ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 872

ਗੋਂਡ ॥ ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥ ਆਵਤ ਪਹੀਆ ਖੂਧੇ ਜਾਹਿ ॥ ਵਾ ਕੈ ਅੰਤਰਿ ਨਹੀ ਸੰਤੋਖੁ ॥ ਬਿਨੁ ਸੋਹਾਗਨਿ ਲਾਗੈ ਦੋਖੁ ॥੧॥ ਧਨੁ ਸੋਹਾਗਨਿ ਮਹਾ ਪਵੀਤ ॥ ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ ॥ ਸੋਹਾਗਨਿ ਕਿਰਪਨ ਕੀ ਪੂਤੀ ॥ ਸੇਵਕ ਤਜਿ ਜਗਤ ਸਿਉ ਸੂਤੀ ॥ ਸਾਧੂ ਕੈ ਠਾਢੀ ਦਰਬਾਰਿ ॥ ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥ ਸੋਹਾਗਨਿ ਹੈ ਅਤਿ ਸੁੰਦਰੀ ॥ ਪਗ ਨੇਵਰ ਛਨਕ ਛਨਹਰੀ ॥ ਜਉ ਲਗੁ ਪ੍ਰਾਨ ਤਊ ਲਗੁ ਸੰਗੇ ॥ ਨਾਹਿ ਤ ਚਲੀ ਬੇਗਿ ਉਠਿ ਨੰਗੇ ॥੩॥ ਸੋਹਾਗਨਿ ਭਵਨ ਤ੍ਰੈ ਲੀਆ ॥ ਦਸ ਅਠ ਪੁਰਾਣ ਤੀਰਥ ਰਸ ਕੀਆ ॥ ਬ੍ਰਹਮਾ ਬਿਸਨੁ ਮਹੇਸਰ ਬੇਧੇ ॥ ਬਡੇ ਭੂਪਤਿ ਰਾਜੇ ਹੈ ਛੇਧੇ ॥੪॥ ਸੋਹਾਗਨਿ ਉਰਵਾਰਿ ਨ ਪਾਰਿ ॥ ਪਾਂਚ ਨਾਰਦ ਕੈ ਸੰਗਿ ਬਿਧਵਾਰਿ ॥ ਪਾਂਚ ਨਾਰਦ ਕੇ ਮਿਟਵੇ ਫੂਟੇ ॥ ਕਹੁ ਕਬੀਰ ਗੁਰ ਕਿਰਪਾ ਛੂਟੇ ॥੫॥੫॥੮॥ {ਪੰਨਾ 872}

ਪਦਅਰਥ: ਗ੍ਰਿਹਿ = ਘਰ ਵਿਚ। ਜਾ ਕੈ ਗ੍ਰਿਹਿ = ਜਿਸ ਦੇ ਘਰ ਵਿਚ। ਸੋਭਾ = ਮਾਇਆ। ਰੇ = ਹੇ ਭਾਈ! ਪਹੀਆ = ਰਾਹੀ, ਪਾਂਧੀ, ਅੱਭਿਆਗਤ। ਖੂਧੇ = ਭੁੱਖੇ। ਵਾ ਕੈ ਅੰਤਰਿ = ਉਸ ਗ੍ਰਿਹਸਤੀ ਦੇ ਮਨ ਵਿਚ ਭੀ। ਸੰਤੋਖੁ = ਖ਼ੁਸ਼ੀ, ਧਰਵਾਸ। ਸੋਹਾਗਨਿ = ਇਹ ਸਦਾ ਖਸਮ = ਵਤੀ ਰਹਿਣ ਵਾਲੀ ਮਾਇਆ। ਦੋਖੁ = ਦੋਸ਼, ਐਬ।੧।

