ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1292

ਰਾਗੁ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ ॥ ੴ ਸਤਿਗੁਰ ਪ੍ਰਸਾਦਿ ॥ ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥ ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥੧॥ ਰਹਾਉ ॥ ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥ ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥ ਸੁ ਐਸਾ ਰਾਜਾ ਸ੍ਰੀ ਨਰਹਰੀ ॥੧॥ ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨਿ ਬਿਸ੍ਵ ਸੰਸਾਰੁ ਰਾਚੀਲੇ ॥ ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ ॥ ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ ॥ ਧਰਮ ਰਾਇ ਪਰੁਲੀ ਪ੍ਰਤਿਹਾਰੁ ॥ ਸੋੁ ਐਸਾ ਰਾਜਾ ਸ੍ਰੀ ਗੋਪਾਲੁ ॥੨॥ ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ ॥ ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ॥ ਚਉਰ ਢੂਲ ਜਾਂ ਚੈ ਹੈ ਪਵਣੁ ॥ ਚੇਰੀ ਸਕਤਿ ਜੀਤਿ ਲੇ ਭਵਣੁ ॥ ਅੰਡ ਟੂਕ ਜਾ ਚੈ ਭਸਮਤੀ ॥ ਸੋੁ ਐਸਾ ਰਾਜਾ ਤ੍ਰਿਭਵਣ ਪਤੀ ॥੩॥ ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ ॥ ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ ॥ ਨਖ ਪ੍ਰਸੇਵ ਜਾ ਚੈ ਸੁਰਸਰੀ ॥ ਸਪਤ ਸਮੁੰਦ ਜਾਂ ਚੈ ਘੜਥਲੀ ॥ ਏਤੇ ਜੀਅ ਜਾਂ ਚੈ ਵਰਤਣੀ ॥ ਸੋੁ ਐਸਾ ਰਾਜਾ ਤ੍ਰਿਭਵਣ ਧਣੀ ॥੪॥ ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥ ਏਤੇ ਜੀਅ ਜਾਂ ਚੈ ਹਹਿ ਘਰੀ ॥ ਸਰਬ ਬਿਆਪਿਕ ਅੰਤਰ ਹਰੀ ॥ ਪ੍ਰਣਵੈ ਨਾਮਦੇਉ ਤਾਂ ਚੀ ਆਣਿ ॥ ਸਗਲ ਭਗਤ ਜਾ ਚੈ ਨੀਸਾਣਿ ॥੫॥੧॥ {ਪੰਨਾ 1292}

ਪਦ ਅਰਥ: ਸੇਵੀਲੇ = ਮੈਂ ਤੈਨੂੰ ਸਿਮਰਿਆ ਹੈ। ਗੋਪਾਲ = (ਗੋ = ਧਰਤੀ। ਪਾਲ = ਪਾਲਣਹਾਰ) ਸ੍ਰਿਸ਼ਟੀ ਦੀ ਰੱਖਿਆ ਕਰਨ ਵਾਲਾ ਪਰਮਾਤਮਾ। ਅਕੁਲ = ਅ+ਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨ = ਨਿਰ+ਅੰਜਨ, ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ, ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਦੀਜੈ = ਕਿਰਪਾ ਕਰ ਕੇ ਦੇਹ। ਜਾਚਹਿ = ਮੰਗਦੇ ਹਨ।1। ਰਹਾਉ।

ਚ = ਦਾ। ਚੋ = ਦਾ। ਚੀ = ਦੀ। ਚੇ = ਦੇ। ਜਾਂ ਚੈ ਘਰਿ = ਜਿਸ ਦੇ ਘਰ ਵਿਚ। (ਨੋਟ: ਲਫ਼ਜ਼ 'ਘਰਿ' ਵਿਆਕਰਣ ਅਨੁਸਾਰ ਅਧਿਕਰਣ ਕਾਰਕ ਹੈ; ਇਸ ਦੇ ਨਾਲ ਲਫ਼ਜ਼ 'ਚੇ' ਭੀ 'ਚੈ' ਬਣ ਗਿਆ ਹੈ। 'ਚੇ' ਅਤੇ 'ਕੇ' ਅਤੇ 'ਦੇ' ਦਾ ਇਕੋ ਹੀ ਭਾਵ ਹੈ, ਇਸੇ ਤਰ੍ਹਾਂ 'ਚੈ', 'ਦੈ' ਅਤੇ 'ਕੈ' ਦਾ ਭੀ ਇੱਕੋ ਹੀ ਅਰਥ ਹੈ। ਇਸੇ ਹੀ ਸ਼ਬਦ ਦੇ ਬੰਦ ਨੰ: 2 ਵਿਚ 'ਚੈ' ਦੇ ਥਾਂ ਲਫ਼ਜ਼ 'ਕੈ' ਹੈ) । ਕੁਆਰੀ = ਸਦਾ-ਜੁਆਨ, ਕਦੇ ਬੁੱਢੀ ਨਾ ਹੋਣ ਵਾਲੀ, ਸਦਾ ਸੁੰਦਰ ਟਿਕੀ ਰਹਿਣ ਵਾਲੀ। ਦੀਵੜੇ = ਸੁਹਣੇ ਦੀਵੇ। ਦਿਗ ਦਿਸੈ = (ਲਫ਼ਜ਼ 'ਦਿਸ' ਵਿਆਕਰਣ ਅਨੁਸਾਰ ਖ਼ਾਸ ਖ਼ਾਸ ਹਾਲਤਾਂ ਵਿਚ 'ਦਿਕ' 'ਦਿਗ' ਬਣ ਜਾਂਦਾ ਹੈ, 'ਦਿਸ਼' ਅਤੇ 'ਦਿਗ' ਦੇ ਅਰਥ ਵਿਚ ਕੋਈ ਫ਼ਰਕ ਨਹੀਂ ਪੈਂਦਾ) , ਸਾਰੀਆਂ ਦਿਸ਼ਾਂ, ਚਹੁੰਆਂ ਦਿਸ਼ਾਂ ਦੀ। ਸਰਾਇਚਾ = ਕਨਾਤ। ਚਿਤ੍ਰ = ਤਸਵੀਰ। ਸਾਲਾ = ਸ਼ਾਲਾ, ਘਰ। ਚਿਤ੍ਰਸਾਲਾ = ਤਸਵੀਰ-ਘਰ। ਸਪਤ ਲੋਕ = (ਭਾਵ,) ਸਾਰੀ ਸ੍ਰਿਸ਼ਟੀ। ਸਾਮਾਨਿ = ਇਕੋ ਜਿਹਾ। ਪੂਰੀਅਲੇ = ਭਰਪੂਰ ਹੈ, ਵਿਆਪਕ ਹੈ, ਮੌਜੂਦ ਹੈ। ਕਉਤਕੁ = ਖਿਡੌਣਾ। ਬਪੁੜਾ = ਵਿਚਾਰਾ। ਕੋਟਵਾਲੁ = ਕੋਤਵਾਲ, ਸ਼ਹਿਰ ਦਾ ਰਾਖਾ। ਸੁ = ਉਹ ਕਾਲ। ਕਰਾ = ਕਰ, ਹਾਲਾ। ਸਿਰਿ = ਸਭ ਤੋਂ ਸਿਰਾਂ ਉੱਤੇ। ਨਰਹਰੀ = ਪਰਮਾਤਮਾ।1।

