ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1375

ਕਬੀਰ ਨਿਰਮਲ ਬੂੰਦ ਅਕਾਸ ਕੀ ਪਰਿ ਗਈ ਭੂਮਿ ਬਿਕਾਰ ॥ ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ ਛਾਰ ॥੧੯੫॥ ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ ॥ ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ ॥੧੯੬॥ {ਪੰਨਾ 1374-1375}

ਨੋਟ: ਵਰਖਾ ਹੁੰਦੀ ਹੈ ਤਾਂ ਬੱਦਲਾਂ ਤੋਂ ਕਣੀਆਂ ਹਰੇਕ ਕਿਸਮ ਦੀ ਧਰਤੀ ਉੱਤੇ ਪੈਂਦੀਆਂ ਹਨ। ਕਿਤੇ ਨਕਾਰੀ, ਕਲਰਾਠੀ ਜਾਂ ਰੇਤਲੀ ਧਰਤੀ ਹੈ, ਜਿਥੇ ਕੁਝ ਭੀ ਪੈਦਾ ਨਹੀਂ ਹੁੰਦਾ, ਇਥੇ ਪੈਣ ਵਾਲੀਆਂ ਬੂੰਦਾਂ ਭੈੜੀ ਧਰਤੀ ਦੀ ਸੰਗਤਿ ਹੋਣ ਕਰਕੇ ਕੁਝ ਨਹੀਂ ਸੰਵਾਰਦੀਆਂ, ਸਗੋਂ ਆਪਣਾ ਆਪ ਹੀ ਗਵਾ ਜਾਂਦੀਆਂ ਹਨ। ਕਿਤੇ ਤਾਕਤ ਵਾਲੀ ਜ਼ਮੀਨ ਹੈ, ਜਿਸ ਵਿਚ ਫਸਲ, ਬਾਗ਼ ਬਗ਼ੀਚੇ ਆਦਿਕ ਸੋਹਣੇ ਲਹ-ਲਹ ਕਰਦੇ ਹਨ; ਇਸ ਜ਼ਮੀਨ ਵਿਚ ਪਈਆਂ ਕਣੀਆਂ ਸ੍ਰਿਸ਼ਟੀ ਦੀ ਹੋਰ ਵਧੀਕ ਸੇਵਾ ਕਰ ਕੇ ਆਪਣਾ ਆਪ ਸੰਵਾਰ ਜਾਂਦੀਆਂ ਹਨ, ਕਿਉਂਕਿ ਸਿਆਣਾ ਜ਼ਿਮੀਂਦਾਰ ਹਲ ਵਾਹ ਕੇ, ਸੁਹਾਗਾ ਫੇਰ ਕੇ ਧਰਤੀ ਨੂੰ ਸੰਵਾਰ-ਬਣਾ ਕੇ ਮੀਂਹ ਦੇ ਪਾਣੀ ਨੂੰ ਉਸ ਧਰਤੀ ਵਿਚ ਚੰਗੀ ਤਰ੍ਹਾਂ ਮਿਲਾ ਲੈਂਦਾ ਹੈ।

ਇਹੀ ਹਾਲ ਮਨੁੱਖ ਦਾ ਹੈ। ਜੀਵਾਤਮਾ ਉੱਚੇ ਮੰਡਲਾਂ ਵਿਚ ਵੱਸਦੇ ਪਰਮਾਤਮਾ ਦੀ ਅੰਸ਼ ਹੈ। ਜਨਮ ਲੈ ਕੇ ਜੀਵ ਇਸ ਧਰਤੀ ਉੱਤੇ ਆਉਂਦਾ ਹੈ, ਜੇ ਕਿਤੇ ਵਿਕਾਰੀਆਂ ਦੀ ਸੁਹਬਤਿ ਵਿਚ ਬੈਠ ਜਾਏ, ਤਾਂ ਆਪਣਾ ਆਪ ਭੀ ਗਵਾ ਜਾਂਦਾ ਹੈ ਤੇ ਕਿਸੇ ਹੋਰ ਦੀ ਕੋਈ ਸੇਵਾ ਨਹੀਂ ਕਰ ਸਕਦਾ; ਪਰ ਪਰਮਾਤਮਾ ਦੀ ਮੇਹਰ ਹੋਵੇ, ਇਸ ਨੂੰ ਗੁਰੂ ਮਿਲ ਪਏ, ਤਾਂ ਗੁਰੂ ਇਸ ਦੀ ਸਰੀਰ-ਧਰਤੀ ਨੂੰ ਅਜੇਹਾ ਸੰਵਾਰ ਦੇਂਦਾ ਹੈ, ਇਸ ਦੇ ਗਿਆਨ-ਇੰਦ੍ਰੇ ਸਾਥੀਆਂ ਨੂੰ ਅਜੇਹਾ ਸੁਚੱਜਾ ਬਣਾ ਦੇਂਦਾ ਹੈ ਕਿ ਇਹ ਆਪਣਾ ਜੀਵਨ ਭੀ ਸਫਲਾ ਕਰ ਲੈਂਦਾ ਹੈ, ਤੇ ਹੋਰਨਾਂ ਦੀ ਭੀ ਸੇਵਾ ਕਰਦਾ ਹੈ; ਕੋਈ ਵਿਕਾਰ, ਕੋਈ ਕੁਸੰਗ ਇਸ ਨੂੰ ਇਸ ਸੋਹਣੇ ਰਸਤੇ ਤੋਂ ਉਖੇੜ ਨਹੀਂ ਸਕਦਾ।

ਪਦ ਅਰਥ: ਨਿਰਮਲ = ਸਾਫ਼, ਪਵਿਤ੍ਰ। ਅਕਾਸ ਕੀ ਬੂੰਦ = ਆਕਾਸ਼ਾਂ ਤੋਂ ਪੈਣ ਵਾਲੀ ਮੀਂਹ ਕਣੀ, (ਉੱਚੇ ਮੰਡਲਾਂ ਵਿਚ ਰਹਿਣ ਵਾਲੇ ਪਰਮਾਤਮਾ ਦੀ ਅੰਸ਼) । ਪਰਿ ਗਈ = ਡਿੱਗ ਪਈ। ਭੂਮਿ ਬਿਕਾਰ = ਨਕਾਰੀ ਧਰਤੀ ਵਿਚ। ਇਉ = ਇਸੇ ਤਰ੍ਹਾਂ। ਮਾਨਈ = ਮਨੁੱਖ। ਭਠ ਛਾਰ = ਬਲਦੇ ਭੱਠ ਦੀ ਸੁਆਹ ।195।

ਲੀਨੀ ਮਿਲਾਇ = (ਹਲ ਸੁਹਾਗੇ ਆਦਿਕ ਦੀ ਰਾਹੀਂ ਸੰਵਾਰੀ ਹੋਈ ਜ਼ਮੀਨ ਵਿਚ) ਮਿਲਾ ਲੈਂਦਾ ਹੈ। ਨਿਰਵਾਰੀ ਨਾ ਜਾਇ = ਅਕਾਸ਼ੀ ਬੂੰਦ ਉਸ ਧਰਤੀ ਨਾਲੋਂ ਨਿਖੇੜੀ ਨਹੀਂ ਜਾ ਸਕਦੀ। ਪਚਿ ਗਏ = ਕੋਸ਼ਸ਼ ਕਰ ਕੇ ਥੱਕ-ਟੁੱਟ ਗਏ ।196।

ਅਰਥ: ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜੋ ਸਾਫ਼ ਬੂੰਦ ਨਕਾਰੀ ਧਰਤੀ ਵਿਚ ਡਿੱਗ ਪਈ, (ਉਹ ਕਿਸੇ ਦਾ ਕੁਝ ਸੰਵਾਰ ਨਾਹ ਸਕੀ, ਸਗੋਂ ਆਪ ਭੀ) ਉਹ, ਮਾਨੋ, (ਬਲਦੇ) ਭੱਠ ਦੀ ਸੁਆਹ ਹੋ ਗਈ। ਇਹੀ ਹਾਲ ਸੰਗਤਿ ਤੋਂ ਬਿਨਾ ਮਨੁੱਖ ਦਾ ਹੁੰਦਾ ਹੈ (ਪਰਮ ਪਵਿਤ੍ਰ ਪਰਮਾਤਮਾ ਦੀ ਅੰਸ਼ ਜੀਵ ਜਨਮ ਲੈ ਕੇ ਜੇ ਕੁਸੰਗ ਵਿਚ ਫਸ ਗਿਆ ਤਾਂ ਸ੍ਰਿਸ਼ਟੀ ਦੀ ਕੋਈ ਸੇਵਾ ਕਰਨ ਦੇ ਥਾਂ ਆਪ ਭੀ ਵਿਕਾਰਾਂ ਵਿਚ ਸੜ ਮੁਇਆ) ।195।

ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜਿਸ ਸਾਫ਼ ਬੂੰਦ ਨੂੰ (ਸਿਆਣੇ ਜ਼ਿਮੀਂਦਾਰ ਨੇ ਹਲ ਆਦਿਕ ਨਾਲ ਵਾਹ-ਬਣਾ ਕੇ ਸੰਵਾਰੀ ਹੋਈ ਆਪਣੀ, ਜ਼ਮੀਨ ਵਿਚ (ਵੱਟ-ਬੰਨਾ ਠੀਕ ਕਰ ਕੇ) ਰਲਾ ਲਿਆ, ਉਹ ਬੂੰਦ ਜ਼ਮੀਨ ਨਾਲੋਂ ਨਿਖੇੜੀ ਨਹੀਂ ਜਾ ਸਕਦੀ, ਭਾਵੇਂ ਅਨੇਕਾਂ ਸਿਆਣੇ ਕੋਸ਼ਸ਼ ਕਰ ਥੱਕਣ (ਨੋਟ: ਕਲਰਾਠੀ ਅਣਵਾਹੀ ਧਰਤੀ ਉਤੇ ਪਿਆ ਮੀਂਹ ਦਾ ਪਾਣੀ ਧਰਤੀ ਉਤੇ ਜਾਲਾ ਬਣ ਜਾਣ ਕਰਕੇ ਬਹੁਤ ਘਟ ਜੀਊਰਦਾ ਹੈ) ।

(ਇਹੀ ਹਾਲ ਮਨੁੱਖ ਦਾ ਸਮਝੋ। ਪੂਰੇ ਗੁਰੂ ਦੀ ਮੇਹਰ ਨਾਲ ਉਸ ਦੀ ਜੀਭ ਕੰਨ ਆਦਿਕ ਇੰਦ੍ਰੇ ਪਰ-ਨਿੰਦਾ ਆਦਿਕ ਵਿਕਾਰਾਂ ਵਲੋਂ ਹਟ ਜਾਂਦੇ ਹਨ। ਇਸ ਸੰਵਾਰੀ ਹੋਈ ਸਰੀਰ-ਧਰਤੀ ਦੀ ਰਾਹੀਂ ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਅਜੇਹਾ ਜੁੜਦਾ ਹੈ ਕਿ ਕੋਈ ਵਿਕਾਰ ਉਸ ਨੂੰ ਉਥੋਂ ਵਿਛੋੜ ਨਹੀਂ ਸਕਦਾ) ।196।

ਨੋਟ: ਨੰ: 184 ਤੋਂ 188 ਤਕ ਦੇ ਪੰਜ ਸ਼ਲੋਕਾਂ ਵਿਚ ਕਬੀਰ ਜੀ ਨੇ ਇਸਲਾਮੀ ਸ਼ਰਹ, ਬਾਂਗ, ਨਮਾਜ਼, ਹੱਜ, ਕੁਰਬਾਨੀ ਦਾ ਜ਼ਿਕਰ ਕੀਤਾ ਹੈ; ਇਸ ਵਾਸਤੇ ਇਥੇ ਲਫ਼ਜ਼ ਭੀ ਆਮ ਤੌਰ ਤੇ ਮੁਸਲਮਾਨੇ ਹੀ ਵਰਤੇ ਹਨ।

ਨੰ: 189 ਤੋਂ ਲੈ ਕੇ 196 ਤਕ ਅੱਠ ਸ਼ਲੋਕਾਂ ਵਿਚ ਬ੍ਰਾਹਮਣ ਦੇ ਰਸਮੀ ਗੁਰੂ ਬਣਨ ਤੇ ਮੂਰਤੀ-ਪੂਜਾ ਦਾ ਜ਼ਿਕਰ ਹੈ; ਇਹਨਾਂ ਵਿਚ ਲਫ਼ਜ਼ ਭੀ ਸਾਰੇ ਹੇਂਦਕੇ ਹੀ ਵਰਤੇ ਗਏ ਹਨ।

ਅਗਾਂਹ ਸ਼ਲੋਕ ਨੰ: 197 ਤੋਂ 201 ਤਕ ਵਿਚ ਫਿਰ 'ਕੁਰਬਾਨੀ' ਦੇਣ ਦਾ ਜ਼ਿਕਰ ਹੈ; ਇਥੇ ਫਿਰ ਸਾਰੇ ਲਫ਼ਜ਼ ਤੇ ਖ਼ਿਆਲ ਆਮ ਤੌਰ ਤੇ ਮੁਸਲਮਾਨੀ ਹਨ।

ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥ ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨ੍ਹ੍ਹਿ ਫੁਰਮਾਈ ਗਾਇ ॥੧੯੭॥ ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ॥ ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ॥੧੯੮॥ ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥ ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥ ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥ ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥੨੦੦॥ ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥ ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ॥੨੦੧॥ {ਪੰਨਾ 1375}

ਨੋਟ: ਕਬੀਰ ਜੀ ਦੀ ਬਾਣੀ ਤੇ ਵਿਚਾਰ ਕਰਦਿਆਂ ਹੁਣ ਤਕ ਅਸੀਂ ਚੰਗੀ ਤਰ੍ਹਾਂ ਵੇਖ ਆਏ ਹਾਂ ਕਿ ਕਬੀਰ ਜੀ ਮੁਸਲਮਾਨ ਨਹੀਂ ਸਨ, ਉਹ ਹਿੰਦੂ ਜੁਲਾਹ ਸਨ। ਸੋ ਉਹਨਾਂ ਨੂੰ ਹੱਜ ਤੇ ਜਾਣ ਦੀ ਕੋਈ ਲੋੜ ਨਹੀਂ ਸੀ, ਕਿਸੇ ਹੋਰ ਦੀ ਉਕਾਈ ਨੂੰ ਯਕੀਨੀ ਤੌਰ ਤੇ ਤਸੱਲੀ ਨਾਲ ਸਮਝਾਣ ਲਈ ਕਵਿਤਾ ਵਿਚ ਇਹ ਇਕ ਤਰੀਕਾ ਹੈ ਕਿ ਆਪਣੇ ਆਪ ਨੂੰ ਭੀ ਉਹੀ ਕੰਮ ਕਰਦਾ ਜ਼ਾਹਰ ਕੀਤਾ ਜਾਂਦਾ ਹੈ। ਹਿੰਦੂ ਕਰਮ-ਕਾਂਡ ਦੀ ਨਿਖੇਧੀ ਕਰਦੇ ਹੋਏ ਸਤਿਗੁਰੂ ਅਰਜਨ ਸਾਹਿਬ ਨੇ ਭੀ ਇਸੇ ਤਰ੍ਹਾਂ ਹੀ ਲਿਖਿਆ ਹੈ:

ਸੋਰਠਿ ਮ: 5 ਅਸਟਪਦੀ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ, ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ, ਅਧਿਕ ਅਹੰਬੁਧਿ ਬਾਧੇ ॥1॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ, ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁਧਿ ਬਿਬੇਕਾ ॥1॥ਰਹਾਉ॥...

ਚੂੰਕਿ ਆਮ ਮੁਸਲਮਾਨ ਕਾਬੇ ਨੂੰ ਖ਼ੁਦਾ ਦਾ ਘਰ ਮੰਨਦਾ ਹੈ, ਇਸ ਵਾਸਤੇ ਕਬੀਰ ਜੀ ਭੀ ਉਹੀ ਖ਼ਿਆਲ ਦੱਸ ਕੇ ਆਖਦੇ ਹਨ ਕਿ ਖ਼ੁਦਾ ਮੇਰੇ ਹੱਜ ਤੇ ਖ਼ੁਸ਼ ਹੋਣ ਦੇ ਥਾਂ ਮੇਰੇ ਨਾਲ ਗੁੱਸੇ ਹੋ ਪਿਆ। ਅਨੇਕਾਂ ਵਾਰੀ ਹੱਜ ਕਰਨ ਤੇ ਭੀ ਖ਼ੁਦਾ ਖ਼ੁਸ਼ ਹੋ ਕੇ ਕਿਉਂ ਹਾਜੀ ਨੂੰ ਦੀਦਾਰ ਨਹੀਂ ਦੇਂਦਾ ਤੇ ਉਹ ਹਾਜੀ ਖ਼ੁਦਾ ਦੀਆਂ ਨਿਗਾਹਾਂ ਵਿਚ ਅਜੇ ਭੀ ਕਿਉਂ ਗੁਨਹਗਾਰ ਸਮਝਿਆ ਜਾਂਦਾ ਹੈ-ਇਸ ਭੇਤ ਦਾ ਜ਼ਿਕਰ ਇਹਨਾਂ ਸ਼ਲੋਕਾਂ ਵਿਚ ਕੀਤਾ ਗਿਆ ਹੈ ਕਿ ਖ਼ੁਦਾ ਦੇ ਨਾਮ ਤੇ ਗਾਂ ਆਦਿਕ ਦੀ ਕੁਰਬਾਨੀ ਦੇ ਦੇਣੀ, ਰਲ-ਮਿਲ ਕੇ ਖਾ ਪੀ ਜਾਣਾ ਸਭ ਕੁਝ ਆਪ ਹੀ ਤੇ ਫਿਰ ਇਹ ਸਮਝ ਲੈਣਾ ਕਿ ਇਸ ਕੁਰਬਾਨੀ ਦੇ ਇਵਜ਼ ਅਸਾਡੇ ਗੁਨਾਹ ਬਖ਼ਸ਼ ਦਿੱਤੇ ਗਏ ਹਨ-ਇਹ ਬੜਾ ਭਾਰਾ ਭੁਲੇਖਾ ਹੈ। ਇਹ, ਖ਼ੁਦਾ ਨੂੰ ਖ਼ੁਸ਼ ਕਰਨ ਦਾ ਤਰੀਕਾ ਨਹੀਂ। ਖ਼ੁਦਾ ਖ਼ੁਸ਼ ਹੁੰਦਾ ਹੈ ਦਿਲ ਦੀ ਪਾਕੀਜ਼ਗੀ-ਪਵਿਤ੍ਰਤਾ ਨਾਲ।

