ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1122

ਕੇਦਾਰਾ ਮਹਲਾ ੫ ॥ ਹਰਿ ਕੇ ਨਾਮ ਕੀ ਮਨ ਰੁਚੈ ॥ ਕੋਟਿ ਸਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ॥ ਰਹਾਉ ॥ ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ ॥ ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ ॥੧॥ ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ ॥ ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥੨॥੭॥੧੫॥ {ਪੰਨਾ 1122}

ਪਦ ਅਰਥ: ਮਨ = ਮਨ ਨੂੰ। ਰੁਚੈ = ਰੁਚੀ, ਚਾਹ, ਲਗਨ। ਕੋਟਿ = ਕਿਲ੍ਹੇ ਵਿਚ, ਹਿਰਦੇ ਦੇ ਕਿਲ੍ਹੇ ਵਿਚ। ਜਲਤ = (ਵਿਕਾਰਾਂ ਦੀ) ਬਲ ਰਹੀ (ਅੱਗ) । ਛਾਤੀ = ਹਿਰਦਾ। ਬੂਝੈ = (ਅੱਗ) ਬੁੱਝ ਜਾਂਦੀ ਹੈ। ਰਹਾਉ।

ਸੰਤ ਮਾਰਗਿ = ਗੁਰੂ ਦੇ (ਦੱਸੇ) ਰਾਹ ਉਤੇ। ਚਲਤ = ਤੁਰ ਰਿਹਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਮੁਚੈ = ਬਹੁਤ, ਅਨੇਕਾਂ। ਉਧਰੇ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਰੇਨੁ = ਚਰਨ-ਧੂੜ। ਜਨ = ਪ੍ਰਭੂ ਦਾ ਭਗਤ। ਮਸਤਕਿ = ਮੱਥੇ ਉੱਤੇ। ਸੁਚੈ = ਸੁੱਚ, ਪਵਿੱਤ੍ਰਤਾ।1।

ਭੀਤਰਿ = ਵਿਚ। ਧਿਆਨ ਭੀਤਰਿ = ਧਿਆਨ ਵਿਚ, ਯਾਦ ਵਿਚ। ਘਟਿ = ਘਟ ਵਿਚ। ਘਟਿ ਘਟਹਿ = ਹਰੇਕ ਸਰੀਰ ਵਿਚ। ਸੁਝੈ = ਦਿੱਸਦਾ ਹੈ। ਦੇਵ = ਪ੍ਰਕਾਸ਼-ਰੂਪ ਪ੍ਰਭੂ। ਅਪਾਰ = ਬੇਅੰਤ। ਬਹੁਰਿ = ਮੁੜ। ਲੁਝੈ = ਝਗੜਦਾ।2।

ਅਰਥ: ਹੇ ਭਾਈ! ਜਿਸ ਮਨੁੱਖ ਦੇ ਮਨ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ, ਉਸ ਦੇ ਹਿਰਦੇ ਵਿਚ ਪੂਰਨ ਸ਼ਾਂਤੀ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਹਿਰਦੇ ਵਿਚ (ਵਿਕਾਰਾਂ ਦੀ ਪਹਿਲੀ) ਬਲ ਰਹੀ ਅੱਗ ਬੁੱਝ ਜਾਂਦੀ ਹੈ। ਰਹਾਉ।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, (ਉਸ ਦੀ ਸੰਗਤਿ ਵਿਚ ਰਹਿ ਕੇ) ਅਨੇਕਾਂ ਵਿਕਾਰੀ ਮਨੁੱਖ (ਵਿਕਾਰਾਂ ਤੋਂ) ਬਚ ਜਾਂਦੇ ਹਨ। ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਲੱਗਦੀ ਹੈ, (ਉਸ ਦੇ ਅੰਦਰ, ਮਾਨੋ) ਅਨੇਕਾਂ ਤੀਰਥਾਂ (ਦੇ ਇਸ਼ਨਾਨ) ਦੀ ਪਵਿੱਤ੍ਰਤਾ ਹੋ ਜਾਂਦੀ ਹੈ।1।

