ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1379

ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ ॥ ਧਿਗੁ ਤਿਨ੍ਹ੍ਹਾ ਦਾ ਜੀਵਿਆ ਜਿਨਾ ਵਿਡਾਣੀ ਆਸ ॥੨੧॥ {ਪੰਨਾ 1379}

ਪਦ ਅਰਥ: ਧੁਖਿ ਉਠਨਿ = ਧੁਖ ਉੱਠਦੇ ਹਨ, ਅੰਬ ਜਾਂਦੇ ਹਨ। ਪਾਸ = ਸਰੀਰ ਦੇ ਪਾਸੇ। (ਲਫ਼ਜ਼ 'ਪਾਸ' ਅਤੇ 'ਪਾਸਿ' ਵਿਚ ਫ਼ਰਕ ਵੇਖਣਾ ਜ਼ਰੂਰੀ ਹੈ। ਵੇਖੋ ਸ਼ਲੋਕ ਨੰ: 45 'ਪਾਸਿ ਦਮਾਮੇ'। ਵਿਆਕਰਣ ਅਨੁਸਾਰ ਲਫ਼ਜ਼ 'ਪਾਸ' 'ਨਾਂਵ' ਬਹੁ-ਵਚਨ ਹੈ, (Noun, plural) ਭਾਵ, ਜਿਸਮ ਦੇ ਪਾਸੇ, ਪਸਲੀਆਂ। 'ਪਾਸਿ' ਸੰਬੰਧਕ ਹੈ, ਭਾਵ, ਜਿਨ੍ਹਾਂ ਦੇ ਪਾਸ; ਜਿਨ੍ਹਾਂ ਦੇ ਕੋਲ) । ਵਿਡਾਣੀ = ਬਿਗਾਨੀ। (ਲਫ਼ਜ਼ 'ਜਿਨ੍ਹਾਂ ਅਤੇ 'ਤਿਨ੍ਹਾਂ' ਦੇ ਅੱਖਰ 'ਨ' ਦੇ ਨਾਲ 'ਹ' ਹੈ) । ਵਡੀਆਂ = ਲੰਮੀਆਂ। ਧ੍ਰਿਗੁ = ਫਿਟਕਾਰ-ਜੋਗ।

ਅਰਥ: ਹੇ ਫਰੀਦ! (ਸਿਆਲ ਦੀਆਂ) ਲੰਮੀਆਂ ਰਾਤਾਂ ਵਿਚ (ਸਉਂ ਸਉਂ ਕੇ) ਪਾਸੇ ਧੁਖ ਉੱਠਦੇ ਹਨ (ਇਸੇ ਤਰ੍ਹਾਂ ਪਰਾਈ ਆਸ ਤੱਕਦਿਆਂ ਸਮਾ ਮੁੱਕਦਾ ਨਹੀਂ, ਪਰਾਏ ਦਰ ਤੇ ਬੈਠਿਆਂ ਅੱਕ ਜਾਈਦਾ ਹੈ) । ਸੋ, ਜੋ ਲੋਕ ਦੂਜਿਆਂ ਦੀ ਆਸ ਤੱਕਦੇ ਹਨ ਉਹਨਾਂ ਦੇ ਜੀਉਣ ਨੂੰ ਫਿਟਕਾਰ ਹੈ, (ਆਸ ਇਕ ਰੱਬ ਦੀ ਰੱਖੋ) । 21।

ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥ ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ ॥੨੨॥ {ਪੰਨਾ 1379}

ਪਦ ਅਰਥ: ਵਾਰਿਆ ਹੋਦਾ = ਲੁਕਾਇਆ ਹੁੰਦਾ। ਮਿਤਾ ਆਇੜਿਆਂ = ਆਏ ਮਿੱਤ੍ਰਾਂ ਤੋਂ। ਹੇੜਾ = ਸਰੀਰ, ਮਾਸ। ਮਜੀਠ ਜਿਉ = ਮਜੀਠ ਵਾਂਗ। ਜਲੈ = ਸੜਦਾ ਹੈ।

ਅਰਥ: ਹੇ ਫਰੀਦ! ਜੇ ਮੈਂ ਆਏ ਸੱਜਣਾਂ ਤੋਂ ਕਦੇ ਕੁਝ ਲੁਕਾ ਰੱਖਾਂ, ਤਾਂ ਮੇਰਾ ਸਰੀਰ (ਇਉਂ) ਸੜਦਾ ਹੈ ਜਿਵੇਂ ਬਲਦੇ ਕੋਲਿਆਂ ਉੱਤੇ ਮਜੀਠ (ਭਾਵ, ਘਰ-ਆਏ ਕਿਸੇ ਅੱਭਿਆਗਤ ਦੀ ਸੇਵਾ ਕਰਨ ਤੋਂ ਜੇ ਕਦੇ ਮਨ ਖਿਸਕੇ ਤਾਂ ਜਿੰਦ ਨੂੰ ਬੜਾ ਦੁੱਖ ਪ੍ਰਤੀਤ ਹੁੰਦਾ ਹੈ) । 22।