ਨਾਮਦੇਵ ਜੀ ਨੇ ਭੀ ਇਸੇ ਤਰ੍ਹਾਂ ਬੀਠੁਲ-ਮੂਰਤੀ ਦੇ ਪੁਜਾਰੀਆਂ ਨੂੰ ਤਾੜਨਾ ਕੀਤੀ ਹੈ ਤੇ ਦੱਸਿਆ ਹੈ ਕਿ ਕਿਉਂ ਇਤਨੇ ਨੱਕ ਰਗੜਨ ਤੇ ਭੀ ਉਹਨਾਂ ਨੂੰ ਬੀਠੁਲ ਦੇ ਦਰਸ਼ਨ ਨਹੀਂ ਹੁੰਦੇ। ਆਖਦੇ ਹਨ ਕਿ ਤੁਸੀ ਪੂਜਾ ਆਦਿਕ ਤਾਂ ਕਰਦੇ ਹੋ, ਪਰ ਆਪਣੇ ਇਸ਼ਟ ਉਤੇ ਪੂਰੀ ਸ਼ਰਧਾ ਨਹੀਂ ਰੱਖਦੇ:

ਗੌਂਡ ਨਾਮਦੇਵ ਜੀ ॥

ਆਜੁ ਨਾਮੇ ਬੀਠਲੁ ਦੇਖਿਆ, ਮੂਰਖ ਕਉ ਸਮਝਾਊ ਰੇ ॥1॥ਰਹਾਉ॥

ਪਦ ਅਰਥ: ਹਉ = ਮੈਂ। ਜਾਇ ਥਾ = ਜਾ ਰਿਹਾ ਸਾਂ। ਆਗੈ = ਉਥੇ ਗਏ ਨੂੰ ਅੱਗੋਂ। ਕਿਨ੍ਹ੍ਹਿ = ਕਿਸ ਨੇ? ਫੁਰਮਾਈ ਗਾਇ = ਗਾਂ (ਜ਼ਬਹ ਕਰਨ) ਦਾ ਹੁਕਮ ਦਿੱਤਾ ਸੀ। ਕਿਨਿ ਫਰਮਾਈ ਗਾਇ = ਕਿਸ ਨੇ ਆਖਿਆ ਸੀ ਕਿ ਮੇਰੇ ਨਾਮ ਤੇ ਗਾਂ ਜ਼ਬਹ ਕਰੋ (ਤਾਂ ਪਾਪ ਬਖ਼ਸ਼ੇ ਜਾਣਗੇ) ? ਕਿਸ ਨੇ ਆਖਿਆ ਸੀ ਕਿ ਮੇਰੇ ਨਾਮ ਤੇ ਗਾਂ ਦੀ ਕੁਰਬਾਨੀ ਦਿਉ (ਤਾਂ ਬਖ਼ਸ਼ੇ ਜਾਉਗੇ) ? ।197।

ਹੋਇ ਹੋਇ ਗਇਆ = ਕਈ ਵਾਰੀ ਹੋਇਆ। ਸਾਈ = ਹੇ ਸਾਈਂ! ਪੀਰ = ਹੇ ਪੀਰ! ਹੇ ਮੁਰਸ਼ਿਦ! ਖਤਾ = ਦੋਸ਼। ਹਜ ਕਾਬੈ = ਕਾਬੇ ਦਾ ਹੱਜ ।198।

ਜੁ = ਜੋ। ਜੀਅ = ਜੀਵਾਂ ਨੂੰ। ਜੋਰੁ = ਧੱਕਾ। ਕਰਿ = ਕਰ ਕੇ। ਕਹਤੇ ਹਹਿ ਜੁ = ਪਰ ਆਖਦੇ ਹਨ ਕਿ। ਹਲਾਲੁ = ਜਾਇਜ਼, ਭੇਟਾ ਕਰਨ-ਜੋਗ, ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ। ਦਈ = (ਸਭ ਜੀਵਾਂ ਨਾਲ ਪਿਆਰ ਕਰਨ ਵਾਲਾ) ਪਰਮਾਤਮਾ (ਨੋਟ: ਇਸ ਲਫ਼ਜ਼ 'ਦਈ' ਦੀ ਵਰਤੋਂ ਇਥੇ ਖ਼ਾਸ ਤੌਰ ਤੇ ਸੁਆਦਲੀ ਅਤੇ ਅਰਥ-ਭਰੀ ਹੈ। ਜੋ ਲੋਕ ਇਹ ਯਕੀਨ ਰੱਖਦੇ ਹਨ ਕਿ ਖ਼ੁਦਾ ਕਿਸੇ ਕੁਰਬਾਨੀ ਦੇ ਦੇਣ ਨਾਲ ਖ਼ੁਸ਼ ਹੁੰਦਾ ਹੈ ਅਤੇ ਗੁਨਾਹ ਬਖ਼ਸ਼ ਦੇਂਦਾ ਹੈ, ਉਹ ਉਸ ਨੂੰ 'ਰੱਬਿਲ-ਆਲਮੀਨ' ਭੀ ਆਖਦੇ ਹਨ। ਸਾਰੇ ਆਲਮ ਦਾ ਪਾਲਣਹਾਰ ਹੁੰਦਿਆਂ ਉਹ ਉਸ ਗਾਂ ਆਦਿਕ ਪਸ਼ੂ ਨੂੰ ਭੀ ਪਾਲਦਾ ਤੇ "ਪਿਆਰਦਾ" ਹੈ। ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਉਸ ਬੰਦੇ ਨਾਲ ਖ਼ੁਸ਼ ਹੋਵੇ ਜੋ ਉਸੇ ਦੇ ਹੀ ਪਿਆਰੇ ਤੇ ਪਾਲੇ ਹੋਏ ਨੂੰ ਉਸੇ ਦੀ ਖ਼ਾਤਰ ਜ਼ਬਹ ਕਰੇ, ਤੇ ਆਪੇ ਖਾ ਪੀ ਕੇ ਇਹ ਸਮਝ ਲਏ ਕਿ ਇਹ ਕੁਰਬਾਨੀ ਖ਼ੁਦਾ ਨੂੰ ਅਪੱੜ ਗਈ ਹੈ, ਤੇ ਉਸ ਨੇ ਮੇਰੇ ਗੁਨਾਹ ਬਖ਼ਸ਼ ਦਿੱਤੇ ਹਨ) । ਦਫਤਰਿ ਕਾਢਿ ਹੈ-ਲੇਖਾ ਕਰੇਗਾ ।199।

ਨੀਕਸੈ = ਨਿਕਲਦਾ ਹੈ। ਮੁਹੈ ਮੁਹਿ = ਮੂੰਹ ਉੱਤੇ, ਮੁੜ ਮੁੜ ਮੂੰਹ ਉੱਤੇ। ਖਾਇ = ਖਾਂਦਾ ਹੈ ।200।

ਦਿਲ ਸੂਚੀ = ਦਿਲ ਦੀ ਸੁੱਚ, ਦਿਲ ਦੀ ਪਾਕੀਜ਼ਗੀ। ਦੀਬਾਨ = ਕਚਹਿਰੀ। ਪਲਾ ਨ ਪਕਰੈ ਕੋਇ = ਕੋਈ ਸ਼ਖ਼ਸ ਪੱਲਾ ਨਹੀਂ ਫੜਦਾ, ਕੋਈ ਇਤਰਾਜ਼ ਨਹੀਂ ਕਰਦਾ ।201।

ਅਰਥ: ਹੇ ਕਬੀਰ! ਮੈਂ ਕਾਬੇ ਦਾ ਹੱਜ ਕਰਨ ਜਾ ਰਿਹਾ ਸਾਂ, ਉਥੇ ਗਏ ਨੂੰ ਅੱਗੋਂ ਖ਼ੁਦਾ ਮਿਲ ਪਿਆ! ਉਹ ਮੇਰਾ ਸਾਈਂ (ਖ਼ੁਦਾ ਖ਼ੁਸ਼ ਹੋਣ ਦੇ ਥਾਂ ਕਿ ਮੈਂ ਉਸ ਦੇ ਘਰ ਦਾ ਦੀਦਾਰ ਕਰਨ ਆਇਆ ਹਾਂ, ਸਗੋਂ) ਮੇਰੇ ਉਤੇ ਗੁੱਸੇ ਹੋਇਆ (ਤੇ ਆਖਣ ਲੱਗਾ) ਕਿ ਮੈਂ ਤਾਂ ਇਹ ਹੁਕਮ ਨਹੀਂ ਦਿੱਤਾ ਜੁ ਮੇਰੇ ਨਾਮ ਤੇ ਤੂੰ ਗਾਂ (ਆਦਿਕ) ਦੀ ਕੁਰਬਾਨੀ ਦੇਵੇਂ (ਤੇ, ਮੈਂ ਤੇਰੇ ਗੁਨਾਹ ਬਖ਼ਸ਼ ਦਿਆਂਗਾ) ।197।

