ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1201

ਸਾਰੰਗ ਮਹਲਾ ੪ ॥ ਜਪਿ ਮਨ ਨਰਹਰੇ ਨਰਹਰ ਸੁਆਮੀ ਹਰਿ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰਿ ਪ੍ਰੀਤਮੁ ਮੋਰਾ ॥੧॥ ਰਹਾਉ ॥ ਜਿਤੁ ਗ੍ਰਿਹਿ ਗੁਨ ਗਾਵਤੇ ਹਰਿ ਕੇ ਗੁਨ ਗਾਵਤੇ ਰਾਮ ਗੁਨ ਗਾਵਤੇ ਤਿਤੁ ਗ੍ਰਿਹਿ ਵਾਜੇ ਪੰਚ ਸਬਦ ਵਡ ਭਾਗ ਮਥੋਰਾ ॥ ਤਿਨ੍ਹ੍ਹ ਜਨ ਕੇ ਸਭਿ ਪਾਪ ਗਏ ਸਭਿ ਦੋਖ ਗਏ ਸਭਿ ਰੋਗ ਗਏ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਗਏ ਤਿਨ੍ਹ੍ਹ ਜਨ ਕੇ ਹਰਿ ਮਾਰਿ ਕਢੇ ਪੰਚ ਚੋਰਾ ॥੧॥ ਹਰਿ ਰਾਮ ਬੋਲਹੁ ਹਰਿ ਸਾਧੂ ਹਰਿ ਕੇ ਜਨ ਸਾਧੂ ਜਗਦੀਸੁ ਜਪਹੁ ਮਨਿ ਬਚਨਿ ਕਰਮਿ ਹਰਿ ਹਰਿ ਆਰਾਧੂ ਹਰਿ ਕੇ ਜਨ ਸਾਧੂ ॥ ਹਰਿ ਰਾਮ ਬੋਲਿ ਹਰਿ ਰਾਮ ਬੋਲਿ ਸਭਿ ਪਾਪ ਗਵਾਧੂ ॥ ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ ਆਨੰਦੁ ਜਪਿ ਜਗਦੀਸੋੁਰਾ ॥ ਮਨ ਇਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮੁ ਅਰਥੁ ਕਾਮ ਮੋਖੁ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ ॥੨॥੨॥੯॥ {ਪੰਨਾ 1201}

ਪਦ ਅਰਥ: ਮਨ = ਹੇ ਮਨ! ਜਪਿ = ਜਪਿਆ ਕਰ। ਨਰਹਰ = {ਨਰਸਿੰਘ} ਪਰਮਾਤਮਾ। ਸਗਲ ਦੇਵ ਦੇਵਾ = ਸਾਰੇ ਦੇਵਤਿਆਂ ਦਾ ਦੇਵਤਾ। ਮੋਰਾ = ਮੇਰਾ।1। ਰਹਾਉ।

ਜਿਤੁ = ਜਿਸ ਵਿਚ। ਜਿਤੁ ਗ੍ਰਿਹਿ = ਜਿਸ (ਹਿਰਦੇ-) ਘਰ ਵਿਚ। ਤਿਤੁ = ਉਸ (ਹਿਰਦੇ-) ਘਰ ਵਿਚ। ਪੰਚ ਸਬਦ = ਪੰਜ ਕਿਸਮਾਂ ਦੇ ਵਾਜੇ {ਤਾਰ, ਚੰਮ, ਧਾਤ, ਘੜੇ, ਫੂਕ ਵਾਲੇ ਵਾਜੇ}। ਮਥੋਰਾ = ਮੱਥੇ ਉੱਤੇ। ਸਭਿ = ਸਾਰੇ। ਦੋਖ = ਵਿਕਾਰ। ਪੰਚ ਚੋਰਾ = ਕਾਮਾਦਿਕ ਪੰਜੇ (ਆਤਮਕ ਜੀਵਨ ਦਾ ਸਰਮਾਇਆ) ਚੁਰਾਣ ਵਾਲੇ।1।

