ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1321

ਕਲਿਆਨ ਮਹਲਾ ੪ ॥ ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥ ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥ ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥ ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥ ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥ ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥ ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥ ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥ ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥ ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥ ਛਕਾ ੧ ॥ {ਪੰਨਾ 1321}

ਪਦ ਅਰਥ: ਪ੍ਰਭ = ਹੇ ਪ੍ਰਭੂ! ਕੀਜੈ ਕ੍ਰਿਪਾ = ਕ੍ਰਿਪਾ ਕਰ। ਕ੍ਰਿਪਾ ਨਿਧਾਨ = ਹੇ ਕ੍ਰਿਪਾ ਦੇ ਖ਼ਜ਼ਾਨੇ। ਹਮ = ਅਸੀਂ ਜੀਵ। ਗੁਨ ਗਾਵਹਗੇ = ਗੁਨ ਗਾਵਹ, ਗੁਣ ਗਾਂਦੇ ਰਹੀਏ। ਹਉ = ਹਉਂ, ਮੈਂ। ਕਰਉ = ਕਰਉਂ, ਮੈਂ ਕਰਦਾ ਹਾਂ। ਨਿਤ = ਸਦਾ। ਮੋਹਿ = ਮੈਨੂੰ। ਗਲਿ = ਗਲ ਨਾਲ। ਲਾਵਹਿਗੇ = ਲਾਣਗੇ।1। ਰਹਾਉ।

ਬਾਰਿਕ = ਬਾਲਕ, ਬੱਚੇ। ਮੁਗਧ = ਮੂਰਖ। ਇਆਨ = ਅੰਞਾਣੇ। ਸੁਤੁ = ਪੁੱਤਰ (ਇਕ-ਵਚਨ) । ਭੂਲਿ = ਭੂਲੈ, ਭੁੱਲਦਾ ਹੈ। ਬਿਗਾਰਿ = ਬਿਗਾਰੈ, ਵਿਗਾੜਦਾ ਹੈ। ਭਾਵਹਿਗੇ = (ਬੱਚੇ) ਪਿਆਰੇ ਲੱਗਦੇ ਹਨ।1।

ਹਰਿ ਸੁਆਮੀ = ਹੇ ਹਰੀ! ਹੇ ਸੁਆਮੀ! ਹਮ ਪਾਵਹਗੇ = ਅਸੀਂ ਜੀਵ ਲੈ ਸਕਦੇ ਹਾਂ। ਮੋਹਿ = ਮੈਨੂੰ। ਠਉਰ = ਥਾਂ, ਆਸਰਾ। ਪਹਿ = ਪਾਸ, ਕੋਲ।2।

ਜੋ ਭਗਤ = ਜਿਹੜੇ ਭਗਤ (ਬਹੁ-ਵਚਨ) । ਹਰਿ ਭਾਵਹਿ = ਹਰੀ ਨੂੰ ਪਿਆਰੇ ਲੱਗਦੇ ਹਨ। ਤਿਨਾ = ਉਹਨਾਂ ਨੂੰ। ਹਰਿ ਭਾਵਹਿਗੇ = ਪ੍ਰਭੂ ਜੀ ਪਿਆਰੇ ਲੱਗਦੇ ਹਨ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦ। ਮਿਲਾਇ = ਮਿਲਾ ਕੇ। ਰਲਿ ਜਾਵਹਗੇ = ਰਲ ਜਾਂਦੇ ਹਨ, ਇਕ-ਮਿਕ ਹੋ ਜਾਂਦੇ ਹਨ।3।

ਆਪੇ = ਆਪ ਹੀ। ਹੋਇ = ਹੋ ਕੇ। ਲਿਵ ਲਾਵਹਿਗੇ = ਲਗਨ ਪੈਦਾ ਕਰਦੇ ਹਨ। ਦੁਆਰਿ = (ਪ੍ਰਭੂ ਦੇ) ਦਰ ਤੇ। ਲਾਜ = ਇੱਜ਼ਤ।4।

ਅਰਥ: ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮਿਹਰ ਕਰ, ਅਸੀਂ (ਜੀਵ) ਤੇਰੇ ਗੁਣ ਗਾਂਦੇ ਰਹੀਏ। ਹੇ ਪ੍ਰਭੂ! ਮੈਂ ਸਦਾ ਤੇਰੀ (ਮਿਹਰ ਦੀ ਹੀ) ਆਸ ਕਰਦਾ ਰਹਿੰਦਾ ਹਾਂ ਕਿ ਪ੍ਰਭੂ ਜੀ ਮੈਨੂੰ ਕਦੋਂ (ਆਪਣੇ) ਗਲ ਨਾਲ ਲਾਣਗੇ।1। ਰਹਾਉ।