ਹੇ ਕਬੀਰ! (ਆਖ-) ਮੈਂ ਕਈ ਵਾਰੀ, ਹੇ ਸਾਈਂ! (ਤੇਰੇ ਘਰ-) ਕਾਬੇ ਦਾ ਦੀਦਾਰ ਕਰਨ ਲਈ ਗਿਆ ਹਾਂ। ਪਰ, ਹੇ ਖ਼ੁਦਾ! ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਮੇਰੇ ਵਿਚ ਤੂੰ ਕੀਹ ਕੀਹ ਖ਼ਤਾ ਵੇਖ ਰਿਹਾ ਹੈਂ? (ਜੋ ਹੱਜ ਅਤੇ ਕੁਰਬਾਨੀ ਨਾਲ ਭੀ ਬਖ਼ਸ਼ੇ ਨਹੀਂ ਗਏ) ? (ਭਾਵ, ਹੱਜ ਅਤੇ ਕੁਰਬਾਨੀ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ) ।198।

ਹੇ ਕਬੀਰ! ਜੋ ਲੋਕ ਧੱਕਾ ਕਰ ਕੇ (ਗਾਂ ਆਦਿਕ) ਜੀਵਾਂ ਨੂੰ ਮਾਰਦੇ ਹਨ; ਪਰ ਆਖਦੇ ਇਹ ਹਨ ਕਿ (ਇਹ ਜ਼ਬਹ ਕੀਤਾ ਹੋਇਆ ਮਾਸ) ਖ਼ੁਦਾ ਦੇ ਨਾਮ ਤੇ ਕੁਰਬਾਨੀ ਦੇ ਲਾਇਕ ਹੋ ਗਿਆ ਹੈ, ਜਦੋਂ ਸਭ ਜੀਵਾਂ ਨਾਲ ਪਿਆਰ ਕਰਨ ਵਾਲਾ ਖ਼ੁਦਾ (ਇਹਨਾਂ ਲੋਕਾਂ ਪਾਸੋਂ-ਅਮਲਾਂ ਦਾ ਲੇਖਾ ਮੰਗੇਗਾ, ਤਾਂ ਇਹਨਾਂ ਦਾ ਕੀਹ ਹਾਲ ਹੋਵੇਗਾ? (ਭਾਵ, ਕੁਰਬਾਨੀ ਦਿੱਤਿਆਂ ਗੁਨਾਹ ਬਖ਼ਸ਼ੇ ਨਹੀਂ ਜਾਂਦੇ) ।199।

ਨੋਟ: ਇਥੇ ਮਾਸ ਖਾਣ ਜਾਂ ਨਾਹ ਖਾਣ ਤੇ ਬਹਸ ਨਹੀਂ ਹੈ। ਕਬੀਰ ਜੀ ਸਿਰਫ਼ ਇਹ ਆਖਦੇ ਹਨ ਕਿ ਕੁਰਬਾਨੀ ਦੇਣ ਵਾਲੇ ਖਾ ਪੀ ਤਾਂ ਆਪ ਹੀ ਜਾਂਦੇ ਹਨ, ਪਰ ਫ਼ਰਜ਼ ਇਹ ਕਰ ਲੈਂਦੇ ਹਨ ਕਿ ਖ਼ੁਦਾ ਦੇ ਅੱਗੇ ਭੇਟ ਕੀਤਾ ਗਿਆ ਹੈ ਤੇ ਖ਼ੁਦਾ ਨੇ ਸਾਡੇ ਪਾਪ ਬਖ਼ਸ਼ ਦਿੱਤੇ ਹਨ। ਖ਼ੁਦਾ ਨੂੰ ਖ਼ੁਸ਼ ਕਰਨ ਦੇ ਥਾਂ ਇਹ ਤਾਂ ਉਸ ਨੂੰ ਸਗੋਂ ਨਾਰਾਜ਼ ਕਰਨ ਵਾਲੀ ਗੱਲ ਹੈ।

ਹੇ ਕਬੀਰ! ਜੋ ਭੀ ਮਨੁੱਖ ਕਿਸੇ ਉਤੇ ਧੱਕਾ ਕਰਦਾ ਹੈ ਉਹ ਜ਼ੁਲਮ ਕਰਦਾ ਹੈ; (ਅਤੇ ਜ਼ੁਲਮ ਦਾ) ਲੇਖਾ ਖ਼ੁਦਾ ਮੰਗਦਾ ਹੈ। ਜਿਸ ਕਿਸੇ ਦੀ ਵੀ ਲੇਖੇ ਦੀ ਬਾਕੀ ਨਿਕਲਦੀ ਹੈ ਉਹ ਬੜੀ ਸਜ਼ਾ ਭੁਗਤਦਾ ਹੈ ।200।

ਨੋਟ: ਕੀਤੇ ਗੁਨਾਹਾਂ ਨੂੰ 'ਕੁਰਬਾਨੀ' ਦੇ ਕੇ ਧੋਤਾ ਨਹੀਂ ਜਾ ਸਕਦਾ।

ਹੇ ਕਬੀਰ! (ਉਹ ਰੱਬ ਮਨੁੱਖ ਪਾਸੋਂ ਸਿਰਫ਼ ਦਿਲ ਦੀ ਪਾਕੀਜ਼ਗੀ ਦੀ ਕੁਰਬਾਨੀ ਮੰਗਦਾ ਹੈ) ਜੇ ਮਨੁੱਖ ਦੇ ਦਿਲ ਦੀ ਪਵਿਤ੍ਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ; (ਇਸ ਪਵਿਤ੍ਰਤਾ ਦੀ ਬਰਕਤਿ ਨਾਲ) ਉਸ ਸੱਚੀ ਕਚਹਿਰੀ ਵਿਚ ਕੋਈ ਰੋਕ-ਟੋਕ ਨਹੀਂ ਕਰਦਾ ।201।

ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥ ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥ {ਪੰਨਾ 1375}

ਪਦ ਅਰਥ: ਧਰਤੀ ਅਰੁ ਆਕਾਸ ਮਹਿ = ਸਾਰੀ ਸ੍ਰਿਸ਼ਟੀ ਵਿਚ। ਦੁਇ = ਹੇ ਦੁਇ! ਹੇ ਦ੍ਵੈਤ! ਅਬਧ = ਅ+ਬਧ, ਜਿਸ ਦਾ ਨਾਸ ਨਾਹ ਕੀਤਾ ਜਾ ਸਕੇ। ਤੂੰ ਬਰੀ ਅਬਧ = ਤੈਨੂੰ ਬੜੀ ਔਖਿਆਈ ਨਾਲ ਮੁਕਾਇਆ ਜਾ ਸਕਦਾ ਹੈ। ਖਟ ਦਰਸਨ = ਛੇ ਭੇਖ (ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਬੋਧੀ, ਬੈਰਾਗੀ) । ਸੰਸੇ = ਸਹਸੇ ਵਿਚ, ਸਹਿਮ ਵਿਚ। ਅਰੁ = ਅਤੇ। ਸਿਧ = ਪੁੱਗੇ ਹੋਏ ਜੋਗੀ ਜੋ ਜੋਗ ਦੇ ਸਾਧਨਾਂ ਵਿਚ ਪ੍ਰਪੱਕ ਹੋ ਚੁਕੇ ਹਨ।

ਅਰਥ: ਹੇ ਕਬੀਰ! (ਆਖ-) ਹੇ ਦ੍ਵੈਤ! ਸਾਰੀ ਸ੍ਰਿਸ਼ਟੀ ਵਿਚ ਹੀ (ਤੂੰ ਬਹੁਤ ਬਲੀ ਹੈਂ) ਤੈਨੂੰ ਬੜੀ ਔਖਿਆਈ ਨਾਲ ਹੀ ਮੁਕਾਇਆ ਜਾ ਸਕਦਾ ਹੈ। (ਹੱਜ ਕਰਨ ਤੇ ਕੁਰਬਾਨੀ ਦੇਣ ਵਾਲੇ ਮੁੱਲਾਂ, ਜਾਂ ਠਾਕੁਰ-ਪੂਜਾ ਕਰਨ ਕਰਾਣ ਵਾਲੇ ਬ੍ਰਾਹਮਣ ਤਾਂ ਕਿਤੇ ਰਹੇ) ਛੇ ਭੇਖਾਂ ਦੇ ਤਿਆਗੀ ਅਤੇ (ਜੋਗ ਦੇ ਸਾਧਨਾਂ ਵਿਚ ਪ੍ਰਪੱਕ ਹੋਏ) ਚੌਰਾਸੀ ਸਿੱਧ ਭੀ, ਹੇ ਦੁਇ! ਤੈਥੋਂ ਸਹਿਮੇ ਹੋਏ ਹਨ ।202।

ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥ {ਪੰਨਾ 1375}

ਪਦ ਅਰਥ: ਕਿਆ ਲਾਗੈ ਮੇਰਾ = ਮੇਰਾ ਕੁਝ ਭੀ ਖ਼ਰਚ ਨਹੀਂ ਹੁੰਦਾ।

ਅਰਥ: ਹੇ ਕਬੀਰ! (ਇਸ 'ਦੁਇ' ਨੂੰ ਮਿਟਾਣ ਲਈ ਨਾਹ ਹੱਜ, ਕੁਰਬਾਨੀਆਂ, ਨਾਹ ਠਾਕੁਰ-ਪੂਜਾ ਨਾਹ ਬ੍ਰਾਹਮਣ ਦੀ ਸੇਵਾ, ਨਾਹ ਤਿਆਗ ਤੇ ਨਾਹ ਜੋਗ-ਸਾਧਨ-ਇਹ ਕੋਈ ਭੀ ਸਹਾਇਤਾ ਨਹੀਂ ਕਰਦੇ। ਸਿਰਫ਼ ਇੱਕੋ ਹੀ ਤਰੀਕਾ ਹੈ ਉਹ ਇਹ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕੀਤਾ ਜਾਏ, ਇਸੇ ਦਾ ਨਾਮ 'ਦਿਲ-ਸਾਬਤਿ' ਹੈ। ਸੋ, ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਜੋ ਕੁਝ ਮੇਰੇ ਪਾਸ ਹੈ (ਇਹ ਤਨ ਮਨ ਧਨ) , ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ। (ਜੇ ਤੇਰੀ ਮੇਹਰ ਹੋਵੇ ਤਾਂ) ਤੇਰਾ ਬਖ਼ਸ਼ਿਆ ਹੋਇਆ (ਇਹ ਤਨ ਮਨ ਧਨ) ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਖ਼ਰਚ ਨਹੀਂ ਹੁੰਦਾ।

ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥ ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥ {ਪੰਨਾ 1375}

ਪਦ ਅਰਥ: ਤੂੰ ਤੂੰ ਕਰਤਾ = ਤੂੰ ਤੂੰ ਆਖਦਾ, (ਹੇ ਪ੍ਰਭੂ!) ਤੇਰਾ ਜਾਪ ਕਰਦਾ, ਹਰ ਵੇਲੇ ਤੈਨੂੰ ਸਿਮਰਦਿਆਂ। ਤੂ ਹੂਆ = ਮੈਂ ਤੇਰਾ ਹੀ ਰੂਪ ਹੋ ਗਿਆ ਹਾਂ, ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ। ਹੂੰ = (ਇਹ ਖ਼ਿਆਲ ਕਿ) ਮੈਂ ਹਾਂ, 'ਮੈਂ ਮੈਂ' ਦਾ ਸੁਭਾਉ, ਆਪਣੀ ਵਡਿਆਈ ਦੀ ਚਾਹ। ਆਪਾ ਪਰ ਕਾ = ਆਪਣੇ ਪਰਾਏ ਵਾਲਾ ਵਿਤਕਰਾ। ਜਤ = ਜਿਧਰ। ਦੇਖਉ = ਮੈਂ ਵੇਖਦਾ ਹਾਂ। ਤਤ = ਉਧਰ। ਤੂ = (ਹੇ ਪ੍ਰਭੂ!) ਤੂੰ ਹੀ (ਦਿੱਸ ਰਿਹਾ ਹੈਂ) ।

ਅਰਥ: ਹੇ ਕਬੀਰ! (ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ! ਤੇਰੀ ਮੇਹਰ ਨਾਲ) ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ, ਮੇਰੇ ਅੰਦਰ 'ਮੈਂ ਮੈਂ' ਦਾ ਖ਼ਿਆਲ ਰਹਿ ਹੀ ਨਹੀਂ ਗਿਆ। (ਤੇਰਾ ਸਿਮਰਨ ਕਰਦਿਆਂ ਹੁਣ) ਜਦੋਂ (ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ ('ਦੁਇ' ਮਿਟ ਗਈ ਹੈ) , ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ।204।

ਨੋਟ: ਸਲੋਕ ਨੰ: 203 ਤੇ 204 ਦੋਵੇਂ ਇਕੱਠੇ ਪੜ੍ਹਨੇ ਹਨ।

ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ ॥ ਮਨੋਰਥੁ ਕੋਇ ਨ ਪੂਰਿਓ ਚਾਲੇ ਊਠਿ ਨਿਰਾਸ ॥੨੦੫॥ {ਪੰਨਾ 1375}

ਪਦ ਅਰਥ: ਬਿਕਾਰ = ਵਿਕਾਰ, ਭੈੜੇ ਕੰਮ। ਬਿਕਾਰਹ ਚਿਤਵਤੇ = ਭੈੜੇ ਕੰਮ ਕਰਨ ਦੀਆਂ ਸੋਚਾਂ ਸੋਚਦੇ। ਝੂਠੇ ਆਸ ਕਰਤੇ = ਉਹਨਾਂ ਪਦਾਰਥਾਂ ਦੀਆਂ ਤਾਂਘਾਂ ਤਾਂਘਦੇ ਜੋ ਨਾਸਵੰਤ ਹਨ। ਮਨੋਰਥੁ = ਮਨੋ = ਰਥੁ, ਮਨ ਦੀ ਭੱਜ ਦੌੜ, ਮਨ ਦੀ ਉਹ ਆਸ ਜਿਸ ਦੀ ਖ਼ਾਤਰ ਦੌੜ-ਭੱਜ ਕਰਦੇ ਰਹੇ। ਨਿਰਾਸ = ਨਿਰਆਸ, ਆਸ ਪੂਰੀ ਹੋਣ ਤੋਂ ਬਿਨਾਂ ਹੀ; ਦਿਲ ਦੀਆਂ ਆਸਾਂ ਨਾਲ ਹੀ ਲੈ ਕੇ।

ਅਰਥ: ਹੇ ਕਬੀਰ! (ਜੋ ਮਨੁੱਖ 'ਦੁਇ' ਵਿਚ ਫਸੇ ਰਹਿ ਕੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ) ਜੋ ਸਦਾ ਭੈੜੇ ਕੰਮ ਕਰਨ ਦੀਆਂ ਹੀ ਸੋਚਾਂ ਸੋਚਦੇ ਰਹਿੰਦੇ ਹਨ, ਜੋ ਸਦਾ ਇਹਨਾਂ ਨਾਸਵੰਤ ਪਦਾਰਥਾਂ ਦੀਆਂ ਹੀ ਤਾਂਘਾਂ ਤਾਂਘਦੇ ਰਹਿੰਦੇ ਹਨ, ਉਹ ਮਨੁੱਖ ਦਿਲ ਦੀਆਂ ਆਸਾਂ ਨਾਲ ਲੈ ਕੇ ਹੀ (ਇਥੋਂ) ਤੁਰ ਪੈਂਦੇ ਹਨ, ਉਹਨਾਂ ਦੇ ਮਨ ਦੀ ਕੋਈ ਦੌੜ-ਭੱਜ ਪੂਰੀ ਨਹੀਂ ਹੁੰਦੀ (ਭਾਵ, ਕਿਸੇ ਭੀ ਪਦਾਰਥ ਦੇ ਮਿਲਣ ਨਾਲ ਉਹਨਾਂ ਦੇ ਮਨ ਦੀ ਦੌੜ-ਭੱਜ ਮੁੱਕਦੀ ਨਹੀਂ, ਆਸਾਂ ਹੋਰ ਹੋਰ ਵਧਦੀਆਂ ਜਾਂਦੀਆਂ ਹਨ) ।205।

ਕਬੀਰ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੰਸਾਰਿ ॥ ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ ॥੨੦੬॥

ਪਦ ਅਰਥ: ਸੰਸਾਰਿ = ਸੰਸਾਰ ਵਿਚ। ਇਤ = ਇਥੇ, ਇਸ ਮੌਜੂਦਾ ਜਨਮ ਵਿਚ। ਉਤ = ਉਥੇ, ਇਸ ਜਨਮ ਤੋਂ ਪਿਛੋਂ, ਪਰਲੋਕ ਵਿਚ। ਕਤਹਿ = ਕਿਤੇ ਭੀ। ਰਾਖੈ = ਰਾਖੀ ਕਰਦਾ ਹੈ, (ਵਿਕਾਰਾਂ ਤੇ ਆਸਾਂ ਤੋਂ) ਬਚਾਂਦਾ ਹੈ।

ਅਰਥ: ਹੇ ਕਬੀਰ! ਜੋ ਮਨੁੱਖ ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਂਦਾ ਹੈ, ਉਹ ਇਸ ਜਗਤ ਵਿਚ ਸੁਖੀ ਜੀਵਨ ਬਿਤੀਤ ਕਰਦਾ ਹੈ; ਉਹ ਮਨੁੱਖ ਇਸ ਲੋਕ ਤੇ ਪਰਲੋਕ ਵਿਚ ਕਿਤੇ ਭੀ (ਇਹਨਾਂ ਵਿਕਾਰਾਂ ਤੇ ਆਸਾਂ ਦੇ ਕਾਰਨ) ਭਟਕਦਾ ਨਹੀਂ ਹੈ, ਕਿਉਂਕਿ ਪਰਮਾਤਮਾ ਆਪ ਉਸ ਨੂੰ ਇਹਨਾਂ ਤੋਂ ਬਚਾਂਦਾ ਹੈ ।206।

ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ ॥ ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥੨੦੭॥ {ਪੰਨਾ 1375}

