ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1298

ਕਾਨੜਾ ਮਹਲਾ ੫ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ ॥ ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥੧॥ ਰਹਾਉ ॥ ਸਿਮਰਤ ਨਾਮੁ ਮਨਹਿ ਸਾਧਾਰੈ ॥ ਕੋਟਿ ਪਰਾਧੀ ਖਿਨ ਮਹਿ ਤਾਰੈ ॥੧॥ ਜਾ ਕਉ ਚੀਤਿ ਆਵੈ ਗੁਰੁ ਅਪਨਾ ॥ ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥੨॥ ਜਾ ਕਉ ਸਤਿਗੁਰੁ ਅਪਨਾ ਰਾਖੈ ॥ ਸੋ ਜਨੁ ਹਰਿ ਰਸੁ ਰਸਨਾ ਚਾਖੈ ॥੩॥ ਕਹੁ ਨਾਨਕ ਗੁਰਿ ਕੀਨੀ ਮਇਆ ॥ ਹਲਤਿ ਪਲਤਿ ਮੁਖ ਊਜਲ ਭਇਆ ॥੪॥੧॥ {ਪੰਨਾ 1298}

ਪਦ ਅਰਥ: ਗਾਈਐ = ਆਓ ਰਲ ਕੇ ਗਾਇਆ ਕਰੀਏ। ਕ੍ਰਿਪਾਨਿਧਿ ਗੁਣ = ਦਇਆ ਦੇ ਖ਼ਜ਼ਾਨੇ, ਪ੍ਰਭੂ ਦੇ ਗੁਣ। ਦੁਖ ਬਿਦਾਰਨ = ਦੁੱਖਾਂ ਦਾ ਨਾਸ ਕਰਨ ਵਾਲਾ। ਜਾ ਕਉ = ਜਿਸ (ਗੁਰੂ) ਨੂੰ। ਭੇਟਤ = ਮਿਲਿਆਂ। ਹੋਇ = ਹੁੰਦੀ ਹੈ (ਇਕ-ਵਚਨ) । ਸਿਧਿ = ਕਾਮਯਾਬੀ, ਸਫਲਤਾ। ਸਗਲ = ਸਾਰੀ, ਮੁਕੰਮਲ।1। ਰਹਾਉ।

ਮਨਹਿ = ਮਨ ਨੂੰ। ਸਾਧਾਰੈ = (ਵਿਕਾਰਾਂ ਦੇ ਟਾਕਰੇ ਤੇ) ਸਹਾਰਾ ਦੇਂਦਾ ਹੈ। ਕੋਟਿ = ਕ੍ਰੋੜਾਂ। ਪਰਾਧੀ = ਅਪਰਾਧੀ, ਪਾਪੀ। ਤਾਰੈ = (ਨਾਮ) ਪਾਰ ਲੰਘਾ ਲੈਂਦਾ ਹੈ।1।

ਜਾ ਕਉ = ਜਿਸ (ਮਨੁੱਖ) ਨੂੰ। ਚੀਤਿ = ਚਿੱਤ ਵਿਚ। ਤਿਲੁ = ਰਤਾ ਭਰ ਭੀ।2।

ਰਾਖੈ = ਰੱਖਿਆ ਕਰਦਾ ਹੈ। ਰਸਨਾ = ਜੀਭ ਨਾਲ। ਚਾਖੈ = ਚੱਖਦਾ ਹੈ।3।

ਕਹੁ = ਆਖ। ਗੁਰਿ = ਗੁਰੂ ਨੇ। ਮਇਆ = ਦਇਆ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਮੁਖ = ਮੂੰਹ। ਊਜਲ = ਬੇ-ਦਾਗ਼।4।

