ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1383

ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥ ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥ ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥ ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥ {ਪੰਨਾ 1383}

ਪਦ ਅਰਥ: ਏਵੈ = ਇਉਂ, ਇਸ ਤਰ੍ਹਾਂ ਦਾ। ਢਾਹਾ = ਕਿਨਾਰਾ, ਕੰਢਾ। ਹੂਲ = ਰੌਲਾ। ਕਾਹਾਹਾ = ਹਾਹਾਕਾਰ। ਦੋਜਕ = ਨਰਕ। ਇਕਿ = ਕਈ ਜੀਵ (ਲਫ਼ਜ਼ 'ਇਕਿ' 'ਬਹੁ-ਵਚਨ' ਹੈ ਲਫ਼ਜ਼ 'ਇਕ' ਤੋਂ) । ਓਗਾਹਾ = ਗਵਾਹ, ਸਾਖੀ।

ਅਰਥ: ਹੇ ਫਰੀਦ! ਜਿਵੇਂ ਦਰਿਆ ਦਾ ਕਿਨਾਰਾ ਹੈ (ਜੋ ਪਾਣੀ ਦੇ ਵੇਗ ਨਾਲ ਢਹਿ ਰਿਹਾ ਹੁੰਦਾ ਹੈ) ਇਸੇ ਤਰ੍ਹਾਂ ਮੌਤ (-ਰੂਪ) ਨਦੀ ਦਾ ਕੰਢਾ ਹੈ (ਜਿਸ ਵਿਚ ਬੇਅੰਤ ਜੀਵ ਉਮਰ ਭੋਗ ਕੇ ਡਿੱਗਦੇ ਜਾ ਰਹੇ ਹਨ) । (ਮੌਤ) ਅਗਲੇ ਪਾਸੇ (ਵਿਕਾਰੀਆਂ ਵਾਸਤੇ) ਤਪੇ ਹੋਏ ਨਰਕ ਸੁਣੀਂਦੇ ਹਨ, ਉਥੇ ਉਹਨਾਂ ਦੀ ਹਾਹਾਕਾਰ ਤੇ ਰੌਲਾ ਪੈ ਰਿਹਾ ਹੈ। ਕਈ (ਭਾਗਾਂ ਵਾਲਿਆਂ) ਨੂੰ ਤਾਂ ਸਾਰੀ ਸਮਝ ਆ ਗਈ ਹੈ (ਕਿ ਇਥੇ ਕਿਵੇਂ ਜ਼ਿੰਦਗੀ ਗੁਜ਼ਾਰਨੀ ਹੈ, ਪਰ) ਕਈ ਬੇਪਰਵਾਹ ਫਿਰ ਰਹੇ ਹਨ। ਜੇਹੜੇ ਅਮਲ ਇਥੇ ਦੁਨੀਆ ਵਿਚ ਕਰੀਦੇ ਹਨ, ਉਹ ਰੱਬ ਦੀ ਦਰਗਾਹ ਵਿਚ (ਮਨੁੱਖ ਦੀ ਜ਼ਿੰਦਗੀ ਦੇ) ਗਵਾਹ ਬਣਦੇ ਹਨ। 98।

ਫਰੀਦਾ ਦਰੀਆਵੈ ਕੰਨ੍ਹ੍ਹੈ ਬਗੁਲਾ ਬੈਠਾ ਕੇਲ ਕਰੇ ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥ {ਪੰਨਾ 1383}

ਪਦ ਅਰਥ: ਕੰਨੈ = ਕੰਢੇ ਤੇ। ਕੇਲ = ਕਲੋਲ। ਹੰਝ = ਹੰਸ (ਜਿਹਾ ਚਿੱਟਾ ਬਗੁਲਾ) । ਅਚਿੰਤੇ = ਅਚਨ-ਚੇਤ। ਤਿਹੁ = ਉਸ (ਹੰਝ) ਨੂੰ। ਵਿਸਰੀਆਂ = ਭੁੱਲ ਗਈਆਂ। ਮਨਿ = ਮਨ ਵਿਚ। ਚੇਤੇ ਸਨਿ = ਚੇਤੇ ਵਿਚ ਸਨ, ਯਾਦ ਸਨ। ਗਾਲੀ = ਗੱਲਾਂ।

