ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 855

ਪਉੜੀ ॥ ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥ ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥ ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥ ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥ ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥ {ਪੰਨਾ 855}

ਪਦਅਰਥ: ਗੁਨਹ = ਗੁਨਾਹ, ਔਗੁਣ। ਮੀਹਿ ਵੁਠੈ = {ਪੂਰਬ ਪੂਰਨ ਕਾਰਦੰਤਕ Locative Absolute} ਮੀਂਹ ਪਿਆਂ। ਸੁਰਸਰੀ = ਗੰਗਾ। ਪਾਵਨੁ = ਪਵਿੱਤਰ। ਜਿਤੁ ਮਿਲਿਐ = ਜਿਸ ਦੇ ਮਿਲਿਆਂ, ਜੇ ਉਹ ਮਿਲ ਪਏ। ਹਰਿ ਸਾਂਤਿ = ਪਰਮਾਤਮਾ (ਦੇ ਮਿਲਾਪ) ਦੀ ਠੰਢ। ਤੜ = ਤੁਰਤ। ਸਚੇ ਸਾਹ ਕਾ = ਸਦਾ ਕਾਇਮ ਰਹਿਣ ਵਾਲੇ ਸ਼ਾਹ ਦਾ। ਮੰਨੈ = ਸਰਧਾ ਲਿਆਵੇ। ਭਾਵੈ = ਚੰਗਾ ਲੱਗਦਾ ਹੈ।੧੩।

ਅਰਥ: (ਜੇ) ਕੋਈ ਮਨੁੱਖ (ਪਹਿਲਾਂ) ਗੁਰੂ ਦੀ ਨਿੰਦਾ ਕਰਨ ਵਾਲਾ ਹੋਵੇ (ਪਰ) ਫਿਰ ਗੁਰੂ ਦੀ ਸਰਨ ਆ ਜਾਏ, ਤਾਂ ਸਤਿਗੁਰੂ (ਉਸ ਦੇ) ਪਿਛਲੇ ਔਗੁਣ ਬਖ਼ਸ਼ ਲੈਂਦਾ ਹੈ (ਤੇ ਉਸ ਨੂੰ) ਸਾਧ ਸੰਗਤਿ ਵਿਚ ਰਲਾ ਦੇਂਦਾ ਹੈ।

ਹੇ ਭਾਈ! ਜਿਵੇਂ ਮੀਂਹ ਪਿਆਂ ਗਲੀਆਂ ਨਾਲਿਆਂ ਟੋਭਿਆਂ ਦਾ ਪਾਣੀ (ਜਦੋਂ) ਗੰਗਾ ਵਿਚ ਜਾ ਪੈਂਦਾ ਹੈ (ਤਾਂ) ਗੰਗਾ ਵਿਚ ਮਿਲਦਿਆਂ (ਹੀ ਉਹ ਪਾਣੀ) ਪੂਰਨ ਤੌਰ ਤੇ ਪਵਿੱਤਰ ਹੋ ਜਾਂਦਾ ਹੈ, (ਤਿਵੇਂ) ਨਿਰਵੈਰ ਸਤਿਗੁਰੂ ਵਿਚ (ਭੀ) ਇਹ ਗੁਣ ਹੈ ਕਿ ਉਸ (ਗੁਰੂ) ਨੂੰ ਮਿਲਿਆਂ (ਮਨੁੱਖ ਦੀ ਮਾਇਆ ਦੀ) ਤ੍ਰਿਹ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ (ਤੇ ਉਸ ਦੇ ਅੰਦਰ) ਪਰਮਾਤਮਾ (ਦੇ ਮਿਲਾਪ) ਦੀ ਠੰਢ ਤੁਰਤ ਪੈ ਜਾਂਦੀ ਹੈ।

ਹੇ ਨਾਨਕ! ਆਖ-ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਸ਼ਾਹ ਪਰਮਾਤਮਾ ਦਾ ਇਹ ਅਚਰਜ ਤਮਾਸ਼ਾ ਵੇਖੋ ਕਿ ਜਿਹੜਾ ਮਨੁੱਖ ਗੁਰੂ ਉਤੇ ਸਰਧਾ ਲਿਆਉਂਦਾ ਹੈ ਉਹ ਮਨੁੱਖ ਸਭਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।੧੩।੧।ਸੁਧੁ।

