ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1120

ਕੇਦਾਰਾ ਮਹਲਾ ੫ ॥ ਪ੍ਰਿਅ ਕੀ ਪ੍ਰੀਤਿ ਪਿਆਰੀ ॥ ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥ ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥ ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥ ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥ ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥ {ਪੰਨਾ 1120}

ਪਦ ਅਰਥ: ਪ੍ਰਿਅ ਕੀ = ਪਿਆਰੇ ਪ੍ਰਭੂ ਦੀ। ਪਿਆਰੀ = (ਮਨ ਨੂੰ) ਚੰਗੀ ਲੱਗਦੀ ਹੈ। ਮਗਨ = ਮਸਤ। ਮਨੈ ਮਹਿ = ਮਨ ਮਹਿ ਹੀ, ਮਨ ਵਿਚ ਹੀ। ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਨੈਨਹੁ = (ਮੇਰੀਆਂ) ਅੱਖਾਂ ਵਿਚ। ਤਾਰ ਤੁਹਾਰੀ = ਤੇਰੀ ਹੀ ਖਿੱਚ। ਰਹਾਉ।

ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਮੂਰਤ = ਮੁਹੂਰਤ। ਕੈਸੇ = ਕਿਹੋ ਜਿਹੇ? ਬੜੇ ਹੀ ਸੁਹਾਵਣੇ। ਘਰੀ = ਘੜੀ। ਕਿਹਾਰੀ = ਕਿਹੋ ਜਿਹੀ? ਬੜੀ ਹੀ ਸੋਹਣੀ। ਕਪਟ = ਕਿਵਾੜ। ਧਪਟ = ਝਟਪਟ। ਬੁਝਿ = ਬੁਝ ਕੇ। ਜੀਵਉ = ਜੀਵਉਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਪੇਖਿ = ਵੇਖ ਕੇ।1।

ਸੁ = ਉਹ। ਉਪਾਉ = ਹੀਲਾ। ਬੀਚਾਰੀ = ਬੀਚਾਰੀਂ, ਮੈਂ ਵਿਚਾਰਾਂ। ਤਜਿ = ਤਿਆਗ ਕੇ। ਸੰਗਿ = ਸੰਗਤਿ ਵਿਚ। ਉਧਾਰੀ = ਉਧਾਰ, ਪਾਰ-ਉਤਾਰਾ।2।

ਅਰਥ: ਹੇ ਭਾਈ! ਪਿਆਰੇ ਪ੍ਰਭੂ ਦੀ ਪ੍ਰੀਤ ਮੇਰੇ ਮਨ ਨੂੰ ਖਿੱਚ ਪਾਂਦੀ ਰਹਿੰਦੀ ਹੈ। ਹੇ ਪ੍ਰਭੂ! ਆਪਣੇ ਮਨ ਵਿਚ ਹੀ ਮਸਤ (ਰਹਿ ਕੇ) ਮੈਂ (ਤੇਰੇ ਦਰਸਨ ਦੀਆਂ) ਆਸਾਂ ਚਿਤਵਦਾ ਰਹਿੰਦਾ ਹਾਂ, ਮੇਰੀਆਂ ਅੱਖਾਂ ਵਿਚ (ਤੇਰੇ ਹੀ ਦਰਸਨ ਦੀ) ਤਾਂਘ-ਭਰੀ ਉਡੀਕ ਬਣੀ ਰਹਿੰਦੀ ਹੈ। ਰਹਾਉ।

ਹੇ ਭਾਈ! ਉਹ ਦਿਹਾੜੇ, ਉਹ ਪਹਰ, ਉਹ ਮੁਹੂਰਤ, ਉਹ ਪਲ ਬੜੇ ਹੀ ਭਾਗਾਂ ਵਾਲੇ ਹੁੰਦੇ ਹਨ, ਉਹ ਘੜੀ ਭੀ ਬੜੀ ਭਾਗਾਂ ਵਾਲੀ ਹੁੰਦੀ ਹੈ, ਜਦੋਂ (ਮਨੁੱਖ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਿਟ ਕੇ ਉਸ ਦੇ (ਮਨ ਦੇ ਬੰਦ ਹੋ ਚੁਕੇ) ਕਿਵਾੜ ਝਟਪਟ ਖੁਲ੍ਹ ਜਾਂਦੇ ਹਨ। ਹੇ ਭਾਈ! ਪ੍ਰਭੂ ਦਾ ਦਰਸਨ ਕਰ ਕੇ (ਮੇਰੇ ਅੰਦਰ ਤਾਂ) ਆਤਮਕ ਜੀਵਨ ਪੈਦਾ ਹੁੰਦਾ ਹੈ।1।

