ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 879

ਰਾਮਕਲੀ ਮਹਲਾ ੧ ॥ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥ ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥੧॥ ਐਸਾ ਗਿਆਨੁ ਬੀਚਾਰੈ ਕੋਈ ॥ ਤਿਸ ਤੇ ਮੁਕਤਿ ਪਰਮ ਗਤਿ ਹੋਈ ॥੧॥ ਰਹਾਉ ॥ ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥ ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥੨॥ ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥੩॥ ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ ॥ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥੪॥੯॥ {ਪੰਨਾ 878-879}

ਪਦਅਰਥ: ਸਾਗਰੁ = ਸਮੁੰਦਰ। ਸਾਗਰ ਮਹਿ = ਸਮੁੰਦਰ ਵਿਚ {ਨੋਟ:ਲਫ਼ਜ਼ 'ਸਾਗਰੁ' ਅਤੇ 'ਸਾਗਰ' ਦੇ ਜੋੜਾਂ ਦਾ ਫ਼ਰਕ ਵੇਖੋ। ਕਿਉਂ ਹੈ ਇਹ ਫ਼ਰਕ?}ਕਵਣੁ = ਕੋਈ ਵਿਰਲਾ। ਉਤਭੁਜ ਚਲਤ = ਉਤਭੁਜ (ਆਦਿਕ ਚਾਰ ਖਾਣੀਆਂ ਦੀ ਰਾਹੀਂ ਉਤਪੱਤੀ) ਦਾ ਤਮਾਸ਼ਾ। ਕਰਿ = ਕਰ ਕੇ, ਬਣਾ ਕੇ। ਚੀਨੈ = ਪਛਾਣਦਾ ਹੈ। ਆਪੇ = (ਪ੍ਰਭੂ) ਆਪ ਹੀ। ਤਤੁ = ਅਸਲੀਅਤ।੧।

ਕੋਈ = ਕੋਈ ਵਿਰਲਾ। ਗਿਆਨੁ = ਆਤਮਕ ਜੀਵਨ ਦੀ ਸਮਝ। ਤਿਸ ਤੇ = ਉਸ ਤੋਂ, ਉਸ ਪਰਮਾਤਮਾ ਤੋਂ, ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਹੋਈ = ਹੋ ਜਾਂਦੀ ਹੈ।੧।ਰਹਾਉ।

ਰੈਣਿ = ਰਾਤ। ਦਿਨੀਅਰੁ = ਦਿਨ = ਕਰ, ਸੂਰਜ। ਉਸਨ = ਗਰਮੀ। ਸੀਤ = ਠੰਢ। ਬਿਧਿ = ਜੁਗਤਿ। ਤਾ ਕੀ = ਉਸ (ਪਰਮਾਤਮਾ) ਦੀ। ਗਤਿ = ਹਾਲਤ। ਮਿਤਿ = ਮਾਪ, ਮਰਯਾਦਾ। ਤਾ ਕੀ ਗਤਿ ਮਿਤਿ = ਉਹ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ।੨।

ਬ੍ਰਹਮ ਗਿਆਨੀ = ਹੇ ਬ੍ਰਹਮ ਦੇ ਗਿਆਨ ਵਾਲੇ! ਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ! ਧੁਨਿ = ਸਿਫ਼ਤਿ-ਸਾਲਾਹ ਦਾ ਸ਼ਬਦ। ਧਿਆਨੁ = ਸੁਰਤਿ। ਅਕਥ ਕਹਾਨੀ = ਅਕੱਥ ਦੀ ਕਹਾਣੀ, ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ। ਗੁਰਮੁਖਿ = ਗੁਰੂ ਦੀ ਰਾਹੀਂ।੩।

ਪੰਚ = ਪੰਜੇ ਗਿਆਨ ਇੰਦ੍ਰੇ। ਗੁਰ ਭਾਈ = ਇਕੋ ਗੁਰੂ ਵਾਲੇ। ਮਿਲੇ = ਇਕੱਠੇ ਹੋ ਗਏ, ਇੱਕ ਥਾਂ ਟਿਕ ਗਏ, ਭਟਕਣੋਂ ਹਟ ਗਏ। ਤਿਨ ਕੈ = ਉਹਨਾਂ ਤੋਂ। ਸਦ = ਸਦਾ। ਏਕ ਸਬਦਿ = ਇੱਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ।੪।