ਬਿਲਾਵਲੁ ਬਾਣੀ ਭਗਤਾ ਕੀ ॥ ਕਬੀਰ ਜੀਉ ਕੀ    ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥ ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥ ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ ॥ ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥ ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥ ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥੨॥ ਹਰਿ ਕੇ ਸੇਵਕ ਜੋ ਹਰਿ ਭਾਏ ਤਿਨ੍ਹ੍ਹ ਕੀ ਕਥਾ ਨਿਰਾਰੀ ਰੇ ॥ ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥ ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ ॥ ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥ {ਪੰਨਾ 855}

ਪਦਅਰਥ: ਪੇਖਨਾ = ਵੇਖਣ ਵਿਚ ਆ ਰਿਹਾ ਹੈ। ਰਹਨੁ ਪਈ ਹੈ– ਰਹਿਣਾ ਪਏਗਾ, ਰਹਿ ਸਕੇਗਾ, ਸਦਾ ਰਹਿ ਸਕੇਗਾ। ਰੇ = ਹੇ ਭਾਈ! ਸੂਧੇ = ਸਿੱਧੇ। ਰੇਗਿ = ਰਾਹ ਉੱਤੇ। ਨਤਰ = ਨਹੀਂ ਤਾਂ। ਕੁਧਕੁ = ਕੁ = ਧੱਕਾ, ਡਾਢਾ ਧੱਕਾ। ਦਿਵਈ ਹੈ– ਮਿਲੇਗਾ।੧।ਰਹਾਉ।

ਬਾਰੇ = ਬਾਲਕ। ਤਰੁਨੇ = ਜੁਆਨ। ਭਈਆ = ਹੇ ਭਾਈ! ਭ ਹੂ = ਸਾਰਿਆਂ ਨੂੰ ਹੀ। ਲੈ ਜਈ ਹੈ– ਲੈ ਜਾਇਗਾ। ਬਪੁਰਾ = ਵਿਚਾਰਾ। ਮੂਸਾ = ਚੂਹਾ। ਮੀਚੁ = ਮੌਤ। ਬਿਲਈਆ = ਬਿੱਲਾ।੧।

ਮਨਈ = ਮਨੁੱਖ (ਪੂਰਬ ਦੇਸ ਦੀ ਬੋਲੀ) ਕਾਨੀ = ਕਾਣ, ਮੁਥਾਜੀ, ਲਿਹਾਜ਼। ਸਮ = ਸਾਵਾਂ। ਬਡਾਨੀ = ਡਾਢਾ, ਬਲੀ।੨।

ਭਾਏ = ਭਾਉਂਦੇ ਹਨ, ਪਿਆਰੇ ਲੱਗਦੇ ਹਨ। ਕਥਾ = ਗੱਲ। ਨਿਰਾਰੀ = ਵੱਖਰੀ, ਨਿਰਾਲੀ। ਸੰਗਾਰੀ = ਸੰਗੀ, ਸਾਥੀ।੩।

ਕਲਤ੍ਰ = ਵਹੁਟੀ। ਇਹੈ– ਇਹ ਹੀ, ਇਹਨਾਂ ਦਾ ਮੋਹ ਹੀ। ਤਜਹੁ = ਛੱਡ ਦੇਹੁ। ਜੀਅ ਰੇ = ਹੇ ਜਿੰਦੇ! ਜੀਅ ਜਾਨੀ ਰੇ = ਹੇ ਜਾਨੀ ਜੀਅ! ਹੇ ਪਿਆਰੀ ਜਿੰਦੇ! ਸਾਰਿਗਪਾਨ = {ਸਾਰਿਗ = ਵਿਸ਼ਨੂੰ ਦਾ ਧਨਖ। ਪਾਨੀ = ਹੱਥ} ਜਿਸ ਦੇ ਹੱਥ ਵਿਚ ਸਾਰਿਗ ਧਨਖ ਹੈ ਜੋ ਸਭ ਦਾ ਨਾਸ ਕਰਨ ਵਾਲਾ ਹੈ, ਪਰਮਾਤਮਾ।੪।