ਹੇ ਨਾਨਕ! (ਆਖ– ਹੇ ਭਾਈ!) ਮੈਂ ਉਹ ਕਿਹੜਾ ਜਤਨ ਦੱਸਾਂ? ਉਹ ਕਿਹੜਾ ਹੀਲਾ ਦੱਸਾਂ? ਮੈਂ ਉਹ ਕਿਹੜੀ ਸੇਵਾ ਵਿਚਾਰਾਂ (ਜਿਨ੍ਹਾਂ ਦਾ ਸਦਕਾ ਪਿਆਰੇ ਪ੍ਰਭੂ ਦਾ ਦਰਸਨ ਹੋ ਸਕਦਾ ਹੈ) ।

ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਮਾਣ ਅਹੰਕਾਰ ਮੋਹ ਤਿਆਗ ਕੇ ਹੀ ਪਾਰ-ਉਤਾਰਾ ਹੁੰਦਾ ਹੈ (ਤੇ ਪ੍ਰਭੂ ਦਾ ਮਿਲਾਪ ਹੁੰਦਾ ਹੈ) ।2।3।5।

ਕੇਦਾਰਾ ਮਹਲਾ ੫ ॥ ਹਰਿ ਹਰਿ ਹਰਿ ਗੁਨ ਗਾਵਹੁ ॥ ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ ਰਹਾਉ ॥ ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥ ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥੧॥ ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ ॥ ਅਪਨੀ ਭਗਤਿ ਦੇਹਿ ਦਇਆਲਾ ਵਡਭਾਗੀ ਨਾਨਕ ਹਰਿ ਪਾਵਹੁ ॥੨॥੪॥੬॥ {ਪੰਨਾ 1120}

ਪਦ ਅਰਥ: ਗੋਪਾਲ = ਹੇ ਗੋਪਾਲ! ਜਪਾਵਹੁ = ਜਪਣ ਵਿਚ ਸਹਾਇਤਾ ਕਰੋ। ਰਹਾਉ।

ਪ੍ਰਭ = ਹੇ ਪ੍ਰਭੂ! ਤੇ = ਤੋਂ। ਆਨ = ਹੋਰ ਹੋਰ {ANX}। ਆਨ ਬਿਖੈ ਤੇ = ਹੋਰ ਹੋਰ ਵਿਸ਼ਿਆਂ ਤੋਂ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਲਾਵਹੁ = (ਹੇ ਪ੍ਰਭੂ!) ਤੂੰ ਜੋੜਦਾ ਹੈਂ। ਕਟਿਓ = ਕੱਟਿਆ ਜਾਂਦਾ ਹੈ। ਗੁਰ ਬਚਨੀ = ਗੁਰੂ ਦੇ ਬਚਨਾਂ ਦੀ ਰਾਹੀਂ। ਦਿਖਾਵਹੁ = ਤੂੰ ਦਿਖਾਂਦਾ ਹੈਂ।1।

ਰੇਨ = ਚਰਨ-ਧੂੜ। ਅਹੰਬੁਧਿ = ਹਉਮੈ ਵਾਲੀ ਬੁਧਿ। ਤਜਾਵਹੁ = ਛੱਡਣ ਵਿਚ ਸਹਾਇਤਾ ਕਰੋ। ਦਇਆਲਾ = ਹੇ ਦਇਆਲ! ਵਡਭਾਗੀ = ਵੱਡੇ ਭਾਗਾਂ ਨਾਲ। ਪਾਵਹੁ = (ਮਿਲਾਪ) ਹਾਸਲ ਕਰ ਸਕੋਗੇ।2।

ਅਰਥ: ਹੇ ਭਾਈ! ਸਦਾ ਪਰਮਾਤਮਾ ਦੇ ਗੁਣ ਗਾਂਦੇ ਰਿਹਾ ਕਰੋ।

ਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਨਾਮ ਜਪਣ ਵਿਚ ਸਹਾਇਤਾ ਕਰ। ਰਹਾਉ।