ਧਨੁ = ਮੁਬਾਰਿਕ। ਪਵੀਤ = ਪਵਿੱਤਰ।੧।ਰਹਾਉ।

ਕਿਰਪਨ = ਕੰਜੂਸ। ਪੂਤੀ = ਪੁੱਤਰੀ। ਸੇਵਕ ਤਜਿ = ਪ੍ਰਭੂ ਦੇ ਭਗਤਾਂ ਨੂੰ ਛੱਡ ਕੇ।

ਠਾਢੀ = ਖਲੋਤੀ। ਦਰਬਾਰਿ = ਦਰ ਤੇ।੨।

ਪਗ = ਪੈਰਾਂ ਵਿਚ। ਨੇਵਰ = ਝਾਂਜਰਾਂ। ਬੇਗਿ = ਛੇਤੀ।੩।

ਲੀਆ = ਵੱਸ ਕੀਤੇ ਹੋਏ ਹਨ। ਦਸ ਅਠ = ਅਠਾਰਾਂ। ਰਸ = ਪਿਆਰ। ਬੇਧੇ = ਵਿੱਝੇ ਹੋਏ। ਭੂਪਤਿ = ਰਾਜੇ {ਭੂ = ਧਰਤੀ। ਪਤਿ = ਮਾਲਕ}ਛੇਧੇ = ਵਿੰਨ੍ਹੇ ਹੋਏ।੪।

ਉਰਵਾਰਿ = ਉਰਲਾ ਬੰਨਾ। ਪਾਂਚ ਕੈ ਸੰਗਿ = ਪੰਜਾਂ ਦੇ ਨਾਲ। ਨਾਰਦ = {ਬ੍ਰਹਮਾ ਦੇ ਮਨ ਤੋਂ ਜੰਮੇ ਦਸ ਪੁੱਤਰਾਂ ਵਿਚੋਂ ਇਕ ਦਾ ਨਾਮ ਨਾਰਦ ਸੀ। ਦੇਵਤਿਆਂ ਤੇ ਮਨੁੱਖਾਂ ਵਿਚ ਝਗੜੇ ਪੁਆਉਣ ਦਾ ਇਸਨੂੰ ਸ਼ੌਕ ਸੀ} ਗਿਆਨ = ਇੰਦ੍ਰੇ ਜੋ ਮਾਇਆ ਦੇ ਪ੍ਰਭਾਵ ਵਿਚ ਆ ਕੇ ਮਨੁੱਖ ਦੇ ਆਤਮਕ ਜੀਵਨ ਵਿਚ ਗੜਬੜ ਪਾਂਦੇ ਹਨ। ਬਿਧ ਵਾਰਿ = {विध = penatration, ਵਿੰਨ੍ਹਣਾ} ਬਿਧ ਵਾਰੀ, ਵਿੰਨ੍ਹਣ ਵਾਲੀ, ਮਿਲੀ ਹੋਈ। ਮਿਟਵੇ = ਮਿੱਟੀ ਦੇ ਭਾਂਡੇ। ਫੂਟੇ = ਟੁੱਟ ਗਏ।੫।

ਅਰਥ: ਸਦਾ ਖਸਮ-ਵਤੀ ਰਹਿਣ ਵਾਲੀ ਮਾਇਆ ਧੰਨ ਹੈ, (ਇਹ ਮਾੜੀ ਨਹੀਂ) ਬੜੀ ਪਵਿੱਤਰ ਹੈ, (ਇਸ ਤੋਂ ਬਿਨਾ) ਵੱਡੇ ਵੱਡੇ ਤਪੀਆਂ ਦੇ ਮਨ (ਭੀ) ਡੋਲ ਜਾਂਦੇ ਹਨ (ਭਾਵ, ਜੇ ਸਰੀਰ ਦੇ ਨਿਰਬਾਹ ਲਈ ਮਾਇਆ ਨਾਹ ਮਿਲੇ ਤਾਂ ਤਪੀ ਭੀ ਘਾਬਰ ਜਾਂਦੇ ਹਨ) ੧।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਘਰ ਵਿਚ (ਘਰ ਦੀ ਸੁਹੱਪਣ) ਮਾਇਆ ਨਹੀਂ ਹੈ, ਉਸ ਘਰ ਆਏ ਪਾਂਧੀ ਭੁੱਖੇ ਚਲੇ ਜਾਂਦੇ ਹਨ, ਉਸ ਘਰ ਦੇ ਮਾਲਕ ਦੇ ਹਿਰਦੇ ਵਿਚ ਭੀ ਧਰਵਾਸ ਨਹੀਂ ਬਣਦਾ। ਸੋ, ਮਾਇਆ ਤੋਂ ਬਿਨਾ ਗ੍ਰਿਹਸਤ ਉੱਤੇ ਗਿਲਾ ਆਉਂਦਾ ਹੈ।੧।

