ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1422

ਅੰਤਰਿ ਜੋਰੁ ਹਉਮੈ ਤਨਿ ਮਾਇਆ ਕੂੜੀ ਆਵੈ ਜਾਇ ॥ ਸਤਿਗੁਰ ਕਾ ਫੁਰਮਾਇਆ ਮੰਨਿ ਨ ਸਕੀ ਦੁਤਰੁ ਤਰਿਆ ਨ ਜਾਇ ॥ ਨਦਰਿ ਕਰੇ ਜਿਸੁ ਆਪਣੀ ਸੋ ਚਲੈ ਸਤਿਗੁਰ ਭਾਇ ॥ ਸਤਿਗੁਰ ਕਾ ਦਰਸਨੁ ਸਫਲੁ ਹੈ ਜੋ ਇਛੈ ਸੋ ਫਲੁ ਪਾਇ ॥ ਜਿਨੀ ਸਤਿਗੁਰੁ ਮੰਨਿਆਂ ਹਉ ਤਿਨ ਕੇ ਲਾਗਉ ਪਾਇ ॥ ਨਾਨਕੁ ਤਾ ਕਾ ਦਾਸੁ ਹੈ ਜਿ ਅਨਦਿਨੁ ਰਹੈ ਲਿਵ ਲਾਇ ॥੬॥ {ਪੰਨਾ 1422}

ਪਦ ਅਰਥ: ਜੋਰੁ ਹਉਮੈ = ਹਉਮੈ ਦਾ ਜ਼ੋਰ। ਤਨਿ = ਸਰੀਰ ਵਿਚ। ਕੂੜੀ = ਝੂਠ-ਮੂਠ, ਵਿਖਾਵੇ ਵਾਸਤੇ ਹੀ। ਆਵੈ = (ਗੁਰੂ ਦੇ ਦਰ ਤੇ) ਆਉਂਦਾ ਹੈ। ਜਾਇ = ਜਾਂਦਾ ਹੈ। ਦੁਤਰੁ = (दुस्तर) ਜਿਸ ਤੋਂ ਪਾਰ ਲੰਘਣਾ ਔਖਾ ਹੈ। ਨਦਰਿ = ਮਿਹਰ ਦੀ ਨਿਗਾਹ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ। ਸਫਲੁ = ਫਲ ਦੇਣ ਵਾਲਾ। ਜੋ ਫਲੁ = ਜਿਹੜਾ ਫਲ। ਇਛੈ = ਮਨ ਵਿਚ ਧਾਰਦਾ ਹੈ। ਸਤਿਗੁਰੁ ਮੰਨਿਆਂ = ਗੁਰੂ ਉਤੇ ਸਰਧਾ ਲਿਆਂਦੀ। ਹਉ = ਹਉਂ, ਮੈਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਤਿਨ ਕੇ ਪਾਇ = ਉਹਨਾਂ ਪੈਰੀਂ। ਤਾ ਕਾ = ਉਸ (ਮਨੁੱਖ) ਨੇ। ਜਿ = ਜਿਹੜਾ (ਮਨੁੱਖ) । ਅਨਦਿਨੁ = ਹਰ ਰੋਜ਼, ਹਰ ਵੇਲੇ। ਲਿਵ ਲਾਇ ਰਹੈ– ਸੁਰਤਿ ਜੋੜੀ ਰੱਖਦਾ ਹੈ।6।

