ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1367

ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ ॥ ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮ੍ਹ੍ਹਾਲਿ ॥੪੯॥ ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ ॥ ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ ॥੫੦॥ {ਪੰਨਾ 1367}

ਪਦ ਅਰਥ: ਥੋਰੈ ਜਲਿ = ਥੋੜ੍ਹੇ ਪਾਣੀ ਵਿਚ। ਥੋਰੈ ਜਲਿ ਮਾਛੁਲੀ = ਥੋੜ੍ਹੇ ਪਾਣੀ ਵਿਚ ਮੱਛੀ।

ਨੋਟ: ਜਿਵੇਂ ਪਾਣੀ ਮੱਛੀ ਦੀ ਜਿੰਦ ਦਾ ਆਸਰਾ ਹੈ, ਤਿਵੇਂ ਪਰਮਾਤਮਾ ਜੀਵਾਤਮਾ ਦਾ ਆਸਰਾ ਹੈ। ਜੇ ਮੱਛੀ ਥੋੜ੍ਹੇ ਪਾਣੀ ਵਾਲੇ ਛੱਪੜ ਵਿਚ ਰਹਿਣ ਲੱਗ ਪਏ, ਤਾਂ ਝੀਊਰ ਆਦਿਕ ਸੁਖੈਨ ਤਰ੍ਹਾਂ ਹੀ ਆ ਕੇ ਜਾਲ ਲਾ ਕੇ ਉਸ ਨੂੰ ਫੜ ਲੈਂਦੇ ਹਨ; ਤਿਵੇਂ ਹੀ ਜੇ ਜੀਵ ਧਨ ਵਿੱਦਿਆ ਦੁਨਿਆਵੀ ਭੋਗ ਆਦਿਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਏ ਤਾਂ ਮਾਇਆ ਦੇ 'ਪਾਂਚਉ ਲਰਿਕਾ' ਅਸਾਨੀ ਨਾਲ ਹੀ ਗ੍ਰਸ ਲੈਂਦੇ ਹਨ। ਇਹ ਟੋਘਨੈ-ਇਸ ਟੋਏ ਵਿਚ, ਇਸ ਛੱਪੜ ਵਿਚ, ਇਹਨਾਂ ਹੋਛੇ ਆਸਰਿਆਂ ਦੇ ਅਧੀਨ ਰਿਹਾਂ। ਸਮ੍ਹ੍ਹਾਲਿ-ਸੰਭਾਲ, ਸਾਂਭ, ਆਸਰਾ ਲੈ ।49।

ਪਦ ਅਰਥ: ਜਉ = ਜੇ। ਖਾਰੋ = ਨਮਕੀਨ, ਬੇ-ਸੁਆਦਾ। ਪੋਖਰ = (Skt. पुष्कर) a lake, a pond) ਛੱਪੜ। ਪੋਖਰਿ = ਛੱਪੜ ਵਿਚ। ਪੋਖਰਿ ਪੋਖਰਿ = ਹਰੇਕ ਛੱਪੜ ਵਿਚ। ਪੋਖਰਿ ਪੋਖਰਿ ਢੂਢਤੇ = ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ। ਕੋਈ ਨ ਕਹਿ ਹੈ– ਕੋਈ ਨਹੀਂ ਆਖਦਾ।

ਅਰਥ: ਹੇ ਕਬੀਰ! ਥੋੜ੍ਹੇ ਪਾਣੀ ਵਿਚ ਮੱਛੀ ਰਹਿੰਦੀ ਹੋਵੇ, ਤਾਂ ਝੀਊਰ ਆ ਕੇ ਜਾਲ ਪਾ ਲੈਂਦਾ ਹੈ (ਤਿਵੇਂ ਜੇ ਜੀਵ ਦੁਨਿਆਵੀ ਭੋਗ ਵਿੱਦਿਆ ਧਨ ਆਦਿਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਏ ਤਾਂ ਮਾਇਆ ਦੇ 'ਪਾਂਚਉ ਲਰਿਕਾ' ਅਸਾਨੀ ਨਾਲ ਹੀ ਗ੍ਰਸ ਲੈਂਦੇ ਹਨ) । ਹੇ ਮੱਛੀ! ਇਸ ਟੋਏ ਵਿਚ ਰਹਿ ਕੇ ਤੂੰ ਝੀਊਰ ਦੇ ਜਾਲ ਤੋਂ ਬਚ ਨਹੀਂ ਸਕਦੀ, ਜੇ ਬਚਣਾ ਹੈ ਤਾਂ ਸਮੁੰਦਰ ਲੱਭ (ਹੇ ਜਿੰਦੇ! ਇਹਨਾਂ ਭੋਗ-ਪਦਾਰਥਾਂ ਨੂੰ ਆਸਰਾ ਬਣਾਇਆਂ ਤੂੰ ਕਾਮਾਦਿਕ ਦੀ ਮਾਰ ਤੋਂ ਬਚ ਨਹੀਂ ਸਕਦੀ; ਇਹ ਹੋਛੇ ਆਸਰੇ ਛੱਡ, ਤੇ ਪਰਮਾਤਮਾ ਨੂੰ ਲੱਭ) ।49।

ਹੇ ਕਬੀਰ! ਸਮੁੰਦਰ ਨਾਹ ਛੱਡੀਏ, ਚਾਹੇ (ਉਸ ਦਾ ਪਾਣੀ) ਬੜਾ ਹੀ ਖਾਰਾ ਹੋਵੇ; ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ-ਕੋਈ ਨਹੀਂ ਆਖਦਾ ਕਿ ਇਹ ਕੰਮ ਚੰਗਾ ਹੈ ।50।

ਨੋਟ: ਦੁਨੀਆ ਦੇ ਭੋਗ ਸੁਆਦਲੇ ਜਾਪਦੇ ਹਨ, ਧਨ ਵਿੱਦਿਆ ਆਦਿਕ ਦਾ ਮਾਣ ਭੀ ਹੁਲਾਰੇ ਵਿਚ ਲੈ ਆਉਂਦਾ ਹੈ। ਪ੍ਰਭੂ ਦੀ ਯਾਦ ਇਹਨਾਂ ਦੇ ਟਾਕਰੇ ਤੇ ਬੇ-ਸੁਆਦੀ ਚੀਜ਼ ਜਾਪਦੀ ਹੈ, ਆਪਾ ਵਾਰਨਾ ਪੈਂਦਾ ਹੈ। ਪਰ, ਫਿਰ ਭੀ ਪ੍ਰਭੂ ਦੇ ਨਾਮ ਦੇ ਸਾਹਮਣੇ ਦੁਨੀਆ ਵਾਲੇ ਇਹ ਸਾਰੇ ਆਸਰੇ ਹੋਛੇ ਹਨ; ਇਹਨਾਂ ਦੀ ਟੇਕ ਰੱਖਿਆਂ ਕਾਮਾਦਿਕ ਆ ਦਬਾਂਦੇ ਹਨ, ਜੀਵਨ ਦੇ ਰਾਹ ਤੋਂ ਖੁੰਝ ਜਾਈਦਾ ਹੈ ਤੇ ਅੰਤ ਫਿਟਕਾਰਾਂ ਹੀ ਖੱਟੀਦੀਆਂ ਹਨ।

ਕਬੀਰ ਨਿਗੁਸਾਂਏਂ ਬਹਿ ਗਏ ਥਾਂਘੀ ਨਾਹੀ ਕੋਇ ॥ ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ ॥੫੧॥ {ਪੰਨਾ 1367}

ਪਦ ਅਰਥ: ਗੁਸਾਂਈ = ਗੋ-ਸਾਈਂ, ਧਰਤੀ ਦਾ ਸਾਈਂ, ਪ੍ਰਭੂ-ਖਸਮ। ਨਿਗੁਸਾਇਆ = ਨਿ-ਖਸਮਾ। ਨਿ-ਗੁਸਾਂਏਂ = ਨਿ-ਖਸਮੇ। ਬਹਿ ਗਏ = ਰੁੜ੍ਹ ਗਏ। ਥਾਂਘੀ = ਮਲਾਹ, ਗੁਰੂ-ਮਲਾਹ। ਦੀਨ = ਦੀਨਤਾ, ਨਿਮ੍ਰਤਾ। ਆਪੁਨੀ = (ਜਿਨ੍ਹਾਂ ਨੇ) ਆਪਣੀ (ਬਣਾਈ) । ਕਰਤੇ ਹੋਇ ਸੁ ਹੋਇ = ਕਰਤਾਰ ਵਲੋਂ ਜੋ ਹੁੰਦਾ ਹੈ ਸੋ (ਸਹੀ) ਹੁੰਦਾ ਹੈ, ਉਹਨਾਂ ਨੂੰ ਕਰਤਾਰ ਦੀ ਰਜ਼ਾ ਮਿੱਠੀ ਲੱਗਦੀ ਹੈ।

