ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 4

ਅਸੰਖ ਭਗਤ ਗੁਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥

ਪਦ ਅਰਥ: ਗੁਣ ਵੀਚਾਰੁ-ਅਕਾਲ ਪੁਰਖ ਦੇ ਗੁਣਾਂ ਦਾ ਖ਼ਿਆਲ। ਗਿਆਨ ਵੀਚਾਰੁ-(ਅਕਾਲ ਪੁਰਖ ਦੇ) ਗਿਆਨ ਦਾ ਵਿਚਾਰ। ਸਤੀ-ਸਤ ਧਰਮ ਵਾਲੇ ਮਨੁੱਖ। ਦਾਤਾਰ-ਦਾਤਾਂ ਦੇਣ ਵਾਲੇ, ਬਖ਼ਸ਼ਸ ਕਰਨ ਵਾਲੇ।

ਅਰਥ: (ਅਕਾਲ ਪੁਰਖ ਦੀ ਕੁਦਰਤਿ ਵਿਚ) ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ, ਅਨੇਕਾਂ ਹੀ ਦਾਨੀ ਤੇ ਦਾਤੇ ਹਨ।

ਅਸੰਖ ਸੂਰ ਮੁਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥

ਪਦ ਅਰਥ: ਸੂਰ-ਸੂਰਮੇ, ਜੋਧੇ। ਮੁਹ-ਮੂੰਹਾਂ ਉੱਤੇ। ਭਖਸਾਰ-ਸਾਰ ਭਖਣ ਵਾਲੇ, ਲੋਹਾ ਖਾਣ ਵਾਲੇ, ਸ਼ਾਸਤ੍ਰਾਂ ਦੇ ਵਾਰ ਸਹਿਣ ਵਾਲੇ। ਮੋਨਿ-ਚੁੱਪ ਰਹਿਣ ਵਾਲੇ। ਲਿਵ ਲਾਇ ਤਾਰ-ਲਿਵ ਦੀ ਤਾਰ ਲਾ ਕੇ, ਇਕ-ਰਸ ਲਿਵ ਲਾ ਕੇ, ਇਕ-ਰਸ ਬ੍ਰਿਤੀ ਜੋੜ ਕੇ।

ਅਰਥ: (ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ (ਭਾਵ ਸਨਮੁਖ ਹੋ ਕੇ) ਸ਼ਾਸਤ੍ਰਾਂ ਦੇ ਵਾਰ ਸਹਿੰਦੇ ਹਨ, ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।

ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੭॥

ਅਰਥ: ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ, ਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ) ।17।

ਭਾਵ: ਪ੍ਰਭੂ ਦੀ ਸਾਰੀ ਕੁਦਰਤਿ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਜਗਤ ਵਿਚ ਜੇ ਤੁਸੀਂ ਸਿਰਫ਼ ਉਹਨਾਂ ਬੰਦਿਆਂ ਦੀ ਹੀ ਗਿਣਤੀ ਕਰਨ ਲੱਗੇ ਜੋ ਜਪ, ਤਪ, ਪੂਜਾ, ਧਾਰਮਿਕ ਪੁਸਤਕਾਂ ਦਾ ਪਾਠ, ਜੋਗ, ਸਮਾਧੀ ਆਦਿਕ ਕੰਮ ਕਰਦੇ ਚਲੇ ਆ ਰਹੇ ਹਨ, ਤਾਂ ਇਹ ਲੇਖਾ ਮੁੱਕਣ ਜੋਗਾ ਹੀ ਨਹੀਂ ਹੈ।17।

ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥

ਪਦ ਅਰਥ: ਮੂਰਖ ਅੰਧ ਘੋਰ-ਪਰਲੇ ਦਰਜੇ ਦੇ ਮੂਰਖ, ਮਹਾਂ ਮੂਰਖ। ਹਰਾਮਖੋਰ-ਪਰਾਇਆ ਮਾਲ ਖਾਣ ਵਾਲੇ। ਅਮਰ-ਹੁਕਮ। ਜੋਰ-ਧੱਕੇ, ਵਧੀਕੀਆਂ। ਕਰਿ ਜਾਹਿ-ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ।

ਅਰਥ: (ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿਚ) ਅਨੇਕਾਂ ਹੀ ਮਹਾਂ ਮੂਰਖ ਹਨ, ਅਨੇਕਾਂ ਹੀ ਚੋਰ ਹਨ, ਜੋ ਪਰਾਇਆ ਮਾਲ (ਚੁਰਾ ਚੁਰਾ ਕੇ) ਵਰਤ ਰਹੇ ਹਨ ਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ, ਜੋ (ਦੂਜਿਆਂ ਉੱਤੇ) ਹੁਕਮ ਤੇ ਵਧੀਕੀਆਂ ਕਰ ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ।

ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥

ਪਦ ਅਰਥ: ਗਲਵਢ-ਗਲ ਵੱਢਣ ਵਾਲੇ, ਕਾਤਲ, ਖ਼ੂਨੀ ਮਨੁੱਖ। ਹਤਿਆ ਕਮਾਹਿ-ਦੂਜਿਆਂ ਦੇ ਗਲ ਵੱਢਦੇ ਹਨ। ਪਾਪੁ ਕਰਿ ਜਾਹਿ-ਪਾਪ ਕਮਾ ਕੇ ਅੰਤ ਨੂੰ ਤੁਰ ਜਾਂਦੇ ਹਨ।

ਅਰਥ: ਅਨੇਕਾਂ ਹੀ ਖ਼ੂਨੀ ਮਨੁੱਖ ਲੋਕਾਂ ਦੇ ਗਲ ਵੱਢ ਰਹੇ ਹਨ ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖ਼ਰ) ਇਸ ਦੁਨੀਆ ਤੋਂ ਤੁਰ ਜਾਂਦੇ ਹਨ।

ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥

ਪਦ ਅਰਥ: ਕੂੜਿਆਰ-ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਕੂੜ ਦੇ ਟਿਕਾਣੇ ਬਣੇ ਪਏ ਹਨ, ਝੂਠ ਦੇ ਸੁਭਾਉ ਵਾਲੇ। ਕੂੜੇ-ਕੂੜ ਵਿਚ ਹੀ। ਫਿਰਾਹਿ-ਫਿਰਦੇ ਹਨ, ਪਰਵਿਰਤ ਹਨ, ਰੁੱਝੇ ਹੋਏ ਹਨ। ਮਲੇਛ-ਮਲੀਨ ਮਤ ਵਾਲੇ, ਖੋਟੀ ਬੁੱਧ ਵਾਲੇ ਮਨੁੱਖ। ਖਾਹਿ-ਖਾਂਦੇ ਹਨ। ਭਖਿ ਖਾਹਿ-ਹਾਬੜਿਆਂ ਵਾਂਗ ਖਾਈ ਜਾਂਦੇ ਹਨ। ('ਭਖ' ਅਤੇ 'ਖਾਹਿ' ਦੋਵੇਂ ਸੰਸਕ੍ਰਿਤ ਦੇ ਧਾਤੂ ਹਨ, ਦੋਹਾਂ ਦਾ ਅਰਥ ਹੈ 'ਖਾਣਾ'। ਤੀਜੀ ਪਉੜੀ ਵਿਚ ਭੀ ਇਕ ਇਹੋ ਜਿਹੀ 'ਖਾਹੀ ਖਾਹਿ' ਸੰਯੁਕਤ ਕ੍ਰਿਆ ਆ ਚੁਕੀ ਹੈ) ।

