ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 118 ਮਾਝ ਮਹਲਾ ੩ ॥ ਸਤਿਗੁਰ ਸਾਚੀ ਸਿਖ ਸੁਣਾਈ ॥ ਹਰਿ ਚੇਤਹੁ ਅੰਤਿ ਹੋਇ ਸਖਾਈ ॥ ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਆਪੁ ਨਿਵਾਰਣਿਆ ॥ ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ ॥੧॥ ਰਹਾਉ ॥ ਪੂਰਬਿ ਲਿਖਿਆ ਸੁ ਕਰਮੁ ਕਮਾਇਆ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥ ਬਿਨੁ ਭਾਗਾ ਗੁਰੁ ਪਾਈਐ ਨਾਹੀ ਸਬਦੈ ਮੇਲਿ ਮਿਲਾਵਣਿਆ ॥੨॥ ਗੁਰਮੁਖਿ ਅਲਿਪਤੁ ਰਹੈ ਸੰਸਾਰੇ ॥ ਗੁਰ ਕੈ ਤਕੀਐ ਨਾਮਿ ਅਧਾਰੇ ॥ ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥੩॥ ਮਨਮੁਖਿ ਅੰਧੇ ਸੁਧਿ ਨ ਕਾਈ ॥ ਆਤਮ ਘਾਤੀ ਹੈ ਜਗਤ ਕਸਾਈ ॥ ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥ ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥ ਸਦਾ ਸਮਾਲੇ ਕੋ ਨਾਹੀ ਖਾਲੀ ॥ ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥੫॥ ਮਨਮੁਖੁ ਰੋਗੀ ਹੈ ਸੰਸਾਰਾ ॥ ਸੁਖਦਾਤਾ ਵਿਸਰਿਆ ਅਗਮ ਅਪਾਰਾ ॥ ਦੁਖੀਏ ਨਿਤਿ ਫਿਰਹਿ ਬਿਲਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ ॥੬॥ ਜਿਨਿ ਕੀਤੇ ਸੋਈ ਬਿਧਿ ਜਾਣੈ ॥ ਆਪਿ ਕਰੇ ਤਾ ਹੁਕਮਿ ਪਛਾਣੈ ॥ ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ ॥੭॥ ਤਿਸੁ ਬਾਝਹੁ ਸਚੇ ਮੈ ਹੋਰੁ ਨ ਕੋਈ ॥ ਜਿਸੁ ਲਾਇ ਲਏ ਸੋ ਨਿਰਮਲੁ ਹੋਈ ॥ ਨਾਨਕ ਨਾਮੁ ਵਸੈ ਘਟ ਅੰਤਰਿ ਜਿਸੁ ਦੇਵੈ ਸੋ ਪਾਵਣਿਆ ॥੮॥੧੪॥੧੫॥ {ਪੰਨਾ 118} ਪਦ ਅਰਥ: ਸਤਿਗੁਰ ਸਿਖ = ਗੁਰੂ ਦੀ ਸਿੱਖਿਆ। ਸਾਚੀ = ਅਟੱਲ, ਕਦੇ ਉਕਾਈ ਨਾਹ ਖਾਣ ਵਾਲੀ। ਅੰਤਿ = ਆਖ਼ਰ ਵਿਚ (ਜਦੋਂ ਹੋਰ ਸਾਰੇ ਸਾਥ ਰਹਿ ਜਾਣਗੇ) । ਸਖਾਈ = ਸਾਥੀ। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਨਾਥ = ਜਿਸ ਦੇ ਸਿਰ ਉੱਤੇ ਕੋਈ ਹੋਰ ਖਸਮ ਨਹੀਂ। ਭਾਇ = ਪ੍ਰੇਮ ਵਿਚ, ਅਨੁਸਾਰ ਹੋ ਕੇ।1। ਆਪੁ = ਆਪਾ-ਭਾਵ। ਸਹਜਿ = ਆਤਮਕ ਅਡੋਲਤਾ ਵਿਚ।1। ਰਹਾਉ। ਪੂਰਬਿ = ਪਹਿਲੇ ਜਨਮ ਵਿਚ। ਸੁਕਰਮੁ = ਸ਼੍ਰੇਸਟ ਕੰਮ, ਆਪਾ-ਭਾਵ ਦੂਰ ਕਰਨ ਦਾ ਸ੍ਰੇਸ਼ਟ ਕੰਮ। ਸੇਵਿ = ਸੇਵਾ ਕਰ ਕੇ, ਸਰਨ ਪੈ ਕੇ।