ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 978

ਰਾਗੁ ਨਟ ਨਾਰਾਇਨ ਮਹਲਾ ੫     ੴ ਸਤਿਗੁਰ ਪ੍ਰਸਾਦਿ ॥ ਰਾਮ ਹਉ ਕਿਆ ਜਾਨਾ ਕਿਆ ਭਾਵੈ ॥ ਮਨਿ ਪਿਆਸ ਬਹੁਤੁ ਦਰਸਾਵੈ ॥੧॥ ਰਹਾਉ ॥ ਸੋਈ ਗਿਆਨੀ ਸੋਈ ਜਨੁ ਤੇਰਾ ਜਿਸੁ ਊਪਰਿ ਰੁਚ ਆਵੈ ॥ ਕ੍ਰਿਪਾ ਕਰਹੁ ਜਿਸੁ ਪੁਰਖ ਬਿਧਾਤੇ ਸੋ ਸਦਾ ਸਦਾ ਤੁਧੁ ਧਿਆਵੈ ॥੧॥ ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥ ਸੋਈ ਜਨੁ ਸੋਈ ਨਿਜ ਭਗਤਾ ਜਿਸੁ ਊਪਰਿ ਰੰਗੁ ਲਾਵੈ ॥੨॥ ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥ ਸੰਤਸੰਗਿ ਲਗਿ ਏਹੁ ਸੁਖੁ ਪਾਇਓ ਹਰਿ ਗੁਨ ਸਦ ਹੀ ਗਾਵੈ ॥੩॥ ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥ ਕਹੁ ਨਾਨਕ ਮੋਰਚਾ ਗੁਰਿ ਲਾਹਿਓ ਤਹ ਗਰਭ ਜੋਨਿ ਕਹ ਆਵੈ ॥੪॥੧॥ {ਪੰਨਾ 978}

ਪਦ ਅਰਥ: ਹਉ = ਹਉਂ, ਮੈਂ। ਜਾਨਾ = ਜਾਨਾਂ, (ਮੈਂ) ਜਾਣਦਾ। ਕਿਆ ਭਾਵੈ = (ਤੈਨੂੰ) ਕੀਹ ਚੰਗਾ ਲੱਗਦਾ ਹੈ। ਮਨਿ = ਮਨ ਵਿਚ। ਪਿਆਸ = ਤਾਂਘ। ਦਰਸਾਵੈ = (ਤੇਰੇ) ਦਰਸਨ ਦੀ।1। ਰਹਾਉ।

ਸੋਈ = ਉਹੀ ਮਨੁੱਖ। ਗਿਆਨੀ = ਗਿਆਨਵਾਨ, ਆਤਮਕ ਜੀਵਨ ਦੀ ਸੂਝ ਵਾਲਾ। ਰੁਚ = (ਤੇਰੀ) ਖ਼ੁਸ਼ੀ। ਕਰਹੁ = ਤੁਸੀ ਕਰਦੇ ਹੋ। ਪੁਰਖ = ਹੇ ਸਰਬ-ਵਿਆਪਕ! ਬਿਧਾਤੇ = ਹੇ ਸਿਰਜਣਹਾਰ!।1।

ਜੋਗ = ਜੋਗ-ਸਾਧਨ। ਗਿਆਨ = ਗਿਆਨ ਦੀਆਂ ਗੱਲਾਂ। ਧਿਆਨਾ = ਸਮਾਧੀਆਂ। ਗੁਨੀ = ਗੁਣਾਂ ਨਾਲ। ਰੀਝਾਵੈ = (ਪ੍ਰਭੂ ਨੂੰ ਜੀਵ) ਖ਼ੁਸ਼ ਕਰ ਸਕਦਾ ਹੈ। ਕਵਨ = ਕਿਹੜੇ? ਨਿਜ = ਆਪਣਾ, ਪਿਆਰਾ। ਰੰਗੁ = ਪਿਆਰ ਦਾ ਰੰਗ। ਲਾਵੈ = ਲਾਂਦਾ ਹੈ, ਚਾੜ੍ਹਦਾ ਹੈ।2।