ਅਰਥ: ਹੇ ਜਿੰਦੇ! ਇਹ ਜਗਤ ਅਜਿਹਾ ਵੇਖਣ ਵਿਚ ਆ ਰਿਹਾ ਹੈ, ਕਿ ਇੱਥੇ ਕੋਈ ਭੀ ਜੀਵ ਸਦਾ-ਥਿਰ ਨਹੀਂ ਰਹੇਗਾ। ਸੋ, ਤੂੰ ਸਿੱਧੇ ਰਾਹੇ ਤੁਰੀਂ, ਨਹੀਂ ਤਾਂ ਬੁਰਾ ਧੱਕਾ ਵੱਜਣ ਦਾ ਡਰ ਹੈ (ਭਾਵ, ਇਸ ਭੁਲੇਖੇ ਵਿਚ ਕਿ ਇੱਥੇ ਸਦਾ ਬਹਿ ਰਹਿਣਾ ਹੈ, ਕੁਰਾਹੇ ਪੈਣ ਦਾ ਬੜਾ ਖ਼ਤਰਾ ਹੁੰਦਾ ਹੈ) ੧।

ਹੇ ਜਿੰਦੇ! ਬਾਲਕ ਹੋਵੇ, ਬੁੱਢਾ ਹੋਵੇ, ਚਾਹੇ ਜੁਆਨ ਹੋਵੇ, ਮੌਤ ਸਭਨਾਂ ਨੂੰ ਹੀ ਇੱਥੋਂ ਲੈ ਜਾਂਦੀ ਹੈ। ਮਨੁੱਖ ਵਿਚਾਰਾ ਤਾਂ, ਮਾਨੋ, ਚੂਹਾ ਬਣਾਇਆ ਗਿਆ ਹੈ ਜਿਸ ਨੂੰ ਮੌਤ-ਰੂਪ ਬਿੱਲਾ ਖਾ ਜਾਂਦਾ ਹੈ।੨।

ਹੇ ਜਿੰਦੇ! ਮਨੁੱਖ ਧਨਵਾਨ ਹੋਵੇ ਭਾਵੇਂ ਕੰਗਾਲ, ਮੌਤ ਨੂੰ ਕਿਸੇ ਦਾ ਲਿਹਾਜ਼ ਨਹੀਂ ਹੈ। ਮੌਤ ਰਾਜੇ ਤੇ ਪਰਜਾ ਨੂੰ ਇੱਕ-ਸਮਾਨ ਮਾਰ ਲੈਂਦੀ ਹੈ, ਇਹ ਮੌਤ ਹੈ ਹੀ ਐਸੀ ਡਾਢੀ।੩।

ਪਰ ਜੋ ਬੰਦੇ ਪ੍ਰਭੂ ਦੀ ਭਗਤੀ ਕਰਦੇ ਹਨ ਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਗੱਲ (ਸਾਰੇ ਜਹਾਨ ਨਾਲੋਂ) ਨਿਰਾਲੀ ਹੈ। ਉਹ ਨਾਹ ਜੰਮਦੇ ਹਨ ਨਾਹ ਮਰਦੇ ਹਨ, ਕਿਉਂਕਿ, ਹੇ ਜਿੰਦੇ! ਉਹ ਪਰਮਾਤਮਾ ਨੂੰ ਸਦਾ ਆਪਣਾ ਸੰਗੀ-ਸਾਥੀ ਜਾਣਦੇ ਹਨ।

ਸੋ, ਹੇ ਪਿਆਰੀ ਜਿੰਦ! ਪੁੱਤਰ, ਵਹੁਟੀ, ਧਨ-ਪਦਾਰਥ-ਇਹਨਾਂ ਦਾ ਮੋਹ ਛੱਡ ਦੇਹ। ਕਬੀਰ ਆਖਦਾ ਹੈ-ਹੇ ਸੰਤ ਜਨੋ! ਮੋਹ ਛੱਡਿਆਂ ਪਰਮਾਤਮਾ ਮਿਲ ਪੈਂਦਾ ਹੈ (ਤੇ ਮੌਤ ਦਾ ਡਰ ਮੁੱਕ ਜਾਂਦਾ ਹੈ) ੪।੧।

