ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1106

ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ   ੴ ਸਤਿਗੁਰ ਪ੍ਰਸਾਦਿ ॥ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥ ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥੧॥ ਮਨ ਆਦਿ ਗੁਣ ਆਦਿ ਵਖਾਣਿਆ ॥ ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥ ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥ ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥੨॥੧॥ {ਪੰਨਾ 1106}

ਪਦ ਅਰਥ: ਚੰਦ = ਚੰਦ੍ਰਮਾ ਨਾੜੀ, "ਸੋਮ ਸਰ", ਖੱਬੀ ਨਾਸ ਦੀ ਨਾੜੀ। ਸਤ = {Skt. sÄv, ਸੱਤ੍ਵ} ਪ੍ਰਾਣ। ਭੇਦਿਆ = ਵਿੰਨ੍ਹ ਲਿਆ, ਚਾੜ੍ਹ ਲਏ (ਪ੍ਰਾਣ) । ਨਾਦ = ਸੁਖਮਨਾ। ਪੂਰਿਆ = (ਪ੍ਰਾਣ) ਰੋਕ ਲਏ। ਸੂਰ = ਸੱਜੀ ਸੁਰ। ਖੋੜਸਾ = ਸੋਲਾਂ ਵਾਰੀ (ਓਂ ਆਖ ਕੇ) । ਦਤੁ ਕੀਤਾ = (ਪ੍ਰਾਣ ਬਾਹਰ) ਕੱਢੇ। ਅਬਲ ਬਲੁ = (ਵਿਕਾਰਾਂ ਵਿਚ ਪੈਣ ਕਰਕੇ) ਕਮਜ਼ੋਰ ਮਨ ਦਾ (ਵਿਸ਼ੇ ਵਿਕਾਰਾਂ ਤੇ ਦੁਬਿਧਾ ਦ੍ਰਿਸ਼ਟੀ ਵਾਲਾ) ਬਲ। ਅਚਲ = ਅਮੋੜ। ਚਲੁ = ਚੰਚਲ ਸੁਭਾਉ। ਅਚਲ ਚਲੁ = ਅਮੋੜ ਮਨ ਦਾ ਸੁਭਾਉ। ਥਪਿਆ = ਰੋਕ ਲਿਆ। ਅਘੜੁ = ਅੱਲ੍ਹੜ ਮਨ। ਅਪਿਉ = ਅੰਮ੍ਰਿਤ।1।

ਮਨ = ਹੇ ਮਨ! ਆਦਿ ਗੁਣ = ਆਦਿ ਪ੍ਰਭੂ ਦੇ ਗੁਣ, ਜਗਤ ਦੇ ਮੂਲ ਪ੍ਰਭੂ ਦੇ ਗੁਣ। ਆਦਿ = ਆਦਿਕ। ਦੁਬਿਧਾ ਦ੍ਰਿਸਟਿ = ਮੇਰ-ਤੇਰ ਵਾਲੀ ਨਜ਼ਰ, ਵਿਤਕਰੇ ਵਾਲਾ ਸੁਭਾਉ। ਸੰਮਾਨਿਆ = ਪੱਧਰਾ ਹੋ ਜਾਂਦਾ ਹੈ।1। ਰਹਾਉ।

ਅਰਧਿ = ਅਰਾਧਣ-ਜੋਗ ਪ੍ਰਭੂ। ਸਰਧਿ = ਸਰਧਾ ਰੱਖਣ ਜੋਗ। ਸਲਲ = ਪਾਣੀ। ਬਦਤਿ = ਆਖਦਾ ਹੈ। ਜੈਦੇਵ = ਪਰਮਾਤਮਾ, ਉਹ ਦੇਵ ਜਿਸ ਦੀ ਸਦਾ ਜੈ ਹੁੰਦੀ ਹੈ। ਰੰਮਿਆ = ਸਿਮਰਿਆਂ। ਨਿਰਬਾਣੁ = ਵਾਸ਼ਨਾ ਰਹਿਤ। ਲਿਵਲੀਣੁ = ਆਪਣੇ ਆਪ ਵਿਚ ਮਸਤ ਪ੍ਰਭੂ।2।

ਨੋਟ: ਇਸ ਸ਼ਬਦ ਨਾਲ ਰਲਾ ਕੇ ਹੇਠ-ਲਿਖਿਆ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਪੜ੍ਹੋ। ਇਹ ਭੀ ਮਾਰੂ ਰਾਗ ਵਿਚ ਹੀ ਹੈ:

ਮਾਰੂ ਮਹਲਾ 1 ॥ ਸੂਰ ਸਰੁ ਸੋਸਿ ਲੈ, ਸੋਮ ਸਰੁ ਪੋਖਿ ਲੈ, ਜੁਗਤਿ ਕਰਿ ਮਰਤੁ, ਸੁ ਸਨਬੰਧੁ ਕੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ, ਉਡੈ ਨਹ ਹੰਸੁ, ਨਹ ਕੰਧੁ ਛੀਜੈ ॥1॥ ਮੂੜੇ ਕਾਇਚੇ ਭਰਮਿ ਭੁਲਾ ॥ ਨਹ ਚੀਨਿਆ ਪਰਮਾਨੰਦੁ ਬੈਰਾਗੀ ॥1॥ ਰਹਾਉ ॥ ਅਜਰ ਗਹੁ ਜਾਰਿ ਲੈ, ਅਮਰ ਗਹੁ ਮਾਰਿ ਲੈ, ਭ੍ਰਾਤਿ ਤਜਿ ਛੋਡਿ, ਤਉ ਅਪਿਉ ਪੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ, ਉਡੈ ਨਹ ਹੰਸੁ, ਨਹ ਕੰਧੁ ਛੀਜੈ ॥2॥ ਭਣਤਿ ਨਾਨਕੁ ਜਨੋ, ਰਵੈ ਜੇ ਹਰਿ ਮਨੋ, ਮਨ ਪਵਨ ਸਿਉ ਅੰਮ੍ਰਿਤੁ ਪੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ, ਉਡੈ ਨਹ ਹੰਸੁ, ਨਹ ਕੰਧੁ ਛੀਜੈ ॥3॥9॥ {ਪੰਨਾ 992}