ਹੇ ਪ੍ਰਭੂ! ਤੂੰ ਮਨੁੱਖਾਂ ਦਾ ਮਨ ਸਾਧ ਸੰਗਤਿ ਵਿਚ ਲਾਂਦਾ ਹੈਂ, ਉਹਨਾਂ ਨੂੰ ਤੂੰ ਹੋਰ ਹੋਰ ਵਿਸ਼ਿਆਂ ਵਿਚੋਂ ਕੱਢ ਲਿਆ ਹੈ। ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਆਪਣਾ ਦਰਸਨ ਦੇਂਦਾ ਹੈਂ, ਗੁਰੂ ਦੇ ਬਚਨਾਂ ਦੀ ਰਾਹੀਂ ਉਹਨਾਂ ਦਾ ਭਰਮ ਉਹਨਾਂ ਦਾ ਡਰ ਉਹਨਾਂ ਦਾ ਮੋਹ ਕੱਟਿਆ ਜਾਂਦਾ ਹੈ।1।

ਹੇ ਦਇਆਲ ਪ੍ਰਭੂ! (ਮਿਹਰ ਕਰ, ਮੈਨੂੰ) ਆਪਣੀ ਭਗਤੀ (ਦੀ ਦਾਤਿ) ਬਖ਼ਸ਼ (ਮਿਹਰ ਕਰ, ਮੇਰੇ ਅੰਦਰੋਂ) ਹਉਮੈ ਦੂਰ ਕਰਾ, ਮੇਰਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹੇ।

ਹੇ ਨਾਨਕ! (ਆਖ– ਹੇ ਭਾਈ!) ਤੁਸੀਂ ਵੱਡੇ ਭਾਗਾਂ ਨਾਲ (ਹੀ) ਪਰਮਾਤਮਾ ਦਾ ਮਿਲਾਪ ਕਰ ਸਕਦੇ ਹੋ।2।4।6।

ਕੇਦਾਰਾ ਮਹਲਾ ੫ ॥ ਹਰਿ ਬਿਨੁ ਜਨਮੁ ਅਕਾਰਥ ਜਾਤ ॥ ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ ਰਹਾਉ ॥ ਧਨੁ ਜੋਬਨੁ ਸੰਪੈ ਸੁਖ ਭੋੁਗਵੈ ਸੰਗਿ ਨ ਨਿਬਹਤ ਮਾਤ ॥ ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥੧॥ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥ ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥੨॥੫॥੭॥ {ਪੰਨਾ 1120}

ਪਦ ਅਰਥ: ਅਕਾਰਥ = ਵਿਅਰਥ। ਜਾਤ = ਜਾਂਦਾ ਹੈ। ਤਜਿ = ਛੱਡ ਕੇ, ਭੁਲਾ ਕੇ। ਆਨ ਰੰਗਿ = ਹੋਰ (ਪਦਾਰਥਾਂ) ਦੇ ਪਿਆਰ ਵਿਚ। ਰਾਚਤ = ਮਸਤ। ਮਿਥਿਆ = ਵਿਅਰਥ। ਪਹਿਰਤ = ਪਹਿਨਦਾ। ਖਾਤ = ਖਾਂਦਾ। ਰਹਾਉ।

ਜੋਬਨੁ = ਜੁਆਨੀ ! ਸੰਪੈ = ਦੌਲਤ। ਭੋੁਗਵੈ = {ਅੱਖਰ 'ਭ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਪਾਠ ਹੈ 'ਭੋਗਵੈ'। ਇਥੇ 'ਭੁਗਵੈ' ਪੜ੍ਹਨਾ ਹੈ}। ਸੰਗਿ = ਨਾਲ। ਮਾਤ = ਮਾਤ੍ਰ, ਰਤਾ ਭਰ ਭੀ। ਮ੍ਰਿਗ ਤ੍ਰਿਸਨਾ = ਠਗਨੀਰਾ {ਰੇਤਲੇ ਇਲਾਕਿਆਂ ਵਿਚ ਸੂਰਜ ਦੀਆਂ ਕਿਰਨਾਂ ਨਾਲ ਰੇਤ ਇਉਂ ਜਾਪਦੀ ਹੈ ਜਿਵੇਂ ਪਾਣੀ ਠਾਠਾਂ ਮਾਰ ਰਿਹਾ ਹੈ। ਤ੍ਰਿਹ ਨਾਲ ਘਾਬਰੇ ਹੋਏ ਮ੍ਰਿਗ ਆਦਿਕ ਪਸ਼ੂ ਉਸ ਰੇਤ-ਥਲੇ ਨੂੰ ਪਾਣੀ ਸਮਝ ਕੇ ਉਸ ਵਲ ਦੌੜਦੇ ਹਨ। ਨੇੜੇ ਦਾ ਰੇਤ-ਥਲਾ ਤਾਂ ਧਰਤੀ ਹੀ ਦਿੱਸਦਾ ਹੈ, ਪਰ ਦੂਰ ਵਾਲਾ ਰੇਤ-ਥਲਾ ਪਾਣੀ ਜਾਪਦਾ ਹੈ। ਤਿਹਾਇਆ ਮ੍ਰਿਗ ਪਾਣੀ ਦੀ ਖ਼ਾਤਰ ਦੌੜ ਦੌੜ ਕੇ ਕਈ ਵਾਰੀ ਜਾਨ ਗਵਾ ਬੈਠਦਾ ਹੈ}। ਬਾਵਰ = ਕਮਲਾ, ਝੱਲਾ। ਦ੍ਰੁਮ = ਰੁੱਖ। ਰਾਤ = ਰੱਤਾ ਹੋਇਆ, ਮਸਤ।1।

