ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1350

ਪ੍ਰਭਾਤੀ ॥ ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥ ਮੁਲਾਂ ਕਹਹੁ ਨਿਆਉ ਖੁਦਾਈ ॥ ਤੇਰੇ ਮਨ ਕਾ ਭਰਮੁ ਨ ਜਾਈ ॥੧॥ ਰਹਾਉ ॥ ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥ ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥੨॥ ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥ ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥੩॥ ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥ ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥੪॥੪॥ {ਪੰਨਾ 1350}

ਪਦ ਅਰਥ: ਮੁਲਾਂ = ਹੇ ਮੁੱਲਾਂ! ਕਹਹੁ = ਸੁਣਾਉਂਦਾ ਹੈਂ। ਨਿਆਉ = ਇਨਸਾਫ਼।1। ਰਹਾਉ।

ਆਨਿਆ = ਲਿਆਂਦਾ। ਦੇਹ = ਸਰੀਰ। ਬਿਸਮਿਲ = (ਅ: ਬਿਸਮਿੱਲਾਹ = ਅੱਲਾਹ ਦੇ ਨਾਮ ਤੇ, ਖ਼ੁਦਾ ਵਾਸਤੇ। ਮੁਰਗੀ ਆਦਿਕ ਕਿਸੇ ਜੀਵ ਦਾ ਮਾਸ ਤਿਆਰ ਕਰਨ ਵੇਲੇ ਮੁਸਲਮਾਨ ਲਫ਼ਜ਼ 'ਬਿਸਮਿੱਲਾਹ" ਪੜ੍ਹਦਾ ਹੈ, ਭਾਵ ਇਹ ਕਿ ਮੈਂ 'ਅੱਲਾਹ ਦੇ ਨਾਮ ਤੇ, ਅੱਲਾਹ ਦੀ ਖ਼ਾਤਰ' ਇਸ ਨੂੰ ਜ਼ਬਹ ਕਰਦਾ ਹਾਂ। ਸੋ, 'ਬਿਸਮਿਲ' ਕਰਨ ਦਾ ਅਰਥ ਹੈ 'ਜ਼ਬਹ ਕਰਨਾ') । ਜੋਤਿ ਸਰੂਪ = ਉਹ ਪ੍ਰਭੂ ਜਿਸ ਦਾ ਸਰੂਪ ਜੋਤ ਹੀ ਜੋਤ ਹੈ, ਜੋ ਨਿਰਾ ਨੂਰ ਹੀ ਨੂਰ ਹੈ। ਅਨਾਹਤ = ਅਨਾਹਤ ਦੀ, ਅਵਿਨਾਸੀ ਪ੍ਰਭੂ ਦੀ। ਲਾਗੀ = ਹਰ ਥਾਂ ਲੱਗੀ ਹੋਈ ਹੈ, ਹਰ ਥਾਂ ਮੌਜੂਦ ਹੈ। ਹਲਾਲੁ = ਜਾਇਜ਼, ਭੇਟ ਕਰਨ-ਜੋਗ, ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ।2।

ਉਜੂ = ਉਜ਼ੂ, ਨਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਪੈਰ ਮੂੰਹ ਧੋਣ ਦੀ ਕ੍ਰਿਆ। ਪਾਕੁ = ਪਵਿੱਤਰ।3।

ਨਾਪਾਕੁ = ਪਲੀਤ, ਅਪਵਿੱਤਰ, ਮੈਲਾ, ਮਲੀਨ। ਪਾਕੁ = ਪਵਿੱਤਰ ਪ੍ਰਭੂ। ਮਰਮੁ = ਭੇਤ। ਚੂਕਾ = ਖੁੰਝ ਗਿਆ ਹੈਂ। ਸਿਉ = ਨਾਲ।8।