ਦੋਵੇਂ ਸ਼ਬਦ ਮਾਰੂ ਰਾਗ ਵਿਚ ਹਨ; ਦੋਹਾਂ ਦੇ ਛੰਦ ਦੀ ਚਾਲ ਇਕੋ ਜਿਹੀ ਹੈ; ਕਈ ਲਫ਼ਜ਼ ਸਾਂਝੇ ਹਨ, ਜਿਵੇਂ 'ਸੂਰ, ਚੰਦ (ਸੋਮ) , ਅਪਿਉ'। "ਦੁਬਿਧਾ ਦ੍ਰਿਸਟਿ" ਦੇ ਟਾਕਰੇ ਤੇ "ਮੀਨ ਕੀ ਚਪਲ ਸਿਉ ਮਨੁ" ਹੈ। ਜੈਦੇਵ ਜੀ ਦੇ ਸ਼ਬਦ ਵਿਚ ਸਿਫ਼ਤਿ-ਸਾਲਾਹ ਕਰਨ ਦੇ ਲਾਭ ਦੱਸੇ ਹਨ, ਗੁਰੂ ਨਾਨਕ ਦੇਵ ਜੀ ਨੇ ਸਿਫ਼ਤਿ-ਸਾਲਾਹ ਕਰਨ ਦੀ 'ਜੁਗਤਿ' ਭੀ ਦੱਸੀ ਹੈ। ਜੈਦੇਵ ਜੀ ਮਨ ਨੂੰ ਸੰਬੋਧਨ ਕਰ ਕੇ ਆਖਦੇ ਹਨ ਕਿ ਜੇ ਤੂੰ ਸਿਫ਼ਤਿ-ਸਾਲਾਹ ਕਰੇਂ ਤਾਂ ਤੇਰੀ ਚੰਚਲਤਾ ਦੂਰ ਹੋ ਜਾਇਗੀ, ਸਤਿਗੁਰੂ ਜੀ ਜੀਵ ਨੂੰ ਉਪਦੇਸ਼ ਕਰਦੇ ਹਨ ਕਿ ਸਿਫ਼ਤਿ-ਸਾਲਾਹ ਦੀ 'ਜੁਗਤਿ' ਵਰਤਿਆਂ ਮਨ ਦੀ ਚੰਚਲਤਾ ਮਿਟ ਜਾਂਦੀ ਹੈ।

ਜਿਉਂ ਜਿਉਂ ਇਹਨਾਂ ਦੋਹਾਂ ਸ਼ਬਦਾਂ ਨੂੰ ਗਹੁ ਨਾਲ ਰਲਾ ਕੇ ਪੜ੍ਹੀਏ, ਡੂੰਘੀ ਸਾਂਝ ਦਿੱਸਦੀ ਹੈ, ਤੇ, ਇਸ ਨਤੀਜੇ ਉਤੇ ਅਪੜਨੋਂ ਰਹਿ ਨਹੀਂ ਸਕੀਦਾ ਕਿ ਆਪਣਾ ਇਹ ਸ਼ਬਦ ਉਚਾਰਨ ਵੇਲੇ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਭਗਤ ਜੈਦੇਵ ਜੀ ਦਾ ਸ਼ਬਦ ਮੌਜੂਦ ਸੀ। ਇਹ ਇਤਨੀ ਡੂੰਘੀ ਸਾਂਝ ਸਬਬ ਨਾਲ ਨਹੀਂ ਹੋ ਗਈ। ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਵਿਚ ਹਿੰਦੂ ਤੀਰਥਾਂ ਤੇ ਹੁੰਦੇ ਹੋਏ ਬੰਗਾਲ ਵਿਚ ਭੀ ਅੱਪੜੇ ਸਨ। ਭਗਤ ਜੈਦੇਵ ਜੀ ਬੰਗਾਲ ਦੇ ਰਹਿਣ ਵਾਲੇ ਸਨ। ਉਸ ਦੀ ਸੋਭਾ (ਜੋ ਜ਼ਰੂਰ ਉਸ ਦੇਸ ਵਿਚ ਖਿਲਰੀ ਹੋਈ ਹੋਵੇਗੀ) ਸੁਣ ਕੇ ਉਸ ਦੀ ਸੰਤਾਨ ਪਾਸੋਂ ਜਾਂ ਭਗਤ ਜੀ ਦੇ ਸ਼ਰਧਾਲੂਆਂ ਪਾਸੋਂ ਇਹ ਸ਼ਬਦ ਲਿਆ ਹੋਵੇਗਾ।

ਅਰਥ: ਹੇ ਮਨ! ਜਗਤ ਦੇ ਮੂਲ-ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਤੇਰਾ ਵਿਤਕਰੇ ਵਾਲਾ ਸੁਭਾਉ ਪੱਧਰਾ ਹੋ ਗਿਆ ਹੈ।1। ਰਹਾਉ।

(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਖੱਬੀ ਸੁਰ ਵਿਚ ਪ੍ਰਾਣ ਚੜ੍ਹ ਭੀ ਗਏ ਹਨ, ਸੁਖਮਨਾ ਵਿਚ ਅਟਕਾਏ ਭੀ ਗਏ ਹਨ, ਤੇ ਸੱਜੀ ਸੁਰ ਰਸਤੇ ਸੋਲਾਂ ਵਾਰੀ 'ਓਂ' ਆਖ ਕੇ (ਉਤਰ) ਭੀ ਆਏ ਹਨ (ਭਾਵ, ਪ੍ਰਾਣਾਯਾਮ ਦਾ ਸਾਰਾ ਉੱਦਮ ਸਿਫ਼ਤਿ-ਸਾਲਾਹ ਵਿਚ ਹੀ ਆ ਗਿਆ ਹੈ, ਸਿਫ਼ਤਿ-ਸਾਲਾਹ ਦੇ ਟਾਕਰੇ ਤੇ ਪ੍ਰਾਣ ਚਾੜ੍ਹਨ, ਟਿਕਾਣ ਅਤੇ ਉਤਾਰਨ ਵਾਲੇ ਸਾਧਨ ਪ੍ਰਾਣਾਯਾਮ ਦੀ ਲੋੜ ਹੀ ਨਹੀਂ ਰਹਿ ਗਈ) । (ਇਸ ਸਿਫ਼ਤਿ-ਸਾਲਾਹ ਦਾ ਸਦਕਾ) (ਵਿਕਾਰਾਂ ਵਿਚ ਪੈਣ ਕਰਕੇ) ਕਮਜ਼ੋਰ (ਹੋਏ) ਮਨ ਦਾ ('ਦੁਬਿਧਾ ਦ੍ਰਿਸਟਿ' ਵਾਲਾ) ਬਲ ਟੁੱਟ ਗਿਆ ਹੈ, ਅਮੋੜ ਮਨ ਦਾ ਚੰਚਲ ਸੁਭਾਉ ਰੁਕ ਗਿਆ ਹੈ, ਇਹ ਅਲ੍ਹੜ ਮਨ ਹੁਣ ਸੋਹਣੀ ਘਾੜਤ ਵਾਲਾ ਹੋ ਗਿਆ ਹੈ, ਇਥੇ ਅੱਪੜ ਕੇ ਇਸ ਨੇ ਨਾਮ-ਅੰਮ੍ਰਿਤ ਪੀ ਲਿਆ ਹੈ।1।

ਜੈਦੇਉ ਆਖਦਾ ਹੈ– ਜੇ ਆਰਾਧਣ-ਜੋਗ ਪ੍ਰਭੂ ਦੀ ਆਰਾਧਨਾ ਕਰੀਏ, ਜੇ ਸਰਧਾ-ਜੋਗ ਪ੍ਰਭੂ ਵਿਚ ਸਿਦਕ ਧਾਰੀਏ, ਤਾਂ ਉਸ ਨਾਲ ਇਕ-ਰੂਪ ਹੋ ਜਾਈਦਾ ਹੈ, ਜਿਵੇਂ ਪਾਣੀ ਨਾਲ ਪਾਣੀ। ਜੇਦੈਵ-ਪ੍ਰਭੂ ਦਾ ਸਿਮਰਨ ਕੀਤਿਆਂ ਉਹ ਵਾਸ਼ਨਾਂ-ਰਹਿਤ ਬੇ-ਪਰਵਾਹ ਪ੍ਰਭੂ ਮਿਲ ਪੈਂਦਾ ਹੈ।2।1।

