ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1296

ਕਾਨੜਾ ਮਹਲਾ ੪ ॥ ਜਪਿ ਮਨ ਰਾਮ ਨਾਮ ਜਗੰਨਾਥ ॥ ਘੂਮਨ ਘੇਰ ਪਰੇ ਬਿਖੁ ਬਿਖਿਆ ਸਤਿਗੁਰ ਕਾਢਿ ਲੀਏ ਦੇ ਹਾਥ ॥੧॥ ਰਹਾਉ ॥ ਸੁਆਮੀ ਅਭੈ ਨਿਰੰਜਨ ਨਰਹਰਿ ਤੁਮ੍ਹ੍ਹ ਰਾਖਿ ਲੇਹੁ ਹਮ ਪਾਪੀ ਪਾਥ ॥ ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ ਤਰੇ ਸੰਗਿ ਸਾਥ ॥੧॥ ਤੁਮ੍ਹ੍ਹ ਵਡ ਪੁਰਖ ਬਡ ਅਗਮ ਅਗੋਚਰ ਹਮ ਢੂਢਿ ਰਹੇ ਪਾਈ ਨਹੀ ਹਾਥ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਤੂ ਆਪਨ ਜਾਨਹਿ ਆਪਿ ਜਗੰਨਾਥ ॥੨॥ ਅਦ੍ਰਿਸਟੁ ਅਗੋਚਰ ਨਾਮੁ ਧਿਆਏ ਸਤਸੰਗਤਿ ਮਿਲਿ ਸਾਧੂ ਪਾਥ ॥ ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ ॥੩॥ ਹਮਰੇ ਪ੍ਰਭ ਜਗਦੀਸ ਗੁਸਾਈ ਹਮ ਰਾਖਿ ਲੇਹੁ ਜਗੰਨਾਥ ॥ ਜਨ ਨਾਨਕੁ ਦਾਸੁ ਦਾਸ ਦਾਸਨ ਕੋ ਪ੍ਰਭ ਕਰਹੁ ਕ੍ਰਿਪਾ ਰਾਖਹੁ ਜਨ ਸਾਥ ॥੪॥੬॥ {ਪੰਨਾ 1296}

ਪਦ ਅਰਥ: ਜਪਿ = ਜਪਿਆ ਕਰ। ਮਨ = ਹੇ ਮਨ! ਜਗੰਨਾਥ = ਜਗਤ ਦਾ ਨਾਥ। ਪਰੇ = ਪਏ ਹੋਏ ਸਨ, ਡਿੱਗੇ ਹੋਏ ਸਨ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ। ਬਿਖਿਆ = ਮਾਇਆ। ਦੇ = ਦੇ ਕੇ।1। ਰਹਾਉ।

ਸੁਆਮੀ = ਹੇ ਸੁਆਮੀ! ਅਭੈ = ਅ-ਭੈ, ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਨਿਰੰਜਨ = (ਨਿਰ-ਅੰਜਨ। ਅੰਜਨ = ਮਾਇਆ ਦੀ ਕਾਲਖ) ਨਿਰਲੇਪ। ਨਰਹਰਿ = ਪਰਮਾਤਮਾ। ਪਾਥ = ਪੱਥਰ। ਪਾਪੀ ਪਾਥ = ਵਿਕਾਰਾਂ ਦੇ ਭਾਗਾਂ ਨਾਲ ਪੱਥਰ ਵਾਂਗ ਭਾਰੇ ਪਾਪੀਆਂ ਨੂੰ। ਬਿਖਿਆ ਲੋਭਿ = ਮਾਇਆ ਦੇ ਲੋਭ ਵਿਚ। ਲੁਭਤੇ = ਗ੍ਰਸੇ ਹੋਏ। ਕਾਸਟ = ਕਾਠ, ਲੱਕੜ। ਕਾਸਟ ਸੰਗਿ = ਲੱਕੜ ਦੇ ਨਾਲ। ਲੋਹ = ਲੋਹਾ। ਤਰੇ = (ਨਦੀ ਤੋਂ) ਪਾਰ ਲੰਘ ਜਾਂਦਾ ਹੈ।1।