ਅਰਥ: ਹੇ ਫਰੀਦ! (ਬੰਦਾ ਜਗਤ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੈ, ਜਿਵੇਂ) ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗੁਲਾ ਕਲੋਲ ਕਰਦਾ ਹੈ (ਜਿਵੇਂ ਉਸ) ਹੰਸ (ਵਰਗੇ ਚਿੱਟੇ ਬਗੁਲੇ) ਨੂੰ ਕਲੋਲ ਕਰਦੇ ਨੂੰ ਅਚਨ-ਚੇਤ ਬਾਜ਼ ਆ ਪੈਂਦੇ ਹਨ, (ਤਿਵੇਂ ਬੰਦੇ ਨੂੰ ਮੌਤ ਦੇ ਦੂਤ ਆ ਫੜਦੇ ਹਨ) । ਜਦੋਂ ਉਸ ਨੂੰ ਬਾਜ਼ ਆ ਕੇ ਪੈਂਦੇ ਹਨ, ਤਾਂ ਸਾਰੇ ਕਲੋਲ ਉਸ ਨੂੰ ਭੁੱਲ ਜਾਂਦੇ ਹਨ (ਆਪਣੀ ਜਾਨ ਦੀ ਪੈ ਜਾਂਦੀ ਹੈ, ਇਹੀ ਹਾਲ ਮੌਤ ਆਇਆਂ ਬੰਦੇ ਦਾ ਹੁੰਦਾ ਹੈ) । ਜੋ ਗੱਲਾਂ (ਮਨੁੱਖ ਦੇ ਕਦੇ) ਮਨ ਵਿਚ ਚਿੱਤ-ਚੇਤੇ ਵਿਚ ਨਹੀਂ ਸਨ, ਰੱਬ ਨੇ ਉਹ ਕਰ ਦਿੱਤੀਆਂ। 99।

ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥ ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹ੍ਹਿ ॥ ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥ ਤਿਨ੍ਹ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹ੍ਹਿ ॥ ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹ੍ਹਿ ॥ ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥ {ਪੰਨਾ 1383}

ਪਦ ਅਰਥ: ਦੇਹੁਰੀ = ਸੋਹਣਾ ਸਰੀਰ, ਪਲਿਆ ਹੋਇਆ ਸਰੀਰ। ਚਲੈ = ਤੁਰਦਾ ਹੈ, ਕੰਮ ਦੇਂਦਾ ਹੈ। ਅੰਨਿ = ਅਂੰਨ ਨਾਲ। ਵਿਚਿ = (ਇਸ ਦੇ ਅਖ਼ੀਰ ਵਿਚ ਸਦਾ (ਿ) ਹੁੰਦੀ ਹੈ। ਲਫ਼ਜ਼ 'ਬਿਨੁ' ਦੇ ਅਖ਼ੀਰ ਵਿਚ ਸਦਾ (ੁ) ਹੁੰਦਾ ਹੈ) । ਵਤਿ = ਪਰਤ ਪਰਤ ਕੇ, ਮੁੜ ਮੁੜ ਕੇ। ਆਸੂਣੀ = ਨਿੱਕੀ ਜਿਹੀ ਆਸ, ਸੋਹਣੀ ਜਿਹੀ ਆਸ। ਬੰਨ੍ਹ੍ਹਿ = ਬੰਨ੍ਹ ਕੇ। ਮਲਕ = ਫ਼ਰਿਸ਼ਤਾ। ਅਲ = ਦਾ। ਮਲਕਲ ਮਉਤ = ਮੌਤ ਦਾ ਫ਼ਰਿਸ਼ਤਾ। ਕੰਨ੍ਹ੍ਹਿ = ਮੋਢੇ ਤੇ। ਆਏ ਕੰਮਿ = ਕੰਮ ਵਿਚ ਆਏ, ਸਹਾਈ ਹੋਏ।

ਅਰਥ: (ਮਨੁੱਖ ਦਾ ਇਹ) ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ (ਇਸ ਨੂੰ) ਪਾਣੀ ਤੇ ਅੰਨ ਦੇ ਜ਼ੋਰ ਕੰਮ ਦੇ ਰਿਹਾ ਹੈ। ਬੰਦਾ ਜਗਤ ਵਿਚ ਕੋਈ ਸੋਹਣੀ ਜਿਹੀ ਆਸ ਬਣ ਕੇ ਆਇਆ ਹੈ (ਪਰ ਆਸ ਪੂਰੀ ਨਹੀਂ ਹੁੰਦੀ) । ਜਦੋਂ ਮੌਤ ਦਾ ਫ਼ਰਿਸਤਾ (ਸਰੀਰ ਦੇ) ਸਾਰੇ ਦਰਵਾਜ਼ੇ ਭੰਨ ਕੇ (ਭਾਵ, ਸਾਰੇ ਇੰਦ੍ਰਿਆਂ ਨੂੰ ਨਕਾਰੇ ਕਰ ਕੇ) ਆ ਜਾਂਦਾ ਹੈ, (ਮਨੁੱਖ ਦੇ) ਉਹ ਪਿਆਰੇ ਵੀਰ (ਮੌਤ ਦੇ ਫ਼ਰਿਸਤੇ ਦੇ) ਅੱਗੇ ਬੰਨ੍ਹ ਕੇ ਤੋਰ ਦੇਂਦੇ ਹਨ। ਵੇਖੋ! ਬੰਦਾ ਚਹੁੰ ਮਨੁੱਖਾਂ ਦੇ ਮੋਢੇ ਤੇ ਤੁਰ ਪਿਆ ਹੈ।

ਹੇ ਫਰੀਦ! (ਪਰਮਾਤਮਾ ਦੀ) ਦਰਗਾਹ ਵਿਚ ਉਹੀ (ਭਲੇ) ਕੰਮ ਸਹਾਈ ਹੁੰਦੇ ਹਨ ਜੋ ਦੁਨੀਆ ਵਿਚ (ਰਹਿ ਕੇ) ਕੀਤੇ ਜਾਂਦੇ ਹਨ। 100।

