ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1315

ਪਉੜੀ ॥ ਹਰਿ ਤੁਮ੍ਹ੍ਹ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ ॥ ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥ ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ ॥ ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ ॥ ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨੁ ਨਾਨਕੁ ਦਾਸੁ ਦਸੋਨਾ ॥੫॥ {ਪੰਨਾ 1315}

ਪਦ ਅਰਥ: ਅਪਰੰਪਰੁ = ਪਰੇ ਤੋਂ ਪਰੇ, ਬੇਅੰਤ। ਤੇ = ਉਹ ਬੰਦੇ। ਹਰੇ ਸੋਨਾ = ਹਰੀ ਦਾ ਰੂਪ ਹੋ ਜਾਂਦੇ ਹਨ। ਸੁਆਮੀ = ਹੇ ਸੁਆਮੀ! ਕਟੋਨਾ = ਕੋਟਾਂ, ਕ੍ਰੋੜਾਂ। ਤੁਮ ਜੈਸੇ = ਤੇਰੇ ਜਿਹੇ, ਤੇਰੇ ਵਰਗੇ। ਹਰਿ = ਹੇ ਹਰੀ! ਪੁਰਖ = ਹੇ ਸਰਬ-ਵਿਆਪਕ! ਜਾਨੇ = ਜਾਣੈ ਜਾਂਦੇ ਹਨ। ਮੁਖਿ = ਮੁਖੀ, ਸ੍ਰੇਸ਼ਟ। ਸਭਿ = ਸਾਰੇ। ਸਤੇ = ਸਤਿ, ਸਦਾ ਕਾਇਮ ਰਹਿਣ ਵਾਲਾ; ਹੋਂਦ ਵਾਲਾ (As` to exist) । ਦਾਸ ਦਸੋਨਾ = ਦਾਸਾਂ ਦਾ ਦਾਸ।

ਅਰਥ: ਹੇ ਹਰੀ! ਤੂੰ ਵੱਡਿਆਂ ਤੋਂ ਵੱਡਾ ਹੈਂ ਬੜਾ ਉੱਚਾ ਹੈਂ ਸਭ ਤੋਂ ਉਪਰ ਵੱਡਾ ਹੈਂ। (ਹੇ ਭਾਈ!) ਹਰੀ ਪਰਮਾਤਮਾ ਬੇਅੰਤ ਹੈ, ਜਿਹੜੇ ਮਨੁੱਖ ਉਸ ਦਾ ਧਿਆਨ ਧਰਦੇ ਹਨ, ਉਹ ਬੰਦੇ ਉਸ ਹਰੀ ਨੂੰ ਸਦਾ ਸਿਮਰ ਕੇ ਉਸ ਦਾ ਰੂਪ ਹੀ ਹੋ ਜਾਂਦੇ ਹਨ।

ਹੇ ਸੁਆਮੀ! ਜਿਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ ਸੁਣਦੇ ਹਨ, ਉਹ (ਆਪਣੇ) ਕ੍ਰੋੜਾਂ ਪਾਪ ਨਾਸ ਕਰ ਲੈਂਦੇ ਹਨ। ਹੇ ਸਰਬ-ਵਿਆਪਕ ਹਰੀ! ਉਹ ਮਨੁੱਖ ਵੱਡੇ ਭਾਗਾਂ ਵਾਲੇ ਗਿਣੇ ਜਾਂਦੇ ਹਨ (ਸਭ ਮਨੁੱਖਾਂ ਵਿਚ) ਮੁਖੀ ਮੰਨੇ ਜਾਂਦੇ ਹਨ, ਸਤਿਗੁਰੂ ਦੀ ਮਤਿ ਉਤੇ ਕੇ ਉਹ ਮਨੁੱਖ ਤੇਰੇ ਵਰਗੇ ਹੀ ਜਾਣੇ ਜਾਂਦੇ ਹਨ।

