ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1255

ਮਲਾਰ ਮਹਲਾ ੧ ॥ ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ ਹਉਮੈ ਕਰਤ ਗਵਾਇਆ ॥ ਪਰ ਧਨ ਪਰ ਨਾਰੀ ਰਤੁ ਨਿੰਦਾ ਬਿਖੁ ਖਾਈ ਦੁਖੁ ਪਾਇਆ ॥ ਸਬਦੁ ਚੀਨਿ ਭੈ ਕਪਟ ਨ ਛੂਟੇ ਮਨਿ ਮੁਖਿ ਮਾਇਆ ਮਾਇਆ ॥ ਅਜਗਰਿ ਭਾਰਿ ਲਦੇ ਅਤਿ ਭਾਰੀ ਮਰਿ ਜਨਮੇ ਜਨਮੁ ਗਵਾਇਆ ॥੧॥ ਮਨਿ ਭਾਵੈ ਸਬਦੁ ਸੁਹਾਇਆ ॥ ਭ੍ਰਮਿ ਭ੍ਰਮਿ ਜੋਨਿ ਭੇਖ ਬਹੁ ਕੀਨ੍ਹ੍ਹੇ ਗੁਰਿ ਰਾਖੇ ਸਚੁ ਪਾਇਆ ॥੧॥ ਰਹਾਉ ॥ ਤੀਰਥਿ ਤੇਜੁ ਨਿਵਾਰਿ ਨ ਨ੍ਹ੍ਹਾਤੇ ਹਰਿ ਕਾ ਨਾਮੁ ਨ ਭਾਇਆ ॥ ਰਤਨ ਪਦਾਰਥੁ ਪਰਹਰਿ ਤਿਆਗਿਆ ਜਤ ਕੋ ਤਤ ਹੀ ਆਇਆ ॥ ਬਿਸਟਾ ਕੀਟ ਭਏ ਉਤ ਹੀ ਤੇ ਉਤ ਹੀ ਮਾਹਿ ਸਮਾਇਆ ॥ ਅਧਿਕ ਸੁਆਦ ਰੋਗ ਅਧਿਕਾਈ ਬਿਨੁ ਗੁਰ ਸਹਜੁ ਨ ਪਾਇਆ ॥੨॥ ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ ॥ ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥ ਹਮ ਨੀਚ ਹੋੁਤੇ ਹੀਣਮਤਿ ਝੂਠੇ ਤੂ ਸਬਦਿ ਸਵਾਰਣਹਾਰਾ ॥ ਆਤਮ ਚੀਨਿ ਤਹਾ ਤੂ ਤਾਰਣ ਸਚੁ ਤਾਰੇ ਤਾਰਣਹਾਰਾ ॥੩॥ ਬੈਸਿ ਸੁਥਾਨਿ ਕਹਾਂ ਗੁਣ ਤੇਰੇ ਕਿਆ ਕਿਆ ਕਥਉ ਅਪਾਰਾ ॥ ਅਲਖੁ ਨ ਲਖੀਐ ਅਗਮੁ ਅਜੋਨੀ ਤੂੰ ਨਾਥਾਂ ਨਾਥਣਹਾਰਾ ॥ ਕਿਸੁ ਪਹਿ ਦੇਖਿ ਕਹਉ ਤੂ ਕੈਸਾ ਸਭਿ ਜਾਚਕ ਤੂ ਦਾਤਾਰਾ ॥ ਭਗਤਿਹੀਣੁ ਨਾਨਕੁ ਦਰਿ ਦੇਖਹੁ ਇਕੁ ਨਾਮੁ ਮਿਲੈ ਉਰਿ ਧਾਰਾ ॥੪॥੩॥ {ਪੰਨਾ 1255}

ਪਦ ਅਰਥ: ਸਾਚੀ = ਸਦਾ ਕਾਇਮ ਰਹਿਣ ਵਾਲੀ, ਟਿੱਕਵੀਂ, ਅਡੋਲ। ਨਾਮਿ = ਨਾਮ ਵਿਚ। ਤ੍ਰਿਪਤੇ = ਮਾਇਆ ਦੀ ਤ੍ਰਿਸ਼ਨਾ ਵਲੋਂ ਪਰਤੇ। ਹਉਮੈ = ਹਉ ਹਉ, ਮੈਂ ਮੈਂ (ਮੈਂ ਵੱਡਾ ਬਣਾਂ ਮੈਂ ਵੱਡਾ ਬਣਾਂ = ਇਹ ਖ਼ਿਆਲ) । ਰਤੁ = ਰੱਤਾ ਹੋਇਆ, ਮਸਤ। ਬਿਖੁ = ਜ਼ਹਰ। ਚੀਨਿ = ਪਛਾਣ ਕੇ, ਸਮਝ ਕੇ। ਮਨਿ = ਮਨ ਵਿਚ। ਮੁਖਿ = ਮੂੰਹ ਵਿਚ। ਅਜਗਰਿ = ਅਜਗਰ ਵਿਚ। ਭਾਰਿ = ਭਾਰ ਹੇਠ। ਅਜਗਰਿ ਭਾਰਿ = ਬਹੁਤ ਵੱਡੇ ਭਾਰ ਹੇਠ।1।

