ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 982

ਲਗਿ ਲਗਿ ਪ੍ਰੀਤਿ ਬਹੁ ਪ੍ਰੀਤਿ ਲਗਾਈ ਲਗਿ ਸਾਧੂ ਸੰਗਿ ਸਵਾਰੇ ॥ ਗੁਰ ਕੇ ਬਚਨ ਸਤਿ ਸਤਿ ਕਰਿ ਮਾਨੇ ਮੇਰੇ ਠਾਕੁਰ ਬਹੁਤੁ ਪਿਆਰੇ ॥੬॥ ਪੂਰਬਿ ਜਨਮਿ ਪਰਚੂਨ ਕਮਾਏ ਹਰਿ ਹਰਿ ਹਰਿ ਨਾਮਿ ਪਿਆਰੇ ॥ ਗੁਰ ਪ੍ਰਸਾਦਿ ਅੰਮ੍ਰਿਤ ਰਸੁ ਪਾਇਆ ਰਸੁ ਗਾਵੈ ਰਸੁ ਵੀਚਾਰੇ ॥੭॥ ਹਰਿ ਹਰਿ ਰੂਪ ਰੰਗ ਸਭਿ ਤੇਰੇ ਮੇਰੇ ਲਾਲਨ ਲਾਲ ਗੁਲਾਰੇ ॥ ਜੈਸਾ ਰੰਗੁ ਦੇਹਿ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੇ ॥੮॥੩॥ {ਪੰਨਾ 982}

ਪਦ ਅਰਥ: ਲਗਿ = (ਗੁਰੂ ਦੀ ਚਰਨੀਂ) ਲੱਗ ਕੇ। ਲਗਿ ਲਗਿ = ਮੁੜ ਮੁੜ ਲੱਗ ਕੇ। ਪ੍ਰੀਤਿ ਲਗਾਈ = (ਆਪਣੇ ਹਿਰਦੇ ਵਿਚ) ਪ੍ਰੀਤਿ ਪੈਦਾ ਕੀਤੀ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਸਵਾਰੇ = ਆਪਣੇ ਜੀਵਨ ਚੰਗੇ ਬਣਾ ਲਏ। ਸਤਿ ਕਰਿ = ਸੱਚੇ ਜਾਣ ਕੇ। ਮਾਨੇ = ਮੰਨ ਲਏ।6।

ਪੂਰਬਿ ਜਨਮਿ = ਪਹਿਲੇ ਜਨਮ ਵਿਚ। ਪਰਚੂਨ = ਥੋਹੜੇ ਥੋਹੜੇ (ਸ਼ੁਭ ਕਰਮ) । ਨਾਮਿ = ਨਾਮ ਵਿਚ। ਪਿਆਰੇ = ਪਿਆਰ ਕਰਦਾ ਹੈ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।7।

ਹਰਿ = ਹੇ ਹਰੀ! ਸਭਿ = ਸਾਰੇ। ਲਾਲਨ = ਹੇ ਲਾਲ! ਲਾਲ ਗੁਲਾਰੇ = ਹੇ ਸੋਹਣੇ ਲਾਲ! ਦੇਹਿ = ਤੂੰ ਦੇਂਦਾ ਹੈਂ। ਸੋ = ਉਹੀ ਰੰਗ। ਕਿਆ = ਕੀਹ ਪਾਂਇਆਂ ਹੈ?।8।

ਅਰਥ: (ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ) ਮੁੜ ਮੁੜ (ਗੁਰੂ ਦੀ ਚਰਨੀਂ) ਲੱਗ ਕੇ (ਆਪਣੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ) ਬਹੁਤ ਪ੍ਰੀਤਿ ਪੈਦਾ ਕਰ ਲਈ, ਗੁਰੂ ਦੀ ਸੰਗਤਿ ਵਿਚ ਰਹਿ ਕੇ ਆਪਣੇ ਜੀਵਨ ਚੰਗੇ ਬਣਾ ਲਏ, ਗੁਰੂ ਦੇ ਬਚਨਾਂ ਉਤੇ ਪੂਰੀ ਸਰਧਾ ਬਣਾ ਲਈ, ਉਹ ਮਨੁੱਖ ਪਰਮਾਤਮਾ ਨੂੰ ਬਹੁਤ ਪਿਆਰੇ ਲੱਗਦੇ ਹਨ।6।