ਅਰਥ: ਹੇ ਭਾਈ! ਜਿਸ ਮਨੁੱਖ ਦੇ ਅੰਦਰ ਹਉਮੈ ਦਾ ਜ਼ੋਰ ਪਿਆ ਰਹਿੰਦਾ ਹੈ ਜਿਸ ਦੇ ਸਰੀਰ ਵਿਚ ਮਾਇਆ ਦਾ ਪ੍ਰਭਾਵ ਬਣਿਆ ਰਹਿੰਦਾ ਹੈ, ਉਹ ਮਨੁੱਖ (ਗੁਰੂ ਦੇ ਦਰ ਤੇ) ਸਿਰਫ਼ ਵਿਖਾਵੇ ਦੀ ਖ਼ਾਤਰ ਹੀ ਆਉਂਦਾ ਰਹਿੰਦਾ ਹੈ। ਉਹ ਮਨੁੱਖ ਗੁਰੂ ਦੇ ਦੱਸੇ ਹੁਕਮ ਵਿਚ ਸਰਧਾ ਨਹੀਂ ਬਣਾ ਸਕਦਾ, (ਇਸ ਵਾਸਤੇ ਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਦਾ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। (ਪਰ, ਹੇ ਭਾਈ!) ਉਹ ਮਨੁੱਖ (ਹੀ) ਗੁਰੂ ਦੀ ਰਜ਼ਾ ਵਿਚ (ਜੀਵਨ-ਤੋਰ) ਤੁਰਦਾ ਹੈ, ਜਿਸ ਉੱਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ। ਹੇ ਭਾਈ! ਗੁਰੂ ਦਾ ਦੀਦਾਰ ਜ਼ਰੂਰ ਫਲ ਦੇਂਦਾ ਹੈ, (ਗੁਰੂ ਦਾ ਦਰਸ਼ਨ ਕਰਨ ਵਾਲਾ ਮਨੁੱਖ) ਜਿਹੜੀ ਮੰਗ ਆਪਣੇ ਮਨ ਵਿਚ ਧਾਰਦਾ ਹੈ, ਉਹੀ ਮੰਗ ਪ੍ਰਾਪਤ ਕਰ ਲੈਂਦਾ ਹੈ।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਉੱਤੇ ਸਰਧਾ ਬਣਾਈ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ। ਜਿਹੜਾ ਮਨੁੱਖ ਹਰ ਵੇਲੇ (ਗੁਰੂ-ਚਰਨਾਂ ਵਿਚ) ਸੁਰਤਿ ਜੋੜੀ ਰੱਖਦਾ ਹੈ, ਨਾਨਕ ਉਸ ਮਨੁੱਖ ਦਾ (ਸਦਾ ਲਈ) ਦਾਸ ਹੈ।6।

ਜਿਨਾ ਪਿਰੀ ਪਿਆਰੁ ਬਿਨੁ ਦਰਸਨ ਕਿਉ ਤ੍ਰਿਪਤੀਐ ॥ ਨਾਨਕ ਮਿਲੇ ਸੁਭਾਇ ਗੁਰਮੁਖਿ ਇਹੁ ਮਨੁ ਰਹਸੀਐ ॥੭॥ ਜਿਨਾ ਪਿਰੀ ਪਿਆਰੁ ਕਿਉ ਜੀਵਨਿ ਪਿਰ ਬਾਹਰੇ ॥ ਜਾਂ ਸਹੁ ਦੇਖਨਿ ਆਪਣਾ ਨਾਨਕ ਥੀਵਨਿ ਭੀ ਹਰੇ ॥੮॥ {ਪੰਨਾ 1422}

ਪਦ ਅਰਥ: ਪਿਰੀ ਪਿਆਰੁ = ਪਿਆਰੇ (ਪ੍ਰਭੂ) ਦਾ ਪਿਆਰ। ਕਿਉ ਤ੍ਰਿਪਤੀਐ = ਕਿਵੇਂ ਤ੍ਰਿਪਤੀ ਹੋ ਸਕਦੀ ਹੈ? ਸੁਭਾਇ = ਪਿਆਰ ਵਿਚ। ਗੁਰਮੁਖਿ ਮਨੁ = ਗੁਰੂ ਦੇ ਸਨਮੁਖ ਰਹਿਣ ਵਾਲੇ ਦਾ ਮਨ। ਰਹਸੀਐ = ਪ੍ਰਸੰਨ ਰਹਿੰਦਾ ਹੈ।7।

ਕਿਉ ਜੀਵਨਿ = ਕਿਵੇਂ ਜੀਊ ਸਕਦੇ ਹਨ? ਸੁਖੀ ਜੀਵਨ ਨਹੀਂ ਜੀਊ ਸਕਦੇ। ਬਾਹਰੇ = ਬਾਝੋਂ। ਜਾ = ਜਦੋਂ। ਦੇਖਨਿ = ਵੇਖਦੇ ਹਨ (ਬਹੁ-ਵਚਨ) । ਥੀਵਨਿ = ਹੋ ਜਾਂਦੇ ਹਨ। ਭੀ = ਮੁੜ, ਫਿਰ। ਹਰੇ = ਆਤਮਕ ਜੀਵਨ ਵਾਲੇ।8।