ਸ਼ਬਦ ਦਾ ਭਾਵ: ਮੌਤ ਹਰੇਕ ਜੀਵ ਨੂੰ ਇੱਥੋਂ ਲੈ ਜਾਂਦੀ ਹੈ। ਸਦਾ ਕਿਸੇ ਨੇ ਭੀ ਇੱਥੇ ਬੈਠ ਨਹੀਂ ਰਹਿਣਾ। ਜੀਵਨ ਦੇ ਠੀਕ ਰਾਹੇ ਤੁਰੋ, ਪ੍ਰਭੂ ਦਾ ਸਿਮਰਨ ਕਰੋ, ਮੌਤ ਦਾ ਡਰ ਮੁੱਕ ਜਾਇਗਾ।

ਬਿਲਾਵਲੁ ॥ ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥ ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥ ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥ ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥ ਆਪਿ ਨ ਬਉਰਾ ਰਾਮ ਕੀਓ ਬਉਰਾ ॥ ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥ ਮੈ ਬਿਗਰੇ ਅਪਨੀ ਮਤਿ ਖੋਈ ॥ ਮੇਰੇ ਭਰਮਿ ਭੂਲਉ ਮਤਿ ਕੋਈ ॥੩॥ ਸੋ ਬਉਰਾ ਜੋ ਆਪੁ ਨ ਪਛਾਨੈ ॥ ਆਪੁ ਪਛਾਨੈ ਤ ਏਕੈ ਜਾਨੈ ॥੪॥ ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥ ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥ {ਪੰਨਾ 855}

ਪਦਅਰਥ: ਨ ਪਰਉ = ਨ ਪਰਉਂ, ਮੈਂ ਨਹੀਂ ਪੜ੍ਹਦਾ। ਬਾਦੁ = ਝਗੜਾ, ਬਹਿਸ। ਜਾਨਉ = ਜਾਨਉਂ, ਮੈਂ ਜਾਣਦਾ। ਬਉਰਾਨੋ = ਕਮਲਾ ਜਿਹਾ।੧।

ਸੈਆਨੀ = ਸਿਆਣੀ। ਬਿਗਰਿਓ = ਵਿਗੜ ਗਿਆ ਹਾਂ। ਮਤਿ = ਮਤਾਂ। ਅਉਰਾ = ਕੋਈ ਹੋਰ।੧।ਰਹਾਉ।

ਜਾਰਿ ਗਇਓ = ਸਾੜ ਗਿਆ ਹੈ। ਭ੍ਰਮੁ = ਭਰਮ, ਭੁਲੇਖਾ।੨।

ਮਤਿ = ਅਕਲ। ਖੋਈ = ਗੁਆ ਲਈ ਹੈ। ਮਤਿ ਭੂਲਉ = ਕੋਈ ਨਾਹ ਭੁੱਲੇ (ਨੋਟ: ਲਫ਼ਜ਼ 'ਭੂਲਉ' ਵਿਆਕਰਣ ਅਨੁਸਾਰ 'ਹੁਕਮੀ ਭਵਿੱਖਤ, ਅੱਨ = ਪੁਰਖ, ਇਕ-ਵਚਨ' ਹੈ) ੩।

ਆਪੁ = ਆਪਣੇ ਆਪ ਨੂੰ, ਆਪਣੇ ਅਸਲੇ ਨੂੰ। ਏਕੈ = ਇੱਕ ਪ੍ਰਭੂ ਨੂੰ ਹੀ।੪।

ਅਬਹਿ = ਹੁਣ ਹੀ, ਇਸ ਜਨਮ ਵਿਚ ਹੀ। ਮਾਤਾ = ਮਸਤ। ਰਾਮੈ ਰੰਗਿ = ਰਾਮ ਦੇ ਹੀ ਰੰਗ ਵਿਚ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ।੫।

ਅਰਥ: (ਬਹਿਸਾਂ ਦੀ ਖ਼ਾਤਰ) ਮੈਂ (ਤੁਹਾਡੀ ਬਹਿਸਾਂ ਵਾਲੀ) ਵਿੱਦਿਆ ਨਹੀਂ ਪੜ੍ਹਦਾ, ਨਾਹ ਹੀ ਮੈਂ (ਧਾਰਮਿਕ) ਬਹਿਸਾਂ ਕਰਨੀਆਂ ਜਾਣਦਾ ਹਾਂ (ਭਾਵ, ਆਤਮਕ ਜੀਵਨ ਵਾਸਤੇ ਮੈਂ ਕਿਸੇ ਵਿਦਵਤਾ-ਭਰੀ ਧਾਰਮਿਕ ਚਰਚਾ ਦੀ ਲੋੜ ਨਹੀਂ ਸਮਝਦਾ) ਮੈਂ ਤਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਸੁਣਨ ਵਿਚ ਮਸਤ ਰਹਿੰਦਾ ਹਾਂ।੧।

