ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 975

ਰਾਗੁ ਨਟ ਨਾਰਾਇਨ ਮਹਲਾ ੪

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਮੇਰੇ ਮਨ ਜਪਿ ਅਹਿਨਿਸਿ ਨਾਮੁ ਹਰੇ ॥ ਕੋਟਿ ਕੋਟਿ ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ ॥੧॥ ਰਹਾਉ ॥ ਹਰਿ ਹਰਿ ਨਾਮੁ ਜਪਹਿ ਆਰਾਧਹਿ ਸੇਵਕ ਭਾਇ ਖਰੇ ॥ ਕਿਲਬਿਖ ਦੋਖ ਗਏ ਸਭ ਨੀਕਰਿ ਜਿਉ ਪਾਨੀ ਮੈਲੁ ਹਰੇ ॥੧॥ ਖਿਨੁ ਖਿਨੁ ਨਰੁ ਨਾਰਾਇਨੁ ਗਾਵਹਿ ਮੁਖਿ ਬੋਲਹਿ ਨਰ ਨਰਹਰੇ ॥ ਪੰਚ ਦੋਖ ਅਸਾਧ ਨਗਰ ਮਹਿ ਇਕੁ ਖਿਨੁ ਪਲੁ ਦੂਰਿ ਕਰੇ ॥੨॥ ਵਡਭਾਗੀ ਹਰਿ ਨਾਮੁ ਧਿਆਵਹਿ ਹਰਿ ਕੇ ਭਗਤ ਹਰੇ ॥ ਤਿਨ ਕੀ ਸੰਗਤਿ ਦੇਹਿ ਪ੍ਰਭ ਜਾਚਉ ਮੈ ਮੂੜ ਮੁਗਧ ਨਿਸਤਰੇ ॥੩॥ ਕ੍ਰਿਪਾ ਕ੍ਰਿਪਾ ਧਾਰਿ ਜਗਜੀਵਨ ਰਖਿ ਲੇਵਹੁ ਸਰਨਿ ਪਰੇ ॥ ਨਾਨਕੁ ਜਨੁ ਤੁਮਰੀ ਸਰਨਾਈ ਹਰਿ ਰਾਖਹੁ ਲਾਜ ਹਰੇ ॥੪॥੧॥ {ਪੰਨਾ 975}

ਪਦ ਅਰਥ: ਅਹਿ = ਦਿਨ। ਨਿਸਿ = ਰਾਤ। ਕੋਟਿ = ਕ੍ਰੋੜ। ਦੋਖ = ਪਾਪ। ਪਰਹਰਿ = ਦੂਰ ਕਰ ਕੇ। ਪਾਸਿ ਧਰੇ = ਲਾਂਭੇ ਧਰੇ ਰਹਿ ਜਾਂਦੇ ਹਨ।1। ਰਹਾਉ।

ਜਪਹਿ = ਜਪਦੇ ਹਨ। ਆਰਾਧਹਿ = ਆਰਾਧਦੇ ਹਨ। ਸੇਵਕ ਭਾਇ = ਸੇਵਕਾਂ ਵਾਲੀ ਭਾਵਨਾ ਨਾਲ। ਖਰੇ = ਚੰਗੇ, ਸੁੱਚੇ ਜੀਵਨ ਵਾਲੇ। ਕਿਲਬਿਖ = ਪਾਪ। ਗਏ ਨੀਕਰਿ = ਨਿਕਲ ਗਏ। ਹਰੇ = ਦੂਰ ਕਰਦਾ ਹੈ।

ਨਰੁ ਨਾਰਾਇਨੁ = ਪਰਮਾਤਮਾ {ਕ੍ਰਿਸ਼ਨ ਜੀ ਦਾ ਨਾਮ}। ਮੁਖਿ = ਮੂੰਹ ਨਾਲ। ਨਰ ਨਰਹਰੇ = ਪਰਮਾਤਮਾ। ਪੰਚ = ਪੰਜ। ਅਸਾਧ = ਕਾਬੂ ਵਿਚ ਨਾਹ ਆ ਸਕਣ ਵਾਲੇ। ਕਰੇ = ਕਰ ਦੇਂਦਾ ਹੈ। ਨਗਰ = ਸਰੀਰ-ਨਗਰ।2।

ਵਡਭਾਗੀ = ਵੱਡੇ ਭਾਗਾਂ ਵਾਲੇ। ਹਰੇ = ਹਰੀ ਦੇ। ਪ੍ਰਭੂ = ਹੇ ਪ੍ਰਭੂ! ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਮੁਗਧ = ਮੂਰਖ। ਨਿਸਤਰੇ = ਪਾਰ ਲੰਘ ਜਾਂਦੇ ਹਨ।3।