ਅਰਥ: (ਹੇ ਹਿੰਦੂ ਤੇ ਮੁਸਲਮਾਨ ਵੀਰੋ!) ਵੇਦਾਂ ਜਾਂ ਕੁਰਾਨ ਆਦਿਕ (ਇਕ ਦੂਜੇ ਦੀਆਂ) ਧਰਮ-ਪੁਸਤਕਾਂ ਨੂੰ ਝੂਠੀਆਂ ਨਾਹ ਆਖੋ। ਝੂਠਾ ਤਾਂ ਉਹ ਬੰਦਾ ਹੈ ਜੋ ਇਹਨਾਂ ਧਰਮ-ਪੁਸਤਕਾਂ ਦੀ ਵਿਚਾਰ ਨਹੀਂ ਕਰਦਾ। (ਭਲਾ, ਹੇ ਮੁੱਲਾਂ!) ਜੇ ਤੂੰ ਇਹ ਆਖਦਾ ਹੈਂ ਕਿ ਖ਼ੁਦਾ ਸਭ ਜੀਵਾਂ ਵਿਚ ਮੌਜੂਦ ਹੈ ਤਾਂ (ਉਸ ਖ਼ੁਦਾ ਅੱਗੇ ਕੁਰਬਾਨੀ ਦੇਣ ਲਈ) ਮੁਰਗ਼ੀ ਕਿਉਂ ਮਾਰਦਾ ਹੈਂ? (ਕੀ ਉਸ ਮੁਰਗ਼ੀ ਵਿਚ ਉਹ ਆਪ ਨਹੀਂ ਹੈ? ਮੁਰਗ਼ੀ ਵਿਚ ਬੈਠੇ ਖ਼ੁਦਾ ਦੀ ਅੰਸ਼ ਨੂੰ ਮਾਰ ਕੇ ਖ਼ੁਦਾ ਦੇ ਅੱਗੇ ਹੀ ਭੇਟਾ ਕਰਨ ਦਾ ਕੀਹ ਭਾਵ ਹੈ?।1।

ਹੇ ਮੁੱਲਾਂ! ਤੂੰ (ਹੋਰ ਲੋਕਾਂ ਨੂੰ ਤਾਂ) ਖ਼ੁਦਾ ਦਾ ਨਿਆਂ ਸੁਣਾਉਂਦਾ ਹੈਂ, ਪਰ ਤੇਰੇ ਆਪਣੇ ਮਨ ਦਾ ਭੁਲੇਖਾ ਅਜੇ ਦੂਰ ਹੀ ਨਹੀਂ ਹੋਇਆ।1। ਰਹਾਉ।

ਹੇ ਮੁੱਲਾਂ! (ਮੁਰਗ਼ੀ ਆਦਿਕ) ਜੀਵ ਨੂੰ ਫੜ ਕੇ ਤੂੰ ਲੈ ਆਂਦਾ, ਉਸ ਦਾ ਸਰੀਰ ਤੂੰ ਨਾਸ ਕੀਤਾ, ਉਸ (ਦੇ ਜਿਸਮ) ਦੀ ਮਿੱਟੀ ਨੂੰ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕੀਤਾ (ਭਾਵ, ਖ਼ੁਦਾ ਦੀ ਨਜ਼ਰ-ਭੇਟ ਕੀਤਾ) । ਪਰ ਹੇ ਮੁੱਲਾਂ! ਜੋ ਖ਼ੁਦਾ ਨਿਰਾ ਨੂਰ ਹੀ ਨੂਰ ਹੈ, ਤੇ ਜੋ ਅਵਿਨਾਸ਼ੀ ਹੈ ਉਸ ਦੀ ਜੋਤ ਤਾਂ ਹਰ ਥਾਂ ਮੌਜੂਦ ਹੈ, (ਉਸ ਮੁਰਗ਼ੀ ਵਿਚ ਭੀ ਹੈ ਜੋ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕਰਦਾ ਹੈਂ) ਤਾਂ ਫਿਰ, ਦੱਸ, ਤੂੰ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਕਿਹੜੀ ਚੀਜ਼ ਬਣਾਈ?।2।

ਹੇ ਮੁੱਲਾਂ! ਜੇ ਤੂੰ ਆਪਣੇ ਦਿਲ ਵਿਚ ਕਪਟ ਰੱਖ ਕੇ ਨਿਮਾਜ਼ ਪੜ੍ਹਦਾ ਹੈਂ, ਤਾਂ ਇਹ ਨਿਮਾਜ਼ ਦਾ ਕੀਹ ਫ਼ਾਇਦਾ? ਪੈਰ ਹੱਥ ਆਦਿਕ ਸਾਫ਼ ਕਰਨ ਦੀ ਰਸਮ ਦਾ ਕੀਹ ਲਾਭ? ਮੂੰਹ ਧੋਣ ਦਾ ਕੀਹ ਗੁਣ? ਮਸਜਦ ਵਿਚ ਜਾ ਕੇ ਸਜਦਾ ਕਰਨ ਦੀ ਕੀਹ ਲੋੜ? ਤੇ, ਕਾਹਬੇ ਦੇ ਹੱਜ ਦਾ ਕੀਹ ਫ਼ਾਇਦਾ?।3।