ਨੋਟ: ਉਪਰਲੇ ਦੋਹਾਂ ਸ਼ਲੋਕਾਂ ਵਿਚ ਮਨੁੱਖ ਨੂੰ ਜੀਊਣ ਦੀ ਜਾਚ ਸਿਖਾਂਦੇ ਹੋਏ, ਫਰੀਦ ਜੀ ਨੇ ਕਿਹਾ ਹੈ ਕਿ ਨਾਹ ਤਾਂ ਦੂਜਿਆਂ ਦੇ ਬੂਹੇ ਤੇ ਰੁਲਦਾ ਫਿਰ, ਅਤੇ ਨਾਹ ਹੀ ਘਰ ਆਏ ਕਿਸੇ ਪਰਦੇਸੀ ਦੀ ਸੇਵਾ ਤੋਂ ਚਿੱਤ ਚੁਰਾ।

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥ {ਪੰਨਾ 1379}

ਪਦ ਅਰਥ: ਬਿਜਉਰੀਆਂ = ਬਿਜੌਰ ਦੇ ਇਲਾਕੇ ਦੀ (ਇਹ ਇਲਾਕਾ ਪਠਾਣੀ ਦੇਸ ਵਿਚ ਮਾਲਾਕੰਦ ਸ੍ਵਾਤ ਤੋਂ ਪਰੇ ਹੈ) । ਦਾਖੁ = ਛੋਟਾ ਅੰਗੂਰ। ਕਿਕਰਿ = ਕਿਕਰੀਆਂ। ਹੰਢੈ = ਫਿਰਦਾ ਹੈ। ਪੈਧਾ ਲੋੜੈ = ਪਹਿਨਣਾ ਚਾਹੁੰਦਾ ਹੈ।

ਅਰਥ: ਹੇ ਫਰੀਦ! (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ) ਜੋ ਜੱਟ ਕਿਕਰੀਆਂ ਬੀਜਦਾ ਹੈ ਪਰ (ਉਹਨਾਂ ਕਿਕਰੀਆਂ ਤੋਂ) ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ (ਖਾਣਾ) ਚਾਹੁੰਦਾ ਹੈ, (ਸਾਰੀ ਉਮਰ) ਉੱਨ ਕਤਾਂਦਾ ਫਿਰਦਾ ਹੈ, ਪਰ ਰੇਸ਼ਮ ਪਹਿਨਣਾ ਚਾਹੁੰਦਾ ਹੈ। 23।

ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥ ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥੨੪॥ {ਪੰਨਾ 1379}

ਪਦ ਅਰਥ: ਰਹਾਂ = ਜੇ ਮੈਂ ਰਹਿ ਪਵਾਂ, (ਭਾਵ,) ਜੇ ਮੈਂ ਨਾਹ ਜਾਵਾਂ। ਤ = ਤਾਂ। ਤੁਟੈ = ਟੁੱਟਦਾ ਹੈ। ਨੇਹੁ = ਪਿਆਰ।

ਅਰਥ: ਹੇ ਫਰੀਦ! (ਵਰਖਾ ਦੇ ਕਾਰਨ) ਗਲੀ ਵਿਚ ਚਿੱਕੜ ਹੈ, (ਇਥੋਂ ਪਿਆਰੇ ਦਾ) ਘਰ ਦੂਰ ਹੈ (ਪਰ) ਪਿਆਰੇ ਨਾਲ (ਮੇਰਾ) ਪਿਆਰ (ਬਹੁਤ) ਹੈ। ਜੇ ਮੈਂ (ਪਿਆਰੇ ਨੂੰ ਮਿਲਣ) ਜਾਵਾਂ ਤਾਂ ਮੇਰੀ ਕੰਬਲੀ ਭਿੱਜਦੀ ਹੈ, ਜੇ (ਵਰਖਾ ਤੇ ਚਿੱਕੜ ਤੋਂ ਡਰਦਾ) ਨਾਹ ਜਾਵਾਂ ਤਾਂ ਮੇਰਾ ਪਿਆਰ ਟੁੱਟਦਾ ਹੈ। 24।

ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥ ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥ {ਪੰਨਾ 1379}

ਪਦ ਅਰਥ: ਅਲਹ = ਅੱਲਾਹ ਕਰ ਕੇ, ਰੱਬ ਕਰ ਕੇ। ਭਿਜਉ = ਬੇਸ਼ਕ ਭਿੱਜੇ (Let it be soaked) (ਇਹ ਲਫ਼ਜ਼ ਵਿਆਕਰਣ ਅਨੁਸਾਰ 'ਹੁਕਮੀ ਭਵਿੱਖਤ' ਅੱਨ ਪੁਰਖ ਇਕ-ਵਚਨ (Imperative mood, Third person, Singular number) ਹੈ, ਇਸ ਵਾਸਤੇ ਲਫ਼ਜ਼ 'ਕੰਬਲੀ' ਦਾ ਅਰਥ 'ਹੇ ਕੰਬਲੀ!' ਨਹੀਂ ਹੋ ਸਕਦਾ। ਇਸੇ ਤਰ੍ਹਾਂ 'ਵਰਸਉ' ਭੀ 'ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ' ਹੈ, ਇਸ ਦਾ ਅਰਥ ਹੈ 'ਬੇਸ਼ਕ ਬਰਸੇ' (Let it rain) ਇਥੇ ਭੀ ਲਫ਼ਜ਼ 'ਮੋਹੁ' ਦਾ ਅਰਥ 'ਹੇ ਮੀਂਹ!' ਨਹੀਂ ਹੋ ਸਕਦਾ, ਕਿਉਂਕਿ ਲਫ਼ਜ਼ 'ਮੇਹੁ' ਵਿਆਕਰਣ ਅਨੁਸਾਰ ਪਰਤੱਖ ਤੌਰ ਤੇ 'ਕਰਤਾ ਕਾਰਕ, ਇਕ-ਵਚਨ' ਹੈ। ਜੇ 'ਸੰਬੋਧਨ' ਹੁੰਦਾ ਤਾਂ ਇਸ ਦੇ ਅੰਤ ਵਿਚ (ੁ) ਨਾਹ ਹੁੰਦਾ। ਵਧੀਕ ਵਿਚਾਰ ਵਾਸਤੇ ਵੇਖੋ ਮੇਰਾ 'ਗੁਰਬਾਣੀ ਵਿਆਕਰਣ') । ਲਫ਼ਜ਼ 'ਤੁਟਉ' ਭੀ ਲਫ਼ਜ਼ 'ਭਿਜਉ ਸਿਜਉ' ਅਤੇ 'ਵਰਸਉ' ਵਾਂਗ ਹੀ ਹੈ।