ਕੁਲਾਲੁ = ਕੁੰਭਿਆਰ, ਭਾਂਡੇ ਘੜਨ ਵਾਲਾ। ਚਤੁਰਮੁਖ = ਚਾਰ ਮੂੰਹਾਂ ਵਾਲਾ। ਡਾਂਵੜਾ = ਸੱਚੇ ਵਿਚ ਢਾਲਣ ਵਾਲਾ। ਜਿਨਿ = ਜਿਸ (ਬ੍ਰਹਮਾ) ਨੇ। ਬਿਸ੍ਵ ਸੰਸਾਰੁ = ਸਾਰਾ ਜਗਤ। ਰਾਚੀਲੇ = ਰਚਿਆ ਹੈ, ਸਿਰਜਿਆ ਹੈ। ਜਾਂ ਕੈ ਘਰਿ = ਜਿਸ ਦੇ ਘਰ ਵਿਚ। ਈਸਰੁ = ਸ਼ਿਵ। ਬਾਵਲਾ = ਕਮਲਾ। ਸਾਰਖਾ = (Skt. swiÕtL Possessing the same station condition or rank) ਵਰਗਾ, ਬਰਾਬਰ ਦਾ। ਭਾਖੀਲੇ = (ਜਿਸ ਨੇ) ਉਚਾਰਿਆ ਹੈ। ਤਤ ਸਾਰਖਾ ਗਿਆਨੁ ਭਾਖੀਲੇ = ਜਿਸ ਨੇ ਅਸਲੀਅਤ ਦੱਸੀ ਹੈ, ਜੋ ਮੌਤ ਦਾ ਚੇਤਾ ਕਰਾਂਦਾ ਹੈ। ਜਾਂ ਚੈ ਦੁਆਰੇ = ਜਿਸ ਦੇ ਦਰਵਾਜ਼ੇ ਉੱਤੇ। ਡਾਂਗੀਆ = ਚੋਬਦਾਰ। ਲੇਖੀਆ = ਮੁਨੀਮ, ਲੇਖਾ ਲਿਖਣ ਵਾਲਾ। ਪ੍ਰਤਿਹਾਰੁ = ਦਰਬਾਰ। ਚਿਤ੍ਰਗੁਪਤੁ = (one of the beings in yama's world recording the vices and virtues of mankind) ਜਮਰਾਜ ਦਾ ਉਹ ਦੂਤ ਜੋ ਮਨੁੱਖਾਂ ਦੇ ਕੀਤੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਲਿਖਦਾ ਹੈ। ਪਰੁਲੀ = ਪਰਲੋ ਲਿਆਉਣ ਵਾਲਾ। ਸੋੁ = (ਅਸਲ ਲਫ਼ਜ਼ 'ਸੋ' ਹੈ, ਇੱਥੇ ਇਸ ਨੂੰ 'ਸੁ' ਪੜ੍ਹਨਾ ਹੈ; ਇਸ ਵਾਸਤੇ (ੋ) ਅਤੇ (ੁ) ਦੋਵੇਂ ਲਗਾਂ ਵਰਤੀਆਂ ਗਈਆਂ ਹਨ) ।2।