ਹੇ ਭਾਈ! ਪੂਰਬਲੇ ਜਨਮ ਵਿਚ ਜਿਸ ਮਨੁੱਖ ਨੇ ਥੋੜੇ ਥੋੜੇ ਸ਼ੁਭ ਕਰਮ ਕਮਾਏ, (ਉਹਨਾਂ ਦੀ ਬਰਕਤਿ ਨਾਲ ਹੁਣ ਭੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਾਇਆ, ਗੁਰੂ ਦੀ ਕਿਰਪਾ ਨਾਲ ਉਸ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲੱਭ ਲਿਆ। ਉਹ ਮਨੁੱਖ (ਸਦਾ) ਨਾਮ-ਰਸ ਨੂੰ ਸਲਾਹੁੰਦਾ ਹੈ, ਨਾਮ-ਰਸ ਨੂੰ ਹੀ ਹਿਰਦੇ ਵਿਚ ਵਸਾਂਦਾ ਹੈ।7।

ਹੇ ਨਾਨਕ! (ਆਖ-) ਹੇ ਹਰੀ! ਹੇ ਲਾਲ! ਹੇ ਸੋਹਣੇ ਲਾਲ! (ਸਭ ਜੀਅ ਜੰਤ) ਸਾਰੇ ਤੇਰੇ ਹੀ ਰੂਪ ਹਨ ਤੇਰੇ ਹੀ ਰੰਗ ਹਨ। ਜਿਹੋ ਜਿਹਾ ਰੰਗ ਤੂੰ (ਕਿਸੇ ਜੀਵ ਨੂੰ) ਦੇਂਦਾ ਹੈਂ (ਉਸ ਉਤੇ) ਉਹੋ ਜਿਹਾ ਰੰਗ ਹੀ ਚੜ੍ਹਦਾ ਹੈ। ਇਹਨਾਂ ਵਿਚਾਰੇ ਜੀਵਾਂ ਦੀ ਆਪਣੀ ਕੋਈ ਪਾਂਇਆਂ ਨਹੀਂ ਹੈ।8।3।

ਨਟ ਮਹਲਾ ੪ ॥ ਰਾਮ ਗੁਰ ਸਰਨਿ ਪ੍ਰਭੂ ਰਖਵਾਰੇ ॥ ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ ॥੧॥ ਰਹਾਉ ॥ ਪ੍ਰਭ ਕੇ ਸੇਵਕ ਬਹੁਤੁ ਅਤਿ ਨੀਕੇ ਮਨਿ ਸਰਧਾ ਕਰਿ ਹਰਿ ਧਾਰੇ ॥ ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ ਜਨ ਕੀ ਪੈਜ ਸਵਾਰੇ ॥੧॥ ਹਰਿ ਹਰਿ ਸੇਵਕੁ ਸੇਵਾ ਲਾਗੈ ਸਭੁ ਦੇਖੈ ਬ੍ਰਹਮ ਪਸਾਰੇ ॥ ਏਕੁ ਪੁਰਖੁ ਇਕੁ ਨਦਰੀ ਆਵੈ ਸਭ ਏਕਾ ਨਦਰਿ ਨਿਹਾਰੇ ॥੨॥ ਹਰਿ ਪ੍ਰਭੁ ਠਾਕੁਰੁ ਰਵਿਆ ਸਭ ਠਾਈ ਸਭੁ ਚੇਰੀ ਜਗਤੁ ਸਮਾਰੇ ॥ ਆਪਿ ਦਇਆਲੁ ਦਇਆ ਦਾਨੁ ਦੇਵੈ ਵਿਚਿ ਪਾਥਰ ਕੀਰੇ ਕਾਰੇ ॥੩॥ ਅੰਤਰਿ ਵਾਸੁ ਬਹੁਤੁ ਮੁਸਕਾਈ ਭ੍ਰਮਿ ਭੂਲਾ ਮਿਰਗੁ ਸਿੰਙ੍ਹਾਰੇ ॥ ਬਨੁ ਬਨੁ ਢੂਢਿ ਢੂਢਿ ਫਿਰਿ ਥਾਕੀ ਗੁਰਿ ਪੂਰੈ ਘਰਿ ਨਿਸਤਾਰੇ ॥੪॥ {ਪੰਨਾ 982}

ਪਦ ਅਰਥ: ਰਾਮ = ਹੇ ਰਾਮ! ਪ੍ਰਭੂ = ਹੇ ਪ੍ਰਭੂ! ਰਖਵਾਰੇ = ਤੂੰ ਰਾਖਾ ਬਣਦਾ ਹੈਂ। ਕੁੰਚਰੁ = ਗਜ, ਹਾਥੀ (ਸਰਾਪ ਨਾਲ ਗੰਧਰਬ ਤੋਂ ਬਣਿਆ ਹੋਇਆ ਹਾਥੀ) । ਤਦੂਐ = ਤੰਦੂਏ ਨੇ। ਪਕਰਿ = ਫੜ ਕੇ। ਊਪਰੁ = ਉੱਚਾ {ਵਿਸ਼ੇਸ਼ਣ}। ਕਢਿ = ਕੱਢ ਕੇ। ਨਿਸਤਾਰੇ = ਬਚਾ ਲਿਆ।1। ਰਹਾਉ।