ਮਦ = ਨਸ਼ਾ। ਕੈ ਖਾਤ = ਦੇ ਟੋਏ ਵਿਚ। ਕਰੁ = ਹੱਥ {ਇਕ-ਵਚਨ}। ਗਹਿ ਲੇਹੁ = ਫੜ ਲੈ। ਹੋਇ = ਹੋ ਕੇ। ਸਹਾਤ = ਸਹਾਈ। ਪ੍ਰਭ = ਹੇ ਪ੍ਰਭੂ!।2।

ਅਰਥ: ਹੇ ਭਾਈ! ਪਰਮਾਤਮਾ (ਦੇ ਭਜਨ) ਤੋਂ ਬਿਨਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। (ਜਿਹੜਾ ਮਨੁੱਖ) ਪਰਮਾਤਮਾ (ਦੀ ਯਾਦ) ਭੁਲਾ ਕੇ ਹੋਰ ਹੋਰ ਰੰਗ ਵਿਚ ਮਸਤ ਰਹਿੰਦਾ ਹੈ, ਉਸ ਦਾ ਪਹਿਨਣਾ ਖਾਣਾ ਸਭ ਕੁਝ ਵਿਅਰਥ ਹੈ। ਰਹਾਉ।

ਹੇ ਭਾਈ! (ਮਨੁੱਖ ਇਥੇ) ਧਨ ਦੌਲਤ (ਇਕੱਠੀ ਕਰਦਾ ਹੈ) , ਜੁਆਨੀ ਸੁਖ ਮਾਣਦਾ ਹੈ (ਪਰ ਇਹਨਾਂ ਵਿਚੋਂ ਕੋਈ ਭੀ ਚੀਜ਼ ਜਗਤ ਤੋਂ ਤੁਰਨ ਵੇਲੇ) ਰਤਾ ਭਰ ਭੀ (ਮਨੁੱਖ ਦੇ) ਨਾਲ ਨਹੀਂ ਜਾਂਦੀ। ਝੱਲਾ ਮਨੁੱਖ (ਮਾਇਆ ਦੇ ਇਸ) ਠਗ-ਨੀਰੇ ਨੂੰ ਵੇਖ ਕੇ ਇਸ ਵਿਚ ਮਸਤ ਰਹਿੰਦਾ ਹੈ (ਮਾਨੋ) ਰੁੱਖ ਦੀ ਛਾਂ ਦੀ ਮੌਜ ਵਿਚ ਮਸਤ ਹੈ।1।

ਹੇ ਭਾਈ! ਮਨੁੱਖ (ਦੁਨੀਆ ਦੇ) ਮਾਣ ਮੋਹ ਦੇ ਭਾਰੇ ਨਸ਼ੇ ਵਿਚ ਮੋਹਿਆ ਰਹਿੰਦਾ ਹੈ, ਕਾਮ ਕ੍ਰੋਧ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ।

ਹੇ ਪ੍ਰਭੂ ਜੀ! (ਨਾਨਕ ਦਾ) ਸਹਾਈ ਬਣ ਕੇ ਦਾਸ ਨਾਨਕ ਨੂੰ ਹੱਥ ਫੜ ਕੇ (ਇਸ ਟੋਏ ਵਿਚ ਡਿੱਗਣੋਂ) ਬਚਾ ਲੈ।2।5।7।