ਪਦ ਅਰਥ: ਘਾਣੀ ਪੀੜਤੇ = (ਵਿਕਾਰਾਂ ਤੇ ਆਸਾਂ ਦੀ) ਘਾਣੀ ਵਿਚ ਪੀੜੀਦੇ (ਜਿਵੇਂ ਤਿਲ ਕੋਹਲੂ ਵਿਚ ਪੀੜੀਦੇ ਹਨ) । ਪਰਾ ਪੂਰਬਲੀ = ਪਹਿਲੇ ਜਨਮਾਂ ਦੇ ਸਮੇ ਦੀ। ਭਾਵਨੀ = ਸਰਧਾ, ਪਿਆਰ।

ਅਰਥ: ਹੇ ਕਬੀਰ! (ਦੁਨੀਆ ਦੇ ਜੀਵ ਵਿਕਾਰਾਂ ਤੇ ਦੁਨਿਆਵੀ ਆਸਾਂ ਦੀ) ਘਾਣੀ ਵਿਚ (ਇਉਂ) ਪੀੜੇ ਜਾ ਰਹੇ ਹਨ, (ਜਿਵੇਂ ਕੋਹਲੂ ਵਿਚ ਤਿਲ ਪੀੜੀਦੇ ਹਨ;) (ਪਰ ਜੋ ਜੋ 'ਹਰਿ ਕਾ ਸਿਮਰਨੁ ਕਰੈ') ਉਹਨਾਂ ਨੂੰ ਸਤਿਗੁਰੂ (ਇਸ ਘਾਣੀ ਵਿਚੋਂ) ਬਚਾ ਲੈਂਦਾ ਹੈ। (ਪ੍ਰਭੂ ਚਰਨਾਂ ਨਾਲ ਉਹਨਾਂ ਦਾ) ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਸੀ (ਪਰ ਜੋ ਇਹਨਾਂ ਵਿਕਾਰਾਂ ਤੇ ਆਸਾਂ ਹੇਠ ਨੱਪਿਆ ਗਿਆ ਸੀ, ਉਹ ਸਿਮਰਨ ਦੀ ਬਰਕਤਿ ਤੇ ਸਤਿਗੁਰੂ ਦੀ ਮੇਹਰ ਨਾਲ) ਮੁੜ ਹਿਰਦੇ ਵਿਚ ਚਮਕ ਪੈਂਦਾ ਹੈ ।207।

ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ ॥ ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ ॥੨੦੮॥ {ਪੰਨਾ 1375}

ਪਦ ਅਰਥ: ਟਾਲੈ ਟੋਲੈ = ਟਾਲ-ਮਟੌਲੇ ਵਿਚ, ਅੱਜ-ਭਲਕ ਕਰਦਿਆਂ (ਕਿਉਂਕਿ ਵਿਕਾਰਾਂ ਤੇ ਆਸਾਂ ਵੱਲ ਦੀ ਰੁਚੀ ਸਿਮਰਨ ਵਾਲੇ ਪਾਸੇ ਲੱਗਣ ਨਹੀਂ ਦੇਂਦੀ) । ਦਿਨੁ = ਉਮਰ ਦਾ ਹਰੇਕ ਦਿਨ। ਬਿਆਜੁ = (ਸ਼ਾਹੂਕਾਰ ਆਪਣੀ ਰਾਸਿ = ਪੂੰਜੀ ਜਿਉਂ ਜਿਉਂ ਸੂਦੀ ਚਾੜ੍ਹਦਾ ਹੈ, ਤਿਉਂ ਤਿਉਂ ਸੂਦ ਵਧ ਕੇ ਉਹ ਰਕਮ ਵੱਡੀ ਹੁੰਦੀ ਜਾਂਦੀ ਹੈ, ਇਸੇ ਤਰ੍ਹਾਂ ਮਨੁੱਖ ਦੇ ਅੰਦਰ ਵਿਕਾਰਾਂ ਤੇ ਆਸਾਂ ਦੀ ਇਕੱਠੀ ਹੋਈ ਰਾਸਿ-ਪੂੰਜੀ ਹੋਰ ਹੋਰ ਵਿਕਾਰਾਂ ਤੇ ਆਸਾਂ ਵੱਲ ਪ੍ਰੇਰਦੀ ਹੈ, ਇਸ ਤਰ੍ਹਾਂ ਇਹ ਵਿਕਾਰ ਹੋਰ ਹੋਰ ਮਨੁੱਖ ਦੇ ਹਿਰਦੇ ਵਿਚ ਵਧਦੇ ਜਾਂਦੇ ਹਨ) ਸੂਦ। ਖਤੁ = ਲੇਖਾ, (ਵਿਕਾਰਾਂ ਤੇ ਆਸਾਂ ਦੇ) ਸੰਸਕਾਰ (ਜੋ ਮਨ ਵਿਚ ਟਿਕੇ ਰਹਿੰਦੇ ਹਨ) ।

ਅਰਥ: ਹੇ ਕਬੀਰ! (ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਉਹਨਾਂ ਦੇ ਕੀਤੇ ਵਿਕਾਰਾਂ ਤੇ ਬਣਾਈਆਂ ਆਸਾਂ ਦੇ ਕਾਰਨ ਸਿਮਰਨ ਵਲੋਂ) ਅੱਜ-ਭਲਕ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ, (ਵਿਕਾਰਾਂ ਤੇ ਆਸਾਂ ਦਾ) ਵਿਆਜ ਵਧਦਾ ਜਾਂਦਾ ਹੈ। ਨਾਹ ਹੀ ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ, ਨਾਹ ਹੀ ਉਹਨਾਂ ਦਾ (ਵਿਕਾਰਾਂ ਤੇ ਆਸਾਂ ਦਾ ਇਹ) ਲੇਖਾ ਮੁੱਕਦਾ ਹੈ। (ਬੱਸ! ਇਹਨਾਂ ਵਿਕਾਰਾਂ ਤੇ ਆਸਾਂ ਵਿਚ ਫਸੇ ਹੋਇਆਂ ਦੇ ਸਿਰ ਉਤੇ) ਮੌਤ ਆ ਅੱਪੜਦੀ ਹੈ ।208।

ਮਹਲਾ ੫ ॥ ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥ ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ॥੨੦੯॥ {ਪੰਨਾ 1375}

ਨੋਟ: ਇਹ ਸ਼ਲੋਕ ਨੰ: 209 ਅਤੇ ਇਸ ਤੋਂ ਅਗਲੇ ਦੋ ਹੋਰ ਸ਼ਲੋਕ ਨੰ: 210 ਅਤੇ 211 ਗੁਰੂ ਅਰਜਨ ਸਾਹਿਬ ਦੇ ਹਨ, ਕਿਉਂਕਿ ਇਹਨਾਂ ਤਿੰਨਾਂ ਹੀ ਸ਼ਲੋਕਾਂ ਦਾ ਸਿਰ-ਲੇਖ 'ਮਹਲਾ 5' ਹੈ।

ਸ਼ਲੋਕ ਨੰ: 207 ਵਿਚ ਕਬੀਰ ਜੀ ਨੇ ਆਖਿਆ ਸੀ ਕਿ ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਉਹ ਵਿਕਾਰਾਂ ਤੇ ਆਸਾਂ ਦੇ ਗੇੜ ਵਿਚੋਂ ਕੱਢ ਲੈਂਦਾ ਹੈ। ਸ਼ਲੋਕ ਨੰ: 208 ਵਿਚ ਆਖਦੇ ਹਨ ਕਿ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਦਾ, ਉਹ ਪ੍ਰਭੂ ਦਾ ਸਿਮਰਨ ਨਹੀਂ ਕਰ ਸਕਦੇ, ਤੇ ਨਾਹ ਹੀ ਵਿਕਾਰਾਂ ਤੇ ਆਸਾਂ ਤੋਂ ਉਹਨਾਂ ਦੀ ਖ਼ਲਾਸੀ ਹੋ ਸਕਦੀ ਹੈ। ਕਬੀਰ ਜੀ ਦੇ ਇਸੇ ਹੀ ਖ਼ਿਆਲ ਨੂੰ ਗੁਰੂ ਅਰਜਨ ਸਾਹਿਬ ਹੋਰ ਖੋਲ੍ਹ ਕੇ ਬਿਆਨ ਕਰਦੇ ਹਨ ਕਿ ਗੁਰੂ ਤੋਂ ਬਿਨਾਂ ਇਹ ਜੀਵ ਟਾਲ-ਮਟੌਲੇ ਕਰਨ ਤੇ ਮਜਬੂਰ ਹੈ ਕਿਉਂਕਿ ਇਸ ਦਾ ਸੁਭਾਉ ਕੁੱਤੇ ਵਰਗਾ ਹੈ, ਇਸ ਦੀ ਵਾਦੀ ਹੀ ਇਹ ਹੈ ਕਿ ਹਰ ਵੇਲੇ ਮੁਰਦਾਰ ਦੇ ਪਿੱਛੇ ਦੌੜਦਾ ਫਿਰੇ। ਜਿਸ ਉਤੇ ਪ੍ਰਭੂ ਦੀ ਆਪਣੀ ਮੇਹਰ ਹੋਵੇ ਉਸ ਨੂੰ ਸਤਿਗੁਰੂ ਮਿਲਦਾ ਹੈ, ਉਹ ਹੀ ਇਹਨਾਂ ਵਿਕਾਰਾਂ ਤੇ ਆਸਾਂ ਤੋਂ ਬਚਦਾ ਹੈ।