ਅਰਥ: (ਜਿਵੇਂ) ਸਮੁੰਦਰ ਵਿਚ ਬੂੰਦਾਂ ਹਨ (ਜਿਵੇਂ) ਬੂੰਦਾਂ ਵਿਚ ਸਮੁੰਦਰ ਵਿਆਪਕ ਹੈ (ਤਿਵੇਂ ਸਾਰੇ ਜੀਅ ਜੰਤ ਪਰਮਾਤਮਾ ਵਿਚ ਜੀਊਂਦੇ ਹਨ ਅਤੇ ਸਾਰੇ ਜੀਵਾਂ ਵਿਚ ਪਰਮਾਤਮਾ ਵਿਆਪਕ ਹੈ) ਉਤਭੁਜ (ਆਦਿਕ ਚਾਰ ਖਾਣੀਆਂ ਦੀ ਰਾਹੀਂ ਉਤਪੱਤੀ) ਦਾ ਤਮਾਸ਼ਾ ਰਚ ਕੇ ਪ੍ਰਭੂ ਆਪ ਹੀ ਵੇਖ ਰਿਹਾ ਹੈ, ਤੇ ਆਪ ਹੀ ਇਸ ਅਸਲੀਅਤ ਨੂੰ ਸਮਝਦਾ ਹੈ-ਕੋਈ ਵਿਰਲਾ ਮਨੁੱਖ ਇਸ ਭੇਤ ਨੂੰ ਬੁੱਝਦਾ ਹੈ ਤੇ ਵਿਓਂਤ ਨੂੰ ਸਮਝਦਾ ਹੈ।੧।

ਉਸ (ਸਰਬ-ਸਿਰਜਣਹਾਰ ਤੇ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ) ਦੀ ਬਰਕਤਿ ਨਾਲ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਹੁੰਦੀ ਹੈ ਤੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਹੁੰਦੀ ਹੈ-ਅਜੇਹਾ ਗਿਆਨ ਕੋਈ ਵਿਰਲਾ (ਗੁਰਮੁਖਿ) ਵਿਚਾਰਦਾ ਹੈ।੧।ਰਹਾਉ।

ਦਿਨ (ਦੇ ਚਾਨਣ) ਵਿਚ ਰਾਤ (ਦਾ ਹਨੇਰਾ) ਲੀਨ ਹੋ ਜਾਂਦਾ ਹੈ, ਰਾਤ (ਦੇ ਹਨੇਰੇ) ਵਿਚ ਸੂਰਜ (ਦਾ ਚਾਨਣ) ਮੁੱਕ ਜਾਂਦਾ ਹੈ। ਇਹੀ ਹਾਲਤ ਹੈ ਗਰਮੀ ਦੀ ਤੇ ਠੰਢ ਦੀ (ਕਦੇ ਗਰਮੀ ਹੈ ਕਦੇ ਠੰਢ, ਕਿਤੇ ਗਰਮੀ ਹੈ ਕਿਤੇ ਠੰਢ) -(ਇਹ ਸਾਰੀ ਖੇਡ ਉਸ ਪਰਮਾਤਮਾ ਦੀ ਕੁਦਰਤਿ ਦੀ ਹੈ) ਉਹ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਨਹੀਂ ਜਾਣਦਾ। ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ (ਕਿ ਅਕਾਲ ਪੁਰਖ ਬੇਅੰਤ ਹੈ ਤੇ ਅਕੱਥ ਹੈ) ੨।

ਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ! ਵੇਖ ਅਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤ੍ਰੀਆਂ ਪੈਦਾ ਹੁੰਦੀਆਂ ਹਨ ਤੇ ਇਸਤ੍ਰੀਆਂ ਤੋਂ ਮਨੁੱਖ ਜੰਮਦੇ ਹਨ। ਪਰਮਾਤਮਾ ਦੀ ਕੁਦਰਤਿ ਦੀ ਕਹਾਣੀ ਬਿਆਨ ਨਹੀਂ ਹੋ ਸਕਦੀ। ਪਰ ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਆਪਣੀ ਸੁਰਤਿ ਜੋੜਦਾ ਹੈ ਤੇ ਉਸ ਸੁਰਤਿ ਵਿਚੋਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ।੩।

ਹੇ ਨਾਨਕ! ਆਖ-) ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਸੁਰਤਿ ਜੋੜੀ ਹੈ। ਉਹਨਾਂ ਦੇ ਮਨ ਵਿਚ ਅਕਾਲ ਪੁਰਖ ਦੀ ਜੋਤਿ ਪਰਗਟ ਹੋ ਜਾਂਦੀ ਹੈ, ਪਰਮਾਤਮਾ ਦੀ ਯਾਦ ਵਿਚ ਉਹਨਾਂ ਦਾ ਮਨ ਸਦਾ ਲੀਨ ਰਹਿੰਦਾ ਹੈ, ਉਹਨਾਂ ਦੇ ਪੰਜੇ ਗਿਆਨ-ਇੰਦ੍ਰੇ ਇਕੋ ਇਸ਼ਟ ਵਾਲੇ ਹੋ ਕੇ ਭਟਕਣੋਂ ਹਟ ਜਾਂਦੇ ਹਨ।੪।੯।