ਨੋਟ: ਇਹ ਸੰਸਾਰ, ਮਾਨੋ, ਇਕ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਠਾਠਾਂ ਪੈ ਰਹੀਆਂ ਸਨ। ਹਰੇਕ ਪ੍ਰਾਣੀ ਦੀ ਜ਼ਿੰਦਗੀ, ਮਾਨੋ, ਇਕ ਨਿੱਕੀ ਜਿਹੀ ਬੇੜੀ ਹੈ ਜੋ ਇਸ ਸਮੁੰਦਰ ਵਿਚੋਂ ਤਰ ਕੇ ਲੰਘਣੀ ਹੈ। ਦਰਿਆ ਵਿਚੋਂ ਬੇੜੀ ਤੇ ਸਮੁੰਦਰ ਵਿਚੋਂ ਜਹਾਜ਼ ਤਦੋਂ ਹੀ ਸਹੀ ਸਲਾਮਤ ਪਾਰ ਲੰਘ ਸਕਦੇ ਹਨ ਜੇ ਇਹਨਾਂ ਨੂੰ ਚਲਾਣ ਵਾਲੇ ਸਿਆਣੇ ਮਲਾਹ ਹੋਣ। ਨਿਖਸਮੀਆਂ ਤੇ ਮਲਾਹ-ਹੀਣ ਬੇੜੀਆਂ ਠਿੱਲਾਂ ਦੇ ਮੂੰਹ ਆ ਕੇ ਜ਼ਰੂਰ ਡੁੱਬ ਜਾਂਦੀਆਂ ਹਨ। ਇਸੇ ਤਰ੍ਹਾਂ ਜਿਨ੍ਹਾਂ ਪ੍ਰਾਣੀਆਂ ਦੀਆਂ ਜ਼ਿੰਦਗੀ-ਰੂਪ ਬੇੜੀਆਂ ਦਾ ਕੋਈ ਗੁਰੂ-ਮਲਾਹ ਨਹੀਂ ਹੁੰਦਾ, ਉਹ ਬੇੜੀਆਂ ਵਿਕਾਰਾਂ ਦੀਆਂ ਠਿੱਲਾਂ ਨਾਲ ਟੱਕਰ ਖਾ ਕੇ ਡੁੱਬ ਜਾਂਦੀਆਂ ਹਨ। ਪਰ ਜਿਨ੍ਹਾਂ ਨੇ ਆਪਣੀ ਚਤੁਰਾਈ ਛੱਡ ਕੇ ਨਿਮ੍ਰਤਾ ਨਾਲ ਗੁਰੂ-ਮਲਾਹ ਦਾ ਆਸਰਾ ਤੱਕਿਆ ਹੈ, ਉਹ ਇਹਨਾਂ ਠਿੱਲਾਂ ਤੋਂ ਨਹੀਂ ਡਰਦੇ, ਉਹਨਾਂ ਨੂੰ ਆਪਣੇ ਗੁਰੂ ਤੇ ਯਕੀਨ ਹੁੰਦਾ ਹੈ ਕਿ ਉਹ ਪਾਰ ਲੰਘਾ ਲਏਗਾ।

ਅਰਥ: ਹੇ ਕਬੀਰ! (ਇਹ ਸੰਸਾਰ, ਮਾਨੋ ਸਮੁੰਦਰ ਹੈ, ਜਿਸ ਵਿਚੋਂ ਦੀ ਜੀਵਾਂ ਦੇ ਜ਼ਿੰਦਗੀ ਦੇ ਬੇੜੇ ਤਰ ਕੇ ਲੰਘ ਰਹੇ ਹਨ, ਪਰ) ਜੋ ਬੇੜੇ ਨਿ-ਖਸਮੇ ਹੁੰਦੇ ਹਨ ਜਿਨ੍ਹਾਂ ਉਤੇ ਕੋਈ ਗੁਰੂ-ਮਲਾਹ ਨਹੀਂ ਹੁੰਦਾ ਉਹ ਡੁੱਬ ਜਾਂਦੇ ਹਨ। ਜਿਨ੍ਹਾਂ ਬੰਦਿਆਂ ਨੇ (ਆਪਣੀ ਸਿਆਣਪ ਛੱਡ ਕੇ) ਨਿਮ੍ਰਤਾ ਤੇ ਗ਼ਰੀਬੀ ਧਾਰ ਕੇ (ਗੁਰੂ-ਮਲਾਹ ਦਾ ਆਸਰਾ ਲਿਆ ਹੈ, ਉਹ ਸੰਸਾਰ-ਸਮੁੰਦਰ ਦੀਆਂ ਠਿੱਲਾਂ ਵੇਖ ਕੇ) ਜੋ ਹੁੰਦਾ ਹੈ ਉਸ ਨੂੰ ਕਰਤਾਰ ਦੀ ਰਜ਼ਾ ਜਾਣ ਕੇ ਬੇ-ਫ਼ਿਕਰ ਰਹਿੰਦੇ ਹਨ (ਉਹਨਾਂ ਨੂੰ ਆਪਣੇ ਬੇੜੇ ਦੇ ਡੁੱਬਣ ਦਾ ਕੋਈ ਫ਼ਿਕਰ ਨਹੀਂ ਹੁੰਦਾ ਹੈ) ।51।

ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥ ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥੫੨॥ {ਪੰਨਾ 1367}

ਪਦ ਅਰਥ: ਬੈਸਨਉ = ਪਰਮਾਤਮਾ ਦਾ ਭਗਤ। ਕੂਕਰਿ = ਕੁੱਤੀ (ਕੂਕਰੁ = ਕੁੱਤਾ) । ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਬੰਦਾ, ਮਨਮੁਖ। ਮਾਇ = ਮਾਂ। ਬੁਰੀ = ਭੈੜੀ, ਮੰਦ-ਭਾਗਣ। ਓਹ = (ਇਹ ਲਫ਼ਜ਼ ਪੁਲਿੰਗ ਹੈ, ਲਫ਼ਜ਼ 'ਉਹ' ਇਸਤ੍ਰੀ ਲਿੰਗ ਹੈ) ਉਹ ਭਗਤ। ਜਸੁ = ਵਡਿਆਈ। ਬਿਸਾਹਣ = ਵਿਹਾਝਣ।

ਅਰਥ: ਹੇ ਕਬੀਰ! (ਕਿਸੇ) ਭਗਤ ਦੀ ਕੁੱਤੀ ਭੀ ਭਾਗਾਂ ਵਾਲੀ ਜਾਣ, ਪਰ ਰੱਬ ਤੋਂ ਟੁੱਟੇ ਹੋਏ ਬੰਦੇ ਦੀ ਮਾਂ ਭੀ ਮੰਦ-ਭਾਗਣ ਹੈ; ਕਿਉਂਕਿ ਉਹ ਭਗਤ ਸਦਾ ਹਰਿ-ਨਾਮ ਦੀ ਵਡਿਆਈ ਕਰਦਾ ਹੈ ਉਸ ਦੀ ਸੰਗਤਿ ਵਿਚ ਰਹਿ ਕੇ ਉਹ ਕੁੱਤੀ ਭੀ ਸੁਣਦੀ ਹੈ, (ਸਾਕਤ ਨਿਤ ਪਾਪ ਕਮਾਂਦਾ ਹੈ, ਉਸ ਦੇ ਕੁਸੰਗ ਵਿਚ) ਉਸ ਦੀ ਮਾਂ ਭੀ ਪਾਪਾਂ ਦੀ ਭਾਗਣ ਬਣਦੀ ਹੈ ।52।

ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥ ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥੫੩॥ {ਪੰਨਾ 1367}