ਮਨਿ = ਮਨ ਵਿਚ। ਭਾਵੈ = ਚੰਗਾ ਲੱਗਦਾ ਹੈ। ਸੁਹਾਇਆ = ਸੋਹਣਾ ਹੋ ਗਿਆ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਗੁਰਿ = ਗੁਰੂ ਨੇ।1। ਰਹਾਉ।

ਤੀਰਥਿ = ਤੀਰਥ ਉੱਤੇ। ਤੇਜੁ = ਕ੍ਰੋਧ। ਨਿਵਾਰਿ = ਦੂਰ ਕਰ ਕੇ। ਭਾਇਆ = ਚੰਗਾ ਲੱਗਾ। ਪਰਹਰਿ = ਦੂਰ ਕਰ ਕੇ। ਜਤ = ਜਿਸ ਪਾਸੇ ਵਲੋਂ। ਤਤ = ਉਸੇ ਪਾਸੇ। ਉਤ ਹੀ ਤੇ = ਉਸੇ ਕਾਰਨ ਤੋਂ, ਉਸੇ ਕਾਰਨ। ਕੀਟ = ਕੀੜੇ। ਅਧਿਕਾਈ = ਬਹੁਤ। ਸਹਜੁ = ਅਡੋਲ ਅਵਸਥਾ।2।

ਰਹਸਿ = ਰਹਸ ਵਿਚ, ਪੂਰਨ ਖਿੜਾਉ ਵਿਚ। ਗਾਵਾ = ਗਾਵਾਂ, ਮੈਂ ਗਾਵਾਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ। ਬੀਚਾਰਾ = ਮੈਂ ਵਿਚਾਰ ਕਰਾਂ। ਖੋਜੀ = ਖੋਜ ਕਰਨ ਵਾਲਾ। ਉਪਜੈ = ਜੰਮ ਪੈਂਦਾ ਹੈ, ਆਤਮਕ ਜੀਵਨ ਵਿਚ ਜੰਮ ਪੈਂਦਾ ਹੈ। ਬਾਦੀ = ਝਗੜਾਲੂ। ਬਿਨਸੈ = ਆਤਮਕ ਮੌਤੇ ਮਰਦਾ ਹੈ। ਹਉ = ਮੈਂ। ਬਲਿ = ਬਲਿਹਾਰ, ਕੁਰਬਾਨ। ਗੁਰ ਕਰਤਾਰਾ = ਹੇ ਗੁਰੂ! ਹੇ ਕਰਤਾਰ! ਹੋੁਤੇ = ਸਾਂ, ਹੁੰਦੇ ਸਾਂ (ਨੋਟ: ਅੱਖਰ 'ਹ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਹੋਤੇ' ਹੈ, ਇਥੇ 'ਹੁਤੇ' ਪੜ੍ਹਨਾ ਹੈ) । ਹੀਣ ਮਤਿ = ਮਤਿ ਹੀਣ, ਮੂਰਖ। ਆਤਮ = ਆਤਮਾ, ਆਪਣਾ ਆਪ।3।

ਬੈਸਿ = ਬੈਠ ਕੇ, ਟਿੱਕ ਕੇ। ਸੁ ਥਾਨਿ = ਸ੍ਰੇਸ਼ਟ ਥਾਂ ਵਿਚ, ਸਤਸੰਗ ਵਿਚ। ਕਹਾਂ = ਮੈਂ ਆਖਾਂ। ਕਿਆ ਕਿਆ = ਕੇਹੜੇ ਕੇਹੜੇ? ਕਥਉ = ਮੈਂ ਕਹਿ ਸਕਦਾ ਹਾਂ। ਨਾਥਣਹਾਰਾ = ਨੱਥ ਕੇ ਰੱਖਣ ਵਾਲਾ, ਆਪਣੇ ਵੱਸ ਵਿਚ ਰੱਖਣ ਵਾਲਾ। ਕਿਸੁ ਪਹਿ ਕਹਉ = ਕਿਸ ਦੇ ਪਾਸ ਮੈਂ ਆਖਾਂ? ਦੇਖਿ = ਵੇਖ ਕੇ। ਸਭਿ = ਸਾਰੇ। ਜਾਚਕੁ = ਮੰਗਤੇ। ਹੀਣੁ = ਸੱਖਣਾ, ਖ਼ਾਲੀ। ਦਰਿ = ਦਰ ਤੇ। ਦੇਖਹੁ = ਧਿਆਨ ਕਰੋ, ਮਿਹਰ ਦੀ ਨਿਗਾਹ ਕਰੋ। ਉਰਿ = ਹਿਰਦੇ ਵਿਚ। ਧਾਰਾ = ਧਾਰਾਂ, ਮੈਂ ਟਿਕਾ ਰੱਖਾਂ।4।

ਅਰਥ: ਜਿਨ੍ਹਾਂ ਦੇ ਮਨ ਵਿਚ (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ) ਬਾਣੀ ਪਿਆਰੀ ਲੱਗਦੀ ਹੈ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ। (ਪਰ ਸਿਫ਼ਤਿ-ਸਾਲਾਹ ਵਾਲੀ ਬਾਣੀ ਤੋਂ ਖੁੰਝ ਕੇ) ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਅਨੇਕਾਂ ਜੂਨਾਂ ਦੇ ਭੇਖ ਧਾਰਦੇ ਰਹੇ (ਭਾਵ, ਜਨਮ ਲੈਂਦੇ ਰਹੇ) । ਜਿਨ੍ਹਾਂ ਦੀ ਰਖਿਆ ਗੁਰੂ ਨੇ ਕੀਤੀ, ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਰੱਬ ਮਿਲ ਪਿਆ।1। ਰਹਾਉ।