ਹੇ ਭਾਈ! ਜਿਸ ਮਨੁੱਖ ਦੀ ਸੁਰਤਿ ਪ੍ਰਭੂ ਦੇ ਸੋਹਣੇ ਚਰਨਾਂ ਦੇ ਧਿਆਨ ਵਿਚ ਟਿਕੀ ਰਹਿੰਦੀ ਹੈ, ਉਸ ਨੂੰ ਮਾਲਕ-ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ। ਹੇ ਨਾਨਕ! ਜਿਹੜਾ ਮਨੁੱਖ ਚਾਨਣ-ਰੂਪ ਬੇਅੰਤ ਪ੍ਰਭੂ ਦੀ ਸਰਨ ਵਿਚ ਆ ਜਾਂਦਾ ਹੈ, ਜਮਦੂਤ ਮੁੜ ਉਸ ਨਾਲ ਕੋਈ ਝਗੜਾ ਨਹੀਂ ਪਾਂਦਾ।2।7।15।

ਕੇਦਾਰਾ ਛੰਤ ਮਹਲਾ ੫   ੴ ਸਤਿਗੁਰ ਪ੍ਰਸਾਦਿ ॥ ਮਿਲੁ ਮੇਰੇ ਪ੍ਰੀਤਮ ਪਿਆਰਿਆ ॥ ਰਹਾਉ ॥ ਪੂਰਿ ਰਹਿਆ ਸਰਬਤ੍ਰ ਮੈ ਸੋ ਪੁਰਖੁ ਬਿਧਾਤਾ ॥ ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ ॥ ਸੰਤਨ ਸੰਗਿ ਜਾਤਾ ਪੁਰਖੁ ਬਿਧਾਤਾ ਘਟਿ ਘਟਿ ਨਦਰਿ ਨਿਹਾਲਿਆ ॥ ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲੁ ਨਹੀ ਭੰਨੈ ਘਾਲਿਆ ॥ ਹਰਿ ਗੁਣ ਨਿਧਿ ਗਾਏ ਸਹਜ ਸੁਭਾਏ ਪ੍ਰੇਮ ਮਹਾ ਰਸ ਮਾਤਾ ॥ ਨਾਨਕ ਦਾਸ ਤੇਰੀ ਸਰਣਾਈ ਤੂ ਪੂਰਨ ਪੁਰਖੁ ਬਿਧਾਤਾ ॥੧॥ {ਪੰਨਾ 1122}

ਪਦ ਅਰਥ: ਪ੍ਰੀਤਮ = ਹੇ ਪ੍ਰੀਤਮ!। ਰਹਾਉ।

ਪੂਰਿ ਰਹਿਆ = ਮੌਜੂਦ ਹੈ। ਸਰਬਤ੍ਰ ਮੈ = ਸਭ ਥਾਈਂ, ਸਭਨਾਂ ਵਿਚ। ਪੁਰਖੁ = ਸਰਬ-ਵਿਆਪਕ ਪ੍ਰਭੂ। ਬਿਧਾਤਾ = ਸਿਰਜਣਹਾਰ। ਮਾਰਗੁ = ਰਸਤਾ। ਹਰਿ ਕੀਆ = ਹਰੀ ਨੇ ਹੀ ਬਣਾਇਆ। ਸੰਗਿ = ਸੰਗਤਿ ਵਿਚ। ਜਾਤਾ = ਜਾਣਿਆ ਜਾਂਦਾ ਹੈ।

ਘਟਿ ਘਟਿ = ਹਰੇਕ ਸਰੀਰ ਵਿਚ। ਨਦਰਿ = ਨਜ਼ਰ ਨਾਲ। ਨਿਹਾਲਿਆ = ਵੇਖਿਆ ਜਾਂਦਾ ਹੈ। ਸਰਬ ਸੁਖ = ਸਾਰੇ ਸੁਖ। ਤਿਲੁ = ਰਤਾ ਭਰ ਭੀ। ਘਾਲਿਆ = ਕੀਤੀ ਹੋਈ ਮਿਹਨਤ।

