ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1128

ਭੈਰਉ ਮਹਲਾ ੩ ॥ ਜੋਗੀ ਗ੍ਰਿਹੀ ਪੰਡਿਤ ਭੇਖਧਾਰੀ ॥ ਏ ਸੂਤੇ ਅਪਣੈ ਅਹੰਕਾਰੀ ॥੧॥ ਮਾਇਆ ਮਦਿ ਮਾਤਾ ਰਹਿਆ ਸੋਇ ॥ ਜਾਗਤੁ ਰਹੈ ਨ ਮੂਸੈ ਕੋਇ ॥੧॥ ਰਹਾਉ ॥ ਸੋ ਜਾਗੈ ਜਿਸੁ ਸਤਿਗੁਰੁ ਮਿਲੈ ॥ ਪੰਚ ਦੂਤ ਓਹੁ ਵਸਗਤਿ ਕਰੈ ॥੨॥ ਸੋ ਜਾਗੈ ਜੋ ਤਤੁ ਬੀਚਾਰੈ ॥ ਆਪਿ ਮਰੈ ਅਵਰਾ ਨਹ ਮਾਰੈ ॥੩॥ ਸੋ ਜਾਗੈ ਜੋ ਏਕੋ ਜਾਣੈ ॥ ਪਰਕਿਰਤਿ ਛੋਡੈ ਤਤੁ ਪਛਾਣੈ ॥੪॥ ਚਹੁ ਵਰਨਾ ਵਿਚਿ ਜਾਗੈ ਕੋਇ ॥ ਜਮੈ ਕਾਲੈ ਤੇ ਛੂਟੈ ਸੋਇ ॥੫॥ ਕਹਤ ਨਾਨਕ ਜਨੁ ਜਾਗੈ ਸੋਇ ॥ ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ ॥੬॥੨॥ {ਪੰਨਾ 1128}

ਪਦ ਅਰਥ: ਗ੍ਰਿਹੀ = ਗ੍ਰਿਹਸਤੀ। ਪੰਡਿਤ = {ਬਹੁ-ਵਚਨ}। ਭੇਖਧਾਰੀ = ਛੇ ਭੇਖਾਂ ਦੇ ਸਾਧੂ। ਏ = {ਬਹੁ-ਵਚਨ} ਇਹ ਸਾਰੇ। ਸੂਤੇ = ਸੁੱਤੇ ਹੋਏ ਹਨ। ਅਪਣੈ ਅਹੰਕਾਰੀ = ਅਪਣੈ ਅਹੰਕਾਰਿ, ਆਪੋ ਆਪਣੇ ਅਹੰਕਾਰ ਵਿਚ।1।

ਮਦਿ = ਨਸ਼ੇ ਵਿਚ। ਮਾਤਾ = ਮਸਤ। ਰਹਿਆ ਸੋਇ = ਸੌਂ ਰਿਹਾ ਹੈ। ਜਾਗਤੁ ਰਹੈ– ਜਿਹੜਾ ਸੁਚੇਤ ਰਹਿੰਦਾ ਹੈ। ਮੂਸੈ = ਠੱਗਦਾ ਹੈ।1। ਰਹਾਉ।

ਜਿਸੁ = ਜਿਸ ਨੂੰ। ਦੂਤ = ਵੈਰੀ। ਓਹੁ = ਉਹ ਮਨੁੱਖ। ਵਸਗਤਿ = ਵੱਸ ਵਿਚ।2।

ਤਤੁ = ਜਗਤ ਦਾ ਅਸਲਾ, ਪਰਮਾਤਮਾ। ਬੀਚਾਰੈ = ਮਨ ਵਿਚ ਵਸਾਂਦਾ ਹੈ। ਮਰੈ = (ਵਿਕਾਰਾਂ ਵਲੋਂ) ਮਰਦਾ ਹੈ। ਅਵਰਾ = ਅਵਰਾਂ, ਹੋਰਨਾਂ ਨੂੰ।3।

ਏਕੋ = ਸਿਰਫ਼ ਪਰਮਾਤਮਾ ਨੂੰ। ਜਾਣੈ = ਡੂੰਘੀ ਸਾਂਝ ਪਾਂਦਾ ਹੈ। ਪਰਕਿਰਤਿ = {pRøiq = ਮਾਇਆ} ਮਾਇਆ (ਦਾ ਮੋਹ) ।4।

