ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 94

ਰਾਗੁ ਮਾਝ ਚਉਪਦੇ ਘਰੁ ੧ ਮਹਲਾ ੪

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥॥

ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ ॥ ਵਡਭਾਗੀ ਹਰਿ ਨਾਮੁ ਧਿਆਇਆ ॥ ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ ॥੧॥ ਮੈ ਹਰਿ ਹਰਿ ਖਰਚੁ ਲਇਆ ਬੰਨਿ ਪਲੈ ॥ ਮੇਰਾ ਪ੍ਰਾਣ ਸਖਾਈ ਸਦਾ ਨਾਲਿ ਚਲੈ ॥ ਗੁਰਿ ਪੂਰੈ ਹਰਿ ਨਾਮੁ ਦਿੜਾਇਆ ਹਰਿ ਨਿਹਚਲੁ ਹਰਿ ਧਨੁ ਪਲੈ ਜੀਉ ॥੨॥ ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ ॥ ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ ॥ ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥ ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥ ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ ॥ ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ ॥੪॥੧॥ {ਪੰਨਾ 94}

ਪਦ ਅਰਥ: ਚਉਪਦੇ = ਚਾਰ ਪਦਾਂ ਵਾਲੇ, ਚਾਰ ਬੰਦਾਂ ਵਾਲੇ ਸ਼ਬਦ।

ਮੈ ਮਨਿ = ਮੇਰੇ ਮਨ ਵਿਚ। ਵਡਭਾਗੀ = ਵੱਡੇ ਭਾਗਾਂ ਨਾਲ। ਗੁਰਿ = ਗੁਰੂ ਦੀ ਰਾਹੀਂ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ; ਪੂਰੇ ਗੁਰੂ ਪਾਸੋਂ। ਸਿਧਿ = ਸਫਲਤਾ। ਚਲੈ = ਤੁਰਦਾ ਹੈ।1।

ਪ੍ਰਾਣ ਸਖਾਈ = ਜਿੰਦ ਦਾ ਸਾਥੀ। ਗੁਰਿ ਪੂਰੈ = ਪੂਰੇ ਗੁਰੂ ਨੇ। ਨਿਹਚਲੁ = ਸਦਾ ਟਿਕੇ ਰਹਿਣ ਵਾਲਾ। ਪਲੈ = ਮੇਰੇ ਪੱਲੇ ਵਿਚ, ਮੇਰੇ ਪਾਸ।2।

ਰਾਇਆ = ਪਾਤਿਸ਼ਾਹ। ਆਣਿ = ਲਿਆ ਕੇ। ਪ੍ਰਾਣ ਜੀਵਾਇਆ = ਜਿੰਦ ਦੇਣ ਵਾਲਾ, ਆਤਮਕ ਜੀਵਨ ਦੇਣ ਵਾਲਾ। ਹਉ = ਮੈਂ। ਪ੍ਰੀਤਮ = ਹੇ ਪ੍ਰੀਤਮ! ਨੀਰੁ = ਪਾਣੀ, ਅੱਖਾਂ ਵਿਚੋਂ ਪਾਣੀ। ਵਹੇ ਵਹਿ ਚਲੈ = ਵਗਦਾ ਜਾ ਰਿਹਾ ਹੈ।3।

ਬਾਲ ਸਖਾਈ = ਬਾਲ-ਉਮਰ ਦਾ ਸਾਥੀ, ਬਚਪਨ ਦਾ ਸਾਥੀ। ਮਾਇ = ਹੇ ਮਾਂ! ਹਰਿ ਜੀਉ = ਹੇ ਹਰਿ ਜੀ! ਕਰਹੁ = ਕਰਦੇ ਹੋ। ਮੇਲਹੁ = ਤੁਸੀਂ ਮੇਲਦੇ ਹੋ।4।