ਹੇ ਭਾਈ! ਅਸੀਂ ਜੀਵ ਮੂਰਖ ਅੰਞਾਣ ਬੱਚੇ ਹਾਂ, ਪ੍ਰਭੂ-ਪਿਤਾ ਜੀ (ਸਾਨੂੰ ਸਦਾ) ਸਮਝਾਂਦੇ ਰਹਿੰਦੇ ਹਨ। ਪੁੱਤਰ ਮੁੜ ਮੁੜ ਹਰ ਵੇਲੇ ਭੁੱਲਦਾ ਹੈ ਵਿਗਾੜ ਕਰਦਾ ਹੈ, ਪਰ ਜਗਤ ਦੇ ਪਿਤਾ ਨੂੰ (ਜੀਵ ਬੱਚੇ ਫਿਰ ਭੀ) ਪਿਆਰੇ (ਹੀ) ਲੱਗਦੇ ਹਨ।1।

ਹੇ ਹਰੀ! ਹੇ ਸੁਆਮੀ! ਜੋ ਕੁਝ ਤੂੰ (ਆਪ) ਦੇਂਦਾ ਹੈਂ, ਉਹੀ ਕੁਝ ਅਸੀਂ ਲੈ ਸਕਦੇ ਹਾਂ। (ਤੈਥੋਂ ਬਿਨਾ) ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦੀ, ਜਿਸ ਕੋਲ ਅਸੀਂ ਜੀਵ ਜਾ ਸਕੀਏ।2।

ਹੇ ਭਾਈ! ਜਿਹੜੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਦੇ ਹਨ। (ਉਹ ਭਗਤ) ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਮਿਲਾ ਕੇ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋਏ ਰਹਿੰਦੇ ਹਨ।3।

ਹੇ ਭਾਈ! ਪ੍ਰਭੂ ਜੀ ਆਪ ਹੀ ਦਇਆਲ ਹੋ ਕੇ (ਜੀਵਾਂ ਦੇ ਅੰਦਰ) ਆਪ (ਹੀ ਆਪਣਾ) ਪਿਆਰ ਪੈਦਾ ਕਰਦੇ ਹਨ। ਦਾਸ ਨਾਨਕ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਦਰ ਤੇ (ਡਿੱਗਾ) ਰਹਿੰਦਾ ਹੈ। (ਪ੍ਰਭੂ ਜੀ ਦਰ ਪਏ ਦੀ) ਆਪ ਹੀ ਇੱਜ਼ਤ ਰੱਖਦੇ ਹਨ।4।6। ਛਕਾ।1।

ਕਲਿਆਨੁ ਭੋਪਾਲੀ ਮਹਲਾ ੪    ੴ ਸਤਿਗੁਰ ਪ੍ਰਸਾਦਿ ॥ ਪਾਰਬ੍ਰਹਮੁ ਪਰਮੇਸੁਰੁ ਸੁਆਮੀ ਦੂਖ ਨਿਵਾਰਣੁ ਨਾਰਾਇਣੇ ॥ ਸਗਲ ਭਗਤ ਜਾਚਹਿ ਸੁਖ ਸਾਗਰ ਭਵ ਨਿਧਿ ਤਰਣ ਹਰਿ ਚਿੰਤਾਮਣੇ ॥੧॥ ਰਹਾਉ ॥ ਦੀਨ ਦਇਆਲ ਜਗਦੀਸ ਦਮੋਦਰ ਹਰਿ ਅੰਤਰਜਾਮੀ ਗੋਬਿੰਦੇ ॥ ਤੇ ਨਿਰਭਉ ਜਿਨ ਸ੍ਰੀਰਾਮੁ ਧਿਆਇਆ ਗੁਰਮਤਿ ਮੁਰਾਰਿ ਹਰਿ ਮੁਕੰਦੇ ॥੧॥ ਜਗਦੀਸੁਰ ਚਰਨ ਸਰਨ ਜੋ ਆਏ ਤੇ ਜਨ ਭਵ ਨਿਧਿ ਪਾਰਿ ਪਰੇ ॥ ਭਗਤ ਜਨਾ ਕੀ ਪੈਜ ਹਰਿ ਰਾਖੈ ਜਨ ਨਾਨਕ ਆਪਿ ਹਰਿ ਕ੍ਰਿਪਾ ਕਰੇ ॥੨॥੧॥੭॥ {ਪੰਨਾ 1321}