ਕੋਇ = ਕੋਈ ਵਿਰਲਾ। ਜਪੈ ਤੇ = ਜਮ ਤੋਂ। ਕਾਲੈ ਤੇ = ਕਾਲ ਤੋਂ। ਜਮੈ ਕਾਲੈ ਤੇ = ਜਨਮ ਮਰਨ ਦੇ ਗੇੜ ਤੋਂ, ਆਤਮਕ ਮੌਤ ਤੋਂ। ਛੂਟੈ = ਬਚ ਜਾਂਦਾ ਹੈ।5।

ਜਨੁ ਸੋਇ = ਉਹੀ ਮਨੁੱਖ। ਜਾ ਕੀ ਨੇਤ੍ਰੀ = ਜਿਸ ਦੀਆਂ ਅੱਖਾਂ ਵਿਚ। ਗਿਆਨ = ਆਤਮਕ ਜੀਵਨ ਦੀ ਸੂਝ। ਅੰਜਨੁ = ਸੁਰਮਾ।6।

ਅਰਥ: ਹੇ ਭਾਈ! ਜੀਵ ਮਾਇਆ ਦੇ (ਮੋਹ ਦੇ) ਨਸ਼ੇ ਵਿਚ ਮਸਤ ਹੋ ਕੇ ਪ੍ਰਭੂ ਦੀ ਯਾਦ ਵਲੋਂ ਗ਼ਾਫ਼ਿਲ ਹੋਇਆ ਰਹਿੰਦਾ ਹੈ (ਤੇ, ਇਸ ਦੇ ਆਤਮਕ ਜੀਵਨ ਦੀ ਰਾਸ-ਪੂੰਜੀ ਨੂੰ ਕਾਮਾਦਿਕ ਲੁੱਟਦੇ ਰਹਿੰਦੇ ਹਨ) । ਪਰ ਜਿਹੜਾ ਮਨੁੱਖ (ਪ੍ਰਭੂ ਦੀ ਯਾਦ ਦੀ ਬਰਕਤਿ ਨਾਲ) ਸੁਚੇਤ ਰਹਿੰਦਾ ਹੈ, ਉਸ ਨੂੰ ਕੋਈ ਵਿਕਾਰ ਲੁੱਟ ਨਹੀਂ ਸਕਦਾ।1। ਰਹਾਉ।

ਹੇ ਭਾਈ! ਜੋਗੀ, ਗ੍ਰਿਹਸਤੀ, ਪੰਡਿਤ, ਭੇਖਾਂ ਦੇ ਸਾਧੂ = ਇਹ ਸਾਰੇ ਆਪੋ ਆਪਣੇ (ਕਿਸੇ) ਅਹੰਕਾਰ ਵਿਚ (ਪੈ ਕੇ ਪ੍ਰਭੂ ਦੀ ਯਾਦ ਵਲੋਂ) ਗ਼ਾਫ਼ਿਲ ਹੋਏ ਰਹਿੰਦੇ ਹਨ।1।

ਹੇ ਭਾਈ! ਸਿਰਫ਼ ਉਹ ਮਨੁੱਖ ਸੁਚੇਤ ਰਹਿੰਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ। ਉਹ ਮਨੁੱਖ (ਸਿਮਰਨ ਦੀ ਬਰਕਤਿ ਨਾਲ) ਕਾਮਾਦਿਕ ਪੰਜੇ ਵੈਰੀਆਂ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ।2।

ਹੇ ਭਾਈ! ਸਿਰਫ਼ ਉਹ ਮਨੁੱਖ ਸੁਚੇਤ ਰਹਿੰਦਾ ਹੈ, ਜੋ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਂਦਾ ਹੈ। ਉਹ ਮਨੁੱਖ (ਵਿਕਾਰਾਂ ਵਲੋਂ) ਆਪਣੇ ਆਪ ਨੂੰ ਬਚਾਈ ਰੱਖਦਾ ਹੈ, ਉਹ ਮਨੁੱਖ ਹੋਰਨਾਂ ਉਤੇ ਧੱਕਾ-ਵਧੀਕੀ ਨਹੀਂ ਕਰਦਾ।3।

ਹੇ ਭਾਈ! ਸਿਰਫ਼ ਉਹ ਮਨੁੱਖ (ਮਾਇਆ ਦੇ ਮੋਹ ਦੀ ਨੀਂਦ ਵਲੋਂ) ਸੁਚੇਤ ਰਹਿੰਦਾ ਹੈ ਜਿਹੜਾ ਸਿਰਫ਼ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਜਿਹੜਾ ਮਾਇਆ (ਦੇ ਮੋਹ) ਨੂੰ ਤਿਆਗਦਾ ਹੈ, ਅਤੇ ਆਪਣੇ ਅਸਲੇ-ਪ੍ਰਭੂ ਨਾਲ ਜਾਣ-ਪਛਾਣ ਬਣਾਂਦਾ ਹੈ।4।