ਪਦ ਅਰਥ: ਦੂਬਲਾ = ਦੁਬਲਾ, ਕਮਜ਼ੋਰ। ਹਰਨਾ = ਜੀਵ = ਹਰਨ। ਇਹੁ = ਇਹ ਜਗਤ। ਇਹੁ ਤਾਲੁ = ਇਹ, ਜਗਤ = ਰੂਪ ਤਲਾਬ। ਹਰੀਆਰਾ = ਹਰਿਆਵਲਾ, ਜਿਸ ਵਿਚ ਮਾਇਕ ਭੋਗਾਂ ਦੀ ਹਰਿਆਵਲ ਹੈ। ਅਹੇਰੀ = ਸ਼ਿਕਾਰੀ, ਬੇਅੰਤ ਵਿਕਾਰ। ਏਕੁ = ਇਕੱਲਾ। ਜੀਉ = ਜੀਵ, ਜਿੰਦ। ਕੇਤਾ ਕਾਲੁ = ਕਿਤਨਾ ਕੁ ਸਮਾ? ਬਹੁਤ ਚਿਰ ਤਕ ਨਹੀਂ। ਬੰਚਉ = ਮੈਂ ਬਚ ਸਕਦਾ ਹਾਂ।

ਅਰਥ: ਹੇ ਕਬੀਰ! ਇਹ ਜਗਤ ਇਕ ਐਸਾ ਸਰੋਵਰ ਹੈ ਜਿਸ ਵਿਚ ਬੇਅੰਤ ਮਾਇਕ ਭੋਗਾਂ ਦੀ ਹਰਿਆਵਲ ਹੈ, ਮੇਰੀ ਇਹ ਜਿੰਦ-ਰੂਪ ਹਰਨ ਕਮਜ਼ੋਰ ਹੈ (ਇਸ ਹਰਿਆਵਲ ਵਲ ਜਾਣ ਤੋਂ ਰਹਿ ਨਹੀਂ ਸਕਦਾ) । ਮੇਰੀ ਜਿੰਦ ਇੱਕ-ਇਕੱਲੀ ਹੈ, (ਇਸ ਨੂੰ ਫਸਾਣ ਲਈ ਮਾਇਕ ਭੋਗ) ਲੱਖਾਂ ਸ਼ਿਕਾਰੀ ਹਨ, (ਇਹਨਾਂ ਦੀ ਮਾਰ ਤੋਂ ਆਪਣੇ ਉੱਦਮ ਨਾਲ) ਮੈਂ ਬਹੁਤਾ ਚਿਰ ਬਚ ਨਹੀਂ ਸਕਦਾ ।53।

ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ ॥ ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥੫੪॥ {ਪੰਨਾ 1367}

ਪਦ ਅਰਥ: ਤੀਰ = ਕੰਢਾ। ਜੁ = ਜੇ। ਕਰਹਿ = ਤੂੰ ਬਣਾ ਲਏਂ। ਨਿਰਮਲ = ਸਾਫ਼। ਨੀਰੁ = ਪਾਣੀ। ਮੁਕਤਿ = ('ਲਾਖ ਅਹੇਰੀ' ਆਦਿਕ ਵਿਕਾਰਾਂ ਤੋਂ) ਖ਼ਲਾਸੀ। ਇਉ ਕਹਿ = ਇਸ ਤਰ੍ਹਾਂ ਆਖ ਕੇ। ਰਮੇ = (ਪ੍ਰਭੂ ਦਾ ਨਾਮ) ਸਿਮਰਦਾ ਹੈ।

ਅਰਥ: ਹੇ ਕਬੀਰ! ਜੇ ਤੂੰ ਗੰਗਾ ਦੇ ਕੰਢੇ ਉਤੇ (ਰਹਿਣ ਲਈ) ਆਪਣਾ ਘਰ ਬਣਾ ਲਏਂ, ਤੇ (ਗੰਗਾ ਦਾ) ਸਾਫ਼ ਪਾਣੀ ਪੀਂਦਾ ਰਹੇਂ, ਤਾਂ ਭੀ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ('ਲਾਖ ਅਹੇਰੀ' ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਕਬੀਰ ਤਾਂ ਇਹ ਗੱਲ ਦੱਸ ਕੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹੈ ।54।

ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥ ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥ {ਪੰਨਾ 1367}

ਅਰਥ: ਹੇ ਕਬੀਰ! (ਗੰਗਾ ਆਦਿਕ ਤੀਰਥਾਂ ਦੇ ਸਾਫ਼ ਜਲ ਦੇ ਕੰਢੇ ਰਿਹੈਸ਼ ਰੱਖਿਆਂ ਤਾਂ ਕਾਮਾਦਿਕ ਵਿਕਾਰ ਖ਼ਲਾਸੀ ਨਹੀਂ ਕਰਦੇ, ਤੇ ਨਾਹ ਹੀ ਮਨ ਪਵਿਤ੍ਰ ਹੋ ਸਕਦਾ ਹੈ, ਪਰ) ਜਦੋਂ (ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ) ਮੇਰਾ ਮਨ ਗੰਗਾ ਦੇ ਸਾਫ਼ ਪਾਣੀ ਵਰਗਾ ਪਵਿੱਤ੍ਰ ਹੋ ਗਿਆ, ਤਾਂ ਪਰਮਾਤਮਾ ਮੈਨੂੰ ਕਬੀਰ ਕਬੀਰ ਆਖ ਕੇ ('ਵਾਜਾਂ ਮਾਰਦਾ) ਮੇਰੇ ਪਿੱਛੇ ਤੁਰਿਆ ਫਿਰੇਗਾ ।55।

ਨੋਟ: ਸ਼ਲੋਕ ਨੰ: 54 ਅਤੇ 55 ਮਿਲਵਾਂ ਖ਼ਿਆਲ ਦੇਂਦੇ ਹਨ ਕਿ ਤੀਰਥਾਂ ਤੇ ਰਿਹੈਸ਼ ਰੱਖਿਆਂ ਮਨ ਵਿਕਾਰਾਂ ਤੋਂ ਨਹੀਂ ਬਚਦਾ, ਸਿਮਰਨ ਨਾਲ ਹੀ ਪਵਿਤ੍ਰ ਹੁੰਦਾ ਹੈ, ਤੇ ਇਤਨਾ ਪਵਿੱਤ੍ਰ ਹੋ ਜਾਂਦਾ ਹੈ ਕਿ ਪਰਮਾਤਮਾ ਆਪ ਮਨੁੱਖ ਦੇ ਅੰਦਰ ਆ ਪਰਗਟ ਹੁੰਦਾ ਹੈ।

ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ॥ ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ ॥੫੬॥ ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ ॥ ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥ {ਪੰਨਾ 1367}

ਪਦ ਅਰਥ: ਹਰਦੀ = ਹਲਦੀ। ਪੀਅਰੀ = ਪੀਲੀ, ਪੀਲੇ ਰੰਗ ਦੀ। ਊਜਲ ਭਾਇ = ਚਿੱਟੇ ਰੰਗ ਤੇ, ਚਿੱਟਾ। ਸਨੇਹੀ = ਸਨੇਹ ਕਰਨ ਵਾਲਾ, ਪਿਆਰ ਕਰਨ ਵਾਲਾ। ਤਉ = ਤਦੋਂ। ਦੋਨਉ ਬਰਨ = ਦੋਵੇਂ ਉੱਚੀ ਤੇ ਨੀਵੀਂ ਜਾਤਿ (ਦਾ ਵਿਤਕਰਾ) ।56।

ਪੀਰਤਨੁ = ਪਿਲੱਤਣ, ਪੀਲਾ ਰੰਗ। ਹਰੈ = ਦੂਰ ਕਰ ਦੇਂਦੀ ਹੈ। ਚੂਨ ਚਿਹਨੁ = ਚੂਨੇ ਦਾ ਚਿਹਨ, ਚੂਨੇ ਦਾ ਚਿੱਟਾ ਰੰਗ। ਨ ਰਹਾਇ = ਨਹੀਂ ਰਹਿੰਦਾ। ਬਲਿਹਾਰੀ = ਸਦਕੇ, ਕੁਰਬਾਨ। ਜਿਹ = ਜਿਸ ਪ੍ਰੀਤਿ ਦੀ ਬਰਕਤਿ ਨਾਲ ।57।