ਹੇ ਭਾਈ! ਜੋ ਪਰਮਾਤਮਾ ਆਦਿ ਤੋਂ ਜੁਗਾਂ ਦੇ ਆਦਿ ਤੋਂ ਹੋਂਦ ਵਾਲਾ ਹੈ; ਜੋ (ਹੁਣ ਭੀ) ਪਰਤੱਖ ਕਾਇਮ ਹੈ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ, ਤੁਸੀ ਸਾਰੇ ਉਸ ਦਾ ਸਿਮਰਨ ਕਰਦੇ ਰਹੋ। ਦਾਸ ਨਾਨਕ ਉਸ (ਹਰੀ ਦੇ) ਦਾਸਾਂ ਦਾ ਦਾਸ ਹੈ।5।

ਸਲੋਕ ਮਃ ੪ ॥ ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰ ਮੰਤ ॥ ਹਰਿ ਅਗਮੁ ਅਗੋਚਰੁ ਅਗਮੁ ਹਰਿ ਹਰਿ ਮਿਲਿਆ ਆਇ ਅਚਿੰਤ ॥ ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥ ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥ ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥ ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿ ਜਨ ਸੰਤ ॥ ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥੧॥ {ਪੰਨਾ 1315}

ਪਦ ਅਰਥ: ਜਗ ਜੀਵਨਾ = ਜਗਤ ਦੀ ਜ਼ਿੰਦਗੀ ਦਾ ਆਸਰਾ। ਮੰਤ = ਉਪਦੇਸ਼। ਅਗਮੁ = ਅਪਹੁੰਚ। ਅਗੋਚਰੁ = (ਅ-ਗੋ-ਚਰੁ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਆਇ = ਆ ਕੇ। ਅਚਿੰਤ = ਅਚਨਚੇਤ, ਆਪਣੇ ਆਪ। ਆਪੇ = ਆਪ ਹੀ। ਘਟਿ ਘਟਿ = ਹਰੇਕ ਸਰੀਰ ਵਿਚ। ਕਵਲਾਕੰਤ = ਲੱਛਮੀ ਦਾ ਪਤੀ। ਭਿਖਿਆ = ਖੈਰ, ਦਾਨ। ਸਿਸਟਿ = ਸ੍ਰਿਸ਼ਟੀ। ਮਾਂਗਹਿ = ਮੰਗਦੇ ਹਨ। ਗਾਵਹ = ਅਸੀਂ ਗਾਂਦੇ ਹਾਂ। ਛੰਤ = ਗੀਤ।

ਅਰਥ: ਹੇ ਭਾਈ! (ਜਿਹੜਾ) ਹਰੀ (ਸਾਰੇ) ਜਗਤ ਦੀ ਜ਼ਿੰਦਗੀ ਦਾ ਆਸਰਾ (ਹੈ ਉਹ) ਸਾਡੇ ਹਿਰਦੇ ਵਿਚ ਭੀ ਵੱਸਦਾ ਹੈ; ਅਸਾਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਉਸ ਨੂੰ ਜਪਿਆ ਹੈ। ਉਹ ਹੈ ਤਾਂ ਅਪਹੁੰਚ ਤੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ (ਪਰ ਗੁਰੂ ਦੀ ਸਿੱਖਿਆ ਅਨੁਸਾਰ ਸਿਮਰਨ ਦੀ ਬਰਕਤਿ ਨਾਲ) ਉਹ ਹਰੀ ਸਾਨੂੰ ਆਪਣੇ ਆਪ ਆ ਮਿਲਿਆ ਹੈ। ਹੇ ਭਾਈ! ਉਹ ਹਰੀ ਆਪ ਹੀ ਹਰੇਕ ਸਰੀਰ ਵਿਚ ਵੱਸਦਾ ਹੈ, (ਹਰ ਥਾਂ) ਉਹ ਆਪ ਹੀ ਆਪ ਹੈ ਤੇ ਉਸ ਦੀ ਹਸਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਹਰੀ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਸਾਰੇ ਰਸ ਭੋਗ ਰਿਹਾ ਹੈ, ਉਹ ਆਪ ਹੀ ਮਾਇਆ ਦਾ ਮਾਲਕ ਹੈ। ਹੇ ਭਾਈ! ਇਹ ਸਾਰੀ ਦੁਨੀਆ ਉਸ ਨੇ ਆਪ ਹੀ ਪੈਦਾ ਕੀਤੀ ਹੈ, ਇਸ ਸਾਰੇ ਜੀਅ ਜੰਤ ਉਸ ਨੇ ਆਪ ਹੀ ਪੈਦਾ ਕੀਤੇ ਹਨ, ਤੇ, (ਸਭ ਜੀਵਾਂ ਨੂੰ ਰਿਜ਼ਕ ਦਾ) ਖੈਰ ਭੀ ਉਹ ਆਪ ਹੀ ਪਾਂਦਾ ਹੈ।

