ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 35 ਸਿਰੀਰਾਗੁ ਮਹਲਾ ੩ ॥ ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥ ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥ ਮੇਰੇ ਮਨ ਹਰਿ ਕਾ ਨਾਮੁ ਧਿਆਇ ॥ ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥ ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ॥ ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ ॥ ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥ ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥ ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥ ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥ ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥ ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥੩॥ ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥ ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥ ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥ ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥੪॥੨੨॥੫੫॥ {ਪੰਨਾ 35} ਪਦ ਅਰਥ: ਕਿਤੁ = ਕਿਸ ਵਿਚ? {ਲਫ਼ਜ਼ 'ਕਿਤੁ' ਲਫ਼ਜ਼ 'ਕਿਸ' ਤੋਂ ਅਧਿਕਰਣ ਕਾਰਕ ਇਕ-ਵਚਨ ਹੈ}। ਕਿਤੁ ਵੇਲਾ = ਕਿਸ ਵੇਲੇ? ਅਨਦਿਨੁ = ਹਰ ਰੋਜ਼, ਹਰ ਵੇਲੇ? ਨਾਮੇ = ਨਾਮਿ ਹੀ, ਨਾਮ ਵਿਚ ਹੀ। ਸੋਇ = ਸੋਭਾ। ਸਚੀ = ਸਦਾ-ਥਿਰ ਰਹਿਣ ਵਾਲੀ। ਕਿਨੇਹੀ = ਕਿਹੋ ਜਿਹੀ? ਸਾਚੁ ਸਿਉ = ਸਦਾ-ਥਿਰ ਪ੍ਰਭੂ ਦੇ ਨਾਲ। ਸਾਸੁ = ਸੁਆਸ।1। ਤਾ = ਤਦੋਂ। ਥੀਐ = ਹੋ ਸਕਦੀ ਹੈ। ਜਾ = ਜਦੋਂ। ਮਨਿ = ਮਨ ਵਿਚ।1। ਰਹਾਉ। ਸਹਜੇ = ਆਤਮਕ ਅਡੋਲਤਾ ਵਿਚ। ਰਾਹੀਐ = ਬੀਜਣੀ ਚਾਹੀਦੀ ਹੈ। ਸਚੁ = ਸਦਾ-ਥਿਰ ਰਹਿਣ ਵਾਲਾ। ਪਾਇ = ਪਾ ਕੇ, ਬੀਜ ਕੇ। ਅਗਲੀ = ਬਹੁਤੀ। ਸੁਭਾਇ = ਪ੍ਰੇਮ ਵਿਚ (ਟਿਕ ਕੇ) । ਜਿਤੁ = ਜਿਸ ਦੀ ਰਾਹੀਂ (ਲਫ਼ਜ਼ 'ਜਿਸ' ਤੋਂ ਅਧਿਕਰਣ ਕਾਰਕ ਇਕ-ਵਚਨ) । ਜਿਤੁ ਪੀਤੈ = ਜਿਸ ਦੇ ਪੀਣ ਨਾਲ। ਤਿਖ = ਪਿਆਸ। ਸਚਿ = ਸਦਾ-ਥਿਰ ਪ੍ਰਭੂ ਵਿਚ।2। ਸਬਦੇ = ਸ਼ਬਦ ਵਿਚ ਹੀ, ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਹੀ। ਵਜੀ = ਮਸ਼ਹੂਰ ਹੋ ਗਈ। ਚਹੁ ਜੁਗੀ = ਚਹੁਆਂ ਜੁਗਾਂ ਵਿਚ, ਸਦਾ ਲਈ। ਸਚੋ ਸਚੁ = ਸੱਚ ਹੀ ਸੱਚ, ਸਦਾ-ਥਿਰ ਪ੍ਰਭੂ ਦਾ ਨਾਮ ਹੀ। ਰਹਿ ਗਇਆ = ਮੁੱਕ ਗਿਆ। ਸਚੈ = ਸਦਾ-ਥਿਰ ਪ੍ਰਭੂ ਨੇ। ਮਹਲੁ = ਟਿਕਾਣਾ।