ਹੇ ਭਾਈ! (ਕੋਈ ਬ੍ਰਾਹਮਣ ਹੋਵੇ ਖੱਤ੍ਰੀ ਹੋਵੇ ਵੈਸ਼ ਹੋਵੇ ਸ਼ੂਦਰ ਹੋਵੇ) ਚੌਹਾਂ ਵਰਨਾਂ ਵਿਚੋਂ ਕੋਈ ਵਿਰਲਾ (ਮਾਇਆ ਦੇ ਮੋਹ ਦੀ ਨੀਂਦ ਤੋਂ) ਸੁਚੇਤ ਰਹਿੰਦਾ ਹੈ (ਕਿਸੇ ਖ਼ਾਸ ਵਰਨ ਦਾ ਕੋਈ ਲਿਹਾਜ਼ ਨਹੀਂ) । (ਜਿਹੜਾ ਜਾਗਦਾ ਹੈ, ਉਹ) ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ।5।

ਨਾਨਕ ਆਖਦਾ ਹੈ– ਉਹ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗਦਾ ਹੈ ਜਿਸ ਦੀਆਂ ਅੱਖਾਂ ਵਿਚ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਪਿਆ ਹੁੰਦਾ ਹੈ।6।2।

ਭੈਰਉ ਮਹਲਾ ੩ ॥ ਜਾ ਕਉ ਰਾਖੈ ਅਪਣੀ ਸਰਣਾਈ ॥ ਸਾਚੇ ਲਾਗੈ ਸਾਚਾ ਫਲੁ ਪਾਈ ॥੧॥ ਰੇ ਜਨ ਕੈ ਸਿਉ ਕਰਹੁ ਪੁਕਾਰਾ ॥ ਹੁਕਮੇ ਹੋਆ ਹੁਕਮੇ ਵਰਤਾਰਾ ॥੧॥ ਰਹਾਉ ॥ ਏਹੁ ਆਕਾਰੁ ਤੇਰਾ ਹੈ ਧਾਰਾ ॥ ਖਿਨ ਮਹਿ ਬਿਨਸੈ ਕਰਤ ਨ ਲਾਗੈ ਬਾਰਾ ॥੨॥ ਕਰਿ ਪ੍ਰਸਾਦੁ ਇਕੁ ਖੇਲੁ ਦਿਖਾਇਆ ॥ ਗੁਰ ਕਿਰਪਾ ਤੇ ਪਰਮ ਪਦੁ ਪਾਇਆ ॥੩॥ ਕਹਤ ਨਾਨਕੁ ਮਾਰਿ ਜੀਵਾਲੇ ਸੋਇ ॥ ਐਸਾ ਬੂਝਹੁ ਭਰਮਿ ਨ ਭੂਲਹੁ ਕੋਇ ॥੪॥੩॥ {ਪੰਨਾ 1128}

ਪਦ ਅਰਥ: ਜਾ ਕਉ = ਜਿਸ (ਮਨੁੱਖ) ਨੂੰ। ਸਾਚੇ = ਸਾਚਿ ਹੀ, ਸਦਾ-ਥਿਰ ਹਰਿ-ਨਾਮ ਵਿਚ। ਸਾਚਾ ਫਲੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਫਲ। ਪਾਈ = ਹਾਸਲ ਕਰਦਾ ਹੈ।1।

ਰੇ ਜਨ = ਹੇ ਭਾਈ! ਕੈ ਸਿਉ = (ਪਰਮਾਤਮਾ ਨੂੰ ਛੱਡ ਕੇ ਹੋਰ) ਕਿਸ ਅੱਗੇ? ਕਰਹੁ = ਤੁਸੀ ਕਰਦੇ ਹੋ। ਹੁਕਮੇ = ਹੁਕਮ ਵਿਚ ਹੀ। ਹੋਆ = (ਜਗਤ) ਬਣਿਆ। ਵਰਤਾਰਾ = ਹਰੇਕ ਕਾਰ-ਵਿਹਾਰ।1। ਰਹਾਉ।