ਅਰਥ: ਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ, ਪਰਮਾਤਮਾ ਮੈਨੂੰ ਮਨ ਵਿਚ ਪਿਆਰਾ ਲੱਗ ਰਿਹਾ ਹੈ। ਵੱਡੇ ਭਾਗਾਂ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ। ਪਰਮਾਤਮਾ ਦਾ ਨਾਮ ਸਿਮਰਨ ਦੀ ਇਹ ਸਫਲਤਾ ਮੈਂ ਪੂਰੇ ਗੁਰੂ ਦੀ ਰਾਹੀਂ ਹਾਸਲ ਕੀਤੀ ਹੈ (ਜਿਸ ਉਤੇ ਗੁਰੂ ਦੀ ਮਿਹਰ ਹੋਵੇ, ਉਸ ਨੂੰ ਇਹ ਦਾਤਿ ਮਿਲਦੀ ਹੈ) ਕੋਈ ਵਿਰਲਾ (ਵਡਭਾਗੀ) ਗੁਰੂ ਦੀ ਮਤਿ ਉਤੇ ਤੁਰਦਾ ਹੈ (ਤੇ ਨਾਮ ਸਿਮਰਦਾ ਹੈ) ।1।

(ਪੂਰੇ ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦਾ ਨਾਮ (ਆਪਣੇ ਜੀਵਨ-ਸਫ਼ਰ ਵਾਸਤੇ) ਖ਼ਰਚ ਪੱਲੇ ਬੰਨ੍ਹ ਲਿਆ ਹੈ। ਇਹ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣ ਗਿਆ ਹੈ, (ਹੁਣ ਇਹ) ਸਦਾ ਮੇਰੇ ਨਾਲ ਰਹਿੰਦਾ ਹੈ (ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ) । ਪੂਰੇ ਗੁਰੂ ਨੇ (ਇਹ) ਹਰਿ-ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾ ਦਿੱਤਾ ਹੈ, ਹਰਿ-ਨਾਮ ਧਨ ਮੇਰੇ ਪਾਸ ਹੁਣ ਸਦਾ ਟਿਕੇ ਰਹਿਣ ਵਾਲਾ ਧਨ ਹੋ ਗਿਆ ਹੈ।2।

ਪਰਮਾਤਮਾ (ਹੀ) ਮੇਰਾ (ਅਸਲ) ਸੱਜਣ ਹੈ, ਪਰਮਾਤਮਾ ਹੀ ਮੇਰਾ ਪ੍ਰੀਤਮ ਪਾਤਿਸ਼ਾਹ ਹੈ, ਮੈਨੂੰ ਆਤਮਕ ਜੀਵਨ ਦੇਣ ਵਾਲਾ ਹੈ। (ਮੇਰੀ ਹਰ ਵੇਲੇ ਤਾਂਘ ਹੈ ਕਿ) ਕੋਈ (ਗੁਰਮੁਖ ਉਹ ਪ੍ਰੀਤਮ) ਲਿਆ ਕੇ ਮੈਨੂੰ ਮਿਲਾ ਦੇਵੇ।

ਹੇ ਮੇਰੇ ਪ੍ਰੀਤਮ ਪ੍ਰਭੂ! ਮੈਂ ਤੇਰਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਤੇਰੇ ਵਿਛੋੜੇ ਵਿਚ ਮੇਰੀਆਂ ਅੱਖਾਂ ਵਿਚੋਂ ਬਿਰਹੋਂ ਦਾ) ਪਾਣੀ ਇਕ-ਸਾਰ ਚੱਲ ਪੈਂਦਾ ਹੈ।3।

ਹੇ ਮੇਰੀ ਮਾਂ! ਗੁਰੂ ਮੇਰਾ (ਅਜੇਹਾ) ਮਿਤ੍ਰ ਹੈ (ਜਿਵੇਂ) ਬਚਪਨ ਦਾ ਸਾਥੀ ਹੈ। ਮੈਂ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਮੈਨੂੰ ਧੀਰਜ ਨਹੀਂ ਆਉਂਦੀ) ।

ਹੇ ਦਾਸ ਨਾਨਕ! (ਆਖ–) ਹੇ ਪ੍ਰਭੂ ਜੀ! ਜਿਸ ਉਤੇ ਤੁਸੀ ਕਿਰਪਾ ਕਰਦੇ ਹੋ, ਉਸ ਨੂੰ ਗੁਰੂ ਮਿਲਾਂਦੇ ਹੋ, ਤੇ ਉਸ ਦੇ ਪੱਲੇ ਹਰਿ-ਨਾਮ ਧਨ ਇਕੱਠਾ ਹੋ ਜਾਂਦਾ ਹੈ।4।1।