ਹਰਿ ਸਾਧੂ = ਹੇ ਪਰਮਾਤਮਾ ਦੇ ਸੰਤ ਜਨੋ! ਜਨ ਸਾਧੂ = ਹੇ ਸਾਧੂ ਜਨੋ! ਜਗਦੀਸੁ = ਜਗਤ ਦਾ ਮਾਲਕ। ਮਨਿ = ਮਨ ਦੀ ਰਾਹੀਂ। ਬਚਨਿ = ਬਚਨ ਦੀ ਰਾਹੀਂ। ਆਰਾਧੂ = ਆਰਾਧਨ ਕਰੋ। ਬੋਲਿ = ਬੋਲ ਕੇ। ਗਵਾਧੂ = ਦੂਰ ਕਰੋ। ਨਿਤ = ਸਦਾ। ਜਾਗਰਣੁ ਕਰਹੁ = ਜਾਗਦੇ ਰਹੋ, (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੋ। ਜਪਿ = ਜਪ ਕੇ। ਜਗਦੀਸੋੁਰਾ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਜਗਦੀਸੁਰਾ' ਹੈ। ਇਥੇ 'ਜਗਦੀਸੋਰਾ' ਪੜ੍ਹਨਾ ਹੈ}। ਮਨ ਇਛੇ = ਮਨ-ਮੰਗੇ। ਪਾਵਹੁ = ਹਾਸਲ ਕਰੋਗੇ। ਧਰਮੁ = ਆਪਣੇ ਜੀਵਨ-ਨਿਯਮਾਂ ਵਿਚ ਪੱਕੇ ਰਹਿਣਾ। ਅਰਥੁ = ਦੁਨੀਆਵੀ ਲੋੜਾਂ ਦੀ ਸਫਲਤਾ। ਕਾਮ = ਕਾਮਯਾਬੀਆਂ। ਮੋਖੁ = ਮੁਕਤੀ, ਵਿਕਾਰਾਂ ਤੋਂ ਖ਼ਲਾਸੀ। ਤੋਰਾ = ਤੇਰੇ।2।

ਅਰਥ: ਹੇ (ਮੇਰੇ) ਮਨ! (ਸਭ ਦੇ) ਮਾਲਕ ਨਰਹਰ-ਪ੍ਰਭੂ ਦਾ ਨਾਮ ਜਪਿਆ ਕਰ, ਸਰਬ-ਵਿਆਪਕ ਰਾਮ ਦਾ ਨਾਮ ਜਪਿਆ ਕਰ, ਉਹ ਹਰੀ ਸਾਰੇ ਦੇਵਤਿਆਂ ਦਾ ਦੇਵਤਾ ਹੈ, ਉਹੀ ਹਰੀ ਮੇਰਾ ਪ੍ਰੀਤਮ ਹੈ।1। ਰਹਾਉ।

ਹੇ (ਮੇਰੇ) ਮਨ! ਜਿਸ (ਹਿਰਦੇ-) ਘਰ ਵਿਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਹਰੀ ਦੇ ਗੁਣ ਗਾਏ ਜਾਂਦੇ ਹਨ, ਰਾਮ ਦੇ ਗੁਣ ਗਾਏ ਜਾਂਦੇ ਹਨ, ਉਸ (ਹਿਰਦੇ-) ਘਰ ਵਿਚ (ਮਾਨੋ) ਪੰਜ ਹੀ ਕਿਸਮਾਂ ਦੇ ਸਾਜ ਵੱਜ ਰਹੇ ਹਨ ਤੇ ਆਨੰਦ ਬਣਿਆ ਹੋਇਆ ਹੈ। (ਪਰ ਇਹ ਅਵਸਥਾ ਉਹਨਾਂ ਮਨੁੱਖਾਂ ਦੇ ਅੰਦਰ ਹੀ ਬਣਦੀ ਹੈ ਜਿਨ੍ਹਾਂ ਦੇ) ਮੱਥੇ ਦੇ ਵੱਡੇ ਭਾਗ ਜਾਗਦੇ ਹਨ। ਹੇ ਮਨ! ਉਹਨਾਂ ਮਨੁੱਖਾਂ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ, ਸਾਰੇ ਵਿਕਾਰ ਦੂਰ ਹੋ ਜਾਂਦੇ ਹਨ, ਸਾਰੇ ਰੋਗ ਦੂਰ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਸ ਹੋ ਜਾਂਦੇ ਹਨ। ਪਰਮਾਤਮਾ ਉਹਨਾਂ ਦੇ ਅੰਦਰੋਂ (ਆਤਮਕ ਜੀਵਨ ਦਾ ਸਰਮਾਇਆ ਚੁਰਾਣ ਵਾਲੇ ਇਹਨਾਂ) ਪੰਜਾਂ ਚੋਰਾਂ ਨੂੰ ਮਾਰ ਕੇ ਕੱਢ ਦੇਂਦਾ ਹੈ।1।