ਅਤਿ ਨੀਕੇ = ਬਹੁਤ ਸੋਹਣੇ। ਮਨਿ = ਮਨ ਵਿਚ। ਕਰਿ = ਪੈਦਾ ਕਰ ਕੇ। ਧਾਰੇ = ਸਹਾਰਾ ਦੇਂਦਾ ਹੈ। ਪ੍ਰਭਿ = ਪ੍ਰਭੂ ਨੇ। ਮਨਿ = ਮਨ ਵਿਚ। ਭਾਵੈ = ਭਾਉਂਦਾ ਹੈ। ਪੈਜ = ਇੱਜ਼ਤ।1।

ਸਭੁ = ਹਰ ਥਾਂ। ਪਸਾਰੇ = ਪਸਾਰਾ, ਖਿਲਾਰਾ। ਪੁਰਖੁ = ਸਰਬ-ਵਿਆਪਕ ਪ੍ਰਭੂ। ਨਿਹਾਰੇ = ਵੇਖਦਾ ਹੈ।2।

ਰਵਿਆ = ਵਿਆਪਕ ਹੈ। ਠਾਈ = ਥਾਵਾਂ ਵਿਚ। ਸਭੁ ਜਗਤੁ = ਸਾਰਾ ਸੰਸਾਰ। ਚੇਰੀ = ਦਾਸੀ (ਵਾਂਗ) । ਸਮਾਰੇ = ਸੰਭਾਲਦਾ ਹੈ। ਦਾਨੁ ਦੇਵੈ = ਦਾਨ ਦੇਂਦਾ ਹੈ। ਕੀਰੇ ਕਾਰੇ = ਕੀਰੇ ਕਰੇ, ਕੀੜੇ ਪੈਦਾ ਕੀਤੇ।3।

ਵਾਸੁ = ਸੁਗੰਧੀ। ਮੁਸਕਾਈ = ਕਸਤੂਰੀ ਦੀ। ਭ੍ਰਮਿ = ਭੁਲੇਖੇ ਵਿਚ। ਭੂਲਾ = ਕੁਰਾਹੇ ਪਿਆ ਹੋਇਆ। ਮਿਰਗੁ = ਹਰਨ। ਸਿੰਙ੍ਹਾਰੇ = ਸਿੰਙ ਮਾਰਦਾ ਫਿਰਦਾ ਹੈ, ਸੁੰਘਦਾ ਫਿਰਦਾ ਹੈ। ਬਨੁ ਬਨੁ = ਹਰੇਕ ਜੰਗਲ। ਫਿਰਿ = ਫਿਰ ਕੇ, ਭਟਕ ਕੇ। ਗੁਰਿ ਪੂਰੈ = ਪੂਰੇ ਗੁਰੂ ਨੇ। ਘਰਿ = ਘਰ ਵਿਚ।4।

ਅਰਥ: ਹੇ ਮੇਰੇ ਰਾਮ! ਹੇ ਮੇਰੇ ਪ੍ਰਭੂ! (ਜਿਸ ਉੱਤੇ ਭੀ ਮਿਹਰ ਕਰਦਾ ਹੈਂ ਉਸ ਨੂੰ) ਗੁਰੂ ਦੀ ਸਰਨੀ ਪਾ ਕੇ (ਵਿਕਾਰਾਂ ਵਲੋਂ ਉਸ ਦਾ) ਰਾਖਾ ਬਣਦਾ ਹੈਂ, ਜਿਵੇਂ ਜਦੋਂ ਤੰਦੂਏ ਨੇ ਗਜ ਨੂੰ ਫੜ ਕੇ ਖਿਚ ਲਿਆ ਸੀ, ਤਾਂ ਤੂੰ ਉਸ ਨੂੰ ਉੱਚਾ ਕਰ ਕੇ ਕੱਢ ਕੇ (ਤੰਦੂਏ ਦੀ ਫਾਹੀ ਤੋਂ) ਬਚਾ ਲਿਆ ਸੀ।1। ਰਹਾਉ।