ਹੇ ਪਿਆਰੇ ਸੱਜਣ! ਲੋਕਾਂ ਦੇ ਭਾਣੇ) ਮੈਂ ਕਮਲਾ ਹਾਂ। ਲੋਕ ਸਿਆਣੇ ਹਨ ਤੇ ਮੈਂ ਕਮਲਾ ਹਾਂ। (ਲੋਕਾਂ ਦੇ ਖ਼ਿਆਲ ਵਿਚ) ਮੈਂ ਕੁਰਾਹੇ ਪੈ ਗਿਆ ਹਾਂ (ਕਿਉਂਕਿ ਮੈਂ ਆਪਣੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦਾ ਭਜਨ ਕਰਦਾ ਹਾਂ) , (ਪਰ ਲੋਕ ਆਪਣਾ ਧਿਆਨ ਰੱਖਣ, ਇਸ) ਕੁਰਾਹੇ ਹੋਰ ਕੋਈ ਨਾਹ ਪਏ।੧।ਰਹਾਉ।

ਮੈਂ ਆਪਣੇ ਆਪ (ਇਸ ਤਰ੍ਹਾਂ ਦਾ) ਕਮਲਾ ਨਹੀਂ ਬਣਿਆ, ਇਹ ਤਾਂ ਮੈਨੂੰ ਮੇਰੇ ਪ੍ਰਭੂ ਨੇ (ਆਪਣੀ ਭਗਤੀ ਵਿਚ ਜੋੜ ਕੇ) ਕਮਲਾ ਕਰ ਦਿੱਤਾ ਹੈ, ਤੇ ਮੇਰੇ ਗੁਰੂ ਨੇ ਮੇਰਾ ਭਰਮ-ਵਹਿਮ ਸਭ ਸਾੜ ਦਿੱਤਾ ਹੈ।੨।

(ਜੇ) ਮੈਂ ਕੁਰਾਹੇ ਪਏ ਹੋਏ ਨੇ ਆਪਣੀ ਅਕਲ ਗੁਆ ਲਈ ਹੈ (ਤਾਂ ਲੋਕਾਂ ਨੂੰ ਭਲਾ ਕਿਉਂ ਮੇਰਾ ਇਤਨਾ ਫ਼ਿਕਰ ਹੈ?) ਕੋਈ ਹੋਰ ਧਿਰ ਮੇਰੇ ਵਾਲੇ ਇਸ ਭੁਲੇਖੇ ਵਿਚ ਬੇਸ਼ਕ ਨਾਹ ਪਏ।੩।

(ਪਰ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਝੱਲਾ ਹੁੰਦਾ ਹੈ) ਝੱਲਾ ਉਹ ਬੰਦਾ ਹੈ ਜੋ ਆਪਣੇ ਅਸਲੇ ਦੀ ਪਛਾਣ ਨਹੀਂ ਕਰਦਾ। ਜੋ ਆਪਣੇ ਆਪ ਨੂੰ ਪਛਾਣਦਾ ਹੈ ਉਹ ਹਰ ਥਾਂ ਇੱਕ ਪਰਮਾਤਮਾ ਨੂੰ ਵੱਸਦਾ ਜਾਣਦਾ ਹੈ।੪।

ਕਬੀਰ ਆਖਦਾ ਹੈ-ਪਰਮਾਤਮਾ ਦੇ ਪਿਆਰ ਵਿਚ ਰੰਗੀਜ ਕੇ ਜੋ ਮਨੁੱਖ ਇਸ ਜੀਵਨ ਵਿਚ ਮਤਵਾਲਾ ਨਹੀਂ ਬਣਦਾ, ਉਸ ਨੇ ਕਦੇ ਭੀ ਨਹੀਂ ਬਣਨਾ (ਤੇ, ਉਹ ਜੀਵਨ ਅਜਾਈਂ ਗੰਵਾ ਜਾਇਗਾ) ੫।੨।