ਹੇ ਸੰਤ ਜਨੋ! ਪਰਮਾਤਮਾ ਹਰੀ ਦਾ ਨਾਮ ਉਚਾਰਿਆ ਕਰੋ। ਹੇ ਹਰੀ ਦੇ ਸੰਤ ਜਨੋ! ਜਗਤ ਦੇ ਮਾਲਕ-ਪ੍ਰਭੂ ਦਾ ਨਾਮ ਜਪਿਆ ਕਰੋ। ਹੇ ਹਰੀ ਦੇ ਸਾਧ ਜਨੋ! ਆਪਣੇ ਮਨ ਦੀ ਰਾਹੀਂ (ਹਰੇਕ) ਬਚਨ ਦੀ ਰਾਹੀਂ (ਹਰੇਕ) ਕਰਮ ਦੀ ਰਾਹੀਂ ਪ੍ਰਭੂ ਦਾ ਆਰਾਧਨ ਕਰਿਆ ਕਰੋ। ਹਰੀ ਦਾ ਨਾਮ ਉਚਾਰ ਕੇ, ਰਾਮ ਦਾ ਨਾਮ ਜਪ ਕੇ ਸਾਰੇ ਪਾਪ ਦੂਰ ਕਰ ਲਵੋਗੇ।

ਹੇ ਸੰਤ ਜਨੋ! ਸਦਾ ਹੀ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹੋ। ਜਗਤ ਦੇ ਮਾਲਕ ਦਾ ਨਾਮ ਜਪ ਜਪ ਕੇ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ ਸੰਤ ਜਨੋ! (ਨਾਮ ਦੀ ਬਰਕਤਿ ਨਾਲ) ਸਾਰੇ ਮਨ-ਮੰਗੇ ਫਲ ਹਾਸਲ ਕਰੋਗੇ, ਸਾਰੀਆਂ ਮੁਰਾਦਾਂ ਪਾ ਲਵੋਗੇ। ਧਰਮ, ਅਰਥ, ਕਾਮ, ਮੋਖ = ਇਹ ਚਾਰੇ ਪਦਾਰਥ ਪ੍ਰਾਪਤ ਕਰ ਲਵੋਗੇ। ਹੇ ਦਾਸ ਨਾਨਕ! (ਆਖ-) ਹੇ ਹਰੀ! ਜਿਹੜੇ ਮਨੁੱਖ ਤੇਰੇ (ਚਰਨਾਂ) ਨਾਲ ਜੁੜੇ ਰਹਿੰਦੇ ਹਨ ਉਹੀ ਤੇਰੇ ਭਗਤ ਹਨ।2। 2।9।