ਗਣ = ਸ਼ਿਵ ਜੀ ਦੇ ਖ਼ਾਸ ਸੇਵਕਾਂ ਦਾ ਜੱਥਾ, ਜੋ ਗਣੇਸ਼ ਦੀ ਨਿਗਰਾਨੀ ਵਿਚ ਰਹਿੰਦਾ ਹੈ। ਗੰਧਰਬ = ਦੇਵਤਿਆਂ ਦੇ ਰਾਗੀ। ਗਾਵੰਤ ਆਛੈ = ਗਾ ਰਹੇ ਹਨ। ਗਰੂਆ = ਵੱਡਾ। ਅਨਗਰੂਆ = ਛੋਟਾ ਜਿਹਾ। ਕਾਛੇ = (kwzi˜q) ਮਨ-ਇੱਛਤ, ਸੁੰਦਰ। ਮੰਡਲੀਕ = (mzflIk = A tributary king) ਉਹ ਰਾਜੇ ਜੋ ਕਿਸੇ ਵੱਡੇ ਮਹਾਰਜੇ ਅੱਗੇ ਹਾਲਾ ਭਰਦੇ ਹੋਣ। ਜਾਂ ਚੈ = ਜਾਂ ਚੈ (ਘਰਿ) , ਜਿਸ ਦੇ ਦਰਬਾਰ ਵਿਚ। ਚੇਰੀ = ਦਾਸੀ। ਸਕਤਿ = ਮਾਇਆ। ਜੀਤਿ ਲੇ = (ਜਿਸ ਨੇ) ਜਿੱਤ ਲਿਆ ਹੈ। ਅੰਡ = ਬ੍ਰਹਮੰਡ, ਸ੍ਰਿਸ਼ਟੀ। ਅੰਡ ਟੂਕ = ਬ੍ਰਹਮੰਡ ਦਾ ਟੁਕੜਾ, ਧਰਤੀ। ਭਸਮਤੀ = ਚੁਲ੍ਹਾ।3।

ਕੂਰਮਾ = (kwYjly @imL vyÀwwy *s*ÔX) ਵਿਸ਼ਨੂ ਦਾ ਦੂਜਾ ਅਵਤਾਰ, ਕੱਛੂ-ਕੁੰਮਾ, ਜਿਸ ਨੇ ਧਰਤੀ ਨੂੰ ਥੰਮ੍ਹ ਰੱਖਿਆ ਹੈ। ਜਦੋਂ ਦੇਵਤੇ ਅਤੇ ਦੈਂਤ ਖੀਰ-ਸਮੁੰਦਰ ਰਿੜਕਣ ਲੱਗੇ ਉਹਨਾਂ ਮੰਦਰਾਚਲ ਨੂੰ ਮਧਾਣੀ ਦੇ ਥਾਂ ਵਰਤਿਆ। ਪਰ ਮਧਾਣੀ ਇਤਨੀ ਭਾਰੀ ਸੀ ਕਿ ਥੱਲੇ ਧਸਦੀ ਜਾਂਦੀ ਸੀ। ਵਿਸ਼ਨੂ ਨੇ ਕੱਛੂ ਦਾ ਰੂਪ ਧਾਰ ਕੇ ਮੰਦਰਾਚਲ ਦੇ ਹੇਠਾਂ ਪਿੱਠ ਦਿੱਤੀ। ਪਾਲੁ = ਪਲੰਘ। ਸਹਸ੍ਰ = ਹਜ਼ਾਰ। ਫਨੀ = ਫਣਾਂ ਵਾਲਾ। ਬਾਸਕੁ = ਸ਼ੇਸ਼ਨਾਗ। ਵਾਲੂਆ = ਤਣੀਆਂ। ਪਾਣੀਹਾਰੀਆ = ਪਾਣੀ ਭਰਨ ਵਾਲੇ। ਨਖ = ਨਹੁ। ਪ੍ਰਸੇਵ = ਪਸੀਨਾ। ਨਖ ਪ੍ਰਸੇਵ = ਨਹੁੰਆਂ ਦਾ ਪਸੀਨਾ। ਜਾ ਚੈ = ਜਾ ਚੈ (ਘਰਿ) । ਸੁਰਸਰੀ = ਦੇਵ-ਨਦੀ, ਗੰਗਾ। ਸਪਤ = ਸੱਤ। ਘੜਥਲੀ = ਘੜਵੰਜੀ। ਵਰਤਣੀ = ਬਰਤਨ, ਭਾਂਡੇ।4।

ਨਿਕਟ ਵਰਤੀ = ਨੇੜੇ ਰਹਿਣ ਵਾਲਾ, ਨਿੱਜ ਦਾ ਸੇਵਕ। ਨੇਜੈ = ਇਕ ਰਿਸ਼ੀ ਦਾ ਨਾਮ ਹੈ। ਹੇਲਾ = ਖੇਡ। ਬਾਨਵੈ = ਬਾਵਨ, ਬਵੰਜਾ ਬੀਰ। ਹਹਿ = ਹਨ। ਘਰੀ = ਘਰ ਵਿਚ। ਜਾਂ ਚੈ ਘਰੀ = ਜਾਂ ਚੈ ਘਰਿ, ਜਿਸ ਦੇ ਘਰ ਵਿਚ। ਤਾਂ ਚੀ = ਉਸ ਦੀ। ਆਣਿ = ਓਟ। ਜਾ ਚੈ ਨੀਸਾਣਿ = ਜਿਸ ਦੇ ਨੀਸਾਣ ਹੇਠ, ਜਿਸ ਦੇ ਝੰਡੇ ਹੇਠ ਹਨ।

ਨੋਟ: ਨਾਮਦੇਵ ਜੀ ਪਰਮਾਤਮਾ ਦੇ ਅਨਿੰਨ ਭਗਤ ਸਨ, ਦੇਵੀ ਦੇਵਤੇ ਅਵਤਾਰ ਆਦਿਕ ਦੀ ਪੂਜਾ ਦੀ ਉਹ ਸਦਾ ਨਿਖੇਧੀ ਕਰਦੇ ਰਹੇ। ਗੌਂਡ ਰਾਗ ਵਿਚ ਉਹ ਲਿਖਦੇ ਹਨ:

ਹਉ ਤਉ ਏਕੁ ਰਮਈਆ ਲੈ ਹਉ ॥
ਆਨ ਦੇਵ ਬਦਲਾਵਨਿ ਦੈ ਹਉ ॥

ਪਰ ਹਿੰਦੂ ਕੌਮ ਵਿਚ ਬੇਅੰਤ ਦੇਵੀ ਦੇਵਤਿਆਂ ਦੀ ਪੂਜਾ ਚਿਰ ਤੋਂ ਤੁਰੀ ਆ ਰਹੀ ਹੈ। ਇਸ ਸ਼ਬਦ ਵਿਚ ਭਗਤ ਜੀ ਲੋਕਾਂ ਨੂੰ ਇਸ ਅੱਨ-ਪੂਜਾ ਤੇ ਅਨੇਕ ਪੂਜਾ ਤੋਂ ਵਰਜਦੇ ਹਨ, ਤੇ ਆਖਦੇ ਹਨ ਕਿ ਉਸ ਪਰਮਾਤਮਾ ਦਾ ਆਸਰਾ ਲਵੋ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਅਤੇ ਇਹ ਸਾਰੇ ਦੇਵੀਆਂ ਦੇਵਤੇ ਜਿਸ ਦੇ ਦਰ ਤੇ ਸਾਧਾਰਨ ਜਿਹੇ ਸੇਵਕ ਹਨ।

ਅਰਥ: ਮੈਂ ਤਾਂ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਰੱਖਿਅਕ ਹੈ, ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਜਿਸ ਉੱਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਅਤੇ (ਜਿਸ ਦੇ ਦਰ ਤੇ) ਸਾਰੇ ਭਗਤ ਮੰਗਦੇ ਹਨ (ਅਤੇ ਆਖਦੇ ਹਨ ਕਿ ਹੇ ਦਾਤਾ! ਅਸਾਨੂੰ) ਆਪਣੀ ਭਗਤੀ ਦੀ ਦਾਤਿ ਬਖ਼ਸ਼।1। ਰਹਾਉ।

ਉਹ ਪਰਮਾਤਮਾ (ਮਾਨੋ) ਇਕ ਬੜਾ ਵੱਡਾ ਰਾਜਾ ਹੈ (ਜਿਸ ਦਾ ਇਤਨਾ ਵੱਡਾ ਸ਼ਾਮੀਆਨਾ ਹੈ ਕਿ) ਇਹ ਚਾਰੇ ਦਿਸ਼ਾਂ (ਉਸ ਸ਼ਾਮੀਆਨੇ ਦੀ ਮਾਨੋ) ਕਨਾਤ ਹੈ, (ਰਾਜਿਆਂ ਦੇ ਰਾਜ-ਮਹਲਾਂ ਵਿਚ ਤਸਵੀਰ-ਘਰ ਹੁੰਦੇ ਹਨ, ਪਰਮਾਤਮਾ ਇਕ ਐਸਾ ਰਾਜਾ ਹੈ ਕਿ) ਸਾਰਾ ਬੈਕੁੰਠ ਉਸ ਦਾ (ਮਾਨੋ) ਤਸਵੀਰ-ਘਰ ਹੈ, ਅਤੇ ਸਾਰੇ ਹੀ ਜਗਤ ਵਿਚ ਉਸ ਦਾ ਹੁਕਮ ਇਕ-ਸਾਰ ਚੱਲ ਰਿਹਾ ਹੈ।

(ਰਾਜਿਆਂ ਦੀਆਂ ਰਾਣੀਆਂ ਦਾ ਜੋਬਨ ਤਾਂ ਚਾਰ ਦਿਨ ਦਾ ਹੁੰਦਾ ਹੈ, ਪਰਮਾਤਮਾ ਇਕ ਐਸਾ ਰਾਜਾ ਹੈ) ਜਿਸ ਦੇ ਮਹਲ ਵਿਚ ਲੱਛਮੀ ਹੈ, ਜੋ ਸਦਾ ਜੁਆਨ ਰਹਿੰਦੀ ਹੈ (ਜਿਸ ਦਾ ਜੋਬਨ ਕਦੇ ਨਾਸ ਹੋਣ ਵਾਲਾ ਨਹੀਂ) , ਇਹ ਚੰਦ ਸੂਰਜ (ਉਸ ਦੇ ਮਹਲ ਦੇ, ਮਾਨੋ) ਨਿੱਕੇ ਜਿਹੇ ਦੀਵੇ ਹਨ, ਜਿਸ ਕਾਲ ਦਾ ਹਾਲਾ ਹਰੇਕ ਜੀਵ ਦੇ ਸਿਰ ਉੱਤੇ ਹੈ (ਜਿਸ ਕਾਲ ਦਾ ਹਾਲਾ ਹਰੇਕ ਜੀਵ ਨੂੰ ਭਰਨਾ ਪੈਂਦਾ ਹੈ, ਜਿਸ ਕਾਲ ਤੋਂ ਜਗਤ ਦਾ ਹਰੇਕ ਜੀਵ ਥਰ-ਥਰ ਕੰਬਦਾ ਹੈ) ਤੇ ਜੋ ਕਾਲ (ਇਸ ਜਗਤ-ਰੂਪ ਸ਼ਹਿਰ ਦੇ ਸਿਰ ਉੱਤੇ) ਕੋਤਵਾਲ ਹੈ, ਉਹ ਕਾਲ ਵਿਚਾਰਾ (ਉਸ ਪਰਮਾਤਮਾ ਦੇ ਘਰ ਵਿਚ, ਮਾਨੋ, ਇਕ) ਖਿਡੌਣਾ ਹੈ।1।