ਅਗਮ = ਅਪਹੁੰਚ। ਅਗੋਚਰ = (ਅ-ਗੋ-ਚਰ। ਗੋ = ਗਿਆਨ-ਇੰਦ੍ਰੇ। ਚਰ = ਪਹੁੰਚ) ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਹਾਥ = ਡੂੰਘਾਈ, ਥਾਹ। ਅਪਰੰਪਰੁ = ਪਰੇ ਤੋਂ ਪਰੇ। ਤੂ ਜਾਨਹਿ = ਤੂੰ ਜਾਣਦਾ ਹੈਂ। ਆਪਨ = ਆਪਣੇ ਆਪ ਨੂੰ। ਜਗੰਨਾਥ = ਹੇ ਜਗਤ ਦੇ ਨਾਥ!।2।

ਅਦ੍ਰਿਸਟੁ = ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ। ਧਿਆਏ = ਧਿਆਉਂਦਾ ਹੈ। ਮਿਲਿ = ਮਿਲ ਕੇ। ਸਾਧੂ ਪਾਥ = ਗੁਰੂ ਦਾ ਰਸਤਾ (pQ = ਰਸਤਾ) । ਅਕਥ ਕਥ ਕਾਥ = ਜਿਸ ਦੀ ਕਥਾ ਅਕੱਥ ਹੈ, ਜਿਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੁੱਕ ਨਹੀਂ ਸਕਦੀਆਂ।3।

ਪ੍ਰਭ = ਹੇ ਪ੍ਰਭੂ! ਜਗਦੀਸ = ਹੇ ਜਗਤ ਦੇ ਈਸ਼ (ਮਾਲਕ) ! ਹਮ = ਅਸਾਂ ਜੀਵਾਂ ਨੂੰ। ਜਗੰਨਾਥ = ਹੇ ਜਗਤ ਦੇ ਨਾਥ! ਕੋ = ਦਾ। ਪ੍ਰਭ = ਹੇ ਪ੍ਰਭੂ! ਜਨ ਸਾਥ = ਆਪਣੇ ਸੰਤ ਜਨਾਂ ਨਾਲ।4।

ਅਰਥ: ਹੇ ਮਨ! ਜਗਤ ਦੇ ਨਾਥ ਪਰਮਾਤਮਾ ਦਾ ਨਾਮ ਜਪਿਆ ਕਰ। ਹੇ ਭਾਈ! (ਜਿਹੜੇ ਮਨੁੱਖ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੀਆਂ ਘੁੰਮਣ ਘੇਰੀਆਂ ਵਿਚ ਡਿੱਗੇ ਰਹਿੰਦੇ ਹਨ, ਉਹਨਾਂ ਨੂੰ ਭੀ ਗੁਰੂ (ਆਪਣਾ) ਹੱਥ ਦੇ ਕੇ (ਹਰਿ ਨਾਮ ਵਿਚ ਜੋੜ ਕੇ ਉਹਨਾਂ ਵਿਚੋਂ) ਕੱਢ ਲੈਂਦਾ ਹੈ।1। ਰਹਾਉ।

ਹੇ (ਸਾਡੇ) ਮਾਲਕ-ਪ੍ਰਭੂ! ਹੇ ਨਿਰਭਉ ਪ੍ਰਭੂ! ਹੇ ਨਿਰਲੇਪ ਪ੍ਰਭੂ! ਅਸੀਂ ਜੀਵ ਪਾਪੀ ਹਾਂ, ਪੱਥਰ (ਹੋ ਚੁਕੇ) ਹਾਂ; ਕਾਮ ਕ੍ਰੋਧ ਅਤੇ ਮਾਇਆ ਦੇ ਲੋਭ ਵਿਚ ਗ੍ਰਸੇ ਰਹਿੰਦੇ ਹਾਂ, (ਮਿਹਰ ਕਰ) ਸਾਨੂੰ (ਗੁਰੂ ਦੀ ਸੰਗਤਿ ਵਿਚ ਰੱਖ ਕੇ ਵਿਕਾਰਾਂ ਵਿਚ ਡੁੱਬਣੋਂ) ਬਚਾ ਲੈ (ਜਿਵੇਂ) ਕਾਠ (ਬੇੜੀ) ਦੀ ਸੰਗਤਿ ਵਿਚ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ।1।