ਆਕਾਰੁ = ਜਗਤ। ਧਾਰਾ = ਟਿਕਾਇਆ ਹੋਇਆ। ਬਿਨਸੈ = ਨਾਸ ਹੋ ਜਾਂਦਾ ਹੈ। ਕਰਤ = ਪੈਦਾ ਕਰਦਿਆਂ। ਬਾਰਾ = ਬਾਰ, ਦੇਰ, ਚਿਰ।2।

ਕਰਿ = ਕਰ ਕੇ। ਪ੍ਰਸਾਦੁ = ਕਿਰਪਾ। ਤੇ = ਤੋਂ, ਦੀ ਰਾਹੀਂ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।3।

ਮਾਰਿ ਜੀਵਾਲੇ = ਮਾਰੇ ਜੀਵਾਲੇ, ਮਾਰਦਾ ਹੈ ਜਿਵਾਲਦਾ ਹੈ। ਸੋਇ = ਉਹ (ਆਪ) ਹੀ। ਭਰਮਿ = ਭਟਕਣਾ ਵਿਚ (ਪੈ ਕੇ) । ਨ ਭੂਲਹੁ = ਕੁਰਾਹੇ ਨਾਹ ਪਵੋ।4।

ਅਰਥ: ਹੇ ਭਾਈ! (ਕੋਈ ਔਕੜ ਆਉਣ ਤੇ ਤੁਸੀ ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਅੱਗੇ ਤਰਲੇ ਨਾਹ ਕਰਦੇ ਫਿਰੋ। ਪਰਮਾਤਮਾ ਦੇ ਹੁਕਮ ਵਿਚ ਹੀ ਇਹ ਜਗਤ ਬਣਿਆ ਹੈ, ਉਸ ਦੇ ਹੁਕਮ ਵਿਚ ਹੀ ਹਰੇਕ ਘਟਨਾ ਵਾਪਰ ਰਹੀ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ, ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਹਾਸਲ ਕਰਦਾ ਹੈ।1।

ਹੇ ਪ੍ਰਭੂ! ਇਹ ਸਾਰਾ ਜਗਤ ਤੇਰੇ ਹੀ ਆਸਰੇ ਹੈ। (ਜਦੋਂ ਤੂੰ ਚਾਹੇਂ) ਇਹ ਇਕ ਛਿਨ ਵਿਚ ਨਾਸ ਹੋ ਜਾਂਦਾ ਹੈ, ਇਸ ਨੂੰ ਪੈਦਾ ਕਰਦਿਆਂ ਭੀ (ਤੈਨੂੰ) ਚਿਰ ਨਹੀਂ ਲੱਗਦਾ।2।

ਹੇ ਭਾਈ! (ਪਰਮਾਤਮਾ ਨੇ) ਮਿਹਰ ਕਰ ਕੇ (ਜਿਸ ਮਨੁੱਖ ਨੂੰ ਇਹ ਸੰਸਾਰ) ਇਕ ਤਮਾਸ਼ਾ ਜਿਹਾ ਹੀ ਵਿਖਾਲ ਦਿੱਤਾ ਹੈ, ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।3।

ਨਾਨਕ ਆਖਦਾ ਹੈ– (ਹੇ ਭਾਈ!) ਉਹ (ਪਰਮਾਤਮਾ) ਹੀ (ਜੀਵਾਂ ਨੂੰ) ਮਾਰਦਾ ਹੈ ਤੇ ਜਿਵਾਲਦਾ ਹੈ। ਇਸ ਤਰ੍ਹਾਂ (ਅਸਲੀਅਤ ਨੂੰ) ਸਮਝੋ, ਤੇ, ਕੋਈ ਧਿਰ ਭਟਕਣਾ ਵਿਚ ਪੈ ਕੇ ਕੁਰਾਹੇ ਨਾਹ ਪਵੋ।4।3।

ਭੈਰਉ ਮਹਲਾ ੩ ॥ ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥ ਜੇਹਾ ਕਰਾਏ ਤੇਹਾ ਕਰੀ ਸੀਗਾਰੁ ॥੧॥ ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥ ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ ਰਹਾਉ ॥ ਉਸਤਤਿ ਨਿੰਦਾ ਕਰੇ ਕਿਆ ਕੋਈ ॥ ਜਾਂ ਆਪੇ ਵਰਤੈ ਏਕੋ ਸੋਈ ॥੨॥ ਗੁਰ ਪਰਸਾਦੀ ਪਿਰਮ ਕਸਾਈ ॥ ਮਿਲਉਗੀ ਦਇਆਲ ਪੰਚ ਸਬਦ ਵਜਾਈ ॥੩॥ ਭਨਤਿ ਨਾਨਕੁ ਕਰੇ ਕਿਆ ਕੋਇ ॥ ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥ {ਪੰਨਾ 1128}