ਜਿਨ੍ਹਾਂ ਦੀ ਸੁਰਤਿ ਅਡੋਲ ਹੋ ਕੇ ਪ੍ਰਭੂ ਦੇ ਨਾਮ ਵਿਚ ਨਹੀਂ ਜੁੜੀ, ਉਹ ਮਾਇਆ ਦੀ ਤ੍ਰਿਸ਼ਨਾ ਵਲੋਂ ਪਰਤ ਨਹੀਂ ਸਕੇ, 'ਮੈਂ ਵੱਡਾ ਬਣ ਜਾਵਾਂ, ਮੈਂ ਵੱਡਾ ਬਣ ਜਾਵਾਂ' = ਇਹ ਆਖ ਆਖ ਕੇ ਉਹਨਾਂ ਆਪਣਾ ਜੀਵਨ ਗਵਾ ਲਿਆ। ਉਹਨਾਂ ਦਾ ਮਨ ਪਰਾਏ ਧਨ ਪਰਾਈ ਇਸਤ੍ਰੀ ਤੇ ਪਰਾਈ ਨਿੰਦਿਆ ਵਿਚ ਮਸਤ ਰਿਹਾ ਹੈ, ਉਹ (ਸਦਾ ਪਰ ਧਨ ਪਰ ਨਾਰੀ ਪਰ ਨਿੰਦਾ ਦੀ) ਜ਼ਹਰ ਖਾਂਦੇ ਰਹੇ (ਆਤਮਕ ਖ਼ੁਰਾਕ ਬਣਾਈ ਰੱਖੀ) , ਤੇ ਦੁੱਖ ਹੀ ਸਹੇੜਦੇ ਰਹੇ। ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਵਿਚਾਰ ਕੇ ਉਹਨਾਂ ਦੇ ਦੁਨੀਆ ਵਾਲੇ ਡਰ ਤੇ ਛਲ ਨਾਹ ਮੁੱਕੇ, ਉਹਨਾਂ ਦੇ ਮਨ ਵਿਚ ਭੀ ਮਾਇਆ (ਦੀ ਲਗਨ) ਹੀ ਰਹੀ, ਉਹਨਾਂ ਦੇ ਮੂੰਹ ਵਿਚ ਭੀ ਮਾਇਆ (ਦੀ ਦੰਦ-ਕਥਾ) ਹੀ ਰਹੀ। ਉਹ ਸਦਾ (ਮਾਇਆ ਦੇ ਮੋਹ ਦੇ) ਬੇਅੰਤ ਵੱਡੇ ਭਾਰ ਹੇਠ ਲੱਦੇ ਰਹੇ, ਜਨਮ ਮਰਨ ਦੇ ਗੇੜ ਵਿਚ ਪੈ ਕੇ ਉਹਨਾਂ ਜੀਵਨ ਅਜਾਈਂ ਗਵਾ ਲਿਆ।1।

ਕ੍ਰੋਧ ਦੂਰ ਕਰ ਕੇ ਉਹਨਾਂ ਆਤਮ-ਤੀਰਥ ਉਤੇ ਇਸ਼ਨਾਨ ਨਾਹ ਕੀਤਾ, ਉਹਨਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਨਾਹ ਲੱਗਾ, (ਤ੍ਰਿਸ਼ਨਾ-ਅਧੀਨ ਰਹਿ ਕੇ) ਉਹਨਾਂ ਪ੍ਰਭੂ ਦਾ ਅਮੋਲਕ ਨਾਮ ਸਦਾ ਲਈ ਤਿਆਗ ਦਿੱਤਾ, ਜਿਸ ਚੌਰਾਸੀ ਵਿਚੋਂ ਨਿਕਲ ਕੇ ਮਨੁੱਖਾ ਜਨਮ ਵਿਚ ਆਏ ਸਨ, ਉਸੇ ਚੌਰਾਸੀ ਵਿਚ ਮੁੜ ਚਲੇ ਗਏ, ਜਿਵੇਂ ਵਿਸ਼ਟੇ ਦੇ ਕੀੜੇ ਵਿਸ਼ਟੇ ਵਿਚੋਂ ਜੰਮਦੇ ਹਨ, ਤੇ ਵਿਸ਼ਟੇ ਵਿਚ ਹੀ ਮੁੜ ਮਰ ਜਾਂਦੇ ਹਨ। (ਵਿਸ਼ੇ ਵਿਕਾਰਾਂ ਦੇ) ਜਿਤਨੇ ਹੀ ਵਧੀਕ ਸੁਆਦ ਉਹ ਮਾਣਦੇ ਗਏ, ਉਤਨੇ ਹੀ ਵਧੀਕ ਰੋਗ ਉਹਨਾਂ ਨੂੰ ਵਿਆਪਦੇ ਗਏ। ਗੁਰੂ ਦੀ ਸਰਨ ਨਾਹ ਆਉਣ ਕਰ ਕੇ ਉਹਨਾਂ ਨੂੰ ਸ਼ਾਂਤ ਅਵਸਥਾ ਹਾਸਲ ਨਾਹ ਹੋਈ।2।