ਜਗ ਜੀਵਨ = ਹੇ ਜਗਤ ਦੇ ਜੀਵਨ ਪ੍ਰਭੂ! ਜਨੁ = ਦਾਸ। ਲਾਜ = ਇੱਜ਼ਤ। ਹਰੇ = ਹੇ ਹਰੀ!।4।

ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ (ਸਦਾ) ਜਪਿਆ ਕਰ। ਜੇ ਅਨੇਕਾਂ ਤੇ ਕ੍ਰੋੜਾਂ ਪਾਪ ਭੀ ਕੀਤੇ ਹੋਏ ਹੋਣ, ਤਾਂ (ਪਰਮਾਤਮਾ ਦਾ ਨਾਮ) ਸਭਨਾਂ ਨੂੰ ਦੂਰ ਕਰ ਕੇ (ਮਨੁੱਖ ਦੇ ਹਿਰਦੇ ਵਿਚੋਂ) ਲਾਂਭੇ ਸੁੱਟ ਦੇਂਦਾ ਹੈ।1। ਰਹਾਉ।

ਹੇ ਮੇਰੇ ਮਨ! ਜਿਹੜੇ ਮਨੁੱਖ ਸੇਵਕ-ਭਾਵਨਾ ਨਾਲ ਪਰਮਾਤਮਾ ਦਾ ਨਾਮ ਜਪਦੇ ਆਰਾਧਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ। (ਜਿਹੜਾ ਪ੍ਰਾਣੀ ਨਾਮ ਜਪਦਾ ਹੈ ਉਸ ਦੇ ਅੰਦਰੋਂ) ਸਾਰੇ ਵਿਕਾਰ ਸਾਰੇ ਪਾਪ (ਇਉਂ) ਨਿਕਲ ਜਾਂਦੇ ਹਨ, ਜਿਵੇਂ ਪਾਣੀ (ਕੱਪੜਿਆਂ ਦੀ) ਮੈਲ ਦੂਰ ਕਰ ਦੇਂਦਾ ਹੈ।1।

ਹੇ ਮੇਰੇ ਮਨ! (ਜਿਹੜੇ ਮਨੁੱਖ) ਹਰ ਖਿਨ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ ਮੂੰਹੋਂ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ, (ਕਾਮਾਦਿਕ) ਪੰਜ ਵਿਕਾਰ ਜੋ ਕਾਬੂ ਵਿਚ ਨਹੀਂ ਆ ਸਕਦੇ ਤੇ ਜੋ (ਆਮ ਤੌਰ ਤੇ ਜੀਵਾਂ ਦੇ) ਸਰੀਰ ਵਿਚ (ਟਿਕੇ ਰਹਿੰਦੇ ਹਨ) , (ਪਰਮਾਤਮਾ ਦਾ ਨਾਮ ਉਹਨਾਂ ਦੇ ਸਰੀਰ ਵਿਚੋਂ) ਇਕ ਖਿਨ-ਪਲ ਵਿਚ ਹੀ ਦੂਰ ਕਰ ਦੇਂਦਾ ਹੈ।2।

ਹੇ ਮੇਰੇ ਮਨ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਵੱਡੇ ਭਾਗਾਂ ਵਾਲੇ ਬੰਦੇ ਪਰਮਾਤਮਾ ਦਾ ਨਾਮ (ਹਰ ਵੇਲੇ) ਸਿਮਰਦੇ ਰਹਿੰਦੇ ਹਨ। ਹੇ ਪ੍ਰਭੂ! ਇਹੋ ਜਿਹੇ ਭਗਤਾਂ ਦੀ ਸੰਗਤਿ ਮੈਨੂੰ ਬਖ਼ਸ਼! ਮੇਰੇ ਵਰਗੇ ਅਨੇਕਾਂ ਮੂਰਖ (ਉਹਨਾਂ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।3।

ਹੇ ਜਗਤ ਦੇ ਆਸਰੇ ਪ੍ਰਭੂ! ਮਿਹਰ ਕਰ, ਮਿਹਰ ਕਰ ਮੈਂ ਤੇਰੀ ਸਰਨ ਪਿਆ ਹਾਂ, ਮੈਨੂੰ (ਇਹਨਾਂ ਪੰਜਾਂ ਤੋਂ) ਬਚਾ ਲੈ। ਹੇ ਹਰੀ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ (ਨਾਨਕ ਦੀ) ਇੱਜ਼ਤ ਰੱਖ ਲੈ।4।1।