ਅਰਥ: ਹੇ ਕਬੀਰ! ਹਲਦੀ ਪੀਲੇ ਰੰਗ ਦੀ ਹੁੰਦੀ ਹੈ, ਚੂਨਾ ਸਫ਼ੈਦ ਹੁੰਦਾ ਹੈ (ਪਰ ਜਦੋਂ ਇਹ ਦੋਵੇਂ ਮਿਲਦੇ ਹਨ ਤਾਂ ਦੋਹਾਂ ਦਾ ਰੰਗ ਦੂਰ ਹੋ ਜਾਂਦਾ ਹੈ, ਤੇ ਲਾਲ ਰੰਗ ਪੈਦਾ ਹੋ ਜਾਂਦਾ ਹੈ; ਇਸੇ ਤਰ੍ਹਾਂ) ਪਰਮਾਤਮਾ ਨਾਲ ਪਿਆਰ ਕਰਨ ਵਾਲਾ ਮਨੁੱਖ ਪਰਮਾਤਮਾ ਨੂੰ ਤਦੋਂ ਮਿਲਿਆ ਸਮਝੋ, ਜਦੋਂ ਮਨੁੱਖ ਉੱਚੀ ਨੀਵੀਂ ਦੋਵੇਂ ਜਾਤੀਆਂ (ਦਾ ਵਿਤਕਰਾ) ਮਿਟਾ ਦੇਂਦਾ ਹੈ, (ਤੇ ਉਸ ਦੇ ਅੰਦਰ ਸਭ ਜੀਵਾਂ ਵਿਚ ਇੱਕ ਪ੍ਰਭੂ ਦੀ ਜੋਤਿ ਹੀ ਵੇਖਣ ਦੀ ਸੂਝ ਪੈਦਾ ਹੋ ਜਾਂਦੀ ਹੈ) ।56।

ਹੇ ਕਬੀਰ! (ਜਦੋਂ ਹਲਦੀ ਤੇ ਚੂਨਾ ਮਿਲਦੇ ਹਨ ਤਾਂ) ਹਲਦੀ ਆਪਣਾ ਪੀਲਾ ਰੰਗ ਛੱਡ ਦੇਂਦੀ ਹੈ, ਚੂਨੇ ਦਾ ਚਿੱਟਾ ਰੰਗ ਹੋ ਜਾਂਦਾ ਹੈ, (ਇਸੇ ਤਰ੍ਹਾਂ ਸਿਮਰਨ ਦੀ ਬਰਕਤਿ ਨਾਲ ਨੀਵੀਂ ਜਾਤਿ ਵਾਲੇ ਮਨੁੱਖ ਦੇ ਅੰਦਰੋਂ ਨੀਵੀਂ ਜਾਤਿ ਵਾਲੀ ਢਹਿੰਦੀ ਕਲਾ ਮਿਟ ਜਾਂਦੀ ਹੈ, ਤੇ ਉੱਚੀ ਜਾਤਿ ਵਾਲੇ ਦੇ ਮਨ ਵਿਚੋਂ ਉੱਚਤਾ ਦਾ ਮਾਣ ਦੂਰ ਹੁੰਦਾ ਹੈ) । ਮੈਂ ਸਦਕੇ ਹਾਂ ਇਸ ਪ੍ਰਭੂ-ਪ੍ਰੀਤਿ ਤੋਂ, ਜਿਸ ਦਾ ਸਦਕਾ ਉੱਚੀ ਨੀਵੀਂ ਜਾਤਿ ਵਰਨ ਕੁਲ (ਦਾ ਫ਼ਰਕ) ਮਿਟ ਜਾਂਦਾ ਹੈ ।57।

ਨੋਟ: ਜਿਵੇਂ ਗੰਗਾ ਆਦਿਕ ਤੀਰਥਾਂ ਦਾ ਇਸ਼ਨਾਨ 'ਪਾਂਚਉ ਲਰਿਕਾ' ਅਤੇ 'ਲਾਖ ਅਹੇਰੀ' ਦੀ ਮਾਰ ਤੋਂ ਨਹੀਂ ਬਚਾ ਸਕਦਾ, ਤਿਵੇਂ ਉੱਚੀ ਜਾਤਿ ਵਿਚ ਜਨਮਣਾ ਭੀ ਕੋਈ ਸਹੈਤਾ ਨਹੀਂ ਕਰਦਾ।

ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ ॥ ਮਨੁ ਤਉ ਮੈਗਲੁ ਹੋਇ ਰਹਿਓ ਨਿਕਸੋ ਕਿਉ ਕੈ ਜਾਇ ॥੫੮॥ ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥ ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੫੯॥ {ਪੰਨਾ 1367}

ਪਦ ਅਰਥ: ਮੁਕਤਿ ਦੁਆਰਾ = ਉਹ ਦਰਵਾਜ਼ਾ ਜਿਸ ਵਿਚੋਂ ਲੰਘ ਕੇ 'ਲਾਖ ਅਹੇਰੀ' ਅਤੇ 'ਪਾਂਚਉ ਲਰਿਕਾ' ਤੋਂ ਖ਼ਲਾਸੀ ਹੋ ਸਕਦੀ ਹੈ। ਸੰਕੁਰਾ = ਭੀੜਾ। ਦਸਏਂ ਭਾਇ = ਦਸਵਾਂ ਹਿੱਸਾ। ਮੈਗਲ = (Skt. मदकल) ਮਸਤ ਹਾਥੀ, ਤੀਰਥ = ਇਸ਼ਨਾਨ ਅਤੇ ਉੱਚੀ ਜਾਤਿ ਵਿਚ ਜਨਮ ਦੇ ਅਹੰਕਾਰ ਨਾਲ ਹਾਥੀ ਵਾਂਗ ਮਸਤਿਆ ਹੋਇਆ। ਕਿਉ ਕੈ = ਕਿਉ ਕਰਿ? ਕਿਵੇਂ? ਕਿਸ ਤਰ੍ਹਾਂ? (ਭਾਵ, ਨਹੀਂ) । ਨਿਕਸੋ ਜਾਇ = ਲੰਘਿਆ ਜਾਏ ।58।

ਤੁਠਾ = ਪ੍ਰਸੰਨ ਹੋ ਕੇ। ਪਸਾਉ = ਪ੍ਰਸਾਦ, ਮੇਹਰ, ਕਿਰਪਾ। ਮੋਕਲਾ = ਖੁਲ੍ਹਾ। ਸਹਜੇ = ਸਹਜ ਵਿਚ, ਅਡੋਲ ਅਵਸਥਾ ਵਿਚ ਟਿਕ ਕੇ, 'ਪਾਂਚਉ ਲਰਿਕਾ' ਅਤੇ 'ਲਾਖ ਅਹੇਰੀ' ਦੀ ਘਬਰਾਹਟ ਤੋਂ ਪਰੇ ਰਹਿ ਕੇ। ਆਵਉ ਜਾਉ = ਬੇਸ਼ੱਕ ਕਿਰਤ-ਕਾਰ ਕਰਦੇ ਫਿਰੋ ।59।

ਅਰਥ: ਹੇ ਕਬੀਰ! ਉਹ ਦਰਵਾਜ਼ਾ ਜਿਸ ਵਿਚੋਂ ਦੀ ਲੰਘ ਕੇ 'ਲਾਖ ਅਹੇਰੀ' ਅਤੇ 'ਪਾਂਚਉ ਲਰਿਕਾ' ਤੋਂ ਖ਼ਲਾਸੀ ਹੁੰਦੀ ਹੈ, ਬਹੁਤ ਭੀੜਾ ਹੈ, ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਸਮਝੋ, ਪਰ ਜਿਸ ਮਨੁੱਖ ਦਾ ਮਨ ਤੀਰਥ-ਇਸ਼ਨਾਨ ਅਤੇ ਉੱਚੀ ਜਾਤਿ ਵਿਚ ਜਨਮ ਲੈਣ ਦੇ ਅਹੰਕਾਰ ਨਾਲ ਮਸਤ ਹਾਥੀ ਵਰਗਾ ਬਣਿਆ ਪਿਆ ਹੈ, ਉਹ ਇਸ ਦਰਵਾਜ਼ੇ ਵਿਚੋਂ ਦੀ ਨਹੀਂ ਲੰਘ ਸਕਦਾ ।58।