ਪਦ ਅਰਥ: ਕਾਮਣਿ = ਇਸਤ੍ਰੀ, ਜੀਵ-ਇਸਤ੍ਰੀ। ਕੰਤੁ = ਖਸਮ। ਕਰੀ = ਕਰੀਂ, ਮੈਂ ਕਰਦੀ ਹਾਂ। ਸੀਗਾਰੁ = (ਆਤਮਕ ਜੀਵਨ ਦਾ) ਸ਼ਿੰਗਾਰ।1।

ਜਾਂ = ਜਦੋਂ। ਤਿਸੁ ਭਾਵੈ = ਉਸ (ਪ੍ਰਭੂ-ਪਤੀ) ਨੂੰ ਚੰਗਾ ਲੱਗਦਾ ਹੈ। ਤਾਂ = ਤਦੋਂ। ਕਰੇ ਭੋਗੁ = (ਮੈਨੂੰ) ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ। ਸਾਚੇ ਸਾਹਿਬ ਜੋਗੁ = ਸਦਾ ਕਾਇਮ ਰਹਿਣ ਵਾਲੇ ਮਾਲਕ ਜੋਗਾ, ਸਦਾ-ਥਿਰ ਪ੍ਰਭੂ-ਪਤੀ ਦੇ ਹਵਾਲੇ ਕਰ ਦਿੱਤਾ ਹੈ।1। ਰਹਾਉ।

ਉਸਤਤਿ = ਸੋਭਾ। ਕਰੇ ਕਿਆ ਕੋਈ = ਕਿਸੇ ਦੀ ਕੀਤੀ ਦਾ ਮੇਰੇ ਉਤੇ ਅਸਰ ਨਹੀਂ ਹੁੰਦਾ। ਆਪੇ = ਪ੍ਰਭੂ ਆਪ ਹੀ। ਵਰਤੈ = (ਉਸਤਤਿ ਕਰਨ ਵਾਲੇ ਅਤੇ ਨਿੰਦਾ ਕਰਨ ਵਾਲੇ ਵਿਚ) ਮੌਜੂਦ ਹੈ। ਸੋਈ = ਉਹ ਆਪ ਹੀ।2।

ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਿਰਮ ਕਸਾਈ = ਪਿਆਰ ਦੀ ਖਿੱਚ। ਮਿਲਉਗੀ = ਮਿਲਉਂ ਗੀ, ਮੈਂ ਮਿਲਾਂਗੀ। ਪੰਚ ਸਬਦ ਵਜਾਈ = ਪੰਚ ਸਬਦ ਵਜਾਇ, (ਜਿਵੇਂ) ਪੰਜਾਂ ਕਿਸਮਾਂ ਦੇ ਸਾਜ ਵਜਾ ਕੇ (ਬੜਾ ਵਧੀਆ ਸੰਗੀਤਕ ਰਸ ਬਣਦਾ ਹੈ, ਤਿਵੇਂ ਪੂਰਨ ਖਿੜਾਉ-ਆਨੰਦ ਨਾਲ) ।3।

ਭਨਤਿ = ਆਖਦਾ ਹੈ। ਕਰੇ ਕਿਆ ਕੋਇ = ਕੋਇ ਕਿਆ ਕਰੇ? ਕੋਈ ਕੀਹ ਵਿਗਾੜ ਸਕਦਾ ਹੈ? ਜਿਸ ਨੋ = {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}।4।

ਅਰਥ: ਹੇ ਸਖੀ! ਮੈਂ ਆਪਣਾ ਤਨ ਆਪਣਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੇ ਹਵਾਲੇ ਕਰ ਚੁਕੀ ਹਾਂ, ਜਦੋਂ ਉਸ ਦੀ ਰਜ਼ਾ ਹੁੰਦੀ ਹੈ ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।1। ਰਹਾਉ।