ਹੇ ਮੇਰੇ ਗੁਰੂ! ਹੇ ਮੇਰੇ ਕਰਤਾਰ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, (ਮਿਹਰ ਕਰ) ਮੇਰੀ ਸੁਰਤਿ ਤੇਰੀ ਸੇਵਾ (-ਭਗਤੀ) ਵਿਚ ਟਿਕੀ ਰਹੇ, ਪੂਰਨ ਆਨੰਦ ਵਿਚ ਟਿੱਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ; ਗੁਰੂ ਦੀ ਸਰਨ ਪੈ ਕੇ ਮੈਂ ਸਦਾ ਇਹ ਵਿਚਾਰ ਕਰਦਾ ਰਹਾਂ ਕਿ ਤੇਰੇ ਨਾਲ ਮੇਰੀ ਡੂੰਘੀ ਸਾਂਝ ਬਣੀ ਰਹੇ। (ਤੇਰੇ ਨਾਲ ਡੂੰਘੀ ਜਾਣ ਪਛਾਣ ਦੇ ਜਤਨ) ਖੋਜਣ ਵਾਲਾ ਮਨੁੱਖ ਆਤਮਕ ਜੀਵਨ ਵਿਚ ਜਨਮ ਲੈ ਲੈਂਦਾ ਹੈ, ਪਰ (ਨਿੱਤ ਮਾਇਆ ਦੇ) ਝਗੜੇ ਕਰਨ ਵਾਲਾ ਜੀਵ ਆਤਮਕ ਮੌਤੇ ਮਰ ਜਾਂਦਾ ਹੈ।

ਹੇ ਪ੍ਰਭੂ! ਅਸੀਂ (ਤ੍ਰਿਸ਼ਨਾ ਵਿਚ ਫਸ ਕੇ ਬੜੇ) ਨੀਵੇਂ ਜੀਵਨ ਵਾਲੇ ਹੋ ਚੁਕੇ ਹਾਂ, ਅਸੀਂ ਮੂਰਖ ਹਾਂ, ਅਸੀਂ ਝੂਠੇ ਪਦਾਰਥਾਂ ਵਿਚ ਫਸੇ ਪਏ ਹਾਂ; ਪਰ ਤੂੰ (ਆਪਣੀ ਸਿਫ਼ਤਿ-ਸਾਲਾਹ ਦੀ) ਬਾਣੀ ਵਿਚ (ਜੋੜ ਕੇ) ਸਾਡਾ ਜੀਵਨ ਸਵਾਰਨ ਦੇ ਸਮਰੱਥ ਹੈਂ। ਜਿਥੇ ਆਪੇ ਦੀ ਵਿਚਾਰ ਹੁੰਦੀ ਹੈ, ਉਥੇ ਤੂੰ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਬਚਾਣ ਲਈ ਆ ਬਹੁੜਦਾ ਹੈਂ। ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਤਾਰਨ ਦੇ ਸਮਰੱਥ ਹੈਂ, (ਸਾਨੂੰ) ਤਾਰ ਲੈ।3।

(ਹੇ ਪ੍ਰਭੂ! ਮਿਹਰ ਕਰ) ਸਤਸੰਗ ਵਿਚ ਟਿੱਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ। ਪਰ ਤੂੰ ਬੇਅੰਤ ਹੈਂ, ਤੇਰੇ ਸਾਰੇ ਗੁਣ ਮੈਂ ਬਿਆਨ ਨਹੀਂ ਕਰ ਸਕਦਾ। ਤੂੰ ਅਲੱਖ ਹੈਂ, ਤੂੰ ਬਿਆਨ ਤੋਂ ਪਰੇ ਹੈਂ, ਤੂੰ ਅਪਹੁੰਚ ਹੈਂ, ਤੂੰ ਜੂਨਾਂ ਤੋਂ ਰਹਿਤ ਹੈਂ। ਤੂੰ (ਵੱਡੇ ਵੱਡੇ) ਨਾਥ ਅਖਵਾਣ ਵਾਲਿਆਂ ਨੂੰ ਭੀ ਆਪਣੇ ਵੱਸ ਵਿਚ ਰੱਖਣ ਵਾਲਾ ਹੈਂ।

(ਹੇ ਪ੍ਰਭੂ! ਤੇਰੀ ਰਚਨਾ ਨੂੰ) ਵੇਖ ਕੇ ਮੈਂ ਕਿਸੇ ਅੱਗੇ ਇਹ ਆਖਣ ਜੋਗਾ ਨਹੀਂ ਹਾਂ ਕਿ ਤੂੰ ਕਿਹੋ ਜਿਹਾ ਹੈਂ (ਭਾਵ, ਸਾਰੇ ਸੰਸਾਰ ਵਿਚ ਤੇਰੇ ਵਰਗਾ ਕੋਈ ਨਹੀਂ ਹੈ) । ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ, ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ। (ਹੇ ਪ੍ਰਭੂ!) ਤੇਰੀ ਭਗਤੀ ਤੋਂ ਖੁੰਝਿਆ ਹੋਇਆ (ਤੇਰਾ ਦਾਸ) ਨਾਨਕ (ਤੇਰੇ) ਦਰ ਤੇ (ਆ ਡਿੱਗਾ ਹੈ, ਇਸ ਉਤੇ) ਮਿਹਰ ਦੀ ਨਿਗਾਹ ਕਰ। (ਹੇ ਪ੍ਰਭੂ!) ਮੈਨੂੰ ਤੇਰਾ ਨਾਮ ਮਿਲ ਜਾਏ, ਮੈਂ (ਇਸ ਨਾਮ ਨੂੰ ਆਪਣੇ) ਸੀਨੇ ਵਿਚ ਪ੍ਰੋ ਰੱਖਾਂ।4।3।