ਅਰਥ: ਅਨੇਕਾਂ ਹੀ ਝੂਠ ਬੋਲਣ ਦੇ ਸੁਭਾਉ ਵਾਲੇ ਮਨੁੱਖ ਝੂਠ ਵਿਚ ਹੀ ਰੁੱਝੇ ਪਏ ਹਨ ਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ।

ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥

ਪਦ ਅਰਥ: ਸਿਰਿ-ਆਪਣੇ ਸਿਰ ਉੱਤੇ। ਸਿਰਿ ਕਰਹਿ ਭਾਰੁ-ਆਪਣੇ ਸਿਰ ਉੱਤੇ ਭਾਰ ਚੁਕਦੇ ਹਨ।

ਨਾਨਕੁ ਨੀਚੁ-ਇਸ ਤੁਕ ਵਿਚ ਸ਼ਬਦ 'ਨਾਨਕੁ' ਕਰਤਾ ਕਾਰਕ ਹੈ ਅਤੇ ਪੁਲਿੰਗ ਹੈ। ਸ਼ਬਦ 'ਨੀਚੁ' ਵਿਸ਼ਸ਼ੇਣ ਹੈ ਅਤੇ ਪੁਲਿੰਗ ਹੈ। ਉਂਝ ਭੀ ਸ਼ਬਦ 'ਨਾਨਕੁ' ਦੇ ਨਾਲ ਹੀ ਵਰਤਿਆ ਗਿਆ ਹੈ। ਸੋ 'ਨੀਚੁ' ਸ਼ਬਦ 'ਨਾਨਕੁ' ਦਾ ਵਿਸ਼ਸ਼ੇਣ ਹੈ। ਸਤਿਗੁਰੂ ਜੀ ਆਪਣੇ ਆਪ ਨੂੰ 'ਨੀਚੁ' ਆਖਦੇ ਹਨ, ਇਹ ਗਰੀਬੀ ਭਾਵ ਹੋਰ ਭੀ ਕਈ ਥਾਈਂ ਆਉਂਦਾ ਹੈ, ਜਿਵੇਂ:

(1) ਮੈ ਕੀਤਾ ਨ ਜਾਤਾ ਹਰਾਮਖੋਰ। ਹਉ ਕਿਆ ਮੁਹੁ ਦੇਸਾ ਦੁਸਟੁ ਚੋਰ।
ਨਾਨਕੁ ਨੀਚੁ ਕਹੈ ਬੀਚਾਰੁ। ਧਾਣਕ ਰੂਪਿ ਰਹਾ ਕਰਤਾਰ।4। 29।
(ਸਿਰੀ ਰਾਗ ਮਹਲਾ 1

(2) ਜੁਗੁ ਜੁਗੁ ਸਾਚਾ ਹੈ ਭੀ ਹੋਸੀ। ਕਉਣੁ ਨ ਮੂਆ ਕਉਣੁ ਨ ਮਰਸੀ।
ਨਾਨਕੁ ਨੀਚੁ ਕਹੈ ਬੇਨੰਤੀ, ਦਰਿ ਦੇਖਹੁ ਲਿਵ ਲਾਈ ਹੇ।16।2।
(ਮਾਰੂ ਮਹਲਾ 1, ਸੋਹਲੇ

(3) ਕਥਨੀ ਕਰਉ ਨ ਆਵੈ ਓਰੁ। ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ।
ਦੁਖੁ ਸੁਖੁ ਭਾਣੈ ਤਿਸੈ ਰਜਾਇ। ਨਾਨਾਕੁ ਨੀਚੁ ਕਹੈ ਲਿਵ ਲਾਇ।8।4।
(ਗਉੜੀ ਮਹਲਾ 1

ਨਾਨਕੁ ਨੀਚੁ-ਨੀਚ ਨਾਨਕ, ਨਾਨਕ ਵਿਚਾਰਾ, ਗਰੀਬ ਨਾਨਕ।

ਅਰਥ: ਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ। (ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ? ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ।

ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੮॥

ਅਰਥ: (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੇਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੈਂ ਤੇਰੀ ਬੇਅੰਤ ਕੁਦਰਤਿ ਦੀ ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ) । ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਹੀ ਰਹਿਣਾ ਠੀਕ ਹੈ; ਤੇਰੀ ਸਿਫ਼ਤਿ-ਸਾਲਾਹ ਕਰ ਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿਚ ਰਹੀਏ) ।

ਭਾਵ: ਪਰਮਾਤਮਾ ਦੀ ਸਾਰੀ ਕੁਦਰਤਿ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਜੇ ਤੁਸੀ ਜਗਤ ਦੇ ਸਿਰਫ਼ ਚੋਰ ਧਾੜਵੀ ਠੱਗ ਨਿੰਦਕ ਆਦਿਕ ਬੰਦਿਆਂ ਦਾ ਹੀ ਹਿਸਾਬ ਲਾਣ ਲੱਗੋ ਤਾਂ ਇਹਨਾਂ ਦਾ ਭੀ ਕੋਈ ਅੰਤ ਨਹੀਂ। ਜਦ ਤੋਂ ਜਗਤ ਬਣਿਆ ਹੈ, ਬੇਅੰਤ ਜੀਵ ਵਿਕਾਰਾਂ ਵਿਚ ਹੀ ਗ੍ਰਸੇ ਚਲੇ ਆ ਰਹੇ ਹਨ।18।

ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਹਿ ਸਿਰਿ ਭਾਰੁ ਹੋਇ ॥

ਪਦ ਅਰਥ: ਨਾਵ-(ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਨਾਮ। ਅਗੰਮ-ਜਿਸ ਤਾਈਂ (ਕਿਸੇ ਦੀ) ਪਹੁੰਚ ਨ ਹੋ ਸਕੇ। ਲੋਅ-ਲੋਕ, ਭਵਣ। ਅਸੰਖ ਲੋਅ-ਅਨੇਕਾਂ ਹੀ ਭਵਣ। ਕਹਹਿ-ਕਹਿੰਦੇ ਹਨ, ਆਖਦੇ ਹਨ (ਜੋ ਮਨੁੱਖ) । ਸਿਰਿ-ਉਹਨਾਂ ਦੇ ਸਿਰ ਉੱਤੇ। ਹੋਇ-ਹੁੰਦਾ ਹੈ।

ਅਰਥ: (ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ (ਉਹਨਾਂ ਦੇ) ਥਾਂ ਟਿਕਾਣੇ ਹਨ। (ਕੁਦਰਤਿ ਵਿਚ) ਅਸੰਖਾਂ ਹੀ ਭਵਣ ਹਨ ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ। (ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) 'ਅਸੰਖ' (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, 'ਅਸੰਖ' ਸ਼ਬਦ ਭੀ ਕਾਫੀ ਨਹੀਂ ਹੈ) ।

ਅਖਰੀ ਨਾਮੁ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥ ਅਖਰੀ ਲਿਖਣੁ ਬੋਲਣੁ ਬਾਣਿ ॥ ਅਖਰਾ ਸਿਰਿ ਸੰਜੋਗੁ ਵਖਾਣਿ ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ ਤਿਵ ਤਿਵ ਪਾਹਿ ॥