ਹੇ ਕਬੀਰ! ਜੇ ਕੋਈ ਅਜਿਹਾ ਗੁਰੂ ਮਿਲ ਪਏ, ਜੋ ਪ੍ਰਸੰਨ ਹੋ ਕੇ (ਮਨੁੱਖ ਉਤੇ) ਮੇਹਰ ਕਰੇ ਤਾਂ ਉਹ ਦਰਵਾਜ਼ਾ ਜਿਸ ਰਾਹੀਂ ਇਹਨਾਂ ਕਾਮਾਦਿਕਾਂ ਤੋਂ ਖ਼ਲਾਸੀ ਹੋ ਸਕਦੀ ਹੈ, ਖੁੱਲ੍ਹਾ ਹੋ ਜਾਂਦਾ ਹੈ, (ਗੁਰੂ-ਦਰ ਤੋਂ ਮਿਲੀ) ਅਡੋਲ ਅਵਸਥਾ ਵਿਚ ਟਿਕ ਕੇ ਫਿਰ ਬੇ-ਸ਼ੱਕ ਕਿਰਤ-ਕਾਰ ਕਰਦੇ ਫਿਰੋ ।59।

ਨੋਟ: ਕਬੀਰ ਜੀ ਦੇ ਇਹਨਾਂ ਸ਼ਲੋਕਾਂ ਦੇ ਨਾਲ ਰਲਾ ਕੇ ਗੁਰੂ ਅਮਰਦਾਸ ਜੀ ਦਾ ਹੇਠ ਲਿਖਿਆ ਸ਼ਲੋਕ ਪੜ੍ਹੋ ਜੋ ਰਾਗ ਗੂਜਰੀ ਦੀ ਵਾਰ ਮ: 3 ਦੀ ਪਉੜੀ ਨੰ: 4 ਦੇ ਨਾਲ ਦਰਜ ਹੈ:

ਨਾਨਕ ਮੁਕਤਿ ਦੁਆਰਾ ਅਤਿ ਨੀਕਾ, ਨਾਨ੍ਹ੍ਹਾ ਹੋਇ ਸੁ ਜਾਇ ॥ ਹਉਮੈ ਮਨੁ ਅਸਥੂਲੁ ਹੈ, ਕਿਉਕਰਿ ਵਿਚੁਦੇ ਜਾਇ ॥ ਸਤਿਗੁਰਿ ਮਿਲਿਐ ਹਉਮੈ ਗਈ, ਜੋਤਿ ਰਹੀ ਸਭ ਆਇ ॥ ਇਹੁ ਜੀਉ ਸਦਾ ਮੁਕਤੁ ਹੈ, ਸਹਜੇ ਰਹਿਆ ਸਮਾਇ ॥2॥4॥

ਗੁਰੂ ਅਮਰਦਾਸ ਜੀ ਨੇ ਕਬੀਰ ਜੀ ਦੇ ਲਫ਼ਜ਼ 'ਮੈਗਲ' ਦੀ ਵਿਆਖਿਆ ਕਰ ਦਿੱਤੀ ਹੈ "ਹਉਮੈ ਮਨੁ ਅਸਥੂਲੁ"। 'ਤੁਠਾ' ਗੁਰੂ ਕੀਹ 'ਪਸਾਉ' ਕਰਦਾ ਹੈ? "ਸਤਿਗੁਰਿ ਮਿਲਿਐ ਹਉਮੈ ਗਈ"।

ਇਕ ਗੱਲ ਸਾਫ਼ ਪ੍ਰਤੱਖ ਹੈ। ਜਦੋਂ ਗੁਰੂ ਅਮਰਦਾਸ ਜੀ ਨੇ ਇਹ ਸ਼ਲੋਕ ਲਿਖਿਆ ਸੀ, ਕਬੀਰ ਜੀ ਦੇ ਇਹ ਦੋਵੇਂ ਸ਼ਲੋਕ ਉਹਨਾਂ ਪਾਸ ਮੌਜੂਦ ਸਨ। ਇਹ ਕਹਾਣੀ ਗ਼ਲਤ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ।

ਕਬੀਰ ਨਾ ਮੋੁਹਿ ਛਾਨਿ ਨ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ ॥ ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥੬੦॥ ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥ ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥ {ਪੰਨਾ 1367}

ਨੋਟ: ਜਿਵੇਂ ਤੀਰਥ-ਇਸ਼ਨਾਨ ਅਤੇ ਉੱਚੀ ਜਾਤਿ ਕੁਲ ਦਾ ਆਸਰਾ ਸਿਮਰਨ ਕਰਨ ਨਹੀਂ ਦੇਂਦੇ, ਸਗੋਂ 'ਲਾਖ ਅਹੇਰੀ' ਅਤੇ 'ਪਾਂਚਉ ਲਰਿਕਾ' ਦੇ ਜਾਲ ਵਿਚ ਫਸਾ ਦੇਂਦੇ ਹਨ, ਤਿਵੇਂ ਹੀ ਜਾਇਦਾਦ ਦੀ ਮਲਕੀਅਤ, ਮਾਇਆ ਦੀ ਮਮਤਾ ਭੀ ਪ੍ਰਭੂ-ਚਰਨਾਂ ਵਿਚ ਜੁੜਨ ਨਹੀਂ ਦੇਂਦੀ।

ਪਦ ਅਰਥ: ਮੋੁਹਿ = (ਅਸਲ ਲਫ਼ਜ਼ 'ਮੋਹਿ' ਹੈ, ਇਥੇ 'ਮੁਹਿ' ਪੜ੍ਹਨਾ ਹੈ। ਪਾਠ ਦੀ ਚਾਲ ਨੂੰ ਠੀਕ ਰੱਖਣ ਲਈ ਇਕ ਮਾਤ੍ਰਾ ਘਟਾਣੀ ਹੈ) ਮੇਰੇ ਪਾਸ। ਛਾਨਿ = ਛੰਨ। ਛਾਪਰੀ = ਕੁੱਲੀ। ਗਾਉ = ਪਿੰਡ। ਮਤ = ਮਤਾਂ, ਸ਼ਾਇਦ। ਮੇਰੇ = ਮੇਰੇ ਪਾਸ (ਆਸਰਾ) । ਨਾਉ = ਨਾਮਣਾ, ਮਲਕੀਅਤ ਦੀ ਵਡਿਆਈ ।60।

ਮੁਹਿ = ਮੈਨੂੰ। ਮਰਨੇ ਕਾ = ਆਪਾ-ਭਾਵ ਮਿਟਾਣ ਦਾ, ਚੰਗੇ ਕਰਮ ਉੱਚੀ ਜਾਤਿ ਅਤੇ ਮਲਕੀਅਤ ਦੇ ਮਾਣ ਵਲੋਂ ਮਰਨ ਦਾ। ਚਾਉ = ਤਾਂਘ। ਮਰਉ = ਜੇ ਮੈਂ ਇਹ ਮਰਨੀ ਮਰਨਾ ਚਾਹੁੰਦਾ ਹਾਂ। ਤ = ਤਾਂ। ਬਾਰ = ਦਰਵਾਜ਼ੇ ਤੇ ।61।

ਅਰਥ: ਹੇ ਕਬੀਰ! ਮੇਰੇ ਪਾਸ ਨਾਹ ਕੋਈ ਛੰਨ ਨਾਹ ਕੁੱਲੀ; ਨਾਹ ਮੇਰੇ ਪਾਸ ਕੋਈ ਘਰ ਨਾਹ ਗਿਰਾਂ; ਜਿਵੇਂ ਮੇਰੇ ਮਨ ਵਿਚ ਜਾਤਿ ਦਾ ਕੋਈ ਵਿਤਕਰਾ ਨਹੀਂ ਤਿਵੇਂ ਮਲਕੀਅਤ ਦੇ ਨਾਮਣੇ ਦੀ ਕੋਈ ਚਾਹ ਨਹੀਂ (ਜੇ ਜਾਤਿ-ਅਭਿਮਾਨ ਤੇ ਮਾਇਆ ਦੀ ਮਮਤਾ ਛੱਡ ਦੇਈਏ ਤਾਂ) ਸ਼ਾਇਦ ਪਰਮਾਤਮਾ (ਅਸਾਡੀ) ਵਾਤ ਪੁੱਛ ਲਏ ।60।