ਹੇ ਮੁੱਲਾਂ! ਤੂੰ ਅੰਦਰੋਂ ਤਾਂ ਪਲੀਤ ਹੀ ਰਿਹਾ, ਤੈਨੂੰ ਉਸ ਪਵਿੱਤਰ ਪ੍ਰਭੂ ਦੀ ਸਮਝ ਨਹੀਂ ਪਈ, ਤੂੰ ਉਸ ਦਾ ਭੇਤ ਨਹੀਂ ਪਾਇਆ। ਕਬੀਰ ਆਖਦਾ ਹੈ– (ਇਸ ਭੁਲੇਖੇ ਵਿਚ ਫਸੇ ਰਹਿ ਕੇ) ਤੂੰ ਬਹਿਸ਼ਤ ਤੋਂ ਖੁੰਝ ਗਿਆ ਹੈਂ, ਤੇ ਦੋਜ਼ਕ ਨਾਲ ਤੇਰਾ ਮਨ ਪਤੀਜ ਗਿਆ ਹੈ।4। 4।

ਸ਼ਬਦ ਦਾ ਭਾਵ: ਨਿਰੀ ਸ਼ਰਹ = ਜੇ ਦਿਲ ਵਿਚ ਠੱਗੀ ਹੈ, ਤਾਂ ਨਿਮਾਜ਼, ਹੱਜ ਆਦਿ ਸਭ ਕੁਝ ਵਿਅਰਥ ਉੱਦਮ ਹੈ। ਸਭ-ਵਿਚ-ਵੱਸਦਾ ਰੱਬ ਮੁਰਗ਼ੀ ਆਦਿਕ ਦੀ 'ਕੁਰਬਾਨੀ' ਨਾਲ ਭੀ ਖ਼ੁਸ਼ ਨਹੀਂ ਹੁੰਦਾ।

(ਪੜ੍ਹੋ ਮੇਰੇ 'ਸਲੋਕ ਕਬੀਰ ਜੀ ਸਟੀਕ' ਵਿਚੋਂ ਕਬੀਰ ਜੀ ਦੇ ਸਲੋਕ ਨੰ: 184 ਤੋਂ ਨੰ: 188 ਤਕ) ।

ਪ੍ਰਭਾਤੀ ॥ ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥ ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥ ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥ ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥ ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜ੍ਯ੍ਯਾਰਾ ॥ ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥ ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥ {ਪੰਨਾ 1350}

ਪਦ ਅਰਥ: ਸੁੰਨ = ਸੁੰਞ, ਅਫੁਰ ਅਵਸਥਾ, ਮਾਇਆ ਦੇ ਮੋਹ ਦਾ ਕੋਈ ਫੁਰਨਾ ਮਨ ਵਿਚ ਨਾਹ ਉਠਣ ਵਾਲੀ ਅਵਸਥਾ। ਸੰਧਿਆ = (Skt. szÆXw = The morning, noon and evening prayers of a Brahman) ਸਵੇਰੇ, ਦੁਪਹਰਿ ਤੇ ਸ਼ਾਮ ਵੇਲੇ ਦੀ ਪੂਜਾ ਜੋ ਹਰੇਕ ਬ੍ਰਾਹਮਣ ਲਈ ਕਰਨੀ ਯੋਗ ਹੈ। ਦੇਵਾਕਰ = ਹੇ ਚਾਨਣ ਦੀ ਖਾਣ! (ਦੇਵ = ਆਕਰ) । ਅਧਪਤਿ = ਹੇ ਮਾਲਕ! ਆਦਿ = ਹੇ ਸਾਰੇ ਜਗਤ ਦੇ ਮੂਲ! ਸਮਾਈ = ਹੇ ਸਰਬ-ਵਿਆਪਕ! ਸਿਧ = ਪੁੱਗੇ ਹੋਏ ਜੋਗੀ, ਜੋਗ-ਅਭਿਆਸ ਵਿਚ ਨਿਪੁੰਨ ਜੋਗੀ।1।