ਹੇ ਦਇਆ ਦੇ ਸੋਮੇ ਹਰੀ ਪ੍ਰਭੂ! (ਸਾਨੂੰ ਭੀ ਉਹ ਨਾਮ-) ਦਾਨ ਦੇਹ ਜਿਹੜਾ (ਤੇਰੇ) ਸੰਤ ਜਨ (ਸਦਾ ਤੈਥੋਂ) ਮੰਗਦੇ (ਰਹਿੰਦੇ) ਹਨ। ਹੇ ਦਾਸ ਨਾਨਕ ਦੇ (ਮਾਲਕ) ਪ੍ਰਭੂ! (ਸਾਨੂੰ) ਆ ਮਿਲ, (ਮਿਹਰ ਕਰ) ਅਸੀਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹੀਏ।1।

ਮਃ ੪ ॥ ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥ ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥੨॥ {ਪੰਨਾ 1315}

ਪਦ ਅਰਥ: ਮੈ ਮਨਿ ਤਨਿ ਸਰੀਰਿ = ਮੇਰੇ ਮਨ ਵਿਚ ਤਨ ਵਿਚ ਸਰੀਰ ਵਿਚ। ਸਭਿ ਆਸਾ = ਸਾਰੀਆਂ ਆਸਾਂ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਤੇ ਤੁਰ ਕੇ। ਸੁਣਿ = ਸੁਣ ਕੇ। ਧੀਰ = ਧੀਰਜ, ਸ਼ਾਂਤੀ।

ਅਰਥ: ਹੇ ਭਾਈ! ਹਰੀ ਪ੍ਰਭੂ (ਹੀ ਅਸਲ) ਮਿੱਤਰ ਹੈ, ਹਰੀ ਦਾ ਨਾਮ ਹੀ (ਨਾਲ ਨਿਭਣ ਵਾਲਾ) ਮਿੱਤਰ ਹੈ; ਮੇਰੇ ਮਨ ਵਿਚ ਮੇਰੇ ਤਨ ਵਿਚ ਮੇਰੇ ਹਿਰਦੇ ਵਿਚ (ਹਰੀ ਦਾ) ਨਾਮ ਵੱਸ ਰਿਹਾ ਹੈ। ਹੇ ਦਾਸ ਨਾਨਕ! (ਆਖ– ਹੇ ਭਾਈ!) ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਸਿਮਰਿਆਂ) ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ, ਹਰੀ ਦਾ ਨਾਮ ਸੁਣ ਕੇ (ਮਨ ਵਿਚ) ਸ਼ਾਂਤੀ ਪੈਦਾ ਹੁੰਦੀ ਹੈ।2।

ਪਉੜੀ ॥ ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥ ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਸੇਵੇ ਚਰਨ ਨਿਤ ਕਉਲਾ ॥ ਨਿਤ ਸਾਰਿ ਸਮਾਲ੍ਹ੍ਹੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥ ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥ ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥੬॥ {ਪੰਨਾ 1315}

