ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 60 ਸਿਰੀਰਾਗੁ ਮਹਲਾ ੧ ॥ ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ ॥ ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ ॥ ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ ॥੧॥ ਮਨ ਰੇ ਕਿਉ ਛੂਟਹਿ ਬਿਨੁ ਪਿਆਰ ॥ ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥੧॥ ਰਹਾਉ ॥ ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ ॥ ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ ॥ ਬਿਨੁ ਜਲ ਘੜੀ ਨ ਜੀਵਈ ਪ੍ਰਭੁ ਜਾਣੈ ਅਭ ਪੀਰ ॥੨॥ ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥ ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥ ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥੩॥ ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ ॥ ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ ॥ ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ ॥੪॥ ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ ॥ ਖਿਨੁ ਪਲੁ ਨੀਦ ਨ ਸੋਵਈ ਜਾਣੈ ਦੂਰਿ ਹਜੂਰਿ ॥ ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ ॥੫॥ ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ ॥ ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ ॥ ਗੁਰਮਤਿ ਹੋਇ ਤ ਪਾਈਐ ਸਚਿ ਮਿਲੈ ਸੁਖੁ ਹੋਇ ॥੬॥ ਸਚਾ ਨੇਹੁ ਨ ਤੁਟਈ ਜੇ ਸਤਿਗੁਰੁ ਭੇਟੈ ਸੋਇ ॥ ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ ॥ ਨਿਰਮਲੁ ਨਾਮੁ ਨ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥੭॥ ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ ॥ ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ ॥ ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ ॥੮॥ ਬਿਨੁ ਗੁਰ ਪ੍ਰੀਤਿ ਨ ਊਪਜੈ ਹਉਮੈ ਮੈਲੁ ਨ ਜਾਇ ॥ ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ ॥ ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ ॥੯॥ ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ ॥ ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ ॥ ਨਾਨਕ ਦਰੁ ਘਰੁ ਏਕੁ ਹੈ ਅਵਰੁ ਨ ਦੂਜੀ ਜਾਇ ॥੧੦॥੧੧॥ {ਪੰਨਾ 60} ਪਦ ਅਰਥ: ਕਮਲੇਹਿ = ਕਮਲ ਵਿਚ। ਵਿਗਸੈ = ਖਿੜਦਾ ਹੈ। ਅਸਨੇਹਿ = ਪਿਆਰ ਨਾਲ {ਨੋਟ: ਸੰਸਕ੍ਰਿਤ ਲਫ਼ਜ਼ 'Ônyh' ਹੈ। ਇਸ ਤੋਂ ਪੰਜਾਬੀ ਰੂਪ ਦੋ ਹਨ– ਨੇਹ ਅਤੇ ਅਸਨੇਹ}। ਜੀਅ = ਜਿੰਦ। ਤਿਨੇਹਿ = ਉਹਨਾਂ ਦਾ। ਪਛਾੜੀਐ = ਧੱਕੇ ਖਾਂਦਾ ਹੈ।1। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਅੰਤਰਿ = ਅੰਦਰ, ਹਿਰਦੇ ਵਿਚ। ਰਵਿ ਰਹਿਆ = ਹਰ ਵੇਲੇ ਮੌਜੂਦ ਹੈ।1। ਰਹਾਉ। ਨੀਰ = ਪਾਣੀ। ਅਧਿਕਉ = ਬਹੁਤਾ। ਘਣੋ = ਬਹੁਤ। ਮਨਿ = ਮਨ ਵਿਚ। ਅਭ ਪੀਰ = ਅੰਦਰਲੀ ਪੀੜ।2। ਮੇਹ = ਮੀਂਹ, ਵਰਖਾ। ਚਾਤ੍ਰਿਕ = ਪਪੀਹਾ। ਭਰਿ = ਭਰੇ ਹੋਏ। ਕੇਹ = ਕਿਸ ਅਰਥ? ਕਰਮਿ = ਮਿਹਰ ਨਾਲ। ਕਿਰਤੁ ਪਾਇਆ = ਪੂਰਬਲਾ ਕਮਾਇਆ ਹੋਇਆ, (ਪੂਰਬਲਾ) ਕੀਤਾ ਹੋਇਆ (ਜੋ ਸੰਸਕਾਰ-ਰੂਪ ਵਿਚ) ਇਕੱਠਾ ਹੋਇਆ (ਅੰਦਰ ਮੌਜੂਦ) ਹੈ। ਸਿਰਿ = ਸਿਰ ਉਤੇ। ਦੇਹ = ਸਰੀਰ (ਉੱਤੇ) ।3। ਆਵਟਣੁ = ਉਬਾਲਾ। ਖਵੈ = ਸਹਾਰਦਾ ਹੈ। ਸਚਿ = ਸੱਚ ਵਿਚ। ਦੇਇ = ਦੇਂਦਾ ਹੈ।4। ਸੂਰ = ਸੂਰਜ।5। ਗਣਤ ਗਣਾਵਣੀ = ਆਪਣੀਆਂ ਵਡਿਆਈਆਂ ਕਰਦਾ ਹੈ।6। ਭੇਟੈ = ਮਿਲ ਪਏ। ਗਿਆਨ ਪਦਾਰਥੁ = (ਪਰਮਾਤਮਾ ਨਾਲ) ਡੂੰਘੀ ਸਾਂਝ ਦੇਣ ਵਾਲਾ (ਨਾਮ) ਪਦਾਰਥ। ਤ੍ਰਿਭਵਣ ਸੋਝੀ = ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦੀ ਸੂਝ।7। ਖੇਲਿ ਗਏ = ਲੱਦ ਗਏ, (ਖੇਡ) ਖੇਡ ਕੇ (ਚਲੇ) ਗਏ। ਪੰਖਣੂੰ = (ਜੀਵ-) ਪੰਛੀ। ਸਰ ਤਲਿ = (ਸੰਸਾਰ-) ਸਰੋਵਰ ਦੇ ਉਤੇ। ਅਜੁ ਕਿ ਕਲਿ = ਅੱਜ ਜਾਂ ਕਲ ਵਿਚ, ਇਕ ਦੋ ਦਿਨਾਂ ਵਿਚ। ਮਲਿ = ਮੱਲ ਕੇ, ਜਿੱਤ ਕੇ। ਪਿੜੁ = ਖਿਡਾਰੀਆਂ ਦੇ ਖੇਡਣ ਲਈ ਬਣਾਇਆ ਥਾਂ। ਪਿੜੁ ਮਲਿ = ਬਾਜ਼ੀ ਜਿੱਤ ਕੇ।8। ਸੋਹੰ = {sIshz} ਉਹ ਮੈਂ ਹਾਂ। ਆਪੁ = ਆਪਣਾ ਆਪ। ਸੋਹੰ ਆਪੁ = ਉਹ ਮੈਂ ਹਾਂ ਤੇ (ਮੇਰਾ) ਆਪਾ। ਸੋਹੰ ਆਪੁ ਪਛਾਣੀਐ = ਇਹ ਪਛਾਣ ਆਉਂਦੀ ਹੈ ਕਿ ਮੇਰਾ ਤੇ ਪ੍ਰਭੂ ਦਾ ਆਪਾ (ਭਾਵ, ਸੁਭਾਉ) ਰਲਿਆ ਹੈ ਜਾਂ ਨਹੀਂ। ਸਬਦਿ = ਗੁਰੂ ਦੇ ਸ਼ਬਦ ਨਾਲ। ਭੇਦਿ = ਵਿੱਝ ਕੇ।9। ਕਿਆ ਮੇਲੀਐ = ਮਿਲਣ ਵਾਲੀ ਕੋਈ ਹੋਰ ਗੱਲ ਨਹੀਂ ਰਹਿ ਜਾਂਦੀ, ਕਦੇ ਨਹੀਂ ਵਿੱਛੁੜਦੇ। ਪਤੀਆਇ = ਪਤੀਜ ਕੇ। ਮਨੁਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ। ਦਰੁ ਘਰੁ ਏਕੁ = ਇਕੋ ਦਰ ਤੇ ਇਕੋ ਘਰ, ਇਕੋ ਆਸਰਾ ਪਰਨਾ। ਜਾਇ = ਥਾਂ।