ਸਾਰਗ ਮਹਲਾ ੪ ॥ ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥ ਸਭ ਦੂਖਨ ਕੋ ਹੰਤਾ ਸਭ ਸੂਖਨ ਕੋ ਦਾਤਾ ਹਰਿ ਪ੍ਰੀਤਮ ਗੁਨ ਗਾਓੁ ॥੧॥ ਰਹਾਉ ॥ ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥ ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥ ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਓੁ ॥੧॥ ਹਰਿ ਜਨ ਕਉ ਹਰਿ ਮਿਲਿਆ ਹਰਿ ਸਰਧਾ ਤੇ ਮਿਲਿਆ ਗੁਰਮੁਖਿ ਹਰਿ ਮਿਲਿਆ ॥ ਮੇਰੈ ਮਨਿ ਤਨਿ ਆਨੰਦ ਭਏ ਮੈ ਦੇਖਿਆ ਹਰਿ ਰਾਓੁ ॥ ਜਨ ਨਾਨਕ ਕਉ ਕਿਰਪਾ ਭਈ ਹਰਿ ਕੀ ਕਿਰਪਾ ਭਈ ਜਗਦੀਸੁਰ ਕਿਰਪਾ ਭਈ ॥ ਮੈ ਅਨਦਿਨੋ ਸਦ ਸਦ ਸਦਾ ਹਰਿ ਜਪਿਆ ਹਰਿ ਨਾਓੁ ॥੨॥੩॥੧੦॥ {ਪੰਨਾ 1201}

ਪਦ ਅਰਥ: ਮਨ = ਹੇ (ਮੇਰੇ) ਮਨ! ਮਾਧੋ = {mwDv-ਮਾਧਵ, ਲੱਛਮੀ ਦਾ ਪਤੀ} ਪਰਮਾਤਮਾ। ਮਧੁ ਸੂਦਨੋ = ਮਧੁ ਸੂਦਨ, ਮਧੂ ਰਾਖਸ਼ ਨੂੰ ਮਾਰਨ ਵਾਲਾ। ਸ੍ਰੀ ਰੰਗੋ = ਸ੍ਰੀ ਰੰਗੁ, ਲੱਛਮੀ ਦਾ ਪਤੀ। ਸਤਿ = ਸਦਾ ਕਾਇਮ ਰਹਿਣ ਵਾਲਾ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਕੋ = ਦਾ। ਹੰਤਾ = ਨਾਸ ਕਰਨ ਵਾਲਾ। ਦਾਤਾ = ਦੇਣ ਵਾਲਾ। ਗਾਓੁ = ਗਾਇਆ ਕਰ {ਅੱਖਰ 'ੳ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਗਾਉ', ਇਥੇ 'ਗਾਓ' ਪੜ੍ਹਨਾ ਹੈ}।1। ਰਹਾਉ।

ਘਟਿ ਘਟੇ ਘਟਿ = ਹਰੇਕ ਸਰੀਰ ਵਿਚ। ਬਸਤਾ = ਵੱਸਦਾ। ਜਲਿ ਥਲੇ = ਜਲਿ ਥਲਿ, ਜਲ ਵਿਚ ਧਰਤੀ ਵਿਚ। ਥਾਨ ਥਾਨੰਤਰਿ = ਥਾਨ ਅੰਤਰਿ, ਹਰੇਕ ਥਾਂ ਵਿਚ। ਕੋ = ਦਾ। ਚਾਓੁ = {ਅਸਲ ਲਫ਼ਜ਼ ਹੈ 'ਚਾਉ', ਇਥੇ ਪੜ੍ਹਨਾ ਹੈ 'ਚਾਓ'}। ਸੰਤੋ = ਸੰਤੁ। ਮੋਹਿ = ਮੈਨੂੰ। ਮਾਰਗੁ = (ਸਹੀ ਜੀਵਨ ਦਾ) ਰਸਤਾ। ਮਲਿ = ਮਲ ਕੇ। ਹਉ = ਮੈਂ। ਧੋਵਾ = ਧੋਵਾਂ, ਮੈਂ ਧੋਵਾਂ। ਪਾਓੁ = {ਅਸਲ ਲਫ਼ਜ਼ ਹੈ 'ਪਾਉ'=ਪੈਰ। ਇਥੇ ਪੜ੍ਹਨਾ ਹੈ 'ਪਾਓ'}।1।

ਕਉ = ਨੂੰ। ਤੇ = ਤੋਂ, ਦੀ ਰਾਹੀਂ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਮੇਰੈ ਮਨਿ = ਮੇਰੇ ਮਨ ਵਿਚ। ਰਾਓੁ = {ਅਸਲ ਲਫ਼ਜ਼ ਹੈ 'ਰਾਉ', ਇਥੇ ਪੜ੍ਹਨਾ ਹੈ 'ਰਾਓ'} ਰਾਜਾ, ਪਾਤਿਸ਼ਾਹ। ਅਨਦਿਨੋ = ਅਨਦਿਨੁ, ਹਰ ਰੋਜ਼, ਹਰ ਵੇਲੇ।2।