ਫਰੀਦਾ ਹਉ ਬਲਿਹਾਰੀ ਤਿਨ੍ਹ੍ਹ ਪੰਖੀਆ ਜੰਗਲਿ ਜਿੰਨ੍ਹ੍ਹਾ ਵਾਸੁ ॥ ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥ {ਪੰਨਾ 1383}

ਪਦ ਅਰਥ: ਹਉ = ਮੈਂ। ਬਲਿਹਾਰੀ = ਸਦਕੇ, ਕੁਰਬਾਨ। ਤਿਨ੍ਹ੍ਹ = ਅੱਖਰ 'ਨ' ਦੇ ਹੇਠ ਅੱਧਾ 'ਹ' ਹੈ। ਜੰਗਲਿ = ਜੰਗਲ ਵਿਚ। ਵਾਸੁ = ਵਸੇਬਾ, ਰਿਹੈਸ਼। ਕਕਰੁ = ਕੰਕਰ, ਰੋੜ। ਥਲਿ = ਥਲ ਉਤੇ, ਭੁਇਂ ਉਤੇ। ਰਬ ਪਾਸੁ = ਰੱਬ ਦਾ ਪਾਸਾ, ਰੱਬ ਦਾ ਆਸਰਾ। ਛੋੜਨ੍ਹ੍ਹਿ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ।

ਅਰਥ: ਹੇ ਫਰੀਦ! ਮੈਂ ਉਹਨਾਂ ਪੰਛੀਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਵਾਸਾ ਜੰਗਲ ਵਿਚ ਹੈ, ਰੋੜ ਚੁਗਦੇ ਹਨ, ਭੋਇਂ ਉੱਤੇ ਵੱਸਦੇ ਹਨ, (ਪਰ) ਰੱਬ ਦਾ ਆਸਰਾ ਨਹੀਂ ਛੱਡਦੇ (ਭਾਵ, ਮਹਲਾਂ ਵਿਚ ਰਹਿਣ ਵਾਲੇ ਪਲੇ ਹੋਏ ਸਰੀਰ ਵਾਲੇ ਪਰ ਰੱਬ ਨੂੰ ਭੁਲਾ ਦੇਣ ਵਾਲੇ ਬੰਦੇ ਨਾਲੋਂ ਤਾਂ ਉਹ ਪੰਛੀ ਹੀ ਚੰਗੇ ਹਨ ਜੋ ਰੁੱਖਾਂ ਤੇ ਆਲ੍ਹਣੇ ਬਣਾ ਲੈਂਦੇ ਹਨ, ਰੋੜ ਚੁਗ ਕੇ ਗੁਜ਼ਾਰਾ ਕਰ ਲੈਂਦੇ ਹਨ, ਪਰ ਰੱਬ ਨੂੰ ਚੇਤੇ ਰੱਖਦੇ ਹਨ) । 101।

ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥ ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥ {ਪੰਨਾ 1383}

ਪਦ ਅਰਥ: ਫਿਰੀ = ਬਦਲ ਗਈ ਹੈ। ਵਣੁ = ਜੰਗਲ (ਭਾਵ, ਜੰਗਲ ਦਾ ਰੁੱਖ) । (ਲਫ਼ਜ਼ 'ਵਣੁ' ਦੇ ਰੂਪ ਅਤੇ ਸ਼ਲੋਕ ਨੰ: 19 ਅਤੇ 43 ਵਿਚ ਆਏ ਲਫ਼ਜ਼ 'ਵਣਿ' ਦੇ ਵਿਆਕਰਣਿਕ ਰੂਪ ਦਾ ਫ਼ਰਕ ਵੇਖੋ) । ਰਹਣੁ = ਥਿਰਤਾ। ਕਿਥਾਊ = ਕਿਤੇ ਭੀ।

ਅਰਥ: ਹੇ ਫਰੀਦ! ਮੌਸਮ ਬਦਲ ਗਿਆ ਹੈ, ਜੰਗਲ (ਦਾ ਬੂਟਾ ਬੂਟਾ) ਹਿੱਲ ਗਿਆ ਹੈ, ਪੱਤਰ ਝੜ ਰਹੇ ਹਨ। (ਜਗਤ ਦੇ) ਚਾਰੇ ਪਾਸੇ ਢੂੰਢ ਵੇਖੇ ਹਨ, ਥਿਰਤਾ ਕਿਤੇ ਭੀ ਨਹੀਂ ਹੈ (ਨਾਹ ਹੀ ਰੁੱਤ ਇਕੋ ਰਹਿ ਸਕਦੀ ਹੈ, ਨਾਹ ਹੀ ਰੁੱਖ ਤੇ ਰੁੱਖਾਂ ਦੇ ਪੱਤਰ ਸਦਾ ਟਿਕੇ ਰਹਿ ਸਕਦੇ ਹਨ। ਭਾਵ, ਸਮਾਂ ਗੁਜ਼ਰਨ ਤੇ ਇਸ ਮਨੁੱਖ ਉਤੇ ਬੁਢੇਪਾ ਆ ਜਾਂਦਾ ਹੈ, ਸਾਰੇ ਅੰਗ ਕਮਜ਼ੋਰ ਪੈ ਜਾਂਦੇ ਹਨ, ਆਖ਼ਰ ਜਗਤ ਤੋਂ ਤੁਰ ਪੈਂਦਾ ਹੈ) । 102।

ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥ ਜਿਨ੍ਹ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥ {ਪੰਨਾ 1383}

ਪਦ ਅਰਥ: ਪਾੜਿ = ਪਾੜ ਕੇ। ਪਟੋਲਾ = (ਸਿਰ ਉਤੇ ਲੈਣ ਵਾਲੀ ਜ਼ਨਾਨੀ ਦਾ) ਪੱਟ ਦਾ ਕੱਪੜਾ। ਧਜ = ਲੀਰਾਂ। ਕੰਬਲੜੀ = ਮਾੜੀ ਜਿਹੀ ਕੰਬਲੀ। ਜਿਨ੍ਹ੍ਹੀ ਵੇਸੀ = ਜਿਨ੍ਹਾਂ ਵੇਸਾਂ ਨਾਲ। ਸਹੁ = ਖਸਮ।

ਅਰਥ: ਹੇ ਫਰੀਦ! ਪੱਟ ਦਾ ਕੱਪੜਾ ਪਾੜ ਕੇ ਮੈਂ ਲੀਰਾਂ ਕਰ ਦਿਆਂ, ਤੇ ਮਾੜੀ ਜਿਹੀ ਕੰਬਲੀ ਪਾ ਲਵਾਂ। ਮੈਂ ਉਹੀ ਵੇਸ ਕਰ ਲਵਾਂ, ਜਿਨ੍ਹਾਂ ਵੇਸਾਂ ਨਾਲ (ਮੇਰਾ) ਖਸਮ ਪਰਮਾਤਮਾ ਮਿਲ ਪਏ। 103।

ਮਃ ੩ ॥ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥ ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥ {ਪੰਨਾ 1383}

ਪਦ ਅਰਥ: ਕਾਇ = ਕਿਸ ਵਾਸਤੇ? ਕਿਉਂ? ਪਹਿਰੇਇ = ਪਹਿਨਦੀ ਹੈ। ਘਰ ਹੀ = {ਘਰਿ ਹੀ। ਲਫ਼ਜ਼ 'ਘਰਿ' ਦੀ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਘਰ ਵਿਚ ਹੀ। ਰਾਸਿ = ਚੰਗੀ, ਸਾਫ਼।

ਅਰਥ: (ਪਤੀ ਪਰਮਾਤਮਾ ਨੂੰ ਮਿਲਣ ਵਾਸਤੇ ਜੀਵ-ਇਸਤ੍ਰੀ) ਸਿਰ ਦਾ ਪੱਟ ਦਾ ਕਪੜਾ ਕਿਉਂ ਪਾੜੇ ਤੇ ਭੈੜੀ ਜਿਹੀ ਕੰਬਲੀ ਕਿਉਂ ਪਾਏ? ਹੇ ਨਾਨਕ! ਘਰ ਵਿਚ ਬੈਠਿਆਂ ਹੀ ਖਸਮ (-ਪਰਮਾਤਮਾ) ਮਿਲ ਪੈਂਦਾ ਹੈ, ਜੇ (ਜੀਵ-ਇਸਤ੍ਰੀ ਆਪਣੀ) ਨੀਅਤ ਸਾਫ਼ ਕਰ ਲਏ (ਜੇ ਮਨ ਪਵਿਤ੍ਰ ਕਰ ਲਏ) । 104।

ਮਃ ੫ ॥ ਫਰੀਦਾ ਗਰਬੁ ਜਿਨ੍ਹ੍ਹਾ ਵਡਿਆਈਆ ਧਨਿ ਜੋਬਨਿ ਆਗਾਹ ॥ ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥ {ਪੰਨਾ 1383}

ਪਦ ਅਰਥ: ਗਰਬੁ = ਅਹੰਕਾਰ। ਵਡਿਆਈਆ ਗਰਬੁ = ਵਡਿਆਈਆਂ ਦਾ ਮਾਣ, ਦੁਨੀਆਵੀ ਇੱਜ਼ਤ ਦਾ ਮਾਣ। ਧਨਿ = ਧਨ ਦੇ ਕਾਰਣ। ਜੋਬਨਿ = ਜੁਆਨੀ ਦੇ ਕਾਰਣ। ਆਗਾਹ = ਬੇਅੰਤ। ਧਣੀ = ਰੱਬ, ਪਰਮਾਤਮਾ। ਸਿਉ = ਤੋਂ। ਮੀਹਾਹੁ = ਮੀਂਹ ਤੋਂ।