ਹੇ ਕਬੀਰ! ਮੇਰੇ ਅੰਦਰ ਤਾਂਘ ਹੈ ਕਿ ਮੈਂ ਆਪਾ-ਭਾਵ ਮਿਟਾ ਦਿਆਂ, ਮਮਤਾ ਮੁਕਾ ਦਿਆਂ; ਪਰ ਇਹ ਆਪਾ-ਭਾਵ ਤਦੋਂ ਹੀ ਮਿਟ ਸਕਦਾ ਹੈ ਜੇ ਪ੍ਰਭੂ ਦੇ ਦਰ ਤੇ ਡਿੱਗ ਪਈਏ, (ਇਸ ਤਰ੍ਹਾਂ ਕੋਈ ਅਜਬ ਗੱਲ ਨਹੀਂ ਕਿ ਮੇਹਰ ਕਰ ਕੇ ਉਹ ਬਖ਼ਸ਼ਿੰਦ) ਪ੍ਰਭੂ ਕਦੇ ਪੁੱਛ ਹੀ ਬਹੇ ਕਿ ਮੇਰੇ ਦਰਵਾਜ਼ੇ ਉਤੇ ਕੌਣ ਡਿੱਗ ਪਿਆ ਹੈ ।61।

ਨੋਟ: ਮਮਤਾ ਤਿਆਗਣੀ ਹੈ, ਪਰ ਇਹ ਤਿਆਗ ਕੇ ਭੀ ਪ੍ਰਭੂ ਦੇ ਦਰ ਤੋਂ ਬਖ਼ਸ਼ਸ਼ ਦੀ ਆਸ ਰੱਖਣੀ ਹੈ, ਮਮਤਾ ਦੇ ਤਿਆਗ ਨਾਲ ਕੋਈ ਹੱਕ ਨਹੀਂ ਬਣ ਜਾਂਦਾ ਕਿ ਹੁਣ ਜ਼ਰੂਰ ਮਿਲ ਪਏਗਾ।

ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥ ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥ {ਪੰਨਾ 1367}

ਨੋਟ: ਪਿਛਲੇ ਸ਼ਲੋਕ ਵਿਚ ਦੇ "ਮਤ ਹਰਿ ਪੂਛੈ ਕਉਨੁ ਹੈ" ਦੇ ਖ਼ਿਆਲ ਨੂੰ ਫਿਰ ਦੁਹਰਾਇਆ ਹੈ ਕਿ ਪ੍ਰਭੂ ਦੇ ਚਰਨਾਂ ਦਾ ਪਿਆਰ ਨਿਰੋਲ ਪ੍ਰਭੂ ਦੀ ਆਪਣੀ ਦਾਤਿ ਹੈ, ਜਿਸ ਉਤੇ ਮੇਹਰ ਕਰੇ ਉਸੇ ਨੂੰ ਮਿਲਦੀ ਹੈ। ਜਗਤ ਵਿਚ 'ਲਾਖ ਅਹੇਰੀ' ਹਨ, ਮਨੁੱਖ ਆਪਣੀ ਹਿੰਮਤਿ ਨਾਲ ਇਹਨਾਂ ਤੋਂ ਬਚ ਨਹੀਂ ਸਕਦਾ, ਪ੍ਰਭੂ ਖ਼ੁਦ ਸਹੈਤਾ ਕਰੇ ਤਾਂ ਹੀ ਇਹਨਾਂ ਦੇ ਪੰਜੇ ਤੋਂ ਨਿਕਲ ਸਕੀਦਾ ਹੈ।

ਪਦ ਅਰਥ: ਨਾਹ ਹਮ ਕੀਆ = ਮੈਂ ਇਹ ਕੰਮ ਨਹੀਂ ਕੀਤਾ, ਇਹ ਮੇਰੀ ਹਿੰਮਤਿ ਨਹੀਂ ਸੀ ਕਿ ਕਾਮਾਦਿਕ "ਲਾਖ ਅਹੇਰੀ" ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ। ਨ ਕਰਹਿਗੇ = ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਮੈਂ ਇਹਨਾਂ ਵਿਕਾਰਾਂ ਦਾ ਟਾਕਰਾ ਖ਼ੁਦ ਕਰ ਸਕਾਂ। ਨਾ ਕਰਿ ਸਕੈ ਸਰੀਰੁ = ਮੇਰਾ ਇਹ ਸਰੀਰ ਭੀ ਆਪਣੇ ਆਪ ਇਤਨੀ ਹਿੰਮਤਿ ਕਰਨ = ਜੋਗਾ ਨਹੀਂ, ਕਿਉਂਕਿ ਇਸ ਦੇ ਗਿਆਨ-ਇੰਦ੍ਰੇ ਵਿਕਾਰਾਂ ਵਲ ਹੀ ਪ੍ਰੇਰ ਰਹੇ ਹਨ। ਕਿਆ ਜਾਨਉ = ਕੀਹ ਪਤਾ? ਕੋਈ ਅਜਬ ਗੱਲ ਨਹੀਂ ਕਿ, ਅਸਲ ਗੱਲ ਇਹੀ ਹੋਵੇਗੀ ਕਿ। ਕਿਛੁ = ਜੋ ਕੁਝ ਕੀਤਾ ਹੈ, ਕਾਮਾਦਿਕਾਂ ਨੂੰ ਜਿੱਤ ਕੇ ਜੋ ਭੀ ਭਗਤੀ ਕੀਤੀ ਹੈ। ਕਬੀਰੁ = ਵੱਡਾ।

ਅਰਥ: ਹੇ ਕਬੀਰ! ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਦਿਕ 'ਲਾਖ ਅਹੇਰੀ' ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ; ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਖ਼ੁਦ ਇਹਨਾਂ ਵਿਕਾਰਾਂ ਦਾ ਟਾਕਰਾ ਕਰਾਂ, ਮੇਰਾ ਇਹ ਸਰੀਰ ਇਤਨੇ ਜੋਗਾ ਹੈ ਹੀ ਨਹੀਂ। ਅਸਲ ਗੱਲ ਇਹ ਹੈ ਕਿ ਕਾਮਾਦਿਕਾਂ ਨੂੰ ਜਿੱਤ ਕੇ ਜੋ ਥੋੜ੍ਹੀ-ਬਹੁਤ ਭਗਤੀ ਮੈਥੋਂ ਹੋਈ ਹੈ ਇਹ ਸਭ ਕੁਝ ਪ੍ਰਭੂ ਨੇ ਆਪ ਕੀਤਾ ਹੈ ਤੇ (ਉਸ ਦੀ ਮੇਹਰ ਨਾਲ) ਕਬੀਰ (ਭਗਤ) ਮਸ਼ਹੂਰ ਹੋ ਗਿਆ ਹੈ ।62।

ਨੋਟ: ਇਸ ਸ਼ਲੋਕ ਦੇ ਨਾਲ ਜੱਗ ਆਦਿਕ ਦੀ ਕੱਚੀ ਕਹਾਣੀ ਜੋੜ ਕੇ ਆਪਣੀ ਸਮਝ ਨੂੰ ਹਾਸੋ-ਹੀਣਾ ਬਣਾਉਣ ਵਾਲੀ ਗੱਲ ਹੈ।

ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ ॥ ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥੬੩॥ {ਪੰਨਾ 1367}

ਪਦ ਅਰਥ: ਸੁਪਨੈ ਹੂ = ਸੁਪਨੇ ਵਿਚ। ਬਰੜਾਇ ਕੈ = ਸੁੱਤੇ ਪਿਆਂ ਸੁਪਨੇ ਆਉਣ ਤੇ ਕਈ ਵਾਰੀ ਗੱਲਾਂ ਕਰਨ ਲੱਗ ਪਈਦੀਆਂ ਹਨ, ਇਸ ਨੂੰ ਬਰੜਾਉਣਾ ਆਖੀਦਾ ਹੈ। ਜਿਹ ਮੁਖਿ = ਜਿਸ ਮਨੁੱਖ ਦੇ ਮੂੰਹੋਂ। ਨਿਕਸੈ = ਨਿਕਲੇ। ਪਗ = ਪੈਰ। ਪਾਨਹੀ = (Skt. ਉਪਾਨਹ) ਜੁੱਤੀ। ਚਾਮੁ = ਚੰਮ, ਖੱਲ।