ਨਿਧਿ = ਖ਼ਜ਼ਾਨਾ। ਗਾਏ = ਜੋ ਗਾਂਦਾ ਹੈ। ਸਹਜ ਸੁਭਾਏ = ਆਤਮਕ ਅਡੋਲਤਾ ਅਤੇ ਪ੍ਰੇਮ ਵਿਚ। ਮਾਤਾ = ਮਸਤ।1।

ਅਰਥ: ਹੇ ਮੇਰੇ ਪਿਆਰੇ! ਹੇ ਮੇਰੇ ਪ੍ਰੀਤਮ! (ਮੈਨੂੰ) ਮਿਲ। ਰਹਾਉ।

ਹੇ ਭਾਈ! ਉਹ ਸਰਬ-ਵਿਆਪਕ ਸਿਰਜਣਹਾਰ ਸਭ ਥਾਈਂ ਮੌਜੂਦ ਹੈ। ਹੇ ਭਾਈ! ਪ੍ਰਭੂ (ਨੂੰ ਮਿਲਣ) ਦਾ ਰਸਤਾ ਪ੍ਰਭੂ ਨੇ ਆਪ ਹੀ ਬਣਾਇਆ ਹੈ (ਉਹ ਰਸਤਾ ਇਹ ਹੈ ਕਿ) ਸੰਤ ਜਨਾਂ ਦੀ ਸੰਗਤਿ ਵਿਚ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ।

ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਹੀ ਸਿਰਜਣਹਾਰ ਅਕਾਲ ਪੁਰਖ ਨਾਲ ਜਾਣ-ਪਛਾਣ ਹੋ ਸਕਦੀ ਹੈ। (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਹੀ ਉਸ ਨੂੰ) ਹਰੇਕ ਸਰੀਰ ਵਿਚ ਅੱਖੀਂ ਵੇਖਿਆ ਜਾ ਸਕਦਾ ਹੈ। ਜਿਹੜਾ ਮਨੁੱਖ (ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ ਪ੍ਰਭੂ ਦੀ) ਸਰਨ ਆਉਂਦਾ ਹੈ, ਉਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ। ਪ੍ਰਭੂ ਉਸ ਮਨੁੱਖ ਦੀ ਕੀਤੀ ਹੋਈ ਮਿਹਨਤ ਨੂੰ ਰਤਾ ਭਰ ਭੀ ਨਹੀਂ ਗਵਾਂਦਾ।

ਹੇ ਭਾਈ! ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਿਆਰ ਨਾਲ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹੈ, ਉਹ ਸਭ ਤੋਂ ਉੱਚੇ ਪ੍ਰੇਮ-ਰਸ ਵਿਚ ਮਸਤ ਰਹਿੰਦਾ ਹੈ। ਹੇ ਨਾਨਕ! (ਆਖ– ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਵਿਚ ਰਹਿੰਦੇ ਹਨ। ਤੂੰ ਸਭ ਗੁਣਾਂ ਨਾਲ ਭਰਪੂਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ।1।

ਹਰਿ ਪ੍ਰੇਮ ਭਗਤਿ ਜਨ ਬੇਧਿਆ ਸੇ ਆਨ ਕਤ ਜਾਹੀ ॥ ਮੀਨੁ ਬਿਛੋਹਾ ਨਾ ਸਹੈ ਜਲ ਬਿਨੁ ਮਰਿ ਪਾਹੀ ॥ ਹਰਿ ਬਿਨੁ ਕਿਉ ਰਹੀਐ ਦੂਖ ਕਿਨਿ ਸਹੀਐ ਚਾਤ੍ਰਿਕ ਬੂੰਦ ਪਿਆਸਿਆ ॥ ਕਬ ਰੈਨਿ ਬਿਹਾਵੈ ਚਕਵੀ ਸੁਖੁ ਪਾਵੈ ਸੂਰਜ ਕਿਰਣਿ ਪ੍ਰਗਾਸਿਆ ॥ ਹਰਿ ਦਰਸਿ ਮਨੁ ਲਾਗਾ ਦਿਨਸੁ ਸਭਾਗਾ ਅਨਦਿਨੁ ਹਰਿ ਗੁਣ ਗਾਹੀ ॥ ਨਾਨਕ ਦਾਸੁ ਕਹੈ ਬੇਨੰਤੀ ਕਤ ਹਰਿ ਬਿਨੁ ਪ੍ਰਾਣ ਟਿਕਾਹੀ ॥੨॥ {ਪੰਨਾ 1122}