ਪਰ ਇਹ ਮਾਇਆ ਸ਼ੂਮਾਂ ਦੀ ਧੀ ਬਣ ਕੇ ਰਹਿੰਦੀ ਹੈ, (ਭਾਵ, ਸ਼ੂਮ ਇਕੱਠੀ ਹੀ ਕਰੀ ਜਾਂਦਾ ਹੈ, ਵਰਤਦਾ ਨਹੀਂ) ਪ੍ਰਭੂ ਦੇ ਸੇਵਕਾਂ ਤੋਂ ਬਿਨਾ ਹੋਰ ਸਭ ਨੂੰ ਇਸ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਭਗਤ-ਜਨ ਦੇ ਦਰ ਤੇ ਖਲੋਤੀ (ਪੁਕਾਰਦੀ ਹੈ ਕਿ) ਮੈਂ ਤੇਰੀ ਸ਼ਰਨ ਆਈ ਹਾਂ, ਮੈਨੂੰ ਬਚਾ ਲੈ।੨।

ਮਾਇਆ ਬੜੀ ਸੁਹਣੀ ਹੈ। ਇਸ ਦੇ ਪੈਰੀਂ, ਮਾਨੋ, ਝਾਂਜਰਾਂ ਛਣ-ਛਣ ਕਰ ਰਹੀਆਂ ਹਨ। (ਉਂਞ) ਜਦ ਤਕ ਮਨੁੱਖ ਦੇ ਅੰਦਰ ਜਿੰਦ ਹੈ ਤਦ ਤਕ ਹੀ ਇਹ ਨਾਲ ਰਹਿੰਦੀ ਹੈ ਨਹੀਂ ਤਾਂ (ਭਾਵ, ਜਿੰਦ ਨਿਕਲਦਿਆਂ ਹੀ) ਇਹ ਭੀ ਨੰਗੀ ਪੈਰੀਂ ਉੱਠ ਭੱਜਦੀ ਹੈ (ਭਾਵ, ਉਸੇ ਵੇਲੇ ਸਾਥ ਛੱਡ ਜਾਂਦੀ ਹੈ) ੩।

ਇਸ ਮਾਇਆ ਨੇ ਸਾਰੇ ਜਗਤ ਦੇ ਜੀਵਾਂ ਨੂੰ ਵੱਸ ਕੀਤਾ ਹੋਇਆ ਹੈ, ਅਠਾਰਾਂ ਪੁਰਾਨ ਪੜ੍ਹਨ ਵਾਲੇ ਤੇ ਤੀਰਥਾਂ ਉੱਤੇ ਜਾਣ ਵਾਲਿਆਂ ਨੂੰ ਭੀ ਮੋਹ ਲਿਆ ਹੈ, ਬ੍ਰਹਮਾ, ਵਿਸ਼ਨੂ ਤੇ ਸ਼ਿਵ (ਵਰਗੇ ਦੇਵਤੇ) ਇਸ ਨੇ ਵਿੰਨ੍ਹ ਰੱਖੇ ਹਨ, ਸਭ ਰਾਜੇ ਰਾਣੇ ਭੀ ਇਸ ਨੇ ਨਕੇਲੇ ਹੋਏ ਹਨ।੪।

ਇਹ ਮਾਇਆ ਵੱਡੇ ਪਸਾਰੇ ਵਾਲੀ ਹੈ, ਇਸ ਦਾ ਅੰਤ ਨਹੀਂ ਪੈ ਸਕਦਾ; ਪੰਜਾਂ ਹੀ ਗਿਆਨ-ਇੰਦ੍ਰਿਆਂ ਨਾਲ ਰਲੀ-ਮਿਲੀ ਰਹਿੰਦੀ ਹੈ। ਪਰ, ਹੇ ਕਬੀਰ! ਤੂੰ ਆਖ-ਮੈਂ ਸਤਿਗੁਰੂ ਦੀ ਕਿਰਪਾ ਨਾਲ ਇਸ (ਦੀ ਮਾਰ) ਤੋਂ ਬਚ ਗਿਆ ਹਾਂ, ਕਿਉਂਕਿ ਮੇਰੇ ਪੰਜੇ ਹੀ ਇੰਦ੍ਰਿਆਂ ਦੇ ਭਾਂਡੇ ਭੱਜ ਗਏ ਹਨ (ਭਾਵ, ਗਿਆਨ-ਇੰਦ੍ਰਿਆਂ ਉੱਤੇ ਇਸ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ) ੫।੫।੮।