ਪਦ ਅਰਥ: ਅਖਰੀ-ਅੱਖਰਾਂ ਦੀ ਰਾਹੀਂ ਹੀ। ਸਾਲਾਹ-ਸਿਫ਼ਤਿ। ਗੁਣ ਗਾਹ-ਗੁਣਾਂ ਦੇ ਗਾਹੁਣ ਵਾਲੇ, ਗੁਣਾਂ ਦੇ ਵਾਕਫ਼। ਬਾਣਿ ਲਿਖਣੁ-ਬਾਣੀ ਦਾ ਲਿਖਣਾ। ਬਾਣਿ-ਬਾਣੀ, ਬੋਲੀ। ਬਾਣਿ ਬੋਲਣੁ-ਬਾਣੀ (ਬੋਲੀ) ਦਾ ਬੋਲਣਾ। ਅਖਰਾ ਸਿਰਿ-ਅੱਖਰਾਂ ਦੀ ਰਾਹੀਂ ਹੀ। ਸੰਜੋਗੁ-ਭਾਗਾਂ ਦਾ ਲੇਖ। ਵਖਾਣਿ-ਵਖਾਣਿਆ ਜਾ ਸਕਦਾ ਹੈ, ਦੱਸਿਆ ਜਾ ਸਕਦਾ ਹੈ। ਜਿਨਿ-ਜਿਸ ਅਕਾਲ ਪੁਰਖ ਨੇ। ਏਹਿ-ਸੰਜੋਗ ਦੇ ਇਹ ਅੱਖਰ। ਤਿਸੁ ਸਿਰਿ-ਉਸ ਅਕਾਲ ਪੁਰਖ ਦੇ ਮੱਥੇ ਉੱਤੇ। ਨਾਹਿ-(ਕੋਈ ਲੇਖ) ਨਹੀਂ ਹੈ। ਜਿਵ-ਜਿਸ ਤਰ੍ਹਾਂ। ਫੁਰਮਾਏ-ਅਕਾਲ ਪੁਰਖ ਹੁਕਮ ਕਰਦਾ ਹੈ। ਤਿਵ ਤਿਵ-ਉਸੇ ਤਰ੍ਹਾਂ। ਪਾਹਿ-(ਜੀਵ) ਪਾ ਲੈਂਦੇ ਹਨ, ਭੋਗਦੇ ਹਨ।

ਅਰਥ: (ਭਾਵੇਂ ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ ਲਫ਼ਜ਼ 'ਅਸੰਖ' ਤਾਂ ਕਿਤੇ ਰਿਹਾ, ਕੋਈ ਭੀ ਸ਼ਬਦ ਕਾਫ਼ੀ ਨਹੀਂ ਹੈ, ਪਰ) ਅਕਾਲ ਪੁਰਖ ਦਾ ਨਾਮ ਭੀ ਅੱਖਰਾਂ ਦੀ ਰਾਹੀਂ ਹੀ (ਲਿਆ ਜਾ ਸਕਦਾ ਹੈ) , ਉਸ ਦੀ ਸਿਫ਼ਿਤ-ਸਾਲਾਹ ਭੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ। ਅਕਾਲ ਪੁਰਖ ਦਾ ਗਿਆਨ ਭੀ ਅੱਖਰਾਂ ਦੀ ਰਾਹੀਂ ਹੀ (ਵਿਚਾਰਿਆ ਜਾ ਸਕਦਾ ਹੈ) । ਅੱਖਰਾਂ ਦੀ ਰਾਹੀਂ ਹੀ ਉਸਦੇ ਗੀਤ ਅਤੇ ਗੁਣਾਂ ਦਾ ਵਾਕਫ਼ ਹੋ ਸਕੀਦਾ ਹੈ। ਬੋਲੀ ਦਾ ਲਿਖਣਾ ਤੇ ਬੋਣਾ ਭੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ। (ਇਸ ਕਰਕੇ ਸ਼ਬਦ 'ਅਸੰਖ' ਵਰਤਿਆ ਗਿਆ ਹੈ, ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਕਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ) । ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਉਸੇ ਤਰ੍ਹਾਂ (ਜੀਵ ਆਪਣੇ ਸੰਜੋਗ) ਭੋਗਦੇ ਹਨ।

ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥

ਪਦ ਅਰਥ: ਜੇਤਾ-ਜਿਤਨਾ। ਕੀਤਾ-ਪੈਦਾ ਕੀਤਾ ਹੋਇਆ ਸੰਸਾਰ। ਜੇਤਾ ਕੀਤਾ-ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਤੇਤਾ-ਉਹ ਸਾਰਾ, ਉਤਨਾ ਹੀ। ਨਾਉ-ਨਾਮ, ਰੂਪ, ਸਰੂਪ।

ਨੋਟ-ਅੰਗਰੇਜ਼ੀ ਵਿਚ ਦੋ ਸ਼ਬਦ ਹਨ-ਸੁਬਸਟੳਨਚੲ ਤੇ ਪਰੋਪੲਰਟੇ ਤਿਵੇਂ ਸੰਸਕ੍ਰਿਤ ਵਿਚ ਹਨ 'ਨਾਮ' ਤੇ 'ਗੁਣ' ਜਾਂ 'ਮੂਰਤਿ' ਤੇ 'ਗੁਣ'। ਸੋ 'ਨਾਮ' (ਸਰੂਪ) ਸੁਬਸਟੳਨਚੲ ਹੈ ਤੇ ਗੁਣ ਪਰੋਪੲਰਟੇ ਹੈ ਜਦੋਂ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ 'ਨਾਮ' ਰੱਖੀਦਾ ਹੈ, ਇਸ ਦਾ ਭਾਵ ਇਹ ਹੁੰਦਾ ਹੈ ਕਿ ਉਸ ਦਾ ਸਰੂਪ (ਸ਼ਕਲ) ਨੀਯਤ ਕਰੀਦਾ ਹੈ। ਜਦੋਂ ਉਹ ਨਾਮ ਲਈਦਾ ਹੈ, ਉਹ ਹਸਤੀ ਅੱਖਾਂ ਅੱਗੇ ਆ ਜਾਂਦੀ ਹੈ। ਵਿਣੁ ਨਾਵੈ-'ਨਾਮ' ਤੋਂ ਬਿਨਾ, ਨਾਮ ਤੋਂ ਖ਼ਾਲੀ।

ਅਰਥ: ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ ('ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ') । ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ) ।

ਨੋਟ-ਇਸ ਪਉੜੀ ਵਿਚ ਮੁੱਢ ਤੇ ਜ਼ਿਕਰ ਹੈ ਕਿ ਕਾਦਰ ਦੀ ਇਸ ਕੁਦਰਤਿ ਵਿਚ ਅਨੇਕਾਂ ਹੀ ਜੀਵ-ਜੰਤ, ਅਨੇਕਾਂ ਹੀ ਜ਼ਾਤਾਂ ਦੇ, ਰੰਗਾਂ ਦੇ ਅਤੇ ਅਨੇਕਾਂ ਹੀ ਨਾਮਾਂ ਵਾਲੇ ਹਨ। ਇਤਨੇ ਹਨ ਕਿ ਇਹਨਾਂ ਦੀ ਗਿਣਤੀ ਲਈ ਸ਼ਬਦ 'ਅਸੰਖ' ਵਰਤਣਾ ਭੀ ਭੁੱਲ ਹੈ। ਪਰ ਜਿਤਨੀ ਭੀ ਇਹ ਰਚਨਾ ਹੈ, ਇਹ ਸਾਰੀ ਅਕਾਲ ਪੁਰਖ ਦਾ ਸਰੂਪ ਹੈ, ਕੋਈ ਥਾਂ ਅਜਿਹੀ ਨਹੀਂ ਜੋ ਅਕਾਲ ਪੁਰਖ ਦਾ ਸਰੂਪ ਨਹੀਂ। ਜਿਸ ਚੀਜ਼ ਵਲ ਤੱਕੀਏ, ਅਕਾਲ ਪੁਰਖ ਦੀ ਹੋਂਦ ਹੀ ਅੱਖਾਂ ਅੱਗੇ ਲਿਆਉਂਦੀ ਹੈ।

ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੯॥

ਕੁਦਰਤਿ ਕਵਣ-ਸ਼ਬਦ 'ਵੀਚਾਰੁ' ਪੁਲਿੰਗ ਹੈ। ਜੇ ਲਫ਼ਜ਼ 'ਕਵਣ' ਇਸ ਦਾ ਵਿਸ਼ੇਸ਼ਣ ਹੁੰਦਾ, ਤਾਂ ਇਹ ਭੀ ਪੁਲਿੰਗ ਹੁੰਦਾ ਅਤੇ ਇਸ ਦਾ ਰੂਪ 'ਕਵਣੁ' ਹੋ ਜਾਂਦਾ। 'ਕੁਦਰਤਿ' ਇਸਤ੍ਰੀ-ਲਿੰਗ ਹੈ। ਸੋ ਸ਼ਬਦ 'ਕਵਣ' 'ਕੁਦਰਤਿ' ਦਾ ਵਿਸ਼ੇਸ਼ਣ ਹੈ। ਇਸ ਸ਼ਬਦ 'ਕਵਣ' ਦੇ ਪੁਲਿੰਗ ਅਤੇ ਇਸਤ੍ਰੀ ਲਿੰਗ ਰੂਪ ਨੂੰ ਸਮਝਣ ਲਈ ਵੇਖੋ ਪਉੜੀ ਨੰ: 21:

ਕਵਣ ਸੁ ਵੇਲਾ, ਵਖਤੁ ਕਵਣੁ, ਕਵਣ ਥਿਤਿ, ਕਵਣੁ ਵਾਰੁ।
ਕਵਣਿ ਸਿ ਰੁਤੀ, ਮਾਹੁ ਕਵਣੁ, ਜਿਤੁ ਜੋਆ ਆਕਾਰੁ। 21।

ਪਉੜੀ ਨੰ: 16,17 ਅਤੇ 19 ਵਿਚ 'ਕੁਦਰਤਿ ਕਵਣ ਕਹਾ ਵੀਚਾਰੁ' ਤੁਕ ਆਈ ਹੈ, ਪਰ ਪਉੜੀ ਨੰ: 18 ਵਿਚ ਇਸ ਤੁਕ ਦੇ ਥਾਂ ਤੁਕ 'ਨਾਨਕੁ ਨੀਚੁ ਕਹੈ ਵੀਚਾਰੁ' ਵਰਤੀ ਗਈ ਹੈ। ਇਨ੍ਹਾਂ ਦੋਹਾਂ ਨੂੰ ਆਮ੍ਹੋ-ਸਾਹਮਣੇ ਰੱਖ ਕੇ ਵਿਚਾਰੀਏ, ਤਾਂ ਭੀ ਇਹੀ ਅਰਥ ਨਿਕਲਦਾ ਹੈ ਕਿ 'ਮੇਰੀ ਕੀਹ ਤਾਕਤ ਹੈ? ਮੈਂ ਵਿਚਾਰਾ ਨਾਨਕ ਕੀਹ ਵਿਚਾਰ ਕਰ ਸਕਦਾ ਹਾਂ'?

ਲਫ਼ਜ਼ 'ਕੁਦਰਤਿ' 'ਸਮਰਥਾ' ਦੇ ਅਰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਥਾਈਂ ਭੀ ਆਇਆ ਹੈ, ਜਿਵੇਂ:

(1) ਜੇ ਤੂ ਮੀਰ ਮਹਾਪਤਿ ਸਾਹਿਬੁ, ਕੁਦਰਤਿ ਕਉਣ ਹਮਾਰੀ।
ਚਾਰੇ ਕੁੰਟ ਸਲਾਮੁ ਕਰਹਿਗੇ, ਘਰਿ ਘਰਿ ਸਿਫਤਿ ਤੁਮਾਰੀ।7।1।8। (ਬਸੰਤ ਹਿੰਡੋਲੁ ਮਹਲਾ 1

(2) ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤਿ ਕਵਨ ਹਮਾਰੀ।
ਸਾਧ ਸੰਗਿ ਨਾਨਕ ਜਸੁ ਗਾਇਉ, ਜੋ ਪ੍ਰਭੂ ਕੀ ਅਤਿ ਪਿਆਰੀ।8।1।8। (ਗੂਜਰੀ ਮਹਲਾ 5

ਅਰਥ: ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) । ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ) ।19।

ਭਾਵ: ਭਲਾ, ਕਿਤਨੀਆਂ ਧਰਤੀਆਂ ਤੇ ਕਿਤਨੇ ਕੁ ਜੀਵ ਪ੍ਰਭੂ ਨੇ ਰਚੇ ਹਨ? ਮਨੁੱਖਾਂ ਦੀ ਕਿਸੇ ਬੋਲੀ ਵਿਚ ਕੋਈ ਐਸਾ ਲਫ਼ਜ਼ ਹੀ ਨਹੀਂ ਜੋ ਇਹ ਲੇਖਾ ਦੱਸ ਸਕੇ।

ਬੋਲੀ ਭੀ ਰੱਬ ਵਲੋਂ ਇਕ ਦਾਤ ਮਿਲੀ ਹੈ, ਪਰ ਇਹ ਮਿਲੀ ਹੈ ਸਿਫ਼ਤਿ-ਸਾਲਾਹ ਕਰਨ ਲਈ। ਇਹ ਨਹੀਂ ਹੋ ਸਕਦਾ ਕਿ ਇਸ ਦੀ ਰਾਹੀਂ ਮਨੁੱਖ ਪ੍ਰਭੂ ਦਾ ਅੰਤ ਪਾ ਸਕੇ। ਵੇਖੋ! ਬੇਅੰਤ ਹੈ ਉਸ ਦੀ ਕੁਦਰਤਿ ਤੇ ਇਸ ਵਿਚ ਜਿਧਰ ਤੱਕੋ ਉਹ ਆਪ ਹੀ ਆਪ ਮੋਜੂਦ ਹੈ। ਕੌਣ ਅੰਦਾਜ਼ਾ ਲਾ ਸਕਦਾ ਹੈ ਕਿ ਉਹ ਕੇਡਾ ਵੱਡਾ ਹੈ ਤੇ ਉਸ ਦੀ ਰਚਨਾ ਕਿਤਨੀ ਕੁ ਹੈ।19।

ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥

ਪਦ ਅਰਥ: ਭਰੀਐ-ਜੇ ਭਰ ਜਾਏ, ਜੇ ਗੰਦਾ ਹੋ ਜਾਏ, ਜੇ ਮੈਲਾ ਹੋ ਜਾਏ। ਤਨੁ-ਸਰੀਰ। ਦੇਹ-ਸਰੀਰ। ਪਾਣੀ ਧੋਤੈ-ਪਾਣੀ ਨਾਲ ਧੋਤਿਆਂ। ਉਤਰਸੁ-ਉਤਰ ਜਾਂਦੀ ਹੈ। ਖੇਹ-ਮਿੱਟੀ, ਧੂੜ, ਮੈਲ।