ਅਰਥ: ਹੇ ਫਰੀਦ! ਜਿਨ੍ਹਾਂ ਲੋਕਾਂ ਨੂੰ ਦੁਨੀਆਵੀ ਇੱਜ਼ਤ ਦਾ ਅਹੰਕਾਰ (ਰਿਹਾ) , ਬੇਅੰਤ ਧਨ ਦੇ ਕਾਰਣ ਜਾਂ ਜੁਆਨੀ ਦੇ ਕਾਰਣ (ਕੋਈ) ਮਾਣ ਰਿਹਾ, ਉਹ (ਜਗਤ ਵਿਚੋਂ) ਮਾਲਕ (ਦੀ ਮੇਹਰ) ਤੋਂ ਸੱਖਣੇ ਹੀ ਚਲੇ ਗਏ, ਜਿਵੇਂ ਟਿੱਬੇ ਮੀਂਹ (ਦੇ ਵੱਸਣ) ਪਿੱਛੋਂ (ਸੁੱਕੇ ਰਹਿ ਜਾਂਦੇ ਹਨ) । 106।

ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥ ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥ {ਪੰਨਾ 1383}

ਪਦ ਅਰਥ: ਐਥੈ = ਇਸ ਜੀਵਨ ਵਿਚ। ਘਣੇਰਿਆ = ਘਨੇਰੇ, ਬੜੇ। ਠਉਰ ਨ ਠਾਉ = ਨਾਹ ਥਾਂ ਨਾ ਥਿੱਤਾ।

ਅਰਥ: ਹੇ ਫਰੀਦ! ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾਇਆ ਹੋਇਆ ਹੈ, ਉਹਨਾਂ ਦੇ ਮੂੰਹ ਡਰਾਉਣੇ ਲੱਗਦੇ ਹਨ (ਉਹਨਾਂ ਨੂੰ ਵੇਖਦਿਆਂ ਡਰ ਲੱਗਦਾ ਹੈ, ਭਾਵੇਂ ਉਹ ਪੱਟ ਪਹਿਨਣ ਵਾਲੇ ਹੋਣ, ਧਨ ਵਾਲੇ ਹੋਣ, ਜੁਆਨੀ ਵਾਲੇ ਹੋਣ ਜਾਂ ਮਾਣ ਵਡਿਆਈਆਂ ਵਾਲੇ ਹੋਣ) । (ਜਿਤਨਾ ਚਿਰ) ਉਹ ਇਥੇ (ਜਿਊਂਦੇ ਹਨ, ਉਹਨਾਂ ਨੂੰ) ਕਈ ਦੁੱਖ ਵਾਪਰਦੇ ਹਨ, ਤੇ ਅਗਾਂਹ ਵੀ ਉਹਨਾਂ ਨੂੰ ਕੋਈ ਥਾਂ-ਥਿੱਤਾ ਨਹੀਂ ਮਿਲਦਾ (ਭਾਵ, ਧੱਕੇ ਹੀ ਪੈਂਦੇ ਹਨ) । 106।

ਨੋਟ: ਸ਼ਲੋਕ ਨੰ: 103 ਅਤੇ 106 ਫਰੀਦ ਜੀ ਦੇ ਹਨ। ਨੰ: 104 ਗੁਰੂ ਅਮਰਦਾਸ ਜੀ ਦਾ ਹੈ ਅਤੇ ਨੰ: 105 ਗੁਰੂ ਅਰਜਨ ਸਾਹਿਬ ਦਾ ਹੈ। ਫਰੀਦ ਜੀ ਦੇ ਦੋਵਾਂ ਸ਼ਲੋਕਾਂ ਨੂੰ ਰਲਾ ਕੇ ਪੜ੍ਹੋ। ਪਹਿਲਾਂ ਨੰ: 106 ਤੇ ਫਿਰ ਨੰ: 103। ਦੋਹਾਂ ਦਾ ਭਾਵ ਇਹ ਹੈ, ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾਇਆ ਹੈ ਉਹਨਾਂ ਦੇ ਮੂੰਹ ਡਰਾਉਣੇ ਲੱਗਦੇ ਹਨ ਭਾਵੇਂ ਉਹ ਪੱਟ ਪਹਿਨਣ ਵਾਲੇ ਤੇ ਧਨ ਵਾਲੇ ਹੀ ਹੋਣ। ਧਨ ਹੁੰਦਿਆਂ ਭੀ, ਪੱਟ ਪਹਿਨਦਿਆਂ ਭੀ, ਉਹ ਦੁਖੀ ਹੀ ਰਹਿੰਦੇ ਹਨ। ਸੋ, ਰੱਬ ਨੂੰ ਭੁਲਾ ਕੇ ਅਜੇਹੇ ਪੱਟ ਪਹਿਨਣ ਦੇ ਥਾਂ ਤਾਂ ਲੀਰਾਂ ਪਾ ਲੈਣੀਆਂ ਚੰਗੀਆਂ, ਕੰਮਲੀ ਪਹਿਨ ਲੈਣੀ ਚੰਗੀ, ਜੇ ਇਹਨਾਂ ਲੀਰਾਂ ਤੇ ਇਸ ਕੰਮਲੀ ਦੇ ਪਾਇਆਂ ਰੱਬ ਨਾਹ ਭੁੱਲੇ।