ਹੇ ਸਖੀ! ਮੈਂ (ਜੀਵ-) ਇਸਤ੍ਰੀ ਹਾਂ, ਕਰਤਾਰ ਮੇਰਾ ਪਤੀ ਹੈ, ਮੈਂ ਉਹੋ ਜਿਹਾ ਹੀ ਸਿੰਗਾਰ ਕਰਦੀ ਹਾਂ ਜਿਹੋ ਜਿਹਾ ਆਪ ਕਰਾਂਦਾ ਹੈ (ਮੈਂ ਆਪਣੇ ਜੀਵਨ ਨੂੰ ਉਤਨਾ ਕੁ ਸੋਹਣਾ ਹੀ ਬਣਾ ਸਕਦੀ ਹਾਂ, ਜਿਤਨਾ ਉਹ ਬਣਵਾਂਦਾ ਹੈ) ।1।

ਹੇ ਸਖੀ! ਜਦੋਂ (ਹੁਣ ਮੈਨੂੰ ਨਿਸਚਾ ਹੋ ਗਿਆ ਕਿ) ਇਕ ਪਰਮਾਤਮਾ ਹੀ ਸਭ ਵਿਚ ਬੈਠਾ ਪ੍ਰੇਰਨਾ ਕਰ ਰਿਹਾ ਹੈ (ਉਸਤਤਿ ਕਰਨ ਵਾਲਿਆਂ ਵਿਚ ਭੀ ਉਹੀ, ਨਿੰਦਾ ਕਰਨ ਵਾਲਿਆਂ ਵਿਚ ਭੀ ਉਹੀ) , ਕਿਸੇ ਦੀ ਕੀਤੀ ਉਸਤਤਿ ਜਾਂ ਨਿੰਦਾ ਦਾ ਹੁਣ ਮੇਰੇ ਉਤੇ ਕੋਈ ਅਸਰ ਨਹੀਂ ਪੈਂਦਾ।2।

ਹੇ ਸਖੀ! ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰ ਪ੍ਰਭੂ-ਪਤੀ ਵਾਸਤੇ) ਪਿਆਰ ਦੀ ਖਿੱਚ ਬਣ ਗਈ ਹੈ, ਹੁਣ ਮੈਂ ਉਸ ਦਇਆ ਦੇ ਸੋਮੇ ਪ੍ਰਭੂ ਨੂੰ ਪੂਰਨ ਖਿੜਾਉ-ਆਨੰਦ ਨਾਲ ਮਿਲਦੀ ਹਾਂ।3।

ਨਾਨਕ ਆਖਦਾ ਹੈ– (ਹੇ ਸਖੀ!) ਜਿਸ ਜੀਵ ਨੂੰ ਉਹ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਕੋਈ ਭੀ ਹੋਰ ਜੀਵ ਉਸ ਦਾ ਕੁਝ ਵਿਗਾੜ ਨਹੀਂ ਸਕਦਾ।4। 4।

ਜ਼ਰੂਰੀ ਨੋਟ: ਇਸੇ ਹੀ ਰਾਗ ਵਿਚ ਭਗਤ ਨਾਮਦੇਵ ਜੀ ਦਾ ਸ਼ਬਦ ਨੰ: 4 ਪੜ੍ਹੋ, ਜਿਸ ਦੀ ਪਹਿਲੀ ਤੁਕ ਹੈ "ਮੈ ਬਉਰੀ ਮੇਰਾ ਰਾਮੁ ਭਤਾਰੁ"। ਭਗਤ ਨਾਮਦੇਵ ਜੀ ਦੀ ਬਾਣੀ ਦੇ ਟੀਕੇ ਵਿਚ ਇਹਨਾਂ ਦੋਹਾਂ ਸ਼ਬਦਾਂ ਦੀ ਸਾਂਝ ਬਾਰੇ ਵਿਚਾਰ ਪੜ੍ਹੋ।

ਭੈਰਉ ਮਹਲਾ ੩ ॥ ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥ ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥੧॥ ਇਸੁ ਮਨ ਕਉ ਕੋਈ ਖੋਜਹੁ ਭਾਈ ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥ ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥ ਮਮਤਾ ਲਾਇ ਭਰਮਿ ਭੋੁਲਾਇਆ ॥੨॥ ਇਸੁ ਮਨ ਤੇ ਸਭ ਪਿੰਡ ਪਰਾਣਾ ॥ ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥੩॥ ਕਰਮੁ ਹੋਵੈ ਗੁਰੁ ਕਿਰਪਾ ਕਰੈ ॥ ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥੪॥ ਮਨ ਕਾ ਸੁਭਾਉ ਸਦਾ ਬੈਰਾਗੀ ॥ ਸਭ ਮਹਿ ਵਸੈ ਅਤੀਤੁ ਅਨਰਾਗੀ ॥੫॥ ਕਹਤ ਨਾਨਕੁ ਜੋ ਜਾਣੈ ਭੇਉ ॥ ਆਦਿ ਪੁਰਖੁ ਨਿਰੰਜਨ ਦੇਉ ॥੬॥੫॥ {ਪੰਨਾ 1128-1129}