ਅਰਥ: (ਮੇਰੀ) ਕੰਬਲੀ ਬੇਸ਼ੱਕ ਚੰਗੀ ਤਰ੍ਹਾਂ ਭਿੱਜ ਜਾਏ, ਰੱਬ ਕਰੇ ਮੀਂਹ (ਭੀ) ਬੇਸ਼ੱਕ ਵਰ੍ਹਦਾ ਰਹੇ, (ਪਰ) ਮੈਂ ਉਨ੍ਹਾਂ ਸੱਜਣਾਂ ਨੂੰ ਜ਼ਰੂਰ ਮਿਲਾਂਗਾ, (ਤਾਕਿ ਕਿਤੇ) ਮੇਰਾ ਪਿਆਰ ਨ ਟੁੱਟ ਜਾਏ। 25।

ਸ਼ਲੋਕ ਨੰ: 24, 25 ਦਾ ਭਾਵ:

ਦਰਵੇਸ਼ ਨੂੰ ਦੁਨੀਆ ਦਾ ਕੋਈ ਭੀ ਲਾਲਚ ਰੱਬ ਦੀ ਬੰਦਗੀ ਦੇ ਰਾਹ ਤੋਂ ਲਾਂਭੇ ਨਹੀਂ ਲੈ ਜਾ ਸਕਦਾ।

ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥ ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥੨੬॥ {ਪੰਨਾ 1379}

ਪਦ ਅਰਥ: ਮੈ = ਮੈਨੂੰ। ਭੋਲਾਵਾ = ਭੁਲੇਖਾ, ਧੋਖਾ, ਵਹਿਮ, ਫ਼ਿਕਰ। ਮਤੁ = ਮਤਾਂ, ਕਿਤੇ ਨ। ਮਤੁ ਹੋ ਜਾਇ = ਮਤਾਂ ਹੋ ਜਾਏ, ਕਿਤੇ ਹੋ ਨ ਜਾਏ। ਗਹਿਲਾ = ਬੇਪਰਵਾਹ, ਗ਼ਾਫ਼ਿਲ। ਜਾਣਈ = ਜਾਣਦਾ।

ਅਰਥ: ਹੇ ਫਰੀਦ! ਮੈਨੂੰ (ਆਪਣੀ) ਪੱਗ ਦਾ ਫ਼ਿਕਰ (ਰਹਿੰਦਾ) ਹੈ (ਕਿ ਮਿੱਟੀ ਨਾਲ ਮੇਰੀ ਪੱਗ) ਕਿਤੇ ਮੈਲੀ ਨਾ ਹੋ ਜਾਏ, ਪਰ ਕਮਲੀ ਜਿੰਦ ਇਹ ਨਹੀਂ ਜਾਣਦੀ ਕਿ ਮਿੱਟੀ (ਤਾਂ) ਸਿਰ ਨੂੰ ਭੀ ਖਾ ਜਾਂਦੀ ਹੈ। 26।

ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ ॥ ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥੨੭॥ {ਪੰਨਾ 1379}

ਪਦ ਅਰਥ: ਨਿਵਾਤ = ਮਿਸਰੀ। ਖੰਡੁ = (ਇਹ ਲਫ਼ਜ਼ ਸਦਾ (ੁ) ਅੰਤ ਹੈ। ਵੇਖੋ ਸ਼ਲੋਕ ਨੰ: 37) । ਮਾਖਿਓੁ = (ਇਸ ਲਫ਼ਜ਼ ਦੇ ਅੱਖਰ 'ੳ' ਨੂੰ ਦੋ ਮਾਤ੍ਰਾਂ ਲੱਗੀਆਂ ਹੋਈਆਂ ਹਨ, (ੋ) ਅਤੇ (ੁ) ਅਸਲ ਲਫ਼ਜ਼ (ੋ) ਨਾਲ ਹੈ 'ਮਾਖਿਓ'। ਪਰ ਇਥੇ ਛੰਦ ਦੀਆਂ ਮਾਤ੍ਰਾਂ ਪੂਰੀਆਂ ਰੱਖਣ ਵਾਸਤੇ ਪੜ੍ਹਨਾ ਹੈ 'ਮਾਖਿਉ'। ਇਸ ਦੋ ਮਾਤ੍ਰਾਂ ਦੀ ਇਕੱਠੀ ਵਰਤੋਂ ਨੂੰ ਵਧੀਕ ਸਮਝਣ ਵਾਸਤੇ ਪੜ੍ਹੋ 'ਗੁਰਬਾਣੀ ਵਿਆਕਰਣ') ਮਾਖਿਓ, ਸ਼ਹਿਦ। ਰਬ = ਹੇ ਰੱਬ! ਹੇ ਪਰਮਾਤਮਾ! ਨ ਪੁਜਨਿ = ਨਹੀਂ ਅੱਪੜਦੀਆਂ। ਤੁਧੁ = ਤੈਨੂੰ।