ਗੋਂਡ ॥ ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ ॥ ਨਾਮ ਬਿਨਾ ਕੈਸੇ ਪਾਰਿ ਉਤਰੈ ॥ ਕੁੰਭ ਬਿਨਾ ਜਲੁ ਨਾ ਟੀਕਾਵੈ ॥ ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥ ਜਾਰਉ ਤਿਸੈ ਜੁ ਰਾਮੁ ਨ ਚੇਤੈ ॥ ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ ॥ ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ ॥ ਸੂਤ ਬਿਨਾ ਕੈਸੇ ਮਣੀ ਪਰੋਈਐ ॥ ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥ ਸਾਧੂ ਬਿਨੁ ਤੈਸੇ ਅਬਗਤੁ ਜਾਈਐ ॥੨॥ ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥ ਬਿੰਬ ਬਿਨਾ ਕੈਸੇ ਕਪਰੇ ਧੋਈ ॥ ਘੋਰ ਬਿਨਾ ਕੈਸੇ ਅਸਵਾਰ ॥ ਸਾਧੂ ਬਿਨੁ ਨਾਹੀ ਦਰਵਾਰ ॥੩॥ ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ ॥ ਖਸਮਿ ਦੁਹਾਗਨਿ ਤਜਿ ਅਉਹੇਰੀ ॥ ਕਹੈ ਕਬੀਰੁ ਏਕੈ ਕਰਿ ਕਰਨਾ ॥ ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥੬॥੯॥ {ਪੰਨਾ 872}

ਪਦਅਰਥ: ਮੰਦਰ = ਘਰ। ਬਲਹਰ = ਵਲਾ, ਸ਼ਤੀਰ। ਠਾਹਰੈ = ਟਿਕਦਾ। ਕੁੰਭ = ਘੜਾ। ਸਾਧੂ = ਗੁਰੂ। ਅਬਗਤੁ = ਅਵਗਤਾ ਗਤੀ ਤੋਂ ਬਿਨਾ, ਮੁਕਤੀ ਤੋਂ ਬਿਨਾ, ਭੈੜੇ ਹਾਲ ਹੀ।੧।

ਜਾਰਉ = ਮੈਂ ਸਾੜ ਦਿਆਂ। ਤਿਸੈ = ਉਸ (ਨਾਮ ਨੂੰ) ਤਨ ਮਨ = ਤਨੋਂ ਮਨੋਂ, ਪੂਰਨ ਤੌਰ ਤੇ। ਰਮਤ ਰਹੈ– ਮਾਣਦਾ ਰਹੇ। ਮਹਿ ਖੇਤੈ = ਖੇਤੈ ਮਹਿ, ਸਰੀਰ ਵਿਚ ਹੀ, ਸਰੀਰਕ ਭੋਗਾਂ ਵਿਚ ਹੀ।੧।ਰਹਾਉ।

ਹਲਹਰ = ਹਲਧਰ, ਕਿਸਾਨ। ਜਿਮੀ = ਭੋਇਂ, ਜ਼ਮੀਨ। ਮਣੀ = ਮਣਕੇ। ਗੰਠਿ = ਗੰਢ।੨।

ਬਿੰਬ = ਪਾਣੀ। ਘੋਰ = ਘੋੜਾ। ਦਰਵਾਰ = ਪ੍ਰਭੂ ਦਾ ਦਰ।੩।

ਨਹੀ ਲੀਜੈ ਫੇਰੀ = ਨਾਚ ਨਹੀਂ ਹੋ ਸਕਦਾ। ਖਸਮਿ = ਖਸਮ ਨੇ। ਅਉਹੇਰੀ = {Skt. अवहेलित Disregarded, rejected ਦੁਰਕਾਰ ਦਿੱਤੀ। ਕਰਨਾ = ਕਰਨ = ਜੋਗ ਕੰਮ। ਬਹੁਰਿ = ਮੁੜ, ਫਿਰ।੪।