ਪਦ ਅਰਥ: ਜਨ = ਜਿਹੜੇ ਮਨੁੱਖ {ਬਹੁ-ਵਚਨ}। ਬੇਧਿਆ = ਵਿੰਨ੍ਹੇ ਜਾਂਦੇ ਹਨ। ਸੇ = ਉਹ ਮਨੁੱਖ {ਬਹੁ-ਵਚਨ}। ਆਨ ਕਤ = ਹੋਰ ਕਿੱਥੇ? ਕਿਸੇ ਭੀ ਹੋਰ ਥਾਂ ਨਹੀਂ। ਜਾਹੀ = ਜਾਹਿ, ਜਾਂਦੇ, ਜਾ ਸਕਦੇ। ਮੀਨੁ = ਮੱਛੀ। ਬਿਛੋਹਾ = (ਪਾਣੀ ਦਾ) ਵਿਛੋੜਾ। ਮਰਿ ਪਾਹੀ = ਮਰਿ ਪਾਹਿ, (ਮੱਛੀਆਂ) ਮਰ ਜਾਂਦੀਆਂ ਹਨ {ਬਹੁ-ਵਚਨ}।

ਕਿਉ ਰਹੀਐ = ਕਿਵੇਂ ਰਿਹਾ ਜਾ ਸਕਦਾ ਹੈ? ਨਹੀਂ ਰਿਹਾ ਜਾ ਸਕਦਾ। ਕਿਨਿ = ਕਿਸ ਪਾਸੋਂ? ਕਿਸੇ ਭੀ ਪਾਸੋਂ ਨਹੀਂ। ਕਿਨਿ ਸਹੀਐ = ਕਿਸ ਪਾਸੋਂ ਸਹਾਰਿਆ ਜਾ ਸਕਦਾ ਹੈ? ਕਿਸੇ ਪਾਸੋਂ ਭੀ ਸਹਾਰਿਆ ਨਹੀਂ ਜਾ ਸਕਦਾ। ਚਾਤ੍ਰਿਕ = ਪਪੀਹਾ। ਬੂੰਦ = (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਕਣੀ। ਰੈਨਿ = ਰਾਤ। ਕਬ = ਕਦੋਂ? ਪ੍ਰਗਾਸਿਆ = ਚਾਨਣ ਕਰੇ।

ਦਰਸਿ = ਦਰਸਨ ਵਿਚ। ਸਭਾਗਾ = ਭਾਗਾਂ ਵਾਲਾ। ਅਨਦਿਨੁ = ਹਰ ਰੋਜ਼, ਹਰ ਵੇਲੇ। ਗਾਹੀ = ਗਾਹਿ, ਗਾਂਦੇ ਹਨ। ਕਹੈ– ਆਖਦਾ ਹੈ। ਕਤ = ਕਿੱਥੇ? ਟਿਕਾਹੀ = ਟਿਕਾਹਿ, ਟਿਕਹਿ, ਟਿਕ ਸਕਦੇ ਹਨ।2।