ਮਲਾਰ ਮਹਲਾ ੧ ॥ ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ ਬਿਲਖ ਬਦਨ ਕੁਮਲਾਨੀ ॥ ਭਈ ਨਿਰਾਸੀ ਕਰਮ ਕੀ ਫਾਸੀ ਬਿਨੁ ਗੁਰ ਭਰਮਿ ਭੁਲਾਨੀ ॥੧॥ ਬਰਸੁ ਘਨਾ ਮੇਰਾ ਪਿਰੁ ਘਰਿ ਆਇਆ ॥ ਬਲਿ ਜਾਵਾਂ ਗੁਰ ਅਪਨੇ ਪ੍ਰੀਤਮ ਜਿਨਿ ਹਰਿ ਪ੍ਰਭੁ ਆਣਿ ਮਿਲਾਇਆ ॥੧॥ ਰਹਾਉ ॥ ਨਉਤਨ ਪ੍ਰੀਤਿ ਸਦਾ ਠਾਕੁਰ ਸਿਉ ਅਨਦਿਨੁ ਭਗਤਿ ਸੁਹਾਵੀ ॥ ਮੁਕਤਿ ਭਏ ਗੁਰਿ ਦਰਸੁ ਦਿਖਾਇਆ ਜੁਗਿ ਜੁਗਿ ਭਗਤਿ ਸੁਭਾਵੀ ॥੨॥ ਹਮ ਥਾਰੇ ਤ੍ਰਿਭਵਣ ਜਗੁ ਤੁਮਰਾ ਤੂ ਮੇਰਾ ਹਉ ਤੇਰਾ ॥ ਸਤਿਗੁਰਿ ਮਿਲਿਐ ਨਿਰੰਜਨੁ ਪਾਇਆ ਬਹੁਰਿ ਨ ਭਵਜਲਿ ਫੇਰਾ ॥੩॥ ਅਪੁਨੇ ਪਿਰ ਹਰਿ ਦੇਖਿ ਵਿਗਾਸੀ ਤਉ ਧਨ ਸਾਚੁ ਸੀਗਾਰੋ ॥ ਅਕੁਲ ਨਿਰੰਜਨ ਸਿਉ ਸਚਿ ਸਾਚੀ ਗੁਰਮਤਿ ਨਾਮੁ ਅਧਾਰੋ ॥੪॥ ਮੁਕਤਿ ਭਈ ਬੰਧਨ ਗੁਰਿ ਖੋਲ੍ਹ੍ਹੇ ਸਬਦਿ ਸੁਰਤਿ ਪਤਿ ਪਾਈ ॥ ਨਾਨਕ ਰਾਮ ਨਾਮੁ ਰਿਦ ਅੰਤਰਿ ਗੁਰਮੁਖਿ ਮੇਲਿ ਮਿਲਾਈ ॥੫॥੪॥ {ਪੰਨਾ 1255}

ਪਦ ਅਰਥ: ਜਿਨਿ = ਜਿਸ ਨੇ। ਧਨ = ਇਸਤ੍ਰੀ। ਜਿਨਿ ਧਨ = ਜਿਸ ਜੀਵ-ਇਸਤ੍ਰੀ ਨੇ। ਸਾਦੁ = ਸੁਆਦ, ਮਿਲਾਪ ਦਾ ਆਨੰਦ। ਬਿਲਖ = (ivl˜ embarrassed) ਵਿਆਕੁਲ। ਬਦਨ = ਮੂੰਹ। ਨਿਰਾਸੀ = ਜਿਸ ਦੀਆਂ ਆਸਾਂ ਪੂਰੀਆਂ ਨਾਹ ਹੋਣ, ਟੁੱਟੇ ਦਿਲ ਵਾਲੀ। ਭਰਮਿ = ਭਟਕਣਾ ਵਿਚ।1।

ਬਰਸੁ = ਵਰਖਾ ਕਰ। ਘਨਾ = ਹੇ ਘਨ! ਹੇ ਬੱਦਲ! ਘਰਿ = (ਮੇਰੇ) ਹਿਰਦੇ ਵਿਚ। ਆਣਿ = ਲਿਆ ਕੇ। ਜਿਨਿ = ਜਿਸ (ਗੁਰੂ) ਨੇ।1। ਰਹਾਉ।

ਨਉਤਨ = ਨਵੀਂ। ਸਿਉ = ਨਾਲ। ਅਨਦਿਨੁ = ਹਰ ਰੋਜ਼। ਸੁਹਾਵੀ = ਸੁਖਦਾਈ। ਗੁਰਿ = ਗੁਰੂ ਨੇ। ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਸੁਭਾਵੀ = ਸੋਭਾ ਵਾਲੀ।2।