ਰਾਮਕਲੀ ਮਹਲਾ ੧ ॥ ਜਾ ਹਰਿ ਪ੍ਰਭਿ ਕਿਰਪਾ ਧਾਰੀ ॥ ਤਾ ਹਉਮੈ ਵਿਚਹੁ ਮਾਰੀ ॥ ਸੋ ਸੇਵਕਿ ਰਾਮ ਪਿਆਰੀ ॥ ਜੋ ਗੁਰ ਸਬਦੀ ਬੀਚਾਰੀ ॥੧॥ ਸੋ ਹਰਿ ਜਨੁ ਹਰਿ ਪ੍ਰਭ ਭਾਵੈ ॥ ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ ॥੧॥ ਰਹਾਉ ॥ ਧੁਨਿ ਵਾਜੇ ਅਨਹਦ ਘੋਰਾ ॥ ਮਨੁ ਮਾਨਿਆ ਹਰਿ ਰਸਿ ਮੋਰਾ ॥ ਗੁਰ ਪੂਰੈ ਸਚੁ ਸਮਾਇਆ ॥ ਗੁਰੁ ਆਦਿ ਪੁਰਖੁ ਹਰਿ ਪਾਇਆ ॥੨॥ ਸਭਿ ਨਾਦ ਬੇਦ ਗੁਰਬਾਣੀ ॥ ਮਨੁ ਰਾਤਾ ਸਾਰਿਗਪਾਣੀ ॥ ਤਹ ਤੀਰਥ ਵਰਤ ਤਪ ਸਾਰੇ ॥ ਗੁਰ ਮਿਲਿਆ ਹਰਿ ਨਿਸਤਾਰੇ ॥੩॥ ਜਹ ਆਪੁ ਗਇਆ ਭਉ ਭਾਗਾ ॥ ਗੁਰ ਚਰਣੀ ਸੇਵਕੁ ਲਾਗਾ ॥ ਗੁਰਿ ਸਤਿਗੁਰਿ ਭਰਮੁ ਚੁਕਾਇਆ ॥ ਕਹੁ ਨਾਨਕ ਸਬਦਿ ਮਿਲਾਇਆ ॥੪॥੧੦॥ {ਪੰਨਾ 879}

ਪਦਅਰਥ: ਜਾ = ਜਦੋਂ। ਪ੍ਰਭਿ = ਪ੍ਰਭੂ ਨੇ। ਤਾ = ਤਦੋਂ। ਸੇਵਕਿ = ਦਾਸੀ। ਗੁਰ ਸਬਦੀ = ਗੁਰੂ ਦੇ ਸ਼ਬਦ ਵਿਚ ਜੁੜ ਕੇ। ਬੀਚਾਰੀ = ਵਿਚਾਰਵਾਨ, ਚੰਗੇ ਮੰਦੇ ਦੀ ਪਰਖ ਕਰਨ ਜੋਗੀ।੧।

ਜਨੁ = ਦਾਸ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਅਹਿ = ਦਿਨ। ਨਿਸਿ = ਰਾਤ। ਲਾਜ = ਲੋਕ = ਲਾਜ। ਛੋਡਿ = ਛੱਡ ਕੇ।੧।ਰਹਾਉ।

ਧੁਨਿ = ਆਵਾਜ਼, ਮਿੱਠੀ ਸੁਰ। ਅਨਹਦ = {ਅਨ ਹਦ, ਅਨ ਹਤ, ਬਿਨਾ ਵਜਾਇਆਂ ਵੱਜਣ ਵਾਲੇ} ਇਕ-ਰਸ, ਲਗਾਤਾਰ। ਘੋਰਾ = ਗੰਭੀਰ। ਰਸਿ = ਰਸ ਵਿਚ, ਆਨੰਦ ਵਿਚ। ਮੋਰਾ = ਮੇਰਾ। ਗੁਰ ਪੂਰੈ = ਪੂਰੇ ਗੁਰੂ ਦੀ ਰਾਹੀਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।੨।

ਸਭਿ = ਸਾਰੇ। ਨਾਦ = ਜੋਗੀਆਂ ਦੇ ਸਿੰਙੀ ਆਦਿਕ ਵਾਜੇ। ਬੇਦ = ਹਿੰਦੂ ਮਤ ਦੇ ਧਰਮ = ਪੁਸਤਕ। ਸਾਰਿਗਪਾਣੀ = ਪਰਮਾਤਮਾ। ਤਹ = ਉਥੇ, ਉਸ ਆਤਮਕ ਅਵਸਥਾ ਵਿਚ। ਗੁਰ ਮਿਲਿਆ = (ਜੋ ਮਨੁੱਖ) ਗੁਰੂ ਨੂੰ ਮਿਲ ਪਿਆ।੩।