ਅਰਥ: ਹੇ ਭਾਈ! ਜਿਹੜੇ ਮਨੁੱਖ ਹਰੀ ਦੀ ਪ੍ਰੇਮਾ-ਭਗਤੀ ਵਿਚ ਵਿੱਝ ਜਾਂਦੇ ਹਨ, ਉਹ (ਹਰੀ ਨੂੰ ਛੱਡ ਕੇ) ਕਿਸੇ ਹੋਰ ਥਾਂ ਨਹੀਂ ਜਾ ਸਕਦੇ। (ਜਿਵੇਂ) ਮੱਛੀ (ਪਾਣੀ ਦਾ) ਵਿਛੋੜਾ ਸਹਾਰ ਨਹੀਂ ਸਕਦੀ, ਪਾਣੀ ਤੋਂ ਬਿਨਾ ਮੱਛੀਆਂ ਮਰ ਜਾਂਦੀਆਂ ਹਨ।

ਹੇ ਭਾਈ! (ਜਿਨ੍ਹਾਂ ਦੇ ਮਨ ਪ੍ਰੇਮ-ਭਗਤੀ ਵਿਚ ਵਿੱਝ ਗਏ ਹਨ, ਉਹਨਾਂ ਵਿਚੋਂ ਕਿਸੇ ਪਾਸੋਂ ਭੀ) ਪਰਮਾਤਮਾ (ਦੀ ਯਾਦ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ, ਕਿਸੇ ਪਾਸੋਂ ਭੀ ਵਿਛੋੜੇ ਦਾ ਦੁੱਖ ਸਹਾਰਿਆ ਨਹੀਂ ਜਾ ਸਕਦਾ (ਜਿਵੇਂ) ਪਪੀਹਾ ਹਰ ਵੇਲੇ ਸ੍ਵਾਂਤੀ ਬੂੰਦ ਲਈ ਤਰਸਦਾ ਹੈ (ਜਿਵੇਂ) ਜਦ ਤਕ ਰਾਤ ਨਾਹ ਮੁੱਕੇ, ਜਦ ਤਕ ਸੂਰਜ ਦੀ ਕਿਰਨ ਲੋਅ ਨ ਕਰੇ, ਚਕਵੀ ਨੂੰ ਸੁਖ ਨਹੀਂ ਮਿਲ ਸਕਦਾ।

ਹੇ ਭਾਈ! (ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਮਨੁੱਖਾਂ ਲਈ) ਉਹ ਦਿਨ ਭਾਗਾਂ ਵਾਲਾ ਹੁੰਦਾ ਹੈ ਜਦੋਂ ਉਹਨਾਂ ਦਾ ਮਨ ਪ੍ਰਭੂ ਦੇ ਦੀਦਾਰ ਵਿਚ ਜੁੜਦਾ ਹੈ, ਉਹ ਹਰ ਵੇਲੇ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ। ਦਾਸ ਨਾਨਕ ਬੇਨਤੀ ਕਰਦਾ ਹੈ– (ਹੇ ਭਾਈ! ਜਿਨ੍ਹਾਂ ਦੇ ਮਨ ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਹਨ, ਉਹਨਾਂ ਦੇ) ਪ੍ਰਾਣ ਪਰਮਾਤਮਾ ਦੀ ਯਾਦ ਤੋਂ ਬਿਨਾ ਕਿਤੇ ਭੀ ਧੀਰਜ ਨਹੀਂ ਪਾ ਸਕਦੇ।2।

ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ॥ ਦਰਸ ਬਿਹੂਨਾ ਸਾਧ ਜਨੁ ਖਿਨੁ ਟਿਕਣੁ ਨ ਆਵੈ ॥ ਹਰਿ ਬਿਨੁ ਜੋ ਰਹਣਾ ਨਰਕੁ ਸੋ ਸਹਣਾ ਚਰਨ ਕਮਲ ਮਨੁ ਬੇਧਿਆ ॥ ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ ਕਤਹੁ ਨ ਜਾਇ ਨਿਖੇਧਿਆ ॥ ਹਰਿ ਸਿਉ ਜਾਇ ਮਿਲਣਾ ਸਾਧਸੰਗਿ ਰਹਣਾ ਸੋ ਸੁਖੁ ਅੰਕਿ ਨ ਮਾਵੈ ॥ ਹੋਹੁ ਕ੍ਰਿਪਾਲ ਨਾਨਕ ਕੇ ਸੁਆਮੀ ਹਰਿ ਚਰਨਹ ਸੰਗਿ ਸਮਾਵੈ ॥੩॥ {ਪੰਨਾ 1122}