ਅਰਥ: ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ, ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।

ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥

ਪਦ ਅਰਥ: ਪਲੀਤੀ-ਪਲੀਤ, ਗੰਦਾ। ਮੂਤ ਪਲੀਤੀ-ਮੂਤਰ ਨਾਲ ਪਲੀਤ। ਕਪੜੁ-ਕੱਪੜਾ। ਦੇ ਸਾਬੂਣੁ-ਸਾਬਣ ਲਾ ਕੇ। ਲਈਐ-ਲਈਦਾ ਹੈ। ਓਹੁ-ਉਹ ਪਲੀਤ ਹੋਇਆ ਕੱਪੜਾ। ਲਈਐ ਧੋਇ-ਧੋ ਲਈਦਾ ਹੈ।

ਅਰਥ: ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ, ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।

ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥

ਪਦ ਅਰਥ: ਭਰੀਐ-ਜੇ ਭਰ ਜਾਏ, ਜੇ ਮਲੀਨ ਹੋ ਜਾਏ। ਮਤਿ-ਬੁੱਧ। ਪਾਪਾ ਕੈ ਸੰਗਿ-ਪਾਪਾਂ ਦੇ ਨਾਲ। ਓਹੁ-ਉਹ ਪਾਪ। ਧੋਪੈ-ਧੁਪਦਾ ਹੈ, ਧੁਪ ਸਕਦਾ ਹੈ, ਧੋਇਆ ਜਾ ਸਕਦਾ ਹੈ। ਰੰਗਿ-ਪਿਆਰ ਨਾਲ। ਨਾਵੈ ਕੈ ਰੰਗਿ-ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ।

ਅਰਥ: (ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।

ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥੨੦॥

ਨੋਟ-ਸ਼ਬਦ 'ਆਖਣੁ' ਨੂੰ ਧਿਆਨ ਨਾਲ ਵਿਚਾਰਨਾ ਜ਼ਰੂਰੀ ਹੈ। ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ:

(1) ਪੁੰਨੀ ਪਾਪੀ ਆਖਣੁ ਨਾਹਿ। (ਪਉੜੀ 20

(2) ਨਾਨਕ ਆਖਣਿ ਸਭੁ ਕੋ ਆਖੈ, ਇਕ ਦੂ ਇਕੁ ਸਿਆਣਾ (ਪਉੜੀ 21

(3) ਜੇ ਕੋ ਖਾਇਕੁ ਆਖਣਿ ਪਾਇ। (ਪਉੜੀ 25

(4) ਕੇਤੇ ਆਖਹਿ ਆਖਣਿ ਪਾਹਿ। (ਪਉੜੀ 26

(5) ਆਖਣਿ ਜੋਰੁ ਚੁਪੈ ਨਹਿ ਜੋਰੁ। (ਪਉੜੀ 33

ਇਸ ਲਫ਼ਜ਼ 'ਆਖਣੁ' ਦੇ ਅਰਥ ਨੂੰ ਸਪੱਸ਼ਟ ਕਰਨ ਲਈ ਕੁਝ ਹੋਰ ਪ੍ਰਮਾਣ ਹੇਠਾਂ ਲਿਖੇ ਜਾਂਦੇ ਹਨ:

(6) ਆਖਣੁ ਆਖਿ ਨਾ ਰਜਿਆ, ਸੁਨਣਿ ਨ ਰਜੇ ਕੰਨ।2।19। (ਮਾਝ ਕੀ ਵਾਰ

(7) ਆਖਣਿ ਆਖਹਿ ਕੇਤੜੇ, ਗੁਰ ਬਿਨੁ ਬੂਝ ਨ ਹੋਇ।3।13। (ਮਾਝ ਕੀ ਵਾਰ

ਉਪਰਲੇ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ 'ਆਖਣੁ' ਨਾਵ ਹੈ ਤੇ 'ਆਖਣਿ' ਕ੍ਰਿਆ ਹੈ। ਨਾਵ 'ਆਖਣੁ' ਦਾ ਅਰਥ ਹੈ 'ਨਾਮ, ਕਹਿਣਾ, ਮੂੰਹ' ਜਿਵੇਂ ਪ੍ਰਮਾਣ ਨੰ: 1 ਅਤੇ 6 ਵਿਚ ਹੈ। ਪ੍ਰਮਾਣ ਨੰ:2, 3, 4, 5, ਅਤੇ 7 ਵਿਚ 'ਆਖਣਿ' ਕ੍ਰਿਆ ਹੈ।

ਪਦ ਅਰਥ: ਆਖਣੁ-ਨਾਮੁ, ਬਚਨ। ਨਾਹਿ-ਨਹੀਂ ਹੈ। ਕਰਿ ਕਰਿ ਕਰਣਾ-(ਆਪੋ ਆਪਣੇ) ਕਰਮ ਕਰ ਕੇ, ਜਿਹੋ ਜਿਹੇ ਕਰਮ ਕਰੋਗੇ। ਲਿਖਿ-ਲਿਖ ਕੇ,(ਤਿਹੋ ਜਿਹਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰਾਂ ਦਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰ ਅਪਣੇ ਮਨ ਵਿਚ) ਉੱਕਰ ਕੇ। ਲੈ ਜਾਹੁ-ਤੂੰ ਲੈ ਜਾਹਿਂਗਾ, (ਆਪਣੇ ਨਾਲ) ਲੈ ਜਾਹਿਂਗਾ, (ਆਪਣੇ ਮਨ ਵਿਚ) ਪ੍ਰੋ ਲਵੇਂਗਾ। ਆਪੇ-ਆਪ ਹੀ। ਬੀਜਿ-ਬੀਜ ਕੇ। ਹੁਕਮੀ-ਅਕਾਲ ਪੁਰਖ ਦੇ ਹੁਕਮ ਵਿਚ। ਆਵਹੁ ਜਾਹੁ-ਆਵਹਿਂਗਾ ਤੇ ਜਾਹਿਂਗਾ, ਜੰਮੇਂਗਾ ਤੇ ਮਰਹਿਂਗਾ, ਜਨਮ ਮਰਨ ਵਿਚ ਪਿਆ ਰਹੇਂਗਾ।

ਅਰਥ: ਹੇ ਨਾਨਕ! 'ਪੰਨੀ' ਜਾਂ 'ਪਾਪ' ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ) ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ। ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ। (ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ। 20।

ਨੋਟ-ਪਹਿਲੀ ਪਉੜੀ ਵਿਚ ਤੁਕ ਆਈ ਹੈ, 'ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ'। ਦੂਜੀ ਪਉੜੀ ਵਿਚ ਜ਼ਿਕਰ ਆਇਆ ਹੈ, 'ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖੁ ਪਾਈਅਹਿ'। ਹੁਣ ਇਸ ਪਉੜੀ ਵਿਚ ਉਪਰਲੀਆਂ ਤੁਕਾਂ ਵਾਲਾ ਖ਼ਿਆਲ ਬਿਲਕੁਲ ਸਾਫ਼ ਕੀਤਾ ਗਿਆ ਹੈ। ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖ਼ਾਸ ਨੀਯਮਾਂ ਵਿਚ ਚੱਲ ਰਹੀ ਹੈ। ਇਹਨਾਂ ਨੀਯਮਾਂ ਦਾ ਨਾਮ ਸਤਿਗੁਰੂ ਜੀ ਨੇ 'ਹੁਕਮ' ਰੱਖਿਆ ਹੈ। ਉਹ ਨੀਯਮ ਇਹ ਹਨ ਕਿ ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ, ਤਿਹੋ ਜਿਹਾ ਫਲ ਪਾਂਦਾ ਹੈ। ਉਸ ਦੇ ਆਪਣੇ ਧੁਰ ਅੰਦਰ ਉਹੋ ਜਿਹੇ ਹੀ ਚੰਗੇ-ਮੰਦੇ ਸੰਸਕਾਰ ਬਣ ਜਾਂਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜਾਂ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ।