ਸਾਈ = ਉਹੀ {ਲਫ਼ਜ਼ 'ਸੋਈ' ਪੁਲਿੰਗ ਲਫ਼ਜ਼ 'ਸਾਈ' ਇਸਤ੍ਰੀ ਲਿੰਗ}। ਜਿਤੁ = ਜਿਸ ਦੀ ਰਾਹੀਂ। ਨਿਮਖ = ਅੱਖ ਝਮਕਣ ਜਿਤਨਾ ਸਮਾ। ਬਿਸਰਾਵੈ = ਭੁਲਾਂਦਾ। ਸੰਤ ਸੰਗਿ = ਗੁਰੂ (ਦੇ ਚਰਨਾਂ) ਨਾਲ। ਲਗਿ = ਲੱਗ ਕੇ। ਸਦ = ਸਦਾ।3।

ਮੰਗਲਾ ਰੂਪ = ਆਨੰਦ-ਸਰੂਪ ਪ੍ਰਭੂ। ਆਨ = {ANX} ਹੋਰ। ਦਿਸਟਾਵੈ = ਨਜ਼ਰੀਂ ਆਉਂਦਾ, ਦਿੱਸਦਾ। ਮੋਰਚਾ = ਜੰਗਾਲ, ਮਨ ਉਤੇ ਚੜ੍ਹਿਆ ਹੋਇਆ ਵਿਕਾਰਾਂ ਦਾ ਜੰਗਾਲ। ਗੁਰਿ = ਗੁਰੂ ਨੇ। ਤਹ = ਉਹ। ਕਹ = ਕਿੱਥੇ?।4।

ਅਰਥ: ਹੇ ਪਰਮਾਤਮਾ! ਮੈਂ ਇਹ ਤਾਂ ਨਹੀਂ ਜਾਣਦਾ ਕਿ ਤੈਨੂੰ ਕੀਹ ਚੰਗਾ ਲੱਗਦਾ ਹੈ (ਭਾਵ, ਮੇਰੀ ਤਾਂਘ ਪਸੰਦ ਹੈ ਜਾਂ ਨਹੀਂ, ਪਰ) ਮੇਰੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਬਹੁਤ ਹੈ।1। ਰਹਾਉ।

ਹੇ ਸਰਬ-ਵਿਆਪਕ! ਹੇ ਸਿਰਜਣਹਾਰ! ਉਹੀ ਮਨੁੱਖ ਉੱਚੇ ਆਤਮਕ ਜੀਵਨ ਦੀ ਸੂਝ ਵਾਲਾ ਹੈ, ਉਹੀ ਮਨੁੱਖ ਤੇਰਾ ਸੇਵਕ ਹੈ, ਜਿਸ ਉੱਤੇ ਤੇਰੀ ਖ਼ੁਸ਼ੀ ਹੁੰਦੀ ਹੈ। ਹੇ ਪ੍ਰਭੂ! ਜਿਸ ਉੱਤੇ ਤੂੰ ਮਿਹਰ ਕਰਦਾ ਹੈਂ, ਉਹ ਤੈਨੂੰ ਸਦਾ ਹੀ ਸਿਮਰਦਾ ਰਹਿੰਦਾ ਹੈ।1।

ਹੇ ਭਾਈ! ਉਹ ਕਿਹੜੇ ਜੋਗ-ਸਾਧਨ ਹਨ? ਕਿਹੜੀਆਂ ਗਿਆਨ ਦੀਆਂ ਗੱਲਾਂ ਹਨ? ਕਿਹੜੀਆਂ ਸਮਾਧੀਆਂ ਹਨ? ਕਿਹੜੇ ਗੁਣ ਹਨ ਜਿਨ੍ਹਾਂ ਨਾਲ ਕੋਈ ਮਨੁੱਖ ਪਰਮਾਤਮਾ ਨੂੰ ਪ੍ਰਸੰਨ ਕਰ ਸਕਦਾ ਹੈ? (ਮਨੁੱਖ ਦੇ ਆਪਣੇ ਇਹੋ ਜਿਹੇ ਕੋਈ ਜਤਨ ਕਾਮਯਾਬ ਨਹੀਂ ਹੁੰਦੇ) । ਉਹੀ ਮਨੁੱਖ ਪ੍ਰਭੂ ਦਾ ਸੇਵਕ ਹੈ, ਉਹੀ ਮਨੁੱਖ ਪ੍ਰਭੂ ਦਾ ਪਿਆਰਾ ਭਗਤ ਹੈ, ਜਿਸ ਉਤੇ ਉਹ ਆਪ ਆਪਣੇ ਪਿਆਰ ਦਾ ਰੰਗ ਚਾੜ੍ਹਦਾ ਹੈ।2।