ਹੋ ਭਾਈ = ਹੇ ਭਾਈ! ਪੁਰਖ ਨਿਰੰਜਨ ਆਰਤੀ = ਮਾਇਆ-ਰਹਿਤ ਸਰਬ ਵਿਆਪਕ ਪ੍ਰਭੂ ਦੀ ਆਰਤੀ। ਠਾਢਾ = ਖਲੋਤਾ ਹੋਇਆ। ਨਿਗਮ = ਵੇਦ। ਅਲਖੁ = (Skt. Al™X = having no particular marks) ਜਿਸ ਦੇ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ।1। ਰਹਾਉ।

ਤਤੁ = ਗਿਆਨ। ਬਾਤੀ = ਵੱਟੀ। ਦੇਹ ਉਜ੍ਹਾਰਾ = ਸਰੀਰ ਵਿਚ (ਤੇਰੇ ਨਾਮ ਦਾ) ਚਾਨਣ। ਜਗਦੀਸ ਜੋਤਿ = ਜਗਦੀਸ ਦੇ ਨਾਮ ਦੀ ਜੋਤ। ਬੂਝਨਹਾਰਾ = ਗਿਆਨਵਾਨ।2।

ਪੰਚੇ ਸਬਦ = ਪੰਜ ਹੀ ਨਾਦ; ਪੰਜ ਕਿਸਮਾਂ ਦੇ ਸਾਜ਼ਾਂ ਦੀ ਆਵਾਜ਼, (ਪੰਜ ਕਿਸਮਾਂ ਦੇ ਸਾਜ਼ ਇਹ ਹਨ– ਤੰਤੀ ਸਾਜ਼, ਖੱਲ ਨਾਲ ਮੜ੍ਹੇ ਹੋਏ, ਧਾਤ ਦੇ ਬਣੇ ਹੋਏ, ਘੜਾ ਆਦਿਕ, ਫੂਕ ਮਾਰ ਕੇ ਵਜਾਣ ਵਾਲੇ ਸਾਜ਼। ਜਦੋਂ ਇਹ ਸਾਰੀਆਂ ਕਿਸਮਾਂ ਦੇ ਸਾਜ਼ ਰਲਾ ਕੇ ਵਜਾਏ ਜਾਣ ਤਾਂ ਮਹਾਂ ਸੁੰਦਰ ਰਾਗ ਪੈਦਾ ਹੁੰਦਾ ਹੈ, ਜੋ ਮਨ ਨੂੰ ਮਸਤ ਕਰ ਦੇਂਦਾ ਹੈ) । ਅਨਾਹਦ = ਬਿਨਾ ਵਜਾਏ, ਇੱਕ-ਰਸ। ਸੰਗੇ = ਨਾਲ ਹੀ, ਅੰਦਰ ਹੀ (ਦਿੱਸ ਪੈਂਦਾ ਹੈ) । ਸਾਰਿੰਗਪਾਨੀ = (ਸਾਰਿੰਗ = ਧਨਖ। ਪਾਨੀ = ਹੱਥ) ਜਿਸ ਦੇ ਹੱਥ ਵਿਚ ਧਨਖ ਹੈ, ਜੋ ਸਾਰੇ ਜਗਤ ਦਾ ਨਾਸ ਕਰਨ ਵਾਲਾ ਭੀ ਹੈ।3।

ਅਰਥ: ਹੇ ਭਾਈ! ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰੋ, ਤੇ ਉਸ ਪ੍ਰਭੂ ਦੀ ਆਰਤੀ ਉਤਾਰੋ ਜੋ ਮਾਇਆ ਤੋਂ ਰਹਿਤ ਹੈ ਤੇ ਜੋ ਸਭ ਵਿਚ ਵਿਆਪਕ ਹੈ, ਜਿਸ ਦੇ ਕੋਈ ਖ਼ਾਸ ਚਿਹਨ-ਚੱਕ੍ਰ ਨਹੀਂ ਹਨ, ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਤੇ ਜਿਸ ਦੇ ਦਰ ਤੇ ਖਲੋਤਾ ਬ੍ਰਹਮਾ ਵੇਦ ਵਿਚਾਰ ਰਿਹਾ ਹੈ।1। ਰਹਾਉ।