ਪਰ ਇਸ ਦਾ ਇਹ ਭਾਵ ਨਹੀਂ ਕਿ ਫਰੀਦ ਜੀ ਫ਼ਕੀਰੀ ਪਹਿਰਾਵੇ ਦੀ ਹਿਦਾਇਤ ਕਰ ਰਹੇ ਹਨ। ਸੋ, ਇਸੇ ਭੁਲੇਖੇ ਨੂੰ ਦੂਰ ਕਰਨ ਲਈ ਗੁਰੂ ਅਮਰਦਾਸ ਜੀ ਨੇ ਫਰੀਦ ਜੀ ਦੇ ਸ਼ਲੋਕ ਨੰ: 103 ਦੇ ਨਾਲ ਆਪਣੇ ਵਲੋਂ ਸ਼ਲੋਕ ਨੰ: 104 ਲਿਖਿਆ ਹੈ। ਗੁਰੂ ਅਰਜਨ ਸਾਹਿਬ ਨੇ ਇਸ ਖ਼ਿਆਲ ਦੀ ਹੋਰ ਵਿਆਖਿਆ ਕਰਦਿਆਂ ਲਿਖਿਆ ਹੈ ਕਿ ਧਨ ਤੇ ਜੁਆਨੀ ਦਾ ਮਾਣ ਕੀਤੀਆਂ ਰੱਬ ਦੀ ਮੇਹਰ ਤੋਂ ਸੱਖਣੇ ਹੀ ਰਹਿ ਜਾਈਦਾ ਹੈ। ਤਾਂ ਤੇ ਅਜੇਹੇ ਧਨ ਜੁਆਨੀ ਦੀ ਮੌਜ ਨਾਲੋਂ ਫ਼ਕੀਰੀ ਦੀਆਂ ਨਜ਼ਰਾਂ ਤੇ ਗੋਦੜੀ ਚੰਗੀ, ਜੇ ਇਸ ਫ਼ਕੀਰੀ ਵਿਚ ਰੱਬ ਯਾਦ ਰਹਿ ਸਕੇ।

ਫਰੀਦ ਜੀ ਦਾ ਇਸ ਤੋਂ ਅਗਲਾ ਸ਼ਲੋਕ ਨੰ: 107 ਰਤਾ ਧਿਆਨ ਨਾਲ ਤੇ ਪਿਛਲੇ ਸ਼ਲੋਕਾਂ ਨਾਲ ਰਲਾ ਕੇ ਪੜ੍ਹ ਵੇਖੋ। ਉਹ ਆਪ ਹੀ ਆਖਦੇ ਹਨ ਕਿ ਲੀਰਾਂ ਤੇ ਗੋਦੜੀ ਦੀ ਲੋੜ ਨਹੀਂ ਹੈ, ਘਰ ਛੱਡ ਕੇ ਜੰਗਲਾਂ ਵਿਚ ਜਾਣ ਦੀ ਲੋੜ ਨਹੀਂ, ਸਿਰਫ਼ ਇਹ ਹੇਠ ਲਿਖੇ ਉੱਦਮ ਕਰੋ = ਅੰਮ੍ਰਿਤ ਵੇਲੇ ਉੱਠ ਕੇ ਰੱਬ ਨੂੰ ਯਾਦ ਕਰੋ, ਇਕ ਰੱਬ ਦੀ ਓਟ ਰੱਖੋ, ਸੰਤੋਖ ਧਾਰੋ, ਆਦਿਕ।

ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥ ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥ {ਪੰਨਾ 1383}

ਪਦ ਅਰਥ: ਪਿਛਲਿ ਰਾਤਿ = ਪਿਛਲੀ ਰਾਤੇ, ਅੰਮ੍ਰਿਤ ਵੇਲੇ। ਨ ਜਾਗਿਓਹਿ = ਤੂੰ ਨਾਹ ਜਾਗਿਆ। ਮੁਇਓਹਿ = ਤੂੰ ਮੋਇਆ। ਤੈ = ਤੂੰ। ਰਬਿ = ਰੱਬ ਨੇ।

ਅਰਥ: ਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ (ਇਹ ਕੋਝਾ ਜੀਵਨ) ਜਿਊਂਦਾ ਹੀ ਤੂੰ ਮਰਿਆ ਹੋਇਆ ਹੈਂ। ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ, ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ) । 107।