ਅਰਥ: ਹੇ ਮੇਰੇ ਮਨ! ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਦਾ ਨਾਮ ਜਪਿਆ ਕਰ, ਉਹੀ ਮਾਇਆ ਦਾ ਪਤੀ ਹੈ, ਉਹੀ ਮਧੂ ਰਾਖਸ਼ ਦਾ ਮਾਰਨ ਵਾਲਾ ਹੈ, ਉਹੀ ਹਰੀ ਲੱਛਮੀ ਦਾ ਖਸਮ ਹੈ, ਉਹੀ ਸਭ ਤੋਂ ਵੱਡਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਹੇ ਮੇਰੇ ਮਨ! ਹਰੀ ਪ੍ਰੀਤਮ ਦੇ ਗੁਣ ਗਾਇਆ ਕਰ, ਉਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਹੀ ਸਾਰੇ ਸੁਖਾਂ ਦਾ ਦੇਣ ਵਾਲਾ ਹੈ।1। ਰਹਾਉ।

ਹੇ ਮੇਰੇ ਮਨ! ਉਹ ਹਰੀ ਹਰੇਕ ਸਰੀਰ ਵਿਚ ਵੱਸਦਾ ਹੈ, ਜਲ ਵਿਚ ਧਰਤੀ ਵਿਚ ਵੱਸਦਾ ਹੈ, ਹਰੇਕ ਥਾਂ ਵਿਚ ਵੱਸਦਾ ਹੈ, ਮੇਰੇ ਅੰਦਰ ਉਸ ਦੇ ਦਰਸਨ ਦੀ ਤਾਂਘ ਹੈ। ਹੇ ਮੇਰੇ ਮਨ! ਜੇ ਕੋਈ ਸੰਤ ਮੈਨੂੰ ਆ ਮਿਲੇ, ਹਰੀ ਦਾ ਕੋਈ ਸੰਤ ਆ ਮਿਲੇ, ਕੋਈ ਮੇਰਾ ਪਿਆਰਾ ਸੰਤ ਜਨ ਮੈਨੂੰ ਆ ਮਿਲੇ, ਤੇ, ਮੈਨੂੰ (ਪਰਮਾਤਮਾ ਦੇ ਮਿਲਾਪ ਦਾ) ਰਾਹ ਵਿਖਾ ਜਾਏ, ਮੈਂ ਉਸ ਦੇ ਪੈਰ ਮਲ ਮਲ ਕੇ ਧੋਵਾਂ।1।

ਹੇ ਭਾਈ! ਪਰਮਾਤਮਾ ਆਪਣੇ ਕਿਸੇ ਸੇਵਕ ਨੂੰ ਮਿਲਦਾ ਹੈ, (ਸੇਵਕ ਦੀ) ਸਰਧਾ-ਭਾਵਨੀ ਨਾਲ ਮਿਲਦਾ ਹੈ, ਗੁਰੂ ਦੀ ਸਰਨ ਪਿਆਂ ਮਿਲਦਾ ਹੈ। (ਗੁਰੂ ਦੀ ਮਿਹਰ ਨਾਲ ਜਦੋਂ ਮੈਂ ਭੀ) ਪ੍ਰਭੂ-ਪਾਤਿਸ਼ਾਹ ਦਾ ਦਰਸਨ ਕੀਤਾ, ਤਾਂ ਮੇਰੇ ਮਨ ਵਿਚ ਮੇਰੇ ਤਨ ਵਿਚ ਖ਼ੁਸ਼ੀ ਹੀ ਖ਼ੁਸ਼ੀ ਪੈਦਾ ਹੋ ਗਈ। ਹੇ ਭਾਈ! ਦਾਸ ਨਾਨਕ ਉਤੇ (ਭੀ) ਮਿਹਰ ਹੋਈ ਹੈ, ਹਰੀ ਦੀ ਮਿਹਰ ਹੋਈ ਹੈ, ਜਗਤ ਦੇ ਮਾਲਕ ਦੀ ਮਿਹਰ ਹੋਈ ਹੈ, ਮੈਂ ਹੁਣ ਹਰ ਵੇਲੇ ਸਦਾ ਹੀ ਸਦਾ ਹੀ ਸਦਾ ਹੀ ਉਸ ਹਰੀ ਦਾ ਨਾਮ ਜਪ ਰਿਹਾ ਹਾਂ।2।3।10।