ਹੇ ਦੇਵ! ਹੇ ਚਾਨਣ ਦੀ ਖਾਣ! ਹੇ ਜਗਤ ਦੇ ਮਾਲਕ! ਹੇ ਸਭ ਦੇ ਮੂਲ! ਹੇ ਸਰਬ ਵਿਆਪਕ ਪ੍ਰਭੂ! ਜੋਗ-ਅੱਭਿਆਸ ਵਿਚ ਨਿਪੁੰਨ ਜੋਗੀਆਂ ਨੇ ਸਮਾਧੀਆਂ ਲਾ ਕੇ ਭੀ ਤੇਰਾ ਅੰਤ ਨਹੀਂ ਲੱਭਾ ਉਹ ਆਖ਼ਰ ਤੇਰੀ ਸ਼ਰਨ ਲੈਂਦੇ ਹਨ। (ਤੂੰ ਮਾਇਆ ਤੋਂ ਰਹਿਤ ਹੈਂ, ਸੋ) ਮਾਇਆ ਦੇ ਫੁਰਨਿਆਂ ਵਲੋਂ ਮਨ ਨੂੰ ਸਾਫ਼ ਰੱਖਣਾ (ਤੇ ਤੇਰੇ ਚਰਨਾਂ ਵਿਚ ਹੀ ਜੁੜੇ ਰਹਿਣਾ) ਇਹ ਤੇਰੀ ਆਰਤੀ ਕਰਨੀ ਹੈ।1।

ਕੋਈ ਵਿਰਲਾ ਗਿਆਨਵਾਨ (ਪ੍ਰਭੂ ਦੀ ਆਰਤੀ ਦਾ ਭੇਤ) ਸਮਝਦਾ ਹੈ। (ਜਿਸ ਨੇ ਸਮਝਿਆ ਹੈ ਉਸ ਨੇ) ਗਿਆਨ ਨੂੰ ਤੇਲ ਬਣਾਇਆ ਹੈ, ਨਾਮ ਨੂੰ ਵੱਟੀ ਤੇ ਸਰੀਰ ਵਿਚ (ਨਾਮ ਦੇ) ਚਾਨਣ ਨੂੰ ਹੀ ਦੀਵਾ ਬਣਾਇਆ ਹੈ। ਇਹ ਦੀਵਾ ਉਸ ਨੇ ਜਗਤ ਦੇ ਮਾਲਕ ਪ੍ਰਭੂ ਦੀ ਜੋਤ (ਵਿਚ ਜੁੜ ਕੇ) ਜਗਾਇਆ ਹੈ।2।

ਹੇ ਵਾਸ਼ਨਾ-ਰਹਿਤ ਨਿਰੰਕਾਰ! ਹੇ ਸਾਰਿੰਗਪਾਣ! ਮੈਂ ਤੇਰੇ ਦਾਸ ਕਬੀਰ ਨੇ ਭੀ ਤੇਰੀ (ਇਹੋ ਜਿਹੀ ਹੀ) ਆਰਤੀ ਕੀਤੀ ਹੈ (ਜਿਸ ਦੀ ਬਰਕਤਿ ਨਾਲ) ਤੂੰ ਮੈਨੂੰ ਅੰਗ-ਸੰਗ ਦਿੱਸ ਰਿਹਾ ਹੈਂ (ਤੇ ਮੇਰੇ ਅੰਦਰ ਇਕ ਐਸਾ ਆਨੰਦ ਬਣ ਰਿਹਾ ਹੈ, ਮਾਨੋ,) ਪੰਜ ਹੀ ਕਿਸਮਾਂ ਦੇ ਸਾਜ਼ (ਮੇਰੇ ਅੰਦਰ) ਇੱਕ-ਰਸ ਵੱਜ ਰਹੇ ਹਨ।3।5।

ਨੋਟ: ਕਬੀਰ ਜੀ ਦਾ ਆਪਣੇ ਨਾਮ ਦੇ ਨਾਲ ਲ਼ਫ਼ਜ਼ 'ਦਾਸ' ਵਰਤਣਾ ਜ਼ਾਹਰ ਕਰਦਾ ਹੈ ਕਿ ਉਹ ਮੁਸਲਮਾਨ ਨਹੀਂ ਸਨ।