ਪਦ ਅਰਥ: ਪਰਮੇਸਰੁ = (ਪਰਮ-ਈਸੁਰੁ) ਸਭ ਤੋਂ ਉੱਚਾ ਮਾਲਕ। ਦੁਖ ਨਿਵਾਰਣੁ = ਦੁੱਖਾਂ ਦਾ ਨਾਸ ਕਰਨ ਵਾਲਾ। ਜਾਚਹਿ = ਮੰਗਦੇ ਹਨ (ਬਹੁ-ਵਚਨ) । ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਭਵਨਿਧਿ = ਸੰਸਾਰ-ਸਮੁੰਦਰ। ਤਰਣ = ਜਹਾਜ਼। ਭਵਨਿਧਿ ਤਰਣ = ਹੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ ਜਹਾਜ਼! ਚਿੰਤਾਮਣੇ = ਹੇ ਹਰੇਕ ਜੀਵ ਦੀ ਮਨੋਕਾਮਨਾ ਪੂਰੀ ਕਰਨ ਵਾਲੇ!।1। ਰਹਾਉ।

ਜਗਦੀਸ = ਹੇ ਜਗਤ ਦੇ ਈਸ਼। ਦਮੋਦਰ = (ਦਾਮ-ਉਦਰ। ਦਾਮ = ਰੱਸੀ। ਉਧਰ = ਪੇਟ, ਲੱਕ। ਜਿਸ ਦੇ ਲਕ ਦੁਆਲੇ ਤੜਾਗੀ ਹੈ) ਹੇ ਪ੍ਰਭੂ! ਤੇ = ਉਹ (ਬਹੁ-ਵਚਨ) । ਗੁਰਮਤਿ = ਗੁਰੂ ਦੀ ਮਤਿ ਉੱਤੇ ਤੁਰ ਕੇ। ਮੁਰਾਰਿ = (ਮੁਰ-ਅਰਿ। ਮੁਰ ਦੈਂਤ ਦਾ ਵੈਰੀ) ਹੇ ਦੈਂਤ-ਦਮਨ! ਮੁਕੰਦੇ = ਹੇ ਮੁਕਤੀ ਦਾਤੇ!।1।

ਪੈਜ = ਲਾਜ, ਇੱਜ਼ਤ।2।

ਅਰਥ: ਹੇ ਨਾਰਾਇਣ! ਹੇ ਸੁਆਮੀ! ਤੂੰ (ਸਭ ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਪਾਰਬ੍ਰਹਮ ਪਰਮੇਸਰ ਹੈਂ। ਹੇ ਹਰੀ! ਹੇ ਸਭ ਦੀ ਮਨੋ-ਕਾਮਨਾ ਪੂਰੀ ਕਰਨ ਵਾਲੇ! ਹੇ ਸੁਖਾਂ ਦੇ ਸਮੁੰਦਰ! ਹੇ ਸੰਸਾਰ-ਸਮੁੰਦਰ ਦੇ ਜਹਾਜ਼! ਸਾਰੇ ਹੀ ਭਗਤ (ਤੇਰੇ ਦਰ ਤੋਂ ਦਾਤਾਂ) ਮੰਗਦੇ ਰਹਿੰਦੇ ਹਨ।1। ਰਹਾਉ।

ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਜਗਤ ਦੇ ਈਸ਼੍ਵਰ! ਹੇ ਦਮੋਦਰ! ਹੇ ਅੰਤਰਜਾਮੀ ਹਰੀ! ਹੇ ਗੋਬਿੰਦ! ਹੇ ਮੁਰਾਰੀ! ਹੇ ਮੁਕਤੀ ਦਾਤੇ ਹਰੀ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ (ਤੈਨੂੰ) ਸ੍ਰੀ ਰਾਮ ਨੂੰ ਸਿਮਰਿਆ, ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ।1।

ਹੇ ਦਾਸ ਨਾਨਕ! (ਆਖ– ਹੇ ਭਾਈ!) ਜਿਹੜੇ ਮਨੁੱਖ ਜਗਤ ਦੇ ਮਾਲਕ ਦੇ ਚਰਨਾਂ ਦੀ ਸਰਨ ਵਿਚ ਆਉਂਦੇ ਹਨ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਪ੍ਰਭੂ ਆਪ ਮਿਹਰ ਕਰ ਕੇ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ।2।1।7।