ਪਦ ਅਰਥ: ਸਾਸ = ਸਾਹ। ਦੇਹੁਰੀ = ਸਰੀਰ। ਕਤ ਪਾਵੈ = ਕਿਥੇ ਪਾ ਸਕਦੀ ਹੈ? ਨਹੀਂ ਪਾ ਸਕਦੀ। ਦਰਸ ਬਿਹੂਨਾ = ਪ੍ਰਭੂ ਦੇ ਦਰਸਨ ਤੋਂ ਬਿਨਾ।

ਰਹਣਾ = ਜੀਊਣਾ। ਚਰਨ ਕਮਲ = ਸੋਹਣੇ ਚਰਨਾਂ ਵਿਚ। ਬੇਧਿਆ = ਵਿੱਝ ਗਿਆ। ਰਸਿਕ = ਰਸੀਆ, ਪ੍ਰੇਮੀ। ਬੈਰਾਗੀ = ਵੈਰਾਗਵਾਨ। ਨਾਮਿ = ਨਾਮ ਵਿਚ। ਲਿਵ = ਲਗਨ। ਕਤਹੁ = ਕਿਤੋਂ ਭੀ। ਨਿਖੇਧਿਆ = ਨਿਰਾਦਰਿਆ।

ਸਿਉ = ਨਾਲ। ਜਾਇ = ਜਾ ਕੇ। ਅੰਕਿ = ਸਰੀਰ ਵਿਚ। ਮਾਵੈ = ਮਿਉਂਦਾ ਹੈ, ਸਮਾਉਂਦਾ। ਹੋਹੁ = ਤੁਸੀ ਹੁੰਦੇ ਹੋ। ਸੁਆਮੀ = ਹੇ ਸੁਆਮੀ! ਸੰਗਿ = ਨਾਲ। ਸਮਾਵੈ = ਲੀਨ ਰਹਿੰਦਾ ਹੈ।3।

ਅਰਥ: ਹੇ ਭਾਈ! ਜਿਵੇਂ ਸਾਹ (ਆਉਣ) ਤੋਂ ਬਿਨਾ ਮਨੁੱਖ ਦਾ ਸਰੀਰ ਕਿਤੇ ਸੋਭਾ ਨਹੀਂ ਪਾ ਸਕਦਾ, (ਤਿਵੇਂ ਪਰਮਾਤਮਾ ਦੇ) ਦਰਸਨ ਤੋਂ ਬਿਨਾ ਸਾਧੂ-ਜਨ (ਸੋਭਾ ਨਹੀਂ ਪਾ ਸਕਦਾ) । (ਪ੍ਰਭੂ ਦੇ ਦਰਸਨ ਤੋਂ ਬਿਨਾ ਮਨੁੱਖ ਦਾ ਮਨ) ਇਕ ਖਿਨ ਲਈ ਭੀ ਟਿਕ ਨਹੀਂ ਸਕਦਾ।

ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਜੋ ਜੀਊਣ ਹੈ, ਉਹ ਜੀਊਣ ਨਰਕ (ਦਾ ਦੁੱਖ) ਸਹਾਰਨ (ਦੇ ਤੁੱਲ) ਹੈ। ਪਰ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਛ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਦਾ ਰਸੀਆ ਹੋ ਜਾਂਦਾ ਹੈ, ਹਰਿ-ਨਾਮ ਦਾ ਪ੍ਰੇਮੀ ਹੋ ਜਾਂਦਾ ਹੈ, ਹਰਿ-ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ, ਉਸ ਦੀ ਕਿਤੇ ਭੀ ਨਿਰਾਦਰੀ ਨਹੀਂ ਹੁੰਦੀ।