ਸ਼ਬਦ ਦਾ ਭਾਵ: ਮੂਰਤੀ-ਪੂਜਾ ਖੰਡਨ = ਸਰਬ-ਵਿਆਪਕ ਪਰਮਾਤਮਾ ਦਾ ਸਿਮਰਨ ਹੀ ਸਹੀ ਆਰਤੀ ਹੈ। ਗਿਆਨ ਦਾ ਤੇਲ ਵਰਤੋ, ਨਾਮ ਦੀ ਬੱਤੀ ਵਰਤੋ, ਸਰੀਰ ਦੇ ਅੰਦਰ ਆਤਮ-ਗਿਆਨ ਦਾ ਚਾਨਣ ਹੋ ਜਾਇਗਾ, ਪ੍ਰਭੂ ਅੰਗ-ਸੰਗ ਦਿੱਸੇਗਾ ਤੇ ਅੰਦਰ ਸਦਾ ਖਿੜਾਉ ਬਣਿਆ ਰਹੇਗਾ।

ਨੋਟ: ਪਾਠਕ ਸੱਜਣਾਂ ਨੇ ਇਸ ਸ਼ਬਦ ਦੇ ਅਰਥ ਪੜ੍ਹ ਲਏ ਹਨ। ਇਸ ਵਿਚ ਸਰਬ-ਵਿਆਪਕ ਪਰਮਾਤਮਾ ਦੇ ਸਿਮਰਨ ਨੂੰ ਹੀ ਜੀਵਨ ਦਾ ਸਹੀ ਰਸਤਾ ਦੱਸਿਆ ਹੈ। ਪਰ ਇਸ ਸ਼ਬਦ ਬਾਰੇ ਭਗਤ-ਬਾਣੀ ਦਾ ਵਿਰੋਧੀ ਸੱਜਣ ਇਉਂ ਲਿਖਦਾ ਹੈ:

"ਕਬੀਰ ਜੀ ਨੇ ਪ੍ਰਭਾਤੀ ਰਾਗ ਅੰਦਰ ਆਪਣੇ ਖ਼ਿਆਲਾਂ ਦੀ ਆਰਤੀ ਦਰਜ ਕੀਤੀ ਹੈ, ਜੋ ਗੁਰਮਤਿ ਵਾਲੀ ਆਰਤੀ ਦਾ ਵਿਰੋਧ ਕਰਦੀ ਹੈ। " ਇਸ ਤੋਂ ਅਗਾਂਹ ਸ਼ਬਦ ਦਾ ਉਤਾਰਾ ਦਿੱਤਾ ਗਿਆ ਹੈ। ਪਰ 'ਰਹਾਉ' ਦੀਆਂ ਤੁਕਾਂ ਦੇ ਲਫ਼ਜ਼ 'ਸਤਿਗੁਰ' ਦੇ ਨਾਲ ਹੀ ਬ੍ਰੈਕਟਾਂ ਵਿਚ ਲਫ਼ਜ਼ 'ਰਾਮਾਨੰਦ' ਭੀ ਦੇ ਦਿੱਤਾ ਹੈ। ਕਿਉਂ? ਜਾਣ ਬੁਝ ਕੇ ਭੁਲੇਖੇ ਪਾਣ ਦੀ ਖ਼ਾਤਰ। ਅਗਾਂਹ ਲਿਖਦੇ ਹਨ– 'ਉਕਤ ਸ਼ਬਦ ਸੁਆਮੀ ਰਾਮਾਨੰਦ ਜੀ ਅੱਗੇ ਆਰਤੀ ਕਰਨ ਹਿਤ ਸੀ। '

ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥ ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥੧॥ ਬੇਧੀਅਲੇ ਗੋਪਾਲ ਗੋੁਸਾਈ ॥ ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥੧॥ ਰਹਾਉ ॥ ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥ ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥੨॥ ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ ॥ ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥੩॥ ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥ ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥੪॥੧॥ {ਪੰਨਾ 1350}