ਸਾਰਗ ਮਹਲਾ ੪ ॥ ਜਪਿ ਮਨ ਨਿਰਭਉ ॥ ਸਤਿ ਸਤਿ ਸਦਾ ਸਤਿ ॥ ਨਿਰਵੈਰੁ ਅਕਾਲ ਮੂਰਤਿ ॥ ਆਜੂਨੀ ਸੰਭਉ ॥ ਮੇਰੇ ਮਨ ਅਨਦਿਨੋੁ ਧਿਆਇ ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥ ਹਰਿ ਦਰਸਨ ਕਉ ਹਰਿ ਦਰਸਨ ਕਉ ਕੋਟਿ ਕੋਟਿ ਤੇਤੀਸ ਸਿਧ ਜਤੀ ਜੋਗੀ ਤਟ ਤੀਰਥ ਪਰਭਵਨ ਕਰਤ ਰਹਤ ਨਿਰਾਹਾਰੀ ॥ ਤਿਨ ਜਨ ਕੀ ਸੇਵਾ ਥਾਇ ਪਈ ਜਿਨ੍ਹ੍ਹ ਕਉ ਕਿਰਪਾਲ ਹੋਵਤੁ ਬਨਵਾਰੀ ॥੧॥ ਹਰਿ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰਿ ਰਾਮ ਮੁਰਾਰੀ ॥ ਜਿਨ੍ਹ੍ਹ ਕਾ ਅੰਗੁ ਕਰੈ ਮੇਰਾ ਸੁਆਮੀ ਤਿਨ੍ਹ੍ਹ ਕੀ ਨਾਨਕ ਹਰਿ ਪੈਜ ਸਵਾਰੀ ॥੨॥੪॥੧੧॥ {ਪੰਨਾ 1201}

ਪਦ ਅਰਥ: ਨਿਰਭਉ = ਜਿਸ ਨੂੰ ਕਿਸੇ ਤੋਂ ਡਰ ਨਹੀਂ। ਸਤਿ = ਸਦਾ ਕਾਇਮ ਰਹਿਣ ਵਾਲਾ। ਨਿਰਵੈਰੁ = ਜਿਸ ਦਾ ਕਿਸੇ ਨਾਲ ਵੈਰ ਨਹੀਂ। ਅਕਾਲ ਮੂਰਤਿ = {ਅਕਾਲ = ਮੌਤ-ਰਹਿਤ। ਮੂਰਤਿ = ਹਸਤੀ, ਸਰੂਪ} ਜਿਸ ਦਾ ਵਜੂਦ ਮੌਤ-ਰਹਿਤ ਹੈ। ਆਜੂਨੀ = ਜੋ ਜੂਨਾਂ ਵਿਚ ਨਹੀਂ ਪੈਂਦਾ। ਸੰਭਉ = {ÔvXzBu } ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਨਿਰੰਕਾਰੁ = ਜਿਸ ਦਾ ਕੋਈ ਖ਼ਾਸ ਆਕਾਰ (ਸ਼ਕਲ) ਦੱਸਿਆ ਨਹੀਂ ਜਾ ਸਕਦਾ। ਨਿਰਾਹਾਰੀ = {ਨਿਰ-ਆਹਾਰ। ਆਹਾਰ = ਖ਼ੁਰਾਕ, ਭੋਜਨ} ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਪੈਂਦੀ।1। ਰਹਾਉ।