ਪਦ ਅਰਥ: ਹਰਿਆ = ਹਰਾ ਕਰਨ ਵਾਲਾ, ਜੀਵਨ-ਰਸ ਦੇਣ ਵਾਲਾ, ਆਤਮਕ ਜੀਵਨ ਦੇਣ ਵਾਲਾ। ਪੁਰਖੁ = ਸਰਬ-ਵਿਆਪਕ। ਨਿਰੰਜਨੁ = ਨਿਰਲੇਪ। ਮਉਲਾ = ਮਿਲਿਆ ਹੋਇਆ। ਕਉਲਾ = ਲੱਛਮੀ। ਸਾਰਿ ਸਮ੍ਹ੍ਹਾਲੇ = ਚੰਗੀ ਤਰ੍ਹਾਂ ਸੰਭਾਲ ਕਰਦਾ ਹੈ। ਨਿਕਟਿ = ਨੇੜੇ। ਜਉਲਾ = ਵੱਖਰਾ। ਸਉਲਾ = ਸਵੱਲਾ, ਪ੍ਰਸੰਨ। ਸਭਿ = ਸਾਰੇ। ਸਮਉਲਾ = ਸਮਾ ਜਾਈਦਾ ਹੈ, ਲੀਨ ਹੋ ਜਾਈਦਾ ਹੈ। ਗੁਣੀ = ਗੁਣਾਂ ਦੇ ਮਾਲਕ ਪ੍ਰਭੂ ਵਿਚ।

ਅਰਥ: ਹੇ ਭਾਈ! ਪਰਮਾਤਮਾ ਸਭ ਵਿਚ ਵਿਆਪਕ ਹੈ ਸਭ ਵਿਚ ਮਿਲਿਆ ਹੋਇਆ ਹੈ ਤੇ ਨਿਰਲੇਪ (ਭੀ) ਹੈ, ਉਸ ਦਾ ਨਾਮ ਸ੍ਰੇਸ਼ਟ ਹੈ (ਉੱਚਾ ਜੀਵਨ ਬਣਾਣ ਵਾਲਾ ਹੈ) ਤੇ ਆਤਮਕ ਜੀਵਨ ਦੇਣ ਵਾਲਾ ਹੈ। ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ (ਦਾ ਨਾਮ) ਜਪਦੇ ਹਨ, ਲੱਛਮੀ (ਭੀ) ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੀ ਹੈ (ਉਹਨਾਂ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ) ।

ਹੇ ਭਾਈ! ਪਰਮਾਤਮਾ ਸਭ ਜੀਵਾਂ ਦੀ ਚੰਗੀ ਤਰ੍ਹਾਂ ਸੰਭਾਲ ਕਰਦਾ ਹੈ, ਉਹ (ਸਭ ਜੀਵਾਂ ਦੇ) ਨੇੜੇ ਵੱਸਦਾ ਹੈ, (ਫਿਰ ਸਭ ਤੋਂ) ਵੱਖਰਾ (ਭੀ) ਹੈ। ਪਰ ਇਹ ਗੱਲ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝ ਦੇਂਦਾ ਹੈ ਜਿਸ ਉਤੇ ਗੁਰੂ ਮਿਹਰ ਕਰਦਾ ਹੈ ਜਿਸ ਉਤੇ ਸਰਬ-ਵਿਆਪਕ ਪ੍ਰਭੂ ਕਿਰਪਾ ਕਰਦਾ ਹੈ।

ਹੇ ਭਾਈ! ਤੁਸੀ ਸਾਰੇ, ਧਰਤੀ ਦੀ ਸਾਰ ਲੈਣ ਵਾਲੇ ਉਸ ਹਰੀ ਦੇ ਗੁਣ ਸਦਾ ਗਾਂਦੇ ਰਹੋ, ਗੁਣ ਗਾਂਦਿਆਂ ਗਾਂਦਿਆਂ ਉਸ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ।3।

ਸਲੋਕ ਮਃ ੪ ॥ ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥ ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥੧॥ {ਪੰਨਾ 1315}

ਪਦ ਅਰਥ: ਚੇਤਿ = ਯਾਦ ਕਰਦਾ ਰਹੁ, ਸਿਮਰ। ਮਨਿ = ਮਨ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮਾਧਿ ਸਮਾਇ = ਸਮਾਧੀ ਵਿਚ ਸਮਾਇਆ ਰਹੁ, ਸਦਾ ਟਿਕਿਆ ਰਹੁ। ਚਾਉ = ਤਾਂਘ, ਉਤਸ਼ਾਹ। ਤੁਠਾ = ਪ੍ਰਸੰਨ ਹੋਇਆ। ਮਾਇ = ਹੇ ਮਾਂ!