ਨੋਟ: ਭਗਤ-ਬਾਣੀ ਦਾ ਵਿਰੋਧੀ ਵੀਰ ਭਗਤ ਜੈਦੇਵ ਜੀ ਬਾਰੇ ਇਉਂ ਲਿਖਦਾ ਹੈ– "ਭਗਤ ਜੈਦੇਵ ਜੀ ਬੰਗਾਲ ਇਲਾਕੇ ਅੰਦਰ ਪਿੰਡ ਕੇਂਦਰੀ (ਪਰਗਨਾ ਬੀਰਬਾਨ) ਦੇ ਰਹਿਣ ਵਾਲੇ ਜਨਮ ਦੇ ਕਨੌਜੀਏ ਬ੍ਰਾਹਮਣ ਸਨ। ਸੰਸਕ੍ਰਿਤ ਦੇ ਚੰਗੇ ਵਿਦਵਾਨ ਤੇ ਕਵੀਸ਼ਰ ਸਨ। ਵੈਸੇ ਗ੍ਰਿਹਸਤੀ ਸਨ, ਜੋ ਸੁਪਤਨੀ ਸਮੇਤ ਸਾਧੂ ਬਿਰਤੀ ਅੰਦਰ ਰਹੇ। ਆਪ ਜੀ ਦੀ ਹੋਂਦ ਗਿਆਰਵੀਂ ਬਾਰ੍ਹਵੀਂ ਸਦੀ ਬਿਕ੍ਰਮੀ ਦੇ ਵਿਚਕਾਰ ਹੋਣੀ ਦੱਸੀ ਜਾਂਦੀ ਹੈ। ਆਪ ਅੰਤਮ ਦਮਾਂ ਤੀਕਰ ਗੰਗਾ ਦੇ ਪੁਜਾਰੀ ਰਹੇ, ਅਤੇ ਪੱਕੇ ਬ੍ਰਾਹਮਣ ਸਨ। ਜਗਨ ਨਾਥ ਦੇ ਮੰਦਰ ਵਿਚ ਇਹਨਾਂ ਦੇ ਰਚੇ ਗ੍ਰੰਥ "ਗੀਤ ਗੋਬਿੰਦ" ਦੇ ਭਜਨ ਗਾਏ ਜਾਂਦੇ ਹਨ।

"ਮੌਜੂਦਾ ਛਾਪੇ ਦੀ ਬੀੜ ਵਿਚ ਆਪ ਜੀ ਦੇ ਨਾਮ ਪਰ ਕੇਵਲ ਦੋ ਸ਼ਬਦ ਹਨ, ਇਕ ਮਾਰੂ ਰਾਗ ਅੰਦਰ, ਦੂਸਰਾ ਗੂਜਰੀ ਰਾਗ ਵਿਚ; ਪਰ ਇਹਨਾਂ ਦੋਹਾਂ ਸ਼ਬਦਾਂ ਦਾ ਸਿੱਧਾਂਤ ਗੁਰਮਤਿ ਨਾਲ ਬਿਲਕੁਲ ਨਹੀਂ ਮਿਲਦਾ, ਦੋਵੇਂ ਸ਼ਬਦ ਵਿਸ਼ਨੂੰ ਭਗਤੀ ਅਤੇ ਜੋਗ-ਅੱਭਿਆਸ ਨੂੰ ਦ੍ਰਿੜਾਉਂਦੇ ਹਨ। "

ਇਸ ਤੋਂ ਅਗਾਂਹ ਭਗਤ ਜੀ ਦਾ ਮਾਰੂ ਰਾਗ ਵਾਲਾ ਉਪਰ ਲਿਖਿਆ ਸ਼ਬਦ ਦੇ ਕੇ ਸਾਡਾ ਵੀਰ ਲਿਖਦਾ ਹੈ– "ਉਕਤੁ ਸ਼ਬਦ ਹਠ-ਯੋਗ ਕਰਮਾਂ ਦਾ ਉਪਦੇਸ਼ ਹੈ। ਇਸੇ ਗੂਜਰੀ ਰਾਗ ਅੰਦਰ "ਪਰਮਾਦਿ ਪੁਰਖ ਮਨੋਪਮੰ" ਵਾਲੇ ਸ਼ਬਦ ਅੰਦਰ ਵਿਸ਼ਨੂੰ-ਭਗਤੀ ਦਾ ਉਪਦੇਸ਼ ਹੈ। ਦੋਵੇਂ ਸ਼ਬਦ ਗੁਰਮਤਿ-ਸਿੱਧਾਂਤ ਦੇ ਉਕੇ ਉਲਟ ਹਨ। ... ਗੁਰਬਾਣੀ ਵਿਖੇ ਭਗਤ ਜੈਦੇਵ ਜੀ ਦੇ ਸਿਧਾਂਤਾਂ ਦਾ ਜ਼ੋਰਦਾਰ ਖੰਡਣ ਮਿਲਦਾ ਹੈ। "

ਸਾਡੇ ਵੀਰ ਨੇ ਹਠ-ਜੋਗ ਆਦਿਕ ਦਾ ਖੰਡਣ ਕਰਨ ਵਾਸਤੇ ਇਕ ਦੋ ਸ਼ਬਦ ਪ੍ਰਮਾਣ ਵਜੋਂ ਭੀ ਦਿੱਤੇ ਹਨ।

ਆਓ, ਹੁਣ ਵਿਚਾਰ ਕਰੀਏ।

ਸਾਡਾ ਵੀਰ ਭਗਤ-ਬਾਣੀ ਬਾਰੇ ਸਦਾ ਇਹ ਪੱਖ ਲੈਂਦਾ ਹੈ ਕਿ (1) ਭਗਤ-ਬਾਣੀ ਦਾ ਆਸ਼ਾ ਗੁਰਬਾਣੀ ਦੇ ਆਸ਼ੇ ਦੇ ਉਲਟ ਹੈ। ਇਸ ਸ਼ਬਦ ਬਾਰੇ ਭੀ ਇਹੀ ਕਿਹਾ ਗਿਆ ਹੈ ਕਿ ਇਹ ਸ਼ਬਦ ਹਠ-ਜੋਗ ਦ੍ਰਿੜਾਉਂਦਾ ਹੈ ਤੇ ਗੁਰਮਤਿ ਹਠ-ਜੋਗ ਦਾ ਖੰਡਣ ਕਰਦੀ ਹੈ। (2) ਭਗਤਾਂ ਦੇ ਕਈ ਸ਼ਬਦਾਂ ਵਿਚ ਸਤਿਗੁਰੂ ਜੀ ਦੇ ਕਈ ਸ਼ਬਦਾਂ ਨਾਲ ਸਾਂਝੇ ਲਫ਼ਜ਼ ਤੇ ਖ਼ਿਆਲ ਇਸ ਵਾਸਤੇ ਮਿਲਦੇ ਹਨ ਕਿ ਭਗਤਾਂ ਦੇ ਪੰਜਾਬ-ਵਾਸੀ ਸ਼ਰਧਾਲੂਆਂ ਨੇ ਭਗਤਾਂ ਦੇ ਸ਼ਬਦਾਂ ਦਾ ਪੰਜਾਬੀ ਵਿਚ ਉਲਥਾ ਕਰਨ ਵੇਲੇ ਇਹ ਲਫ਼ਜ਼ ਗੁਰਬਾਣੀ ਵਿਚੋਂ ਸੁਤੇ ਹੀ ਪਾ ਲਏ ਸਨ।