ਅਰਥ: ਮੈਂ ਉਸ (ਮਨ) ਨੂੰ ਸਾੜ ਦਿਆਂ ਜੋ ਪ੍ਰਭੂ ਨੂੰ ਨਹੀਂ ਸਿਮਰਦਾ ਤੇ ਸਦਾ ਸਰੀਰਕ ਭੋਗਾਂ ਵਿਚ ਹੀ ਖਚਿਤ ਰਹਿੰਦਾ ਹੈ।੧।ਰਹਾਉ।

ਜਿਵੇਂ ਘਰ ਵਿਚ ਸ਼ਤੀਰ ਹੈ (ਸ਼ਤੀਰ ਤੋਂ ਬਿਨਾ ਘਰ ਦਾ ਛੱਤ) ਨਹੀਂ ਠਹਿਰ ਸਕਦਾ, ਇਸੇ ਤਰ੍ਹਾਂ ਪ੍ਰਭੂ ਤੇ ਨਾਮ ਤੋਂ ਬਿਨਾ (ਮਨੁੱਖ ਦਾ ਮਨ ਸੰਸਾਰ-ਸਮੁੰਦਰ ਦੇ ਘੁੰਮਣ-ਘੇਰਾਂ ਵਿਚੋਂ) ਪਾਰ ਨਹੀਂ ਲੰਘ ਸਕਦਾ। ਜਿਵੇਂ ਘੜੇ ਤੋਂ ਬਿਨਾ ਪਾਣੀ ਨਹੀਂ ਟਿਕ ਸਕਦਾ, ਤਿਵੇਂ ਗੁਰੂ ਤੋਂ ਬਿਨਾ (ਮਨੁੱਖ ਦਾ ਮਨ ਨਹੀਂ ਟਿਕਦਾ ਤੇ ਮਨੁੱਖ ਦੁਨੀਆ ਤੋਂ) ਭੈੜੇ ਹਾਲ ਹੀ ਜਾਂਦਾ ਹੈ।੧।

ਜਿਵੇਂ ਕਿਸਾਨ ਤੋਂ ਬਿਨਾ ਜ਼ਮੀਨ ਨਹੀਂ ਬੀਜੀ ਜਾ ਸਕਦੀ, ਸੂਤਰ ਤੋਂ ਬਿਨਾ ਮਣਕੇ ਪਰੋਏ ਨਹੀਂ ਜਾ ਸਕਦੇ, ਘੁੰਡੀ ਤੋਂ ਬਿਨਾ ਗੰਢ ਨਹੀਂ ਪਾਈ ਜਾ ਸਕਦੀ; ਤਿਵੇਂ ਹੀ ਗੁਰੂ ਦੀ ਸ਼ਰਨ ਤੋਂ ਬਿਨਾ ਮਨੁੱਖ ਭੈੜੇ ਹਾਲ ਹੀ ਜਾਂਦਾ ਹੈ।੨।

ਜਿਵੇਂ ਮਾਂ ਪਿਉ (ਦੇ ਮੇਲ) ਤੋਂ ਬਿਨਾ ਬਾਲ ਨਹੀਂ ਜੰਮਦਾ, ਪਾਣੀ ਤੋਂ ਬਿਨਾ ਕੱਪੜੇ ਨਹੀਂ ਧੁਪਦੇ, ਘੋੜੇ ਤੋਂ ਬਿਨਾ ਮਨੁੱਖ ਅਸਵਾਰ ਨਹੀਂ ਅਖਵਾ ਸਕਦਾ, ਤਿਵੇਂ ਗੁਰੂ ਤੋਂ ਬਿਨਾ ਪ੍ਰਭੂ ਦੇ ਦਰ ਦੀ ਪ੍ਰਾਪਤੀ ਨਹੀਂ ਹੁੰਦੀ।੩।