ਅਰਥ: ਹੇ ਭਾਈ! ਜਿਨ੍ਹਾਂ (ਮਨੁੱਖਾਂ) ਦੇ ਅੰਦਰ ਪਿਆਰੇ ਦਾ ਪ੍ਰੇਮ ਹੁੰਦਾ ਹੈ, (ਆਪਣੇ ਪਿਆਰੇ ਦੇ) ਦਰਸਨ ਤੋਂ ਬਿਨਾ ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਹੁੰਦੀ। ਹੇ ਨਾਨਕ! ਉਹ ਮਨੁੱਖ (ਪਿਆਰੇ ਦੇ) ਪ੍ਰੇਮ ਵਿਚ ਲੀਨ ਰਹਿੰਦੇ ਹਨ। (ਇਸੇ ਕਰਕੇ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਇਹ ਮਨ ਸਦਾ ਖਿੜਿਆ ਰਹਿੰਦਾ ਹੈ।7।

ਹੇ ਭਾਈ! ਜਿਨ੍ਹਾਂ (ਮਨੁੱਖਾਂ) ਦੇ ਅੰਦਰ ਪਿਆਰੇ ਦਾ ਪ੍ਰੇਮ ਹੁੰਦਾ ਹੈ, ਉਹ ਆਪਣੇ ਪਿਆਰੇ ਦੇ ਮਿਲਾਪ ਤੋਂ ਬਿਨਾ ਸੁਖੀ ਨਹੀਂ ਜੀਊ ਸਕਦੇ। ਹੇ ਨਾਨਕ! ਜਦੋਂ ਉਹ ਆਪਣੇ ਖਸਮ-ਪ੍ਰਭੂ ਦਾ ਦਰਸਨ ਕਰਦੇ ਹਨ, ਤਦੋਂ ਉਹ ਮੁੜ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।8।

ਜਿਨਾ ਗੁਰਮੁਖਿ ਅੰਦਰਿ ਨੇਹੁ ਤੈ ਪ੍ਰੀਤਮ ਸਚੈ ਲਾਇਆ ॥ ਰਾਤੀ ਅਤੈ ਡੇਹੁ ਨਾਨਕ ਪ੍ਰੇਮਿ ਸਮਾਇਆ ॥੯॥ ਗੁਰਮੁਖਿ ਸਚੀ ਆਸਕੀ ਜਿਤੁ ਪ੍ਰੀਤਮੁ ਸਚਾ ਪਾਈਐ ॥ ਅਨਦਿਨੁ ਰਹਹਿ ਅਨੰਦਿ ਨਾਨਕ ਸਹਜਿ ਸਮਾਈਐ ॥੧੦॥ ਸਚਾ ਪ੍ਰੇਮ ਪਿਆਰੁ ਗੁਰ ਪੂਰੇ ਤੇ ਪਾਈਐ ॥ ਕਬਹੂ ਨ ਹੋਵੈ ਭੰਗੁ ਨਾਨਕ ਹਰਿ ਗੁਣ ਗਾਈਐ ॥੧੧॥ ਜਿਨ੍ਹ੍ਹਾ ਅੰਦਰਿ ਸਚਾ ਨੇਹੁ ਕਿਉ ਜੀਵਨ੍ਹ੍ਹਿ ਪਿਰੀ ਵਿਹੂਣਿਆ ॥ ਗੁਰਮੁਖਿ ਮੇਲੇ ਆਪਿ ਨਾਨਕ ਚਿਰੀ ਵਿਛੁੰਨਿਆ ॥੧੨॥ ਜਿਨ ਕਉ ਪ੍ਰੇਮ ਪਿਆਰੁ ਤਉ ਆਪੇ ਲਾਇਆ ਕਰਮੁ ਕਰਿ ॥ ਨਾਨਕ ਲੇਹੁ ਮਿਲਾਇ ਮੈ ਜਾਚਿਕ ਦੀਜੈ ਨਾਮੁ ਹਰਿ ॥੧੩॥ {ਪੰਨਾ 1422}