ਜਹ = ਜਿਸ ਹਿਰਦੇ ਵਿਚੋਂ। ਆਪੁ = ਆਪਾ = ਭਾਵ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰ ਨੇ। ਭਰਮੁ = ਭਟਕਣਾ। ਸਬਦਿ = ਗੁਰੂ ਦੇ ਸ਼ਬਦ ਵਿਚ।੪।

ਅਰਥ: ਪਰਮਾਤਮਾ ਦਾ ਉਹ ਸੇਵਕ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਜੋ ਲੋਕ-ਲਾਜ (ਹਉਮੈ) ਛੱਡ ਕੇ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਹੈ।੧।ਰਹਾਉ।

(ਪਰ ਲੋਕ-ਲਾਜ ਛੱਡਣੀ ਕੋਈ ਸੌਖੀ ਖੇਡ ਨਹੀਂ) ਜਦੋਂ ਹਰਿ ਪ੍ਰਭੂ ਨੇ ਆਪ (ਕਿਸੇ ਜੀਵ ਉਤੇ) ਮੇਹਰ ਕੀਤੀ, ਤਦੋਂ ਹੀ ਜੀਵ ਨੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ। ਗੁਰੂ ਦੇ ਸ਼ਬਦ ਵਿਚ ਜੁੜ ਕੇ ਜੇਹੜੀ (ਜਿੰਦ-) ਦਾਸੀ ਵਿਚਾਰਵਾਨ ਹੋ ਗਈ (ਤੇ ਆਪਣੇ ਅੰਦਰੋਂ ਹਉਮੈ ਲੋਕ-ਲਾਜ ਮਾਰ ਸਕੀ) ਉਹ ਦਾਸੀ ਪਰਮਾਤਮਾ ਨੂੰ ਚੰਗੀ ਲੱਗਣ ਲੱਗ ਪਈ।੧।

(ਮੇਰੇ ਉਤੇ ਗੁਰੂ ਨੇ ਮੇਹਰ ਕੀਤੀ, ਮੇਰਾ ਮਨ ਗੁਰੂ ਦੇ ਸ਼ਬਦ ਵਿਚ ਜੁੜਿਆ, ਅੰਦਰ ਐਸਾ ਆਨੰਦ ਬਣਿਆ, ਮਾਨੋ,) ਇੱਕ-ਰਸ ਵੱਜ ਰਹੇ ਵਾਜਿਆਂ ਦੀ ਗੰਭੀਰ ਮਿੱਠੀ ਸੁਰ ਸੁਣਾਈ ਦੇਣ ਲੱਗ ਪਈ। ਮੇਰਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸੁਆਦ ਵਿਚ ਮਗਨ ਹੋ ਗਿਆ ਹੈ। ਪੂਰੇ ਗੁਰੂ ਦੀ ਰਾਹੀਂ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮੇਰੇ ਮਨ ਵਿਚ) ਰਚ ਗਿਆ ਹੈ, ਮੈਨੂੰ ਸਭ ਤੋਂ ਵੱਡੀ ਹਸਤੀ ਵਾਲਾ ਸਭ ਦਾ ਮੁੱਢ ਸਭ ਵਿਚ ਵਿਆਪਕ ਪ੍ਰਭੂ ਮਿਲ ਪਿਆ ਹੈ।੨।

ਗੁਰੂ ਦੀ ਬਾਣੀ ਦੀ ਰਾਹੀਂ ਜਿਸ ਮਨੁੱਖ ਦਾ ਮਨ ਪਰਮਾਤਮਾ (ਦੇ ਪਿਆਰ) ਵਿਚ ਰੰਗਿਆ ਜਾਂਦਾ ਹੈ ਉਸ ਨੂੰ ਜੋਗੀਆਂ ਦੇ ਸਿੰਙੀ ਆਦਿਕ ਸਾਰੇ ਵਾਜੇ ਤੇ ਹਿੰਦੂ ਮਤ ਦੇ ਵੇਦ ਆਦਿਕ ਧਰਮ-ਪੁਸਤਕ ਸਭ ਗੁਰੂ ਦੀ ਬਾਣੀ ਵਿਚ ਹੀ ਆ ਜਾਂਦੇ ਹਨ (ਭਾਵ, ਗੁਰਬਾਣੀ ਦੇ ਟਾਕਰੇ ਤੇ ਉਸ ਨੂੰ ਇਹਨਾਂ ਦੀ ਲੋੜ ਨਹੀਂ ਰਹਿ ਜਾਂਦੀ) । (ਜਿਸ ਆਤਮਕ ਅਵਸਥਾ ਵਿਚ ਉਹ ਪਹੁੰਚਦਾ ਹੈ) ਉਥੇ ਸਾਰੇ ਤੀਰਥ-ਇਸ਼ਨਾਨ ਸਾਰੇ ਵਰਤ ਤੇ ਤਪ ਭੀ ਉਸ ਨੂੰ ਮਿਲਿਆਂ ਬਰਾਬਰ ਹੋ ਜਾਂਦੇ ਹਨ। ਜੇਹੜਾ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ।੩।