ਅਰਥ: ਹੇ ਫਰੀਦ! ਸ਼ੱਕਰ, ਖੰਡ, ਮਿਸਰੀ, ਗੁੜ, ਸ਼ਹਿਦ ਅਤੇ ਮਾਝਾ ਦੁੱਧ = ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ। ਪਰ, ਹੇ ਰੱਬ! (ਮਿਠਾਸ ਵਿਚ ਇਹ ਚੀਜ਼ਾਂ) ਤੇਰੇ (ਨਾਮ ਦੀ ਮਿਠਾਸ) ਤਕ ਨਹੀਂ ਅੱਪੜ ਸਕਦੀਆਂ। 27।

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥ {ਪੰਨਾ 1379}

ਪਦ ਅਰਥ: ਕਾਠ ਕੀ ਰੋਟੀ = ਕਾਠ ਵਾਂਗ ਸੁੱਕੀ ਰੋਟੀ, ਰੁੱਖੀ-ਮਿੱਸੀ ਰੋਟੀ। ਲਾਵਣੁ = ਭਾਜੀ, ਸਲੂਣਾ। ਘਣੇ = ਬੜੇ। ਚੋਪੜੀ = ਚੰਗੀ-ਚੋਖੀ, ਸੁਆਦਲੀ (ਰੋਟੀ) ।

ਅਰਥ: ਹੇ ਫਰੀਦ! (ਆਪਣੇ ਹੱਥਾਂ ਦੀ ਕਮਾਈ ਹੋਈ) ਮੇਰੀ ਰੁੱਖੀ-ਮਿੱਸੀ (ਭਾਵ, ਸਾਦਾ) ਰੋਟੀ ਹੈ, ਮੇਰੀ ਭੁੱਖ ਹੀ (ਇਸ ਰੋਟੀ ਦੇ ਨਾਲ) ਸਲੂਣਾ ਹੈ। ਜੋ ਲੋਕ ਚੰਗੀ-ਚੋਖੀ ਖਾਂਦੇ ਹਨ, ਉਹ ਬੜੇ ਕਸ਼ਟ ਸਹਿੰਦੇ ਹਨ (ਭਾਵ, ਆਪਣੀ ਕਮਾਈ ਦੀ ਸਾਦਾ ਰੋਟੀ ਚੰਗੀ ਹੈ, ਚਸਕੇ ਮਨੁੱਖ ਨੂੰ ਖ਼ੁਆਰ ਕਰਦੇ ਹਨ) । 28।

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥ {ਪੰਨਾ 1379}

ਪਦ ਅਰਥ: ਦੇਖਿ = ਵੇਖ ਕੇ।

ਅਰਥ: ਹੇ ਫਰੀਦ! (ਆਪਣੀ ਕਮਾਈ ਦੀ) ਰੁੱਖੀ-ਸੁੱਖੀ ਹੀ ਖਾ ਕੇ ਠੰਢਾ ਪਾਣੀ ਪੀ ਲੈ। ਪਰ ਪਰਾਈ ਸੁਆਦਲੀ ਰੋਟੀ ਵੇਖ ਕੇ ਆਪਣਾ ਮਨ ਨਾਹ ਤਰਸਾਈਂ। 29।

ਨੋਟ: ਇਹਨਾਂ 3 ਸ਼ਲੋਕਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਬੰਦਗੀ ਕਰਨ ਵਾਲੇ ਬੰਦੇ ਨੂੰ ਪਰਮਾਤਮਾ ਦਾ ਨਾਮ ਸਭ ਪਦਾਰਥਾਂ ਤੋਂ ਵਧੀਕ ਪਿਆਰਾ ਲੱਗਦਾ ਹੈ। ਉਸ ਦਾ ਜੀਵਨ ਸੰਤੋਖ ਵਾਲਾ ਹੁੰਦਾ ਹੈ। ਆਪਣੀ ਹੱਕ ਦੀ ਕਮਾਈ ਦੇ ਸਾਹਮਣੇ ਉਹ ਬਿਗਾਨੇ ਵਧੀਆ ਤੋਂ ਵਧੀਆ ਪਦਾਰਥਾਂ ਦੀ ਭੀ ਪਰਵਾਹ ਨਹੀਂ ਕਰਦਾ।

ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥ ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥ {ਪੰਨਾ 1379}

ਪਦ ਅਰਥ: ਸਿਉ = ਨਾਲ। ਅੰਗੁ = ਸਰੀਰ, ਜਿਸਮ। ਮੁੜਿ ਜਾਇ = ਟੁੱਟ ਰਿਹਾ ਹੈ। ਮੁੜੇ ਮੁੜਿ ਜਾਇ = ਮੁੜ ਮੁੜ ਜਾਂਦਾ ਹੈ, ਇਉਂ ਹੈ ਜਿਵੇਂ ਟੁੱਟ ਰਿਹਾ ਹੈ। ਡੋਹਾਗਣੀ = ਦੁਹਾਗਣ, ਛੁੱਟੜ, ਪਤੀ ਤੋਂ ਵਿਛੁੜੀ ਹੋਈ, ਭਾਗ-ਹੀਣ, ਮੰਦ-ਭਾਗਣ। ਜਾਇ = ਜਾ ਕੇ। ਰੈਣਿ = ਰਾਤ (ਭਾਵ, ਸਾਰੀ ਜ਼ਿੰਦਗੀ-ਰੂਪ ਰਾਤ) ।