ਅਰਥ: ਹੇ ਭਾਈ! ਜਿਸ ਗੁਰੂ ਨੂੰ ਮਿਲਿਆਂ (ਜ਼ਿੰਦਗੀ ਵਿਚ) ਸਾਰੀ ਸਫਲਤਾ ਹੋ ਜਾਂਦੀ ਹੈ, ਉਸ ਦੁਖਾਂ ਦੇ ਨਾਸ ਕਰਨ ਵਾਲੇ ਅਤੇ ਸੁਖਾਂ ਦੇ ਦੇਣ ਵਾਲੇ ਗੁਰੂ ਨੂੰ ਮਿਲ ਕੇ, ਆਓ, ਰਲ ਕੇ ਮਾਇਆ-ਦੇ-ਖ਼ਜ਼ਾਨੇ ਗੋਪਾਲ ਦੇ ਗੁਣ ਗਾਵਿਆ ਕਰੀਏ।1। ਰਹਾਉ।

ਹੇ ਭਾਈ! ਨਾਮ ਸਿਮਰਿਆਂ ਨਾਮ (ਮਨੁੱਖ ਦੇ) ਮਨ ਨੂੰ (ਵਿਕਾਰਾਂ ਦੇ ਟਾਕਰੇ ਤੇ) ਸਹਾਰਾ ਦੇਂਦਾ ਹੈ। ਹਰਿ-ਨਾਮ ਕ੍ਰੋੜਾਂ ਪਾਪੀਆਂ ਨੂੰ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।1।

ਹੇ ਭਾਈ! ਜਿਸ ਮਨੁੱਖ ਨੂੰ ਆਪਣਾ ਸਤਿਗੁਰੂ ਚੇਤੇ ਰਹਿੰਦਾ ਹੈ (ਉਹ ਮਨੁੱਖ ਸਦਾ ਹਰਿ-ਨਾਮ ਜਪਦਾ ਹੈ, ਜਿਸ ਦੀ ਬਰਕਤਿ ਨਾਲ) ਉਸ ਨੂੰ ਸੁਪਨੇ ਵਿਚ ਭੀ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ।2।

ਹੇ ਭਾਈ! ਪਿਆਰਾ ਗੁਰੂ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ-ਰਸ ਚੱਖਦਾ ਰਹਿੰਦਾ ਹੈ।3।

ਹੇ ਨਾਨਕ! ਆਖ– (ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਨੇ ਮਿਹਰ ਕੀਤੀ, ਉਹਨਾਂ ਦੇ ਮੂੰਹ ਇਸ ਲੋਕ ਵਿਚ ਅਤੇ ਪਰਲੋਕ ਵਿਚ ਉਜਲੇ ਹੋ ਗਏ।4।1।

ਕਾਨੜਾ ਮਹਲਾ ੫ ॥ ਆਰਾਧਉ ਤੁਝਹਿ ਸੁਆਮੀ ਅਪਨੇ ॥ ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥ ਤਾ ਕੈ ਹਿਰਦੈ ਬਸਿਓ ਨਾਮੁ ॥ ਜਾ ਕਉ ਸੁਆਮੀ ਕੀਨੋ ਦਾਨੁ ॥੧॥ ਤਾ ਕੈ ਹਿਰਦੈ ਆਈ ਸਾਂਤਿ ॥ ਠਾਕੁਰ ਭੇਟੇ ਗੁਰ ਬਚਨਾਂਤਿ ॥੨॥ ਸਰਬ ਕਲਾ ਸੋਈ ਪਰਬੀਨ ॥ ਨਾਮ ਮੰਤ੍ਰੁ ਜਾ ਕਉ ਗੁਰਿ ਦੀਨ ॥੩॥ ਕਹੁ ਨਾਨਕ ਤਾ ਕੈ ਬਲਿ ਜਾਉ ॥ ਕਲਿਜੁਗ ਮਹਿ ਪਾਇਆ ਜਿਨਿ ਨਾਉ ॥੪॥੨॥ {ਪੰਨਾ 1298}

ਪਦ ਅਰਥ: ਆਰਾਧਉ = ਆਰਾਧਉਂ, ਮੈਂ ਆਰਾਧਦਾ ਹਾਂ, ਯਾਦ ਕਰਦਾ ਰਹਿੰਦਾ ਹਾਂ। ਤੁਝਹਿ = ਤੈਨੂੰ ਹੀ। ਸੁਆਮੀ = ਹੇ ਸੁਆਮੀ! ਸਾਸਿ ਸਾਸਿ = ਹਰੇਕ ਸਾਹ ਨਾਲ।1।