ਜਿਸ ਹਿਰਦੇ ਵਿਚੋਂ ਆਪਾ-ਭਾਵ ਦੂਰ ਹੋ ਗਿਆ, ਉਥੋਂ ਹੋਰ ਸਭ ਡਰ-ਸਹਿਮ ਭੱਜ ਗਿਆ, ਉਹ ਸੇਵਕ ਗੁਰੂ ਦੇ ਚਰਨਾਂ ਵਿਚ ਹੀ ਲੀਨ ਹੋ ਗਿਆ। ਹੇ ਨਾਨਕ! ਆਖ-ਜਿਸ ਮਨੁੱਖ ਨੂੰ ਗੁਰੂ ਨੇ ਆਪਣੇ ਸ਼ਬਦ ਵਿਚ ਜੋੜ ਲਿਆ, ਉਸ ਦੀ (ਮਾਇਆ ਆਦਿਕ ਵਲ ਦੀ ਸਾਰੀ) ਭਟਕਣਾ ਗੁਰੂ ਨੇ ਦੂਰ ਕਰ ਦਿੱਤੀ।੪।੧੦।

ਰਾਮਕਲੀ ਮਹਲਾ ੧ ॥ ਛਾਦਨੁ ਭੋਜਨੁ ਮਾਗਤੁ ਭਾਗੈ ॥ ਖੁਧਿਆ ਦੁਸਟ ਜਲੈ ਦੁਖੁ ਆਗੈ ॥ ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ ॥ ਗੁਰਮਤਿ ਭਗਤਿ ਪਾਵੈ ਜਨੁ ਕੋਈ ॥੧॥ ਜੋਗੀ ਜੁਗਤਿ ਸਹਜ ਘਰਿ ਵਾਸੈ ॥ ਏਕ ਦ੍ਰਿਸਟਿ ਏਕੋ ਕਰਿ ਦੇਖਿਆ ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥੧॥ ਰਹਾਉ ॥ਪੰਚ ਬੈਲ ਗਡੀਆ ਦੇਹ ਧਾਰੀ ॥ ਰਾਮ ਕਲਾ ਨਿਬਹੈ ਪਤਿ ਸਾਰੀ ॥ ਧਰ ਤੂਟੀ ਗਾਡੋ ਸਿਰ ਭਾਰਿ ॥ ਲਕਰੀ ਬਿਖਰਿ ਜਰੀ ਮੰਝ ਭਾਰਿ ॥੨॥ ਗੁਰ ਕਾ ਸਬਦੁ ਵੀਚਾਰਿ ਜੋਗੀ ॥ ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥ ਭੁਗਤਿ ਨਾਮੁ ਗੁਰ ਸਬਦਿ ਬੀਚਾਰੀ ॥ ਅਸਥਿਰੁ ਕੰਧੁ ਜਪੈ ਨਿਰੰਕਾਰੀ ॥੩॥ ਸਹਜ ਜਗੋਟਾ ਬੰਧਨ ਤੇ ਛੂਟਾ ॥ ਕਾਮੁ ਕ੍ਰੋਧੁ ਗੁਰ ਸਬਦੀ ਲੂਟਾ ॥ ਮਨ ਮਹਿ ਮੁੰਦ੍ਰਾ ਹਰਿ ਗੁਰ ਸਰਣਾ ॥ ਨਾਨਕ ਰਾਮ ਭਗਤਿ ਜਨ ਤਰਣਾ ॥੪॥੧੧॥ {ਪੰਨਾ 879}

ਪਦਅਰਥ: ਛਾਦਨੁ = ਕੱਪੜਾ। ਮਾਗਤੁ ਭਾਗੈ = ਮੰਗਦਾ ਫਿਰਦਾ ਹੈ। ਖੁਧਿਆ = ਭੁੱਖ। ਦੁਸਟ = ਭੈੜੀ, ਚੰਦਰੀ। ਆਗੈ = ਪਰਲੋਕ ਵਿਚ। ਪਤਿ = ਇੱਜ਼ਤ। ਖੋਈ = ਗਵਾ ਲਈ। ਜਨੁ ਕੋਈ = ਕੋਈ ਵਿਰਲਾ ਮਨੁੱਖ।੧।