2। ਅਲਿਪਤੁ = ਨਿਰਲੇਪ, ਨਿਰਮੋਹ। ਤਕੀਐ = ਆਸਰੇ। ਨਾਮਿ = ਨਾਮ ਵਿਚ। ਅਧਾਰੇ = ਆਸਰੇ। ਜੋਰੁ = ਧੱਕਾ। ਤਿਸ ਨੋ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਖਪਿ = ਖਪ ਕੇ।3। ਸੁਧਿ = {suiD} ਅਕਲ, ਸੂਝ। ਆਤਮਘਾਤੀ = ਆਪਣੇ ਆਤਮਕ ਜੀਵਨ ਦਾ ਨਾਸ ਕਰਨ ਵਾਲਾ। ਜਗਤ ਕਸਾਈ = ਜਗਤ ਦਾ ਵੈਰੀ।4। ਵਾੜੀ = ਫੁੱਲਾਂ ਦੀ ਬਗ਼ੀਚੀ। ਸਮਾਲੇ = ਸੰਭਾਲ ਕਰਦਾ ਹੈ। ਵਾਸਨਾ = ਸੁਗੰਧੀ। ਵਾਸੂ ਵਾਸੁ = (ਫੁੱਲਾਂ ਦੀ) ਸੁਗੰਧੀ।5। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ।6। ਜਿਨਿ = ਜਿਸ (ਪਰਮਾਤਮਾ) ਨੇ। ਕੀਤੇ = ਪੈਦਾ ਕੀਤੇ। ਬਿਧਿ = ਤਰੀਕਾ। ਤਾ = ਤਦੋਂ। ਹੁਕਮਿ = ਹੁਕਮ ਵਿਚ (ਤੁਰ ਕੇ) । ਪਛਾਣੈ = ਸਾਂਝ ਪਾ ਲੈਂਦਾ ਹੈ।7। ਘਟ = ਅੰਤਰ = ਹਿਰਦੇ ਵਿਚ।8। ਅਰਥ: (ਹੇ ਭਾਈ! ਮੈਂ ਤੈਨੂੰ) ਗੁਰੂ ਦੀ ਸਦਾ ਅਟੱਲ ਰਹਿਣ ਵਾਲੀ ਸਿੱਖਿਆ ਸੁਣਾਈ ਹੈ (ਕਿ) ਪਰਮਾਤਮਾ ਦਾ ਚਿੰਤਨ ਕਰਦਾ ਰਹੁ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ ਤਦੋਂ) ਅੰਤ ਵੇਲੇ (ਪ੍ਰਭੂ ਦਾ ਨਾਮ ਹੀ) ਸਾਥੀ ਬਣਦਾ ਹੈ। ਉਹ ਪਰਮਾਤਮਾ (ਉਂਞ ਤਾਂ) ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਉਸ ਪ੍ਰਭੂ ਦੇ ਸਿਰ ਤੇ ਹੋਰ ਕੋਈ ਮਾਲਕ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਗੁਰੂ ਦੇ ਅਨੁਸਾਰ ਹੋ ਕੇ ਤੁਰਿਆਂ ਉਸ ਨੂੰ ਮਿਲ ਸਕੀਦਾ ਹੈ।1। ਮੈਂ ਸਦਕੇ ਕੁਰਬਾਨ ਹਾਂ ਉਹਨਾਂ ਤੋਂ, ਜੇਹੜੇ ਆਪਾ-ਭਾਵ ਦੂਰ ਕਰਦੇ ਹਨ। ਜਦੋਂ ਮਨੁੱਖ ਆਪਾ-ਭਾਵ ਦੂਰ ਕਰਦਾ ਹੈ, ਤਾਂ ਪਰਮਾਤਮਾ ਨੂੰ ਮਿਲ ਪੈਂਦਾ ਹੈ, ਪਰਮਾਤਮਾ ਨਾਲ (ਮਿਲ ਕੇ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।1। ਰਹਾਉ। (ਪਰ ਇਹ ਆਪਾ-ਭਾਵ ਦੂਰ ਕਰਨ ਦਾ) ਸ੍ਰੇਸ਼ਟ ਕੰਮ ਉਹ ਮਨੁੱਖ (ਹੀ) ਕਰਦਾ ਹੈ, ਜਿਸ ਦੇ ਅੰਦਰ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਆਪਾ-ਭਾਵ ਦੂਰ ਕਰਨ ਦੇ ਸੰਸਕਾਰਾਂ ਦਾ ਲੇਖ ਮੌਜੂਦ ਹੋਵੇ। ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਦਾ ਹੈ। ਗੁਰੂ ਭੀ ਪੂਰੀ ਕਿਸਮਤ ਤੋਂ ਬਿਨਾ ਨਹੀਂ ਮਿਲਦਾ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਗੁਰੂ ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ।2। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦਾ ਸਹਾਰਾ ਲੈ ਕੇ ਗੁਰੂ ਦਾ ਆਸਰਾ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ ਜਗਤ ਵਿਚ ਨਿਰਮੋਹ ਰਹਿੰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਉੱਤੇ ਕੋਈ ਹੋਰ ਮਨੁੱਖ ਦਬਾਉ ਨਹੀਂ ਪਾ ਸਕਦਾ, ਉਹ ਸਗੋਂ ਆਪ ਹੀ ਖ਼ੁਆਰ ਹੋ ਕੇ ਦੁੱਖ ਸਹਾਰਦਾ ਹੈ।3। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜੇਹੜਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ (ਇਹ ਆਪਾ-ਭਾਵ ਨਿਵਾਰਨ ਦੀ) ਕੋਈ ਸੂਝ ਨਹੀਂ ਪੈਂਦੀ। (ਇਸ ਤਰ੍ਹਾਂ ਉਹ) ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ) । ਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ।4। (ਪਰ ਹੇ ਭਾਈ! ਜੀਵਾਂ ਦੇ ਕੀਹ ਵੱਸ?) ਇਹ ਜਗਤ ਫੁੱਲਾਂ ਦੀ ਬਗ਼ੀਚੀ ਦੇ (ਸਮਾਨ) ਹੈ, ਪ੍ਰਭੂ ਆਪ (ਇਸ ਬਗ਼ੀਚੀ ਦਾ) ਮਾਲੀ ਹੈ। ਹਰੇਕ ਦੀ ਸਦਾ ਸੰਭਾਲ ਕਰਦਾ ਹੈ, ਉਸ ਦੀ ਸੰਭਾਲ ਤੋਂ ਕੋਈ ਜੀਵ ਵਿਰਵਾ ਨਹੀਂ ਰਹਿੰਦਾ। (ਪਰ) ਜਿਹੋ ਜਿਹੀ ਸੁਗੰਧੀ (ਜੀਵ ਫੁੱਲ ਦੇ ਅੰਦਰ) ਮਾਲੀ ਪ੍ਰਭੂ ਪਾਂਦਾ ਹੈ ਉਹੋ ਜਿਹੀ ਉਸ ਦੇ ਅੰਦਰ ਕੰਮ ਕਰਦੀ ਹੈ। (ਪ੍ਰਭੂ ਮਾਲੀ ਵਲੋਂ ਜੀਵ ਫੁੱਲ ਦੇ ਅੰਦਰ ਪਾਈ) ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪਰਗਟ ਹੁੰਦੀ ਹੈ।5। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ (ਵਿਕਾਰਾਂ ਵਿਚ ਪੈ ਕੇ) ਰੋਗੀ ਹੋ ਰਿਹਾ ਹੈ (ਕਿਉਂਕਿ) ਇਸ ਨੂੰ ਸੁਖਾਂ ਦਾ ਦੇਣ ਵਾਲਾ ਅਪੁਹੰਚ ਤੇ ਬੇਅੰਤ ਪ੍ਰਭੂ ਭੁੱਲ ਗਿਆ ਹੈ। ਮਨਮੁਖ ਜੀਵ ਦੁਖੀ ਹੋ ਹੋ ਕੇ ਤਰਲੇ ਲੈਂਦੇ ਫਿਰਦੇ ਹਨ, ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ।6। ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਹੀ ਇਹਨਾਂ ਨੂੰ ਨਰੋਆ ਕਰਨ ਦਾ ਢੰਗ ਜਾਣਦਾ ਹੈ। ਜਦੋਂ ਕਿਸੇ ਨੂੰ ਨਰੋਆ ਕਰ ਦੇਂਦਾ ਹੈ ਤਾਂ ਉਹ ਪ੍ਰਭੂ ਦੇ ਹੁਕਮ ਵਿਚ ਰਹਿ ਕੇ ਉਸ ਨਾਲ ਸਾਂਝ ਪਾਂਦਾ ਹੈ। ਜਿਹੋ ਜਿਹਾ ਆਤਮਕ ਜੀਵਨ ਪਰਮਾਤਮਾ ਕਿਸੇ ਜੀਵ ਦੇ ਅੰਦਰ ਟਿਕਾਂਦਾ ਹੈ, ਉਸੇ ਤਰ੍ਹਾਂ ਉਹ ਜੀਵ ਵਰਤੋਂ-ਵਿਹਾਰ ਕਰਦਾ ਹੈ। ਪ੍ਰਭੂ ਆਪ ਹੀ ਜੀਵਾਂ ਨੂੰ ਦਿੱਸਦੇ ਸੰਸਾਰ ਵੱਲ ਪ੍ਰੇਰਦਾ ਰਹਿੰਦਾ ਹੈ।7। (ਹੇ ਭਾਈ!) ਮੈਨੂੰ ਉਸ ਸਦਾ-ਥਿਰ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ (ਜੋ ਜੀਵ ਨੂੰ ਬਾਹਰ ਭਟਕਣ ਤੋਂ ਬਚਾ ਸਕੇ) । ਜਿਸ ਮਨੁੱਖ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਹੇ ਨਾਨਕ! (ਉਸ ਦੀ ਮੇਹਰ ਨਾਲ ਹੀ) ਉਸਦਾ ਨਾਮ ਜੀਵ ਦੇ ਹਿਰਦੇ ਵਿਚ ਵੱਸਦਾ ਹੈ। ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਬਖ਼ਸ਼ਦਾ ਹੈ ਉਹ ਹਾਸਲ ਕਰ ਲੈਂਦਾ ਹੈ।8।14।15। ਮਾਝ ਮਹਲਾ ੩ ॥ ਅੰਮ੍ਰਿਤ ਨਾਮੁ ਮੰਨਿ ਵਸਾਏ ॥ ਹਉਮੈ ਮੇਰਾ ਸਭੁ ਦੁਖੁ ਗਵਾਏ ॥ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥ ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ॥੧॥ ਰਹਾਉ ॥ ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥ ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥ ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥੨॥ ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥ ਅੰਮ੍ਰਿਤੁ ਗੁਰ ਪਰਸਾਦੀ ਪਾਏ ॥ ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥੩॥ ਸੋ ਕਿਛੁ ਕਰੈ ਜੁ ਚਿਤਿ ਨ ਹੋਈ ॥ ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ ॥ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤੁ ਪੀਆਵਣਿਆ ॥੪॥ ਅਜਬ ਕੰਮ ਕਰਤੇ ਹਰਿ ਕੇਰੇ ॥ ਇਹੁ ਮਨੁ ਭੂਲਾ ਜਾਂਦਾ ਫੇਰੇ ॥ ਅੰਮ੍ਰਿਤ ਬਾਣੀ ਸਿਉ ਚਿਤੁ ਲਾਏ ਅੰਮ੍ਰਿਤ ਸਬਦਿ ਵਜਾਵਣਿਆ ॥੫॥ ਖੋਟੇ ਖਰੇ ਤੁਧੁ ਆਪਿ ਉਪਾਏ ॥ ਤੁਧੁ ਆਪੇ ਪਰਖੇ ਲੋਕ ਸਬਾਏ ॥ ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ ॥੬॥ ਕਿਉ ਕਰਿ ਵੇਖਾ ਕਿਉ ਸਾਲਾਹੀ ॥ ਗੁਰ ਪਰਸਾਦੀ ਸਬਦਿ ਸਲਾਹੀ ॥ ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥੭॥ ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥ ਸਤਿਗੁਰਿ ਸੇਵਿਐ ਰਿਦੈ ਸਮਾਣੀ ॥ ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ॥੮॥੧੫॥੧੬॥ {ਪੰਨਾ 118-119} ਪਦ ਅਰਥ: ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲੇ ਪ੍ਰਭੂ ਦਾ ਨਾਮ। ਮੰਨਿ = ਮਨਿ, ਮਨ ਵਿਚ। ਮੇਰਾ = ਮੇਰਾ-ਪਨ, ਮਮਤਾ। ਅੰਮ੍ਰਿਤ = ਸਦਾ ਅਟੱਲ ਪਰਮਾਤਮਾ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ।1। ਵਸਾਵਣਿਆ = ਵਸਾਣ ਵਾਲਿਆਂ ਤੋਂ।1। ਰਹਾਉ। ਮੁਖਿ = ਮੂੰਹ ਨਾਲ। ਵੈਣੀ = ਬਚਨਾਂ ਦੀ ਰਾਹੀਂ, ਸਿਫ਼ਤਿ-ਸਾਲਾਹ ਦੇ ਬਚਨਾਂ ਦੀ ਰਾਹੀਂ। ਅੰਮ੍ਰਿਤੁ = ਸਦਾ ਅਟੱਲ ਪ੍ਰਭੂ। ਨੈਣੀ ਅੱਖਾਂ ਨਾਲ। ਅੰਮ੍ਰਿਤ ਕਥਾ = ਅਮਰ ਪ੍ਰਭੂ ਦੀ ਸਿਫ਼ਤਿ-ਸਾਲਾਹ। ਆਖਿ = ਆਖ ਕੇ।2। ਅੰਮ੍ਰਿਤ ਰੰਗਿ = ਅਮਰ ਪ੍ਰਭੂ ਦੇ ਪ੍ਰੇਮ ਵਿਚ। ਰਸਨਾ = ਜੀਭ (ਨਾਲ) । ਮਨਿ = ਮਨ ਦੀ ਰਾਹੀਂ। ਤਨਿ = ਸਰੀਰ ਦੀ ਰਾਹੀਂ (ਗਿਆਨ-ਇੰਦ੍ਰਿਆਂ ਦੀ ਰਾਹੀਂ) ।3। ਚਿਤਿ = (ਜੀਵਾਂ ਦੇ) ਚਿੱਤ ਵਿਚ। ਤਿਸ ਦਾ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਦਾ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਹੁਕਮੇ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ।4। ਕਰਤੇ ਕੇਰੇ = ਕਰਤੇ ਦੇ। ਭੂਲਾ ਜਾਂਦਾ = ਭਟਕਦਾ ਫਿਰਦਾ। ਫੇਰੇ = ਮੋੜ ਲਿਆਉਂਦਾ ਹੈ। ਸਿਉ = ਨਾਲ। ਸਬਦਿ = ਸ਼ਬਦ ਦੀ ਰਾਹੀਂ। ਵਸਾਵਣਿਆ = ਪਰਗਟ ਕਰਦਾ ਹੈ।5। ਉਪਾਏ = ਪੈਦਾ ਕੀਤੇ ਹਨ। ਆਪੇ = ਆਪ ਹੀ । ਸਬਾਏ = ਸਾਰੇ। ਪਰਖਿ = ਪਰਖ ਕੇ। ਪਾਇਹਿ = ਤੂੰ ਪਾਂਦਾ ਹੈਂ। ਭਰਮਿ = ਭਟਕਣਾ ਵਿਚ ਪਾ ਕੇ।6। ਕਿਉ ਕਰਿ = ਕਿਸ ਤਰ੍ਹਾਂ? ਵੇਖਾ = ਵੇਖਾਂ, ਮੈਂ ਦਰਸਨ ਕਰਾਂ। ਕਿਉ = ਕਿਵੇਂ? ਭਾਣੈ = ਰਜ਼ਾ ਅਨੁਸਾਰ।7। ਸਤਿਗੁਰਿ ਸੇਵਿਆ = ਜੇ ਗੁਰੂ ਦਾ ਆਸਰਾ ਲਿਆ ਜਾਏ। ਰਿਦੈ = ਹਿਰਦੇ ਵਿਚ। ਪੀ = ਪੀ ਕੇ।8। ਅਰਥ: ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ, ਉਹ (ਆਪਣੇ ਅੰਦਰੋਂ) ਹਉਮੈ ਤੇ ਮਮਤਾ ਦਾ ਦੁੱਖ ਦੂਰ ਕਰ ਲੈਂਦਾ ਹੈ, ਉਹ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਲਾਹ ਦੀ ਬਾਣੀ ਰਾਹੀਂ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਹਰ ਵੇਲੇ ਨਾਮ-ਅੰਮ੍ਰਿਤ (ਦੇ ਘੁੱਟ) ਹੀ ਪੀਂਦਾ ਹੈ।