ਹੇ ਸੁਆਮੀ! ਤੂੰ (ਅਸਾਂ ਜੀਵਾਂ ਦੇ ਵਿਤ ਨਾਲੋਂ) ਬਹੁਤ ਹੀ ਵੱਡਾ ਹੈਂ, ਤੂੰ ਅਪਹੁੰਚ ਹੈਂ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੈ। ਅਸੀਂ ਜੀਵ ਭਾਲ ਕਰ ਕੇ ਥੱਕ ਗਏ ਹਾਂ, ਤੇਰੀ ਡੂੰਘਾਈ ਅਸੀਂ ਲੱਭ ਨਹੀਂ ਸਕੇ। ਤੂੰ ਬੇਅੰਤ ਹੈਂ, ਪਰੇ ਤੋਂ ਪਰੇ ਹੈਂ। ਹੇ ਜਗਤ ਦੇ ਨਾਥ! ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈਂ।2।

ਹੇ ਭਾਈ! ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ। (ਮਨੁੱਖ) ਉਸ ਅਗੋਚਰ ਪ੍ਰਭੂ ਦਾ ਨਾਮ ਸਾਧ-ਸੰਗਤਿ ਵਿਚ ਮਿਲ ਕੇ ਗੁਰੂ ਦਾ ਦਸਿਆ ਰਸਤਾ ਫੜ ਕੇ ਹੀ ਜਪ ਸਕਦਾ ਹੈ। ਸਾਧ-ਸੰਗਤਿ ਵਿਚ ਮਿਲ ਕੇ ਹੀ ਪਰਮਾਤਮ ਦੀ ਸਿਫ਼ਤਿ-ਸਾਲਾਹ ਸੁਣੀ ਜਾ ਸਕਦੀ ਹੈ, ਉਸ ਹਰੀ ਦਾ ਨਾਮ ਜਪਿਆ ਜਾ ਸਕਦਾ ਹੈ ਜਿਸ ਦੇ ਸਾਰੇ ਗੁਣਾਂ ਦਾ ਬਿਆਨ (ਜੀਵਾਂ ਪਾਸੋਂ) ਨਹੀਂ ਹੋ ਸਕਦਾ।3।

ਹੇ ਸਾਡੇ ਪ੍ਰਭੂ! ਹੇ ਜਗਤ ਦੇ ਮਾਲਕ! ਹੇ ਸ੍ਰਿਸ਼ਟੀ ਦੇ ਖਸਮ! ਹੇ ਜਗਤ ਦੇ ਨਾਥ! ਅਸਾਂ ਜੀਵਾਂ ਨੂੰ (ਕਾਮ ਕ੍ਰੋਧ ਲੋਭ ਆਦਿਕ ਤੋਂ) ਬਚਾਈ ਰੱਖ। ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੇ ਦਾਸਾਂ ਦੇ ਦਾਸਾਂ ਦਾ ਦਾਸ ਹੈ। ਮਿਹਰ ਕਰ, (ਮੈਨੂੰ) ਆਪਣੇ ਸੇਵਕਾਂ ਦੀ ਸੰਗਤਿ ਵਿਚ ਰੱਖ।4।6।

ਕਾਨੜਾ ਮਹਲਾ ੪ ਪੜਤਾਲ ਘਰੁ ੫ ॥ ੴ ਸਤਿਗੁਰ ਪ੍ਰਸਾਦਿ ॥ ਮਨ ਜਾਪਹੁ ਰਾਮ ਗੁਪਾਲ ॥ ਹਰਿ ਰਤਨ ਜਵੇਹਰ ਲਾਲ ॥ ਹਰਿ ਗੁਰਮੁਖਿ ਘੜਿ ਟਕਸਾਲ ॥ ਹਰਿ ਹੋ ਹੋ ਕਿਰਪਾਲ ॥੧॥ ਰਹਾਉ ॥ ਤੁਮਰੇ ਗੁਨ ਅਗਮ ਅਗੋਚਰ ਏਕ ਜੀਹ ਕਿਆ ਕਥੈ ਬਿਚਾਰੀ ਰਾਮ ਰਾਮ ਰਾਮ ਰਾਮ ਲਾਲ ॥ ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੧॥ ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮ ਨਾਮ ਧਨੁ ਮਾਲ ॥ ਜਾ ਕੋ ਭਾਗੁ ਤਿਨਿ ਲੀਓ ਰੀ ਸੁਹਾਗੁ ਹਰਿ ਹਰਿ ਹਰੇ ਹਰੇ ਗੁਨ ਗਾਵੈ ਗੁਰਮਤਿ ਹਉ ਬਲਿ ਬਲੇ ਹਉ ਬਲਿ ਬਲੇ ਜਨ ਨਾਨਕ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥ {ਪੰਨਾ 1296}