ਅਰਥ: (ਹੇ ਭਾਈ! ਜਾਗਦਿਆਂ ਕਿਰਤ-ਕਾਰ ਕਰਦਿਆਂ ਸਿਮਰਨ ਦੀ ਇਹੋ ਜਿਹੀ ਆਦਤ ਬਣਾ ਕਿ) ਸੁੱਤੇ ਪਿਆਂ ਭੀ (ਆਪਣੇ) ਮਨ ਵਿਚ ਪਰਮਾਤਮਾ ਨੂੰ ਯਾਦ ਕਰ (ਯਾਦ ਕਰਦਾ ਰਹੇਂ) , (ਇਸ ਤਰ੍ਹਾਂ) ਸਦਾ ਆਤਮਕ ਅਡੋਲਤਾ ਵਿਚ (ਆਤਮਕ ਅਡੋਲਤਾ ਦੀ) ਸਮਾਧੀ ਵਿਚ ਟਿਕਿਆ ਰਹੁ। ਹੇ ਮਾਂ! ਦਾਸ ਨਾਨਕ ਦੇ ਮਨ ਵਿਚ ਭੀ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ, ਗੁਰੂ (ਹੀ) ਪ੍ਰਸੰਨ ਹੋ ਕੇ ਮੇਲ ਕਰਾਂਦਾ ਹੈ।1।

ਮਃ ੪ ॥ ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥ ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥੨॥ {ਪੰਨਾ 1315}

ਪਦ ਅਰਥ: ਇਕਸੁ ਸੇਤੀ = ਇੱਕ ਨਾਲ ਹੀ। ਪਿਰਹੜੀ = ਸੋਹਣਾ ਪਿਆਰ। ਮੇਰੈ ਚਿਤਿ = ਮੇਰੇ ਚਿਤ ਵਿਚ। ਅਧਾਰੁ = ਆਸਰਾ। ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ।

ਅਰਥ: ਹੇ ਦਾਸ ਨਾਨਕ! (ਆਖ– ਹੇ ਭਾਈ!) ਸਿਰਫ਼ ਇਕ ਪਰਮਾਤਮਾ ਨਾਲ ਹੀ ਮੇਰਾ ਸੋਹਣਾ ਪਿਆਰ ਹੈ, ਇਕ ਪਰਮਾਤਮਾ ਹੀ (ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ। ਇਕ ਪ੍ਰਭੂ ਹੀ (ਮੇਰੀ ਜ਼ਿੰਦਗੀ ਦਾ) ਆਸਰਾ ਹੈ, ਇਕ ਪ੍ਰਭੂ ਤੋਂ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ (ਤੇ ਲੋਕ ਪਰਲੋਕ ਦੀ) ਇੱਜ਼ਤ ਹਾਸਲ ਹੁੰਦੀ ਹੈ।2।

ਪਉੜੀ ॥ ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥ ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ ॥ ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥ ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥ ਸਭਿ ਧੰਨੁ ਕਹਹੁ ਗੁਰੁ ਸਤਿਗੁਰੂ ਗੁਰੁ ਸਤਿਗੁਰੂ ਜਿਤੁ ਮਿਲਿ ਹਰਿ ਪੜਦਾ ਕਜਿਆ ॥੭॥ {ਪੰਨਾ 1315}