ਸਾਜ਼ਾਂ ਤੋਂ ਬਿਨਾ ਜਿਵੇਂ ਨਾਚ ਨਹੀਂ ਹੋ ਸਕਦਾ (ਤਿਵੇਂ ਖਸਮ ਤੋਂ ਬਿਨਾ ਇਸਤ੍ਰੀ ਸੁਹਾਗਣ ਨਹੀਂ ਹੋ ਸਕਦੀ) ਦੁਹਾਗਣ (ਭੈੜੇ ਸੁਭਾਉ ਵਾਲੀ ਇਸਤ੍ਰੀ) ਨੂੰ ਖਸਮ ਨੇ ਤਿਆਗ ਕੇ ਸਦਾ ਦੁਰਕਾਰ ਹੀ ਦਿੱਤਾ ਹੁੰਦਾ ਹੈ।

ਕਬੀਰ ਆਖਦਾ ਹੈ-ਇੱਕੋ ਹੀ ਕਰਨ-ਜੋਗ ਕੰਮ ਕਰ, ਗੁਰੂ ਦੇ ਸਨਮੁਖ ਹੋ (ਤੇ ਨਾਮ ਸਿਮਰ) ਫਿਰ ਫਿਰ ਜੰਮਣਾ-ਮਰਨਾ ਨਹੀਂ ਪਏਗਾ।੪।੬।੯।

ਗੋਂਡ ॥ ਕੂਟਨੁ ਸੋਇ ਜੁ ਮਨ ਕਉ ਕੂਟੈ ॥ ਮਨ ਕੂਟੈ ਤਉ ਜਮ ਤੇ ਛੂਟੈ ॥ ਕੁਟਿ ਕੁਟਿ ਮਨੁ ਕਸਵਟੀ ਲਾਵੈ ॥ ਸੋ ਕੂਟਨੁ ਮੁਕਤਿ ਬਹੁ ਪਾਵੈ ॥੧॥ ਕੂਟਨੁ ਕਿਸੈ ਕਹਹੁ ਸੰਸਾਰ ॥ ਸਗਲ ਬੋਲਨ ਕੇ ਮਾਹਿ ਬੀਚਾਰ ॥੧॥ ਰਹਾਉ ॥ਨਾਚਨੁ ਸੋਇ ਜੁ ਮਨ ਸਿਉ ਨਾਚੈ ॥ ਝੂਠਿ ਨ ਪਤੀਐ ਪਰਚੈ ਸਾਚੈ ॥ ਇਸੁ ਮਨ ਆਗੇ ਪੂਰੈ ਤਾਲ ॥ ਇਸੁ ਨਾਚਨ ਕੇ ਮਨ ਰਖਵਾਲ ॥੨॥ ਬਜਾਰੀ ਸੋ ਜੁ ਬਜਾਰਹਿ ਸੋਧੈ ॥ ਪਾਂਚ ਪਲੀਤਹ ਕਉ ਪਰਬੋਧੈ ॥ ਨਉ ਨਾਇਕ ਕੀ ਭਗਤਿ ਪਛਾਨੈ ॥ ਸੋ ਬਾਜਾਰੀ ਹਮ ਗੁਰ ਮਾਨੇ ॥੩॥ ਤਸਕਰੁ ਸੋਇ ਜਿ ਤਾਤਿ ਨ ਕਰੈ ॥ ਇੰਦ੍ਰੀ ਕੈ ਜਤਨਿ ਨਾਮੁ ਉਚਰੈ ॥ ਕਹੁ ਕਬੀਰ ਹਮ ਐਸੇ ਲਖਨ ॥ ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥੪॥੭॥੧੦॥ {ਪੰਨਾ 872}

ਪਦਅਰਥ: ਕੂਟਨੁ = {Skt. ਕੂਟ=ਕੂੜ, ਠੱਗੀ, ਫ਼ਰੇਬ} ਠੱਗ, ਫ਼ਰੇਬੀ, ਦੱਲਾ; (੨) ਕੁੱਟਣ ਵਾਲਾ। ਛੂਟੈ = ਬਚ ਜਾਂਦਾ ਹੈ। ਕਸਵਟੀ ਲਾਵੈ = ਪਰਖਦਾ ਰਹੇ, ਪੜਤਾਲ ਕਰਦਾ ਰਹੇ।੧।