ਹੇ ਭਾਈ! ਉਹੀ ਸਮਝ (ਚੰਗੀ ਹੈ) , ਉਹੀ ਬੁੱਧੀ ਤੇ ਸਿਆਣਪ (ਚੰਗੀ ਹੈ) , ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਨੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਭੁਲਾਂਦਾ। (ਹੇ ਭਾਈ! ਜਿਸ ਮਨੁੱਖ ਨੇ) ਗੁਰੂ ਦੇ ਚਰਨਾਂ ਵਿਚ ਬੈਠ ਕੇ ਇਹ (ਹਰਿ-ਨਾਮ-ਸਿਮਰਨ) ਸੁਖ ਹਾਸਲ ਕਰ ਲਿਆ, ਉਹ ਸਦਾ ਹੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।3।

ਹੇ ਭਾਈ! ਜਿਸ ਮਨੁੱਖ ਨੇ ਅਚਰਜ-ਰੂਪ ਮਹਾਂ ਆਨੰਦ-ਰੂਪ ਪਰਮਾਤਮਾ ਦਾ ਦਰਸਨ ਕਰ ਲਿਆ, ਉਸ ਨੂੰ (ਉਸ ਵਰਗੀ) ਕੋਈ ਹੋਰ ਚੀਜ਼ ਨਹੀਂ ਦਿੱਸਦੀ। ਹੇ ਨਾਨਕ! ਆਖ - ਗੁਰੂ ਨੇ (ਜਿਸ ਮਨੁੱਖ ਦੇ ਮਨ ਤੋਂ ਵਿਕਾਰਾਂ ਦਾ) ਜੰਗਾਲ ਲਾਹ ਦਿੱਤਾ ਉਥੇ ਜਨਮ ਮਰਨ ਦਾ ਗੇੜ ਕਦੇ ਨੇੜੇ ਭੀ ਨਹੀਂ ਢੁਕ ਸਕਦਾ।4।1।

ਨਟ ਨਾਰਾਇਨ ਮਹਲਾ ੫ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਉਲਾਹਨੋ ਮੈ ਕਾਹੂ ਨ ਦੀਓ ॥ ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥ ਆਗਿਆ ਮਾਨਿ ਜਾਨਿ ਸੁਖੁ ਪਾਇਆ ਸੁਨਿ ਸੁਨਿ ਨਾਮੁ ਤੁਹਾਰੋ ਜੀਓ ॥ ਈਹਾਂ ਊਹਾ ਹਰਿ ਤੁਮ ਹੀ ਤੁਮ ਹੀ ਇਹੁ ਗੁਰ ਤੇ ਮੰਤ੍ਰੁ ਦ੍ਰਿੜੀਓ ॥੧॥ ਜਬ ਤੇ ਜਾਨਿ ਪਾਈ ਏਹ ਬਾਤਾ ਤਬ ਕੁਸਲ ਖੇਮ ਸਭ ਥੀਓ ॥ ਸਾਧਸੰਗਿ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ॥੨॥੧॥੨॥ {ਪੰਨਾ 978}

ਪਦ ਅਰਥ: ਉਲਾਹਨੋ = ਉਲਾਹਮਾ, ਗਿਲਾ। ਕਾਹੂ = ਕਿਸੇ ਨੂੰ ਭੀ। ਤੁਹਾਰੋ ਕੀਓ = ਤੇਰਾ ਕੀਤਾ (ਹਰੇਕ ਕੰਮ) । ਮਨ ਮੀਠ = ਮਨ ਨੂੰ ਮਿੱਠਾ (ਲੱਗਾ) ।1। ਰਹਾਉ।

ਮਾਨਿ = ਮੰਨ ਕੇ। ਆਗਿਆ = (ਤੇਰੀ) ਰਜ਼ਾ। ਜਾਨਿ = ਸਮਝ ਕੇ। ਸੁਨਿ = ਸੁਣ ਕੇ। ਜੀਓ = ਮੈਂ ਆਤਮਕ ਜੀਵਨ ਲੱਭ ਲਿਆ ਹੈ। ਈਹਾਂ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਤੇ = ਤੋਂ, ਪਾਸੋਂ। ਮੰਤ੍ਰੁ = ਉਪਦੇਸ਼। ਦ੍ਰਿੜੀਓ = (ਹਿਰਦੇ ਵਿਚ) ਪੱਕਾ ਕਰ ਲਿਆ ਹੈ।