ਪਦ ਅਰਥ: ਗੁਰਮੁਖਿ = ਗੁਰੂ ਦੀ ਸਰਨ ਰੱਖ ਕੇ। ਪ੍ਰੀਤਮ = ਹੇ ਪ੍ਰੀਤਮ ਪ੍ਰਭੂ! ਤੈ ਸਚੈ = ਤੂੰ ਸਦਾ ਕਾਇਮ ਰਹਿਣ ਵਾਲੇ ਨੇ। ਅਤੈ = ਅਤੇ। ਡੇਹੁ = ਦਿਨ। ਪ੍ਰੇਮਿ = ਪ੍ਰੇਮ ਵਿਚ।9।

ਸਚੀ ਆਸਕੀ = ਸੱਚੀ ਆਸ਼ਕੀ, ਸਦਾ ਕਾਇਮ ਰਹਿਣ ਵਾਲਾ ਪ੍ਰੇਮ। ਜਿਤੁ = ਜਿਸ (ਆਸ਼ਕੀ) ਦੀ ਰਾਹੀਂ। ਪਾਈਐ = ਮਿਲ ਪੈਂਦਾ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਅਨੰਦਿ = ਆਨੰਦ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈਐ = ਲੀਨ ਰਹੀਦਾ ਹੈ।10।

ਤੇ = ਤੋਂ, ਪਾਸੋਂ। ਨ ਹੋਵੈ ਭੰਗੁ = ਟੁੱਟਦਾ ਨਹੀਂ। ਗਾਈਐ = ਗਾਂਦੇ ਰਹਿਣਾ ਚਾਹੀਦਾ ਹੈ।11।

ਨੇਹੁ = ਪਿਆਰ। ਕਿਉ = ਸੁਖੀ ਜੀਵਨ ਨਹੀਂ ਜੀਊ ਸਕਦੇ। ਗੁਰਮੁਖਿ = ਗੁਰੂ ਦੀ ਰਾਹੀਂ।12।

ਤਉ ਆਪੇ = ਤੂੰ ਆਪ ਹੀ। ਕਰਮੁ = ਮਿਹਰ, ਬਖ਼ਸ਼ਸ਼। ਕਰਿ = ਕਰ ਕੇ। ਮੈ ਜਾਚਕ = ਮੈਨੂੰ ਮੰਗਤੇ ਨੂੰ। ਦੀਜੈ = ਦਿਹ।13।

ਅਰਥ: ਹੇ ਨਾਨਕ! (ਆਖ-) ਹੇ ਪ੍ਰੀਤਮ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲੇ ਨੇ ਗੁਰੂ ਦੀ ਰਾਹੀਂ ਜਿਨ੍ਹਾਂ ਮਨੁੱਖਾਂ ਦੇ ਅੰਦਰ (ਆਪਣਾ) ਪਿਆਰ ਪੈਦਾ ਕੀਤਾ ਹੈ, ਉਹ ਮਨੁੱਖ ਤੇਰੇ ਪਿਆਰ ਵਿਚ ਦਿਨ ਰਾਤ ਲੀਨ ਰਹਿੰਦੇ ਹਨ।9।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ (ਪਰਮਾਤਮਾ ਵਾਸਤੇ) ਸਦਾ ਕਾਇਮ ਰਹਿਣ ਵਾਲਾ ਪਿਆਰ (ਪੈਦਾ ਹੋ ਜਾਂਦਾ ਹੈ) , ਉਸ ਪਿਆਰ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰੀਤਮ-ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ, ਅਤੇ ਉਹ ਹਰ ਵੇਲੇ ਆਨੰਦ ਵਿਚ ਟਿਕੇ ਰਹਿੰਦੇ ਹਨ। ਹੇ ਨਾਨਕ! (ਪਿਆਰ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਲੀਨ ਰਹੀਦਾ ਹੈ।10।