ਹੇ ਭਾਈ! ਸਾਧ ਸੰਗਤਿ ਵਿਚ ਟਿਕੇ ਰਹਿਣਾ (ਤੇ, ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ ਨਾਲ ਮਿਲਾਪ ਹੋ ਜਾਣਾ (ਇਸ ਤੋਂ ਐਸਾ ਆਤਮਕ ਆਨੰਦ ਪੈਦਾ ਹੁੰਦਾ ਹੈ ਕਿ) ਉਹ ਆਨੰਦ ਲੁਕਿਆ ਨਹੀਂ ਰਹਿ ਸਕਦਾ।

ਹੇ ਨਾਨਕ ਦੇ ਮਾਲਕ-ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ।3।

ਖੋਜਤ ਖੋਜਤ ਪ੍ਰਭ ਮਿਲੇ ਹਰਿ ਕਰੁਣਾ ਧਾਰੇ ॥ ਨਿਰਗੁਣੁ ਨੀਚੁ ਅਨਾਥੁ ਮੈ ਨਹੀ ਦੋਖ ਬੀਚਾਰੇ ॥ ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ ॥ ਭਗਤਿ ਵਛਲੁ ਸੁਨਿ ਅੰਚਲੋੁ ਗਹਿਆ ਘਟਿ ਘਟਿ ਪੂਰ ਸਮਾਨਿਆ ॥ ਸੁਖ ਸਾਗਰੋੁ ਪਾਇਆ ਸਹਜ ਸੁਭਾਇਆ ਜਨਮ ਮਰਨ ਦੁਖ ਹਾਰੇ ॥ ਕਰੁ ਗਹਿ ਲੀਨੇ ਨਾਨਕ ਦਾਸ ਅਪਨੇ ਰਾਮ ਨਾਮ ਉਰਿ ਹਾਰੇ ॥੪॥੧॥ {ਪੰਨਾ 1122}

ਪਦ ਅਰਥ: ਪ੍ਰਭ ਮਿਲੇ = ਪ੍ਰਭੂ ਜੀ ਮਿਲ ਪਏ {ਆਦਰ-ਬੋਧਕ ਬਹੁ-ਵਚਨ}। ਕਰੁਣਾ = ਤਰਸ, ਦਇਆ। ਧਾਰੇ = ਧਾਰਿ, ਧਾਰ ਕੇ। ਨਿਰਗੁਣੁ = ਗੁਣ-ਹੀਨ। ਅਨਾਥੁ = ਨਿਮਾਣਾ। ਦੋਖ = ਐਬ, ਉਕਾਈਆਂ। ਸਾਰੇ = ਸੌਂਪ ਦਿੱਤੇ। ਪਾਵਨ = ਪਵਿੱਤਰ (ਕਰਨਾ) । ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਬਖਾਨਿਆ = ਕਿਹਾ ਜਾਂਦਾ ਹੈ। ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਸੁਨਿ = ਸੁਣ ਕੇ। ਅੰਚਲੋੁ = ਪੱਲਾ {ਅੱਖਰ 'ਲ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ । ਅਸਲ ਲਫ਼ਜ਼ ਹੈ 'ਅੰਚਲੁ'। ਇਥੇ 'ਅੰਚਲੋ' ਪੜ੍ਹਨਾ ਹੈ}। ਗਹਿਆ = (ਮੈਂ) ਫੜ ਲਿਆ। ਘਟਿ ਘਟਿ = ਹਰੇਕ ਸਰੀਰ ਵਿਚ। ਪੂਰ = ਪੂਰਨ ਤੌਰ ਤੇ।

ਸਾਗਰੋੁ = ਸਮੁੰਦਰ {ਅਸਲ ਲਫ਼ਜ਼ 'ਸਾਗਰੁ' ਹੈ। ਇਥੇ 'ਸਾਗਰੋ' ਪੜ੍ਹਨਾ ਹੈ}। ਸਹਜ ਸੁਭਾਇਆ = ਆਤਮਕ ਅਡੋਲਤਾ ਦੇ ਸੁਭਾਉ ਨਾਲ, ਬਿਨਾ ਕਿਸੇ ਹਠ ਆਦਿਕ ਦੇ ਜਤਨ ਨਾਲ। ਹਾਰੇ = ਥੱਕ ਗਏ। ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਉਰਿ = ਹਿਰਦੇ ਵਿਚ। ਹਾਰੇ = ਹਾਰ।4।