ਪਦ ਅਰਥ: ਮਨ = ਹੇ ਮਨ! ਗੁਪਾਲ = ਗੋਪਾਲ, ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਹੋ = ਹੇ (ਮਨ) !।1। ਰਹਾਉ।

ਅਗਮ = ਅਪਹੁੰਚ। ਅਗੋਚਰ = (ਅ-ਗੋ-ਚਰ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜੀਹ = ਜੀਭ। ਕਿਆ ਕਥੈ = ਕੀਹ ਕਹਿ ਸਕਦੀ ਹੈ? ਦੱਸ ਨਹੀਂ ਸਕਦੀ। ਲਾਲ = ਹੇ ਸੋਹਣੇ ਪ੍ਰਭੂ! ਜੀ = ਹੇ ਪ੍ਰਭੂ ਜੀ! ਅਕਥ = ਜੋ ਪੂਰਨ ਤੌਰ ਤੇ ਬਿਆਨ ਨਾਹ ਕੀਤੀ ਜਾ ਸਕੇ। ਹਉ = ਹਉਂ, ਮੈਂ। ਜਪਿ = ਜਪ ਕੇ। ਨਿਹਾਲ = ਪ੍ਰਸੰਨ-ਚਿੱਤ।1।

ਪ੍ਰਾਨ ਸਖਾ = ਪ੍ਰਾਣਾਂ ਦੇ ਮਿੱਤਰ। ਮਨਿ = ਮਨ ਵਿਚ। ਤਨਿ = ਤਨ ਵਿਚ। ਜੀਹ = ਜੀਭ। ਕੋ = ਦਾ। ਤਿਨਿ = ਉਸ (ਮਨੁੱਖ) ਨੇ। ਰੀ = ਹੇ ਸਖੀ! ਲੀਓ ਸੁਹਾਗੁ = ਸੁਹਾਗ ਲੱਭ ਲਿਆ, ਖਸਮ-ਪ੍ਰਭੂ ਲੱਭ ਲਿਆ। ਹਉ = ਹਉਂ, ਮੈਂ। ਬਲਿ ਬਲੇ = ਕੁਰਬਾਨ।2।

ਅਰਥ: ਹੇ (ਮੇਰੇ) ਮਨ! ਸ੍ਰਿਸ਼ਟੀ ਦੇ ਪਾਲਣਹਾਰ ਪਰਮਾਤਮਾ (ਦਾ ਨਾਮ) ਜਪਿਆ ਕਰ। ਹੇ ਮਨ! ਹਰੀ ਦਾ ਨਾਮ ਰਤਨ ਹਨ, ਜਵਾਹਰ ਹਨ, ਲਾਲ ਹਨ। ਹੇ ਮਨ! ਹਰੀ ਦਾ ਨਾਮ (ਤੇਰੇ ਵਾਸਤੇ ਇਕ ਸੁੰਦਰ ਗਹਿਣਾ ਹੈ, ਇਸ ਨੂੰ) ਗੁਰੂ ਦੀ ਸਰਨ ਪੈ ਕੇ (ਸਾਧ ਸੰਗਤ ਦੀ) ਟਕਸਾਲ ਵਿਚ ਘੜਿਆ ਕਰ। ਹੇ ਮਨ! ਹਰੀ ਸਦਾ ਦਇਆਵਾਨ ਹੈ।1। ਰਹਾਉ।