ਹੇ ਭਾਈ! ਪ੍ਰਭੂ ਦੇ ਭਗਤ ਬਹੁਤ ਸੋਹਣੇ ਜੀਵਨ ਵਾਲੇ ਹੁੰਦੇ ਹਨ, ਪ੍ਰਭੂ (ਉਹਨਾਂ ਦੇ ਮਨ ਵਿਚ) ਸਰਧਾ ਪੈਦਾ ਕਰ ਕੇ ਉਹਨਾਂ ਨੂੰ (ਆਪਣੇ ਨਾਮ ਦਾ) ਸਹਾਰਾ ਦੇਂਦਾ ਹੈ। ਹੇ ਭਾਈ! ਪ੍ਰਭੂ ਨੇ ਆਪ ਹੀ (ਆਪਣੇ ਸੇਵਕ ਦੇ ਅੰਦਰ) ਸਰਧਾ-ਭਗਤੀ ਪੈਦਾ ਕੀਤੀ ਹੁੰਦੀ ਹੈ, ਸੇਵਕ ਉਸ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਪ੍ਰਭੂ ਆਪ ਹੀ ਸੇਵਕ ਦੀ ਇੱਜ਼ਤ ਬਚਾਂਦਾ ਹੈ।1।

ਹੇ ਭਾਈ! ਪ੍ਰਭੂ ਦਾ ਜਿਹੜਾ ਸੇਵਕ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗਦਾ ਹੈ, ਉਹ ਹਰ ਥਾਂ ਪ੍ਰਭੂ ਦਾ ਹੀ ਪਸਾਰਾ ਵੇਖਦਾ ਹੈ, ਉਸ ਨੂੰ ਉਹੀ ਸਰਬ-ਵਿਆਪਕ ਹਰ ਥਾਂ ਦਿੱਸਦਾ ਹੈ (ਉਸ ਨੂੰ ਦਿੱਸਦਾ ਹੈ ਕਿ) ਪ੍ਰਭੂ ਆਪ ਹੀ ਸਭ ਜੀਵਾਂ ਉਤੇ ਮਿਹਰ ਦੀ ਨਿਗਾਹ ਨਾਲ ਤੱਕ ਰਿਹਾ ਹੈ।2।

ਹੇ ਭਾਈ! ਮਾਲਕ ਹਰੀ ਪ੍ਰਭੂ ਸਭ ਥਾਵਾਂ ਵਿਚ ਭਰਪੂਰ ਹੈ, ਦਾਸੀ ਵਾਂਗ ਸਾਰੇ ਜਗਤ ਨੂੰ ਸੰਭਾਲਦਾ ਹੈ। ਦਇਆ ਦਾ ਸੋਮਾ ਪ੍ਰਭੂ ਆਪ ਹੀ ਸਭ ਜੀਵਾਂ ਉਤੇ ਦਇਆ ਕਰਦਾ ਹੈ, ਸਭਨਾਂ ਨੂੰ ਦਾਨ ਦੇਂਦਾ ਹੈ, ਪੱਥਰਾਂ ਵਿਚ ਭੀ ਉਹ ਆਪ ਹੀ ਕੀੜੇ ਪੈਦਾ ਕਰਦਾ ਹੈ (ਤੇ ਉਹਨਾਂ ਨੂੰ ਰਿਜ਼ਕ ਅਪੜਾਂਦਾ ਹੈ) ।3।

ਹੇ ਭਾਈ! (ਹਰਨ ਦੇ ਅੰਦਰ ਹੀ) ਕਸਤੂਰੀ ਦੀ ਬਹੁਤ ਸੁਗੰਧੀ ਮੌਜੂਦ ਹੁੰਦੀ ਹੈ, ਪਰ ਭੁਲੇਖੇ ਵਿਚ ਭੁੱਲ ਕੇ ਹਰਨ (ਉਸ ਸੁਗੰਧੀ ਦੀ ਖ਼ਾਤਰ ਝਾੜੀਆਂ ਵਿਚ) ਭਾਲ ਕਰਦਾ ਫਿਰਦਾ ਹੈ (ਇਹੀ ਹਾਲ ਜੀਵ-ਇਸਤ੍ਰੀ ਦਾ ਹੁੰਦਾ ਹੈ। ਪ੍ਰਭੂ ਤਾਂ ਇਸ ਦੇ ਅੰਦਰ ਹੀ ਵੱਸਦਾ ਹੈ, ਪਰ ਇਹ ਵਿਚਾਰੀ) ਜੰਗਲ ਜੰਗਲ ਢੂੰਢ ਢੂੰਢ ਕੇ ਭਟਕ ਭਟਕ ਕੇ ਥੱਕ ਜਾਂਦੀ ਹੈ। (ਆਖ਼ਰ) ਪੂਰੇ ਗੁਰੂ ਨੇ ਇਸ ਨੂੰ ਘਰ ਵਿਚ (ਹੀ ਵੱਸਦਾ ਪ੍ਰਭੂ ਵਿਖਾਇਆ ਤੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਇਆ।4।