ਅਰਥ: ਹੇ ਭਾਈ! (ਪ੍ਰਭੂ ਜੀ ਦੀ) ਭਾਲ ਕਰਦਿਆਂ ਕਰਦਿਆਂ (ਆਖ਼ਰ) ਪ੍ਰਭੂ ਜੀ (ਆਪ ਹੀ) ਦਇਆ ਕਰ ਕੇ (ਮੈਨੂੰ) ਮਿਲ ਪਏ (ਪ੍ਰਭੂ ਦਾ ਮਿਲਾਪ ਪ੍ਰਭੂ ਜੀ ਦੀ ਮਿਹਰ ਨਾਲ ਹੀ ਹੁੰਦਾ ਹੈ) । ਮੇਰੇ ਵਿਚ ਕੋਈ ਗੁਣ ਨਹੀਂ ਸੀ, ਮੈਂ ਨੀਵੇਂ ਜੀਵਨ ਵਾਲਾ ਸਾਂ, ਮੈਂ ਅਨਾਥ ਸਾਂ। ਪਰ ਪ੍ਰਭੂ ਜੀ ਨੇ ਮੇਰੇ ਔਗੁਣਾਂ ਵਲ ਧਿਆਨ ਨਹੀਂ ਦਿੱਤਾ।

ਹੇ ਭਾਈ! ਪ੍ਰਭੂ ਨੇ ਮੇਰੇ ਔਗੁਣ ਨਹੀਂ ਵਿਚਾਰੇ, ਮੈਨੂੰ ਪੂਰਨ ਸੁਖ ਉਸ ਨੇ ਦੇ ਦਿੱਤੇ, (ਤਾਹੀਏਂ ਤਾਂ ਇਹ) ਕਿਹਾ ਜਾਂਦਾ ਹੈ ਕਿ (ਪਤਿਤਾਂ ਨੂੰ) ਪਵਿੱਤਰ ਕਰਨਾ (ਪ੍ਰਭੂ ਦਾ) ਮੁੱਢ-ਕਦੀਮਾਂ ਦਾ ਸੁਭਾਉ ਹੈ। ਇਹ ਸੁਣ ਕੇ ਕਿ ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਮੈਂ ਉਸ ਦਾ ਪੱਲਾ ਫੜ ਲਿਆ (ਤੇ ਭਗਤੀ ਦੀ ਦਾਤਿ ਮੰਗੀ) । ਹੇ ਭਾਈ! ਪ੍ਰਭੂ ਹਰੇਕ ਸਰੀਰ ਵਿਚ ਪੂਰਨ ਤੌਰ ਤੇ ਵਿਆਪਕ ਹੈ।

ਹੇ ਭਾਈ! ਜਦੋਂ ਮੈਂ ਉਸ ਦਾ ਪੱਲਾ ਫੜ ਲਿਆ, ਤਾਂ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮੈਨੂੰ ਆਪ-ਮੁਹਾਰਾ ਹੀ ਮਿਲ ਪਿਆ। ਜਨਮ ਤੋਂ ਮਰਨ ਤਕ ਦੇ ਮੇਰੇ ਸਾਰੇ ਹੀ ਦੁੱਖ ਥੱਕ ਗਏ (ਮੁੱਕ ਗਏ) । ਹੇ ਨਾਨਕ! (ਆਖ– ਹੇ ਭਾਈ!) ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪਰਮਾਤਮਾ ਦਾ ਨਾਮ (ਉਹਨਾਂ ਸੇਵਕਾਂ ਦੇ) ਹਿਰਦੇ ਵਿਚ ਹਾਰ ਬਣਿਆ ਰਹਿੰਦਾ ਹੈ।4।1।

TOP OF PAGE

Sri Guru Granth Darpan, by Professor Sahib Singh