ਅਰਥ: ਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ ਸੁੱਤੀ (ਭਾਵ, ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਵਿਚ ਲੀਨ ਨਹੀਂ ਹੋਈ, ਤੇ ਹੁਣ) ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ। ਜਾ ਕੇ ਛੁੱਟੜਾਂ (ਮੰਦ-ਭਾਗਣਾਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ (ਭਾਵ, ਮੈਨੂੰ ਤਾਂ ਅੱਜ ਹੀ ਥੋੜਾ ਚਿਰ ਪ੍ਰਭੂ ਵਿਸਰਿਆ ਹੈ ਤੇ ਮੈਂ ਦੁਖੀ ਹਾਂ। ਜਿਨ੍ਹਾਂ ਕਦੇ ਭੀ ਉਸ ਨੂੰ ਯਾਦ ਨਹੀਂ ਕੀਤਾ, ਉਹਨਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ) । 90।

ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥ ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥੩੧॥ {ਪੰਨਾ 1379}

ਪਦ ਅਰਥ: ਸਾਹੁਰੈ = ਸਹੁਰੇ ਘਰ, ਪਰਲੋਕ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਢੋਈ = ਆਸਰਾ, ਥਾਂ। ਪੇਈਐ = ਪੇਕੇ ਘਰ, ਇਸ ਲੋਕ ਵਿਚ। ਪਿਰੁ = ਖਸਮ-ਪ੍ਰਭੂ। ਵਾਤੜੀ = ਮਾੜੀ ਜਿਹੀ ਭੀ ਵਾਤ। ਧਨ = ਇਸਤ੍ਰੀ।

ਅਰਥ: ਜਿਸ ਇਸਤ੍ਰੀ ਦੀ ਮਾੜੀ ਜਿਹੀ ਵਾਤ ਭੀ ਪਤੀ ਨਹੀਂ ਪੁੱਛਦਾ, ਉਹ ਆਪਣਾ ਨਾਮ ਬੇਸ਼ੱਕ ਸੁਹਾਗਣ ਰੱਖੀ ਰੱਖੇ, ਪਰ ਉਸ ਨੂੰ ਨਾਹ ਸਹੁਰੇ ਘਰ ਤੇ ਨਾਹ ਹੀ ਪੇਕੇ ਘਰ ਕੋਈ ਥਾਂ ਕੋਈ ਆਸਰਾ ਮਿਲਦਾ ਹੈ (ਭਾਵ, ਪ੍ਰਭੂ ਦੀ ਯਾਦ ਤੋਂ ਖੁੰਝੇ ਹੋਏ ਜੀਵ ਲੋਕ ਪਰਲੋਕ ਦੋਹੀਂ ਥਾਈਂ ਖ਼ੁਆਰ ਹੁੰਦੇ ਹਨ, ਬਾਹਰੋਂ ਬੰਦਗੀ ਵਾਲਾ ਵੇਸ ਸਹੈਤਾ ਨਹੀਂ ਕਰ ਸਕਦਾ) । 31।

ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥ {ਪੰਨਾ 1379}

ਨੋਟ: ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ, 'ਵਾਰ ਮਾਰੂ ਮ: 3' ਦੀ ਛੇਵੀਂ ਪਉੜੀ ਵਿਚ ਭੀ ਇਹ ਸ਼ਲੋਕ ਦਰਜ ਹੈ, ਕਈ ਲਫ਼ਜ਼ਾਂ ਦਾ ਫ਼ਰਕ ਹੈ, ਓਥੇ ਇਹ ਸ਼ਲੋਕ ਇਉਂ ਹੈ:

ਮ: 1 ॥ ਸਸੁਰੈ ਪੇਈਐ ਕੰਤ ਕੀ, ਕੰਤੁ ਅਗੰਮੁ ਅਥਾਹੁ ॥ ਨਾਨਕ ਧੰਨੁ ਸੋੁਹਾਗਣੀ ਜੋ ਭਾਵਹਿ ਵੇਪਰਵਾਹੁ ॥2॥6॥

ਫਰੀਦ ਜੀ ਨੇ ਸ਼ਲੋਕ ਨੰ: 31 ਵਿਚ ਦੱਸਿਆ ਹੈ ਕਿ ਜੇ ਖਸਮ ਕਦੇ ਖ਼ਬਰ ਹੀ ਨਾਹ ਪੁੱਛੇ ਤਾਂ ਨਿਰਾ ਨਾਮ ਹੀ 'ਸੋਹਾਗਣ' ਰੱਖ ਲੈਣਾ ਕਿਸੇ ਕੰਮ ਨਹੀਂ। ਗੁਰੂ ਨਾਨਕ ਦੇਵ ਜੀ ਨੇ 'ਸੋਹਾਗਣ' ਦਾ ਅਸਲ ਲੱਛਣ ਭੀ ਇਸ ਸ਼ਲੋਕ ਵਿਚ ਦੱਸ ਕੇ ਫਰੀਦ ਜੀ ਦੇ ਸ਼ਲੋਕ ਦੀ ਹੋਰ ਵਿਆਖਿਆ ਕਰ ਦਿੱਤੀ ਹੈ।