ਭਾਵ: ਮਾਇਆ ਦੇ ਪਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ ਇਸ ਦੀ ਮਤ ਮੈਲੀ ਹੋ ਜਾਂਦੀ ਹੈ। ਇਹ ਮੈਲ ਇਸ ਨੂੰ ਸੁੱਧ-ਸਰੂਪ ਪਰਮਾਤਮਾ ਤੋਂ ਵਿਛੋੜ ਰੱਖਦੀ ਹੈ, ਤੇ ਜੀਵ ਦੁਖੀ ਰਹਿੰਦਾ ਹੈ। ਨਾਮ-ਸਿਮਰਨ ਹੀ ਇਕੋ-ਇਕ ਵਸੀਲਾ ਹੈ ਜਿਸ ਨਾਲ ਮਨ ਦੀ ਇਹ ਮੈਲ ਧੁਪ ਸਕਦੀ ਹੈ। (ਸੋ, ਸਿਮਰਨ ਤਾਂ ਵਿਕਾਰਾਂ ਦੀ ਮੈਲ ਧੋ ਕੇ ਮਨ ਨੂੰ ਪ੍ਰਭੂ ਨਾਲ ਮੇਲਣ ਵਾਸਤੇ ਹੈ, ਪ੍ਰ​ਭ ਤੇ ਉਸ ਦੀ ਰਚਨਾ ਦਾ ਅੰਤ ਪਾਣ ਲਈ ਜੀਵ ਨੂੰ ਸਮਰਥ ਨਹੀਂ ਬਣਾ ਸਕਦਾ) । 20।

ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥

ਪਦ ਅਰਥ: ਜੇ ਕੋ ਪਾਵੈ-ਜੇ ਕੋਈ ਮਨੁੱਖ ਪ੍ਰਾਪਤ ਕਰੇ, ਜੇ ਕਿਸੇ ਮਨੁੱਖ ਨੂੰ ਮਿਲ ਭੀ ਜਾਏ, ਤਾਂ। ਤਿਲ ਕਾ-ਤਿਲ ਮਾਤਰ, ਰਤਾ-ਮਾਤਰ। ਮਾਨੁ-ਆਦਰ, ਵਡਿਆਈ। ਦਤੁ-ਦਿੱਤਾ ਹੋਇਆ।

ਅਰਥ: ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ-(ਇਹਨਾਂ ਕਰਮਾਂ ਦੇ ਵੱਟੇ) ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ।

ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥

ਪਦ ਅਰਥ: ਸੁਣਿਆ-(ਜਿਸ ਮਨੁੱਖ ਨੇ) ਅਕਾਲ ਪੁਰਖ ਦਾ ਨਾਮ ਸੁਣ ਲਿਆ ਹੈ।। ਮੰਨਿਆ-(ਜਿਸ ਦਾ ਮਨ ਉਸ ਨਾਮ ਨੂੰ ਸੁਣ ਕੇ) ਮੰਨ ਗਿਆ ਹੈ, ਪਤੀਜ ਗਿਆ ਹੈ। ਮਨਿ-ਮਨ ਵਿਚ। ਭਾਉ ਕੀਤਾ-(ਜਿਸ ਨੇ) ਪ੍ਰੇਮ ਕੀਤਾ ਹੈ। ਅੰਤਰਗਤਿ-ਅੰਦਰਲਾ। ਤੀਰਥਿ-ਤੀਰਥ ਉੱਤੇ। ਅੰਤਰਗਤਿ ਤੀਰਥਿ-ਅੰਦਰਲੇ ਤੀਰਥ ਉੱਤੇ। ਮਲਿ-ਮਲ ਮਲ ਕੇ, ਚੰਗੀ ਤਰ੍ਹਾਂ। ਨਾਉ-ਇਸ਼ਨਾਨ (ਕੀਤਾ ਹੈ) ।

ਅਰਥ: (ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ. (ਅਤੇ ਜਿਸ ਨੇ ਆਪਣੇ ਮਨ) ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ, ਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ) ।

ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ ਭਗਤਿ ਨ ਹੋਇ ॥ ਸੁਅਸਤਿ ਆਥਿ ਬਾਣੀ ਬਰਮਾਉ ॥ ਸਤਿ ਸੁਹਾਣੁ ਸਦਾ ਮਨਿ ਚਾਉ ॥

ਪਦ ਅਰਥ: ਸਭਿ-ਸਾਰੇ। ਮੈ ਨਾਹੀ ਕੋਇ-ਮੈਂ ਕੋਈ ਨਹੀਂ ਹਾਂ, ਮੇਰੀ ਕੋਈ ਪਾਂਇਆਂ ਨਹੀਂ ਹੈ। ਵਿਣੁ ਗੁਣੁ ਕੀਤੇ-ਗੁਣ ਪੈਦਾ ਕਰਨ ਤੋਂ ਬਿਨਾ, ਜੇ ਤੂੰ ਗੁਣ ਪੈਦਾ ਨਾਹ ਕਰੇਂ, ਜੇ ਤੂੰ ਆਪਣੇ ਗੁਣ ਮੇਰੇ ਵਿਚ ਉਤਪੰਨ ਨਾਹ ਕਰੇਂ। ਨ ਹੋਇ-ਨਹੀਂ ਹੋ ਸਕਦੀ। ਸੁਅਸਤਿ-ਜੈ ਹੋਵੇ ਤੇਰੀ, ਤੂੰ ਸਦਾ ਅਟੱਲ ਰਹੇਂ (ਭਾਵ, ਮੈਂ ਤੇਰਾ ਹੀ ਆਸਰਾ ਲੈਂਦਾ ਹਾਂ) । ਬਰਮਾਉ-ਬ੍ਰਹਮਾ। ਸਤਿ-ਸਦਾ-ਥਿਰ। ਸੁਹਾਣੁ-ਸੁਬਹਾਨ, ਸੋਹਣਾ। ਮਨਿ ਚਾਉ-ਮਨ ਵਿਚ ਖਿੜਾਉ।

ਅਰਥ: (ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ। ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ) , ਇਹ ਸਭ ਤੇਰੀਆਂ ਹੀ ਵਡਿਆਈਆਂ ਹਨ। (ਹੇ ਨਿਰੰਕਾਰ!) ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ (ਭਾਵ, ਇਸ ਸ੍ਰਿਸ਼ਟੀ ਨੂੰ ਬਣਾਨ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ, ਜੋ ਲੋਕਾਂ ਨੇ ਮੰਨ ਰੱਖੇ ਹਨ) , ਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ ਹੈ, (ਤੂੰ ਹੀ ਜਗਤ ਰਚਣ ਵਾਲਾ ਹੈਂ, ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ) ।