ਕਉ = ਦੀ ਖ਼ਾਤਰ। ਕੋਟਿ ਤੇਤੀਸ = ਤੇਤੀ ਕ੍ਰੋੜ ਦੇਵਤੇ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਜਤੀ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਵਾਲੇ। ਤਟ = ਦਰਿਆਵਾਂ ਦੇ ਕੰਢੇ। ਪਰਭਵਨ = ਰਟਨ। ਰਹਤ = ਰਹਿੰਦੇ ਹਨ। ਥਾਇ ਪਈ = ਕਬੂਲ ਹੋਈ। ਜਿਨ ਕਉ = ਜਿਨ੍ਹਾਂ ਉੱਤੇ। ਬਨਵਾਰੀ = {ਜੰਗਲ ਦੇ ਫੁੱਲਾਂ ਦੀ ਮਾਲਾ ਵਾਲਾ} ਪਰਮਾਤਮਾ।1।

ਹੋ = ਹੇ ਭਾਈ! ਤੇ = ਉਹ {ਬਹੁ-ਵਚਨ}। ਜੋ = ਜਿਹੜੇ। ਭਾਵਤ = ਚੰਗੇ ਲੱਗਦੇ ਹਨ। ਮੁਰਾਰੀ = {ਮੁਰ-ਅਰਿ = ਮੁਰ ਦੈਂਤ ਦਾ ਵੈਰੀ} ਪਰਮਾਤਮਾ। ਅੰਗੁ = ਪੱਖ, ਮਦਦ। ਪੈਜ = ਲਾਜ, ਇੱਜ਼ਤ।2।

ਅਰਥ: ਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ, ਜੋ ਸਦਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ, ਜਿਸ ਦੀ ਹਸਤੀ ਮੌਤ ਤੋਂ ਪਰੇ ਹੈ, ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ। ਹੇ ਮੇਰੇ ਮਨ! ਹਰ ਵੇਲੇ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ, ਜਿਸ ਦੀ ਕੋਈ ਸ਼ਕਲ ਨਹੀਂ ਦੱਸੀ ਜਾ ਸਕਦੀ, ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ।1। ਰਹਾਉ।

ਹੇ ਮੇਰੇ ਮਨ! ਉਸ ਪਰਮਾਤਮਾ ਦੇ ਦਰਸਨ ਦੀ ਖ਼ਾਤਰ ਤੇਤੀ ਕ੍ਰੋੜ ਦੇਵਤੇ, ਸਿੱਧ ਜਤੀ ਅਤੇ ਜੋਗੀ ਭੁੱਖੇ ਰਹਿ ਰਹਿ ਕੇ ਅਨੇਕਾਂ ਤੀਰਥਾਂ ਤੇ ਰਟਨ ਕਰਦੇ ਫਿਰਦੇ ਹਨ। ਹੇ ਮਨ! ਉਹਨਾਂ (ਭਾਗਾਂ ਵਾਲਿਆਂ) ਦੀ ਹੀ ਸੇਵਾ ਕਬੂਲ ਹੁੰਦੀ ਹੈ ਜਿਨ੍ਹਾਂ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ।1।

ਹੇ ਭਾਈ! ਉਹ ਹਰੀ ਦੇ ਸੰਤ ਚੰਗੇ ਹਨ, ਉਹ ਹਰੀ ਦੇ ਭਗਤ ਸ੍ਰੇਸ਼ਟ ਹਨ ਜਿਹੜੇ ਦੁਸ਼ਟ-ਦਮਨ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਹੇ ਨਾਨਕ! ਮੇਰਾ ਮਾਲਕ-ਪ੍ਰਭੂ ਜਿਨ੍ਹਾਂ ਮਨੁੱਖਾਂ ਦਾ ਪੱਖ ਕਰਦਾ ਹੈ (ਲੋਕ ਪਰਲੋਕ ਵਿਚ) ਉਹਨਾਂ ਦੀ ਇੱਜ਼ਤ ਰੱਖ ਲੈਂਦਾ ਹੈ।2।4।11।

TOP OF PAGE

Sri Guru Granth Darpan, by Professor Sahib Singh