ਪਦ ਅਰਥ: ਬਿਰਥਾ = (Skt. ÒXQw) ਪੀੜ, ਦੁੱਖ। ਕੈ = ਜਾਂ। ਬੂਝਲ ਆਗੈ = ਬੁੱਝਣਹਾਰ ਅੱਗੇ, ਅੰਤਰਜਾਮੀ ਪ੍ਰਭੂ ਅੱਗੇ। ਰਵਾਂਈ = ਮੈਂ ਸਿਮਰਦਾ ਹਾਂ। ਮੈ = ਮੈਨੂੰ। ਕੈਸੇ = ਕਿਉਂ? ਚਾਹੀਐ = ਲੋੜੀਏ, ਹੋਵੇ।1।

ਬੇਧੀਅਲੇ = ਵਿੰਨ੍ਹ ਲਿਆ ਹੈ। ਗੋੁਸਾਈ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਗੋਸਾਈ' ਹੈ, ਪੜ੍ਹਨਾ ਹੈ 'ਗੁਸਾਈ') ।1। ਰਹਾਉ।

ਮਾਨੈ = ਮਨ ਵਿਚ ਹੀ। ਪਾਟੁ = ਪਟਣ ਸ਼ਹਰ। ਪਾਸਾਰੀ = ਪਸਾਰੀ, ਹੱਟ ਚਲਾਣ ਵਾਲਾ। ਨਾਨਾ ਭੇਦੀ = ਅਨੇਕਾਂ ਰੂਪ ਰੰਗ ਬਣਾਣ ਵਾਲਾ ਪਰਮਾਤਮਾ। ਸੰਸਾਰੀ = ਸੰਸਾਰ ਵਿਚ ਭਟਕਣ ਵਾਲਾ, ਸੰਸਾਰ ਨਾਲ ਮੋਹ ਪਾਣ ਵਾਲਾ।2।

ਰਾਤਾ = ਰੰਗਿਆ ਹੋਇਆ। ਦੁਬਿਧਾ = ਦੁ-ਚਿੱਤਾ-ਪਨ। ਸਹਜਿ = ਸਹਜ ਵਿਚ, ਆਤਮਕ ਅਡੋਲਤਾ ਵਿਚ। ਆਪੇ = ਆਪ ਹੀ। ਸਮਤੁ = ਇੱਕ-ਸਮਾਨ। ਬੀਚਾਰੀ = ਵਿਚਾਰਦਾ ਹੈ, ਸਮਝਦਾ ਹੈ।3।

ਜਾਨਿ = ਜਾਣ ਕੇ, ਇਉਂ ਜਾਣ ਕੇ, ਪ੍ਰਭੂ ਨੂੰ ਇਹੋ ਜਿਹਾ ਸਮਝ ਕੇ। ਚੀ = ਦੀ। ਤਾ ਚੀ = ਉਹਨਾਂ ਦੀ। ਅਬਿਗਤੁ = ਅਦ੍ਰਿਸ਼ਟ ਪ੍ਰਭੂ (ਦਾ ਨਾਮ) । ਤਾ ਚੀ ਬਾਣੀ = ਉਹਨਾਂ ਦੀ ਬਾਣੀ। ਵਿਡਾਣੀ = ਅਚਰਜ।4।

ਅਰਥ: ਮੇਰੇ ਗੋਪਾਲ ਗੋਸਾਈਂ ਨੇ ਮੈਨੂੰ (ਆਪਣੇ ਚਰਨਾਂ ਵਿਚ ਵਿੰਨ੍ਹ ਲਿਆ ਹੈ, ਹੁਣ ਮੈਨੂੰ ਉਹ ਪਿਆਰਾ ਪ੍ਰਭੂ ਸਭ ਥਾਂ ਵੱਸਦਾ ਦਿਸਦਾ ਹੈ।1। ਰਹਾਉ।