ਅਸੀਂ ਜੈਦੇਵ ਜੀ ਦੇ ਇਸ ਸ਼ਬਦ ਦੇ ਨਾਲ ਇਸੇ ਹੀ ਰਾਗ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭੀ ਇਕ ਸ਼ਬਦ ਪਾਠਕਾਂ ਦੇ ਪੇਸ਼ ਕਰ ਚੁਕੇ ਹਾਂ। ਇਹਨਾਂ ਦੋਹਾਂ ਸ਼ਬਦਾਂ ਵਿਚ ਕਈ ਲਫ਼ਜ਼ ਤੇ ਖ਼ਿਆਲ ਸਾਂਝੇ ਹਨ; ਜਿਵੇਂ ਕਿ:
ਜੈਦੇਵ ਜੀ ਗੁਰੂ ਨਾਨਕ ਦੇਵ ਜੀ
1. ਚੰਦ ਸਤੁ . . . . . .ਸੋਮ ਸਰੁ
2. ਸੂਰ ਸਤੁ . . . . . .ਸੂਰ ਸਰੁ
3. ਚਲੁ . . . . . . . . .ਚਪਲ
4. ਅਪਿਉ ਪੀਆ . . .ਅਪਿਉ ਪੀਜੈ
5. ਮਨ . . . . . . . . . ਮਨੁ
6. ਦੁਬਿਧਾ ਦ੍ਰਿਸਟਿ . . . (ਰਹਾਉ ਦੀਆਂ ਤੁਕਾਂ) . . . . . .ਭਰਮਿ ਭੁਲਾ
7. ਅਚਲ ਚਲੁ ਥਪਿਆ . . . ਉਡੈ ਨਹਿ ਹੰਸੁ
8. ਆਦਿ ਗੁਣ ਆਦਿ ਵਖਾਣਿਆ . . . ਰਵੈ ਜੇ ਹਰਿ ਮਨੋ

ਹੁਣ ਜੇ ਸਿਰਫ਼ ਇਹਨਾਂ 'ਚੰਦ, ਸੂਰ, ਖੋੜਸਾ' ਆਦਿਕ ਲਫ਼ਜ਼ਾਂ ਤੋਂ ਹੀ ਇਹ ਮਿਥ ਲੈਣਾ ਹੈ ਕਿ ਭਗਤ ਜੀ ਦਾ ਇਹ ਸ਼ਬਦ ਹਠ-ਜੋਗ ਕਰਮਾਂ ਦਾ ਉਪਦੇਸ਼ ਕਰਦਾ ਹੈ, ਤਾਂ ਇਹੀ ਖ਼ਿਆਲ ਗੁਰੂ ਨਾਨਕ ਸਾਹਿਬ ਦੇ ਸ਼ਬਦ ਬਾਰੇ ਭੀ ਮਿਥਣਾ ਪਏਗਾ। ਰਤਾ ਫਿਰ ਧਿਆਨ ਨਾਲ ਪੜ੍ਹੋ, "ਸੂਰ ਸੁਰ ਸੋਸਿ ਲੈ, ਸੋਮ ਸਰੁ ਪੋਖਿ ਲੈ, ਜੁਗਤਿ ਕਰਿ ਮਰਤੁ"। ਸਤਿਗੁਰੂ ਜੀ ਨੇ ਤਾਂ ਸਾਫ਼ ਲਫ਼ਜ਼ "ਮਰਤੁ" ਭੀ ਵਰਤ ਦਿੱਤਾ ਹੈ, ਜਿਸ ਦਾ ਅਰਥ ਹੈ 'ਪ੍ਰਾਣ, ਹਵਾ', ਜਿਸ ਤੋਂ ਅੰਞਾਣ ਮਨੁੱਖ 'ਪ੍ਰਾਣਾਯਾਮ' ਦਾ ਭਾਵ ਕੱਢ ਲਏਗਾ। ਪਰ ਨਿਰੇ ਇਹਨਾਂ ਲਫ਼ਜ਼ਾਂ ਦੇ ਆਸਰੇ ਜੇ ਕੋਈ ਸਿੱਖ ਇਹ ਸਮਝ ਲਏ ਕਿ ਇਸ ਸ਼ਬਦ ਵਿਚ ਸਤਿਗੁਰੂ ਨਾਨਕ ਦੇਵ ਜੀ ਨੇ ਪ੍ਰਾਣਾਯਾਮ ਦੀ ਵਡਿਆਈ ਕੀਤੀ ਹੈ, ਤਾਂ ਉਸ ਦੀ ਇਹ ਭਾਰੀ ਭੁੱਲ ਹੋਵੇਗੀ।

ਸਾਡੇ ਵੀਰ ਨੇ ਭਗਤ ਜੈਦੇਵ ਜੀ ਨੂੰ ਹਠ-ਜੋਗ ਦਾ ਉਪਦੇਸ਼ਕ ਸਾਬਤ ਕਰਨ ਲਈ ਭਗਤ ਜੀ ਦਾ ਸਿਰਫ਼ ਇਹੀ ਸ਼ਬਦ ਪੇਸ਼ ਕੀਤਾ ਹੈ, ਜਿਸ ਦੇ ਦੋ ਚਾਰ ਲਫ਼ਜ਼ਾਂ ਨੂੰ ਓਪਰੀ ਨਿਗਾਹੇ ਵੇਖ ਕੇ ਅੰਞਾਣ ਸਿੱਖ ਟਪਲਾ ਖਾ ਸਕੇ। ਜੇ ਉਹ ਵੀਰ ਭਗਤ ਜੀ ਦਾ ਦੂਜਾ ਸ਼ਬਦ ਭੀ ਗਹੁ ਨਾਲ ਪੜ੍ਹ ਲੈਂਦਾ, ਤਾਂ ਸ਼ਾਇਦ ਉਹ ਆਪ ਭੀ ਇਸ ਟਪਲੇ ਤੋਂ ਬਚ ਜਾਂਦਾ। ਹਠ-ਜੋਗ ਦਾ ਪ੍ਰਚਾਰਕ ਹੋਣ ਦੇ ਥਾਂ ਉਸ ਸ਼ਬਦ ਵਿਚ ਜੈਦੇਵ ਜੀ ਤਪ ਅਤੇ ਜੋਗ ਨੂੰ ਸਾਫ਼ ਲਫ਼ਜ਼ਾਂ ਵਿਚ ਵਿਅਰਥ ਆਖਦੇ ਹਨ। ਵੇਖੋ ਲਿਖਦੇ ਹਨ:

"ਹਰਿ ਭਗਤ ਨਿਜ ਨਿਹਕੇਵਲਾ, ਰਿਦ ਕਰਮਣਾ ਬਚਸਾ ॥

ਜੋਗੇਨ ਕਿੰ, ਜਗੇਨ ਕਿੰ, ਦਾਨੇਨ ਕਿੰ, ਤਪਸਾ ॥4॥

ਭਾਵ: ਪਰਮਾਤਮਾ ਦੇ ਪਿਆਰੇ ਭਗਤ ਮਨ ਬਚਨ ਅਤੇ ਕਰਮ ਵਲੋਂ ਪੂਰਨ ਤੌਰ ਤੇ ਪਵਿਤ੍ਰ ਹੁੰਦੇ ਹਨ (ਭਾਵ, ਭਗਤਾਂ ਦਾ ਮਨ ਪਵਿਤ੍ਰ, ਬੋਲ ਪਵਿਤ੍ਰ ਅਤੇ ਕੰਮ ਭੀ ਪਵਿਤ੍ਰ ਹੁੰਦੇ ਹਨ) । ਉਹਨਾਂ ਨੂੰ ਜੋਗ ਨਾਲ ਕੀਹ ਵਾਸਤਾ? ਉਹਨਾਂ ਨੂੰ ਜੱਗ ਨਾਲ ਕੀਹ ਪ੍ਰਯੋਜਨ? ਉਹਨਾਂ ਨੂੰ ਦਾਨ ਅਤੇ ਤਪ ਨਾਲ ਕੀਹ? (ਭਾਵ, ਭਗਤ ਜਾਣਦੇ ਹਨ ਕਿ ਜੋਗ-ਸਾਧਨ, ਜੱਗ, ਦਾਨ ਅਤੇ ਤਪ ਕਰਨ ਤੋਂ ਕੋਈ ਆਤਮਕ ਲਾਭ ਨਹੀਂ ਹੋ ਸਕਦਾ, ਪ੍ਰਭੂ ਦੀ ਭਗਤੀ ਹੀ ਅਸਲ ਕਰਣੀ ਹੈ) ।

ਸਾਡਾ ਵੀਰ ਜੈਦੇਵ ਜੀ ਦੇ ਦੋ ਚਾਰ ਲਫ਼ਜ਼ਾਂ ਤੋਂ ਟਪਲਾ ਖਾ ਗਿਆ ਹੈ। ਜੇ ਸਾਰੇ ਸ਼ਬਦ ਦੇ ਅਰਥ ਨੂੰ ਗਹੁ ਨਾਲ ਸਮਝਣ ਦੀ ਕੋਸ਼ਸ਼ ਕਰਦਾ, ਤਾਂ ਇਹ ਉਕਾਈ ਨਾਹ ਲੱਗਦੀ। ਪਾਠਕ ਸੱਜਣ 'ਰਹਾਉ' ਦੀ ਤੁਕ ਦੇ ਲਫ਼ਜ਼ 'ਵਖਾਣਿਆ' ਤੋਂ ਸ਼ੁਰੂ ਕਰ ਕੇ ਪਹਿਲੇ 'ਬੰਦ' ਦੇ ਲਫ਼ਜ਼ 'ਭੇਦਿਆ' 'ਪੂਰੀਆ' ਆਦਿਕ ਤਕ ਅੱਪੜ ਕੇ ਅਰਥ ਕਰਨ = ਹੇ ਮਨ! ਆਦਿ (ਪ੍ਰਭੂ) ਦੇ ਗੁਣ ਆਦਿ ਵਖਾਣਿਆਂ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ) ਖੱਬੀ ਸੁਰ ਵਿਚ ਪ੍ਰਾਣ ਭੀ ਗਏ ਹਨ,... ਸੱਜੀ ਸੁਰ ਰਸਤੇ ਸੋਲਾਂ ਵਾਰੀ 'ਓਂ' ਆਖ ਕੇ ਉਤਰ ਭੀ ਆਏ ਹਨ (ਭਾਵ, ਪ੍ਰਾਣਾਯਾਮ ਦਾ ਸਾਰਾ ਹੀ ਉੱਦਮ ਸਿਫ਼ਤਿ-ਸਾਲਾਹ ਵਿਚ ਹੀ ਆ ਗਿਆ ਹੈ, ਅਰਥਾਤ, ਪ੍ਰਾਣਾਯਾਮ ਦਾ ਉੱਦਮ ਵਿਅਰਥ ਹੈ) ।

ਇਥੇ ਪਾਠਕਾਂ ਦੀ ਸਹੂਲਤ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਦੇ ਉੱਪਰ-ਲਿਖੇ ਸ਼ਬਦ ਦਾ ਅਰਥ ਦੇਣਾ ਭੀ ਜ਼ਰੂਰੀ ਜਾਪਦਾ ਹੈ।

ਸੂਰ ਸਰੁ ਸੋਸਿ ਲੈ = ਸੂਰਜ (ਦੀ ਤਪਸ਼) ਦੇ ਸਰੋਵਰ ਨੂੰ ਸੁਕਾ ਦੇਹ, ਤਮੋ-ਗੁਣੀ ਸੁਭਾਉ ਨੂੰ ਸੁਕਾ ਦੇਹ, (ਸੂਰਜ ਦੀ ਨਾੜੀ ਨੂੰ ਸੁਕਾ ਦੇਹ, ਇਹ ਹੈ ਸੱਜੀ ਸੁਰ ਦੀ ਰਾਹੀਂ ਪ੍ਰਾਣ ਉਤਾਰਨੇ) ।

ਸੋਮ ਸਰੁ ਪੋਖਿ ਲੈ = ਚੰਦ੍ਰਮਾ ਦੀ (ਸੀਤਲਤਾ) ਦੇ ਸਰੋਵਰ ਨੂੰ ਤਕੜਾ ਕਰ, ਸ਼ਾਂਤ-ਸੁਭਾਵ, ਸੀਤਲਤਾ ਨੂੰ ਤਕੜਾ ਕਰ, (ਚੰਦ੍ਰਮਾ ਦੀ ਨਾੜੀ ਨੂੰ ਤਕੜਾ ਕਰ, ਇਹ ਹੈ ਖੱਬੀ ਸੁਰ ਦੀ ਰਾਹੀਂ ਪ੍ਰਾਣ ਚਾੜ੍ਹਨੇ) ।

ਜੁਗਤਿ ਕਰਿ ਮਰਤੁ = ਸੋਹਣੀ ਜੀਵਨ-ਜੁਗਤਿ ਨੂੰ ਪ੍ਰਾਣਾਂ ਦਾ ਟਿਕਾਉਣਾ ਬਣਾ (ਜ਼ਿੰਦਗੀ ਨੂੰ ਸੋਹਣੀ ਜੁਗਤਿ ਵਿਚ ਰੱਖਣਾ ਹੀ ਪ੍ਰਾਣਾਂ ਨੂੰ ਸੁਖਮਨਾ ਨਾੜੀ ਵਿਚ ਟਿਕਾਣਾ ਹੈ।