ਸ਼ਬਦ ਦਾ ਭਾਵ: ਆਤਮਕ ਜੀਵਨ ਵਾਸਤੇ ਕਿਸੇ ਚੁੰਚ-ਗਿਆਨਤਾ ਦੀ ਲੋੜ ਨਹੀਂ ਪੈਂਦੀ। ਅਸਲੀ ਲੋੜ ਇਹ ਹੈ ਕਿ ਮਨੁੱਖ ਆਪਣੇ ਅਸਲੇ ਨੂੰ ਪਛਾਣ ਕੇ ਪਰਮਾਤਮਾ ਦੀ ਭਗਤੀ ਵਿਚ ਰੱਤਾ ਰਹੇ।

ਬਿਲਾਵਲੁ ॥ ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥ ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥ ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥ ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਹ੍ਹਾਰੀ ॥੧॥ ਰਹਾਉ ॥ ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥ ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥ ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥ ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥ ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥ ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥ {ਪੰਨਾ 855-856}

ਪਦਅਰਥ: ਗ੍ਰਿਹੁ = ਘਰ, ਗ੍ਰਿਹਸਤ। ਤਜਿ = ਤਿਆਗ ਕੇ। ਬਨਖੰਡ = ਜੰਗਲਾਂ ਵਿਚ। ਕੰਦਾ = ਗਾਜਰ ਆਦਿਕ ਧਰਤੀ ਵਿਚ ਉੱਗਣ ਵਾਲੀਆਂ ਚੀਜ਼ਾਂ। ਅਜਹੁ = ਅਜੇ ਭੀ, ਫਿਰ ਭੀ।੧।

ਕਿਉ ਛੂਟਉ = ਮੈਂ ਕਿਵੇਂ (ਇਹਨਾਂ ਵਿਕਾਰਾਂ ਤੋਂ) ਬਚ ਸਕਦਾ ਹਾਂ? ਭਵ = ਸੰਸਾਰ। ਜਲ ਨਿਧਿ = ਸਮੁੰਦਰ। ਬੀਠੁਲਾ = ਹੇ ਬੀਠਲ! ਹੇ ਪ੍ਰਭੂ! {Skt. विष्ठल = one that is far away. ਉਹ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਵਿ = ਪਰੇ ਹੈ। ਸਥਲ = ਟਿਕਿਆ ਹੋਇਆ। ਵਿ = ਸਥਲ, ਵਿਸ਼ਠਲ, ਬੀਠਲ = ਜੋ ਮਾਇਆ ਤੋਂ ਦੂਰ ਪਰੇ ਹੈ}ਨੋਟ: ਇਹ ਲਫ਼ਜ਼ ਸਿਰਫ਼ ਨਾਮਦੇਵ ਜੀ ਨੇ ਹੀ ਨਹੀਂ ਵਰਤਿਆ, ਕਬੀਰ ਜੀ ਭੀ ਵਰਤਦੇ ਹਨ ਤੇ ਸਤਿਗੁਰੂ ਜੀ ਨੇ ਭੀ ਕਈ ਥਾਂ ਵਰਤਿਆ ਹੈ। ਇਸ ਦੇ ਅਧਾਰ ਤੇ ਨਾਮਦੇਵ ਜੀ ਨੂੰ ਬੀਠਲ ਦੀ ਕਿਸੇ ਮੂਰਤੀ ਦਾ ਪੁਜਾਰੀ ਸਮਝਣਾ ਭੁੱਲ ਹੈ।੧।ਰਹਾਉ।

ਬਿਖੈ ਬਿਖੈ ਕੀ = ਕਈ ਕਿਸਮਾਂ ਦੇ ਵਿਸ਼ਿਆਂ ਦੀ। ਬਾਸਨਾ = ਵਾਸ਼ਨਾ, ਖਿੱਚ, ਚਸਕਾ। ਲਪਟਾਈ = ਚੰਬੜਦਾ ਹੈ।੨।

ਜਰਾ = ਬੁਢੇਪਾ। ਜੀਵਨ ਜੋਬਨੁ = ਜ਼ਿੰਦਗੀ ਦਾ ਜੋਬਨ, ਜੁਆਨੀ ਦੀ ਉਮਰ। ਨੀਕਾ = ਭਲਾ ਕੰਮ। ਜੀਅਰਾ = ਇਹ ਸੁਹਣੀ ਜਿਹੀ ਜਿੰਦ। ਮੀਕਾ = ਬਰਾਬਰ।੩।