ਹੇ ਭਾਈ! (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪ੍ਰੇਮ-ਪਿਆਰ ਪੂਰੇ ਗੁਰੂ ਪਾਸੋਂ ਮਿਲਦਾ ਹੈ, (ਅਤੇ ਉਹ ਪਿਆਰ) ਕਦੇ ਟੁੱਟਦਾ ਨਹੀਂ। ਹੇ ਨਾਨਕ! (ਇਸ ਪਿਆਰ ਨੂੰ ਕਾਇਮ ਰੱਖਣ ਵਾਸਤੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।11।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਬਿਨਾ ਸੁਖੀ ਜੀਵਨ ਨਹੀਂ ਜੀਊ ਸਕਦੇ (ਪਰ ਇਹ ਉਸ ਦੀ ਆਪਣੀ ਹੀ ਮਿਹਰ ਹੈ) । ਹੇ ਨਾਨਕ! ਚਿਰਾਂ ਦੇ ਵਿਛੁੜੇ ਜੀਵਾਂ ਨੂੰ ਪ੍ਰਭੂ ਆਪ ਹੀ ਗੁਰੂ ਦੀ ਰਾਹੀਂ ਆਪਣੇ ਨਾਲ ਮਿਲਾਂਦਾ ਹੈ।12।

ਹੇ ਨਾਨਕ! (ਆਖ-) ਹੇ ਹਰੀ! ਤੂੰ ਆਪ ਹੀ ਮਿਹਰ ਕਰ ਕੇ ਜਿਨ੍ਹਾਂ ਦੇ ਅੰਦਰ ਆਪਣਾ ਪ੍ਰੇਮ-ਪਿਆਰ ਪੈਦਾ ਕੀਤਾ ਹੈ, ਉਹਨਾਂ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈਂ। ਹੇ ਹਰੀ! ਮੈਨੂੰ ਮੰਗਤੇ ਨੂੰ (ਭੀ) ਆਪਣਾ ਨਾਮ ਬਖ਼ਸ਼।13।

ਗੁਰਮੁਖਿ ਹਸੈ ਗੁਰਮੁਖਿ ਰੋਵੈ ॥ ਜਿ ਗੁਰਮੁਖਿ ਕਰੇ ਸਾਈ ਭਗਤਿ ਹੋਵੈ ॥ ਗੁਰਮੁਖਿ ਹੋਵੈ ਸੁ ਕਰੇ ਵੀਚਾਰੁ ॥ ਗੁਰਮੁਖਿ ਨਾਨਕ ਪਾਵੈ ਪਾਰੁ ॥੧੪॥ ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ ॥ ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥ ਤਿਨ ਬਹਦਿਆ ਉਠਦਿਆ ਕਦੇ ਨ ਵਿਸਰੈ ਜਿ ਆਪਿ ਬਖਸੇ ਕਰਤਾਰਿ ॥ ਨਾਨਕ ਗੁਰਮੁਖਿ ਮਿਲੇ ਨ ਵਿਛੁੜਹਿ ਜਿ ਮੇਲੇ ਸਿਰਜਣਹਾਰਿ ॥੧੫॥ {ਪੰਨਾ 1422}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਹਸੈ = (ਭਗਤੀ ਦੇ ਆਤਮਕ ਆਨੰਦ ਵਿਚ ਕਦੇ) ਖਿੜ ਪੈਂਦਾ ਹੈ। ਰੋਵੈ = (ਭਗਤੀ ਦੇ ਬਿਰਹੋਂ ਰਸ ਵਿਚ ਕਦੇ) ਵੈਰਾਗ ਵਿਚ ਆ ਜਾਂਦਾ ਹੈ। ਜਿ = ਜਿਹੜੀ (ਭਗਤੀ) । ਸਾਈ = ਉਹੀ। ਸੁ = ਉਹ ਮਨੁੱਖ। ਕਰੇ ਵੀਚਾਰੁ = (ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ) ਮਨ ਵਿਚ ਵਸਾਈ ਰੱਖਦਾ ਹੈ। ਪਾਰੁ = (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ। ਪਾਵੈ = ਲੱਭ ਲੈਂਦਾ ਹੈ।14।