ਸੁ ਸਨਬੰਧੁ ਕੀਜੈ = ਸਾਰਾ ਇਹੋ ਜਿਹਾ ਹੀ ਮੇਲ ਮਿਲਾਉ।

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ = ਇਸ ਜੁਗਤਿ ਨਾਲ ਮੀਨ ਦੀ ਚਪਲ ਵਾਲਾ ਮਨ ਰੱਖਿਆ ਜਾ ਸਕਦਾ ਹੈ, ਇਸ ਜੁਗਤਿ ਨਾਲ ਮੱਛੀ ਦੀ ਚੰਚਲਤਾ ਵਾਲਾ ਮਨ ਸਾਂਭਿਆ ਜਾ ਸਕਦਾ ਹੈ।

ਉਡੈ ਨਹ ਹੰਸੁ = ਮਨ (ਵਿਕਾਰਾਂ ਵਲ) ਦੌੜਦਾ ਨਹੀਂ।

ਨਹ ਕੰਧੁ ਛੀਜੈ = ਸਰੀਰ ਭੀ (ਵਿਕਾਰਾਂ ਵਿਚ) ਖਚਿਤ ਨਹੀਂ ਹੁੰਦਾ।

ਭਗਤ ਜੈਦੇਵ ਜੀ ਦੇ ਦੂਜੇ ਸ਼ਬਦ ਦਾ ਹਵਾਲਾ ਦੇ ਕੇ ਸਾਡਾ ਵੀਰ ਆਖਦਾ ਹੈ ਕਿ ਉਸ ਸ਼ਬਦ ਵਿਚ ਵਿਸ਼ਨੂੰ-ਭਗਤੀ ਦਾ ਉਪਦੇਸ਼ ਹੈ। ਇਥੇ ਉਸ ਸ਼ਬਦ ਦਾ ਸਾਰਾ ਅਰਥ ਦੇਣ ਨਾਲ ਤਾਂ ਲੇਖ ਬਹੁਤ ਹੀ ਲੰਮਾ ਹੋ ਜਾਇਗਾ; ਸਿਰਫ਼ 'ਰਹਾਉ' ਦੀ ਤੁਕ ਪੇਸ਼ ਕੀਤੀ ਜਾਂਦੀ ਹੈ, ਕਿਉਂਕਿ ਇਹੀ ਤੁਕ ਸਾਰੇ ਸ਼ਬਦ ਦਾ ਕੇਂਦਰ ਹੋਇਆ ਕਰਦੀ ਹੈ। ਜੈਦੇਵ ਜੀ ਲਿਖਦੇ ਹਨ:

"ਕੇਵਲ ਰਾਮ ਨਾਮ ਮਨੋਰਮੰ ॥ ਬਦਿ ਅੰਮ੍ਰਿਤ ਤਤ ਮਇਅੰ ॥

ਨ ਦਨੋਤਿ ਜਸਮਰਣੇਨ, ਜਨਮ ਜਰਾਧਿ ਮਰਣ ਭਇਅੰ ॥1॥ਰਹਾਉ॥

ਭਾਵ: (ਹੇ ਭਾਈ!) ਕੇਵਲ ਪਰਮਾਤਮਾ ਦਾ ਸੁੰਦਰ ਨਾਮ ਸਿਮਰ, ਜੋ ਅੰਮ੍ਰਿਤ-ਭਰਪੂਰ ਹੈ, ਜੋ ਅਸਲੀਅਤ-ਰੂਪ ਹੈ, ਅਤੇ ਜਿਸ ਦੇ ਸਿਮਰਨ ਨਾਲ ਜਨਮ-ਮਰਨ, ਬੁਢੇਪਾ, ਚਿੰਤਾ-ਫ਼ਿਕਰ ਅਤੇ ਮੌਤ ਦਾ ਡਰ ਦੁੱਖ ਨਹੀਂ ਦੇਂਦਾ।

ਪਤਾ ਨਹੀਂ, ਸਾਡੇ ਵੀਰ ਨੂੰ ਇਥੇ ਕਿਨ੍ਹਾਂ ਲਫ਼ਜ਼ਾਂ ਵਿਚ ਵਿਸ਼ਨੂੰ-ਭਗਤੀ ਦਿੱਸ ਰਹੀ ਹੈ।

ਕਬੀਰੁ ॥ ਮਾਰੂ ॥ ਰਾਮੁ ਸਿਮਰੁ ਪਛੁਤਾਹਿਗਾ ਮਨ ॥ ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ ॥੧॥ ਰਹਾਉ ॥ ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮ ਭੁਲਾਹਿਗਾ ॥ ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ ॥੧॥ ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ ॥ ਸਿਮਰਨੁ ਭਜਨੁ ਦਇਆ ਨਹੀ ਕੀਨੀ ਤਉ ਮੁਖਿ ਚੋਟਾ ਖਾਹਿਗਾ ॥੨॥ ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥ ਕਹਤੁ ਕਬੀਰੁ ਸੁਨਹੁ ਰੇ ਸੰਤਹੁ ਸਾਧਸੰਗਤਿ ਤਰਿ ਜਾਂਹਿਗਾ ॥੩॥੧॥ {ਪੰਨਾ 1106}

ਪਦ ਅਰਥ: ਮਨ = ਹੇ ਮਨ! ਜੀਅਰਾ = ਕਮਜ਼ੋਰ ਜਿੰਦ। ਆਜੁ ਕਾਲਿ = ਅੱਜ-ਭਲਕ, ਛੇਤੀ ਹੀ।1। ਰਹਾਉ।

ਗਰਬੁ = ਮਾਣ। ਜਿਉ = ਵਾਂਗ।1।

ਗਹਿ = ਫੜ ਕੇ। ਨ ਬਸਾਹਿਗਾ = ਪੇਸ਼ ਨਹੀਂ ਜਾਇਗੀ। ਮੁਖਿ = ਮੂੰਹ ਉਤੇ।2।

ਕਿਆ ਮੁਖੁ ਲੈ ਕੇ = ਕਿਹੜੇ ਮੂੰਹ ਨਾਲ?।3।

ਅਰਥ: ਹੇ ਮਨ! (ਹੁਣ ਹੀ ਵੇਲਾ ਹੈ) ਪ੍ਰਭੂ ਦਾ ਸਿਮਰਨ ਕਰ, (ਨਹੀਂ ਤਾਂ ਸਮਾ ਵਿਹਾ ਜਾਣ ਤੇ) ਅਫ਼ਸੋਸ ਕਰੇਂਗਾ। ਵਿਕਾਰਾਂ ਵਿਚ ਫਸੀ ਹੋਈ ਤੇਰੀ ਕਮਜ਼ੋਰ ਜਿੰਦ (ਧਨ ਪਦਾਰਥ ਦਾ) ਲੋਭ ਕਰ ਰਹੀ ਹੈ, ਪਰ ਤੂੰ ਥੋੜੇ ਹੀ ਦਿਨਾਂ ਵਿਚ (ਇਹ ਸਭ ਕੁਝ ਛੱਡ ਕੇ ਇੱਥੋਂ) ਤੁਰ ਜਾਏਂਗਾ।1। ਰਹਾਉ।