ਤਾ ਕੈ ਹਿਰਦੈ = ਉਸ (ਮਨੁੱਖ) ਦੇ ਹਿਰਦੇ ਵਿਚ। ਜਾ ਕਉ = ਜਿਸ (ਮਨੁੱਖ) ਨੂੰ।1।

ਠਾਕੁਰ ਭੇਟੇ = ਮਾਲਕ-ਪ੍ਰਭੂ ਨੂੰ ਮਿਲਦਾ ਹੈ। ਗੁਰ ਬਚਨਾਂਤਿ = ਗੁਰੂ ਦੇ ਬਚਨਾਂ ਦੀ ਰਾਹੀਂ।2।

ਕਲਾ = ਆਤਮਕ ਤਾਕਤ। ਪਰਬੀਨ = ਸਿਆਣਾ। ਮੰਤ੍ਰੁ = ਉਪਦੇਸ਼। ਗੁਰਿ = ਗੁਰੂ ਨੇ।3।

ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ। ਕਲਿਜੁਗ ਮਹਿ = ਝਗੜਿਆਂ-ਭਰੇ ਜਗਤ ਵਿਚ (ਨੋਟ: ਇਥੇ ਕਿਸੇ ਜੁਗ ਦਾ ਨਿਰਨਾ ਨਹੀਂ ਹੈ) । ਜਿਨਿ = ਜਿਸ (ਮਨੁੱਖ) ਨੇ।4।

ਅਰਥ: ਹੇ (ਮੇਰੇ) ਆਪਣੇ ਮਾਲਕ! ਮੈਂ (ਸਦਾ) ਤੈਨੂੰ ਹੀ ਯਾਦ ਕਰਦਾ ਰਹਿੰਦਾ ਹਾਂ। ਹੇ ਹਰੀ! ਉਠਦਿਆਂ, ਬੈਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਦੇ ਨਾਲ ਮੈਂ ਤੇਰਾ ਹੀ ਨਾਮ ਜਪਦਾ ਹਾਂ।1। ਰਹਾਉ।

ਹੇ ਭਾਈ! ਮਾਲਕ-ਪ੍ਰਭੂ ਜਿਸ ਮਨੁੱਖ ਨੂੰ (ਨਾਮ ਦੀ) ਦਾਤਿ ਬਖ਼ਸ਼ਦਾ ਹੈ, ਉਸ ਦੇ ਹਿਰਦੇ ਵਿਚ (ਉਸ ਮਾਲਕ ਦਾ) ਨਾਮ ਟਿਕ ਜਾਂਦਾ ਹੈ।1।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਮਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ, ਉਸ ਦੇ ਹਿਰਦੇ ਵਿਚ (ਵਿਕਾਰਾਂ ਦੀ ਅੱਗ ਵਲੋਂ) ਠੰਢ ਪੈ ਜਾਂਦੀ ਹੈ।2।

ਹੇ ਭਾਈ! ਜਿਸ (ਮਨੁੱਖ) ਨੂੰ ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਦੇ ਦਿੱਤਾ, ਉਹੀ ਹੈ ਸਾਰੀਆਂ ਆਤਮਕ ਤਾਕਤਾਂ ਵਿਚ ਸਿਆਣਾ।3।

ਹੇ ਨਾਨਕ! ਆਖ– ਜਿਸ ਮਨੁੱਖ ਨੇ ਇਸ ਬਖੇੜਿਆਂ-ਭਰੇ ਜਗਤ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ, ਮੈਂ ਉਸ (ਮਨੁੱਖ) ਤੋਂ ਸਦਕੇ ਜਾਂਦਾ ਹਾਂ।4।7।