ਰਾਗੁ ਕਲਿਆਨੁ ਮਹਲਾ ੫ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਹਮਾਰੈ ਏਹ ਕਿਰਪਾ ਕੀਜੈ ॥ ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ ॥ ਆਨ ਜਲਾ ਸਿਉ ਕਾਜੁ ਨ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥ ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥ {ਪੰਨਾ 1321}

ਪਦ ਅਰਥ: ਹਮਾਰੈ = ਸਾਡੇ ਉੱਤੇ, ਮੇਰੇ ਉੱਤੇ। ਕੀਜੈ = ਕਰੋ। ਅਲਿ = ਭੌਰਾ। ਮਕਰੰਦ = (Pollen dust) ਫੁੱਲ ਦੀ ਅੰਦਰਲੀ ਧੂੜੀ, ਫੁੱਲ ਦਾ ਰਸ। ਕਮਲ = ਕੌਲ ਫੁੱਲ। ਸਿਉ = ਨਾਲ। ਫੇਰਿ ਫੇਰਿ = ਮੁੜ ਮੁੜ। ਰੀਝੈ = ਲਪਟਿਆ ਰਹੇ।1। ਰਹਾਉ।

ਆਨ = ਹੋਰ ਹੋਰ। ਜਲਾ ਸਿਉ = ਪਾਣੀਆਂ ਨਾਲ। ਕਾਜੁ = ਗ਼ਰਜ਼। ਕਛੂਐ = ਕੋਈ ਭੀ। ਚਾਤ੍ਰਿਕ = ਪਪੀਹਾ।1।

ਬਿਨੁ ਮਿਲਬੇ = ਮਿਲਣ ਤੋਂ ਬਿਨਾ। ਸੰਤੋਖਾ = ਸ਼ਾਂਤੀ। ਪੇਖਿ = ਵੇਖ ਕੇ। ਜੀਜੈ = ਜੀਉਂਦਾ ਰਹੇ।2।

ਅਰਥ: ਹੇ ਪ੍ਰਭੂ! ਮੇਰੇ ਉੱਤੇ ਇਹ ਮਿਹਰ ਕਰ ਕਿ (ਜਿਵੇਂ) ਭੌਰਾ ਫੁੱਲ ਦੇ ਰਸ ਨਾਲ ਰੀਝਿਆ ਰਹਿੰਦਾ ਹੈ, (ਤਿਵੇਂ ਮੇਰਾ ਮਨ) (ਤੇਰੇ) ਸੋਹਣੇ ਚਰਨਾਂ ਨਾਲ ਮੁੜ ਮੁੜ ਲਪਟਿਆ ਰਹੇ।1। ਰਹਾਉ।

ਹੇ ਪ੍ਰਭੂ! (ਜਿਵੇਂ) ਪਪੀਹੇ ਨੂੰ (ਵਰਖਾ ਦੀ ਬੂੰਦ ਤੋਂ ਬਿਨਾ) ਹੋਰ ਪਾਣੀਆਂ ਨਾਲ ਕੋਈ ਗ਼ਰਜ਼ ਨਹੀਂ ਹੁੰਦੀ, ਤਿਵੇਂ ਮੈਨੂੰ ਪਪੀਹੇ ਨੂੰ (ਆਪਣੇ ਨਾਮ ਅੰਮ੍ਰਿਤ ਦੀ) ਬੂੰਦ ਦੇਹ।1।

ਹੇ ਪ੍ਰਭੂ! ਤੇਰੇ ਮਿਲਾਪ ਤੋਂ ਬਿਨਾ (ਮੇਰੇ ਅੰਦਰ) ਠੰਢ ਨਹੀਂ ਪੈਂਦੀ, (ਮਿਹਰ ਕਰ; ਤੇਰਾ ਦਾਸ) ਨਾਨਕ (ਤੇਰਾ) ਦਰਸਨ ਕਰ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ।2।1।

ਕਲਿਆਨ ਮਹਲਾ ੫ ॥ ਜਾਚਿਕੁ ਨਾਮੁ ਜਾਚੈ ਜਾਚੈ ॥ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥ ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥ ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥ ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥ {ਪੰਨਾ 1321}

ਪਦ ਅਰਥ: ਜਾਚਿਕੁ = ਮੰਗਤਾ। ਜਾਚੈ = ਮੰਗਦਾ ਹੈ। ਜਾਚੈ ਜਾਚੈ = ਨਿੱਤ ਮੰਗਦਾ ਰਹਿੰਦਾ ਹੈ। ਸਰਬ ਧਾਰ = ਹੇ ਸਭ ਜੀਵਾਂ ਦੇ ਆਸਰੇ! ਨਾਇਕ = ਹੇ ਮਾਲਕ! ਸਮੂਹ ਸੁਖ = ਸਾਰੇ ਸੁਖ। ਦਾਤੇ = ਹੇ ਦੇਣ ਵਾਲੇ!।1। ਰਹਾਉ।