ਸੰਸਾਰ = ਹੇ ਸੰਸਾਰ! ਹੇ ਲੋਕੋ! ਬੀਚਾਰ = ਅਰਥ, ਭਾਵ, ਵੱਖੋ = ਵੱਖ ਭਾਵ।੧।ਰਹਾਉ।

ਨਾਚਨੁ = {Skt. नर्तक A dancer.} ਕੰਜਰ। ਮਨ ਸਿਉ = ਮਨ ਦੀ ਰਾਹੀਂ; ਮਨ ਨਾਲ। ਝੂਠਿ = ਝੂਠ ਵਿਚ। ਪਤੀਐ = ਪਰਚੈ, ਪਰਚਦਾ, ਪਤੀਜਦਾ। ਪੂਰੈ ਤਾਲ = ਤਾਲ ਪੂਰਦਾ ਹੈ, ਨੱਚਣ ਵਿਚ ਸਹਾਇਤਾ ਕਰਨ ਲਈ ਤਾਲ ਦੇਂਦਾ ਹੈ, ਮਨ ਨੂੰ ਆਤਮਕ ਉਮਾਹ ਵਿਚ ਲਿਆਉਣ ਦੇ ਜਤਨ ਕਰਦਾ ਹੈ। ਮਨ = ਮਨ ਦਾ।੨।

ਬਜਾਰੀ = ਬਜ਼ਾਰਾਂ ਵਿਚ ਫਿਰਨ ਵਾਲਾ, ਮਸ਼ਕਰਾ। ਬਜਾਰਹਿ = ਸਰੀਰ = ਰੂਪ ਬਜ਼ਾਰ ਨੂੰ। ਪਾਂਚ ਪਲੀਤਾ = ਪੰਜ ਅਪਵਿੱਤਰ ਹੋਏ ਇੰਦ੍ਰਿਆਂ ਨੂੰ। ਪਰਬੋਧੈ = ਜਗਾਉਂਦਾ ਹੈ। ਨਉ ਨਾਇਕ = ਨੌ ਖੰਡ ਪ੍ਰਿਥਵੀ ਦੇ ਮਾਲਕ। ਹਮ = ਅਸੀਂ, ਮੈਂ।੩।

ਤਸਕਰੁ = ਚੋਰ। ਤਾਤਿ = ਈਰਖਾ। ਇੰਦ੍ਰੀ ਕੈ ਜਤਨਿ = ਇੰਦ੍ਰੀ ਨੂੰ ਵੱਸ ਕਰਨ ਦੇ ਜਤਨ ਨਾਲ, ਇੰਦ੍ਰੀ ਨੂੰ ਵੱਸ ਕਰ ਕੇ। ਬਿਚਖਨ = ਸਿਆਣਾ।੪।

ਅਰਥ: ਹੇ ਜਗਤ ਦੇ ਲੋਕੋ! ਤੁਸੀ 'ਕੂਟਨ' ਕਿਸ ਨੂੰ ਆਖਦੇ ਹੋ? ਸਭ ਲਫ਼ਜ਼ਾਂ ਦੇ ਵਖੋ-ਵਖ ਭਾਵ ਹੋ ਸਕਦੇ ਹਨ।੧।ਰਹਾਉ।

(ਤੁਸੀ 'ਕੂਟਨ' ਠੱਗ ਨੂੰ ਆਖਦੇ ਹੋ, ਪਰ) ਕੂਟਨ ਉਹ ਭੀ ਹੈ ਜੋ ਆਪਣੇ ਮਨ ਨੂੰ ਮਾਰਦਾ ਹੈ ਤੇ ਜੋ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਜਮਾਂ ਤੋਂ ਬਚ ਜਾਂਦਾ ਹੈ। ਜੋ ਮਨੁੱਖ ਮੁੜ ਮੁੜ ਮਨ ਨੂੰ ਮਾਰ ਕੇ (ਫਿਰ ਉਸ ਦੀ) ਜਾਂਚ-ਪੜਤਾਲ ਕਰਦਾ ਰਹਿੰਦਾ ਹੈ, ਉਹ (ਆਪਣੇ ਮਨ ਨੂੰ ਕੁੱਟਣ ਵਾਲਾ) 'ਕੂਟਨ' ਮੁਕਤੀ ਹਾਸਲ ਕਰ ਲੈਂਦਾ ਹੈ।੧।