ਪਦ ਅਰਥ: ਕੂਕਰੁ = ਕੁੱਤਾ। ਭਉਕਨਾ = ਭੌਂਕਣ ਵਾਲਾ। ਕਰੰਗ = ਮੁਰਦਾਰ। ਕਰਮੀ = (ਪ੍ਰਭੂ ਦੀ) ਮੇਹਰ ਨਾਲ। ਜਿਨਿ = ਜਿਸ (ਗੁਰੂ) ਨੇ। ਹਉ = ਮੈਨੂੰ।

ਅਰਥ: ਹੇ ਕਬੀਰ! ਭੌਂਕਣ ਵਾਲਾ (ਭਾਵ, ਲਾਲਚ ਦਾ ਮਾਰਿਆ) ਕੁੱਤਾ ਸਦਾ ਮੁਰਦਾਰ ਵੱਲ ਦੌੜਦਾ ਹੈ (ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿਚ ਫਸਿਆ ਮਨੁੱਖ ਸਦਾ ਵਿਕਾਰਾਂ ਤੇ ਆਸਾਂ ਵੱਲ ਹੀ ਦੌੜਦਾ ਹੈ, ਤਾਹੀਏਂ ਇਹ ਸਿਮਰਨ ਵਲੋਂ ਟਾਲ-ਮਟੌਲੇ ਕਰਦਾ ਹੈ) । ਮੈਨੂੰ ਪਰਮਾਤਮਾ ਦੀ ਮੇਹਰ ਨਾਲ ਸਤਿਗੁਰੂ ਮਿਲ ਪਿਆ ਹੈ, ਉਸ ਨੇ ਮੈਨੂੰ (ਇਹਨਾਂ ਵਿਕਾਰਾਂ ਤੇ ਆਸਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ।209।

ਮਹਲਾ ੫ ॥ ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥ ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥ {ਪੰਨਾ 1375}

ਨੋਟ: ਸ਼ਲੋਕ ਨੰ: 209 ਵਾਲੇ ਹੀ ਖ਼ਿਆਲ ਨੂੰ ਜਾਰੀ ਰੱਖਿਆ ਗਿਆ ਹੈ। ਵਿਕਾਰੀ ਬੰਦਿਆਂ ਦਾ ਜ਼ੋਰ ਗੁਰੂ ਅਤੇ ਗੁਰ-ਸੰਗਤਿ ਉੱਤੇ ਨਹੀਂ ਪੈ ਸਕਦਾ, ਕਿਉਂਕਿ ਗੁਰੂ ਮਹਾਨ ਉੱਚਾ ਹੈ। ਪਰ ਹਾਂ, ਸਤਿਗੁਰੂ ਤੇ ਉਸ ਦੀ ਸੰਗਤਿ ਦੀ ਬਰਕਤਿ ਨਾਲ ਵਿਕਾਰੀਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ।

ਪਦ ਅਰਥ: ਧਰਤੀ ਸਾਧ ਕੀ = ਸਤਿਗੁਰੂ ਦੀ ਧਰਤੀ, ਸਤਿਗੁਰੂ ਦੀ ਸੰਗਤਿ। ਤਸਕਰ = ਚੋਰ, ਵਿਕਾਰੀ ਬੰਦੇ। ਬੈਸਹਿ = ਆ ਬੈਠਦੇ ਹਨ, ਜੇ ਆ ਬੈਠਣ। ਗਾਹਿ = ਗਹਿ, ਮੱਲ ਕੇ, ਸਿਦਕ ਨਾਲ, ਹੋਰ ਖ਼ਿਆਲ ਛੱਡ ਕੇ (ਨੋਟ: ਕਈ ਟੀਕਾਕਾਰ ਇਸ ਲਫ਼ਜ਼ 'ਗਾਹਿ' ਦਾ ਅਰਥ 'ਕਦੇ' ਕਰਦੇ ਹਨ, ਤੇ ਇਸ ਨੂੰ ਫ਼ਾਰਸੀ ਦਾ ਲਫ਼ਜ਼ ਸਮਝਦੇ ਹਨ ਪਰ ਇਹ ਗ਼ਲਤ ਹੈ। ਇਸ ਸ਼ਲੋਕ ਦੇ ਹਰੇਕ ਲਫ਼ਜ਼ ਨੂੰ ਗਹੁ ਨਾਲ ਪੜ੍ਹੋ, ਹਰੇਕ ਲਫ਼ਜ਼ ਸੰਸਕ੍ਰਿਤ = ਹਿੰਦੀ ਦਾ ਹੈ। ਮੁਸਲਮਾਨੀ ਮਤ ਦਾ ਭੀ ਇਥੇ ਕੋਈ ਜ਼ਿਕਰ ਨਹੀਂ ਹੈ। ਸੋ ਬਾਕੀ ਲਫ਼ਜ਼ਾਂ ਵਾਂਗ ਇਹ ਭੀ ਸੰਸਕ੍ਰਿਤ ਤੋਂ ਨੇੜੇ ਹੈ) । ਭਾਰਿ = ਭਾਰ ਨਾਲ, ਭਾਰ ਦੇ ਹੇਠ, ਤਸਕਰਾਂ ਦੇ ਭਾਰ ਹੇਠ। ਨ ਬਿਆਪਈ = ਦਬਦੀ ਨਹੀਂ, ਕੋਈ ਔਖਿਆਈ ਨਹੀਂ ਸਮਝਦੀ, ਅਸਰ ਹੇਠ ਨਹੀਂ ਆਉਂਦੀ। ਉਨ ਕਉ = ਉਹਨਾਂ ਤਸਕਰਾਂ ਨੂੰ। ਲਾਹੂ = ਲਾਹ ਹੀ, ਲਾਭ ਹੀ (ਮਿਲਦਾ ਹੈ) । ਲਾਹਿ = ਲਹਹਿ, ਉਹ ਤਸਕਰ ਲਾਭ ਹੀ ਲਹਹਿ, ਉਹ ਵਿਕਾਰੀ ਸਗੋਂ ਲਾਭ ਹੀ ਉਠਾਂਦੇ ਹਨ।

ਅਰਥ: ਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤਿ ਵਿਚ ਆ ਬੈਠਣ, ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤਿ ਉਤੇ ਨਹੀਂ ਪੈਂਦਾ। ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ ।210।

ਮਹਲਾ ੫ ॥ ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥ ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ॥੨੧੧॥ {ਪੰਨਾ 1375}

ਨੋਟ-ਸ਼ਲੋਕ ਨੰ: 210 ਵਿਚ 'ਸਾਧ ਕੀ ਧਰਤੀ' ਅਤੇ 'ਤਸਕਰ' ਦੀ ਮਿਸਾਲ ਦੇ ਕੇ ਕਬੀਰ ਜੀ ਨੇ ਆਖਿਆ ਹੈ ਕਿ 'ਤਸਕਰਾਂ' ਦਾ ਅਸਰ 'ਧਰਤੀ' ਉਤੇ ਨਹੀਂ ਪੈ ਸਕਦਾ। ਕਿਉਂ? ਇਸ ਵਾਸਤੇ ਕਿ 'ਧਰਤੀ' ਦਾ ਭਾਰ 'ਤਸਕਰਾਂ' ਦੇ ਭਾਰ ਨਾਲੋਂ ਬਹੁਤ ਵਧੀਕ ਹੈ। 'ਸਾਧ ਕੀ ਧਰਤੀ' ਭਾਰੀ ਹੈ, ਬਲ ਵਾਲੀ ਹੈ, ਇਸ ਵਾਸਤੇ ਤਸਕਰ ਜ਼ੋਰ ਨਹੀਂ ਪਾ ਸਕਦੇ। ਜੇ ਭਲਾਈ ਵਾਲਾ ਪਾਸਾ ਤਕੜਾ ਹੋਵੇ, ਤਾਂ ਉਥੇ ਵਿਕਾਰੀ ਬੰਦੇ ਭੀ ਆ ਕੇ ਭਲਾਈ ਵੱਲ ਪਰਤ ਪੈਂਦੇ ਹਨ।

ਨੰ: 211 ਵਿਚ 'ਚਾਵਲ' ਅਤੇ 'ਤੁਖ' ਦੀ ਮਿਸਾਲ ਹੈ। ਵਜ਼ਨ ਵਿਚ 'ਚਾਵਲ' ਭਾਰਾ ਹੈ 'ਤੁਖ' ਹੌਲਾ ਹੈ। 'ਤੁਖ' (ਤੋਹ) ਕਮਜ਼ੋਰ ਹੋਣ ਕਰਕੇ ਮਾਰ ਖਾਂਦਾ ਹੈ; ਇਸੇ ਤਰ੍ਹਾਂ ਵਿਕਾਰੀਆਂ ਦੇ ਤਕੜੇ ਇਕੱਠ ਵਿਚ ਜੇ ਕੋਈ ਸਾਧਾਰਨ ਜਿਹਾ ਮਨੁੱਖ (ਭਾਵੇਂ ਉਹ ਭਲਾ ਹੀ ਹੋਵੇ, ਪਰ ਉਹਨਾਂ ਦੇ ਟਾਕਰੇ ਤੇ ਕਮਜ਼ੋਰ-ਦਿਲ ਹੋਵੇ) ਬੈਠਣਾ ਸ਼ੁਰੂ ਕਰ ਦੇਵੇ, ਤਾਂ ਉਹ ਭੀ ਉਸੇ ਸੁਭਾਵ ਦਾ ਬਣ ਕੇ ਵਿਕਾਰਾਂ ਤੋਂ ਮਾਰ ਖਾਂਦਾ ਹੈ।