10। ਅਰਥ: ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਪਾਣੀ ਦਾ ਕੌਲ ਫੁੱਲ ਵਿਚ ਹੈ (ਤੇ ਕੌਲ ਫੁੱਲ ਦਾ ਪਾਣੀ ਵਿਚ) । ਕੌਲ ਫੁੱਲ ਪਾਣੀ ਦੀਆਂ ਲਹਰਾਂ ਨਾਲ ਧੱਕੇ ਖਾਂਦਾ ਹੈ, ਫਿਰ ਭੀ (ਪਰਸਪਰ) ਪਿਆਰ ਦੇ ਕਾਰਨ ਕੌਲ ਫੁੱਲ ਖਿੜਦਾ (ਹੀ) ਹੈ (ਧੱਕਿਆਂ ਤੋਂ ਗੁੱਸੇ ਨਹੀਂ ਹੁੰਦਾ) । ਪਾਣੀ ਵਿਚ (ਕੌਲ ਫੁੱਲਾਂ ਦੀਆਂ) ਜਿੰਦਾਂ ਪੈਦਾ ਕਰ ਕੇ (ਪਰਮਾਤਮਾ ਐਸੀ ਖੇਡ ਖੇਡਦਾ ਹੈ ਕਿ) ਪਾਣੀ ਤੋਂ ਬਿਨਾ ਉਹਨਾਂ (ਕੌਲ ਫੁੱਲਾਂ) ਦੀ ਮੌਤ ਹੋ ਜਾਂਦੀ ਹੈ।1। ਹੇ ਮਨ! (ਪ੍ਰਭੂ ਨਾਲ) ਪਿਆਰ ਪਾਉਣ ਤੋਂ ਬਿਨਾ ਤੂੰ (ਮਾਇਆ ਦੇ ਹੱਲਿਆਂ ਤੋਂ) ਬਚ ਨਹੀਂ ਸਕਦਾ। (ਪਰ ਇਹ ਪਿਆਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਮਿਲਦਾ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ (ਗੁਰੂ ਦੀ ਕਿਰਪਾ ਨਾਲ ਐਸੀ ਪਿਆਰ-ਸਾਂਝ ਬਣਦੀ ਹੈ ਕਿ) ਪਰਮਾਤਮਾ ਹਰ ਵੇਲੇ ਮੌਜੂਦ ਰਹਿੰਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਹੀ ਬਖ਼ਸ਼ ਦੇਂਦਾ ਹੈ।1। ਰਹਾਉ। ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਕਰ, ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ। ਪਾਣੀ ਜਿਤਨਾ ਹੀ ਵਧੀਕ ਹੈ, ਮੱਛੀ ਨੂੰ ਉਤਨਾ ਹੀ ਵਧੀਕ ਸੁਖ-ਆਨੰਦ ਹੁੰਦਾ ਹੈ, ਉਸ ਦੇ ਮਨ ਵਿਚ ਤਨ ਵਿਚ ਸਰੀਰ ਵਿਚ ਠੰਡ ਪੈਂਦੀ ਹੈ। ਪਾਣੀ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦੀ। ਮੱਛੀ ਦੇ ਹਿਰਦੇ ਦੀ ਇਹ ਵੇਦਨਾ ਪਰਮਾਤਮਾ (ਆਪ) ਜਾਣਦਾ ਹੈ।1। ਹੇ ਮਨ! ਪ੍ਰਭੂ ਨਾਲ ਇਹੋ ਜਿਹੀ ਪ੍ਰੀਤ ਕਰ, ਜਿਹੋ ਜਿਹੀ ਪਪੀਹੇ ਦੀ ਮੀਂਹ ਨਾਲ ਹੈ। (ਪਾਣੀ ਨਾਲ) ਸਰੋਵਰ ਭਰੇ ਹੋਏ ਹੁੰਦੇ ਹਨ, ਧਰਤੀ (ਪਾਣੀ ਦੀ ਬਰਕਤਿ ਨਾਲ) ਹਰਿਆਵਲੀ ਹੋਈ ਪਈ ਹੁੰਦੀ ਹੈ, ਪਰ ਜੇ (ਸ੍ਵਾਂਤੀ ਨਛੱਤ੍ਰ ਵਿਚ ਪਏ ਮੀਂਹ ਦੀ) ਇਕ ਬੂੰਦ (ਪਪੀਹੇ ਦੇ ਮੂੰਹ ਵਿਚ) ਨਾਹ ਪਏ, ਤਾਂ ਉਸ ਨੂੰ ਇਸ ਸਾਰੇ ਪਾਣੀ ਨਾਲ ਕੋਈ ਭਾਗ ਨਹੀਂ। (ਪਰ ਹੇ ਮਨ! ਤੇਰੇ ਭੀ ਕੀਹ ਵੱਸ! ਪਰਮਾਤਮਾ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, (ਨਹੀਂ ਤਾਂ) ਪੂਰਬਲਾ ਕਮਾਇਆ ਹੋਇਆ ਸਿਰ ਉੱਤੇ ਸਰੀਰ ਉੱਤੇ ਝੱਲਣਾ ਹੀ ਪੈਂਦਾ ਹੈ।3। ਹੇ ਮਨ! ਹਰੀ ਨਾਲ ਇਹੋ ਜਿਹਾ ਪਿਆਰ ਬਣਾ, ਜਿਹੋ ਜਿਹਾ ਪਾਣੀ ਤੇ ਦੁੱਧ ਦਾ ਹੈ। (ਪਾਣੀ ਦੁੱਧ ਵਿਚ ਆ ਮਿਲਦਾ ਹੈ, ਦੁੱਧ ਦੀ ਸਰਨ ਪੈਂਦਾ ਹੈ, ਦੁੱਧ ਉਸ ਨੂੰ ਆਪਣਾ ਰੂਪ ਬਣਾ ਲੈਂਦਾ ਹੈ। ਜਦੋਂ ਉਸ ਪਾਣੀ-ਰਲੇ ਦੁੱਧ ਨੂੰ ਅੱਗ ਉੱਤੇ ਰੱਖੀਦਾ ਹੈ ਤਾਂ) ਉਬਾਲਾ (ਪਾਣੀ) ਆਪ ਹੀ ਸਹਾਰਦਾ ਹੈ, ਦੁੱਧ ਨੂੰ ਸੜਨ ਨਹੀਂ ਦੇਂਦਾ। (ਇਸੇ ਤਰ੍ਹਾਂ ਜੇ ਜੀਵ ਆਪਣੇ ਆਪ ਨੂੰ ਕੁਰਬਾਨ ਕਰਨ, ਤਾਂ ਪ੍ਰਭੂ) ਵਿੱਛੁੜੇ ਜੀਵਾਂ ਨੂੰ ਆਪਣੇ ਸਦਾ-ਥਿਰ ਨਾਮ ਵਿਚ ਮੇਲ ਕੇ (ਲੋਕ ਪਰਲੋਕ ਵਿਚ) ਇੱਜ਼ਤ-ਮਾਣ ਦੇਂਦਾ ਹੈ।4। ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਚਕਵੀ ਦਾ (ਪਿਆਰ) ਸੂਰਜ ਨਾਲ ਹੈ। (ਜਦੋਂ ਸੂਰਜ ਡੁੱਬ ਜਾਂਦਾ ਹੈ, ਚਕਵੀ ਦੀ ਨਜ਼ਰੋਂ ਉਹਲੇ ਹੋ ਜਾਂਦਾ ਹੈ, ਤਾਂ ਉਹ ਚਕਵੀ) ਇਕ ਖਿਨ ਭਰ ਇਕ ਪਲ ਭਰ ਨੀਂਦ (ਦੇ ਵੱਸ ਆ ਕੇ) ਨਹੀਂ ਸੌਂਦੀ, ਦੂਰ (-ਲੁਕੇ ਸੂਰਜ) ਨੂੰ ਆਪਣੇ ਅੰਗ-ਸੰਗ ਸਮਝਦੀ ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁੱਖ ਰਹਿੰਦਾ ਹੈ, ਉਸ ਨੂੰ ਪਰਮਾਤਮਾ ਆਪਣੇ ਅੰਗ-ਸੰਗ ਦਿੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਇਹ ਸਮਝ ਨਹੀਂ ਪੈਂਦੀ।5। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀਆਂ ਹੀ ਵਡਿਆਈਆਂ ਕਰਦਾ ਹੈ (ਪਰ ਜੀਵ ਦੇ ਭੀ ਕੀਹ ਵੱਸ?) ਉਹੀ ਕੁਝ ਹੁੰਦਾ ਹੈ ਜੋ ਕਰਤਾਰ (ਆਪ) ਕਰਦਾ (ਕਰਾਂਦਾ ਹੈ) । (ਕਰਤਾਰ ਦੀ ਮਿਹਰ ਤੋਂ ਬਿਨਾ) ਜੇ ਕੋਈ ਜੀਵ (ਆਪਣੀਆਂ ਵਡਿਆਈਆਂ ਛੱਡਣ ਦਾ ਜਤਨ ਭੀ ਕਰੇ, ਤੇ ਪਰਮਾਤਮਾ ਦੇ ਗੁਣਾਂ ਦੀ ਕਦਰ ਪਛਾਣਨ ਦਾ ਉੱਦਮ ਕਰੇ, ਤਾਂ ਭੀ) ਉਸ ਪ੍ਰਭੂ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ। (ਪਰਮਾਤਮਾ ਦੇ ਗੁਣਾਂ ਦੀ ਕਦਰ) ਤਦੋਂ ਹੀ ਪੈਂਦੀ ਹੈ, ਜਦੋਂ ਗੁਰੂ ਦੀ ਸਿੱਖਿਆ ਪ੍ਰਾਪਤ ਹੋਵੇ। (ਗੁਰੂ ਦੀ ਮਤਿ ਮਿਲਿਆਂ ਹੀ ਮਨੁੱਖ ਪ੍ਰਭੂ ਦੇ ਸਦਾ-ਥਿਰ ਨਾਮ ਵਿਚ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ।6। (ਪ੍ਰਭੂ-ਚਰਨਾਂ ਵਿਚ ਜੋੜਨ ਵਾਲਾ) ਜੇ ਉਹ ਗੁਰੂ ਮਿਲ ਪਏ, ਤਾਂ (ਉਸ ਦਾ ਮਿਹਰ ਦਾ ਸਦਕਾ ਪ੍ਰਭੂ ਨਾਲ ਅਜੇਹਾ) ਪੱਕਾ ਪਿਆਰ (ਪੈਂਦਾ ਹੈ ਜੋ ਕਦੇ) ਟੁੱਟਦਾ ਨਹੀਂ। (ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ਨਾਮ-ਪਦਾਰਥ ਮਿਲਦਾ ਹੈ, ਇਹ ਸਮਝ ਭੀ ਪੈਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਮੌਜੂਦ ਹੈ। ਜੇ ਮਨੁੱਖ (ਗੁਰੂ ਦੀ ਮਿਹਰ ਦਾ ਸਦਕਾ) ਪਰਮਾਤਮਾ ਦੇ ਗੁਣਾਂ (ਦੇ ਸੌਦੇ) ਦਾ ਖ਼ਰੀਦਣ ਵਾਲਾ ਬਣ ਜਾਏ, ਤਾਂ ਇਸ ਨੂੰ ਪ੍ਰਭੂ ਦਾ ਪਵਿਤ੍ਰ ਨਾਮ (ਫਿਰ ਕਦੇ) ਨਹੀਂ ਭੁੱਲਦਾ।7। (ਹੇ ਮਨ! ਵੇਖ) ਜੇਹੜੇ ਜੀਵ-ਪੰਛੀ ਇਸ (ਸੰਸਾਰ-) ਸਰੋਵਰ ਉੱਤੇ (ਚੋਗ) ਚੁਗਦੇ ਹਨ ਉਹ (ਆਪੋ ਆਪਣੀ ਜੀਵਨ-) ਖੇਡ ਖੇਡ ਕੇ ਚਲੇ ਜਾਂਦੇ ਹਨ। ਹਰੇਕ ਜੀਵ-ਪੰਛੀ ਨੇ ਘੜੀ ਪਲ ਦੀ ਖੇਡ ਖੇਡ ਕੇ ਇਥੋਂ ਤੁਰਦੇ ਜਾਣਾ ਹੈ, ਇਹ ਖੇਡ ਇਕ ਦੋ ਦਿਨਾਂ ਵਿਚ ਹੀ (ਛੇਤੀ ਹੀ) ਮੁੱਕ ਜਾਂਦੀ ਹੈ। (ਹੇ ਮਨ! ਪ੍ਰਭੂ ਦੇ ਦਰ ਤੇ ਸਦਾ ਅਰਦਾਸ ਕਰ ਤੇ ਆਖ– ਹੇ ਪ੍ਰਭੂ!) ਜਿਸ ਨੂੰ ਤੂੰ ਆਪ ਮਿਲਾਂਦਾ ਹੈਂ, ਉਹੀ ਤੇਰੇ ਚਰਨਾਂ ਵਿਚ ਜੁੜਦਾ ਹੈ, ਉਹ ਇਥੋਂ ਸੱਚੀ ਜੀਵਨ-ਬਾਜ਼ੀ ਜਿੱਤ ਕੇ ਜਾਂਦਾ ਹੈ।8। ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਪ੍ਰਭੂ-ਚਰਨਾਂ ਵਿਚ) ਪ੍ਰੀਤ ਪੈਦਾ ਨਹੀਂ ਹੁੰਦੀ (ਕਿਉਂਕਿ ਮਨੁੱਖ ਦੇ ਆਪਣੇ ਉੱਦਮ ਨਾਲ ਮਨ ਵਿਚੋਂ) ਹਉਮੈ ਦੀ ਮੈਲ ਦੂਰ ਨਹੀਂ ਹੋ ਸਕਦੀ। ਜਦੌਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਪਤੀਜ ਜਾਂਦਾ ਹੈ, ਤਦੋਂ ਇਹ ਪਛਾਣ ਆਉਂਦੀ ਹੈ ਕਿ ਮੇਰਾ ਤੇ ਪ੍ਰਭੂ ਦਾ ਸੁਭਾਉ ਰਲਿਆ ਹੈ ਜਾਂ ਨਹੀਂ। ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣਦਾ ਹੈ। (ਗੁਰੂ ਦੀ ਸਰਨ ਤੋਂ ਬਿਨਾ) ਜੀਵ ਹੋਰ ਕੋਈ ਉੱਦਮ ਕਰ ਕਰਾ ਨਹੀਂ ਸਕਦਾ।9। ਜੇਹੜੇ ਜੀਵ ਗੁਰੂ ਦੇ ਸ਼ਬਦ ਵਿਚ ਪਤੀਜ ਕੇ ਪ੍ਰਭੂ-ਚਰਨਾਂ ਵਿਚ ਮਿਲਦੇ ਹਨ, ਉਹਨਾਂ ਦੇ ਅੰਦਰ ਕੋਈ ਐਸਾ ਵਿਛੋੜਾ ਰਹਿ ਨਹੀਂ ਜਾਂਦਾ ਜਿਸ ਨੂੰ ਦੂਰ ਕਰਕੇ ਉਹਨਾਂ ਨੂੰ ਮੁੜ ਪ੍ਰਭੂ ਨਾਲ ਜੋੜਿਆ ਜਾਏ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ, ਉਹ ਪ੍ਰਭੂ-ਚਰਨਾਂ ਤੋਂ ਵਿੱਛੁੜ ਕੇ (ਮਾਇਆ ਦੇ ਮੋਹ ਦੀਆਂ) ਚੋਟਾਂ ਖਾਂਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਗਿਆ ਹੈ ਉਸ ਨੂੰ ਪ੍ਰਭੂ ਹੀ ਇਕ ਆਸਰਾ ਪਰਨਾ (ਦਿੱਸਦਾ) ਹੈ। ਪ੍ਰਭੂ ਤੋਂ ਬਿਨਾ ਉਸ ਨੂੰ ਹੋਰ ਕੋਈ ਸਹਾਰਾ ਨਹੀਂ (ਦਿੱਸਦਾ) ਹੋਰ ਕੋਈ ਥਾਂ ਨਹੀਂ ਦਿੱਸਦੀ।10।11। ਸਿਰੀਰਾਗੁ ਮਹਲਾ ੧ ॥ ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ ॥ ਗੁਰ ਬਿਨੁ ਕੋ ਨ ਦਿਖਾਵਈ ਅੰਧੀ ਆਵੈ ਜਾਇ ॥ ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ ॥੧॥ ਬਾਬਾ ਮਾਇਆ ਭਰਮਿ ਭੁਲਾਇ ॥ ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥੧॥ ਰਹਾਉ ॥ ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ ॥ ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ ॥ ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ ॥੨॥ ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ ॥ ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ ॥ ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥੩॥ ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ ॥ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥ ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥੪॥ ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ ॥ ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ ॥ ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ ॥੫॥ ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ ॥ ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ ॥ ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ ॥੬॥ ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ ॥ ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ ॥ ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥੭॥ ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥ ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ॥੮॥੧੨॥ {ਪੰਨਾ 60-61} ਪਦ ਅਰਥ: ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਭੁਲੈ = ਰਾਹੋਂ ਖੁੰਝ ਜਾਂਦੀ ਹੈ। ਭੁਲਾਈਐ = ਕੁਰਾਹੇ ਪਾਈ ਜਾਂਦੀ ਹੈ। ਠਉਰ = ਥਾਂ, ਸਹਾਰਾ। ਅੰਧੀ = ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ। ਆਵੈ ਜਾਇ = ਆਉਂਦੀ ਹੈ ਜਾਂਦੀ ਹੈ, ਭਟਕਦੀ ਫਿਰਦੀ ਹੈ। ਗਿਆਨ ਪਦਾਰਥੁ = ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਨਾਮ-ਪਦਾਰਥ।1। ਭਰਮਿ = ਭੁਲੇਖੇ ਵਿਚ (ਪਾ ਕੇ) । ਡੋਹਾਗਣੀ = ਮੰਦੇ ਭਾਗਾਂ ਵਾਲੀ। ਪਿਰ ਅੰਕਿ = ਪਿਰ ਦੇ ਅੰਕ ਵਿਚ, ਪਤੀ ਦੀ ਗਲਵੱਕੜੀ ਵਿਚ।1। ਰਹਾਉ। ਦਿਸੰਤਰੀ = {ਦੇਸ-ਅੰਤਰੀ} ਹੋਰ ਹੋਰ ਦੇਸਾਂ ਵਿਚ। ਤਜਿ ਜਾਇ = ਛੱਡ ਜਾਂਦੀ ਹੈ। ਡੂੰਗਰਿ = ਪਹਾੜ ਉਤੇ। ਵਿਛੁੰਨੀ = ਵਿੱਛੁੜੀ ਹੋਈ। ਗਰਬਿ = ਅਹੰਕਾਰ ਦੀ ਰਾਹੀਂ।2। ਰਸਿ = ਰਸ ਵਿਚ। ਪਿਆਰਿ = ਪਿਆਰ ਵਿਚ। ਸਹਜਿ = ਅਡੋਲ ਅਵਸਥਾ ਵਿਚ (ਟਿਕ ਕੇ) । ਅਧਾਰਿ = ਆਸਰੇ ਦੇ ਕਾਰਨ।3। ਅਖਰ = ਵਿਦਿਆ। ਕਿਨਿ = ਕਿਸ ਨੇ?।4। ਸਾਧਨ = ਜੀਵ-ਇਸਤ੍ਰੀ। ਆਪੁ = ਆਪਾ-ਭਾਵ। ਘਰ ਹੀ = ਘਰਿ ਹੀ, ਘਰ ਵਿਚ ਹੀ। ਗੁਰ ਕੈ ਹੇਤਿ = ਗੁਰੂ ਦੇ ਪਿਆਰ ਦੀ ਰਾਹੀਂ।5। ਚਾਕਰੀ = ਸੇਵਾ। ਮਨਿ = ਮਨ ਵਿਚ। ਵਿਚਹੁ = ਆਪਣੇ ਅੰਦਰੋਂ।6। ਕਰਮਿ = ਬਖ਼ਸ਼ਸ਼ ਦੀ ਰਾਹੀਂ, ਮਿਹਰ ਨਾਲ। ਆਪਿ = ਆਪਣੇ ਉੱਦਮ ਨਾਲ। ਸੇਤੀ = ਨਾਲ। ਸਚੋ = ਸੱਚ ਹੀ। ਪਲੈ ਪਾਇ = ਮਿਲਦਾ ਹੈ।7। ਭੁਲਣ ਅੰਦਰਿ = (ਮਾਇਆ ਦੇ ਅਸਰ ਹੇਠ ਆ ਕੇ) ਕੁਰਾਹੇ ਪੈਣ ਵਿਚ। ਸਭੁ ਕੋ = ਹਰੇਕ ਜੀਵ। ਅਭੁਲੁ = ਉਹ ਜੇਹੜਾ ਮਾਇਆ ਦੇ ਅਸਰ ਹੇਠ ਜੀਵਨ ਸਫ਼ਰ ਵਿਚ ਗ਼ਲਤ ਕਦਮ ਨਹੀਂ ਚੁੱਕਦਾ। ਅਪਾਰੁ = ਬੇਅੰਤ ਪ੍ਰਭੂ।