ਨਿਧਾਨੁ = (ਸਾਰੇ ਸੁਖਾਂ ਦਾ) ਖ਼ਜ਼ਾਨਾ। ਵੀਚਾਰਿ = ਵੀਚਾਰ ਕੇ, ਮਨ ਵਿਚ ਵਸਾ ਕੇ। ਸਦ = ਸਦਾ। ਉਜਲੇ = ਰੌਸ਼ਨ। ਤਿਤੁ = ਉਸ ਵਿਚ। ਤਿਤੁ ਦਰਬਾਰਿ = ਉਸ ਦਰਬਾਰਿ ਵਿਚ। ਤਿਤੁ ਸਚੈ ਦਰਬਾਰਿ = ਉਸ ਸਦਾ-ਥਿਰ ਰਹਿਣ ਵਾਲੇ ਦਰਬਾਰ ਵਿਚ। ਜਿ = ਜਿਨ੍ਹਾਂ ਨੂੰ। ਕਰਤਾਰਿ = ਕਰਤਾਰ ਨੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਸਿਰਜਣਹਾਰਿ = ਸਿਰਜਣਹਾਰ ਨੇ।15।

ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਭਗਤੀ ਦੇ ਆਤਮਕ ਆਨੰਦ ਵਿਚ ਕਦੇ) ਖਿੜ ਪੈਂਦਾ ਹੈ (ਕਦੇ ਭਗਤੀ ਦੇ ਬਿਰਹੋਂ-ਰਸ ਦੇ ਕਾਰਨ) ਵੈਰਾਗ ਵਿਚ ਆ ਜਾਂਦਾ ਹੈ। ਹੇ ਭਾਈ! ਅਸਲ ਭਗਤੀ ਉਹੀ ਹੁੰਦੀ ਹੈ ਜਿਹੜੀ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਕਰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਹ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ) ਆਪਣੇ ਮਨ ਵਿਚ ਵਸਾਈ ਰੱਖਦਾ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਸ ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ।14।

ਹੇ ਭਾਈ! ਸਤਿਗੁਰੂ ਦੀ ਬਾਣੀ ਨੂੰ ਮਨ ਵਿਚ ਵਸਾ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ- ਖ਼ਜ਼ਾਨਾ ਆ ਵੱਸਦਾ ਹੈ, ਉਹਨਾਂ ਦੇ ਮੂੰਹ ਉਸ ਸਦਾ ਕਾਇਮ ਰਹਿਣ ਵਾਲੇ (ਰੱਬੀ) ਦਰਬਾਰ ਵਿਚ ਸਦਾ ਰੌਸ਼ਨ ਰਹਿੰਦੇ ਹਨ। ਹੇ ਭਾਈ! ਕਰਤਾਰ ਨੇ ਆਪ ਜਿਨ੍ਹਾਂ ਮਨੁੱਖਾਂ ਉਤੇ ਮਿਹਰ ਕੀਤੀ ਹੁੰਦੀ ਹੈ, ਉਹਨਾਂ ਨੂੰ ਬਹਿੰਦਿਆਂ ਉਠਦਿਆਂ ਕਿਸੇ ਭੀ ਵੇਲੇ (ਪਰਮਾਤਮਾ ਦਾ ਨਾਮ) ਨਹੀਂ ਭੁੱਲਦਾ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਸਿਰਜਣਹਾਰ ਪ੍ਰਭੂ ਨੇ (ਆਪ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮਨੁੱਖ ਗੁਰੂ ਦੀ ਰਾਹੀਂ (ਪ੍ਰਭੂ ਚਰਨਾਂ ਵਿਚ) ਮਿਲੇ ਹੋਏ ਫਿਰ ਕਦੇ ਨਹੀਂ ਵਿੱਛੁੜਦੇ।15।

ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ ॥ ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ ॥ ਸਤਿਗੁਰ ਕੀ ਸੇਵੈ ਲਗਿਆ ਭਉਜਲੁ ਤਰੈ ਸੰਸਾਰੁ ॥ ਮਨ ਚਿੰਦਿਆ ਫਲੁ ਪਾਇਸੀ ਅੰਤਰਿ ਬਿਬੇਕ ਬੀਚਾਰੁ ॥ ਨਾਨਕ ਸਤਿਗੁਰਿ ਮਿਲਿਐ ਪ੍ਰਭੁ ਪਾਈਐ ਸਭੁ ਦੂਖ ਨਿਵਾਰਣਹਾਰੁ ॥੧੬॥ ਮਨਮੁਖ ਸੇਵਾ ਜੋ ਕਰੇ ਦੂਜੈ ਭਾਇ ਚਿਤੁ ਲਾਇ ॥ ਪੁਤੁ ਕਲਤੁ ਕੁਟੰਬੁ ਹੈ ਮਾਇਆ ਮੋਹੁ ਵਧਾਇ ॥ ਦਰਗਹਿ ਲੇਖਾ ਮੰਗੀਐ ਕੋਈ ਅੰਤਿ ਨ ਸਕੀ ਛਡਾਇ ॥ ਬਿਨੁ ਨਾਵੈ ਸਭੁ ਦੁਖੁ ਹੈ ਦੁਖਦਾਈ ਮੋਹ ਮਾਇ ॥ ਨਾਨਕ ਗੁਰਮੁਖਿ ਨਦਰੀ ਆਇਆ ਮੋਹ ਮਾਇਆ ਵਿਛੁੜਿ ਸਭ ਜਾਇ ॥੧੭॥ {ਪੰਨਾ 1422-1423}

ਪਦ ਅਰਥ: ਕੀ ਚਾਕਰੀ = ਦੀ (ਦੱਸੀ ਹੋਈ) ਸੇਵਾ। ਕਰੜੀ = ਔਖੀ। ਸਾਰੁ = ਸ੍ਰੇਸ਼ਟ। ਨਦਰਿ = ਮਿਹਰ ਦੀ ਨਿਗਾਹ। ਹੇਤ = ਹਿਤ, ਪ੍ਰੇਮ। ਸੇਵੈ = ਸੇਵਾ ਵਿਚ। ਭਉਜਲੁ = ਸੰਸਾਰ-ਸਮੁੰਦਰ। ਸੰਸਾਰੁ = ਜਗਤ। ਤਰੈ = ਪਾਰ ਲੰਘ ਜਾਂਦਾ ਹੈ। ਮਨ-ਚਿੰਦਿਆ = ਮਨ-ਇੱਛਤ। ਪਾਇਸੀ = ਹਾਸਲ ਕਰ ਲਏਗਾ। ਬਿਬੇਕ ਬੀਚਾਰੁ = ਬਿਬੇਕ ਦੀ ਸੂਝ, ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ। ਸਤਿਗੁਰ ਮਿਲਿਐ = ਜੇ ਗੁਰੂ ਮਿਲ ਪਏ। ਨਿਵਾਰਣਹਾਰੁ = ਦੂਰ ਕਰ ਸਕਣ ਵਾਲਾ।16।

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਸੇਵਾ ਜੋ = ਜਿਹੜੀ ਭੀ ਸੇਵਾ। ਦੂਜੈ ਭਾਇ = (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਪਿਆਰ ਵਿਚ। ਲਾਇ = ਲਾਈ ਰੱਖਦਾ ਹੈ। ਕਲਤੁ = ਇਸਤ੍ਰੀ। ਵਧਾਇ = ਵਧਾਈ ਜਾਂਦਾ ਹੈ। ਦਰਗਹਿ = ਪ੍ਰਭੂ ਦੀ ਹਜ਼ੂਰੀ ਵਿਚ। ਮੰਗੀਐ = ਮੰਗਿਆ ਜਾਂਦਾ ਹੈ। ਅੰਤਿ = ਅੰਤ ਵੇਲੇ। ਮੋਹ ਮਾਇ = ਮਾਇਆ ਦਾ ਮੋਹ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਦਰੀ ਆਇਆ = ਦਿੱਸ ਪੈਂਦਾ ਹੈ।17।