ਸ੍ਰਿਸ਼ਟੀ ਦਾ ਮਾਲਕ ਉਹ ਪਰਮਾਤਮਾ ਇਕ ਐਸਾ ਰਾਜਾ ਹੈ ਕਿ (ਲੋਕਾਂ ਦੇ ਖ਼ਿਆਲ ਅਨੁਸਾਰ) ਜਿਸ ਬ੍ਰਹਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਚਾਰ ਮੂੰਹਾਂ ਵਾਲਾ ਉਹ ਬ੍ਰਹਮਾ ਭੀ ਉਸ ਦੇ ਘਰ ਵਿਚ ਭਾਂਡੇ ਘੜਨ ਵਾਲਾ ਇਕ ਕੁੰਭਿਆਰ ਹੀ ਹੈ (ਭਾਵ, ਉਸ ਪਰਮਾਤਮਾ ਦੇ ਸਾਹਮਣੇ ਲੋਕਾਂ ਦਾ ਮੰਨਿਆ ਹੋਇਆ ਬ੍ਰਹਮਾ ਭੀ ਇਤਨੀ ਹੀ ਹਸਤੀ ਰੱਖਦਾ ਹੈ ਜਿਤਨੀ ਕਿ ਕਿਸੇ ਪਿੰਡ ਦੇ ਚੌਧਰੀ ਦੇ ਸਾਹਮਣੇ ਪਿੰਡ ਦਾ ਗਰੀਬ ਕੁੰਭਿਆਰ) । (ਇਹਨਾਂ ਲੋਕਾਂ ਦੀਆਂ ਨਜ਼ਰਾਂ ਵਿਚ ਤਾਂ) ਸ਼ਿਵ ਜੀ ਜਗਤ ਦਾ ਗੁਰੂ (ਹੈ) , ਜਿਸ ਨੇ (ਜਗਤ ਦੇ ਜੀਵਾਂ ਵਾਸਤੇ) ਅਸਲ ਸਮਝਣ-ਜੋਗ ਉਪਦੇਸ਼ ਸੁਣਾਇਆ ਹੈ (ਭਾਵ, ਜੋ ਸਾਰੇ ਜੀਵਾਂ ਨੂੰ ਮੌਤ ਦਾ ਸੁਨੇਹਾ ਅਪੜਾਂਦਾ ਹੈ, ਜੋ ਸਭ ਜੀਵਾਂ ਦਾ ਨਾਸ ਕਰਦਾ ਮੰਨਿਆ ਜਾ ਰਿਹਾ ਹੈ) , ਇਹ ਸ਼ਿਵ ਜੀ (ਸ੍ਰਿਸ਼ਟੀ ਦੇ ਮਾਲਕ) ਉਸ ਪਰਮਾਤਮਾ ਦੇ ਘਰ ਵਿਚ (ਮਾਨੋ) ਇਕ ਕਮਲਾ ਮਸਖ਼ਰਾ ਹੈ। (ਰਾਜੇ ਲੋਕਾਂ ਦੇ ਰਾਜ-ਮਹਲਾਂ ਦੇ ਦਰਵਾਜ਼ੇ ਉੱਤੇ ਚੋਬਦਾਰ ਖੜੇ ਹੁੰਦੇ ਹਨ ਜੋ ਰਾਜਿਆਂ ਦੀ ਹਜ਼ੂਰੀ ਵਿਚ ਜਾਣ ਵਾਲਿਆਂ ਨੂੰ ਵਰਜਦੇ ਜਾਂ ਆਗਿਆ ਦੇਂਦੇ ਹਨ, ਘਟ ਘਟ ਵਿਚ ਵੱਸਣ ਵਾਲੇ ਰਾਜਨ-ਪ੍ਰਭੂ ਨੇ ਐਸਾ ਨਿਯਮ ਬਣਾਇਆ ਹੈ ਕਿ ਹਰੇਕ ਜੀਵ ਦਾ ਕੀਤਾ) ਚੰਗਾ ਜਾਂ ਮੰਦਾ ਕੰਮ ਉਸ ਪ੍ਰਭੂ ਦੇ ਮਹਲ ਦੇ ਦਰ ਤੇ ਚੋਬਦਾਰ ਹੈ (ਭਾਵ, ਹਰੇਕ ਜੀਵ ਦੇ ਅੰਦਰ ਹਿਰਦੇ-ਘਰ ਵਿਚ ਪ੍ਰਭੂ ਵੱਸ ਰਿਹਾ ਹੈ, ਪਰ ਜੀਵ ਦੇ ਆਪਣੇ ਕੀਤੇ ਚੰਗੇ ਮੰਦੇ ਕੰਮ ਹੀ ਉਸ ਪ੍ਰਭੂ ਤੋਂ ਵਿੱਥ ਕਰਾ ਦੇਂਦੇ ਹਨ) । ਜਿਸ ਚਿਤ੍ਰਗੁਪਤ ਦਾ ਸਹਿਮ ਹਰੇਕ ਜੀਵ ਨੂੰ ਲੱਗਾ ਹੋਇਆ ਹੈ, ਉਹ) ਚਿਤ੍ਰਗੁਪਤ ਉਸ ਦੇ ਘਰ ਇਕ ਮੁਨੀਮ (ਦੀ ਹਸਤੀ ਰੱਖਦਾ) ਹੈ। (ਲੋਕਾਂ ਦੇ ਭਾਣੇ) ਪਰਲੋ ਲਿਆਉਣ ਵਾਲਾ ਧਰਮਰਾਜ ਉਸ ਪ੍ਰਭੂ ਦੇ ਮਹਲ ਦਾ ਇਕ (ਮਮੂਲੀ) ਦਰਬਾਨ ਹੈ।2।

ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਇਕ ਐਸਾ ਰਾਜਾ ਹੈ, ਜਿਸ ਦੇ ਦਰ ਤੇ (ਸ਼ਿਵ ਜੀ ਦੇ) ਗਣ ਦੇਵਤਿਆਂ ਦੇ ਰਾਗੀ ਅਤੇ ਸਾਰੇ ਰਿਸ਼ੀ = ਇਹ ਵਿਚਾਰੇ ਢਾਢੀ (ਬਣ ਕੇ ਉਸ ਦੀਆਂ ਸਿਫ਼ਤਾਂ ਦੀਆਂ ਵਾਰਾਂ) ਗਾਉਂਦੇ ਹਨ। ਸਾਰੇ ਸ਼ਾਸਤ੍ਰ (ਮਾਨੋ) ਬਹੁ-ਰੂਪੀਏ ਹਨ, (ਇਹ ਜਗਤ, ਮਾਨੋ, ਉਸ ਦਾ) ਨਿੱਕਾ ਜਿਹਾ ਅਖਾੜਾ ਹੈ, (ਇਸ ਜਗਤ ਦੇ) ਰਾਜੇ ਉਸ ਦਾ ਹਾਲਾ ਭਰਨ ਵਾਲੇ ਹਨ, (ਉਸ ਦੀ ਸਿਫ਼ਤ ਦੇ) ਸੁੰਦਰ ਬੋਲ ਬੋਲਦੇ ਹਨ। ਉਹ ਪ੍ਰਭੂ ਇਕ ਐਸਾ ਰਾਜਾ ਹੈ ਕਿ ਉਸ ਦੇ ਦਰ ਤੇ ਪਵਣ ਚਉਰ ਬਰਦਾਰ ਹੈ, ਮਾਇਆ ਉਸ ਦੀ ਦਾਸੀ ਹੈ ਜਿਸ ਨੇ ਸਾਰਾ ਜਗਤ ਜਿਤ ਲਿਆ ਹੈ, ਇਹ ਧਰਤੀ ਉਸ ਦੇ ਲੰਗਰ ਵਿਚ, ਮਾਨੋ, ਚੁੱਲ੍ਹਾ ਹੈ (ਭਾਵ, ਸਾਰੀ ਧਰਤੀ ਦੇ ਜੀਆਂ ਨੂੰ ਉਹ ਆਪ ਹੀ ਰਿਜ਼ਕ ਦੇਣ ਵਾਲਾ ਹੈ) ।3।

ਤਿੰਨਾਂ ਭਵਨਾਂ ਦਾ ਮਾਲਕ ਉਹ ਪ੍ਰਭੂ ਇਕ ਐਸਾ ਰਾਜਾ ਹੈ ਕਿ ਵਿਸ਼ਨੂ ਦਾ ਕੱਛ-ਅਵਤਾਰ ਜਿਸ ਦੇ ਘਰ ਵਿਚ, ਮਾਨੋ, ਇਕ ਪਲੰਘ ਹੈ; ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ ਜਿਸ ਦੀ ਸੇਜ ਦੀਆਂ ਤਣੀਆਂ (ਦਾ ਕੰਮ ਦੇਂਦਾ) ਹੈ; ਜਗਤ ਦੀ ਸਾਰੀ ਬਨਸਪਤੀ (ਉਸ ਨੂੰ ਫੁੱਲ ਭੇਟ ਕਰਨ ਵਾਲੀ) ਮਾਲਣ ਹੈ, ਛਿਆਨਵੇ ਕਰੋੜ ਬੱਦਲ ਉਸ ਦਾ ਪਾਣੀ ਭਰਨ ਵਾਲੇ (ਨੌਕਰ) ਹਨ; ਗੰਗਾ ਉਸ ਦੇ ਦਰ ਤੇ ਉਸ ਦੇ ਨਹੁੰਆਂ ਦਾ ਪਸੀਨਾ ਹੈ, ਅਤੇ ਸੱਤੇ ਸਮੁੰਦਰ ਉਸ ਦੀ ਘੜਵੰਜੀ ਹਨ, ਜਗਤ ਦੇ ਇਹ ਸਾਰੇ ਜੀਆ-ਜੰਤ ਉਸ ਦੇ ਭਾਂਡੇ ਹਨ।4।

ਉਹ ਪ੍ਰਭੂ ਇਕ ਐਸਾ ਰਾਜਾ ਹੈ ਜਿਸ ਦੇ ਘਰ ਵਿਚ ਉਸ ਦੇ ਨੇੜੇ ਰਹਿਣ ਵਾਲੇ ਅਰਜਨ, ਪ੍ਰਹਿਲਾਦ, ਅੰਬ੍ਰੀਕ, ਨਾਰਦ, ਨੇਜੈ (ਜੋਗ-ਸਾਧਨਾ ਵਿਚ) ਪੁੱਗੇ ਹੋਏ ਜੋਗੀ, ਗਿਆਨਵਾਨ ਮਨੁੱਖ, ਸ਼ਿਵ ਜੀ ਦੇ ਗਣ ਦੇਵਤਿਆਂ ਦੇ ਰਾਗੀ, ਬਵੰਜਾ ਬੀਰ ਆਦਿਕ ਉਸ ਦੀ (ਇਕ ਸਧਾਰਨ ਜਿਹੀ) ਖੇਡ ਹਨ। ਜਗਤ ਦੇ ਇਹ ਸਾਰੇ ਜੀਆ-ਜੰਤ ਉਸ ਪ੍ਰਭੂ ਦੇ ਘਰ ਵਿਚ ਹਨ, ਉਹ ਹਰੀ-ਪ੍ਰਭੂ ਸਭ ਵਿਚ ਵਿਆਪਕ ਹੈ, ਸਭ ਦੇ ਅੰਦਰ ਵੱਸਦਾ ਹੈ।