8। ਅਰਥ: ਹੇ ਭਾਈ! ਮਾਇਆ (ਜੀਵਾਂ ਨੂੰ) ਭੁਲੇਖੇ ਵਿਚ ਪਾ ਕੇ ਕੁਰਾਹੇ ਪਾ ਦੇਂਦੀ ਹੈ। ਜੇਹੜੀ ਭਾਗ ਹੀਣ ਜੀਵ-ਇਸਤ੍ਰੀ ਭੁਲੇਖੇ ਵਿਚ ਪੈ ਕੇ ਕੁਰਾਹੇ ਪੈਂਦੀ ਹੈ, ਉਹ (ਕਦੇ ਭੀ) ਪ੍ਰਭੂ-ਪਤੀ ਦੇ ਚਰਨਾਂ ਵਿਚ ਲੀਨ ਨਹੀਂ ਹੋ ਸਕਦੀ।1। ਰਹਾਉ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਇਸਤ੍ਰੀ (ਜੀਵਨ ਦੇ) ਸਹੀ ਰਸਤੇ ਤੋਂ ਖੁੰਝ ਜਾਂਦੀ ਹੈ, ਮਾਇਆ ਉਸ ਨੂੰ ਕੁਰਾਹੇ ਪਾ ਦੇਂਦੀ ਹੈ, ਰਾਹੋਂ ਖੁੰਝੀ ਹੋਈ ਨੂੰ (ਗੁਰੂ ਤੋਂ ਬਿਨਾ) ਕੋਈ (ਐਸਾ) ਥਾਂ ਨਹੀਂ ਲੱਭਦਾ (ਜੇਹੜਾ ਉਸ ਨੂੰ ਰਸਤਾ ਵਿਖਾ ਦੇਵੇ) । ਗੁਰੂ ਤੋਂ ਬਿਨਾ ਹੋਰ ਕੋਈ ਭੀ (ਸਹੀ ਰਸਤਾ) ਵਿਖਾ ਨਹੀਂ ਸਕਦਾ। (ਮਾਇਆ ਦੇ ਵਿਚ) ਅੰਨ੍ਹੀ ਹੋਈ ਜੀਵ-ਇਸਤ੍ਰੀ ਭਟਕਦੀ ਫਿਰਦੀ ਹੈ। ਜਿਸ ਭੀ ਜੀਵ ਨੇ (ਮਾਇਆ ਦੇ ਢਹੇ ਚੜ੍ਹ ਕੇ) ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਨਾਮ-ਧਨ ਗਵਾ ਲਿਆ ਹੈ, ਉਹ ਠੱਗਿਆ ਜਾਂਦਾ ਹੈ, ਉਹ (ਆਤਮਕ ਜੀਵਨ ਵਲੋਂ) ਲੁੱਟਿਆ ਜਾਂਦਾ ਹੈ।1। ਜੀਵਨ ਦੇ ਰਾਹ ਤੋਂ ਖੁੰਝੀ ਹੋਈ ਜੀਵ-ਇਸਤ੍ਰੀ ਹੀ ਗ੍ਰਿਹਸਤ ਤਿਆਗ ਕੇ ਦੇਸ ਦੇਸਾਂਤਰਾਂ ਵਿਚ ਫਿਰਦੀ ਹੈ, ਖੁੰਝੀ ਹੋਈ ਹੀ ਕਦੇ ਕਿਸੇ ਪਹਾੜ (ਦੀ ਗੁਫ਼ਾ) ਵਿਚ ਬੈਠਦੀ ਹੈ ਕਦੇ ਕਿਸੇ ਟਿੱਲੇ ਉੱਤੇ ਚੜ੍ਹ ਬੈਠਦੀ ਹੈ, ਭਟਕਦੀ ਫਿਰਦੀ ਹੈ, ਉਸਦਾ ਮਨ (ਮਾਇਆ ਦੇ ਅਸਰ ਹੇਠ) ਡੋਲਦਾ ਹੈ। (ਆਪਣੇ ਕੀਤੇ ਕਰਮਾਂ ਦੇ ਕਾਰਨ) ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਵਿੱਛੁੜੀ ਹੋਈ (ਪ੍ਰਭੂ-ਚਰਨਾਂ ਵਿਚ) ਜੁੜ ਨਹੀਂ ਸਕਦੀ, ਉਹ ਤਾਂ (ਤਿਆਗ ਆਦਿਕ ਦੇ) ਅਹੰਕਾਰ ਵਿਚ ਲੁੱਟੀ ਜਾ ਰਹੀ ਹੈ, ਤੇ (ਵਿਛੋੜੇ ਵਿਚ) ਕਲਪਦੀ ਹੈ।2। ਪ੍ਰਭੂ ਤੋਂ ਵਿੱਛੁੜਿਆਂ ਨੂੰ ਗੁਰੂ ਹਰਿ-ਨਾਮ ਦੇ ਆਨੰਦ ਵਿਚ ਜੋੜ ਕੇ, ਨਾਮ ਦੇ ਪਿਆਰ ਵਿਚ ਜੋੜ ਕੇ (ਮੁੜ ਪ੍ਰਭੂ ਨਾਲ) ਮਿਲਾਂਦਾ ਹੈ। ਹਰੀ ਦੇ ਗੁਣਾਂ ਦੀ ਬਰਕਤਿ ਨਾਲ ਹਰੀ-ਨਾਮ ਦੇ ਆਸਰੇ ਨਾਲ ਸਦਾ-ਥਿਰ ਪ੍ਰਭੂ ਵਿਚ (ਜੁੜਿਆਂ) ਅਡੋਲ ਅਵਸਥਾ ਵਿਚ (ਟਿਕਿਆਂ) ਬੜੀ ਸੋਭਾ (ਭੀ ਮਿਲਦੀ ਹੈ) । (ਮੈਂ ਤੇਰਾ ਦਾਸ ਬੇਨਤੀ ਕਰਦਾ ਹਾਂ = ਹੇ ਪ੍ਰਭੂ!) ਜਿਵੇਂ ਤੇਰੀ ਰਜ਼ਾ ਹੋ ਸਕੇ, ਮੈਨੂੰ ਆਪਣੇ ਚਰਨਾਂ ਵਿਚ ਰੱਖ। ਤੈਥੋਂ ਬਿਨਾ ਮੇਰਾ ਖਸਮ-ਸਾਈਂ ਹੋਰ ਕੋਈ ਨਹੀਂ।3। ਵਿੱਦਿਆ ਪੜ੍ਹ ਪੜ੍ਹ ਕੇ (ਭੀ ਵਿੱਦਿਆ ਦੇ ਅਹੰਕਾਰ ਕਾਰਨ) ਕੁਰਾਹੇ ਹੀ ਪਈਦਾ ਹੈ, (ਗ੍ਰਿਹਸਤ-ਤਿਆਗੀਆਂ ਦੇ) ਭੇਖਾਂ ਨਾਲ ਭੀ (ਮਨ ਵਿਚ) ਬੜਾ ਮਾਣ ਪੈਦਾ ਹੁੰਦਾ ਹੈ। ਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ ਭੀ ਜੀਵ ਕੁਝ ਨਹੀਂ ਸੰਵਾਰ ਸਕਦਾ, ਕਿਉਂਕਿ ਮਨ ਵਿਚ (ਇਸ) ਅਹੰਕਾਰ ਦੀ ਮੈਲ ਟਿਕੀ ਰਹਿੰਦੀ ਹੈ (ਕਿ ਮੈਂ ਤੀਰਥ ਇਸ਼ਨਾਨੀ ਹਾਂ) । (ਹਰੇਕ ਖੁੰਝੇ ਹੋਏ ਰਸਤੇ ਵਿਚ) ਮਨ (ਇਸ ਸਰੀਰ-ਨਗਰੀ ਦਾ) ਰਾਜਾ ਬਣਿਆ ਰਹਿੰਦਾ ਹੈ, ਸੁਲਤਾਨ ਬਣਿਆ ਰਹਿੰਦਾ ਹੈ। ਗੁਰੂ ਤੋਂ ਬਿਨਾ ਇਸ ਨੂੰ ਕਿਸੇ ਹੋਰ ਨੇ ਕਦੇ ਮਤਿ ਨਹੀਂ ਦਿੱਤੀ (ਕੋਈ ਇਸ ਨੂੰ ਸਮਝਾ ਨਹੀਂ ਸਕਿਆ) ।