ਅਰਥ: ਹੇ ਭਾਈ! ਮਹਾਂ ਪੁਰਖਾਂ ਦੀ (ਦੱਸੀ ਹੋਈ) ਕਾਰ ਬਹੁਤ ਔਖੀ ਹੁੰਦੀ ਹੈ (ਕਿਉਂਕਿ ਉਸ ਵਿਚ ਆਪਾ ਵਾਰਨਾ ਪੈਂਦਾ ਹੈ, ਪਰ ਉਸ ਵਿਚੋਂ) ਸ੍ਰੇਸ਼ਟ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। (ਇਸ ਸੇਵਾ ਦੇ ਕਰਨ ਲਈ) ਉਸ ਮਨੁੱਖ ਦੇ ਅੰਦਰ (ਪਰਮਾਤਮਾ) ਪ੍ਰੀਤ-ਪਿਆਰ ਪੈਦਾ ਕਰਦਾ ਹੈ, ਜਿਸ ਉਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ।

ਹੇ ਭਾਈ! ਗੁਰੂ ਦੀ (ਦੱਸੀ) ਸੇਵਾ ਵਿਚ ਲੱਗਿਆਂ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। (ਜਿਹੜਾ ਭੀ ਮਨੁੱਖ ਗੁਰੂ ਦੀ ਦੱਸੀ ਸੇਵਾ ਕਰੇਗਾ ਉਹ) ਮਨ-ਮੰਗੀ ਮੁਰਾਦ ਪ੍ਰਾਪਤ ਕਰ ਲਏਗਾ ਉਸ ਦੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ (ਪੈਦਾ ਹੋ ਜਾਇਗੀ) । ਹੇ ਨਾਨਕ! ਜੇ ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਮਿਲ ਪੈਂਦਾ ਹੈ, ਜੋ ਹਰੇਕ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।16।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਿਹੜੀ ਭੀ ਸੇਵਾ ਕਰਦਾ ਹੈ, (ਉਸ ਦੇ ਨਾਲ ਨਾਲ ਉਹ ਆਪਣਾ) ਚਿੱਤ (ਪਰਮਾਤਮਾ ਤੋਂ ਬਿਨਾ) ਹੋਰ ਦੇ ਪਿਆਰ ਵਿਚ ਜੋੜੀ ਰੱਖਦਾ ਹੈ। (ਇਹ ਮੇਰਾ) ਪੁੱਤਰ (ਹੈ, ਇਹ ਮੇਰੀ) ਇਸਤ੍ਰੀ (ਹੈ, ਇਹ ਮੇਰਾ) ਪਰਵਾਰ ਹੈ (= ਇਹ ਆਖ ਆਖ ਕੇ ਹੀ ਉਹ ਮਨੁੱਖ ਆਪਣੇ ਅੰਦਰ) ਮਾਇਆ ਦਾ ਮੋਹ ਵਧਾਈ ਜਾਂਦਾ ਹੈ। ਪਰਮਾਤਮਾ ਦੀ ਦਰਗਾਹ ਵਿਚ (ਕੀਤੇ ਕਰਮਾਂ ਦਾ) ਹਿਸਾਬ (ਤਾਂ) ਮੰਗਿਆ (ਹੀ) ਜਾਂਦਾ ਹੈ, (ਮਾਇਆ ਦੇ ਮੋਹ ਦੀ ਫਾਹੀ ਤੋਂ) ਅੰਤ ਵੇਲੇ ਕੋਈ ਛੁਡਾ ਨਹੀਂ ਸਕਦਾ। ਮਾਇਆ ਦਾ ਮੋਹ ਦੁਖਦਾਈ ਸਾਬਤ ਹੁੰਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਉੱਦਮ) ਦੁਖ (ਦਾ ਹੀ ਮੂਲ) ਹੈ।

ਹੇ ਨਾਨਕ! ਗੁਰੂ ਦੀ ਸ਼ਰਨ ਪੈ ਕੇ (ਜਿਸ ਮਨੁੱਖ ਨੂੰ ਇਹ ਭੇਤ) ਦਿੱਸ ਪੈਂਦਾ ਹੈ, (ਉਸ ਦੇ ਅੰਦਰੋਂ) ਮਾਇਆ ਦਾ ਸਾਰਾ ਮੋਹ ਦੂਰ ਹੋ ਜਾਂਦਾ ਹੈ।17।

TOP OF PAGE

Sri Guru Granth Darpan, by Professor Sahib Singh