ਨੋਟ: ਵੇਖੋ 'ਰਹਾਉ' ਵਾਲਾ ਬੰਦ। ਉਸੇ ਵਿਚ ਹੀ ਕੇਂਦਰੀ ਖ਼ਿਆਲ ਹੈ}ਨਿਬੇੜਾ = ਨਿਰਨਾ। ਨੋ = ਨੂੰ। ਨਰ ਮਨੁਖ = ਸ੍ਰੇਸ਼ਟ ਮਨੁੱਖ, ਗੁਰਮੁਖ, ਗੁਰੂ ਦੀ ਮਤਿ ਉਤੇ ਤੁਰਨ ਵਾਲੇ ਮਨੁੱਖ। ਏਕੁ ਨਿਧਾਨਾ = ਇਕ ਪ੍ਰਭੂ ਦਾ ਨਾਮ = ਖ਼ਜ਼ਾਨਾ। ਜਤੁ = ਕਾਮ = ਵਾਸਨਾ ਨੂੰ ਰੋਕਣ ਵਾਲਾ ਜਤਨ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ। ਮਹਿ = ਵਿਚ। ਕਲਿ = ਕਲਿਜੁਗ। ਕੀਰਤਿ = ਸਿਫ਼ਤਿ-ਸਾਲਾਹ।੨।

ਜੁਗਿ ਜੁਗਿ = ਹਰੇਕ ਜੁਗ ਵਿਚ। ਸੋਧਿ = ਸੋਧ ਕੇ, ਗਹੁ ਨਾਲ ਪੜ੍ਹ ਕੇ। ਗੁਰਮੁਖਿ = ਗੁਰੂ ਦੀ ਸ਼ਰਨ ਪੈ ਕੇ। ਜਗਿ = ਜਗਤ ਵਿਚ। ਤੇ = ਉਹ ਬੰਦੇ। ਪਰਵਾਨਾ = ਕਬੂਲ।੩।

ਸਿਉ = ਨਾਲ। ਚੂਕੈ = ਮੁੱਕ ਜਾਂਦਾ ਹੈ। ਮਨਿ = ਮਨ ਵਿਚ। ਸਭੇ = ਸਾਰੇ। ਪਾਹਿ = ਪਾਂਦੇ ਹਨ, ਪ੍ਰਾਪਤ ਕਰਦੇ ਹਨ। ਨਿਧਾਨਾ = ਨਾਮ = ਖ਼ਜ਼ਾਨਾ।੪।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਉਤੇ ਯਕੀਨ ਆ ਜਾਂਦਾ ਹੈ, ਉਹ ਮਨੁੱਖ ਗੁਰੂ (ਦੇ ਉਪਦੇਸ਼) ਵਿਚ ਲੀਨ ਰਹਿੰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ।੧।ਰਹਾਉ।

ਹੇ ਭਾਈ! ਵੇਖੋ, ਪੂਰਨ ਪ੍ਰਭੂ ਨੇ (ਗੁਰੂ ਦੀ ਸ਼ਰਨ ਪੈ ਕੇ ਹਰਿ-ਨਾਮ ਜਪਣ ਦੀ ਇਹ ਐਸੀ) ਉੱਤਮ ਜੁਗਤੀ ਬਣਾਈ ਹੈ ਜੋ ਹਰੇਕ ਜੁਗ ਵਿਚ ਇਕੋ ਜਿਹੀ ਚਲੀ ਆ ਰਹੀ ਹੈ। ਮਤਾਂ ਕੋਈ ਮਨੁੱਖ (ਜਤ ਸੰਜਮ ਤੀਰਥ ਆਦਿਕ ਕਰਮ ਦਾ) ਮਾਣ ਕਰ ਬਹੇ। ਇਸ ਜਗਤ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣ ਤੋਂ ਹੀ ਇੱਜ਼ਤ ਮਿਲਦੀ ਹੈ।੧।

ਹੇ ਭਾਈ! ਗੁਰੂ ਦੀ ਸ਼ਰਨ ਪਿਆਂ ਹੀ ਚਹੁੰਆਂ ਜੁਗਾਂ ਦਾ ਨਿਰਨਾ ਸਮਝ ਵਿਚ ਆਉਂਦਾ ਹੈ (ਕਿ ਜੁਗ ਚਾਹੇ ਕੋਈ ਹੋਵੇ) ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ। (ਵੇਦ ਆਦਿਕ ਹਿੰਦੂ ਧਰਮ-ਪੁਸਤਕ ਦੱਸਦੇ ਰਹੇ ਕਿ) ਜਤ ਸੰਜਮ ਅਤੇ ਤੀਰਥ-ਇਸ਼ਨਾਨ ਉਹਨਾਂ ਜੁਗਾਂ ਦਾ ਧਰਮ ਸੀ, ਪਰ ਕਲਿਜੁਗ ਵਿਚ (ਗੁਰੂ ਨਾਨਕ ਨੇ ਆ ਦੱਸਿਆ ਹੈ ਕਿ) ਪਰਮਾਤਮਾ ਦੀ ਸਿਫ਼ਤਿ-ਸਾਲਾਹ, ਪਰਮਾਤਮਾ ਦਾ ਨਾਮ-ਸਿਮਰਨ ਹੀ ਅਸਲ ਧਰਮ ਹੈ।੨।

ਹੇ ਭਾਈ! ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ (ਉਹ ਇਹੀ ਆਖਦੇ ਹਨ ਕਿ) ਹਰੇਕ ਜੁਗ ਵਿਚ (ਜਤ ਸੰਜਮ ਤੀਰਥ ਆਦਿਕ) ਆਪਣਾ ਆਪਣਾ ਧਰਮ (ਪਰਵਾਨ) ਹੈ। (ਪਰ ਗੁਰੂ ਦੀ ਸਿੱਖਿਆ ਇਹ ਹੈ ਕਿ) ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਮਨੁੱਖ ਪੂਰਨ ਹਨ ਤੇ ਕਬੂਲ ਹਨ।੩।

ਹੇ ਭਾਈ! ਨਾਨਕ ਆਖਦਾ ਹੈ-ਜੇਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਜੋੜਦਾ ਹੈ, ਉਸ ਦੇ ਮਨ ਵਿਚੋਂ (ਕਿਸੇ ਭੀ ਤਰ੍ਹਾਂ ਦੇ ਕਰਮ ਕਾਂਡ ਦਾ) ਅਹੰਕਾਰ ਮੁੱਕ ਜਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰਨ ਵਾਲੇ, ਸੁਣਨ ਵਾਲੇ, ਸਾਰੇ ਹੀ ਆਤਮਕ ਆਨੰਦ ਪ੍ਰਾਪਤ ਕਰਦੇ ਹਨ। ਜੇਹੜੇ ਮਨੁੱਖ (ਗੁਰੂ ਦੀ ਸਿੱਖਿਆ ਉਤੇ) ਸਰਧਾ ਲਿਆਉਂਦੇ ਹਨ, ਉਹ ਪ੍ਰਭੂ ਦਾ ਨਾਮ-ਖ਼ਜ਼ਾਨਾ ਲੱਭ ਲੈਂਦੇ ਹਨ।੪।੪।

ਨੋਟ: ਇਸ ਸ਼ਬਦ ਵਿਚ ਵੇਦ ਪੁਰਾਨਾਂ ਦੇ ਧਰਮ ਅਤੇ ਗੁਰ ਧਰਮ ਵਿਚ ਫ਼ਰਕ ਦੱਸਿਆ ਗਿਆ ਹੈ।

TOP OF PAGE

Sri Guru Granth Darpan, by Professor Sahib Singh