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ ਸਭੁ ਹੈ ਬ੍ਰਹਮੁ ਬ੍ਰਹਮੁ ਹੈ ਪਸਰਿਆ ਮਨਿ ਬੀਜਿਆ ਖਾਵਾਰੇ ॥ ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ ॥੬॥ ਪ੍ਰਭ ਕਉ ਜਨੁ ਅੰਤਰਿ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ॥ ਕ੍ਰਿਪਾ ਕ੍ਰਿਪਾ ਕਰਿ ਭਗਤਿ ਦ੍ਰਿੜਾਏ ਜਨ ਪੀਛੈ ਜਗੁ ਨਿਸਤਾਰੇ ॥੭॥ ਆਪਨ ਆਪਿ ਆਪਿ ਪ੍ਰਭੁ ਠਾਕੁਰੁ ਪ੍ਰਭੁ ਆਪੇ ਸ੍ਰਿਸਟਿ ਸਵਾਰੇ ॥ ਜਨ ਨਾਨਕ ਆਪੇ ਆਪਿ ਸਭੁ ਵਰਤੈ ਕਰਿ ਕ੍ਰਿਪਾ ਆਪਿ ਨਿਸਤਾਰੇ ॥੮॥੪॥ {ਪੰਨਾ 982}

ਪਦ ਅਰਥ: ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਾਰੇ = ਸੰਭਾਲਦਾ ਹੈ, ਲੱਭਦਾ ਹੈ। ਗੁਰੁ ਕਹੈ– ਗੁਰੂ ਉਚਾਰਦਾ ਹੈ। ਮਾਨੈ = ਮੰਨਦਾ ਹੈ, ਸਰਧਾ ਬਣਾਂਦਾ ਹੈ। ਪਰਤਖਿ = ਪਰਗਟ ਤੌਰ ਤੇ, ਯਕੀਨੀ ਤੌਰ ਤੇ।5।

ਸਭੁ = ਹਰ ਥਾਂ। ਪਸਰਿਆ = ਵਿਆਪਕ। ਮਨਿ = ਮਨ ਵਿਚ। ਖਾਵਾਰੇ = ਖਾਂਦਾ ਹੈ। ਦੁਖਿਆ = ਦੁਖਾਇਆ। ਚੰਦ੍ਰਹਾਂਸੁ = ਇਕ ਰਾਜੇ ਦਾ ਲੜਕਾ ਜਿਸ ਨੂੰ ਧ੍ਰਿਸਟਬੁਧੀ ਨੇ ਮਰਵਾਣ ਦਾ ਜਤਨ ਕੀਤਾ, ਪਰ ਭੁਲੇਖੇ ਵਿਚ ਆਪਣੇ ਹੀ ਪੁੱਤਰ ਨੂੰ ਕਤਲ ਕਰ ਬੈਠਾ। ਲੂਕੀ = ਚੁਆਤੀ ਨਾਲ, ਅੱਗ ਨਾਲ। ਜਾਰੇ = ਸਾੜਦਾ ਹੈ।6।

ਕਉ = ਨੂੰ। ਅੰਤਰਿ ਰਿਦ = ਹਿਰਦੇ ਵਿਚ। ਲੋਚੈ = ਤਾਂਘਦਾ ਹੈ। ਸਾਸ = ਸਾਹ {ਬਹੁ-ਵਚਨ}। ਨਿਹਾਰੇ = ਤੱਕਦਾ ਹੈ। ਦ੍ਰਿੜਾਏ = ਪੱਕੇ ਤੌਰ ਤੇ ਟਿਕਾਂਦਾ ਹੈ। ਜਨ ਪੀਛੈ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ। ਨਿਸਤਾਰੇ = ਪਾਰ ਲੰਘਾਂਦਾ ਹੈ।7।

ਠਾਕੁਰੁ = ਮਾਲਕ। ਆਪੇ = ਆਪ ਹੀ। ਸ੍ਰਿਸਟਿ = ਜਗਤ, ਦੁਨੀਆ। ਸਭੁ = ਹਰ ਥਾਂ। ਵਰਤੈ = ਮੌਜੂਦ ਹੈ।8।

ਅਰਥ: (ਹੇ ਭਾਈ! ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿਚ) ਸਾਂਭ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।5।