ਥਾਰੇ = ਤੇਰੇ। ਤ੍ਰਿਭਵਣ ਜਗੁ = ਤਿੰਨਾਂ ਭਵਨਾਂ ਵਾਲਾ ਜਗਤ। ਹਉ = ਮੈਂ। ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਨਿਰੰਜਨੁ = (ਨਿਰ-ਅੰਜਨੁ) ਮਾਇਆ ਦੀ ਕਾਲਖ ਤੋਂ ਰਹਿਤ। ਬਹੁਰਿ = ਮੁੜ। ਭਵਜਲਿ = ਭਵਜਲ ਵਿਚ, ਸੰਸਾਰ-ਸਮੁੰਦਰ ਵਿਚ।3।

ਵਿਗਾਸੀ = ਖਿੜ ਪਈ। ਤਉ = ਤਦੋਂ। ਸਾਚੁ = ਸਦਾ ਕਾਇਮ ਰਹਿਣ ਵਾਲਾ, ਅਟੱਲ। ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਸਚਿ = ਸੱਚੇ ਹਰੀ ਵਿਚ (ਜੁੜ ਕੇ) ।4।

ਗੁਰਿ = ਗੁਰੂ ਨੇ। ਸਬਦਿ = ਸ਼ਬਦ ਵਿਚ। ਪਤਿ = ਇੱਜ਼ਤ। ਰਿਦ = ਹਿਰਦਾ। ਮੇਲਿ = ਮੇਲ ਵਿਚ, ਸੰਗਤਿ ਵਿਚ।5।

ਅਰਥ: ਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤੇਰੀ ਨਾਮ-ਵਰਖਾ ਦੀ ਬਰਕਤਿ ਨਾਲ) ਮੇਰਾ ਪਤੀ-ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ। ਮੈਂ ਆਪਣੇ ਪ੍ਰੀਤਮ ਗੁਰੂ ਤੋਂ ਕੁਰਬਾਨ ਹਾਂ, ਜਿਸ ਨੇ ਹਰੀ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦਿੱਤਾ ਹੈ।1। ਰਹਾਉ।

ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਸਮਝਿਆ (ਭਾਵ, ਆਨੰਦ ਨਹੀਂ ਮਾਣਿਆ) ਉਹ ਸਦਾ (ਦੁਨੀਆ ਦੇ ਝੰਬੇਲਿਆਂ ਵਿਚ ਹੀ) ਵਿਆਕੁਲ ਰਹਿੰਦੀ ਹੈ, ਉਸ ਦਾ ਚੇਹਰਾ ਕੁਮਲਾਇਆ ਰਹਿੰਦਾ ਹੈ; (ਦੁਨੀਆ ਵਾਲੀਆਂ ਆਸਾਂ ਪੂਰੀਆਂ ਨਾਹ ਹੋਣ ਕਰ ਕੇ) ਉਸ ਦਾ ਦਿਲ ਟੁੱਟਾ ਜਿਹਾ ਰਹਿੰਦਾ ਹੈ, ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਫਾਹੀ ਉਸ ਦੇ ਗਲ ਵਿਚ ਪਈ ਰਹਿੰਦੀ ਹੈ; ਗੁਰੂ ਦੀ ਸਰਨ ਨਾਹ ਆਉਣ ਕਰ ਕੇ ਭਟਕਣਾ ਵਿਚ ਪੈ ਕੇ ਉਹ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਰਹਿੰਦੀ ਹੈ।1।

ਜਿਨ੍ਹਾਂ ਜੀਵਾਂ ਨੂੰ ਗੁਰੂ ਨੇ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਉਹ ਸਦਾ ਪਰਮਾਤਮਾ ਦੀ ਭਗਤੀ ਕਰਦੇ ਤੇ ਸੋਭਾ ਖੱਟਦੇ ਹਨ, ਪ੍ਰਭੂ ਨਾਲ ਸਦਾ ਉਹਨਾਂ ਦੀ ਨਵੀਂ ਪ੍ਰੀਤ ਬਣੀ ਰਹਿੰਦੀ ਹੈ। (ਭਾਵ, ਪਿਆਰ ਵਾਲਾ ਚਾਉ ਕਦੇ ਮੱਠਾ ਨਹੀਂ ਹੁੰਦਾ) , ਉਹ ਹਰ ਰੋਜ਼ ਪ੍ਰਭੂ ਦੀ ਭਗਤੀ ਕਰਦੇ ਹਨ ਜੋ ਉਹਨਾਂ ਨੂੰ ਆਤਮਕ ਸੁਖ ਦੇਈ ਰੱਖਦੀ ਹੈ।3।

ਹੇ ਪ੍ਰਭੂ! ਅਸੀਂ ਤੇਰੇ ਪੈਦਾ ਕੀਤੇ ਹੋਏ ਹਾਂ, ਤਿੰਨਾਂ ਭਵਨਾਂ ਵਾਲਾ ਸਾਰਾ ਹੀ ਸੰਸਾਰ ਤੇਰਾ ਰਚਿਆ ਹੋਇਆ ਹੈ (ਆਪਣੀ ਰਚੀ ਮਾਇਆ ਦੇ ਮੋਹ ਤੋਂ ਤੂੰ ਆਪ ਹੀ ਸਭ ਜੀਵਾਂ ਨੂੰ ਬਚਾਂਦਾ ਹੈਂ) । ਹੇ ਪ੍ਰਭੂ! ਤੂੰ ਮੇਰਾ (ਮਾਲਕ) ਹੈਂ, ਮੈਂ ਤੇਰਾ (ਦਾਸ) ਹਾਂ (ਮੈਨੂੰ ਭੀ ਕਰਮਾਂ ਦੀ ਫਾਹੀ ਤੋਂ ਬਚਾਈ ਰੱਖ) । ਜੇ ਗੁਰੂ ਮਿਲ ਪਏ, ਤਾਂ ਮਾਇਆ ਤੋਂ ਰਹਿਤ ਪ੍ਰਭੂ ਮਿਲ ਪੈਂਦਾ ਹੈ, ਤੇ ਮੁੜ ਸੰਸਾਰ-ਸਮੁੰਦਰ (ਦੇ ਗੇੜ) ਵਿਚ ਨਹੀਂ ਆਉਣਾ ਪੈਂਦਾ।3।