ਨੋਟ: ਪਿਛਲੀ ਰਾਤੇ ਕਿਉਂ ਜਾਗਣਾ ਹੈ? ਇਹ ਗੱਲ ਫਰੀਦ ਜੀ ਨੇ ਸਿਰਫ਼ ਇਸ਼ਾਰੇ-ਮਾਤ੍ਰ ਕਹੀ ਹੈ– 'ਜੇ ਤੈ ਰਬੁ ਵਿਸਾਰਿਆ', ਭਾਵ, ਪਿਛਲੀ ਰਾਤੇ ਜਾਗ ਕੇ ਰੱਬ ਨੂੰ ਯਾਦ ਕਰਨਾ ਹੈ। ਗੁਰੂ ਅਰਜਨ ਦੇਵ ਜੀ ਫਰੀਦ ਜੀ ਦੇ ਇਸ ਭਾਵ ਨੂੰ ਅਗਲੇ ਚਾਰ ਸ਼ਲੋਕਾਂ ਵਿਚ ਵਧੀਕ ਸਪਸ਼ਟ ਕਰਦੇ ਹਨ।

ਮਃ ੫ ॥ ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥ ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥ {ਪੰਨਾ 1383}

ਪਦ ਅਰਥ: ਕੰਤੁ = ਖਸਮ, ਪਰਮਾਤਮਾ। ਰੰਗਾਵਲਾ = (ਵੇਖੋ ਸ਼ਲੋਕ ਨੰ: 82 ਵਿਚ 'ਰੰਗਾਵਲੀ') ਸੋਹਜ-ਮਈ, ਸੋਹਣਾ। ਅਲਹ ਸੇਤੀ = ਰੱਬ ਨਾਲ। ਸਾਜੁ = ਬਣਤਰ, ਰੂਪ। ਸਚਾਵਾਂ = ਸੱਚ ਵਾਲਾ, ਪਰਮਾਤਮਾ ਵਾਲਾ। ਏਹੁ ਸਾਜੁ = ਇਹ ਰੂਪ, (ਭਾਵ,) 'ਰੰਗਾਵਲਾ' ਤੇ 'ਵੇਮੁਹਤਾਜੁ' ਰੂਪ।

ਅਰਥ: ਹੇ ਫਰੀਦ! ਖਸਮ (ਪਰਮਾਤਮਾ) ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ। (ਅੰਮ੍ਰਿਤ ਵੇਲੇ ਉੱਠ ਕੇ) ਜੇ ਰੱਬ ਨਾਲ ਰੰਗੇ ਜਾਈਏ ਤਾਂ (ਮਨੁੱਖ ਨੂੰ ਭੀ) ਰੱਬ ਵਾਲਾ ਇਹ (ਸੋਹਣਾ ਤੇ ਬੇ-ਮੁਥਾਜੀ ਵਾਲਾ) ਰੂਪ ਮਿਲ ਜਾਂਦਾ ਹੈ (ਭਾਵ, ਮਨੁੱਖ ਦਾ ਮਨ ਸੁੰਦਰ ਹੋ ਜਾਂਦਾ ਹੈ, ਤੇ ਇਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ) । 108।

ਮਃ ੫ ॥ ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥ ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥ {ਪੰਨਾ 1383}

ਪਦ ਅਰਥ: ਇਕੁ ਕਰਿ = ਇਕ ਸਮਾਨ ਕਰ, ਇਕੋ ਜਿਹੇ ਜਾਣ। ਵਿਕਾਰੁ = ਪਾਪ। ਤੇ = ਤੋਂ। ਅਲਹ ਭਾਵੈ = (ਜੋ) ਰੱਬ ਨੂੰ ਚੰਗਾ ਲੱਗੇ। ਦਰਬਾਰੁ = ਰੱਬ ਦੀ ਦਰਗਾਹ।

ਅਰਥ: ਹੇ ਫਰੀਦ! (ਅੰਮ੍ਰਿਤ ਵੇਲੇ ਉੱਠ ਕੇ ਰੱਬੀ ਯਾਦ ਦੇ ਅੱਭਿਆਸ ਨਾਲ ਜੀਵਨ ਵਿਚ ਵਾਪਰਦੇ) ਦੁੱਖ ਤੇ ਸੁੱਖ ਨੂੰ ਇੱਕੋ ਜੇਹਾ ਜਾਣ, ਦਿਲ ਤੋਂ ਪਾਪ ਕੱਢ ਦੇਹ, ਜੋ ਰੱਬ ਦੀ ਰਜ਼ਾ ਵਿਚ ਵਰਤੇ ਉਸ ਨੂੰ ਉਸ ਨੂੰ ਚੰਗਾ ਜਾਣ, ਤਾਂ ਤੈਨੂੰ (ਪਰਮਾਤਮਾ ਦੀ) ਦਰਗਾਹ ਦੀ ਪ੍ਰਾਪਤੀ ਹੋਵੇਗੀ। 109।

ਮਃ ੫ ॥ ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥ ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥ {ਪੰਨਾ 1383}

ਪਦ ਅਰਥ: ਦੁਨੀ = ਦੁਨੀਆ, ਦੁਨੀਆ ਦੇ ਲੋਕ। ਵਜਾਈ = ਮਾਇਆ ਦੀ ਪ੍ਰੇਰੀ ਹੋਈ। ਨਾਲਿ = ਦੁਨੀਆ ਦੇ ਹੀ ਨਾਲਿ। ਜਿਸੁ = ਜਿਸ ਦੀ। ਸਾਰ = ਸੰਭਾਲ। ਅਲਹੁ = ਪਰਮਾਤਮਾ।