ਪਦ ਅਰਥ: ਮੁਨਿ = ਮੋਨ-ਧਾਰੀ ਸਾਧੂ। ਜਿ = ਜਿਹੜਾ। ਦੁਬਿਧਾ = ਦੁ-ਕਿਸਮਾ-ਪਨ, ਮੇਰ-ਤੇਰ। ਬ੍ਰਹਮੁ = ਪਰਮਾਤਮਾ। ਬੀਚਾਰੇ = ਮਨ ਵਿਚ ਵਸਾਂਦਾ ਹੈ।1।

ਕਉ = ਨੂੰ। ਖੋਜਹੁ = ਪੜਤਾਲ ਕਰਦੇ ਰਹੋ। ਭਾਈ = ਹੇ ਭਾਈ! ਖੋਜਤ = ਪੜਤਾਲ ਕਰਦਿਆਂ। ਨਉ ਨਿਧਿ = (ਧਰਤੀ ਦੇ ਸਾਰੇ) ਨੌ ਖ਼ਜ਼ਾਨੇ। ਪਾਈ = ਪ੍ਰਾਪਤ ਹੋ ਜਾਂਦਾ ਹੈ।1। ਰਹਾਉ।

ਮੂਲੁ = ਮੁੱਢ। ਕਰਿ = ਬਣਾ ਕੇ। ਕਰਤੈ = ਕਰਤਾਰ ਨੇ। ਮਮਤਾ = {ਮਮ = ਮੇਰਾ} ਮਲਕੀਅਤ ਬਣਾਣ ਦਾ ਸੁਭਾਉ, ਅਪਣੱਤ। ਭਰਮਿ = ਭਰਮ ਵਿਚ, ਭਟਕਣਾ ਵਿਚ। ਭੋੁਲਾਇਆ = {ਅੱਖਰ 'ਭ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਭੁਲਾਇਆ'। ਇਥੇ 'ਭੋਲਾਇਆ' ਪੜ੍ਹਨਾ ਹੈ}।2।

ਤੇ = ਤੋਂ। ਮਨ ਤੇ = ਮਨ ਤੋਂ, ਮਨ ਦੇ ਸੰਸਕਾਰਾਂ ਤੋਂ। ਪਿੰਡ ਪਰਾਣਾ = ਸਰੀਰ ਤੇ ਪ੍ਰਾਣ, ਜਨਮ ਮਰਨ ਦਾ ਗੇੜ। ਕੈ ਵੀਚਾਰਿ = ਦੇ ਵੀਚਾਰ ਦੀ ਰਾਹੀਂ। ਬੁਝਿ = ਸਮਝ ਕੇ। ਸਮਾਣਾ = (ਜਨਮ ਮਰਨ) ਮੁੱਕ ਜਾਂਦਾ ਹੈ।3।

ਕਰਮੁ = (ਪਰਮਾਤਮਾ ਦੀ) ਮਿਹਰ। ਜਾਗੈ = ਸੁਚੇਤ ਹੋ ਜਾਂਦਾ। ਮਰੈ = ਮੁੱਕ ਜਾਂਦੀ ਹੈ।4।

ਸੁਭਾਉ = ਅਸਲਾ। ਬੈਰਾਗੀ = ਮਾਇਆ ਤੋਂ ਨਿਰਲੇਪ। ਅਤੀਤੁ = ਵਿਰਕਤ। ਅਨਰਾਗੀ = ਰਾਗ-ਰਹਿਤ {ਅਨ-ਰਾਗੀ} ਨਿਰਮੋਹ।5।

ਭੇਉ = ਭੇਤ। ਪੁਰਖੁ = ਸਰਬ-ਵਿਆਪਕ ਪ੍ਰਭੂ। ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੇ ਮੋਹ ਦੀ ਕਾਲਖ} ਨਿਰਲੇਪ । ਦੇਉ = ਪ੍ਰਕਾਸ਼-ਰੂਪ।6।

ਅਰਥ: ਹੇ ਭਾਈ! ਆਪਣੇ ਇਸ ਮਨ ਨੂੰ ਖੋਜਦੇ ਰਿਹਾ ਕਰੋ। ਮਨ (ਦੀ ਦੌੜ-ਭੱਜ) ਦੀ ਪੜਤਾਲ ਕਰਦਿਆਂ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਇਸ ਨਾਮ ਹੀ (ਮਾਨੋ) ਧਰਤੀ ਦੇ ਸਾਰੇ ਨੌ ਖ਼ਜ਼ਾਨੇ ਹੈ।1। ਰਹਾਉ।