ਹੇ ਮਨ! ਤੂੰ ਲਾਲਚ ਵਿਚ ਫਸ ਕੇ ਜੀਵਨ ਅਜਾਈਂ ਗਵਾ ਰਿਹਾ ਹੈਂ, ਮਾਇਆ ਦੀ ਭਟਕਣਾ ਵਿਚ ਖੁੰਝਿਆ ਫਿਰਦਾ ਹੈਂ। ਨਾਹ ਕਰ ਇਹ ਮਾਣ ਧਨ ਤੇ ਜੁਆਨੀ ਦਾ, (ਮੌਤ ਆਉਣ ਤੇ) ਕਾਗ਼ਜ਼ ਵਾਂਗ ਗਲ ਜਾਏਂਗਾ।1।

ਹੇ ਮਨ! ਜਦੋਂ ਜਮ ਨੇ ਆ ਕੇ ਕੇਸਾਂ ਤੋਂ ਫੜ ਕੇ ਤੈਨੂੰ ਭੁੰਞੇ ਪਟਕਾਇਆ, ਤਦੋਂ ਤੇਰੀ (ਉਸ ਅੱਗੇ) ਕੋਈ ਪੇਸ਼ ਨਹੀਂ ਜਾਇਗੀ। ਤੂੰ ਹੁਣ ਪ੍ਰਭੂ ਦਾ ਸਿਮਰਨ ਭਜਨ ਨਹੀਂ ਕਰਦਾ, ਤੂੰ ਦਇਆ ਨਹੀਂ ਪਾਲਦਾ, ਮਰਨ ਵੇਲੇ ਦੁਖੀ ਹੋਵੇਂਗਾ।2।

ਹੇ ਮਨ! ਜਦੋਂ ਧਰਮਰਾਜ ਨੇ (ਤੈਥੋਂ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ, ਤਾਂ ਕੀਹ ਮੂੰਹ ਲੈ ਕੇ ਉਸ ਦੇ ਸਾਹਮਣੇ ਹੋਵੇਂਗਾ? ਕਬੀਰ ਆਖਦਾ ਹੈ– ਹੇ ਸੰਤ ਜਨੋ! ਸੁਣੋ, ਸਾਧ-ਸੰਗਤ ਵਿਚ ਰਹਿ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘੀਦਾ ਹੈ।3।1।

ਨੋਟ: ਸਾਧਾਰਨ ਤੌਰ ਤੇ ਮੌਤ ਦਾ ਜ਼ਿਕਰ ਕਰਦੇ ਹੋਏ ਕਬੀਰ ਜੀ ਮੁਹਾਵਰੇ ਦੇ ਤੌਰ ਤੇ ਲਿਖਦੇ ਹਨ "ਜਉ ਜਮ ਆਇ ਕੇਸ ਗਹਿ ਪਟਕੈ", ਭਾਵ, ਕੇਸਾਂ ਦਾ ਜ਼ਿਕਰ ਕਰਦੇ ਹਨ। ਇਹ ਮੁਹਾਵਰਾ ਉਹਨਾਂ ਦੀ ਰੋਜ਼ਾਨਾ ਬੋਲ-ਚਾਲ ਦਾ ਹਿੱਸਾ ਬਣ ਜਾਣਾ ਹੀ ਦੱਸਦਾ ਹੈ ਕਿ ਕਬੀਰ ਜੀ ਦੇ ਸਿਰ ਉੱਤੇ ਸਾਬਤ ਕੇਸ ਸਨ। ਇਸੇ ਹੀ ਰਾਗ ਦੇ ਸ਼ਬਦ ਨੰ: 6 ਵਿਚ ਭੀ ਵੇਖੋ "ਜਬ ਜਮੁ ਆਇ ਕੇਸ ਤੇ ਪਕਰੈ"।

ਸ਼ਬਦ ਦਾ ਭਾਵ: ਦੁਨੀਆ ਦੇ ਕੂੜੇ ਮਾਣ ਵਿਚ ਭੁੱਲ ਕੇ ਪਰਮਾਤਮਾ ਦੀ ਬੰਦਗੀ ਵਲੋਂ ਖੁੰਝਣਾ ਮੂਰਖਤਾ ਹੈ, ਪਛਤਾਣਾ ਪੈਂਦਾ ਹੈ।

ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ   ੴ ਸਤਿਗੁਰ ਪ੍ਰਸਾਦਿ ॥ ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥ ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥੧॥ ਰਹਾਉ ॥ ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀ ਢਰੈ ॥ ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥੧॥ ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥ ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥੨॥੧॥ {ਪੰਨਾ 1106}

ਪਦ ਅਰਥ: ਲਾਲ = ਹੇ ਸੋਹਣੇ ਪ੍ਰਭੂ! ਐਸੀ = ਅਜਿਹੀ (ਮਿਹਰ) । ਗਰੀਬ ਨਿਵਾਜੁ = ਗਰੀਬਾਂ ਨੂੰ ਮਾਣ ਦੇਣ ਵਾਲਾ। ਗੁਸਈਆ ਮੇਰਾ = ਮੇਰਾ ਮਾਲਕ। ਮਾਥੈ = (ਗਰੀਬ ਦੇ) ਸਿਰ ਉੱਤੇ।1। ਰਹਾਉ।

ਛੋਤਿ = ਭਿੱਟ। ਤਾ ਪਰ = ਉਸ ਉੱਤੇ। ਢਰੈ = ਢਲਦਾ ਹੈਂ, ਦ੍ਰਵਦਾ ਹੈਂ, ਤਰਸ ਕਰਦਾ ਹੈਂ। ਨੀਚਹ = ਨੀਚ ਬੰਦਿਆਂ ਨੂੰ। ਕਾਹੂ ਤੇ = ਕਿਸੇ ਬੰਦੇ ਤੋਂ।1।

ਸਭੈ = ਸਾਰੇ ਕੰਮ। ਸਰੈ = ਸਰਦੇ ਹਨ, ਹੋ ਸਕਦੇ ਹਨ, ਸਿਰੇ ਚੜ੍ਹ ਸਕਦੇ ਹਨ।2।

ਅਰਥ: ਹੇ ਸੋਹਣੇ ਪ੍ਰਭੂ! ਤੈਥੋਂ ਬਿਨਾ ਅਜਿਹੀ ਕਰਨੀ ਹੋਰ ਕੌਣ ਕਰ ਸਕਦਾ ਹੈ? (ਹੇ ਭਾਈ!) ਮੇਰਾ ਪ੍ਰਭੂ ਗ਼ਰੀਬਾਂ ਨੂੰ ਮਾਣ ਦੇਣ ਵਾਲਾ ਹੈ, (ਗ਼ਰੀਬ ਦੇ) ਸਿਰ ਉੱਤੇ ਭੀ ਛੱਤਰ ਝੁਲਾ ਦੇਂਦਾ ਹੈ (ਭਾਵ, ਗ਼ਰੀਬ ਨੂੰ ਭੀ ਰਾਜਾ ਬਣਾ ਦੇਂਦਾ ਹੈ) ।1। ਰਹਾਉ।