ਹੇ ਭਾਈ! ਹਰ ਥਾਂ ਪਰਮਾਤਮਾ ਭਰਪੂਰ ਹੈ ਮੌਜੂਦ ਹੈ (ਪਰ ਜੀਵ ਨੂੰ ਇਹ ਸਮਝ ਨਹੀਂ ਆਉਂਦੀ, ਜੀਵ ਆਪਣੇ) ਮਨ ਵਿਚ ਬੀਜੇ ਕਰਮਾਂ ਦਾ ਫਲ ਖਾਂਦਾ ਹੈ (ਤੇ ਦੁੱਖੀ ਹੁੰਦਾ ਹੈ) , ਜਿਵੇਂ ਧ੍ਰਿਸਟਬੁਧੀ ਭਲੇ ਚੰਦ੍ਰਹਾਂਸ ਦਾ ਬੁਰਾ ਲੋਚਦਾ ਲੋਚਦਾ ਆਪਣੇ ਹੀ ਘਰ ਨੂੰ ਚੁਆਤੀ ਨਾਲ ਸਾੜ ਬੈਠਾ।6।

ਹੇ ਭਾਈ! ਪ੍ਰਭੂ ਦਾ ਭਗਤ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵੇਖਣ ਲਈ ਤਾਂਘਦਾ ਰਹਿੰਦਾ ਹੈ, ਪ੍ਰਭੂ (ਭੀ ਆਪਣੇ) ਸੇਵਕ-ਭਗਤ ਦੀ ਹਰ ਵੇਲੇ ਰੱਖਿਆ ਕਰਦਾ ਰਹਿੰਦਾ ਹੈ। ਹਰ ਵੇਲੇ ਮਿਹਰ ਕਰ ਕੇ ਪ੍ਰਭੂ ਆਪਣੇ ਭਗਤ ਦੇ ਹਿਰਦੇ ਵਿਚ ਆਪਣੀ ਭਗਤੀ ਦਾ ਭਾਵ ਪੱਕਾ ਕਰਦਾ ਰਹਿੰਦਾ ਹੈ, ਆਪਣੇ ਭਗਤ ਦੇ ਪੂਰਨਿਆਂ ਉਤੇ ਤੁਰਨ ਵਾਲੇ ਜਗਤ ਨੂੰ ਭੀ ਪਾਰ ਲੰਘਾਂਦਾ ਹੈ।7।

ਹੇ ਭਾਈ! ਮਾਲਕ-ਪ੍ਰਭੂ ਆਪਣੇ ਆਪ ਨੂੰ ਆਪ ਹੀ ਜਗਤ-ਰੂਪ ਵਿਚ ਪਰਗਟ ਕਰਦਾ ਹੈ, ਆਪ ਹੀ ਆਪਣੀ ਰਚੀ ਸ੍ਰਿਸ਼ਟੀ ਨੂੰ ਸੋਹਣੀ ਬਣਾਂਦਾ ਹੈ। ਹੇ ਦਾਸ ਨਾਨਕ! (ਆਖ-) ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਕਿਰਪਾ ਕਰ ਕੇ ਆਪ ਹੀ (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਕਰਦਾ ਹੈ।8।4।

ਨਟ ਮਹਲਾ ੪ ॥ ਰਾਮ ਕਰਿ ਕਿਰਪਾ ਲੇਹੁ ਉਬਾਰੇ ॥ ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ ॥੧॥ ਰਹਾਉ ॥ ਕਰਿ ਕਿਰਪਾ ਜਾਚਿਕ ਜਨ ਤੇਰੇ ਇਕੁ ਮਾਗਉ ਦਾਨੁ ਪਿਆਰੇ ॥ ਸਤਿਗੁਰ ਕੀ ਨਿਤ ਸਰਧਾ ਲਾਗੀ ਮੋ ਕਉ ਹਰਿ ਗੁਰੁ ਮੇਲਿ ਸਵਾਰੇ ॥੧॥ ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ ॥ ਮਿਲਿ ਸਤਸੰਗਤਿ ਪਰਮ ਪਦੁ ਪਾਇਆ ਕਢਿ ਮਾਖਨ ਕੇ ਗਟਕਾਰੇ ॥੨॥ {ਪੰਨਾ 982}

ਪਦ ਅਰਥ: ਰਾਮ = ਹੇ ਮੇਰੇ ਰਾਮ! ਲੇਹੁ ਉਬਾਰੇ = ਉਬਾਰਿ ਲੇਹੁ, ਮੈਨੂੰ ਬਚਾ ਲੈ। ਪਕਰਿ = ਫੜ ਕੇ। ਆਨੀ = ਲਿਆਂਦੀ। ਲਾਜ = ਸ਼ਰਮ। ਲਾਜ ਨਿਵਾਰੇ = ਨਗਨ ਹੋਣ ਦੀ ਸ਼ਰਮ ਤੋਂ ਬਚਾਇਆ।1। ਰਹਾਉ।