ਪਦ ਅਰਥ: ਅਗੰਮੁ = ਪਹੁੰਚ ਤੋਂ ਪਰੇ। ਅਥਾਹੁ = ਡੂੰਘਾ, ਅਗਾਧ। ਬੇਪਰਵਾਹ ਭਾਵੈ = ਬੇ-ਪਰਵਾਹ ਨੂੰ ਪਿਆਰੀ ਲੱਗਦੀ ਹੈ।

ਅਰਥ: ਹੇ ਨਾਨਕ! ਖਸਮ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਤੇ ਬਹੁਤ ਡੂੰਘਾ ਹੈ (ਭਾਵ, ਉਹ ਇਤਨਾ ਜਿਗਰੇ ਵਾਲਾ ਹੈ ਕਿ ਭੁੱਲੜਾਂ ਉੱਤੇ ਭੀ ਗੁੱਸੇ ਨਹੀਂ ਹੁੰਦਾ; ਪਰ) ਸੋਹਾਗਣ (ਜੀਵ-ਇਸਤ੍ਰੀ) ਉਹੀ ਹੈ ਜੋ ਉਸ ਬੇ-ਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਜੋ ਇਸ ਲੋਕ ਤੇ ਪਰਲੋਕ ਵਿਚ ਉਸ ਖਸਮ ਦੀ ਬਣ ਕੇ ਰਹਿੰਦੀ ਹੈ। 32।

ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ ॥ ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥੩੩॥ {ਪੰਨਾ 1379}

ਪਦ ਅਰਥ: ਸੰਬਹੀ = ਸਜੀ ਹੋਈ, ਫਬੀ ਹੋਈ। ਨਚਿੰਦੁ = ਬੇ-ਫ਼ਿਕਰ। ਬੇੜੀ = ਵੇੜ੍ਹੀ ਹੋਈ, ਲਿੱਬੜੀ ਹੋਈ। ਕਥੂਰੀ = ਕਸਤੂਰੀ। ਗੰਧੁ = ਸੁਗੰਧੀ, ਖ਼ੁਸ਼ਬੋ।

ਅਰਥ: (ਜੋ ਜੀਵ-ਇਸਤ੍ਰੀ) ਨ੍ਹਾ ਧੋ ਕੇ (ਪਤੀ ਮਿਲਣ ਦੀ ਆਸ ਵਿਚ) ਤਿਆਰ ਹੋ ਬੈਠੀ, (ਪਰ ਫਿਰ) ਬੇ-ਫ਼ਿਕਰ ਹੋ ਕੇ ਸਉਂ ਗਈ, ਹੇ ਫਰੀਦ! ਉਸ ਦੀ ਕਸਤੂਰੀ ਵਾਲੀ ਸੁਗੰਧੀ ਤਾਂ ਉੱਡ ਗਈ, ਉਹ ਹਿੰਙ ਦੀ (ਬੋ ਨਾਲ) ਭਰੀ ਰਹਿ ਗਈ (ਭਾਵ, ਜੇ ਬਾਹਰਲੇ ਧਾਰਮਿਕ ਸਾਧਨ ਕਰ ਲਏ, ਪਰ ਸਿਮਰਨ ਤੋਂ ਖੁੰਝੇ ਰਹੇ ਤਾਂ ਭਲੇ ਗੁਣ ਸਭ ਦੂਰ ਹੋ ਜਾਂਦੇ ਹਨ, ਤੇ ਪੱਲੇ ਅਉਗਣ ਹੀ ਰਹਿ ਜਾਂਦੇ ਹਨ) । 33।

ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥ ਫਰੀਦਾ ਕਿਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥੩੪॥ {ਪੰਨਾ 1379}

ਪਦ ਅਰਥ: ਸਹੁ = ਖਸਮ। ਸਹ ਪ੍ਰੀਤਿ = ਖਸਮ ਦਾ ਪਿਆਰ। (ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦੇ 'ਜੋੜ', 'ਉੱਚਾਰਨ' ਅਤੇ 'ਅਰਥ' ਦੇ ਫ਼ਰਕ ਨੂੰ ਪਾਠਕ ਜਨ ਧਿਆਨ ਨਾਲ ਵੇਖ ਲੈਣ) । ਕਿਤੀ = ਕਿਤਨੇ ਹੀ।

ਅਰਥ: ਜੇ ਖਸਮ (ਪ੍ਰਭੂ) ਨਾਲ ਮੇਰੀ ਪ੍ਰੀਤ ਨਾਹ ਟੁੱਟੇ ਤਾਂ ਮੈਨੂੰ ਜੁਆਨੀ ਦੇ (ਗੁਜ਼ਰ) ਜਾਣ ਦਾ ਡਰ ਨਹੀਂ ਹੈ। ਹੇ ਫਰੀਦ! (ਪ੍ਰਭੂ ਦੀ) ਪ੍ਰੀਤਿ ਤੋਂ ਸੱਖਣੇ ਕਿਤਨੇ ਹੀ ਜੋਬਨ ਕੁਮਲਾ ਕੇ ਸੁੱਕ ਗਏ (ਭਾਵ, ਜੇ ਪ੍ਰਭੂ-ਚਰਨਾਂ ਨਾਲ ਪਿਆਰ ਨਹੀਂ ਬਣਿਆ ਤਾਂ ਮਨੁੱਖਾ ਜੀਵਨ ਦਾ ਜੋਬਨ ਵਿਅਰਥ ਹੀ ਗਿਆ) । 34।

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥ ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥੩੫॥ {ਪੰਨਾ 1379}

ਪਦ ਅਰਥ: ਚਿੰਤ = ਚਿੰਤਾ। ਖਟੋਲਾ = ਨਿੱਕੀ ਜਿਹੀ ਖਾਟ, ਨਿੱਕੀ ਜਿਹੀ ਮੰਜੀ। ਬਿਰਹ = ਵਿਛੋੜਾ। ਬਿਰਹਿ = ਵਿਛੋੜੇ ਵਿਚ (ਤੜਪਣਾ) । ਵਿਛਾਵਣ = ਤੁਲਾਈ। ਸਾਹਿਬ = ਹੇ ਸਾਹਿਬ!