ਕੇਦਾਰਾ ਮਹਲਾ ੫ ॥ ਹਰਿ ਬਿਨੁ ਕੋਇ ਨ ਚਾਲਸਿ ਸਾਥ ॥ ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੇ ਨਾਥ ॥ ਰਹਾਉ ॥ ਸੁਤ ਸੰਪਤਿ ਬਿਖਿਆ ਰਸ ਭੋੁਗਵਤ ਨਹ ਨਿਬਹਤ ਜਮ ਕੈ ਪਾਥ ॥ ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ਖਾਤ ॥੧॥ ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ॥ ਨਾਨਕ ਦੀਨ ਧੂਰਿ ਜਨ ਬਾਂਛਤ ਮਿਲੈ ਲਿਖਤ ਧੁਰਿ ਮਾਥ ॥੨॥੬॥੮॥ {ਪੰਨਾ 1120}

ਪਦ ਅਰਥ: ਸਾਥ = ਨਾਲ। ਨ ਚਾਲਸਿ = ਨਹੀਂ ਜਾਂਦਾ। ਦੀਨਾ ਨਾਥ = ਹੇ ਗ਼ਰੀਬਾਂ ਦੇ ਖਸਮ! ਕਰੁਣਾਪਤਿ = ਹੇ ਤਰਸ ਦੇ ਮਾਲਕ! ਹੇ ਮਿਹਰਾਂ ਦੇ ਸਾਈਂ! ਅਨਾਥਾ ਕੇ ਨਾਥ = ਹੇ ਨਿਆਸਰਿਆਂ ਦੇ ਆਸਰੇ!। ਰਹਾਉ।

ਸੁਤ = ਪੁੱਤਰ। ਸੰਪਤਿ = ਧਨ। ਬਿਖਿਆ = ਮਾਇਆ। ਭੋੁਗਵਤ = {ਅੱਖਰ 'ਭ' ਦੇ ਨਾਲ ਦੋ ਲਗਾਂ ਹਨ:ੋ ਅਤੇ ੁ । ਅਸਲ ਲਫ਼ਜ਼ ਹੈ 'ਭੋਗਵਤ'। ਇਥੇ 'ਭੁਗਵਤ' ਪੜ੍ਹਨਾ ਹੈ}। ਪਾਥ = ਰਸਤਾ। ਜਮ ਕੈ ਪਾਥ = ਜਮਰਾਜ ਦੇ ਰਸਤੇ ਪਿਆਂ। ਨਿਧਾਨੁ = ਖ਼ਜ਼ਾਨਾ। ਗਾਉ = ਗਾਇਆ ਕਰ। ਉਧਰੁ = (ਆਪਣੇ ਆਪ ਨੂੰ) ਬਚਾ ਲੈ। ਸਾਗਰ = (ਸੰਸਾਰ-) ਸਮੁੰਦਰ। ਖਾਤ = (ਵਿਕਾਰਾਂ ਦਾ) ਗੜ੍ਹਾ, ਟੋਆ।1।

ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਅਕਥ = ਜਿਸ ਦੇ ਸਹੀ ਸਰੂਪ ਦਾ ਬਿਆਨ ਨਾਹ ਹੋ ਸਕੇ। ਅਗੋਚਰ = {ਅ-ਗੋ-ਚਰ। ਗੋ = ਗਿਆਨ ਇੰਦ੍ਰੇ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਲਾਥ = ਲਹਿ ਜਾਂਦੇ ਹਨ। ਦੀਨ = ਗਰੀਬ। ਧੂਰਿ ਜਨ = ਸੰਤ ਜਨਾਂ ਦੀ ਚਰਨ-ਧੂੜ। ਬਾਂਛਤ = ਮੰਗਦਾ। ਲਿਖਤ ਧੁਰਿ ਮਾਥ = ਧੁਰ-ਦਰਗਾਹ ਤੋਂ ਮੱਥੇ ਉਤੇ ਲਿਖੇ ਅਨੁਸਾਰ।2।