4। (ਹੇ ਬਾਬਾ!) ਗੁਰੂ ਦੀ ਸਰਨ ਪੈ ਕੇ ਆਪਣੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰ। ਗੁਰੂ ਦੀ ਸਰਨ ਪਿਆਂ ਹੀ (ਪ੍ਰਭੂ-ਚਰਨਾਂ ਨਾਲ) ਪ੍ਰੇਮ ਪੈਦਾ ਕਰਨ ਵਾਲਾ ਨਾਮ-ਧਨ ਮਿਲਦਾ ਹੈ। ਜਿਸ ਜੀਵ-ਇਸਤ੍ਰੀ ਨੇ ਆਪਾ-ਭਾਵ ਦੂਰ ਕੀਤਾ ਹੈ, ਗੁਰੂ ਦੇ ਸ਼ਬਦ ਵਿਚ (ਜੁੜ ਕੇ ਆਤਮਕ ਜੀਵਨ ਨੂੰ ਆਪਾ-ਭਾਵ ਦੂਰ ਕਰਨ ਦਾ) ਸਿੰਗਾਰ ਕੀਤਾ ਹੈ, ਉਸ ਨੇ ਗੁਰੂ ਦੇ ਬਖ਼ਸ਼ੇ ਪ੍ਰੇਮ ਦੀ ਰਾਹੀਂ ਆਪਣੇ ਹਿਰਦੇ ਘਰ ਵਿਚ ਉਸ ਬੇਅੰਤ ਪ੍ਰਭੂ ਪਤੀ ਨੂੰ ਲੱਭ ਲਿਆ ਹੈ।5। ਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ ਚਾਕਰੀ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਆਤਮਕ ਆਨੰਦ ਮਿਲਦਾ ਹੈ। ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ (ਉਪਦੇਸ਼) ਵੱਸ ਪੈਂਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ, ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਨਾਮ-ਧਨ ਹਾਸਲ ਕਰ ਲਿਆ ਹੈ, ਉਸ ਦੇ ਮਨ ਵਿਚ ਸਦਾ ਲਾਭ ਹੁੰਦਾ ਹੈ (ਉਸ ਦੇ ਮਨ ਵਿਚ ਆਤਮਕ ਗੁਣਾਂ ਦਾ ਸਦਾ ਵਾਧਾ ਹੀ ਵਾਧਾ ਹੁੰਦਾ ਹੈ) ।6। ਪਰਮਾਤਮਾ ਮਿਲਦਾ ਹੈ ਤਾਂ ਆਪਣੀ ਮਿਹਰ ਨਾਲ ਹੀ ਮਿਲਦਾ ਹੈ, ਮਨੁੱਖ ਦੇ ਆਪਣੇ ਉਦਮ ਨਾਲ ਨਹੀਂ ਲਿਆ ਜਾ ਸਕਦਾ, (ਇਸ ਵਾਸਤੇ, ਹੇ ਭਾਈ!) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ। (ਗੁਰ-ਸਰਨ ਦੀ ਬਰਕਤਿ ਨਾਲ ਜੇ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਰੰਗ ਵਿਚ ਰੰਗੇ ਰਹੀਏ, ਤਾਂ ਉਹ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ।7। (ਹੇ ਬਾਬਾ! ਮਾਇਆ ਐਸੀ ਪ੍ਰਬਲ ਹੈ ਕਿ ਇਸ ਦੇ ਢਹੇ ਚੜ੍ਹ ਕੇ) ਹਰੇਕ ਜੀਵ ਗ਼ਲਤੀ ਖਾ ਜਾਂਦਾ ਹੈ, ਸਿਰਫ਼ ਗੁਰੂ ਹੈ ਤੇ ਕਰਤਾਰ ਹੈ ਜੋ (ਨਾਹ ਮਾਇਆ ਦੇ ਅਸਰ ਹੇਠ ਆਉਂਦਾ ਹੈ, ਤੇ) ਨਾਹ ਗ਼ਲਤੀ ਖਾਂਦਾ ਹੈ। ਜਿਸ ਮਨੁੱਖ ਨੇ ਗੁਰੂ ਦੀ ਮਤਿ ਉੱਤੇ ਤੁਰ ਕੇ ਆਪਣੇ ਮਨ ਨੂੰ ਸਮਝ ਲਿਆ ਹੈ, ਉਸਦੇ ਅੰਦਰ (ਪਰਮਾਤਮਾ ਦਾ) ਪ੍ਰੇਮ ਬਣ ਜਾਂਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਅਪਾਰ ਪ੍ਰਭੂ ਮਿਲਾ ਦੇਂਦਾ ਹੈ ਉਸ ਨੂੰ ਉਹ ਸਦਾ-ਥਿਰ ਪ੍ਰਭੂ ਕਦੇ ਭੁੱਲਦਾ ਨਹੀਂ।8।12। |
Sri Guru Granth Darpan, by Professor Sahib Singh |