(ਜੀਵ-ਇਸਤ੍ਰੀ ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਈ ਤਰ੍ਹਾਂ ਦੇ ਧਾਰਮਿਕ ਉੱਦਮ-ਰੂਪ ਸਿੰਗਾਰ ਕਰਦੀ ਹੈ, ਪਰ) ਜੀਵ-ਇਸਤ੍ਰੀ ਦਾ ਸਿੰਗਾਰ ਤਦੋਂ ਹੀ ਅਟੱਲ ਸਮਝੋ (ਤਦੋਂ ਹੀ ਸਫਲ ਜਾਣੋ) ਜਦੋਂ ਉਹ ਆਪਣੇ ਪਤੀ-ਪ੍ਰਭੂ ਨੂੰ ਵੇਖ ਕੇ ਹੁਲਾਰੇ ਵਿਚ ਆਉਂਦੀ ਹੈ, ਜਦੋਂ ਸੱਚੇ ਦੇ ਸਿਮਰਨ ਦੀ ਰਾਹੀਂ ਕੁਲ-ਰਹਿਤ ਮਾਇਆ-ਰਹਿਤ ਪ੍ਰਭੂ ਨਾਲ ਇਕ-ਰੂਪ ਹੋ ਜਾਂਦੀ ਹੈ, ਜਦੋਂ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰਭੂ ਦਾ ਨਾਮ ਉਸ ਦੇ ਜੀਵਨ ਦਾ ਸਹਾਰਾ ਬਣ ਜਾਂਦਾ ਹੈ।4।

ਜੋ ਜੀਵ-ਇਸਤ੍ਰੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਈ, ਜਿਸ ਦੇ ਮਾਇਆ ਦੇ ਬੰਧਨ ਗੁਰੂ ਨੇ ਖੋਹਲ ਦਿੱਤੇ, ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਸੁਰਤਿ ਜੋੜ ਕੇ (ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਹਾਸਲ ਕਰਦੀ ਹੈ; ਹੇ ਨਾਨਕ! ਪ੍ਰਭੂ ਦਾ ਨਾਮ ਸਦਾ ਉਸ ਦੇ ਹਿਰਦੇ ਵਿਚ ਵੱਸਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਪ੍ਰਭੂ-ਪਤੀ ਦੇ ਮਿਲਾਪ ਵਿਚ ਮਿਲ ਜਾਂਦੀ ਹੈ (ਅਭੇਦ ਹੋ ਜਾਂਦੀ ਹੈ) ।5।4।

ਮਹਲਾ ੧ ਮਲਾਰ ॥ ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ ॥ ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ ॥੧॥ ਮਹਲ ਮਹਿ ਬੈਠੇ ਅਗਮ ਅਪਾਰ ॥ ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥੧॥ ਰਹਾਉ ॥ ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ ॥ ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ॥੨॥ ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ ॥ ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ ॥੩॥ ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥ ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥੪॥੫॥ {ਪੰਨਾ 1255-1256}

ਪਦ ਅਰਥ: ਦਾਰਾ = ਇਸਤ੍ਰੀ। ਧਨੁ = ਪਦਾਰਥ, ਮਾਲ। ਬਿਖੈ = ਵਿਸ਼ੇ। ਬਿਕਾਰ = ਮੰਦੇ ਕੰਮ। ਦੁਸਟ ਭਾਉ = ਮੰਦੀ ਨੀਅਤ। ਤਜਿ = ਤਜੈ, ਤਿਆਗਦਾ ਹੈ। ਚੰਡਾਰ = ਚੰਡਾਲ।1।

ਮਹਲ = ਸਰੀਰ। ਅਗਮ = ਅਪਹੁੰਚ। ਅਪਾਰ = ਬੇਅੰਤ। ਭੀਤਰਿ = (ਹਿਰਦੇ ਦੇ) ਅੰਦਰ। ਸਬਦੁ ਰਤਨੁ = ਰਤਨੁ ਸਬਦੁ, ਸ੍ਰੇਸ਼ਟ ਸ਼ਬਦ। ਆਚਾਰ = ਨਿੱਤ ਦੀ ਕ੍ਰਿਆ, ਨਿੱਤ ਦਾ ਆਹਰ।1। ਰਹਾਉ।

ਸਮ = ਬਰਾਬਰ, ਇਕੋ ਜਿਹੇ। ਬੁਰਾ ਭਲਾ ਸੰਸਾਰ = ਸੰਸਾਰ ਦਾ ਚੰਗਾ ਮੰਦਾ ਸਲੂਕ। ਸੁਧਿ = ਸੂਝ। ਬੁਧਿ = ਅਕਲ, ਬੂਝ। ਪਾਈਐ = ਪ੍ਰਾਪਤ ਕਰੀਦੀ ਹੈ।2।