ਜਬ ਤੇ = ਜਦ ਤੋਂ। ਜਾਨਿ ਪਾਈ = ਸਮਝ ਲਈ ਹੈ। ਕੁਸਲ = ਸੁਖ। ਖੇਮ = ਆਨੰਦ। ਸਭ = ਹਰੇਕ ਕਿਸਮ ਦਾ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਪਰਗਾਸਿਓ = (ਉੱਚੇ ਆਤਮਕ ਜੀਵਨ ਦਾ) ਇਹ ਚਾਨਣ ਕੀਤਾ ਹੈ। ਆਨ = {ANX} ਹੋਰ। ਰੇ = ਹੇ ਭਾਈ! ਬੀਓ = ਕੋਈ ਦੂਜਾ।2।

ਅਰਥ: (ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਤਦੋਂ ਤੋਂ) ਤੇਰਾ ਕੀਤਾ (ਹਰੇਕ ਕੰਮ) ਮੇਰੇ ਮਨ ਨੂੰ ਮਿੱਠਾ ਲੱਗਣ ਲੱਗ ਪਿਆ ਹੈ, (ਜਦੋਂ ਤੋਂ ਕਿਸੇ ਵਲੋਂ ਕਿਸੇ ਵਧੀਕੀ ਦਾ) ਉਲਾਹਮਾ ਮੈਂ ਕਿਸੇ ਨੂੰ ਕਦੇ ਨਹੀਂ ਦਿੱਤਾ।1। ਰਹਾਉ।

ਹੇ ਪ੍ਰਭੂ! ਤੇਰੀ ਰਜ਼ਾ ਨੂੰ (ਮਿੱਠੀ) ਮੰਨ ਕੇ, ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸੁਖ ਹਾਸਲ ਕਰ ਲਿਆ ਹੈ, ਤੇਰਾ ਨਾਮ ਸੁਣ ਸੁਣ ਕੇ ਮੈਂ ਉੱਚਾ ਆਤਮਕ ਜੀਵਨ ਹਾਸਲ ਕਰ ਲਿਆ ਹੈ। ਮੈਂ ਗੁਰੂ ਪਾਸੋਂ ਇਹ ਉਪਦੇਸ਼ (ਲੈ ਕੇ ਆਪਣੇ ਮਨ ਵਿਚ) ਪੱਕਾ ਕਰ ਲਿਆ ਹੈ ਕਿ ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਹੀ ਸਿਰਫ਼ ਤੂੰ ਹੀ (ਮੇਰਾ ਸਹਾਈ ਹੈਂ) ।1।

ਹੇ ਭਾਈ! ਜਦੋਂ ਤੋਂ (ਗੁਰੂ ਪਾਸੋਂ) ਮੈਂ ਇਹ ਗੱਲ ਸਮਝੀ ਹੈ, ਤਦੋਂ ਤੋਂ (ਮੇਰੇ ਅੰਦਰ) ਹਰੇਕ ਕਿਸਮ ਦਾ ਸੁਖ-ਆਨੰਦ ਬਣਿਆ ਰਹਿੰਦਾ ਹੈ। ਹੇ ਨਾਨਕ! (ਆਖ - ਹੇ ਭਾਈ! ਸਾਧ ਸੰਗਤਿ ਵਿਚ (ਗੁਰੂ ਨੇ ਮੇਰੇ ਅੰਦਰ ਆਤਮਕ ਜੀਵਨ ਦਾ ਇਹ) ਚਾਨਣ ਕਰ ਦਿੱਤਾ ਹੈ ਕਿ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ (ਕੁਝ ਭੀ ਕਰਨ-ਜੋਗਾ) ਨਹੀਂ ਹੈ।2।1।2।

ਨਟ ਮਹਲਾ ੫ ॥ ਜਾ ਕਉ ਭਈ ਤੁਮਾਰੀ ਧੀਰ ॥ ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ ਨਿਕਸੀ ਹਉਮੈ ਪੀਰ ॥੧॥ ਰਹਾਉ ॥ ਤਪਤਿ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ ॥ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ॥੧॥ ਖੁਲੇ ਭ੍ਰਮ ਭੀਤਿ ਮਿਲੇ ਗੋਪਾਲਾ ਹੀਰੈ ਬੇਧੇ ਹੀਰ ॥ ਬਿਸਮ ਭਏ ਨਾਨਕ ਜਸੁ ਗਾਵਤ ਠਾਕੁਰ ਗੁਨੀ ਗਹੀਰ ॥੨॥੨॥੩॥ {ਪੰਨਾ 978-979}