ਮਾਝ ਮਹਲਾ ੪ ॥ ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥ ਹਉ ਹਰਿ ਬਿਨੁ ਦੂਜਾ ਅਵਰੁ ਨ ਜਾਨਾ ॥ ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥੧॥ ਹਉ ਮਨੁ ਤਨੁ ਖੋਜੀ ਭਾਲਿ ਭਾਲਾਈ ॥ ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ ॥ ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥੨॥ ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥ ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥ ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥੩॥ ਮੈ ਬਿਨੁ ਗੁਰ ਦੇਖੇ ਨੀਦ ਨ ਆਵੈ ॥ ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ ॥ ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ ਨਾਨਕ ਗੁਰ ਮਿਲਿ ਰਹਸੈ ਜੀਉ ॥੪॥੨॥ {ਪੰਨਾ 94}

ਪਦ ਅਰਥ: ਮਧੁ ਸੂਦਨ = {ਮਧੁ-ਨਾਮ ਦੇ ਰਾਖਸ਼ ਨੂੰ ਮਾਰਨ ਵਾਲਾ, {mDu mudn} ਪਰਮਾਤਮਾ। ਮਨ ਤਨ ਪ੍ਰਾਨਾ = ਮੇਰੇ ਮਨ ਦਾ ਮੇਰੇ ਤਨ ਦਾ ਆਸਰਾ। ਹੳ = ਮੈਂ। ਵਡਭਾਗੀ = ਵੱਡੇ ਭਾਗਾਂ ਨਾਲ।1।

ਖੋਜੀ = ਖੋਜੀਂ, ਮੈਂ ਖੋਜਦਾ ਹਾਂ। ਭਾਲਿ = ਭਾਲ ਕਰ ਕੇ। ਭਾਲਾਈ = ਭਾਲਾਇ, ਭਾਲ ਕਰਾ ਕੇ। ਕਿਉ = ਕਿਵੇਂ? ਮਾਈ = ਹੇ ਮਾਂ! ਮਿਲਿ = ਮਿਲ ਕੇ। ਖੋਜੁ ਦਸਾਈ = ਮੈਂ ਪਤਾ ਪੁੱਛਦਾ ਹਾਂ। ਦਸਾਈ = ਮੈਂ ਪੁੱਛਦਾ ਹਾਂ, ਦਸਾਈਂ।2।

ਹਮ = ਅਸੀ। ਦੀਨ = ਨਿਮਾਣੇ, ਅੰਞਾਣ। ਗੁਰ ਜਲ ਮਿਲਿ = ਗੁਰੂ-ਰੂਪ ਜਲ ਨੂੰ ਮਿਲ ਕੇ। ਵਿਗਸੈ = ਖਿੜ ਪੈਂਦਾ ਹੈ।3।

ਨੀਦ = ਆਤਮਕ ਸ਼ਾਂਤੀ। ਮਨ ਤਨਿ = ਮਨ ਵਿਚ ਤਨ ਵਿਚ। ਵੇਦਨ = ਪੀੜਾ। ਗੁਰ ਬਿਰਹੁ = ਗੁਰੂ ਦਾ ਵਿਛੋੜਾ। ਰਹਸੈ = ਖ਼ੁਸ਼ ਹੁੰਦਾ ਹੈ, ਆਨੰਦ ਹਾਸਲ ਕਰਦਾ ਹੈ।4।

ਅਰਥ: ਪਰਮਾਤਮਾ ਮੇਰੇ ਮਨ ਦਾ ਆਸਰਾ ਹੈ, ਮੇਰੇ ਸਰੀਰ ਦਾ (ਗਿਆਨ-ਇੰਦ੍ਰਿਆਂ ਦਾ) ਆਸਰਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮੈਂ (ਜੀਵਨ-ਆਸਰਾ) ਨਹੀਂ ਜਾਣਦਾ। ਮੇਰੇ ਵਡੇ ਭਾਗਾਂ ਨੂੰ ਕੋਈ ਗੁਰਮੁਖ ਸੱਜਣ ਮੈਨੂੰ ਮਿਲ ਪਏ ਤੇ ਮੈਨੂੰ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ।1।