ਜੋਗੀ ਜੁਗਤਿ = ਅਸਲ ਜੋਗੀ ਦੀ ਰਹਿਤ = ਬਹਿਤ। ਸਹਜ = ਅਡੋਲਤਾ, ਸ਼ਾਂਤੀ। ਸਹਜ ਘਰਿ = ਸ਼ਾਂਤੀ ਦੇ ਘਰ ਵਿਚ। ਦ੍ਰਿਸਟਿ = ਨਜ਼ਰ, ਨਿਗਾਹ। ਏਕੋ ਕਰਿ = ਇਕ ਪਰਮਾਤਮਾ ਨੂੰ ਹੀ ਵਿਆਪਕ ਮੰਨ ਕੇ। ਭੀਖਿਆ = ਭਿੱਛਿਆ (ਨਾਲ) ਭਾਇ = ਪ੍ਰੇਮ ਨਾਲ। ਭੀਖਿਆ ਭਾਇ = ਪ੍ਰਭੂ = ਪਿਆਰ ਦੀ ਭਿੱਛਿਆ ਨਾਲ। ਸਬਦਿ = (ਗੁਰੂ ਦੇ) ਸ਼ਬਦ ਵਿਚ (ਜੁੜ ਕੇ) ਤ੍ਰਿਪਤਾਸੈ = (ਆਤਮਕ) ਭੁੱਖ ਮਿਟਾਂਦਾ ਹੈ, ਰੱਜਦਾ ਹੈ।੧।ਰਹਾਉ।

ਪੰਚ ਬੈਲ = (ਪੰਜ ਗਿਆਨ ਇੰਦ੍ਰੇ, ਮਾਨੋ,) ਪੰਜ ਬੈਲ ਹਨ। ਗਡੀਆ ਦੇਹ = ਸਰੀਰ = ਗੱਡਾ। ਧਾਰੀ = ਆਸਰਾ ਦਿੱਤਾ ਹੋਇਆ ਹੈ, ਚਲਾ ਰਹੇ ਹਨ। ਰਾਮ ਕਲਾ = (ਸਰਬ = ਵਿਆਪਕ) ਪ੍ਰਭੂ ਦੀ ਸੱਤਿਆ ਨਾਲ, ਜਦ ਤਕ ਸਰਬ = ਵਿਆਪਕ ਪ੍ਰਭੂ ਦੀ ਜੋਤਿ ਮੌਜੂਦ ਹੈ। ਨਿਬਹੈ– ਕਾਇਮ ਰਹਿੰਦੀ ਹੈ, ਬਣੀ ਰਹਿੰਦੀ ਹੈ। ਪਤਿ = ਇੱਜ਼ਤ, ਆਦਰ। ਧਰ = ਧੁਰਾ, ਆਸਰਾ। ਸਿਰ ਭਾਰਿ = ਸਿਰ ਪਰਨੇ (ਹੋ ਜਾਂਦਾ ਹੈ) , ਡਿੱਗ ਪੈਂਦਾ ਹੈ, ਨਕਾਰਾ ਹੋ ਜਾਂਦਾ ਹੈ। ਬਿਖਰਿ = ਖਿੱਲਰ ਕੇ, ਸੱਤਿਆ ਹੀਨ ਹੋ ਕੇ। ਜਰੀ = (ਗੱਡੀ) ਸੜ ਜਾਂਦੀ ਹੈ। ਮੰਝ = ਵਿਚਲੇ, ਗੱਡੇ ਵਿਚਲੇ, ਗੱਡੇ ਵਿਚ ਲੱਦੇ ਹੋਏ। ਭਾਰਿ = ਭਾਰ ਹੇਠ।੨।

ਜੋਗੀ = ਹੇ ਜੋਗੀ! ਸਮ = ਬਰਾਬਰ, ਇਕੋ ਜਿਹਾ। ਸੋਗ = ਕਿਸੇ ਦੀ ਮੌਤ ਆਦਿਕ ਦਾ ਗ਼ਮ, ਨਿਰਾਸਤਾ = ਭਰਿਆ ਗ਼ਮ। ਬਿਓਗ = ਵਿਛੋੜੇ ਵਿਚ ਬਿਰਹੋਂ, ਮਿਲਣ ਦੀ ਤਾਂਘ, ਆਸ ਨਾਲ ਮਿਲਿਆ ਹੋਇਆ ਦੁੱਖ। ਭੁਗਤਿ = ਚੂਰਮਾ, ਜੋਗੀਆਂ ਦਾ ਭੰਡਾਰਾ, ਭੋਜਨ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਅਸਥਿਰੁ = ਥਿਰ, ਟਿਕਵਾਂ। ਕੰਧੁ = ਸਰੀਰ, (ਇੰਦ੍ਰੇ) ੩।

ਜਗੋਟਾ = ਲੱਕ ਦੁਆਲੇ ਬੰਨ੍ਹਣ ਲਈ ਉੱਨ ਦਾ ਰੱਸਾ, ਉੱਨ ਦੀਆਂ ਰੱਸੀਆਂ ਦਾ ਗੁੰਦ ਕੇ ਬਣਾਇਆ ਹੋਇਆ ਰੱਸਾ ਜੋ ਫ਼ਕੀਰ ਲੱਕ ਦੁਆਲੇ ਬੰਨ੍ਹਦੇ ਹਨ।੪।