ਅਰਥ: ਹੇ ਕਬੀਰ! ਸੁੱਤੇ ਪਿਆਂ ਸੁਪਨੇ ਵਿਚ ਉੱਚੀ ਬੋਲਿਆਂ ਜੇ ਕਿਸੇ ਮਨੁੱਖ ਦੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ ਤਾਂ ਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ (ਭਾਵ, ਮੈਂ ਹਰ ਤਰ੍ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ) ।63।

ਨੋਟ: ਜੋ ਕੰਮ ਸਾਰਾ ਦਿਨ ਕਰਦੇ ਰਹੀਏ, ਜਿਸ ਪਾਸੇ ਸਾਰਾ ਦਿਨ ਸੁਰਤਿ ਜੁੜੀ ਰਹੇ, ਰਾਤ ਨੂੰ ਸੁੱਤੇ ਪਿਆਂ ਭੀ ਆਮ ਤੌਰ ਤੇ ਸੁਰਤਿ ਨੇ ਉਧਰੇ ਹੀ ਜਾਣਾ ਹੈ ਤੇ ਉਹਨਾਂ ਹੀ ਕੰਮਾਂ ਦੇ ਸੁਪਨੇ ਆਉਣੇ ਹਨ। ਸਾਲਾਨਾ ਇਮਤਿਹਾਨ ਦੇ ਦਿਨਾਂ ਵਿਚ ਜਦੋਂ ਵਿੱਦਿਆਰਥੀ ਪੜ੍ਹਨ ਵਿਚ ਦਿਨ-ਰਾਤ ਇਕ ਕਰ ਦੇਂਦੇ ਹਨ, ਤਾਂ ਸੁੱਤੇ ਪਿਆਂ ਭੀ ਉਹੀ ਮਜ਼ਮੂਨ ਉਹੀ ਕਿਤਾਬਾਂ ਪੜ੍ਹੀ ਜਾਂਦੇ ਹਨ।

ਇਸੇ ਤਰ੍ਹਾਂ ਦਿਨੇ ਕਿਰਤ-ਕਾਰ ਕਰਦਿਆਂ ਜਿਸ ਮਨੁੱਖ ਦੀ ਸੁਰਤਿ ਪ੍ਰਭੂ ਦੀ ਯਾਦ ਵਿਚ ਜੁੜੀ ਰਹਿੰਦੀ ਹੈ, ਉਸੇ ਨੂੰ ਹੀ ਸੁਪਨੇ ਵਿਚ ਭੀ ਰੱਬ ਚੇਤੇ ਆ ਸਕਦਾ ਹੈ।

ਕਬੀਰ ਜੀ ਇਸ ਸ਼ਲੋਕ ਵਿਚ ਆਪਣੇ ਸੁਭਾਵਿਕ ਗੂਝ ਢੰਗ ਨਾਲ ਆਖਦੇ ਹਨ ਕਿ ਦਿਨ ਵੇਲੇ ਕਿਰਤ-ਕਾਰ ਕਰਦਿਆਂ ਸੁਰਤਿ ਪ੍ਰਭੂ-ਚਰਨਾਂ ਵਿਚ ਜੋੜੋ, ਰਾਤ ਨੂੰ ਸੁੱਤੇ ਪਿਆਂ ਆਪਣੇ ਆਪ ਸੁਰਤਿ ਪ੍ਰਭੂ ਵਿਚ ਜੁੜੀ ਰਹੇਗੀ; ਤੇ, ਇਸ ਤਰ੍ਹਾਂ ਉਠਦੇ ਬੈਠਦੇ ਜਾਗਦੇ ਸੁੱਤੇ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜਨ ਦੀ ਆਦਤ ਬਣ ਜਾਇਗੀ ।63।

ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓੁ ਨਾਉ ॥ ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥ {ਪੰਨਾ 1367}

ਪਦ ਅਰਥ: ਪੂਤਰੇ = ਪੁਤਲੇ। ਰਾਖਿਓੁ = ('ੳ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ) । ਅਸਲ ਲਫ਼ਜ਼ 'ਰਾਖਿਓ' ਹੈ, ਇਥੇ ਪਾਠ ਦੀ ਚਾਲ ਨੂੰ ਠੀਕ ਰੱਖਣ ਲਈ 'ਰਾਖਿਉ' ਪੜ੍ਹਨਾ ਹੈ) ਪਾਹੁਨੇ = ਪ੍ਰਾਹੁਣੇ। ਰੂੰਧਹਿ = ਅਸੀਂ ਮੱਲਦੇ ਹਾਂ। ਠਾਉ = ਥਾਂ। ਬਡ ਬਡ = ਵਧੀਕ ਵਧੀਕ, ਹੋਰ ਹੋਰ। ਮਾਨਸੁ = ਮਨੁੱਖ।

ਅਰਥ: ਹੇ ਕਬੀਰ! ਅਸੀਂ ਮਿੱਟੀ ਦੀਆਂ ਪੁਤਲੀਆਂ ਹਾਂ, ਅਸਾਂ ਆਪਣੇ ਆਪ ਦਾ ਨਾਮ ਤਾਂ ਮਨੁੱਖ ਰੱਖ ਲਿਆ ਹੈ (ਪਰ ਰਹੇ ਅਸੀਂ ਮਿੱਟੀ ਦੇ ਹੀ ਪੁਤਲੇ, ਕਿਉਂਕਿ ਜਿਸ ਪਰਮਾਤਮਾ ਨੇ ਅਸਾਡਾ ਇਹ ਪੁਤਲਾ ਸਜਾ ਕੇ ਇਸ ਵਿਚ ਆਪਣੀ ਜੋਤਿ ਪਾਈ ਹੈ ਉਸ ਨੂੰ ਵਿਸਾਰ ਕੇ ਮਿੱਟੀ ਨਾਲ ਹੀ ਪਿਆਰ ਕਰ ਰਹੇ ਹਾਂ) ; ਅਸੀਂ ਇਥੇ ਚਾਰ ਦਿਨਾਂ ਲਈ ਪ੍ਰਾਹੁਣੇ ਹਾਂ ਪਰ ਵਧੀਕ ਵਧੀਕ ਥਾਂ ਮੱਲਦੇ ਜਾ ਰਹੇ ਹਾਂ ।64।

ਨੋਟ: ਜੇਹੜੀ ਸੁਰਤਿ ਸਾਰਾ ਦਿਨ ਨਿਰੀਆਂ ਮੱਲਾਂ ਮੱਲਣ ਵਿਚ ਲੱਗੀ ਰਹੇ, ਉਹ ਰਾਤ ਨੂੰ ਸੁੱਤੇ ਪਿਆਂ ਪ੍ਰਭੂ-ਚਰਨਾਂ ਵਿਚ ਨਹੀਂ ਲੱਗ ਸਕਦੀ।

ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ ॥ ਤੈ ਸਹ ਬਾਤ ਨ ਪੂਛੀਐ ਕਬਹੁ ਨ ਲਾਈ ਪਾਇ ॥੬੫॥ {ਪੰਨਾ 1367}

ਨੋਟ: ਜ਼ਿੰਦਗੀ ਦੀ ਸਾਰੀ ਦੌੜ-ਭੱਜ ਮੱਲਾਂ ਮੱਲਣ ਵਾਸਤੇ ਹੀ ਨਹੀਂ ਚਾਹੀਦੀ; ਪਰ ਦੂਜੇ ਪਾਸੇ, ਦੁਨੀਆ ਛੱਡ ਕੇ ਧੂਣੀਆਂ ਤਪਾਇਆਂ, ਪੁੱਠੇ ਲਟਕਿਆਂ ਤੇ ਅਜੇਹੇ ਹੋਰ ਅਨੇਕਾਂ ਕਸ਼ਟ ਸਰੀਰ ਨੂੰ ਦਿੱਤਿਆਂ ਭੀ ਰੱਬ ਨਹੀਂ ਮਿਲਦਾ। ਦੁਨੀਆ ਦੀ ਕਿਰਤ-ਕਾਰ ਕਰਨੀ ਹੈ ਤੇ ਹੱਕ ਦੀ ਕਿਰਤ ਕਰਦਿਆਂ ਉਸ ਦੇ ਦਰ ਤੋਂ ਨਾਮ ਦੀ ਦਾਤਿ ਭੀ ਮੰਗਣੀ ਹੈ, ਉਸ ਦੀ ਯਾਦ ਨਿਰੋਲ ਉਸ ਦੀ ਬਖ਼ਸ਼ਸ਼ ਹੈ ਬਖ਼ਸ਼ਸ਼। ਕਿਸੇ ਜਪ ਤਪ ਦਾ ਕੋਈ ਮਾਣ ਨਹੀਂ ਕੀਤਾ ਜਾ ਸਕਦਾ, ਕੋਈ ਹੱਕ ਨਹੀਂ ਜਤਾ ਸਕੀਦਾ।