ਹੇ ਮੇਰੀ ਮਾਂ! (ਇਸ ਖ਼ਾਤਰ ਕਿ) ਕਿਵੇਂ ਮੈਨੂੰ ਪਿਆਰਾ ਪ੍ਰੀਤਮ ਪ੍ਰਭੂ ਮਿਲ ਪਏ ਮੈਂ ਭਾਲ ਕਰ ਕੇ ਤੇ ਭਾਲ ਕਰਾ ਕੇ ਆਪਣਾ ਮਨ ਖੋਜਦਾ ਹਾਂ ਆਪਣਾ ਸਰੀਰ ਖੋਜਦਾ ਹਾਂ। ਸਾਧ ਸੰਗਤਿ ਵਿਚ (ਭੀ) ਮਿਲ ਕੇ (ਉਸ ਪ੍ਰੀਤਮ ਦਾ) ਪਤਾ ਪੁੱਛਦਾ ਹਾਂ (ਕਿਉਂਕਿ ਉਹ) ਹਰਿ-ਪ੍ਰਭੂ ਸਾਧ ਸੰਗਤਿ ਵਿਚ ਵੱਸਦਾ ਹੈ।2।

(ਹੇ ਪ੍ਰਭੂ!) ਅਸੀਂ ਤੇਰੇ ਅੰਞਾਣ ਬੱਚੇ ਹਾਂ। ਸਾਡੀ ਰੱਖਿਆ ਕਰ। (ਹੇ ਪ੍ਰਭੂ!) ਮੈਨੂੰ ਪਿਆਰਾ ਪ੍ਰੀਤਮ ਗੁਰੂ ਮਿਲਾ (ਵਿਕਾਰਾਂ ਤੋਂ ਉਹੀ ਮੇਰੀ) ਰਾਖੀ ਕਰਨ ਵਾਲਾ (ਹੈ) । ਪੂਰਾ ਗੁਰੂ ਸਤਿਗੁਰੂ (ਮੈਨੂੰ ਇਉਂ ਹੀ ਪਿਆਰਾ ਹੈ ਜਿਵੇਂ) ਮੇਰੀ ਮਾਂ ਤੇ ਮੇਰਾ ਪਿਉ ਹੈ (ਜਿਵੇਂ) ਪਾਣੀ ਨੂੰ ਮਿਲ ਕੇ ਕੌਲ-ਫੁੱਲ ਖਿੜਦਾ ਹੈ (ਤਿਵੇਂ) ਗੁਰੁ ਨੂੰ (ਮਿਲ ਕੇ ਮੇਰਾ ਹਿਰਦਾ ਖਿੜ ਪੈਂਦਾ ਹੈ) ।3।

ਹੇ ਹਰੀ! ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਗੁਰੂ ਤੋਂ ਵਿਛੋੜਾ (ਇਕ ਐਸੀ) ਪੀੜਾ (ਹੈ ਜੋ ਸਦਾ) ਮੇਰੇ ਮਨ ਵਿਚ ਮੇਰੇ ਤਨ ਵਿਚ ਲੱਗੀ ਰਹਿੰਦੀ ਹੈ। ਹੇ ਹਰੀ! (ਮੇਰੇ ਉਤੇ) ਮਿਹਰ ਕਰ (ਮੈਨੂੰ) ਗੁਰੂ ਮਿਲਾ।

ਹੇ ਦਾਸ ਨਾਨਕ! (ਆਪ =) ਗੁਰੂ ਨੂੰ ਮਿਲ ਕੇ (ਮਨ) ਖਿੜ ਪੈਂਦਾ ਹੈ।4।2।

TOP OF PAGE

Sri Guru Granth Darpan, by Professor Sahib Singh