ਕਾਨੜਾ ਮਹਲਾ ੫ ॥ ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥ ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ ॥ ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥ ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥੧॥ ਕੋਟਿ ਕਰਮ ਕਰਿ ਦੇਹ ਨ ਸੋਧਾ ॥ ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥ ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥ ਨਾਮੁ ਲੈਤ ਸਰਬ ਸੁਖ ਪਾਇਆ ॥੩॥ ਪਾਰਬ੍ਰਹਮ ਜਬ ਭਏ ਦਇਆਲ ॥ ਕਹੁ ਨਾਨਕ ਤਉ ਛੂਟੇ ਜੰਜਾਲ ॥੪॥੩॥ {ਪੰਨਾ 1298}

ਪਦ ਅਰਥ: ਕੀਰਤਿ = ਸਿਫ਼ਤਿ-ਸਾਲਾਹ। ਗਾਉ = ਗਾਇਆ ਕਰ। ਰਸਨਾਂ = ਹੇ ਜੀਭ! ਕਰਿ = ਕਰਿਆ ਕਰ। ਬੰਦਨ = ਨਮਸਕਾਰ। ਊਹਾਂ = ਉਥੇ, ਸੰਤ ਜਨਾਂ ਦੇ ਹਿਰਦੇ ਵਿਚ। ਬਸਨਾ = ਵੱਸਦੇ ਹਨ।1। ਰਹਾਉ।

ਅਨਿਕ ਭਾਂਤਿ ਕਰਿ = ਅਨੇਕਾਂ ਢੰਗ ਵਰਤ ਕੇ! ਨ ਪਾਵਉ = ਨ ਪਾਵਉਂ, ਮੈਂ ਨਹੀਂ ਲੱਭ ਸਕਦਾ। ਧਿਆਵਉ = ਧਿਆਵਉਂ, ਮੈਂ ਧਿਆਉਂਦਾ ਹਾਂ।1।

ਕੋਟਿ = ਕ੍ਰੋੜਾਂ। ਕਰਮ = ਮਿਥੇ ਹੋਏ ਧਾਰਮਿਕ ਕੰਮ। ਕਰਿ = ਕਰ ਕੇ। ਦੇਹ = ਸਰੀਰ। ਨ ਸੋਧਾ = ਪਵਿੱਤਰ ਨਹੀਂ ਹੁੰਦਾ। ਪਰਬੋਧਾ = (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ।2।

ਤ੍ਰਿਸਨ = ਤ੍ਰੇਹ, ਲਾਲਚ। ਲੈਤ = ਲੈਂਦਿਆਂ, ਸਿਮਰਦਿਆਂ। ਸਰਬ = ਸਾਰੇ।3।

ਦਇਆਲ = ਦਇਆਵਾਨ। ਕਹੁ = ਆਖ। ਜੰਜਾਲ = ਮਾਇਆ ਦੇ ਮੋਹ ਦੀਆਂ ਫਾਹੀਆਂ।4।

ਅਰਥ: ਹੇ ਮੇਰੀ ਜੀਭ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ। ਹੇ ਭਾਈ! ਸੰਤ-ਜਨਾਂ ਦੇ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਿਆ ਕਰ, ਸੰਤ ਜਨਾਂ ਦੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਚਰਨ ਵੱਸਦੇ ਹਨ।1। ਰਹਾਉ।

ਹੇ ਭਾਈ! ਅਨੇਕਾਂ ਢੰਗ ਵਰਤ ਕੇ ਭੀ ਮੈਂ ਪਰਮਾਤਮਾ ਦਾ ਦਰ ਨਹੀਂ ਲੱਭ ਸਕਦਾ। ਜੇ ਪਰਮਾਤਮਾ ਆਪ ਹੀ ਦਇਵਾਨ ਹੋਵੇ ਤਾਂ ਮੈਂ ਉਸ ਦਾ ਧਿਆਨ ਧਰ ਸਕਦਾ ਹਾਂ।1।