ਅਰਥ: ਅਸਲ ਜੋਗੀ ਦੀ ਰਹਿਤ-ਬਹਿਤ ਇਹ ਹੈ ਕਿ ਉਹ ਅਡੋਲਤਾ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਸਦਾ ਸ਼ਾਂਤ ਰਹਿੰਦਾ ਹੈ) ਉਹ ਸਮਾਨ ਨਿਗਾਹ ਨਾਲ (ਸਭ ਜੀਵਾਂ ਵਿਚ) ਇੱਕ ਪਰਮਾਤਮਾ ਨੂੰ ਹੀ ਰਮਿਆ ਹੋਇਆ ਵੇਖਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪ੍ਰੇਮ-ਭਿੱਛਿਆ ਨਾਲ ਆਪਣੀ (ਆਤਮਕ) ਭੁੱਖ ਮਿਟਾਂਦਾ ਹੈ (ਆਪਣੇ ਮਨ ਨੂੰ ਤ੍ਰਿਸ਼ਨਾ ਵਲੋਂ ਬਚਾਈ ਰੱਖਦਾ ਹੈ) ੧।ਰਹਾਉ।

(ਪਰ ਜੇਹੜਾ ਜੋਗੀ) ਅੰਨ ਬਸਤ੍ਰ (ਹੀ) ਮੰਗਦਾ ਫਿਰਦਾ ਹੈ, ਇਥੇ ਚੰਦਰੀ ਭੁੱਖ (ਦੀ ਅੱਗ) ਵਿਚੋਂ ਸੜਦਾ ਰਹਿੰਦਾ ਹੈ (ਕੋਈ ਆਤਮਕ ਪੂੰਜੀ ਤਾਂ ਬਣਾਂਦਾ ਹੀ ਨਹੀਂ, ਇਸ ਵਾਸਤੇ) ਅਗਾਂਹ (ਪਰਲੋਕ ਵਿਚ ਭੀ) ਦੁੱਖ ਪਾਂਦਾ ਹੈ। ਜਿਸ (ਜੋਗੀ) ਨੇ ਗੁਰੂ ਦੀ ਮਤਿ ਨਾਹ ਲਈ ਉਸ ਨੇ ਭੈੜੀ ਮੱਤੇ ਲੱਗ ਕੇ ਆਪਣੀ ਇੱਜ਼ਤ ਗਵਾ ਲਈ।

ਕੋਈ ਕੋਈ (ਵਡ-ਭਾਗੀ) ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੀ ਭਗਤੀ ਦਾ ਲਾਹਾ ਖੱਟਦਾ ਹੈ।੧।

ਮਨੁੱਖਾ ਸਰੀਰ, ਮਾਨੋ, ਇਕ ਨਿੱਕਾ ਜਿਹਾ ਗੱਡਾ ਹੈ ਜਿਸ ਨੂੰ ਪੰਜ (ਗਿਆਨ-ਇੰਦ੍ਰੇ) ਬੈਲ ਚਲਾ ਰਹੇ ਹਨ। ਜਿਤਨਾ ਚਿਰ ਇਸ ਵਿਚ ਸਰਬ-ਵਿਆਪਕ ਪ੍ਰਭੂ ਦੀ ਜੋਤਿ-ਸੱਤਾ ਮੌਜੂਦ ਹੈ, ਇਸ ਦਾ ਸਾਰਾ ਆਦਰ ਬਣਿਆ ਰਹਿੰਦਾ ਹੈ। (ਜਿਵੇਂ) ਜਦੋਂ ਗੱਡੇ ਦਾ ਧੁਰਾ ਟੁੱਟ ਜਾਂਦਾ ਹੈ ਤਾਂ ਗੱਡਾ ਸਿਰ-ਪਰਨੇ ਹੋ ਜਾਂਦਾ ਹੈ (ਨਕਾਰਾ ਹੋ ਜਾਂਦਾ ਹੈ) , ਉਸ ਦੀਆਂ ਲੱਕੜਾਂ ਖਿਲਰ ਜਾਂਦੀਆਂ ਹਨ (ਉਸ ਦੇ ਅੰਗ ਵੱਖ ਵੱਖ ਹੋ ਜਾਂਦੇ ਹਨ) , ਉਹ ਆਪਣੇ ਵਿਚਲੇ ਲੱਦੇ ਹੋਏ ਭਾਰ ਹੇਠ ਹੀ ਦੱਬਿਆ ਪਿਆ ਗਲ-ਸੜ ਜਾਂਦਾ ਹੈ (ਤਿਵੇਂ ਜਦੋਂ ਗੁਰ-ਸ਼ਬਦ ਦੀ ਅਗਵਾਈ ਤੋਂ ਬਿਨਾ ਗਿਆਨ-ਇੰਦ੍ਰੇ ਆਪ-ਹੁਦਰੇ ਹੋ ਜਾਂਦੇ ਹਨ, ਮਨੁੱਖਾ ਜੀਵਨ ਦੀ ਪੱਧਰੀ ਚਾਲ ਉਲਟ-ਪੁਲਟ ਹੋ ਜਾਂਦੀ ਹੈ, ਸਿਮਰਨ-ਰੂਪ ਧੁਰਾ ਟੁੱਟ ਜਾਂਦਾ ਹੈ, ਆਤਮਕ ਜੀਵਨ ਢਹਿ ਪੈਂਦਾ ਹੈ, ਆਪਣੇ ਹੀ ਕੀਤੇ ਹੋਏ ਕੁਕਰਮਾਂ ਦੇ ਭਾਰ ਹੇਠ ਮਨੁੱਖਾ ਜੀਵਨ ਦੀ ਤਬਾਹੀ ਹੋ ਜਾਂਦੀ ਹੈ) । (ਜੋਗੀ ਇਸ ਭੇਤ ਨੂੰ ਸਮਝਣ ਦੇ ਥਾਂ ਜੋਗ-ਮਤ ਦੇ ਜਗੋਟਾ ਮੁੰਦ੍ਰਾਂ ਆਦਿਕ ਬਾਹਰਲੇ ਚਿੰਨ੍ਹਾਂ ਵਿਚ ਹੀ ਟਿਕਿਆ ਰਹਿੰਦਾ ਹੈ) ੨।