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥

ਪਦ ਅਰਥ: ਵੇਲਾ-ਸਮਾ। ਵਖਤੁ-ਸਮਾ, ਵਕਤ।

ਵਾਰ-ਸ਼ਬਦ'ਵਾਰ' ਦੋ ਰੂਪਾਂ ਵਿਚ ਵਰਤਿਆ ਗਿਆ ਹੈ, 'ਵਾਰ' ਅਤੇ 'ਵਾਰੁ'। 'ਵਾਰ' ਇਸ੍ਰਤੀ-ਲਿੰਗ ਹੈ, ਜਿਸ ਦਾ ਅਰਥ ਹੈ 'ਵਾਰੀ'। 'ਵਾਰੁ' ਪੁਲਿੰਗ ਹੈ, ਇਸ ਦਾ ਅਰਥ ਹੈ 'ਦਿਨ'।

ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ:

(1) ਸੋਚੈ ਸੋਚਿ ਨ ਹੋਵਈ, ਜੇ ਸੋਚੀ ਲਖ ਵਾਰ।1।

(2) ਵਾਰਿਆ ਨ ਜਾਵਾ ਏਕ ਵਾਰ।16।

(3) ਜੋ ਕਿਛੁ ਪਾਇਆ ਸੁ ਏਕਾ ਵਾਰ। 31।

(4) ਕਵਣੁ ਸੁ ਵੇਲਾ, ਵਖਤੁ ਕਵਣੁ ਥਿਤਿ, ਕਵਣੁ ਵਾਰੁ। 21।

(5) ਰਾਤੀ ਰੁਤੀ ਥਿਤੀ ਵਾਰ। 34।

ਪ੍ਰਮਾਣ ਨੰ: 1, 2 ਅਤੇ 3 ਵਿਚ 'ਵਾਰ' ਇਸਤ੍ਰੀ-ਲਿੰਗ ਹੈ। ਨੰ: 4 ਵਿਚ 'ਵਾਰੁ' ਪੁਲਿੰਗ ਇਕ ਵਚਨ ਹੈ ਅਤੇ ਨੰ: 5 ਵਿਚ 'ਵਾਰ' ਪੁਲਿੰਗ ਬਹੁ-ਵਚਨ ਹੈ।

ਜਦੋਂ ਇਹ ਲਫ਼ਜ਼ (ਿ) ਨਾਲ ਆਉਂਦਾ ਹੈ, ਤਦੋਂ 'ਕ੍ਰਿਆ' ਹੁੰਦਾ ਹੈ ਜਿਵੇਂ: (1) ਵਾਰਿ ਵਾਰਉ ਅਨਿਕ ਡਾਰਿਉ, ਸੁਖ ਪ੍ਰਿਅ ਸੁਹਾਗ ਪਲਕ ਰਾਤਿ।1। ਰਹਾਉ।3। 42। (ਕਾਨੜਾ ਮ: 5

ਇੱਥੇ 'ਵਾਰਿ' ਦਾ ਅਰਥ ਹੈ 'ਸਦਕੇ ਕਰਨਾ'।

ਥਿਤਿ ਵਾਰੁ-ਚੰਦ੍ਰਮਾ ਦੀ ਚਾਲ ਤੋਂ ਥਿਤਾਂ ਗਿਣੀਆਂ ਜਾਂਦੀਆਂ ਹਨ, ਜਿਵੇਂ-ਏਕਮ, ਦੂਜ, ਤੀਜ ਆਦਿਕ ਅਤੇ ਸੂਰਜ ਤੋਂ ਦਿਨ ਰਾਤ ਤੇ ਵਾਰ, ਸੋਮ, ਮੰਗਲ ਆਦਿਕ। ਕਵਣਿ ਸਿ ਰੁਤੀ-ਕਿਹੜੀਆਂ ਉਹ ਰੁਤਾਂ ਸਨ। ਮਾਹੁ-ਮਹੀਨਾ। ਕਵਣੁ-ਕਿਹੜਾ। ਜਿਤੁ-ਜਿਸ ਵਿਚ, ਜਿਸ ਵੇਲੇ। ਹੋਆ-ਹੋਂਦ ਵਿਚ ਆਇਆ, ਪੈਦਾ ਹੋਇਆ, ਬਣਿਆ। ਆਕਾਰੁ-ਇਹ ਦਿੱਸਣ ਵਾਲਾ ਸੰਸਾਰ।

ਅਰਥ: ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ, ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥

ਪਦ ਅਰਥ: ਵੇਲ-ਸਮਾ, ਵੇਲਾ। ਪਾਇਆ-ਪਾਈ, ਲੱਭੀ। ਵੇਲ ਨ ਪਾਈਆ-ਸਮਾ ਨਾਹ ਲੱਭਾ। (ਨੋਟ-'ਵੇਲਾ' ਪੁਲਿੰਗ ਹੈ ਤੇ 'ਵੇਲ' ਇਸਤ੍ਰੀ-ਲਿੰਗ ਹੈ) । ਪੰਡਤੀ-ਪੰਡਤਾਂ ਨੇ। ਜਿ-ਨਹੀਂ ਤਾਂ। ਹੋਵੈ-ਹੁੰਦਾ, ਬਣਿਆ ਹੁੰਦਾ। ਲੇਖੁ-ਮਜ਼ਮੂਨ। ਲੇਖੁ ਪੁਰਾਣੁ-ਪੁਰਾਣ-ਰੂਪ ਲੇਖ, ਇਸ ਲੇਖ ਵਾਲਾ ਪੁਰਾਣ (ਭਾਵ, ਜਿਵੇਂ ਹੋਰ ਕਈ ਪੁਰਾਣ ਬਣੇ ਹਨ, ਇਸ ਮਜ਼ਮੂਨ ਦਾ ਭੀ ਇਕ ਪੁਰਾਣ ਬਣਿਆ ਹੁੰਦਾ) । ਵਖਤੁ-ਸਮਾ, ਜਦੋਂ ਜਗਤ ਬਣਿਆ। ਨ ਪਾਇਓ-ਨਾਹ ਲੱਭਾ। ਕਾਦੀਆ-ਕਾਜ਼ੀਆਂ ਨੇ। ਅਰਬੀ ਦੇ ਅਖੱਰ ਜ਼ੁਆਦ, ਜ਼ੁਇ ਅਤੇ ਜ਼ੇ ਦਾ ਉੱਚਾਰਨ ਅੱਖਰ 'ਦ' ਨਾਲ ਹੁੰਦਾ ਹੈ। ਲਫ਼ਜ਼ 'ਕਾਗਜ਼' ਦਾ 'ਕਾਗਦ', 'ਨਜ਼ਰ' ਦਾ 'ਨਦਰਿ' 'ਹਜ਼ੂਰ' ਦਾ 'ਹਦੂਰਿ' ਉਚਾਰਨ ਹੈ। ਇਸ ਤਰ੍ਹਾਂ 'ਕਾਜ਼ੀ' ਦਾ 'ਕਾਦੀ' ਉਚਾਰਨ ਭੀ ਹੈ। ਜਿ-ਨਹੀ ਤਾਂ। ਲਿਖਨਿ-(ਕਾਜ਼ੀ) ਲਿਖ ਦੇਂਦੇ। ਲੇਖੁ ਕੁਰਾਣੁ-ਕੁਰਾਨ ਵਰਗਾ ਲੇਖ (ਭਾਵ, ਜਿਵੇਂ ਕਾਜ਼ੀਆਂ ਨੇ ਮੁਹੰਮਦ ਸਾਹਿਬ ਦੀਆਂ ਉਚਾਰੀਆਂ ਆਇਤਾਂ ਇਕੱਠੀਆਂ ਕਰ ਕੇ ਕੁਰਾਨ ਲਿਖ ਦਿੱਤਾ ਸੀ, ਤਿਵੇਂ ਉਹ ਜਗਤ ਦੇ ਬਣਨ ਦੇ ਸਮੇ ਦਾ ਮਜ਼ਮੂਨ ਭੀ ਲਿਖ ਦੇਂਦੇ) ।