ਹੇ ਪ੍ਰਭੂ! ਹੇ ਸੋਹਣੇ ਲਾਲ! ਤੇਰੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਜੀਵ ਦੀ) ਵਿਚਾਰੀ ਇੱਕ ਜੀਭ (ਤੇਰੇ ਗੁਣਾਂ ਨੂੰ) ਬਿਆਨ ਨਹੀਂ ਕਰ ਸਕਦੀ। ਹੇ ਪ੍ਰਭੂ ਜੀ! ਤੇਰੀ ਸਿਫ਼ਤਿ-ਸਾਲਾਹ ਬਿਆਨ ਤੋਂ ਪਰੇ ਹੈ, ਤੂੰ ਆਪ ਹੀ (ਆਪਣੀਆਂ ਸਿਫ਼ਤਾਂ) ਜਾਣਦਾ ਹੈਂ। ਹੇ ਹਰੀ! ਮੈਂ (ਤੇਰਾ ਨਾਮ) ਜਪ ਕੇ ਸਦਾ ਲਈ ਪ੍ਰਸੰਨ-ਚਿੱਤ ਹੋ ਗਈ ਹਾਂ।1।

ਹੇ ਭਾਈ! ਪ੍ਰਭੂ ਜੀ ਅਸਾਂ ਜੀਵਾਂ ਦੇ ਪ੍ਰਾਣਾਂ ਦੇ ਮਿੱਤਰ ਹਨ, ਸਾਡੇ ਮਾਲਕ ਹਨ, ਸਾਡੇ ਮਿੱਤਰ ਹਨ। ਹੇ ਭਾਈ! ਮੇਰੇ ਮਨ ਵਿਚ, ਮੇਰੇ ਤਨ ਵਿਚ, ਮੇਰੀ ਜੀਭ ਵਾਸਤੇ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ। ਹੇ ਸਹੇਲੀ! ਜਿਸ ਦੇ ਮੱਥੇ ਦਾ ਭਾਗ ਜਾਗ ਪਿਆ, ਉਸ ਨੇ ਆਪਣਾ ਖਸਮ-ਪ੍ਰਭੂ ਲੱਭ ਲਿਆ, ਉਹ ਗੁਰੂ ਦੀ ਮਤਿ ਉੱਤੇ ਤੁਰ ਕੇ ਸਦਾ ਪ੍ਰਭੂ ਦੇ ਗੁਣ ਗਾਂਦੀ ਹੈ। ਹੇ ਦਾਸ ਨਾਨਕ! (ਆਖ-) ਮੈਂ ਪ੍ਰਭੂ ਤੋਂ ਸਦਾ ਸਦਕੇ ਹਾਂ, ਉਸ ਦਾ ਨਾਮ ਜਪ ਜਪ ਕੇ ਮੇਰੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ।2।1।7।

ਕਾਨੜਾ ਮਹਲਾ ੪ ॥ ਹਰਿ ਗੁਨ ਗਾਵਹੁ ਜਗਦੀਸ ॥ ਏਕਾ ਜੀਹ ਕੀਚੈ ਲਖ ਬੀਸ ॥ ਜਪਿ ਹਰਿ ਹਰਿ ਸਬਦਿ ਜਪੀਸ ॥ ਹਰਿ ਹੋ ਹੋ ਕਿਰਪੀਸ ॥੧॥ ਰਹਾਉ ॥ ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ ਹਰਿ ਜਪਿ ਜਪੇ ਹਰਿ ਜਪਿ ਜਪੇ ਜਪੁ ਜਾਪਉ ਜਗਦੀਸ ॥ ਤੁਮਰੇ ਜਨ ਰਾਮੁ ਜਪਹਿ ਤੇ ਊਤਮ ਤਿਨ ਕਉ ਹਉ ਘੁਮਿ ਘੁਮੇ ਘੁਮਿ ਘੁਮਿ ਜੀਸ ॥੧॥ ਹਰਿ ਤੁਮ ਵਡ ਵਡੇ ਵਡੇ ਵਡ ਊਚੇ ਸੋ ਕਰਹਿ ਜਿ ਤੁਧੁ ਭਾਵੀਸ ॥ ਜਨ ਨਾਨਕ ਅੰਮ੍ਰਿਤੁ ਪੀਆ ਗੁਰਮਤੀ ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ ॥੨॥੨॥੮॥ {ਪੰਨਾ 1296}