ਕੇਤੀ ਕੇਤੀ = ਬੇਅੰਤ ਲੁਕਾਈ। ਮਾਂਗਨਿ ਮਾਗੈ = ਹਰੇਕ ਮੰਗ ਮੰਗਦੀ ਰਹਿੰਦੀ ਹੈ। ਭਾਵਨੀਆ = ਮਨ ਦੀ ਮੁਰਾਦ। ਪਾਈਐ = ਪ੍ਰਾਪਤ ਕਰ ਲਈਦੀ ਹੈ।1।

ਸਫਲ ਦਰਸੁ = ਉਹ ਜਿਸ ਦਾ ਦਰਸਨ ਸਾਰੇ ਫਲ ਦੇਣ ਵਾਲਾ ਹੈ। ਰੇ = ਹੇ ਭਾਈ! ਪਰਸਿ = ਛੁਹ ਕੇ। ਪਰਸਿ ਪਰਸਿ = ਨਿਤ ਛੁਹ ਕੇ। ਗਾਈਐ = ਆਓ ਗਾਂਦੇ ਰਹੀਏ। ਮਿਲੀਐ = ਮਿਲ ਜਾਈਦਾ ਹੈ। ਤਤ ਤਤ ਸਿਉ = (ਜਿਵੇਂ ਪਾਣੀ ਆਦਿਕ) ਤੱਤ (ਪਾਣੀ) ਤਤ ਨਾਲ। ਹੀਰੈ = ਹੀਰੇ ਨਾਲ। ਹੀਰ ਬਿਧਾਈਐ = ਹੀਰਾ ਵਿੰਨ੍ਹ ਲਈਦਾ ਹੈ।2।

ਅਰਥ: ਹੇ ਸਭ ਜੀਵਾਂ ਦੇ ਆਸਰੇ ਪ੍ਰਭੂ! ਹੇ ਸਭ ਜੀਵਾਂ ਦੇ ਮਾਲਕ! ਹੇ ਸਾਰੇ ਸੁਖਾਂ ਦੇ ਦੇਣ ਵਾਲੇ! (ਤੇਰੇ ਦਰ ਦਾ) ਮੰਗਤਾ (ਤੇਰੇ ਦਰ ਤੋਂ) ਨਿੱਤ ਮੰਗਦਾ ਰਹਿੰਦਾ ਹੈ।1। ਰਹਾਉ।

ਹੇ ਭਾਈ! ਬੇਅੰਤ ਲੁਕਾਈ (ਪ੍ਰਭੂ ਦੇ ਦਰ ਤੋਂ) ਹਰੇਕ ਮੰਗ ਮੰਗਦੀ ਰਹਿੰਦੀ ਹੈ, ਜਿਹੜੀ ਭੀ ਮਨ ਦੀ ਮੁਰਾਦ ਹੁੰਦੀ ਹੈ ਉਹ ਹਾਸਲ ਕਰ ਲਈਦੀ ਹੈ।1।

ਹੇ ਭਾਈ! ਪ੍ਰਭੂ ਐਸਾ ਹੈ ਜਿਸ ਦਾ ਦਰਸਨ ਸਾਰੇ ਹੀ ਫਲ ਦੇਣ ਵਾਲਾ ਹੈ। ਆਓ ਉਸ ਦੇ ਚਰਨ ਸਦਾ ਛੁਹ ਛੁਹ ਕੇ ਉਸ ਦੇ ਗੁਣ ਗਾਂਦੇ ਰਹੀਏ। ਹੇ ਨਾਨਕ! (ਜਿਵੇਂ ਪਾਣੀ ਆਦਿਕ) ਤੱਤ (ਪਾਣੀ) ਤੱਤ ਨਾਲ ਮਿਲ ਜਾਂਦਾ ਹੈ (ਤਿਵੇਂ ਗੁਣ ਗਾਵਣ ਦੀ ਬਰਕਤਿ ਨਾਲ) ਮਨ-ਹੀਰਾ ਪ੍ਰਭੂ-ਹੀਰੇ ਨਾਲ ਵਿੰਨ੍ਹ ਲਈਦਾ ਹੈ।2। 2।

TOP OF PAGE

Sri Guru Granth Darpan, by Professor Sahib Singh