ਨੋਟ-ਇਸ ਪਉੜੀ ਵਿਚ ਵਰਤੇ ਲਫ਼ਜ਼ 'ਵਖਤੁ', 'ਪਾਇਓ' ਅਤੇ 'ਕਾਦੀਆ' ਦੇ ਅਰਥਾਂ ਨੂੰ ਮੋੜ-ਤੋੜ ਕੇ ਕਾਦੀਆਨੀ ਮੁਸਲਮਾਨਾਂ ਵਲੋਂ ਅੰਵਾਣ ਸਿੱਖਾਂ ਨੂੰ ਟਪਲੇ ਲਾਏ ਜਾ ਰਹੇ ਹਨ ਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਪੇਸ਼ੀਨ-ਗੋਈ ਕਰ ਕੇ ਸਿੱਖਾਂ ਨੂੰ ਹਿਦਾਇਤ ਕੀਤੀ ਹੋਈ ਹੈ ਕਿ ਨਗਰ ਕਾਦੀਆਂ ਵਿਚ ਪਰਗਟ ਹੋਣ ਵਾਲੇ ਪੈਗ਼ੰਬਰ ਨੂੰ ਤੁਸਾਂ ਵਖਤ (ਮੁਸੀਬਤ) ਨਾਹ ਪਾਣਾ।

ਅਸਾਂ ਇੱਥੇ ਕਿਸੇ ਬਹਿਸ ਵਿਚ ਨਹੀਂ ਪੈਣਾ ਤੇ ਕਿਸੇ ਨੂੰ ਟਪਲੇ ਭੀ ਨਹੀਂ ਲਾਣੇ। ਲਫ਼ਜਾਂ ਦੀ ਬਨਾਵਟ ਤੇ ਅਰਥਾਂ ਵਲ ਹੀ ਧਿਆਨ ਦਿਵਾਣਾ ਹੈ। ਲਫ਼ਜ਼ 'ਕਾਦੀਆਂ' ਪਦ-ਅਰਥ ਵਿਚ ਸਮਝਾਇਆ ਜਾ ਚੁੱਕਾ ਹੈ। ਲਫ਼ਜ਼ 'ਵਖਤੁ' ਅਰਬੀ ਦਾ ਲਫ਼ਜ਼ 'ਵਕਤ' ਹੈ। ਹਿੰਦੂਆਂ ਦਾ ਜ਼ਿਕਰ ਕਰਦਿਆਂ ਹੇਂਦਕਾ ਲਫ਼ਜ਼ 'ਵੇਲਾ' ਵਰਤਿਆ ਹੈ। ਮੁਸਲਮਾਨਾਂ ਦੇ ਜ਼ਿਕਰ ਵਿਚ ਮੁਸਲਮਾਣੀ ਲਫ਼ਜ਼ 'ਵਕਤ' ਦਾ ਪੰਜਾਬੀ 'ਵਖਤੁ' ਵਰਤਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਕਿਤੇ ਭੀ ਰਿਹ ਲਫ਼ਜ ਆਇਆ ਹੈ, ਇਸ ਦਾ ਅਰਥ ਸਦਾ 'ਸਮਾ' ਹੀ ਹੈ। ਜਿਵੇਂ:

'ਜੇ ਵੇਲਾ ਵਖਤੁ ਵੀਚਾਰੀਐ, ਤਾਂ ਕਿਤੁ ਵੇਲੈ ਭਗਤਿ ਹੋਇ। '

'ਇਕਨਾ ਵਖਤ ਖੁਆਈਅਹਿ, ਇਕਨਾ ਪੂਜਾ ਜਾਇ। '

ਲਫ਼ਜ਼ 'ਪਾਇਓ ਹੁਕਮੀ ਭਵਿਖਤ ਕਾਲ ਨਹੀਂ ਹੈ, ਜਿਵੇਂ ਕਿ ਕਾਦੀਆਨੀ ਆਖਦੇ ਹਨ। ਇਹ ਲਫ਼ਜ਼ ਭੂਤ ਕਾਲ ਵਿਚ ਹੈ। ਇਸ ਕਿਸਮ ਦਾ ਭੂਤ-ਕਾਲ ਗੁਰਬਾਣੀ ਵਿਚ ਅਨੇਕਾਂ ਵਾਰੀ ਆਇਆ ਹੈ, ਜਿਵੇਂ:

ਆਪੀਨੈ ਆਪੁ 'ਸਾਜਿਓ', 'ਆਪੀਨੈ, 'ਰਚਿਓ' 'ਨਾਉਂ'।

ਬਿਨੁ ਸਤਿਗੁਰ ਕਿਨੈ ਨ 'ਪਾਇਓ'

ਬਿਨ ਸਤਿਗੁਰ ਕੀਨੈ ਨ ਪਾਇਆ।

ਹੁਕਮੀ ਭਵਿਖਤ ਦਾ ਰੂਪ ਹੈ 'ਸਦਿਅਹੁ' 'ਕਰਿਅਹੁ' (ਰਾਮਕਲੀ 'ਸਦੂ') । ਪਾਠਕ ਲਫ਼ਜ਼ਾ ਦੇ ਜੋੜਾਂ ਦਾ ਖ਼ਾਸ ਖ਼ਿਆਲ ਰੱਖਣ। 'ਪਾਇਓ' ਭੂਤ-ਕਾਲ ਹੈ, ਇਸ ਤੋਂ ਹੁਕਮੀ ਭਵਿਕਤ 'ਪਾਇਅਹੁ' ਹੋ ਸਕਦਾ ਹੈ।

ਅਰਥ: (ਕਦੋਂ ਇਹ ਸੰਸਾਰ ਬਣਿਆ?) ਉਸ ਸਮੇਂ ਦਾ ਪੰਡਤਾਂ ਨੂੰ ਭੀ ਪਤਾ ਨਾਹ ਲੱਗਾ, ਤਾਂ (ਇਸ ਮਜ਼ਮੂਨ ਉੱਤੇ ਭੀ) ਇਕ ਪੁਰਾਣ ਲਿਖਿਆ ਹੁੰਦਾ। ਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਾਹ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਹਨਾਂ (ਆਇਤਾਂ ਇਕੱਠੀਆਂ ਕਰ ਕੇ) ਕੁਰਾਨ (ਲਿਖਿਆ ਸੀ) ।

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥

ਪਦ ਅਰਥ: ਜਾ ਕਰਤਾ-ਜਿਹੜਾ ਕਰਤਾਰ। ਸਿਰਠੀ ਕਉ-ਜਗਤ ਨੂੰ। ਸਾਜੇ-ਪੈਦਾ ਕਰਦਾ ਹੈ, ਬਣਾਉਂਦਾ ਹੈ। ਆਪੇ ਸੋਈ-ਉਹ ਆਪ ਹੀ।

ਅਰਥ: (ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ। ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ) ।

TOP OF PAGE

Sri Guru Granth Darpan, by Professor Sahib Singh