ਪਦ ਅਰਥ: ਤੁਖ = ਤੋਹ, ਚੌਲਾਂ ਦੇ ਸਿੱਕੜ। ਲਾਇ = ਲੱਗਦੀ ਹੈ, ਵੱਜਦੀ ਹੈ।

ਅਰਥ: ਹੇ ਕਬੀਰ! (ਤੋਹਾਂ ਨਾਲੋਂ) ਚਉਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੁਹਲੀ (ਦੀ ਸੱਟ) ਵੱਜਦੀ ਹੈ। ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ ।211।

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ {ਪੰਨਾ 1375-1376}

ਨੋਟ: 'ਮਹਲਾ 5' ਦੇ ਸ਼ਲੋਕ ਸਿਰਫ਼ ਤਿੰਨ ਸਨ-ਨੰ: 209, 210, 211। ਹੁਣ ਫਿਰ ਕਬੀਰ ਜੀ ਦੇ ਉਚਾਰੇ ਹੋਏ ਸ਼ਲੋਕ ਹਨ, ਕਿਉਂਕਿ ਇਹਨਾਂ ਦਾ ਸਿਰ-ਲੇਖ 'ਮਹਲਾ 5' ਨਹੀਂ ਹੈ।

ਇਹਨਾਂ ਸ਼ਲੋਕਾਂ ਵਿਚ ਕਬੀਰ ਜੀ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦਾ ਜ਼ਿਕਰ ਕਰਦੇ ਹਨ। ਇਸ ਗੱਲ ਤੋਂ ਇਹ ਸਾਬਤ ਹੋਇਆ ਕਿ ਇਹ ਦੋਵੇਂ ਭਗਤ ਕਬੀਰ ਜੀ ਤੋਂ ਪਹਿਲਾਂ ਹੋਏ ਹਨ। ਨਾਮਦੇਵ ਜੀ ਬੰਬਈ ਪ੍ਰਾਂਤ ਦੇ ਜ਼ਿਲਾ ਸਤਾਰਾ ਦੇ ਰਹਿਣ ਵਾਲੇ ਸਨ, ਫਿਰ ਵੀ ਇਹ ਇਤਨੇ ਉੱਘੇ ਹੋ ਚੁਕੇ ਸਨ ਕਿ ਬਨਾਰਸ ਦੇ ਵਸਨੀਕ ਕਬੀਰ ਜੀ ਇਹਨਾਂ ਨੂੰ ਜਾਣਦੇ ਸਨ।

ਕਬੀਰ ਜੀ ਇਹਨਾਂ ਸ਼ਲੋਕਾਂ ਵਿਚ ਨਾਮਦੇਵ ਅਤੇ ਤ੍ਰਿਲੋਚਨ ਦੀ ਆਪੋ ਵਿਚ ਹੋਈ ਗੱਲ-ਬਾਤ ਦਾ ਜ਼ਿਕਰ ਕਰਦੇ ਹਨ। ਇਹ ਸਾਰਾ ਖ਼ਿਆਲ ਉਹੀ ਹੈ ਜੋ ਨਾਮਦੇਵ ਜੀ ਨੇ ਆਪ ਰਾਮਕਲੀ ਰਾਗ ਦੇ ਸ਼ਬਦ ਵਿਚ ਦਿੱਤਾ ਹੈ। ਸਾਥੀਆਂ ਨਾਲ ਗੱਪਾਂ ਮਾਰਦੇ ਇਕ ਮੁੰਡੇ ਦਾ ਕਾਗ਼ਜ਼ ਦੀ ਗੁੱਡੀ ਉਡਾਣਾ, ਰਲ ਕੇ ਗੱਲਾਂ ਕਰਦੀਆਂ ਕੁੜੀਆਂ ਦਾ ਖੂਹ ਤੋਂ ਪਾਣੀ ਭਰ ਕੇ ਲਿਆਉਣਾ, ਗਾਈਆਂ ਦਾ ਵੱਛਿਆਂ ਤੋਂ ਜੁਦਾ ਹੋ ਕੇ ਬਾਹਰ ਘਾਹ ਚੁਗਣ ਜਾਣਾ, ਮਾਂ ਦਾ ਆਪਣੇ ਨਿੱਕੇ ਬੱਚੇ ਨੂੰ ਪੰਘੂੜੇ ਤੇ ਸੁਆ ਕੇ ਘਰ ਦੇ ਕੰਮ-ਕਾਜ ਵਿਚ ਲੱਗਣਾ-ਇਹ ਸਾਰੇ ਕੰਮ-ਕਾਰ ਹੁੰਦਿਆਂ ਹੋਇਆਂ ਭੀ ਮੁੰਡੇ ਦੀ ਸੁਰਤਿ ਗੁੱਡੀ ਵਿਚ, ਕੁੜੀਆਂ ਦੀ ਸੁਰਤਿ ਆਪੋ ਆਪਣੇ ਘੜੇ ਵਿਚ, ਹਰੇਕ ਗਾਂ ਦੀ ਸੁਰਤਿ ਆਪਣੇ ਵੱਛੇ ਵਿਚ, ਤੇ, ਮਾਂ ਦੀ ਸੁਰਤਿ ਬੱਚੇ ਵਿਚ ਹੁੰਦੀ ਹੈ। ਨਾਮਦੇਵ ਜੀ ਦੇ ਉਸ ਸ਼ਬਦ ਦਾ ਸੰਖੇਪ ਭਾਵ ਕਬੀਰ ਜੀ ਇਹਨਾਂ ਦੋ ਸ਼ਲੋਕਾਂ ਵਿਚ ਦੇ ਰਹੇ ਹਨ। ਇਸ ਤੋਂ ਇਹ ਸਾਫ਼ ਨਤੀਜਾ ਨਿਕਲਦਾ ਹੈ ਕਿ ਕਬੀਰ ਜੀ ਦੇ ਪਾਸ ਨਾਮਦੇਵ ਜੀ ਦਾ ਉਹ ਸਾਰਾ ਸ਼ਬਦ ਮੌਜੂਦ ਸੀ ਕੋਈ ਅਜਬ ਗੱਲ ਨਹੀਂ ਕਿ ਨਾਮਦੇਵ ਜੀ ਦੀ ਸਾਰੀ ਹੀ ਬਾਣੀ ਕਬੀਰ ਜੀ ਦੇ ਪਾਸ ਹੋਵੇ, ਕਿਉਂਕਿ ਦੋਵੇਂ ਹਮ-ਖ਼ਿਆਲ ਸਨ ਅਤੇ ਦੋਵੇਂ ਹੀ ਬ੍ਰਾਹਮਣ ਦੇ ਧਾਰਮਿਕ ਦਬਾਉ ਨੂੰ ਤੋੜਨ ਦੀ ਕੋਸ਼ਸ਼ ਕਰ ਰਹੇ ਸਨ।

ਪਦ ਅਰਥ: ਛੀਪਹੁ = ਠੇਕ ਰਹੇ ਹੋ। ਛਾਇਲੈ = ਰਜ਼ਾਈਆਂ ਦੇ ਅੰਬਰੇ ।212।

ਪਾਉ = ਪੈਰ। ਕਾਮੁ ਸਭੁ = (ਘਰ ਦਾ) ਸਾਰਾ ਕੰਮ-ਕਾਜ। ਨਿਰੰਜਨ = ਅੰਜਨ-ਰਹਿਤ, ਜਿਸ ਉੱਤੇ ਮਾਇਆ ਦੀ ਕਾਲਖ ਅਸਰ ਨਹੀਂ ਕਰ ਸਕਦੀ ।213।

ਨੋਟ: ਇਹਨਾਂ ਦੋਹਾਂ ਸ਼ਲੋਕਾਂ ਨੂੰ ਇਸ ਲੜੀ ਦੇ ਮਜ਼ਮੂਨ ਵਿਚ ਸਮਝਣ ਲਈ ਕਬੀਰ ਜੀ ਦੇ ਸ਼ਲੋਕ ਨੰ: 208 ਦੇ ਨਾਲ ਰਲਾ ਕੇ ਪੜ੍ਹੋ, ਵਿਚਕਾਰਲੇ ਤਿੰਨ ਸ਼ਲੋਕ ਗੁਰੂ ਅਰਜਨ ਸਾਹਿਬ ਦੇ ਹਨ। ਵਿਕਾਰਾਂ ਤੇ ਆਸਾਂ ਦਾ 'ਖਤੁ' ਪਾੜਨ ਲਈ 'ਹਰਿ ਭਜਨ' ਕਰਨਾ ਹੈ, ਪਰ ਇਸ ਦਾ ਭਾਵ ਇਹ ਨਹੀਂ ਹੈ ਕਿ ਦੁਨੀਆ ਦੀ ਕਿਰਤ-ਕਾਰ ਛੱਡ ਦੇਣੀ ਹੈ।

ਅਰਥ: ਤ੍ਰਿਲੋਚਨ ਆਖਦਾ ਹੈ-ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ। ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ।212।

ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ-ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ; ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ।213।

TOP OF PAGE

Sri Guru Granth Darpan, by Professor Sahib Singh