ਨਟ ਮਹਲਾ ੪ ॥ ਰਾਮ ਜਪਿ ਜਨ ਰਾਮੈ ਨਾਮਿ ਰਲੇ ॥ ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਉ ॥ ਹਰਿ ਹਰਿ ਅਗਮ ਅਗੋਚਰੁ ਸੁਆਮੀ ਜਨ ਜਪਿ ਮਿਲਿ ਸਲਲ ਸਲਲੇ ॥ ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ ॥੧॥ ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭਿ ਦਾਲਦ ਦੁਖ ਦਲਲੇ ॥ ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ ਖਿਨ ਪਰਲੇ ॥੨॥ ਹਰਿ ਕੇ ਸੰਤ ਮਨਿ ਪ੍ਰੀਤਿ ਲਗਾਈ ਜਿਉ ਦੇਖੈ ਸਸਿ ਕਮਲੇ ॥ ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ ॥੩॥ ਹਮਰੈ ਸੁਆਮੀ ਲੋਚ ਹਮ ਲਾਈ ਹਮ ਜੀਵਹ ਦੇਖਿ ਹਰਿ ਮਿਲੇ ॥ ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲਹੁ ਅਨਦ ਭਲੇ ॥੪॥੨॥ {ਪੰਨਾ 975}

ਪਦ ਅਰਥ: ਜਪਿ = ਜਪ ਕੇ। ਨਾਮਿ = ਨਾਮ ਵਿਚ। ਰਲੇ = ਲੀਨ ਹੋ ਜਾਂਦੇ ਹਨ। ਜਨ = ਦਾਸ। ਗੁਰ ਬਚਨੀ = ਗੁਰੂ ਦੇ ਬਚਨਾਂ ਦੀ ਰਾਹੀਂ। ਕ੍ਰਿਪਲੇ = ਕਿਰਪਾ।1। ਰਹਾਉ।

ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਮਿਲਿ = ਮਿਲ ਕੇ। ਸਲਲ = ਪਾਣੀ। ਸਲਲੇ = ਪਾਣੀ ਵਿਚ। ਜਨ ਕੈ = ਜਨਾਂ ਤੋਂ। ਬਲਿ ਬਲਲੇ = ਸਦਕੇ, ਕੁਰਬਾਨ।1।

ਪੁਰਖੋਤਮੁ = ਉੱਤਮ ਪੁਰਖ, ਸਰਬ-ਵਿਆਪਕ ਪ੍ਰਭੂ। ਜਨਿ = (ਜਿਸ) ਜਨ ਨੇ। ਸਭਿ = ਸਾਰੇ। ਦਾਲਦ = ਦਲਿੱਦਰ। ਦਲਲੇ = ਦਲੇ ਗਏ। ਦੇਹੀ = ਸਰੀਰ। ਪੰਚ ਧਾਤੂ = ਪੰਜ ਕਾਮਾਦਿਕ ਵਿਕਾਰ। ਪਰਲੇ = ਪ੍ਰਲੈ, ਨਾਸ।2।

ਮਨਿ = ਮਨ ਵਿਚ। ਸਸਿ = ਚੰਦ੍ਰਮਾ। ਕਮਲੇ = ਕੌਲ ਫੁੱਲ ਨੂੰ। ਉਨਵੈ = ਝੁਕਦਾ ਹੈ। ਘਨੁ = ਬੱਦਲ। ਘਨ = ਬਹੁਤ। ਘਨਿਹਰੁ = ਬੱਦਲ। ਗਰਜੈ = ਗੱਜਦਾ ਹੈ। ਬਿਗਸੈ = ਖ਼ੁਸ਼ ਹੁੰਦਾ ਹੈ। ਮੋਰ ਮੁਰਲੇ = ਪੈਲਾਂ ਪਾਣ ਵਾਲਾ ਮੋਰ।3।

ਲੋਚ = ਤਾਂਘ, ਲਗਨ। ਜੀਵਹ = ਅਸੀਂ ਜੀਊਂਦੇ ਹਾਂ, ਆਤਮਕ ਜੀਵਨ ਹਾਸਲ ਕਰਦੇ ਹਾਂ। ਮਿਲੇ = ਮਿਲਿ, ਮਿਲ ਕੇ। ਅਮਲ = (ਅਫੀਮ ਆਦਿਕ ਵਾਂਗ) ਨਸ਼ਾ। ਭਲੇ = ਸੋਹਣੇ।4।

ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਹੋ ਜਾਂਦੇ ਹਨ। (ਪਰ) ਗੁਰੂ ਦੇ ਬਚਨਾਂ ਉਤੇ ਤੁਰ ਕੇ ਪਰਮਾਤਮਾ ਦਾ ਨਾਮ (ਸਿਰਫ਼ ਉਸ ਮਨੁੱਖ ਨੇ) ਜਪਿਆ ਹੈ (ਜਿਸ ਉਤੇ) ਪਰਮਾਤਮਾ ਨੇ ਆਪ ਮਿਹਰ ਕੀਤੀ ਹੈ।1। ਰਹਾਉ।

ਹੇ ਭਾਈ! ਮਾਲਕ-ਪ੍ਰਭੂ ਅਪਹੁੰਚ ਹੈ, ਇੰਦ੍ਰਿਆਂ ਦੀ ਰਾਹੀਂ ਉਸ ਤਕ ਪਹੁੰਚ ਨਹੀਂ ਹੋ ਸਕਦੀ। ਉਸ ਦੇ ਭਗਤ ਉਸ ਦਾ ਨਾਮ ਜਪ ਕੇ (ਇਉਂ ਹੋ ਜਾਂਦੇ ਹਨ, ਜਿਵੇਂ) ਪਾਣੀ ਵਿਚ ਪਾਣੀ ਮਿਲ ਕੇ (ਇੱਕ-ਰੂਪ ਹੋ ਜਾਂਦਾ ਹੈ) । ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ (ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਮੈਂ ਉਹਨਾਂ ਸੰਤ ਜਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ।1।

ਹੇ ਭਾਈ! ਜਿਸ ਸੇਵਕ ਨੇ ਉੱਤਮ ਪੁਰਖ ਪ੍ਰਭੂ ਦਾ ਨਾਮ ਜਪਿਆ, ਪ੍ਰਭੂ ਨੇ ਉਸ ਦੇ ਸਾਰੇ ਦੁੱਖ ਦਰਿੱਦਰ ਨਾਸ ਕਰ ਦਿੱਤੇ। ਮਨੁੱਖਾ ਸਰੀਰ ਵਿਚ ਕਾਮਾਦਿਕ ਪੰਜ ਬਲੀ ਵਿਕਾਰ ਵੱਸਦੇ ਹਨ, (ਨਾਮ ਜਪਣ ਵਾਲੇ ਦੇ ਅੰਦਰੋਂ) ਪ੍ਰਭੂ ਇਹ ਵਿਕਾਰ ਇਕ ਖਿਨ ਵਿਚ ਨਾਸ ਕਰ ਦੇਂਦਾ ਹੈ।2।

ਹੇ ਭਾਈ! ਸੰਤ ਜਨਾਂ ਦੇ ਮਨ ਵਿਚ ਪਰਮਾਤਮਾ ਨੇ (ਆਪਣੇ ਚਰਨਾਂ ਵਿਚ) ਪ੍ਰੀਤ ਇਉਂ ਲਾਈ ਹੈ, ਜਿਵੇਂ (ਚਕੋਰ) ਚੰਦ੍ਰਮਾ ਨੂੰ (ਪਿਆਰ ਨਾਲ) ਵੇਖਦਾ ਹੈ, ਜਿਵੇਂ (ਭੌਰਾ) ਕੌਲ ਫੁੱਲ ਨੂੰ ਵੇਖਦਾ ਹੈ, ਜਿਵੇਂ ਪੈਲ ਪਾਂਦਾ ਮੋਰ ਆਪਣੇ ਮਨ ਵਿਚ (ਤਦੋਂ) ਖ਼ੁਸ਼ ਹੁੰਦਾ ਹੈ (ਜਦੋਂ) ਬੱਦਲ ਝੁਕਦਾ ਹੈ ਤੇ ਬਹੁਤ ਗੱਜਦਾ ਹੈ।3।

ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਮੇਰੇ ਅੰਦਰ (ਆਪਣੇ ਨਾਮ ਦੀ) ਲਗਨ ਲਾ ਦਿੱਤੀ ਹੈ, ਮੈਂ ਉਸ ਨੂੰ ਵੇਖ ਵੇਖ ਕੇ ਉਸ ਦੇ ਚਰਨਾਂ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ। ਹੇ ਦਾਸ ਨਾਨਕ! (ਆਖ-) ਹੇ ਹਰੀ! ਤੂੰ ਆਪ ਹੀ ਮੈਨੂੰ ਆਪਣੇ ਨਾਮ ਦਾ ਨਸ਼ਾ ਲਾਇਆ ਹੈ, ਮੈਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ, ਇਸੇ ਵਿਚ ਹੀ ਮੈਨੂੰ ਸੋਹਣਾ ਆਨੰਦ ਹੈ।4।2।

TOP OF PAGE

Sri Guru Granth Darpan, by Professor Sahib Singh