ਜਾਚਕ = ਮੰਗਤੇ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਪਿਆਰੇ = ਹੇ ਪਿਆਰੇ! ਨਿਤ = ਸਦਾ। ਸਰਧਾ = ਤਾਂਘ। ਸਤਿਗੁਰੂ ਕੀ ਸਰਧਾ = ਗੁਰੂ ਨੂੰ ਮਿਲਣ ਦੀ ਤਾਂਘ। ਮੋ ਕਉ = ਮੈਨੂੰ। ਹਰਿ = ਹੇ ਹਰੀ! ਗੁਰੁ ਮੇਲਿ = ਗੁਰੂ ਮਿਲਾ। ਸਵਾਰੇ = (ਮੇਰਾ ਜੀਵਨ) ਸਵਾਰ।1।

ਸਾਕਤ ਕਰਮ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਕੰਮ। ਮਥੀਐ = ਰਿੜਕੀਦਾ ਹੈ। ਝੋਲ ਝੁਲਾਰੇ = ਮੁੜ ਮੁੜ ਰਿੜਕਦਾ ਹੈ। ਮਿਲਿ = ਮਿਲ ਕੇ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ। ਕਢਿ = (ਦੁੱਧ ਵਿਚੋਂ) ਕੱਢ ਕੇ। ਗਟਕਾਰੇ = ਗਟਕਾਰੇ ਮਾਰਦਾ ਹੈ; ਸੁਆਦ ਲਾ ਲਾ ਕੇ ਖਾਂਦਾ ਹੈ।2।

ਅਰਥ: ਹੇ ਮੇਰੇ ਰਾਮ! ਮਿਹਰ ਕਰ, (ਮੈਨੂੰ ਵਿਕਾਰਾਂ ਦੇ ਹੱਲਿਆਂ ਤੋਂ) ਬਚਾ ਲੈ (ਉਸੇ ਤਰ੍ਹਾਂ ਬਚਾ ਲੈ) ਜਿਵੇਂ (ਜਦੋਂ) ਦੁਸ਼ਟਾਂ ਨੇ ਦ੍ਰੋਪਤੀ ਨੂੰ ਫੜ ਕੇ ਲਿਆਂਦਾ ਸੀ (ਤਦੋਂ) ਹੇ ਹਰੀ! ਤੂੰ ਉਸ ਨੂੰ ਨਗਨ ਹੋਣ ਦੀ ਸ਼ਰਮ ਤੋਂ ਬਚਾਇਆ ਸੀ।1। ਰਹਾਉ।

ਹੇ ਪਿਆਰੇ ਹਰੀ! ਮਿਹਰ ਕਰ, ਅਸੀਂ (ਤੇਰੇ ਦਰ ਦੇ) ਮੰਗਤੇ ਹਾਂ, ਮੈਂ (ਤੇਰੇ ਦਰ ਤੋਂ) ਇਕ ਦਾਨ ਮੰਗਦਾ ਹਾਂ। (ਮੇਰੇ ਮਨ ਵਿਚ) ਸਦਾ ਗੁਰੂ ਨੂੰ ਮਿਲਣ ਦੀ ਤਾਂਘ ਲੱਗੀ ਰਹਿੰਦੀ ਹੈ, ਹੇ ਹਰੀ! ਮੈਨੂੰ ਗੁਰੂ ਮਿਲਾ (ਤੇ ਮੇਰਾ ਜੀਵਨ) ਸਵਾਰ।1।

ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਕੰਮ (ਇਉਂ ਵਿਅਰਥ) ਹਨ ਜਿਵੇਂ ਪਾਣੀ ਰਿੜਕੀਦਾ ਹੈ। ਸਾਕਤ ਮਨੁੱਖ (ਮਾਨੋ) ਸਦਾ ਪਾਣੀ ਹੀ ਰਿੜਕਦਾ ਰਹਿੰਦਾ ਹੈ। ਪਰ ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ, ਉਹ (ਮਾਨੋ, ਦੁੱਧ ਵਿਚੋਂ) ਮੱਖਣ ਕੱਢ ਕੇ ਮੱਖਣ ਦੇ ਸੁਆਦ ਲਾਂਦਾ ਹੈ।2।