ਹੇ ਜੋਗੀ! ਤੂੰ ਗੁਰੂ ਦੇ ਸ਼ਬਦ ਨੂੰ ਸਮਝ (ਉਸ ਸ਼ਬਦ ਦੀ ਅਗਵਾਈ ਵਿਚ) ਦੁਖ ਸੁਖ ਨੂੰ, ਨਿਰਾਸਤਾ-ਭਰੇ ਗ਼ਮ ਅਤੇ ਆਸਾਂ-ਭਰੇ ਦੁੱਖ ਨੂੰ ਇੱਕ-ਸਮਾਨ ਸਹਾਰਨ (ਦੀ ਜਾਚ ਸਿੱਖ) ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਨਾਮ ਨੂੰ ਚਿੱਤ ਵਿਚ ਵਸਾ-ਇਹ ਤੇਰਾ ਭੰਡਾਰਾ ਬਣੇ (ਇਹ ਤੇਰੇ ਆਤਮਾ ਦੀ ਖ਼ੁਰਾਕ ਬਣੇ) ਨਿਰੰਕਾਰ ਦਾ ਨਾਮ ਜਪ, (ਇਸ ਦੀ ਬਰਕਤਿ ਨਾਲ) ਗਿਆਨ ਇੰਦ੍ਰੇ ਵਿਕਾਰਾਂ ਵਲ ਡੋਲਣੋਂ ਬਚੇ ਰਹਿਣਗੇ।੩।

ਜਿਸ ਜੋਗੀ ਨੇ ਮਨ ਦੀ ਅਡੋਲਤਾ ਨੂੰ ਆਪਣੇ ਲੱਕ ਨਾਲ ਬੰਨ੍ਹਣ ਵਾਲਾ ਉੱਨ ਦਾ ਰੱਸਾ ਬਣਾ ਲਿਆ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਗਿਆ ਹੈ; ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੇ ਕਾਮ ਕ੍ਰੋਧ (ਆਦਿਕ) ਨੂੰ ਵੱਸ ਵਿਚ ਕਰ ਲਿਆ ਹੈ। ਜੇਹੜਾ ਜੋਗੀ ਪਰਮਾਤਮਾ ਦੀ ਸਰਨ ਗੁਰੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੇ (ਕੰਨਾਂ ਵਿਚ ਮੁੰਦ੍ਰਾਂ ਪਾਣ ਦੇ ਥਾਂ) ਮਨ ਵਿਚ ਮੁੰਦ੍ਰਾਂ ਪਾ ਲਈਆਂ ਹਨ (ਮਨ ਨੂੰ ਵਿਕਾਰਾਂ ਵਲੋਂ ਬਚਾ ਲਿਆ ਹੈ) ਹੇ ਨਾਨਕ! ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਹੜ੍ਹ ਵਿਚੋਂ) ਉਹੀ ਮਨੁੱਖ ਪਾਰ ਲੰਘਦੇ ਹਨ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ।੪।੧੧।

TOP OF PAGE

Sri Guru Granth Darpan, by Professor Sahib Singh