ਹੇ ਭਾਈ! ਅਸਲ ਮੋਨ-ਧਾਰੀ ਸਾਧੂ ਉਹ ਹੈ ਜਿਹੜਾ (ਆਪਣੇ) ਮਨ ਦੀ ਮੇਰ-ਤੇਰ ਮੁਕਾ ਦੇਂਦਾ ਹੈ, ਅਤੇ ਮੇਰ-ਤੇਰ ਮੁਕਾ ਕੇ (ਉਸ ਮੇਰ-ਤੇਰ ਦੇ ਥਾਂ) ਪਰਮਾਤਮਾ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ।1।

ਹੇ ਭਾਈ! (ਜਗਤ-ਰਚਨਾ ਦੇ) ਮੁੱਢ ਮੋਹ ਨੂੰ ਬਣਾ ਕੇ ਕਰਤਾਰ ਨੇ ਜਗਤ ਪੈਦਾ ਕੀਤਾ। ਜੀਵਾਂ ਨੂੰ ਅਪਣੱਤ ਚੰਬੋੜ ਕੇ (ਮਾਇਆ ਦੀ ਖ਼ਾਤਰ) ਭਟਕਣਾ ਵਿਚ ਪਾ ਕੇ (ਉਸ ਨੇ ਆਪ ਹੀ) ਕੁਰਾਹੇ ਪਾ ਦਿੱਤਾ।2।

ਹੇ ਭਾਈ! ਇਹ ਮਨ (ਦੇ ਮੇਰ-ਤੇਰ ਅਪਣੱਤ ਆਦਿਕ ਦੇ ਸੰਸਕਾਰਾਂ) ਤੋਂ ਹੀ ਸਾਰਾ ਜਨਮ ਮਰਨ ਦਾ ਸਿਲਸਿਲਾ ਬਣਦਾ ਹੈ। ਮਨ ਦੇ (ਸੁਚੱਜੇ) ਵੀਚਾਰ ਦੀ ਰਾਹੀਂ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਜੀਵ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ।3।

ਹੇ ਭਾਈ! ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ, ਗੁਰੂ (ਜੀਵ ਉੱਤੇ) ਕਿਰਪਾ ਕਰਦਾ ਹੈ, (ਜੀਵ ਦਾ) ਇਹ ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਇਸ ਮਨ ਦੀ ਮੇਰ-ਤੇਰ ਮੁੱਕ ਜਾਂਦੀ ਹੈ।4।

ਹੇ ਭਾਈ! (ਜੀਵ ਦੇ) ਮਨ ਦਾ ਅਸਲਾ ਉਹ ਪ੍ਰਭੂ ਹੈ ਜੋ ਮਾਇਆ ਤੋਂ ਸਦਾ ਨਿਰਲੇਪ ਰਹਿੰਦਾ ਹੈ। ਜੋ ਸਭ ਵਿਚ ਵੱਸਦਾ ਹੈ ਜੋ ਵਿਰਕਤ ਹੈ ਜੋ ਨਿਰਮੋਹ ਹੈ।5।

ਨਾਨਕ ਆਖਦਾ ਹੈ– ਜਿਹੜਾ ਮਨੁੱਖ (ਆਪਣੇ ਇਸ ਅਸਲੇ ਬਾਰੇ) ਇਹ ਭੇਤ ਸਮਝ ਲੈਂਦਾ ਹੈ ਉਹ (ਪਰਮਾਤਮਾ ਦੀ ਯਾਦ ਵਿਚ ਜੁੜ ਕੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ ਮਮਤਾ ਦੀ ਦੁਬਿਧਾ ਆਦਿਕ ਨੂੰ ਮੁਕਾ ਕੇ) ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਸਭ ਦਾ ਮੁੱਢ ਹੈ ਜੋ ਸਭ ਵਿਚ ਵਿਆਪਕ ਹੈ ਅਤੇ ਜੋ ਮਾਇਆ ਦੇ ਮੋਹ ਤੋਂ ਨਿਰਲੇਪ ਚਾਨਣ-ਰੂਪ ਹੈ।6।5।

TOP OF PAGE

Sri Guru Granth Darpan, by Professor Sahib Singh