ਨਿਤ ਨਿਤ ਕਾਇਆ ਮਜਨੁ ਕੀਆ ਨਿਤ ਮਲਿ ਮਲਿ ਦੇਹ ਸਵਾਰੇ ॥ ਮੇਰੇ ਸਤਿਗੁਰ ਕੇ ਮਨਿ ਬਚਨ ਨ ਭਾਏ ਸਭ ਫੋਕਟ ਚਾਰ ਸੀਗਾਰੇ ॥੩॥ ਮਟਕਿ ਮਟਕਿ ਚਲੁ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਨ ਸਾਰੇ ॥ ਗੁਰਮੁਖਿ ਸੇਵਾ ਮੇਰੇ ਪ੍ਰਭ ਭਾਈ ਮੈ ਸਤਿਗੁਰ ਅਲਖੁ ਲਖਾਰੇ ॥੪॥ {ਪੰਨਾ 982-983}

ਪਦ ਅਰਥ: ਨਿਤ = ਸਦਾ। ਕਾਇਆ = ਸਰੀਰ। ਮਜਨੁ = ਇਸ਼ਨਾਨ। ਮਲਿ = ਮਲ ਕੇ। ਦੇਹ = ਸਰੀਰ। ਸਵਾਰੇ = ਸਵਾਰਦਾ ਹੈ, ਸਾਫ਼-ਸੁਥਰਾ ਬਣਾਂਦਾ ਹੈ। ਮਨਿ = ਮਨ ਵਿਚ। ਭਾਏ = ਚੰਗੇ ਲੱਗੇ। ਚਾਰ = ਸੁੰਦਰ। ਫੋਕਟ = ਫੋਕੇ, ਵਿਅਰਥ।3।

ਮਟਕਿ = ਮਟਕ ਕੇ, ਮੌਜ ਨਾਲ, ਆਤਮਕ ਅਡੋਲਤਾ ਵਿਚ। ਚਲੁ = ਤੁਰ, ਜੀਵਨ-ਸਫ਼ਰ ਵਿਚ ਤੁਰ। ਸਖੀ = ਹੇ ਸਖੀ! ਸਾਰੇ = ਸਾਰਿ, ਸੰਭਾਲ, ਹਿਰਦੇ ਵਿਚ ਵਸਾਈ ਰੱਖ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇਵਾ = ਭਗਤੀ। ਪ੍ਰਭ ਭਾਈ = ਪ੍ਰਭੂ ਨੂੰ ਚੰਗੀ ਲੱਗਦੀ ਹੈ। ਮੈ = ਮੈਨੂੰ (ਭੀ) । ਸਤਿਗੁਰ = ਹੇ ਗੁਰੂ! ਲਖਾਰੇ = ਲਖਾਰਿ, ਵਿਖਾ ਦੇ, ਸੂਝ ਬਖ਼ਸ਼। ਅਲਖੁ = ਉਹ ਪ੍ਰਭੂ ਜਿਸ ਦਾ ਸਹੀ ਸਰੂਪ ਬਿਆਨ ਨਾਹ ਹੋ ਸਕੇ।4।

ਅਰਥ: ਹੇ ਭਾਈ! ਜਿਹੜਾ ਮਨੁੱਖ ਸਦਾ ਸਰੀਰ ਦਾ ਇਸ਼ਨਾਨ ਕਰਦਾ ਰਿਹਾ, ਜੋ ਮਨੁੱਖ ਸਦਾ ਸਰੀਰ ਨੂੰ ਹੀ ਮਲ ਮਲ ਕੇ ਸਾਫ਼-ਸੁਥਰਾ ਬਣਾਂਦਾ ਰਹਿੰਦਾ ਹੈ, ਪਰ ਉਸ ਨੂੰ ਆਪਣੇ ਮਨ ਵਿਚ ਗੁਰੂ ਦੇ ਬਚਨ ਪਿਆਰੇ ਨਹੀਂ ਲੱਗਦੇ, ਉਸ ਦੇ ਇਹ ਸਾਰੇ (ਸਰੀਰਕ) ਸੋਹਣੇ ਸ਼ਿੰਗਾਰ ਫੋਕੇ ਹੀ ਰਹਿ ਜਾਂਦੇ ਹਨ।3।

ਹੇ ਸਖੀ! ਹੇ ਸਹੇਲੀ! ਮਾਲਕ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਈ ਰੱਖ, (ਤੇ ਇਸ ਤਰ੍ਹਾਂ) ਆਤਮਕ ਅਡੋਲਤਾ ਨਾਲ ਜੀਵਨ-ਸਫ਼ਰ ਵਿਚ ਤੁਰ। ਹੇ ਸਹੇਲੀਏ! ਗੁਰੂ ਦੀ ਸਰਨ ਪੈ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਹੇ ਸਤਿਗੁਰ! ਮੈਨੂੰ (ਭੀ) ਅਲੱਖ ਪ੍ਰਭੂ ਦੀ ਸੂਝ ਬਖ਼ਸ਼।4।

TOP OF PAGE

Sri Guru Granth Darpan, by Professor Sahib Singh