ਪਦ ਅਰਥ: ਗੁਨ ਜਗਦੀਸ = ਜਗਤ ਦੇ ਈਸ-ਪ੍ਰਭੂ ਦੇ ਗੁਣ। ਜੀਹ = ਜੀਭ। ਕੀਚੈ = ਕਰ ਲੈਣੀ ਚਾਹੀਦੀ ਹੈ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜਪੀਸ = ਜਪਣ-ਯੋਗ। ਹੋ = ਹੇ ਭਾਈ! ਕਿਰਪੀਸ = ਕਿਰਪਾ ਦਾ ਈਸ, ਕਿਰਪਾ ਦਾ ਮਾਲਕ।1। ਰਹਾਉ।

ਸੁਆਮੀ = ਹੇ ਸੁਆਮੀ! ਹਮ = ਅਸਾਂ ਜੀਵਾਂ ਨੂੰ। ਸੇਵਾ = ਭਗਤੀ। ਜਪਿ ਜਪੇ ਜਾਪਉ = ਜਪ ਜਪ ਕੇ ਜਪਦਾ ਰਹਾਂ, ਸਦਾ ਹੀ ਜਪਦਾ ਰਹਾਂ। ਜਪਹਿ = (ਜਿਹੜੇ) ਜਪਦੇ ਹਨ। ਤੇ = ਉਹ (ਬਹੁ-ਵਚਨ) । ਹਉ ਘੁਮਿ ਘੁਮੇ = ਮੈਂ ਕੁਰਬਾਨ ਹਾਂ। ਜੀਸ = ਜਾਂਦਾ ਹਾਂ।1।

ਸੋ ਕਰਹਿ = ਤੂੰ ਉਹ ਕੁਝ ਕਰਦਾ ਹੈਂ। ਜਿ = ਜਿਹੜਾ ਕੰਮ। ਭਾਵੀਸ = ਚੰਗਾ ਲੱਗਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਾਬੀਸ = ਸ਼ਾਬਾਸ਼-ਯੋਗ।2।

ਅਰਥ: ਹੇ ਭਾਈ! ਹਰੀ ਪ੍ਰਭੂ ਦਇਆ ਦਾ ਘਰ ਹੈ। ਉਸ ਜਗਤ ਦੇ ਮਾਲਕ-ਪ੍ਰਭੂ ਦੇ ਗੁਣ ਸਦਾ ਗਾਂਦੇ ਰਹੋ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਜਪਣ-ਯੋਗ ਹਰੀ ਦਾ ਨਾਮ ਸਦਾ ਜਪਿਆ ਕਰੋ, (ਇਸ ਕੰਮ ਵਾਸਤੇ) ਆਪਣੀ ਇੱਕ ਜੀਭ ਨੂੰ ਵੀਹ ਲੱਖ ਜੀਭਾਂ ਬਣਾ ਲੈਣਾ ਚਾਹੀਦਾ ਹੈ।1। ਰਹਾਉ।

ਹੇ ਹਰੀ! ਹੇ ਸੁਆਮੀ! ਮਿਹਰ ਕਰ, ਅਸਾਂ ਜੀਵਾਂ ਨੂੰ ਆਪਣੀ ਭਗਤੀ ਵਿਚ ਲਾਈ ਰੱਖ। ਹੇ ਹਰੀ! ਹੇ ਜਗਤ ਦੇ ਈਸ਼ਵਰ! ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ। ਹੇ ਪ੍ਰਭੂ! ਜਿਹੜੇ ਤੇਰੇ ਸੇਵਕ ਤੇਰਾ ਰਾਮ-ਨਾਮ ਜਪਦੇ ਹਨ ਉਹ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ।1।

ਹੇ ਹਰੀ! ਤੂੰ ਸਭ ਤੋਂ ਵੱਡਾ ਹੈਂ ਤੂੰ ਬਹੁਤ ਵੱਡਾ ਹੈਂ, ਤੂੰ ਉਹ ਕਰਦਾ ਹੈਂ ਜੋ ਤੈਨੂੰ ਚੰਗਾ ਲੱਗਦਾ ਹੈ। ਹੇ ਦਾਸ ਨਾਨਕ! (ਆਖ-) ਉਹ ਗੁਰੂ ਧੰਨ ਹੈ, ਸਲਾਹੁਣ-ਜੋਗ ਹੈ, ਜਿਸ ਦੀ ਮਤਿ ਲੈ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਈਦਾ ਹੈ।2। 2।8।

TOP OF PAGE

Sri Guru Granth Darpan, by Professor Sahib Singh