ਹੇ ਭਾਈ! (ਤੀਰਥ-ਯਾਤ੍ਰਾ ਆਦਿਕ) ਕ੍ਰੋੜਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰ ਕੇ (ਮਨੁੱਖ ਦਾ) ਸਰੀਰ ਪਵਿੱਤਰ ਨਹੀਂ ਹੋ ਸਕਦਾ। ਮਨੁੱਖ ਦਾ ਮਨ ਸਾਧ ਸੰਗਤਿ ਵਿਚ ਹੀ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗਦਾ ਹੈ।2।

ਹੇ ਭਾਈ! (ਕ੍ਰੋੜਾਂ ਕਰਮ ਕਰ ਕੇ ਭੀ ਇਸ) ਬਹੁ-ਰੰਗੀ ਮਾਇਆ ਦੀ ਤ੍ਰਿਸ਼ਨਾ ਨਹੀਂ ਮਿਟਦੀ। ਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਸੁਖ ਮਿਲ ਜਾਂਦੇ ਹਨ।3।

ਹੇ ਨਾਨਕ! ਆਖ– (ਹੇ ਭਾਈ!) ਜਦੋਂ (ਕਿਸੇ ਪ੍ਰਾਣੀ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਤਦੋਂ (ਪਰਮਾਤਮਾ ਦਾ ਨਾਮ ਸਿਮਰ ਕੇ ਉਸ ਮਨੁੱਖ ਦੀਆਂ) ਮਾਇਆ ਦੇ ਮੋਹ ਦੀਆਂ (ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ।4।3।

ਕਾਨੜਾ ਮਹਲਾ ੫ ॥ ਐਸੀ ਮਾਂਗੁ ਗੋਬਿਦ ਤੇ ॥ ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥ ਪੂਜਾ ਚਰਨਾ ਠਾਕੁਰ ਸਰਨਾ ॥ ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥ ਸਫਲ ਹੋਤ ਇਹ ਦੁਰਲਭ ਦੇਹੀ ॥ ਜਾ ਕਉ ਸਤਿਗੁਰੁ ਮਇਆ ਕਰੇਹੀ ॥੨॥ ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥ ਜਾ ਕੈ ਹ੍ਰਿਦੈ ਬਸਹਿ ਗੁਰ ਪੈਰਾ ॥੩॥ ਸਾਧਸੰਗਿ ਰੰਗਿ ਪ੍ਰਭੁ ਧਿਆਇਆ ॥ ਕਹੁ ਨਾਨਕ ਤਿਨਿ ਪੂਰਾ ਪਾਇਆ ॥੪॥੪॥ {ਪੰਨਾ 1298-1299}

ਪਦ ਅਰਥ: ਐਸੀ = ਇਹੋ ਜਿਹੀ (ਦਾਤਿ) । ਤੇ = ਤੋਂ। ਸੰਗੁ ਸਾਧੂ ਕਾ = ਗੁਰੂ ਦਾ ਸਾਥ। ਜਪਿ = ਜਪ ਕੇ। ਪਰਮ ਗਤੇ = ਸਭ ਤੋਂ ਉੱਚੀ ਆਤਮਕ ਅਵਸਥਾ।1। ਰਹਾਉ।

ਪੂਜਾ = ਭਗਤੀ, ਪਿਆਰ। ਕੁਸਲੁ = ਸੁਖ। ਜੁ = ਜਿਹੜਾ।1।

ਸਫਲ = ਕਾਮਯਾਬ। ਦੁਰਲਭ = ਬੜੀ ਮੁਸ਼ਕਿਲ ਨਾਲ ਮਿਲਣ ਵਾਲੀ। ਦੇਹੀ = ਕਾਂਇਆਂ, ਮਨੁੱਖਾ ਸਰੀਰ। ਜਾ ਕਉ = ਜਿਸ (ਮਨੁੱਖ) ਉੱਤੇ। ਮਇਆ = ਮਿਹਰ, ਦਇਆ। ਕਰੇਹੀ = ਕਰਦੇ ਹਨ।

ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਭਰਮੁ = ਭਟਕਣਾ। ਦੁਖ ਡੇਰਾ = ਦੁੱਖਾਂ ਦਾ ਡੇਰਾ। ਜਾ ਕੈ ਹ੍ਰਿਦੈ = ਜਿਸ (ਮਨੁੱਖ) ਦੇ ਹਿਰਦੇ ਵਿਚ। ਬਸਹਿ = ਵੱਸਦੇ ਹਨ।3।

ਰੰਗਿ = ਪਿਆਰ ਨਾਲ। ਤਿਨਿ = ਉਸ (ਮਨੁੱਖ) ਨੇ। ਪੂਰਾ = ਪੂਰਨ ਪ੍ਰਭੂ।4।

ਅਰਥ: ਹੇ ਭਾਈ! ਪਰਮਾਤਮਾ ਪਾਸੋਂ ਇਹੋ ਜਿਹੀ (ਦਾਤਿ) ਮੰਗ (ਕਿ ਮੈਨੂੰ) ਸੰਤ ਜਨਾਂ ਦੀ ਟਹਲ (ਕਰਨ ਦਾ ਮੌਕਾ ਮਿਲਿਆ ਰਹੇ, ਮੈਨੂੰ) ਗੁਰੂ ਦਾ ਸਾਥ (ਮਿਲਿਆ ਰਹੇ, ਅਤੇ) ਹਰਿ ਨਾਮ ਜਪ ਕੇ (ਮੈਂ) ਸਭ ਤੋਂ ਉੱਚੀ ਆਤਮਕ ਅਵਸਥਾ (ਪ੍ਰਾਪਤ ਕਰ ਸਕਾਂ) ।1। ਰਹਾਉ।

(ਹੇ ਭਾਈ! ਇਹ ਮੰਗ ਪ੍ਰਭੂ ਤੋਂ ਮੰਗ ਕਿ ਮੈਂ) ਪ੍ਰਭੂ-ਚਰਨਾਂ ਦੀ ਭਗਤੀ ਕਰਦਾ ਰਹਾਂ, ਪ੍ਰਭੂ ਦੀ ਸਰਨ ਪਿਆ ਰਹਾਂ (ਇਹ ਮੰਗ ਕਿ) ਜੋ ਕੁਝ ਪ੍ਰਭੂ ਜੀ ਕਰਦੇ ਹਨ, ਉਸੇ ਨੂੰ ਮੈਂ ਸੁਖ ਸਮਝਾਂ।1।

ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਜੀ ਕਿਰਪਾ ਕਰਦੇ ਹਨ (ਉਹ ਮਨੁੱਖ ਪਰਮਾਤਮਾ ਪਾਸੋਂ ਸਾਧ ਸੰਗਤਿ ਦਾ ਮਿਲਾਪ ਅਤੇ ਹਰਿ-ਨਾਮ ਦਾ ਸਿਮਰਨ ਮੰਗਦਾ ਹੈ, ਇਸ ਤਰ੍ਹਾਂ) ਉਸ ਦਾ ਇਹ ਦੁਰਲੱਭ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ।2।

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੇ ਚਰਨ ਵੱਸਦੇ ਹਨ, ਉਸ ਦੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਦੂਰ ਹੋ ਜਾਂਦੀ ਹੈ, ਭਟਕਣਾ ਮੁੱਕ ਜਾਂਦੀ ਹੈ; ਸਾਰੇ ਦੁਖਾਂ ਦਾ ਡੇਰਾ ਹੀ ਉੱਠ ਜਾਂਦਾ ਹੈ।3।

ਹੇ ਨਾਨਕ! ਆਖ– (ਹੇ ਭਾਈ!) ਜਿਸ (ਮਨੁੱਖ) ਨੇ ਗੁਰੂ ਦੀ ਸੰਗਤਿ ਵਿਚ (ਟਿਕ ਕੇ) ਪਿਆਰ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਸ ਨੇ ਉਸ ਪੂਰਨ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ।4। 4।

TOP OF PAGE

Sri Guru Granth Darpan, by Professor Sahib Singh