(ਤੁਸੀ 'ਨਾਚਨ' ਕੰਜਰ ਨੂੰ ਆਖਦੇ ਹੋ, ਪਰ ਸਾਡੇ ਖ਼ਿਆਲ ਅਨੁਸਾਰ) 'ਨਾਚਨ' ਉਹ ਹੈ ਜੋ (ਸਰੀਰ ਨਾਲ ਨਹੀਂ) ਮਨ ਨਾਲ ਨੱਚਦਾ ਹੈ, ਝੂਠ ਵਿਚ ਨਹੀਂ ਪਰਚਦਾ, ਸੱਚ ਨਾਲ ਪਤੀਜਦਾ ਹੈ, ਮਨ ਨੂੰ ਆਤਮਕ ਉਮਾਹ ਵਿਚ ਲਿਆਉਣ ਦੇ ਜਤਨ ਕਰਦਾ ਹੈ। ਅਜਿਹੇ 'ਨਾਚਨ' ਦੇ ਮਨ ਦਾ ਰਾਖਾ (ਪ੍ਰਭੂ ਆਪ ਬਣਦਾ ਹੈ) ੨।

(ਤੁਸੀ 'ਬਜਾਰੀ' ਮਸ਼ਕਰੇ ਨੂੰ ਆਖਦੇ ਹੋ, ਪਰ) 'ਬਜਾਰੀ' ਉਹ ਹੈ ਜੋ ਆਪਣੇ ਸਰੀਰ-ਰੂਪ ਬਜ਼ਾਰ ਨੂੰ ਪੜਤਾਲਦਾ ਹੈ, ਪੰਜਾਂ ਹੀ ਵਿਗੜੇ ਹੋਏ ਗਿਆਨ-ਇੰਦ੍ਰਿਆਂ ਨੂੰ ਜਗਾਉਂਦਾ ਹੈ, ਨੌ ਖੰਡ ਧਰਤੀ ਦੇ ਮਾਲਕ-ਪ੍ਰਭੂ ਦੀ ਬੰਦਗੀ ਕਰਨ ਦੀ ਜਾਚ ਸਿੱਖਦਾ ਹੈ। ਅਸੀ ਅਜਿਹੇ 'ਬਜਾਰੀ' ਨੂੰ ਵੱਡਾ (ਸ੍ਰੇਸ਼ਟ) ਮਨੁੱਖ ਮੰਨਦੇ ਹਾਂ।੩।

(ਤੁਸੀ 'ਤਸਕਰ' ਚੋਰ ਨੂੰ ਆਖਦੇ ਹੋ, ਪਰ) 'ਤਸਕਰ' ਉਹ ਹੈ ਜੋ ਤਾਤਿ (ਈਰਖਾ ਨੂੰ ਆਪਣੇ ਮਨ ਵਿਚੋਂ ਚੁਰਾ ਲੈ ਜਾਂਦਾ ਹੈ) ਨਹੀਂ ਕਰਦਾ, ਜੋ ਇੰਦ੍ਰਿਆਂ ਨੂੰ ਵੱਸ ਵਿਚ ਕਰ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ। ਹੇ ਕਬੀਰ! ਜਿਸ ਦੀ ਬਰਕਤ ਨਾਲ ਮੈਂ ਇਹ ਲੱਛਣ (ਗੁਣ) ਪ੍ਰਾਪਤ ਕੀਤੇ ਹਨ, ਮੇਰਾ ਉਹ ਗੁਰੂ, ਸੁਹਣਾ ਸਿਆਣਾ ਤੇ ਧੰਨਤਾ-ਜੋਗ ਹੈ।

ਨੋਟ: ਇਹ ਕੁਦਰਤੀ ਗੱਲ ਸੀ ਕਿ ਉੱਚੀ ਜਾਤ ਵਾਲੇ ਲੋਕ ਕਬੀਰ ਜੀ ਤੋਂ ਨਫ਼ਰਤ ਕਰਨ ਤੇ ਉਹਨਾਂ ਨੂੰ ਕੋਝੇ ਨਾਵਾਂ ਨਾਲ ਯਾਦ ਕਰਨ। ਪਰ ਕਬੀਰ ਜੀ ਉੱਤੇ ਕਿਸੇ ਦੀ ਈਰਖਾ ਦਾ ਅਸਰ ਨਹੀਂ ਹੁੰਦਾ।

TOP OF PAGE

Sri Guru Granth Darpan, by Professor Sahib Singh