ਅਰਥ: ਹੇ ਫਰੀਦ! (ਪ੍ਰਭੂ ਦੀ ਯਾਦ ਭੁਲਾ ਕੇ) ਚਿੰਤਾ (ਅਸਾਡੀ) ਨਿੱਕੀ ਜਿਹੀ ਮੰਜੀ (ਬਣੀ ਹੋਈ ਹੈ) , ਦੁੱਖ (ਉਸ ਮੰਜੇ ਦਾ) ਵਾਣ ਹੈ ਅਤੇ ਵਿਛੋੜੇ ਦੇ ਕਾਰਣ (ਦੁੱਖ ਦੀ) ਤੁਲਾਈ ਤੇ ਲੇਫ਼ ਹੈ। ਹੇ ਸੱਚੇ ਮਾਲਿਕ! ਵੇਖ, (ਤੈਥੋਂ ਵਿਛੁੜ ਕੇ) ਇਹ ਹੈ ਅਸਾਡਾ ਜੀਊਣ (ਦਾ ਹਾਲ) । 35।

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥ ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥੩੬॥ {ਪੰਨਾ 1379}

ਪਦ ਅਰਥ: ਬਿਰਹਾ = ਵਿਛੋੜਾ। ਆਖੀਐ = ਆਖਿਆ ਜਾਂਦਾ ਹੈ। ਸੁਲਤਾਨੁ = ਰਾਜਾ। ਜਿਤੁ ਤਨਿ = ਜਿਸ ਤਨ ਵਿਚ। ਬਿਰਹੁ = ਵਿਛੋੜਾ, ਵਿਛੋੜੇ ਦੀ ਸੂਝ। ਮਸਾਨੁ = ਮੁਰਦੇ ਸਾੜਨ ਦੀ ਥਾਂ। ਜਿਤੁ = ਜਿਸ ਵਿਚ। ਤਨਿ = ਤਨ ਵਿਚ।

ਅਰਥ: ਹਰ ਕੋਈ ਆਖਦਾ ਹੈ (ਹਾਇ!) ਵਿਛੋੜਾ (ਬੁਰਾ) (ਹਾਇ!) ਵਿਛੋੜਾ (ਬੁਰਾ) । ਪਰ ਹੇ ਵਿਛੋੜੇ! ਤੂੰ ਪਾਤਸ਼ਾਹ ਹੈਂ (ਭਾਵ, ਤੈਨੂੰ ਮੈਂ ਸਲਾਮ ਕਰਦਾ ਹਾਂ, ਕਿਉਂਕਿ) , ਹੇ ਫਰੀਦ! ਜਿਸ ਸਰੀਰ ਵਿਚ ਵਿਛੋੜੇ ਦਾ ਸੱਲ ਨਹੀਂ ਪੈਦਾ ਹੁੰਦਾ (ਭਾਵ, ਜਿਸ ਮਨੁੱਖ ਨੂੰ ਕਦੇ ਇਹ ਚੋਭ ਨਹੀਂ ਵੱਜੀ ਕਿ ਮੈਂ ਪ੍ਰਭੂ ਤੋਂ ਵਿਛੁੜਿਆ ਹੋਇਆ ਹਾਂ) ਉਸ ਸਰੀਰ ਨੂੰ ਮਸਾਣ ਸਮਝੋ (ਭਾਵ, ਉਸ ਸਰੀਰ ਵਿਚ ਰਹਿਣ ਵਾਲੀ ਰੂਹ ਵਿਕਾਰਾਂ ਵਿਚ ਸੜ ਰਹੀ ਹੈ) । 36।

ਸਲੋਕ ਨੰ: 37 ਤੋਂ 65 ਤਕ:

ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥ ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥੩੭॥ {ਪੰਨਾ 1379}

ਪਦ ਅਰਥ: ਏ = ਇਹ ਦੁਨੀਆ ਦੇ ਪਦਾਰਥ। ਵਿਸੁ = ਜ਼ਹਿਰ। ਖੰਡੁ ਲਿਵਾੜਿ = ਖੰਡ ਨਾਲ ਗਲੇਫ਼ ਕੇ। ਇਕਿ = ਕਈ ਜੀਵ। ਰਾਹੇਦੇ = ਬੀਜਦੇ। ਰਹਿ ਗਏ = ਥੱਕ ਗਏ, ਮੁੱਕ ਗਏ, ਮਰ ਗਏ। ਰਾਧੀ = ਬੀਜੀ ਹੋਈ। ਉਜਾੜਿ = ਉਜਾੜ ਕੇ, ਨਿਖਸਮੀ ਛੱਡ ਕੇ।