ਅਹਿ = ਦਿਨ। ਨਿਸਿ = ਰਾਤ। ਲਾਹਾ = ਲਾਭ। ਸਿਖ = ਸਿੱਖਿਆ।3।

ਕਾਇਆ = ਸਰੀਰ। ਮਹਲਿ = ਮਹਲ ਵਿਚ।4।

ਅਰਥ: ਅਪਹੁੰਚ ਤੇ ਬੇਅੰਤ ਪ੍ਰਭੂ ਜੀ ਹਰੇਕ ਸਰੀਰ ਵਿਚ ਬੈਠੇ ਹੋਏ ਹਨ (ਮੌਜੂਦ ਹਨ) , ਪਰ ਉਹੀ ਮਨੁੱਖ ਪ੍ਰਭੂ ਜੀ ਦਾ ਨਾਮ-ਅੰਮ੍ਰਿਤ ਹਾਸਲ ਕਰਦਾ ਹੈ ਜਿਸ ਦੀ ਨਿੱਤ ਦੀ ਕ੍ਰਿਆ ਗੁਰੂ ਦਾ ਸ੍ਰੇਸ਼ਟ ਸ਼ਬਦ (ਆਪਣੇ ਅੰਦਰ ਵਸਾਣਾ) ਹੋ ਜਾਏ।1। ਰਹਾਉ।

(ਜੇਹੜਾ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ, ਉਹ) ਪਰਾਈ ਇਸਤ੍ਰੀ (ਦਾ ਸੰਗ) , ਪਰਾਇਆ ਧਨ, ਬਹੁਤ ਲਾਲਚ, ਹਉਮੈ, ਵਿਸ਼ਿਆਂ (ਵਾਲੀ ਰੁਚੀ) , ਮੰਦੇ ਕਰਮ, ਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਅਤੇ ਚੰਡਾਲ ਕ੍ਰੋਧ = ਇਹ ਸਭ ਕੁਝ ਤਿਆਗ ਦੇਂਦਾ ਹੈ।1।

ਉਹ ਮਨੁੱਖ ਦੁੱਖਾਂ ਨੂੰ ਇਕੋ ਜਿਹਾ ਜਾਣਦਾ ਹੈ, ਜਗਤ ਵਲੋਂ ਮਿਲਦੇ ਚੰਗੇ ਮੰਦੇ ਸਲੂਕ ਨੂੰ ਭੀ ਬਰਾਬਰ ਜਾਣ ਕੇ ਹੀ ਸਹਾਰਦਾ ਹੈ (ਇਹ ਸਭ ਕੁਝ ਹਰਿ-ਨਾਮ ਦੀ ਬਰਕਤਿ ਹੈ) । ਪਰ ਇਹ ਸੂਝ ਬੂਝ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜਿਆਂ ਹੀ ਪ੍ਰਾਪਤ ਹੁੰਦੀ ਹੈ, ਸਾਧ ਸੰਗਤਿ ਵਿਚ ਰਹਿ ਕੇ ਗੁਰੂ-ਚਰਨਾਂ ਨਾਲ ਪਿਆਰ ਕੀਤਿਆਂ ਹੀ ਮਿਲਦੀ ਹੈ।2।

ਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਭੀ ਉਹੀ ਮਨੁੱਖ ਲੈ ਸਕਦਾ ਹੈ ਜਿਸ ਉਤੇ ਕਰਤਾਰ ਮਿਹਰ ਦੀ ਨਜ਼ਰ ਕਰਦਾ ਹੈ। ਗੁਰੂ ਨਾਮ ਦੀ ਦਾਤਿ ਦੇਣ ਵਾਲਾ ਹੈ ਦੇਣ ਦੇ ਸਮਰੱਥ ਹੈ (ਜਿਸ ਮਨੁੱਖ ਉਤੇ ਕਰਤਾਰ ਦੀ ਨਜ਼ਰ ਹੁੰਦੀ ਹੈ, ਉਸ ਮਨੁੱਖ ਨੂੰ ਗੁਰੂ ਪਾਸੋਂ) ਦਿਨ ਰਾਤ ਪ੍ਰਭੂ-ਨਾਮ ਦਾ ਲਾਭ ਮਿਲਿਆ ਰਹਿੰਦਾ ਹੈ।3।

ਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਲ ਹੈ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ, ਬੇਅੰਤ ਪਰਮਾਤਮਾ ਨੇ ਇਸ ਵਿਚ ਆਪਣੀ ਜੋਤਿ ਟਿਕਾ ਰੱਖੀ ਹੈ। (ਜੀਵ ਆਪਣੇ ਹਿਰਦੇ-ਮਹਲ ਵਿਚ ਵੱਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ) ਹੇ ਨਾਨਕ! (ਬਾਹਰ ਭਟਕਦਾ ਜੀਵ) ਗੁਰੂ ਦੀ ਰਾਹੀਂ ਹੀ ਹਿਰਦੇ-ਮਹਲ ਵਿਚ ਮੋੜ ਕੇ ਲਿਆਂਦਾ ਜਾ ਸਕਦਾ ਹੈ, ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।4।5।

TOP OF PAGE

Sri Guru Granth Darpan, by Professor Sahib Singh