(ਜਿਸ ਮਨੁੱਖ ਨੂੰ ਇਤਨਾ ਨੀਵਾਂ ਸਮਝਿਆ ਜਾਂਦਾ ਹੋਵੇ) ਕਿ ਉਸ ਦੀ ਭਿੱਟ ਸਾਰੇ ਸੰਸਾਰ ਨੂੰ ਲੱਗ ਜਾਏ (ਭਾਵ, ਜਿਸ ਮਨੁੱਖ ਦੇ ਛੋਹਣ ਨਾਲ ਹੋਰ ਸਾਰੇ ਲੋਕ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਣ ਲੱਗ ਪੈਣ) ਉਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਹੀ ਕਿਰਪਾ ਕਰਦਾ ਹੈਂ। (ਹੇ ਭਾਈ!) ਮੇਰਾ ਗੋਬਿੰਦ ਨੀਚ ਬੰਦਿਆਂ ਨੂੰ ਉੱਚੇ ਬਣਾ ਦੇਂਦਾ ਹੈ, ਉਹ ਕਿਸੇ ਤੋਂ ਡਰਦਾ ਨਹੀਂ।1।

(ਪ੍ਰਭੂ ਦੀ ਕਿਰਪਾ ਨਾਲ ਹੀ) ਨਾਮਦੇਵ ਕਬੀਰ ਤ੍ਰਿਲੋਚਨ ਸਧਨਾ ਅਤੇ ਸੈਨ (ਆਦਿਕ ਭਗਤ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ। ਰਵਿਦਾਸ ਆਖਦਾ ਹੈ– ਹੇ ਸੰਤ ਜਨੋ! ਸੁਣੋ, ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ।2।1।

ਨੋਟ: ਲਫ਼ਜ਼ 'ਨੀਚਹ' ਨੂੰ ਆਮ ਤੌਰ ਤੇ ਲੋਕ 'ਨੀਚਹੁ' ਪੜ੍ਹਦੇ ਹਨ। ਸਹੀ ਪਾਠ 'ਨੀਚਹ' ਹੈ।

ਨੋਟ: ਭਗਤ ਰਵਿਦਾਸ ਜੀ ਦੀ ਗਵਾਹੀ ਅਨੁਸਾਰ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੀ ਪੂਜਾ ਤੋਂ ਨਹੀਂ, ਸਗੋਂ ਪਰਮਾਤਮਾ ਦੀ ਭਗਤੀ ਦੀ ਬਰਕਤਿ ਨਾਲ ਤਰੇ ਸਨ। ਨਾਮਦੇਵ, ਤਿਲੋਚਨ, ਕਬੀਰ ਅਤੇ ਸਧਨਾ = ਇਹਨਾਂ ਚਹੁੰਆਂ ਬਾਬਤ ਰਵਿਦਾਸ ਜੀ ਆਖਦੇ ਹਨ ਕਿ 'ਹਰਿ ਜੀਉ ਤੇ ਸਭੈ ਸਰੈ'।

ਸ਼ਬਦ ਦਾ ਭਾਵ: ਪ੍ਰਭੂ ਦੀ ਸ਼ਰਨ ਹੀ ਨੀਵਿਆਂ ਨੂੰ ਉੱਚਾ ਕਰਦੀ ਹੈ।

ਮਾਰੂ ॥ ਸੁਖ ਸਾਗਰ ਸੁਰਿਤਰੁ ਚਿੰਤਾਮਨਿ ਕਾਮਧੇਨ ਬਸਿ ਜਾ ਕੇ ਰੇ ॥ ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥੧॥ ਹਰਿ ਹਰਿ ਹਰਿ ਨ ਜਪਸਿ ਰਸਨਾ ॥ ਅਵਰ ਸਭ ਛਾਡਿ ਬਚਨ ਰਚਨਾ ॥੧॥ ਰਹਾਉ ॥ ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਛਰ ਮਾਹੀ ॥ ਬਿਆਸ ਬੀਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥ ਸਹਜ ਸਮਾਧਿ ਉਪਾਧਿ ਰਹਤ ਹੋਇ ਬਡੇ ਭਾਗਿ ਲਿਵ ਲਾਗੀ ॥ ਕਹਿ ਰਵਿਦਾਸ ਉਦਾਸ ਦਾਸ ਮਤਿ ਜਨਮ ਮਰਨ ਭੈ ਭਾਗੀ ॥੩॥੨॥੧੫॥ {ਪੰਨਾ 1106}

ਨੋਟ: ਰਵਿਦਾਸ ਜੀ ਦਾ ਇਹ ਸ਼ਬਦ ਥੋੜੇ ਜਿਹੇ ਫ਼ਰਕ ਨਾਲ ਸੋਰਠਿ ਰਾਗ ਵਿਚ ਭੀ ਹੈ। ਇਸ ਦਾ ਭਾਵ ਇਹ ਹੈ ਕਿ ਇਹ ਸ਼ਬਦ ਦੋਹਾਂ ਰਾਗਾਂ ਵਿਚ ਗਾਵਿਆਂ ਜਾਣਾ ਚਾਹੀਦਾ ਹੈ। ਇਸ ਸ਼ਬਦ ਦੇ ਪਦ ਅਰਥ ਵੇਖੋ ਸੋਰਠਿ ਰਾਗ ਵਿਚ ਸ਼ਬਦ ਨੰ: 4, ਰਵਿਦਾਸ ਜੀ ਦਾ।

ਅਰਥ: (ਹੇ ਪੰਡਿਤ) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜ ਰੁੱਖ, ਚਿੰਤਾਮਣਿ ਅਤੇ ਕਾਮਧੇਨ ਹਨ; ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅੱਠ ਵੱਡੀਆਂ ਅਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉਤੇ ਹਨ।1।

(ਹੇ ਪੰਡਿਤ!) ਤੂੰ ਹੋਰ ਸਭ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ?।1। ਰਹਾਉ।

(ਹੇ ਪੰਡਿਤ!) ਪੁਰਾਣਾਂ ਦੇ ਅਨੇਕਾਂ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਹੈ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ) । (ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ ਰਿਸ਼ੀ ਨੇ ਸੋਚ ਵਿਚਾਰ ਕੇ ਇਹੀ ਪਰਮ ਤੱਤ ਦੱਸਿਆ ਹੈ ਕਿ ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ।2।

ਰਵਿਦਾਸ ਆਖਦਾ ਹੈ– (ਹੇ ਪੰਡਿਤ!) ਵੱਡੀ ਕਿਸਮਤਿ ਨਾਲ ਜਿਸ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਦੀ ਹੈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਕੋਈ ਵਿਕਾਰ ਉਸ ਵਿਚ ਨਹੀਂ ਉਠਦਾ, ਉਸ ਸੇਵਕ ਦੀ ਮੱਤ (ਮਾਇਆ ਵਲੋਂ) ਨਿਰਮੋਹ ਰਹਿੰਦੀ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ।3।2।15।

ਸ਼ਬਦ ਦਾ ਭਾਵ: ਸਭ ਪਦਾਰਥਾਂ ਦਾ ਦਾਤਾ ਪ੍ਰਭੂ ਆਪ ਹੈ। ਉਸ ਦਾ ਸਿਮਰਨ ਕਰੋ, ਕੋਈ ਭੁੱਖ ਨਹੀਂ ਰਹਿ ਜਾਇਗੀ।

TOP OF PAGE

Sri Guru Granth Darpan, by Professor Sahib Singh