ਪਦ ਅਰਥ: ਮਹਿਦੀ ਕਰਿ = ਮਹਿੰਦੀ ਵਾਂਗ। ਘਾਲਿਆ = ਘਾਲ = ਮੇਹਨਤ ਕੀਤੀ। ਆਪੁ = ਆਪਣੇ ਆਪ ਨੂੰ। ਪੀਸਾਇ ਪੀਸਾਇ = ਪੀਹ ਪੀਹ ਕੇ, ਤਪ ਆਦਿਕਾਂ ਦੇ ਕਸ਼ਟ ਦੇ ਦੇ ਕੇ। ਸਹ = ਹੇ ਖਸਮ! ਤੈ ਬਾਤ ਨ ਪੂਛੀਐ = ਤੂੰ ਵਾਤ ਭੀ ਨਾ ਪੁੱਛੀ, ਤੂੰ ਧਿਆਨ ਭੀ ਨਾਹ ਕੀਤਾ, ਤੂੰ ਪਰਤ ਕੇ ਤੱਕਿਆ ਭੀ ਨਾਹ। ਕਬਹੁ = ਕਦੇ ਭੀ। ਨ ਲਾਈ ਪਾਇ = ਪੈਰੀਂ ਨਾਹ ਲਾਈ, ਚਰਨਾਂ ਵਿਚ ਨਾਹ ਜੋੜਿਆ (ਜਿਵੇਂ ਪੀਠੀ ਹੋਈ ਮਹਿੰਦੀ ਕੋਈ ਪੈਰੀਂ ਲਾਉਂਦਾ ਹੈ) ।

ਅਰਥ: ਹੇ ਕਬੀਰ! (ਮਹਿੰਦੀ ਪੀਹ ਪੀਹ ਕੇ ਬਾਰੀਕ ਕਰੀਦੀ ਹੈ, ਤੇ ਫਿਰ ਪੈਰੀਂ ਲਾਈਦੀ ਹੈ। ਇਸ ਤਰ੍ਹਾਂ ਮਹਿੰਦੀ ਦੇ ਸਹੇ ਹੋਏ ਕਸ਼ਟ ਮਾਨੋ, ਕਬੂਲ ਪੈ ਜਾਂਦੇ ਹਨ; ਪਰ) ਜਿਸ ਮਨੁੱਖ ਨੇ ਆਪਣੇ ਆਪ ਨੂੰ ਤਪ ਆਦਿਕਾਂ ਦੇ ਕਸ਼ਟ ਦੇ ਕੇ ਬੜੀ ਘਾਲ ਘਾਲੀ ਜਿਵੇਂ ਮਹਿੰਦੀ ਨੂੰ ਪੀਹ ਪੀਹ ਕੇ ਬਾਰੀਕ ਕਰੀਦਾ ਹੈ, ਹੇ ਪ੍ਰਭੂ! ਤੂੰ ਉਸ ਦੀ ਘਾਲ-ਕਮਾਈ ਵਲ ਤਾਂ ਪਰਤ ਕੇ ਤੱਕਿਆ ਭੀ ਨਾ, ਤੂੰ ਉਸ ਨੂੰ ਕਦੇ ਆਪਣੇ ਚਰਨਾਂ ਵਿਚ ਨਾਹ ਜੋੜਿਆ ।65।

ਨੋਟ: ਰਾਮਕਲੀ ਕੀ ਵਾਰ ਮ: 3 ਪਉੜੀ ਨੰ: 2 ਦੇ ਨਾਲ ਕਬੀਰ ਜੀ ਦਾ ਇਹ ਸ਼ਲੋਕ ਦਰਜ ਹੈ, ਤੇ ਇਸ ਸ਼ਲੋਕ ਦੇ ਨਾਲ ਗੁਰੂ ਅਮਰਦਾਸ ਜੀ ਦਾ ਹੇਠ-ਲਿਖਿਆ ਸ਼ਲੋਕ ਹੈ:

ਮ: 3॥ ਨਾਨਕ ਮਹਿਦੀ ਕਰਿ ਕੈ ਰਖਿਆ, ਸੋ ਸਹੁ ਨਦਰਿ ਕਰੇਇ ॥ ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਇ ਲਏਇ ॥ ਇਹੁ ਪਿਰਮੁ ਪਿਆਲਾ ਖਸਮ ਕਾ, ਜੈ ਭਾਵੈ ਤੇ ਦੇਇ ॥2॥2॥

ਦੋਹਾਂ ਸ਼ਲੋਕਾਂ ਨੂੰ ਰਲਾ ਕੇ ਪੜ੍ਹੋ। ਇਹ ਸ਼ਲੋਕ ਲਿਖਣ ਵੇਲੇ ਗੁਰੂ ਅਮਰਦਾਸ ਜੀ ਦੇ ਪਾਸ ਕਬੀਰ ਜੀ ਦਾ ਸ਼ਲੋਕ ਮੌਜੂਦ ਸੀ। ਸੋ, ਇਹ ਕਹਾਣੀ ਗ਼ਲਤ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ।

ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ ॥ ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ ॥੬੬॥ {ਪੰਨਾ 1367}

ਪਦ ਅਰਥ: ਹਟਕੈ = ਰੋਕ ਪਾਂਦਾ ਹੈ, ਟੋਕਦਾ ਹੈ, ਜ਼ਿੰਦਗੀ ਦੇ ਸਹੀ ਰਾਹ ਤੋਂ ਰੋਕਦਾ ਹੈ। ਆਵਤ ਜਾਤਿਅਹੁ = ਆਉਣ ਜਾਣ ਵਾਲੇ ਨੂੰ, ਜੋ ਸਦਾ ਆਉਂਦਾ ਜਾਂਦਾ ਰਹੇ, ਜੋ ਸਦਾ ਟਿਕਿਆ ਰਹੇ, ਸਦਾ ਟਿਕੇ ਰਹਿਣ ਵਾਲੇ ਨੂੰ। ਕੋਇ = 'ਲਾਖ ਅਹੇਰੀ', 'ਪਾਂਚਉ ਲਰਿਕ' ਵਿਚੋਂ ਕੋਈ ਭੀ। ਕੈਸੇ ਛੋਡੀਐ = ਛੱਡਣਾ ਨਹੀਂ ਚਾਹੀਦਾ। ਐਸਾ = ਅਜੇਹਾ। ਦਰੁ = ਦਰਵਾਜ਼ਾ, ਪ੍ਰਭੂ ਦੇ ਚਰਨ, ਪ੍ਰਭੂ ਦਾ ਆਸਰਾ।

ਅਰਥ: ਹੇ ਕਬੀਰ! ਜੋ ਦਰਵਾਜ਼ਾ ਅਜੇਹਾ ਹੈ ਕਿ ਉਸ ਦਰ ਤੇ ਟਿਕੇ ਰਿਹਾਂ ('ਲਾਖ ਅਹੇਰੀ', 'ਪਾਂਚਉ ਲਰਿਕਾ' ਆਦਿਕ ਵਿਚੋਂ) ਕੋਈ ਭੀ (ਜੀਵਨ ਦੇ ਸਹੀ ਰਾਹ ਵਿਚ ਰੋਕ ਨਹੀਂ ਪਾ ਸਕਦਾ, ਉਹ ਦਰ ਕਦੇ ਛੱਡਣਾ ਨਹੀਂ ਚਾਹੀਦਾ ।66।

TOP OF PAGE

Sri Guru Granth Darpan, by Professor Sahib Singh