ਅਰਥ: ਹੇ ਫਰੀਦ! ਇਹ ਦੁਨੀਆ ਦੇ ਪਦਾਰਥ (ਮਾਨੋ,) ਜ਼ਹਿਰ-ਭਰੀਆਂ ਗੰਦਲਾਂ ਹਨ, ਜੋ ਖੰਡ ਨਾਲ ਗਲੇਫ਼ ਰੱਖੀਆਂ ਹਨ। ਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ ਤੇ, ਬੀਜੀਆਂ ਨੂੰ (ਵਿਚੇ ਹੀ) ਛੱਡ ਗਏ। 37।

ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥ ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥੩੮॥ {ਪੰਨਾ 1379}

ਪਦ ਅਰਥ: ਹੰਢਿ ਕੈ = ਭਉਂ ਕੇ, ਭਟਕ ਕੇ, ਦੌੜ-ਭੱਜ ਕੇ। ਸੰਮਿ = ਸਉਂ ਕੇ। ਮੰਗੇਸੀਆ = ਮੰਗੇਗਾ। ਆਂਹੋ = ਆਇਆ ਸੈਂ। ਕੇਰ੍ਹੇ ਕੰਮਿ = ਕਿਸ ਕੰਮ ਲਈ? (ਅੱਖਰ 'ਰ' ਦੇ ਹੇਠ 'ਹ' ਹੈ) ।

ਅਰਥ: ਹੇ ਫਰੀਦ! (ਇਹਨਾਂ 'ਵਿਸੁ-ਗੰਦਲਾਂ' ਲਈ, ਦੁਨੀਆ ਦੇ ਇਹਨਾਂ ਪਦਾਰਥਾਂ ਲਈ) ਚਾਰ (ਪਹਿਰ ਦਿਨ) ਤੂੰ ਦੌੜ-ਭੱਜ ਕੇ ਵਿਅਰਥ ਗੁਜ਼ਾਰ ਦਿੱਤਾ ਹੈ, ਤੇ ਚਾਰ (ਪਹਿਰ ਰਾਤਿ) ਸਉਂ ਕੇ ਗਵਾ ਦਿੱਤੀ ਹੈ। ਪਰਮਾਤਮਾ ਹਿਸਾਬ ਮੰਗੇਗਾ ਕਿ (ਜਗਤ ਵਿਚ) ਤੂੰ ਕਿਸ ਕੰਮ ਆਇਆ ਸੈਂ। 38।

ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ ॥ ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥੩੯॥ {ਪੰਨਾ 1379}

ਪਦ ਅਰਥ: ਦਰਿ = ਦਰ ਤੇ, ਬੂਹੇ ਤੇ। ਦਰਵਾਜੈ = ਦਰਵਾਜ਼ੇ ਤੇ। ਜਾਇ ਕੈ = ਜਾ ਕੇ। ਕਿਉਂ = ਕੀ? ਨਿਦੋਸਾ = ਬੇ-ਦੋਸਾ। ਮਾਰੀਐ = ਮਾਰ ਖਾਂਦਾ ਹੈ।

ਅਰਥ: ਹੇ ਫਰੀਦ! ਕੀ (ਕਿਸੇ) ਬੂਹੇ ਤੇ (ਕਿਸੇ) ਦਰਵਾਜ਼ੇ ਤੇ ਜਾ ਕੇ (ਕਦੇ) ਘੜੀਆਲ (ਵੱਜਦਾ) ਵੇਖਿਆ ਈ? ਇਹ (ਘੜਿਆਲ) ਬੇ-ਦੋਸਾ (ਹੀ) ਮਾਰ ਖਾਂਦਾ ਹੈ, (ਭਲਾ) ਅਸਾਡਾ ਦੋਸੀਆਂ ਦਾ ਕੀਹ ਹਾਲ?। 39।

ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥ ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ ॥੪੦॥ {ਪੰਨਾ 1379}

ਪਦ ਅਰਥ: ਘੜੀਏ ਘੜੀਏ = ਘੜੀ ਘੜੀ ਪਿੱਛੋਂ। ਪਹਰੀ = ਹਰੇਕ ਪਹਿਰ ਮਗਰੋਂ। ਸਜਾਇ = ਦੰਡ, ਕੁੱਟ। ਹੇੜਾ = ਸਰੀਰ। ਸਿਉ = ਵਾਂਗ। ਰੈਣਿ = (ਜ਼ਿੰਦਗੀ ਦੀ) ਰਾਤਿ। ਵਿਹਾਇ = ਗੁਜ਼ਰਦੀ ਹੈ, ਬੀਤਦੀ ਹੈ।

ਅਰਥ: (ਘੜੀਆਲ ਨੂੰ) ਹਰੇਕ ਘੜੀ ਪਿਛੋਂ ਮਾਰ ਪੈਂਦੀ ਹੈ, ਹਰੇਕ ਪਹਿਰ ਮਗਰੋਂ (ਇਹ) ਕੁੱਟ ਖਾਂਦਾ ਹੈ। ਘੜੀਆਲ ਵਾਂਗ ਹੀ ਹੈ ਉਹ ਸਰੀਰ (ਜਿਸ ਨੇ 'ਵਿਸੁ ਗੰਦਲਾਂ' ਦੀ ਖ਼ਾਤਰ ਹੀ ਉਮਰ ਗੁਜ਼ਾਰ ਦਿੱਤੀ) । ਉਸ ਦੀ (ਜ਼ਿੰਦਗੀ-ਰੂਪ) ਰਾਤਿ ਦੁੱਖਾਂ ਵਿਚ ਹੀ ਬੀਤਦੀ ਹੈ। 40।

TOP OF PAGE

Sri Guru Granth Darpan, by Professor Sahib Singh