ਪਦ ਅਰਥ: ਜਾ ਕਉ = ਜਿਸ (ਮਨੁੱਖ) ਨੂੰ। ਧੀਰ = ਧੀਰਜ, ਹੌਸਲਾ। ਤ੍ਰਾਸ = ਸਹਿਮ, ਡਰ। ਨਿਕਸੀ = ਨਿਕਲ ਗਈ। ਪੀਰ = ਪੀੜ, ਚੋਭ।1। ਰਹਾਉ।

ਤਪਤਿ = (ਤ੍ਰਿਸ਼ਨਾ ਦੀ) ਤਪਸ਼। ਅੰਮ੍ਰਿਤ ਬਾਨੀ = ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਨੇ। ਤ੍ਰਿਪਤੇ = ਰੱਜ ਗਏ। ਬਾਰਿਕ = ਬਾਲਕ। ਖੀਰ = ਦੁੱਧ {˜Ir}। ਸਹਾਈ = ਮਦਦਗਾਰ। ਬੀਰ = ਵੀਰ, ਭਰਾ।1।

ਭ੍ਰਮ = ਭਰਮ, ਭਟਕਣ। ਭੀਤਿ = ਭਿੱਤ, ਕਿਵਾੜ, ਪੜਦੇ। ਬੇਧੇ = ਵਿੰਨ੍ਹ ਲਿਆ। ਬਿਸਮ = ਆਨੰਦ-ਭਰਪੂਰ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਗੁਨੀ ਗਹੀਰ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ।2।

ਅਰਥ: ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰੀ ਦਿੱਤੀ ਧੀਰਜ ਮਿਲ ਗਈ, ਉਸ ਦੇ ਅੰਦਰੋਂ ਮੌਤ ਦਾ ਹਰ ਵੇਲੇ ਦਾ ਸਹਿਮ ਮਿਟ ਗਿਆ, ਉਸ ਨੇ ਆਤਮਕ ਆਨੰਦ ਹਾਸਲ ਕਰ ਲਿਆ, ਉਸ ਦੇ ਮਨ ਵਿਚੋਂ ਹਉਮੈ ਦੀ ਚੋਭ ਭੀ ਨਿਕਲ ਗਈ।1। ਰਹਾਉ।

(ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਅੰਦਰੋਂ) ਸਤਿਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਨੇ ਮਾਇਆ ਦੀ ਤ੍ਰਿਸ਼ਨਾ ਦੀ ਤਪਸ਼ ਬੁਝਾ ਦਿੱਤੀ, ਉਹ (ਮਾਇਆ ਵਲੋਂ) ਇਉਂ ਰੱਜ ਗਏ, ਜਿਵੇਂ ਬਾਲਕ ਦੁੱਧ ਨਾਲ ਰੱਜਦੇ ਹਨ। ਹੇ ਭਾਈ! ਮੇਰੇ ਵਾਸਤੇ ਭੀ ਸੰਤ ਜਨ ਹੀ ਮਾਪੇ ਹਨ, ਸੰਤ ਜਨ ਹੀ ਸੱਜਣ ਭਰਾ ਮਦਦਗਾਰ ਹਨ।1।

ਹੇ ਨਾਨਕ! ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਗੁਣ ਗਾਣ ਵਾਲੇ ਮਨੁੱਖ) ਆਨੰਦ-ਮਗਨ ਹੀ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ ਮਾਇਆ ਦੇ ਪਿੱਛੇ) ਭਟਕਦੇ ਫਿਰਨ ਦੇ ਭਿੱਤ ਖੁਲ੍ਹ ਜਾਂਦੇ ਹਨ, ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਮਿਲ ਪੈਂਦਾ ਹੈ, (ਪ੍ਰਭੂ ਉਹਨਾਂ ਦੀ ਜਿੰਦ ਨੂੰ ਆਪਣੇ ਚਰਨਾਂ ਵਿਚ ਇਉਂ ਜੋੜ ਲੈਂਦਾ ਹੈ ਜਿਵੇਂ) ਹੀਰੇ ਨੂੰ ਹੀਰਾ ਵਿੰਨ੍ਹ ਲੈਂਦਾ ਹੈ।2। 2।3।

TOP OF PAGE

Sri Guru Granth Darpan, by Professor Sahib Singh