ਨਾਮਦੇਵ ਬੇਨਤੀ ਕਰਦਾ ਹੈ– ਮੈਨੂੰ ਉਸ ਪਰਮਾਤਮਾ ਦੀ ਓਟ ਆਸਰਾ ਹੈ ਸਾਰੇ ਭਗਤ ਜਿਸ ਦੇ ਝੰਡੇ ਹੇਠ (ਅਨੰਦ ਮਾਣ ਰਹੇ) ਹਨ।5।1।

ਮਲਾਰ ॥ ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥ ਤੂ ਨ ਬਿਸਾਰੇ ਰਾਮਈਆ ॥੧॥ ਰਹਾਉ ॥ ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥ ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥ ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥ ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥ ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥ {ਪੰਨਾ 1292}

ਪਦ ਅਰਥ: ਨ ਬਿਸਾਰੇ = ਨ ਬਿਸਾਰਿ। ਰਾਮਈਆ = ਹੇ ਸੁਹਣੇ ਰਾਮ!।1। ਰਹਾਉ।

ਆਲਾਵੰਤੀ = (ਆਲਯ = ਘਰ, ਉੱਚਾ ਘਰ, ਉੱਚੀ ਜਾਤ) ਅਸੀਂ ਘਰ ਵਾਲੇ ਹਾਂ, ਅਸੀਂ ਉੱਚੇ ਘਰਾਣੇ ਵਾਲੇ ਹਾਂ, ਅਸੀਂ ਉੱਚੀ ਜਾਤ ਵਾਲੇ ਹਾਂ। ਭ੍ਰਮੁ = ਵਹਿਮ, ਭੁਲੇਖਾ। ਕੋਪਿਲਾ = ਕੋਪ ਕੀਤਾ ਹੈ, ਕ੍ਰੋਧ ਕੀਤਾ ਹੈ, ਗੁੱਸੇ ਹੋ ਗਏ ਹਨ। ਸੂਦੁ = ਸ਼ੂਦਰ। ਸੂਦੁ ਸੂਦੁ ਕਰਿ = ਸ਼ੂਦਰ ਆ ਗਿਆ, ਸ਼ੂਦਰ ਆ ਗਿਆ = ਇਹ ਆਖ ਆਖ ਕੇ। ਮਾਰਿ = ਮਾਰ ਕੁਟਾਈ ਕਰ ਕੇ। ਕਹਾ ਕਰਉ = ਮੈਂ ਕੀਹ ਕਰਾਂ? ਇਹਨਾਂ ਅੱਗੇ ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ। ਬਾਪ ਬੀਠੁਲਾ = ਹੇ ਬੀਠੁਲਾ = (Skt. ivÕTl One situated at a distance) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।1।

ਜਉ = ਜੇ। ਕੋਇਲਾ = ਕੋਈ ਭੀ। ਪੰਡੀਆ = ਪਾਂਡੇ, ਪੁਜਾਰੀ। ਮੋ ਕਉ = ਮੈਨੂੰ। ਢੇਢ = ਨੀਚ। ਪੈਜ = ਇੱਜ਼ਤ। ਪਿਛੰਉਡੀ ਹੋਇਲਾ = ਪਿਛੇਤਰੀ ਹੋ ਰਹੀ ਹੈ, ਪਿੱਛੇ ਪੈ ਰਹੀ ਹੈ, ਘਟ ਗਈ ਹੈ।2।

ਅਤਿਭੁਜ = ਵੱਡੀਆਂ ਭੁਜਾਂ ਵਾਲਾ, ਬਹੁਤ ਬਲੀ। ਅਪਾਰਲਾ = ਬੇਅੰਤ। ਨਾਮੇ ਕਉ = ਨਾਮਦੇਵ ਵਲ। ਪੰਡੀਅਨ ਕਉ = ਪਾਂਡਿਆਂ ਵਲ, ਪੁਜਾਰੀਆਂ ਵਲ। ਪਿਛਵਾਰਲਾ = ਪਿਛਲਾ ਪਾਸਾ, ਪਿੱਠ।3।

ਅਰਥ: ਹੇ ਸੁਹਣੇ ਰਾਮ! ਮੈਨੂੰ ਤੂੰ ਨਾ ਵਿਸਾਰੀਂ, ਮੈਨੂੰ ਤੂੰ ਨਾ ਭੁਲਾਈਂ, ਮੈਨੂੰ ਤੂੰ ਨਾ ਵਿਸਾਰੀਂ।1। ਰਹਾਉ।

(ਇਹਨਾਂ ਪਾਂਡਿਆਂ ਨੂੰ) ਇਹ ਵਹਿਮ ਹੈ ਕਿ ਇਹ ਉੱਚੀ ਜਾਤੀ ਵਾਲੇ ਹਨ, (ਇਸ ਕਰਕੇ ਇਹ) ਸਾਰੇ ਮੇਰੇ ਉੱਤੇ ਗੁੱਸੇ ਹੋ ਗਏ ਹਨ; ਸ਼ੂਦਰ ਸ਼ੂਦਰ ਆਖ ਆਖ ਕੇ ਤੇ ਮਾਰ-ਕੁਟਾਈ ਕਰ ਕੇ ਮੈਨੂੰ ਇਹਨਾਂ ਨੇ ਉਠਾਲ ਦਿੱਤਾ ਹੈ; ਹੇ ਮੇਰੇ ਬੀਠੁਲ ਪਿਤਾ! ਇਹਨਾਂ ਅੱਗੇ ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ।1।

ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ; ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ (ਕੀ ਤੇਰੀ ਬੰਦਗੀ ਕਰਨ ਵਾਲਾ ਕੋਈ ਬੰਦਾ ਨੀਚ ਰਹਿ ਸਕਦਾ ਹੈ?) ।2।

(ਹੇ ਸੁਹਣੇ ਰਾਮ!) ਤੂੰ ਤਾਂ (ਸਭਨਾਂ ਉੱਤੇ, ਚਾਹੇ ਕੋਈ ਨੀਚ ਕੁਲ ਦਾ ਹੋਵੇ ਚਾਹੇ ਉੱਚੀ ਕੁਲ ਦਾ) ਦਇਆ ਕਰਨ ਵਾਲਾ ਹੈਂ, ਤੂੰ ਮਿਹਰ ਦਾ ਘਰ ਹੈਂ, (ਫਿਰ ਤੂੰ) ਹੈਂ ਭੀ ਬੜਾ ਬਲੀ ਤੇ ਬੇਅੰਤ। (ਕੀ ਤੇਰੇ ਸੇਵਕ ਉੱਤੇ ਕੋਈ ਤੇਰੀ ਮਰਜ਼ੀ ਤੋਂ ਬਿਨਾ ਧੱਕਾ ਕਰ ਸਕਦਾ ਹੈ?) (ਮੇਰੀ ਨਾਮਦੇਵ ਦੀ ਅਰਜ਼ੋਈ ਸੁਣ ਕੇ ਪ੍ਰਭੂ ਨੇ) ਦੇਹੁਰਾ ਮੈਂ ਨਾਮਦੇਵ ਵਲ ਫੇਰ ਦਿੱਤਾ, ਤੇ ਪਾਂਡਿਆਂ ਵਲ ਪਿੱਠ ਹੋ ਗਈ।3।2।

ਨੋਟ: ਜੇ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਹੁੰਦੇ, ਤਾਂ ਉਹ ਪੂਜਾ ਆਖ਼ਰ ਤਾਂ ਬੀਠੁਲ ਦੇ ਮੰਦਰ ਵਿਚ ਜਾ ਕੇ ਹੀ ਹੋ ਸਕਦੀ ਸੀ, ਤੇ ਬੀਠੁਲ ਦੇ ਮੰਦਰ ਵਿਚ ਰੋਜ਼ ਜਾਣ ਵਾਲੇ ਨਾਮਦੇਵ ਨੂੰ ਇਹ ਪਾਂਡੇ ਧੱਕੇ ਕਿਉਂ ਮਾਰਦੇ? ਇਸ ਮੰਦਰ ਵਿਚੋਂ ਧੱਕੇ ਖਾ ਕੇ ਨਾਮਦੇਵ ਬੀਠੁਲ ਅੱਗੇ ਪੁਕਾਰ ਕਰ ਰਿਹਾ ਹੈ, ਇਹ ਮੰਦਰ ਜ਼ਰੂਰ ਬੀਠੁਲ ਦਾ ਹੀ ਹੋਵੇਗਾ। ਇਥੋਂ ਧੱਕੇ ਪੈਣ ਤੋਂ ਹੀ ਸਾਫ਼ ਜ਼ਾਹਰ ਹੈ ਕਿ ਨਾਮਦੇਵ ਇਸ ਤੋਂ ਪਹਿਲਾਂ ਕਦੇ ਕਿਸੇ ਮੰਦਰ ਵਿਚ ਨਹੀਂ ਸੀ ਗਿਆ, ਨਾ ਹੀ ਕਿਸੇ ਮੰਦਰ ਵਿਚ ਧਰੀ ਕਿਸੇ ਬੀਠੁਲ-ਮੂਰਤੀ ਦਾ ਉਹ ਪੁਜਾਰੀ ਸੀ। ਬੀਠੁਲ-ਮੂਰਤੀ ਕ੍ਰਿਸ਼ਨ ਜੀ ਦੀ ਹੈ, ਪਰ 'ਰਹਾਉ' ਦੀ ਤੁਕ ਵਿਚ ਨਾਮਦੇਵ ਆਪਣੇ 'ਬੀਠੁਲ' ਨੂੰ 'ਰਮਈਆ' ਕਹਿ ਕੇ ਬੁਲਾਉਂਦਾ ਹੈ। ਕਿਸੇ ਇੱਕ ਅਵਤਾਰ ਦੀ ਮੂਰਤੀ ਦਾ ਪੁਜਾਰੀ ਆਪਣੇ ਇਸ਼ਟ ਨੂੰ ਦੂਜੇ ਅਵਤਾਰ ਦੇ ਨਾਮ ਨਾਲ ਯਾਦ ਨਹੀਂ ਕਰ ਸਕਦਾ। ਸੋ, ਇੱਥੇ ਨਾਮਦੇਵ ਉਸੇ ਮਹਾਨ 'ਬਾਪ' ਨੂੰ ਸੱਦ ਰਿਹਾ ਹੈ ਜਿਸ ਨੂੰ ਰਾਮ, ਬੀਠੁਲ, ਮੁਕੰਦ ਆਦਿਕ ਸਾਰੇ ਪਿਆਰੇ ਨਾਮਾਂ ਨਾਲ ਬੁਲਾਇਆ ਜਾ ਸਕਦਾ ਹੈ।

ਸ਼ਬਦ ਦਾ ਭਾਵ: ਸਿਮਰਨ ਦਾ ਨਤੀਜਾ = ਨਿਰਭੈਤਾ ਅਤੇ ਅਣਖ-ਸ੍ਵੈਮਾਨ।

TOP OF PAGE

Sri Guru Granth Darpan, by Professor Sahib Singh