ਨੋਟ: ਸਲੋਕ ਨੰ: 108, 109 ਅਤੇ 110 ਵਿਚ ਲਫ਼ਜ਼ 'ਅਲਹ' ਦੀ ਵਰਤੋਂ ਵਿਆਕਰਣ ਅਨੁਸਾਰ ਇਉਂ ਹੈ– 'ਅਲਹ ਸੇਤੀ' = ਇਥੇ ਮੁਕਤਾ ਅੰਤ ਲਫ਼ਜ਼ 'ਅਲਹ' ਦੇ ਨਾਲ 'ਸੰਬੰਧਕ' 'ਸੇਤੀ' ਵਰਤਿਆ ਗਿਆ ਹੈ। 'ਅਲਹ ਭਾਵੈ' = ਇਥੇ ਕ੍ਰਿਆ 'ਭਾਵੈ' ਦੇ ਨਾਲ ਲਫ਼ਜ਼ 'ਅਲਹ' ਸੰਪ੍ਰਦਾਨ ਕਾਰਕ, ਇਕ-ਵਚਨ ਹੈ, ਭਾਵ, ਅਲਹ ਨੂੰ' 'ਅਲਹੁ ਕਰਦਾ' = ਇਥੇ ਲਫ਼ਜ਼ 'ਅਲਹੁ' ਕਰਤਾ ਕਾਰਕ, ਇਕ-ਵਚਨ ਹੈ।

ਅਰਥ: ਹੇ ਫਰੀਦ! ਦੁਨੀਆ ਦੇ ਲੋਕ (ਵਾਜੇ ਹਨ ਜੋ ਮਾਇਆ ਦੇ) ਵਜਾਏ ਹੋਏ ਵੱਜ ਰਹੇ ਹਨ, ਤੂੰ ਭੀ ਉਹਨਾਂ ਦੇ ਨਾਲ ਹੀ ਵੱਜ ਰਿਹਾ ਹੈਂ, (ਭਾਵ, ਮਾਇਆ ਦਾ ਨਚਾਇਆ ਨੱਚ ਰਿਹਾ ਹੈਂ) । ਉਹੀ (ਭਾਗਾਂ ਵਾਲਾ) ਜੀਵ (ਮਾਇਆ ਦਾ ਵਜਾਇਆ ਹੋਇਆ) ਨਹੀਂ ਵੱਜਦਾ, ਜਿਸ ਦੀ ਸੰਭਾਲ (ਰਾਖੀ) ਪਰਮਾਤਮਾ ਆਪ ਕਰਦਾ ਹੈ (ਸੋ, ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿਚ ਜੁੜ, ਤਾਕਿ ਤੇਰੀ ਭੀ ਸੰਭਾਲ ਹੋ ਸਕੇ) । 110।

ਮਃ ੫ ॥ ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥ ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥ {ਪੰਨਾ 1383-1384}

ਪਦ ਅਰਥ: ਰਤਾ = ਰੱਤਾ, ਰੰਗਿਆ ਹੋਇਆ। ਦੁਨੀ = ਦੁਨੀਆ, ਮਾਇਆ। ਕਿਤੈ ਕੰਮਿ = ਕਿਸੇ ਕੰਮ ਵਿਚ (ਨਹੀਂ ਆਉਂਦੀ) । ਮਿਸਲ ਫਕੀਰਾਂ = ਫ਼ਕੀਰਾਂ ਵਾਲੀ ਰਹਿਣੀ। ਗਾਖੜੀ = ਔਖੀ। ਪੂਰ ਕਰੰਮਿ = ਪੂਰੀ ਕਿਸਮਤ ਨਾਲ।

ਅਰਥ: ਹੇ ਫਰੀਦ! (ਅੰਮ੍ਰਿਤ ਵੇਲੇ ਉੱਠਣਾ ਹੀ ਕਾਫ਼ੀ ਨਹੀਂ; ਉਸ ਉੱਠਣ ਦੀ ਕੀਹ ਲਾਭ ਜੇ ਉਸ ਵੇਲੇ ਭੀ) ਦਿਲ ਦੁਨੀਆ (ਦੇ ਪਦਾਰਥਾਂ) ਨਾਲ ਹੀ ਰੰਗਿਆ ਰਿਹਾ? ਦੁਨੀਆ (ਅੰਤ ਵੇਲੇ) ਕਿਸੇ ਕੰਮ ਨਹੀਂ ਆਉਂਦੀ। (ਉੱਠ ਕੇ ਰੱਬ ਨੂੰ ਯਾਦ ਕਰ, ਇਹ) ਫ਼ਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ, ਤੇ ਮਿਲਦੀ ਹੈ ਵੱਡੇ ਭਾਗਾਂ ਨਾਲ। 111।

ਨੋਟ: ਅਗਲਾ ਸ਼ਲੋਕ ਨੰ: 112 ਫਰੀਦ ਜੀ ਦਾ ਹੈ।

TOP OF PAGE

Sri Guru Granth Darpan, by Professor Sahib Singh