ਅਰਥ: ਹੇ ਭਾਈ! (ਜਗਤ ਤੋਂ ਤੁਰਨ ਵੇਲੇ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਜੀਵ ਦੇ) ਨਾਲ ਨਹੀਂ ਜਾਂਦਾ। ਹੇ ਦੀਨਾਂ ਦੇ ਨਾਥ! ਹੇ ਮਿਹਰਾਂ ਦੇ ਸਾਈਂ! ਹੇ ਸੁਆਮੀ! ਹੇ ਅਨਾਥਾਂ ਦੇ ਨਾਥ! (ਤੇਰਾ ਨਾਮ ਹੀ ਅਸਲ ਸਾਥੀ ਹੈ) । ਰਹਾਉ।

ਹੇ ਭਾਈ! (ਮਨੁੱਖ ਦੇ ਪਾਸ) ਪੁੱਤਰ (ਹੁੰਦੇ ਹਨ) , ਧਨ (ਹੁੰਦਾ ਹੈ) , (ਮਨੁੱਖ) ਮਾਇਆ ਦੇ ਅਨੇਕਾਂ ਰਸ ਭੋਗਦਾ ਹੈ, ਪਰ ਜਮਰਾਜ ਦੇ ਰਸਤੇ ਤੁਰਨ ਵੇਲੇ ਕੋਈ ਸਾਥ ਨਹੀਂ ਨਿਬਾਹੁੰਦਾ। ਹੇ ਭਾਈ! ਪਰਮਾਤਮਾ ਦਾ ਨਾਮ ਹੀ (ਨਾਲ ਨਿਭਣ ਵਾਲਾ ਅਸਲ) ਖ਼ਜ਼ਾਨਾ ਹੈ। ਗੋਬਿੰਦ ਦੇ ਗੁਣ ਗਾਇਆ ਕਰ, (ਇਸ ਤਰ੍ਹਾਂ ਆਪਣੇ ਆਪ ਨੂੰ) ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਟੋਟੇ (ਵਿਚ ਡਿੱਗਣ) ਤੋਂ ਬਚਾ ਲੈ।1।

ਹੇ ਸਮਰਥ! ਹੇ ਅਕੱਥ! ਹੇ ਅਗੋਚਰ! ਹੇ ਹਰੀ! (ਮੈਂ ਤੇਰੀ) ਸਰਨ (ਆਇਆ ਹਾਂ) , (ਤੇਰਾ ਨਾਮ) ਸਿਮਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਹੇ ਨਾਨਕ! (ਆਖ– ਹੇ ਪ੍ਰਭੂ!) ਦਾਸ ਗਰੀਬ ਤੇਰੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ। ਇਹ ਚਰਨ-ਧੂੜ ਉਸ ਮਨੁੱਖ ਨੂੰ ਮਿਲਦੀ ਹੈ, ਜਿਸ ਦੇ ਮੱਥੇ ਉਤੇ ਧੁਰ-ਦਰਗਾਹ ਤੋਂ ਲਿਖੀ ਹੁੰਦੀ ਹੈ।2।6।8।

ਕੇਦਾਰਾ ਮਹਲਾ ੫ ਘਰੁ ੫   ੴ ਸਤਿਗੁਰ ਪ੍ਰਸਾਦਿ ॥ ਬਿਸਰਤ ਨਾਹਿ ਮਨ ਤੇ ਹਰੀ ॥ ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥ ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥ ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥ ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ ॥ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥ {ਪੰਨਾ 1120-1121}

ਪਦ ਅਰਥ: ਤੇ = ਤੋਂ। ਹਰੀ = ਪਰਮਾਤਮਾ। ਅਬ = ਹੁਣ। ਮਹਾ = ਬਹੁਤ। ਪ੍ਰਬਲ = ਤਕੜੀ। ਆਨੁ = {ANX} ਹੋਰ। ਬਿਖੈ = ਵਿਸ਼ੇ। ਜਰੀ = ਸੜ ਗਏ। ਰਹਾਉ।

ਬੂੰਦ = (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਕਣੀ। ਕਹਾ ਤਿਆਗਿ = ਕਿੱਥੇ ਤਿਆਗ ਸਕਦਾ ਹੈ? ਨਹੀਂ ਛੱਡ ਸਕਦਾ। ਚਾਤ੍ਰਿਕ = ਪਪੀਹਾ। ਮੀਨ = ਮੱਛੀ। ਘਰੀ = ਘੜੀ। ਰਸਨਾ = ਜੀਭ ਨਾਲ। ਟੇਵ = ਆਦਤ। ਪਰੀ = ਪੈ ਜਾਂਦੀ ਹੈ।1।