ਮਨ ਦਾ ਦੁੱਖ-ਕਲੇਸ਼ ਜਾਂ (ਦੁਖੀਏ ਦਾ) ਆਪਣਾ ਮਨ ਜਾਣਦਾ ਹੈ ਜਾਂ (ਅੰਤਰਜਾਮੀ ਪ੍ਰਭੂ ਜਾਣਦਾ ਹੈ, ਸੋ ਜੇ ਆਖਣਾ ਹੋਵੇ ਤਾਂ) ਉਸ ਅੰਤਰਜਾਮੀ ਅੱਗੇ ਆਖਣਾ ਚਾਹੀਦਾ ਹੈ। ਮੈਨੂੰ ਤਾਂ ਹੁਣ ਕੋਈ (ਦੁੱਖਾਂ ਦਾ) ਡਰ ਰਿਹਾ ਹੀ ਨਹੀਂ, ਕਿਉਂਕਿ ਮੈਂ ਉਸ ਅੰਤਰਜਾਮੀ ਪਰਮਾਤਮਾ ਨੂੰ ਸਿਮਰ ਰਿਹਾ ਹਾਂ।1।

(ਉਸ ਅੰਤਰਜਾਮੀ ਦਾ ਮਨੁੱਖ ਦੇ) ਮਨ ਵਿਚ ਹੀ ਹੱਟ ਹੈ, ਮਨ ਵਿਚ ਹੀ ਸ਼ਹਿਰ ਹੈ, ਤੇ ਮਨ ਵਿਚ ਹੀ ਉਹ ਹੱਟ ਚਲਾ ਰਿਹਾ ਹੈ, ਉਹ ਅਨੇਕ ਰੂਪਾਂ ਰੰਗਾਂ ਵਾਲਾ ਪ੍ਰਭੂ (ਮਨੁੱਖ ਦੇ) ਮਨ ਵਿਚ ਹੀ ਵੱਸਦਾ ਹੈ। ਪਰ ਸੰਸਾਰ ਨਾਲ ਮੋਹ ਰੱਖਣ ਵਾਲਾ ਮਨੁੱਖ ਬਾਹਰ ਭਟਕਦਾ ਫਿਰਦਾ ਹੈ।2।

ਜਿਸ ਮਨੁੱਖ ਦਾ ਇਹ ਮਨ ਸਤਿਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਮੇਰ-ਤੇਰ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਈ ਹੈ, ਉਹ ਸਮ-ਦਰਸੀ ਹੋ ਜਾਂਦਾ ਹੈ, ਉਹ ਨਿਡਰ ਹੋ ਜਾਂਦਾ ਹੈ ਕਿਉਂਕਿ ਉਸ ਨੂੰ (ਹਰ ਥਾਂ) ਪ੍ਰਭੂ ਦਾ ਹੀ ਹੁਕਮ ਵਰਤਦਾ ਦਿੱਸਦਾ ਹੈ, ਪ੍ਰਭੂ ਆਪ ਹੀ ਹੁਕਮ ਚਲਾ ਰਿਹਾ ਜਾਪਦਾ ਹੈ।3।

ਜੋ ਮਨੁੱਖ ਉੱਤਮ ਪੁਰਖ ਪ੍ਰਭੂ ਨੂੰ (ਇਉਂ ਸਰਬ-ਵਿਆਪਕ) ਜਾਣ ਕੇ ਸਿਮਰਦੇ ਹਨ, ਉਹਨਾਂ ਦੀ ਬਾਣੀ ਹੀ ਪ੍ਰਭੂ ਦਾ ਨਾਮ ਬਣ ਜਾਂਦਾ ਹੈ (ਭਾਵ, ਉਹ ਹਰ ਵੇਲੇ ਸਿਫ਼ਤਿ-ਸਾਲਾਹ ਹੀ ਕਰਦੇ ਹਨ) । ਨਾਮਦੇਵ ਆਖਦਾ ਹੈ ਉਹਨਾਂ ਬੰਦਿਆਂ ਨੇ ਅਸਚਰਜ ਅਲੱਖ ਤੇ ਜਗਤ-ਦੇ-ਜੀਵਨ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।4।1।

ਸ਼ਬਦ ਦਾ ਭਾਵ: ਸਿਮਰਨ ਦੀ ਬਰਕਤਿ ਨਾਲ ਸਰਬ-ਵਿਆਪਕ ਪਰਮਾਤਮਾ ਹਿਰਦੇ ਵਿਚ ਹੀ ਲੱਭ ਪੈਂਦਾ ਹੈ। ਇਸ ਵਾਸਤੇ ਨਿਡਰਤਾ ਪੈਦਾ ਹੁੰਦੀ ਹੈ।

TOP OF PAGE

Sri Guru Granth Darpan, by Professor Sahib Singh