ਪਦ ਅਰਥ: ਪੰਚੇ ਸਬਦ = ਪੰਜਾਂ ਹੀ ਕਿਸਮਾਂ ਦੇ ਸਾਜ਼ ਜੋ ਮਿਲ ਕੇ ਇਕ ਅਸਚਰਜ ਸੁਰੀਲਾ ਰਾਗ ਪੈਦਾ ਕਰਦੇ ਹਨ। ਗੁਰਮਤਿ = ਗੁਰੂ ਦਾ ਉਪਦੇਸ਼। ਅਨਹਦ = ਉਹ ਰਾਗ ਜੋ ਬਿਨਾ ਸਾਜ ਵਜਾਏ ਹੁੰਦਾ ਰਹੇ, ਇਕ-ਰਸ ਰਾਗ। ਆਨਦ ਮੂਲੁ = ਆਨੰਦ ਦਾ ਸੋਮਾ। ਸਭੁ = ਹਰ ਥਾਂ। ਸਬਦੀ = ਸ਼ਬਦ ਦੀ ਰਾਹੀਂ। ਗਜਿਆ = ਗੱਜਿਆ, ਜ਼ੋਰ ਨਾਲ ਪਰਗਟ ਹੋ ਪਿਆ (ਜਿਵੇਂ ਬੱਦਲ ਗੱਜਣ ਤੇ ਹੋਰ ਅਵਾਜ਼ਾਂ ਸੁਣੀਆਂ ਨਹੀਂ ਜਾਂਦੀਆਂ) । ਵੇਸੁ = ਸਰੂਪ, ਹਸਤੀ। ਜੁਗਾਦਿ = ਜੁਗਾਂ ਦੇ ਆਦਿ ਤੋਂ। ਭਜਿਆ = ਸਿਮਰਿਆ। ਹਰਿ = ਹੇ ਹਰੀ! ਜਨ ਲਜਿਆ = (ਆਪਣੇ) ਦਾਸ ਦੀ ਲਾਜ। ਸਭਿ = ਸਾਰੇ। ਜਿਤੁ = ਜਿਸ ਦੀ ਰਾਹੀਂ। ਮਿਲਿ ਹਰਿ = ਪਰਮਾਤਮਾ ਨੂੰ ਮਿਲ ਕੇ। ਪੜਦਾ ਕਜਿਆ = ਇੱਜ਼ਤ ਬਚੀ ਰਹਿੰਦੀ ਹੈ।

ਅਰਥ: ਹੇ ਭਾਈ! ਜਿਸ ਵੱਡੇ ਭਾਗਾਂ ਵਾਲੇ ਮਨੁੱਖ ਦੀ ਮੱਤ ਵਿਚ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ ਉਸ ਦੇ ਅੰਦਰ (ਆਤਮਕ ਆਨੰਦ ਦਾ) ਇਕ-ਰਸ ਵਾਜਾ ਵੱਜ ਪੈਂਦਾ ਹੈ (ਉਸ ਦੇ ਅੰਦਰ, ਮਾਨੋ) ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜ ਪੈਂਦੇ ਹਨ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦੇ ਅੰਦਰ) ਪਰਮਾਤਮਾ ਗੱਜ ਪੈਂਦਾ ਹੈ ਅਤੇ ਉਹ ਹਰ ਥਾਂ ਆਨੰਦ ਦੇ ਸੋਮੇ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ। (ਹੇ ਭਾਈ! ਜਿਹੜਾ ਮਨੁੱਖ) ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਭਜਨ ਕਰਦਾ ਹੈ (ਉਸ ਨੂੰ ਇਹ ਨਿਸਚਾ ਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ) ਆਦਿ ਤੋਂ ਜੁਗਾਂ ਦੇ ਆਦਿ ਤੋਂ ਪਰਮਾਤਮਾ ਦੀ ਇਕੋ ਹੀ ਅਟੱਲ ਹਸਤੀ ਹੈ।

ਹੇ ਹਰੀ! ਹੇ ਦਇਆ ਦੇ ਸੋਮੇ ਪ੍ਰਭੂ! ਤੂੰ ਆਪਣੇ ਦਾਸਾਂ ਨੂੰ (ਆਪਣੇ ਨਾਮ ਦਾ) ਦਾਨ ਦੇਂਦਾ ਹੈਂ, (ਤੇ, ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਉਹਨਾਂ ਦੀ) ਲਾਜ ਰੱਖਦਾ ਹੈਂ।

ਹੇ ਭਾਈ! ਤੁਸੀ ਸਾਰੇ ਗੁਰੂ ਨੂੰ ਧੰਨ-ਧੰਨ ਆਖੋ, ਗੁਰੂ ਨੂੰ ਧੰਨ-ਧੰਨ ਆਖੋ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ (ਵਿਕਾਰਾਂ ਦੇ ਟਾਕਰੇ ਤੇ) ਇੱਜ਼ਤ ਬਚ ਜਾਂਦੀ ਹੈ।7।

TOP OF PAGE

Sri Guru Granth Darpan, by Professor Sahib Singh