ਨਾਦ = (ਘੰਡੇਹੇੜੇ ਦੀ) ਆਵਾਜ਼। ਕੁਰੰਕ = ਹਰਨ। ਬੇਧਿ = ਵਿੰਨ੍ਹਿਆ ਜਾਂਦਾ ਹੈ। ਸਰ = ਤੀਰ। ਤੀਖਨ ਸਰੀ = ਤੇਜ਼ ਤੀਰਾਂ ਨਾਲ। ਰਸਾਲ = {ਰਸ-ਆਲਯ = ਰਸਾਂ ਦਾ ਘਰ} ਮਿੱਠੇ। ਗਾਠਿ = ਗੰਢ। ਬਾਧਿ ਧਰੀ = ਬੰਨ੍ਹ ਲਈ।2।

ਅਰਥ: ਹੇ ਭਾਈ! (ਜਿਸ ਮਨੁੱਖ ਦੇ) ਮਨ ਤੋਂ ਪਰਮਾਤਮਾ ਨਹੀਂ ਭੁੱਲਦਾ, ਉਸ ਦੇ ਅੰਦਰ ਆਖ਼ਰ ਇਹ ਪਿਆਰ ਇਤਨਾ ਬਲਵਾਨ ਹੋ ਜਾਂਦਾ ਹੈ ਕਿ ਹੋਰ ਸਾਰੇ ਵਿਸ਼ੇ (ਇਸ ਪ੍ਰੀਤ-ਅਗਨੀ ਵਿਚ) ਸੜ ਜਾਂਦੇ ਹਨ। ਰਹਾਉ।

ਹੇ ਭਾਈ! (ਵੇਖੋ ਪ੍ਰੀਤ ਦੇ ਕਾਰਨਾਮੇ!) ਪਪੀਹਾ (ਸ਼੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਛੱਡ ਕੇ ਕਿਸੇ ਹੋਰ ਬੂੰਦ ਨਾਲ ਤ੍ਰਿਪਤ ਨਹੀਂ ਹੁੰਦਾ। ਮੱਛੀ (ਦਾ ਪਾਣੀ ਨਾਲ ਇਤਨਾ ਪਿਆਰ ਹੈ ਕਿ ਉਹ ਪਾਣੀ ਤੋਂ ਬਿਨਾ) ਇਕ ਘੜੀ ਭੀ ਜੀਊ ਨਹੀਂ ਸਕਦੀ। ਹੇ ਭਾਈ! ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਸਦਾ ਹਰਿ-ਗੁਣ ਉਚਾਰਦਾ ਹੈ, ਉਸ ਨੂੰ) ਇਹ ਆਦਤ ਹੀ ਬਣ ਜਾਂਦੀ ਹੈ (ਫਿਰ ਉਹ ਗੁਣ ਉਚਾਰਨ ਤੋਂ ਬਿਨਾ ਰਹਿ ਨਹੀਂ ਸਕਦਾ) ।1।

ਹੇ ਭਾਈ! (ਪ੍ਰੀਤ ਦਾ ਹੋਰ ਕਾਰਨਾਮਾ ਵੇਖ!) ਹਰਨ (ਘੰਡੇਹੇੜੇ ਦੀ) ਆਵਾਜ਼ ਨਾਲ ਮੋਹਿਆ ਜਾਂਦਾ ਹੈ (ਉਸ ਵਿਚ ਇਤਨਾ ਮਸਤ ਹੁੰਦਾ ਹੈ ਕਿ ਸ਼ਿਕਾਰੀ ਦੇ) ਤ੍ਰਿੱਖੇ ਤੀਰਾਂ ਨਾਲ ਵਿੱਝ ਜਾਂਦਾ ਹੈ। (ਇਸੇ ਤਰ੍ਹਾਂ) ਹੇ ਨਾਨਕ! (ਜਿਸ ਮਨੁੱਖ ਨੂੰ) ਪ੍ਰਭੂ ਦੇ ਸੋਹਣੇ ਚਰਨ ਮਿੱਠੇ ਲੱਗਦੇ ਹਨ, (ਉਹ ਮਨੁੱਖ ਇਹਨਾਂ ਚਰਨਾਂ ਨਾਲ ਆਪਣੇ ਮਨ ਦੀ ਪੱਕੀ) ਗੰਢ ਬੰਨ੍ਹ ਲੈਂਦਾ ਹੈ।2।1।9।

TOP OF PAGE>

Sri Guru Granth Darpan, by Professor Sahib Singh