ਮਾਧਵਾ = ਹੇ ਪ੍ਰਭੂ! ਸਮਸਰਿ = ਬਰਾਬਰ। ਮੋਹਿ ਸਮਸਰਿ = ਮੇਰੇ ਵਰਗਾ।੪।

ਅਰਥ: ਜੇ ਗ੍ਰਿਹਸਤ ਤਿਆਗ ਕੇ ਜੰਗਲਾਂ ਵਿਚ ਚਲੇ ਜਾਈਏ, ਤੇ ਗਾਜਰ ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰੀਏ, ਤਾਂ ਭੀ ਇਹ ਪਾਪੀ ਚੰਦਰਾ ਮਨ ਵਿਕਾਰ ਨਹੀਂ ਛੱਡਦਾ।੧।

ਹੇ ਮੇਰੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਸ਼ਰਨ ਆਇਆ ਹਾਂ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾ। ਮੈਂ ਕਿਵੇਂ ਇਹਨਾਂ ਤੋਂ ਖ਼ਲਾਸੀ ਕਰਾਵਾਂ? ਇਹ ਸੰਸਾਰ ਬੜਾ ਵੱਡਾ ਸਮੁੰਦਰ ਹੈ, ਮੈਂ ਕਿਵੇਂ ਇਸ ਤੋਂ ਪਾਰ ਲੰਘਾਂ?੧।ਰਹਾਉ।

ਹੇ ਮੇਰੇ ਬੀਠਲ! ਮੈਥੋਂ ਇਹਨਾਂ ਅਨੇਕਾਂ ਕਿਸਮਾਂ ਦੇ ਵਿਸ਼ਿਆਂ ਦੇ ਚਸਕੇ ਛੱਡੇ ਨਹੀਂ ਜਾ ਸਕਦੇ। ਕਈ ਜਤਨ ਕਰ ਕੇ ਇਸ ਮਨ ਨੂੰ ਰੋਕੀਦਾ ਹੈ, ਪਰ ਇਹ ਮੁੜ ਮੁੜ ਵਿਸ਼ਿਆਂ ਦੀਆਂ ਵਾਸ਼ਨਾਂ ਨੂੰ ਜਾ ਚੰਬੜਦਾ ਹੈ।੨।

ਬੁਢੇਪਾ ਆ ਗਿਆ ਹੈ, ਜੁਆਨੀ ਦੀ ਉਮਰ ਲੰਘ ਗਈ ਹੈ, ਪਰ ਮੈਂ ਹੁਣ ਤਕ ਕੋਈ ਚੰਗਾ ਕੰਮ ਨਹੀਂ ਕੀਤਾ। ਮੇਰੀ ਇਹ ਜਿੰਦ ਅਮੋਲਕ ਸੀ, ਪਰ ਮੈਂ ਇਸ ਨੂੰ ਕੌਡੀ ਦੇ ਬਰਾਬਰ ਕਰ ਦਿੱਤਾ ਹੈ।੩।

ਹੇ ਕਬੀਰ! ਆਪਣੇ ਪ੍ਰਭੂ ਅੱਗੇ ਇਉਂ) ਬੇਨਤੀ ਕਰ-ਹੇ ਪਿਆਰੇ ਪ੍ਰਭੂ! ਤੂੰ ਸਭ ਜੀਆਂ ਵਿਚ ਵਿਆਪਕ ਹੈਂ (ਤੇ ਸਭ ਦੇ ਦਿਲ ਦੀ ਜਾਣਦਾ ਹੈਂ, ਮੇਰਾ ਅੰਦਰਲਾ ਹਾਲ ਭੀ ਤੂੰ ਜਾਣਦਾ ਹੈਂ) ਤੇਰੇ ਜੇਡਾ ਕੋਈ ਦਇਆ ਕਰਨ ਵਾਲਾ ਨਹੀਂ, ਤੇ ਮੇਰੇ ਵਰਗਾ ਕੋਈ ਪਾਪੀ ਨਹੀਂ (ਸੋ, ਮੈਨੂੰ ਤੂੰ ਆਪ ਹੀ ਇਹਨਾਂ ਵਿਕਾਰਾਂ ਤੋਂ ਬਚਾ) ੪।੩।

TOP OF PAGE

Sri Guru Granth Darpan, by Professor Sahib Singh