3। ਨਦਰੀ = (ਪਰਮਾਤਮਾ ਦੀ ਮਿਹਰ ਦੀ) ਨਿਗਾਹ ਨਾਲ। ਕਰਮ = ਬਖ਼ਸ਼ਸ਼। ਵਿਣੁ ਕਰਮਾ = ਪਰਮਾਤਮਾ ਦੀ ਮਿਹਰ ਤੋਂ ਬਿਨਾ। ਭੇਟੇ ਜਿਸੁ = ਜਿਸ ਨੂੰ ਮਿਲਦਾ ਹੈ। ਆਇ = ਆ ਕੇ। ਬਿਖਿਆ = ਮਾਇਆ। ਦੁਖੁ ਬਿਖਿਆ = ਮਾਇਆ ਦਾ ਮੋਹ-ਰੂਪ ਦੁੱਖ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਾਮੇ ਨਾਮਿ = ਵਿਚ ਹੀ।4। ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ। ਸਦਾ-ਥਿਰ ਰਹਿਣ ਵਾਲੀ ਪ੍ਰਭੂ-ਭਗਤੀ ਤਦੋਂ ਹੀ ਹੋ ਸਕਦੀ ਹੈ ਜਦੋਂ (ਸਿਮਰਨ ਦੀ ਬਰਕਤਿ ਨਾਲ) ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸੇ।1। ਰਹਾਉ। ਜੇ (ਭਗਤੀ ਕਰਨ ਵਾਸਤੇ) ਕੋਈ ਖ਼ਾਸ ਵੇਲਾ ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਭੀ ਭਗਤੀ ਨਹੀਂ ਹੋ ਸਕਦੀ। ਹਰ ਵੇਲੇ ਹੀ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਿਹਾਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲਦੀ ਹੈ। ਉਹ ਕਾਹਦੀ ਭਗਤੀ ਹੋਈ ਜੇ ਇਕ ਖਿਨ ਭਰ ਭੀ ਪਿਆਰਾ ਪਰਮਾਤਮਾ ਵਿੱਸਰ ਜਾਏ? ਜੇ ਇਕ ਸਾਹ ਭੀ ਪਰਮਾਤਮਾ ਦੀ ਯਾਦ ਤੋਂ ਖ਼ਾਲੀ ਨਾਹ ਜਾਏ ਤਾਂ ਸਦਾ-ਥਿਰ ਪ੍ਰਭੂ ਦੇ ਨਾਲ ਜੁੜਿਆਂ ਮਨ ਸ਼ਾਂਤ ਹੋ ਜਾਂਦਾ ਹੈ, ਸਰੀਰ (ਭੀ) ਸ਼ਾਂਤ ਹੋ ਜਾਂਦਾ ਹੈ।1। ਜੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦਾ ਸਦਾ-ਥਿਰ ਨਾਮ-ਬੀ ਬੀਜ ਕੇ (ਆਤਮਕ ਜੀਵਨ ਦੀ) ਫ਼ਸਲ ਬੀਜੀਏ; ਤਾਂ ਇਹ ਫ਼ਸਲ ਬਹੁਤ ਉੱਗਦਾ ਹੈ, ਇਹ ਫ਼ਸਲ ਬੀਜਣ ਵਾਲੇ ਮਨੁੱਖ ਦਾ ਮਨ ਆਤਮਕ ਅਡੋਲਤਾ ਤੇ ਪ੍ਰੇਮ ਵਿਚ ਜੁੜ ਕੇ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ। ਸਤਿਗੁਰੂ ਦਾ ਸ਼ਬਦ (ਐਸਾ) ਅੰਮ੍ਰਿਤ ਹੈ (ਆਤਮਕ ਜੀਵਨ ਦੇਣ ਵਾਲਾ ਜਲ ਹੈ) ਜਿਸ ਦੇ ਪੀਤਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਨਾਮ-ਅੰਮ੍ਰਿਤ ਪੀਣ ਵਾਲੇ ਮਨੁੱਖ ਦਾ) ਇਹ ਮਨ ਅਡੋਲ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਵਿਚ ਰੰਗਿਆ ਜਾਂਦਾ ਹੈ, ਤੇ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਲੀਨ ਰਹਿੰਦਾ ਹੈ।2। ਜਿਨ੍ਹਾਂ ਮਨੁੱਖਾਂ ਦਾ ਆਖਣਾ ਵੇਖਣਾ ਬੋਲਣਾ (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਵਿਚ ਹੀ ਲੀਨ ਰਹਿੰਦਾ ਹੈ (ਭਾਵ, ਜੇਹੜੇ ਬੰਦੇ ਸਦਾ ਸਿਫ਼ਤਿ-ਸਾਲਾਹ ਵਿਚ ਹੀ ਮਗਨ ਰਹਿੰਦੇ ਹਨ) ਤੇ ਹਰ ਪਾਸੇ ਪਰਮਾਤਮਾ ਨੂੰ ਹੀ (ਵੇਖਦੇ ਹਨ) ਸਦਾ-ਥਿਰ ਪ੍ਰਭੂ ਦਾ ਨਾਮ ਹੀ (ਹੋਰਨਾਂ ਨੂੰ) ਸੁਣਾ ਸੁਣਾ ਕੇ ਉਹਨਾਂ ਦੀ ਸੋਭਾ (ਸਾਰੇ ਸੰਸਾਰ ਵਿਚ) ਸਦਾ ਲਈ ਕਾਇਮ ਹੋ ਜਾਂਦੀ ਹੈ। ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਹਨਾਂ ਨੂੰ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਇਸ ਵਾਸਤੇ ਉਹਨਾਂ ਦੀ ਹਉਮੈ ਮੁੱਕ ਜਾਂਦੀ ਹੈ ਉਹਨਾਂ ਦੀ ਅਪਣੱਤ ਦੂਰ ਹੋ ਜਾਂਦੀ ਹੈ। ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ।3। ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਉਹ ਮਿਲ ਨਹੀਂ ਸਕਦਾ। ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤਿ ਮਿਲ ਜਾਂਦੀ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ (ਇਸ ਦੀ ਬਰਕਤਿ ਨਾਲ) ਹਰ ਵੇਲੇ ਪ੍ਰਭੂ ਦੇ ਨਾਮ (-ਰੰਗ) ਵਿਚ ਰੰਗੇ ਰਹਿਣ ਕਰਕੇ ਉਸ ਮਨੁੱਖ ਦੇ ਅੰਦਰੋਂ ਮਾਇਆ (ਦੇ ਮੋਹ) ਦਾ ਦੁੱਖ ਦੂਰ ਹੋ ਜਾਂਦਾ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ (ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ ਉਹ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ।4। 22। 55। ਸਿਰੀਰਾਗੁ ਮਹਲਾ ੩ ॥ ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥ ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥ ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥ ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥੧॥ ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥ ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥੧॥ ਰਹਾਉ ॥ ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥ ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥ ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥ ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥ ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ ॥ ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥ ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥ ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ ॥੩॥ ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ ॥ ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ ॥ ਸੋ ਪ੍ਰਭੁ ਨਦਰਿ ਨ ਆਵਈ ਮਨਮੁਖਿ ਬੂਝ ਨ ਪਾਇ ॥ ਜਿਸੁ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖਿ ਪਾਇ ॥੪॥੨੩॥੫੬॥ {ਪੰਨਾ 35-36} ਪਦ ਅਰਥ: ਪਾਇਓਨੁ = ਪਾਇਆ ਉਨਿ, ਉਸ ਪਰਮਾਤਮਾ ਨੇ ਪਾਇਆ। ਭਉ = ਡਰ, ਅਦਬ। ਤਿਨ = ਉਹਨਾਂ ਦੇ (ਹਿਰਦੇ ਵਿਚ) । ਸਚੇ ਕੇ = ਸਦਾ-ਥਿਰ ਪ੍ਰਭੂ। ਸਾਰਿ = (ਹਿਰਦੇ ਵਿਚ) ਸੰਭਾਲ ਕੇ। ਦੁਬਿਧਾ = ਦੁ-ਕਿਸਮਾ-ਪਨ, ਮੇਰ-ਤੇਰ, ਡਾਂਵਾਂ ਡੋਲ ਹਾਲਤ। ਚੁਕਾਈਅਨੁ = ਚੁਕਾਈ ਉਨਿ, ਉਸ ਪਰਮਾਤਮਾ ਨੇ ਦੂਰ ਕਰ ਦਿੱਤੀ। ਉਰ ਧਾਰਿ = ਹਿਰਦੇ ਵਿਚ ਧਾਰ ਕੇ। ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ।1। ਭਰਨਾਲਿ = ਭਰਨਾਲ ਵਿਚ, ਸਮੁੰਦਰ ਵਿਚ, ਸੰਸਾਰ-ਸਮੁੰਦਰ ਵਿਚ {ਵੇਖੋ ਭਾਈ ਗੁਰਦਾਸ ਜੀ ਵਾਰ 26, ਪਉੜੀ 8}। ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ) । ਸਵਾਰਣਹਾਰੁ = ਸੋਹਣਾ ਬਣਾਣ ਦੇ ਸਮਰੱਥ।1। ਰਹਾਉ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ। ਪ੍ਰਭਿ = ਪ੍ਰਭੂ ਨੇ। ਅਨਦਿਨੁ = ਹਰ ਰੋਜ਼, ਹਰ ਵੇਲੇ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਹੂ = ਤੋਂ ਹੀ। ਜੋਤੀ ਹੂ = ਅੰਦਰਲੇ ਚਾਨਣ ਤੋਂ ਹੀ। ਜਾਪਦਾ = ਦਿੱਸਦਾ ਹੈ। ਬੂਝ = ਸਮਝ। ਭੇਟਿਆ = ਮਿਲਿਆ।2। ਡੁਮਣੀ = ਦੁ-ਮਨੀ, ਦੁ-ਦਿੱਤੀ, ਦੁਬਿਧਾ ਵਿਚ ਫਸੀ ਹੋਈ। ਦੂਜੈ ਭਾਇ = ਹੋਰ ਪਿਆਰ ਵਿਚ। ਖੁਆਇ = ਖੁੰਝ ਜਾਂਦੀ ਹੈ, ਕੁਰਾਹੇ ਪੈ ਜਾਂਦੀ ਹੈ। ਤਿਸੁ ਬਿਨ = ਉਸ (ਨਾਮ) ਤੋਂ ਬਿਨਾ। ਜੀਵਦੀ = ਆਤਮਕ ਜੀਵਨ ਪ੍ਰਾਪਤ ਕਰਦੀ। ਰੈਣਿ = (ਜ਼ਿੰਦਗੀ ਦੀ) ਰਾਤ। ਦੁਖੀ = ਦੁੱਖਾਂ ਵਿਚ। ਅੰਧੁਲਾ = (ਮਾਇਆ ਦੇ ਮੋਹ ਵਿਚ) ਅੰਨ੍ਹਾ। ਪ੍ਰਭੂ ਆਪੇ ਲਏ ਮਿਲਾਇ = {ਨੋਟ: ਵੇਖੋ ਬੰਦ ਨੰ: 2 ਵਿਚ "ਪ੍ਰਭਿ ਆਪੇ ਲਏ ਮਿਲਾਇ। '' ਇਹਨਾਂ ਦੇ ਅਰਥਾਂ ਵਿਚ ਦੇ ਵਿਆਕਰਨਿਕ ਫ਼ਰਕ ਦਾ ਧਿਆਨ ਰੱਖਣ ਦੀ ਲੋੜ ਹੈ}।3। ਪਾਪੋ ਪਾਪੁ = ਪਾਪ ਹੀ ਪਾਪ। ਪਚਹਿ = ਖ਼ੁਆਰ ਹੁੰਦੇ ਹਨ। ਪਾਪੇ = ਪਾਪਿ ਹੀ, ਪਾਪ ਵਿਚ ਹੀ। ਪਾਇ = (ਬੂਝ) ਪਾਇ, ਸਮਝ ਹਾਸਲ ਕਰਦਾ ਹੈ।4। ਅਰਥ: ਹੇ ਮੇਰੇ ਮਨ! ਸੰਸਾਰ-ਸਮੁੰਦਰ ਵਿਚ ਹਉਮੈ ਦੀ ਮੈਲ (ਪ੍ਰਬਲ) ਹੈ। ਪਰਮਾਤਮਾ (ਇਸ) ਮੈਲ ਤੋਂ ਬਿਨਾ ਹੈ ਤੇ (ਇਸ ਵਾਸਤੇ) ਸਦਾ ਸੋਹਣਾ ਹੈ। (ਉਹ ਨਿਰਮਲ ਪਰਮਾਤਮਾ ਜੀਵਾਂ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ ਸੋਹਣਾ ਬਣਾਣ ਦੇ ਸਮਰੱਥ ਹੈ (ਹੇ ਮਨ! ਤੂੰ ਭੀ ਗੁਰੂ ਦੇ ਸ਼ਬਦ ਵਿਚ ਜੁੜ) ।1। ਰਹਾਉ। ਉਸ ਪਰਮਾਤਮਾ ਨੇ ਆਪਣਾ ਡਰ-ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ। ਉਹ ਬੰਦੇ ਸਦਾ-ਥਿਰ ਪ੍ਰਭੂ ਦੇ ਗੁਣ (ਆਪਣੇ ਹਿਰਦੇ ਵਿਚ) ਸਾਂਭ ਕੇ ਸਦਾ ਸਾਧ ਸੰਗਤਿ ਵਿਚ ਮਿਲੇ ਰਹਿੰਦੇ ਹਨ। ਉਸ (ਪਰਮਾਤਮਾ) ਨੇ ਆਪ ਉਹਨਾਂ ਬੰਦਿਆਂ ਦੀ ਦੁਬਿਧਾ ਦੀ ਮੈਲ ਦੂਰ ਕਰ ਦਿੱਤੀ ਹੈ, ਉਹ ਬੰਦੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਹਨਾਂ ਦੇ ਮਨ ਵਿਚ ਵੱਸਦੀ ਹੈ, ਸਦਾ-ਥਿਰ ਪ੍ਰਭੂ (ਆਪ) ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਬੰਦਿਆਂ ਦਾ ਸਦਾ-ਥਿਰ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ।1। ਜਿਨ੍ਹਾਂ ਮਨੁੱਖਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ। ਹਰ ਵੇਲੇ ਪ੍ਰਭੂ ਦੇ ਨਾਮ ਵਿਚ ਹੀ ਰੰਗੇ ਰਹਿਣ ਕਰ ਕੇ ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ। ਪਰਮਾਤਮਾ ਉਸ ਅੰਦਰਲੀ ਜੋਤਿ ਦੀ ਰਾਹੀਂ ਹੀ ਦਿੱਸਦਾ ਹੈ, ਪਰ ਗੁਰੂ ਤੋਂ ਬਿਨਾ ਉਸ ਜੋਤਿ (ਚਾਨਣ) ਦੀ ਸਮਝ ਨਹੀਂ ਪੈਂਦੀ (ਤੇ) ਗੁਰੂ ਉਹਨਾਂ ਬੰਦਿਆਂ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਪ੍ਰਭੂ ਦੀ ਦਰਗਾਹ ਤੋਂ) ਲੇਖ ਲਿਖਿਆ ਹੋਵੇ।2। ਸਾਰੀ ਹੀ ਲੁਕਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਬਿਧਾ ਵਿਚ ਫਸੀ ਰਹਿੰਦੀ ਹੈ, ਤੇ ਮਾਇਆ ਦੇ ਪਿਆਰ ਵਿਚ (ਪੈ ਕੇ ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦੀ ਹੈ। ਉਸ (ਪ੍ਰਭੂ-ਨਾਮ) ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਮਾਣ ਸਕਦੀ, ਦੁੱਖਾਂ ਵਿਚ ਹੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ। ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ, ਤੇ ਮੁੜ ਮੁੜ ਜੰਮਦਾ ਰਹਿੰਦਾ ਹੈ। ਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਆਪ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।3। (ਅਸੀਂ ਜੀਵ ਜੋ ਕੁਝ ਕਰਦੇ ਹਾਂ ਜਾਂ ਬੋਲਦੇ ਚਿਤਵਦੇ ਹਾਂ) ਉਹ ਸਭ ਕੁਝ ਪਰਮਾਤਮਾ ਵੇਖਦਾ ਸੁਣਦਾ ਹੈ (ਇਸ ਵਾਸਤੇ ਉਸ ਦੀ ਹਜ਼ੂਰੀ ਵਿਚ ਆਪਣੇ ਕੀਤੇ ਤੇ ਚਿਤਵੇ ਮੰਦ ਕਰਮਾਂ ਤੋਂ) ਮੁੱਕਰਿਆ ਨਹੀਂ ਜਾ ਸਕਦਾ। (ਤਾਹੀਏਂ) ਜੇਹੜੇ ਬੰਦੇ (ਸਾਰੀ ਉਮਰ) ਪਾਪ ਹੀ ਪਾਪ ਕਮਾਂਦੇ ਰਹਿੰਦੇ ਹਨ, ਉਹ (ਸਦਾ) ਪਾਪ ਵਿਚ ਸੜਦੇ ਭੁੱਜਦੇ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹ) ਸਮਝ ਨਹੀਂ ਪੈਂਦੀ, ਉਸ ਨੂੰ ਉਹ (ਸਭ ਕੁਝ ਵੇਖਣ ਸੁਣਨ ਵਾਲਾ) ਪਰਮਾਤਮਾ ਨਜ਼ਰ ਨਹੀਂ ਆਉਂਦਾ। (ਪਰ ਕਿਸੇ ਜੀਵ ਦੇ ਭੀ ਕੀ ਵੱਸ?) ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਆਪ ਵਿਖਾਂਦਾ ਹੈ, ਉਹੀ (ਉਸ ਨੂੰ) ਵੇਖ ਸਕਦਾ ਹੈ, ਉਸੇ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਇਹ ਸਮਝ ਪੈਂਦੀ ਹੈ।4। 23। 56। |
Sri Guru Granth Darpan, by Professor Sahib Singh |