1। ਮੈਂ ਉਸ ਮਨੁੱਖ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੋ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ (ਪਰਮਾਤਮਾ ਨੂੰ) ਆਪਣੇ ਮਨ ਵਿਚ ਵਸਾਂਦਾ ਹੈ, ਜੋ ਅੰਮ੍ਰਿਤ ਬਾਣੀ ਮਨ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ-ਨਾਮ ਸਦਾ ਸਿਮਰਦਾ ਹੈ।1। ਰਹਾਉ। ਜੇਹੜਾ ਮਨੁੱਖ ਆਪਣੇ ਮੂੰਹ ਨਾਲ ਬਚਨਾਂ ਦੀ ਰਾਹੀਂ ਆਤਮਕ ਜੀਵਨ-ਦਾਤਾ ਪ੍ਰਭ-ਨਾਮ ਸਦਾ ਉਚਾਰਦਾ ਹੈ, ਉਹ ਅੱਖਾਂ ਨਾਲ (ਭੀ) ਸਦਾ ਜੀਵਨ-ਦਾਤੇ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਪਛਾਣਦਾ ਹੈ। ਉਹ ਜੀਵਨ-ਦਾਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਦਿਨ ਰਾਤ ਕਰਦਾ ਹੈ ਤੇ ਹੋਰਨਾਂ ਨੂੰ (ਭੀ) ਆਖ ਕੇ ਸੁਣਾਂਦਾ ਹੈ।2। ਜੇਹੜਾ ਮਨੁੱਖ ਜੀਵਨ-ਦਾਤੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਉਸ ਜੀਵਨ-ਦਾਤੇ ਨੂੰ ਮਿਲ ਪੈਂਦਾ ਹੈ, ਉਹ ਆਪਣੀ ਜੀਭ ਨਾਲ ਦਿਨ ਰਾਤ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਹੀ ਉਚਾਰਦਾ ਹੈ, ਉਹ ਆਪਣੇ ਮਨ ਦੀ ਰਾਹੀਂ ਤੇ ਆਪਣੇ ਗਿਆਨ-ਇੰਦ੍ਰਿਆਂ ਦੀ ਰਾਹੀਂ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ।3। (ਹੇ ਭਾਈ!) ਪਰਮਾਤਮਾ ਉਹ ਕੁਝ ਕਰ ਦਿੰਦਾ ਹੈ ਜੋ (ਜੀਵਾਂ ਦੇ) ਚਿੱਤ-ਚੇਤੇ ਭੀ ਨਹੀਂ ਹੁੰਦਾ। ਕੋਈ ਭੀ ਜੀਵ ਉਸ ਕਰਤਾਰ ਦਾ ਹੁਕਮ (ਭੀ) ਮੋੜ ਨਹੀਂ ਸਕਦਾ। ਉਸ ਦੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਮਨੁੱਖ ਦੇ ਹਿਰਦੇ ਵਿਚ) ਉਸ ਦੀ ਆਤਮਕ ਜੀਵਨ-ਦਾਤੀ ਸਿਫ਼ਤਿ-ਸਾਲਾਹ ਦੀ ਬਾਣੀ ਵੱਸ ਪੈਂਦੀ ਹੈ, ਉਹ ਆਪਣੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਨੂੰ) ਆਪਣਾ ਨਾਮ-ਅੰਮ੍ਰਿਤ ਪਿਲਾਂਦਾ ਹੈ।4। (ਹੇ ਭਾਈ!) ਉਸ ਹਰੀ ਕਰਤਾਰ ਦੇ ਕੌਤਕ ਅਚਰਜ ਹਨ, (ਜੀਵਾਂ ਦੇ) ਕੁਰਾਹੇ ਪੈ ਕੇ ਭਟਕਦੇ ਇਸ ਮਨ ਨੂੰ (ਭੀ) ਉਹ ਕਰਤਾਰ ਮੋੜ ਲਿਆਉਂਦਾ ਹੈ। ਉਸ ਮਨ ਨੂੰ ਪ੍ਰਭੂ ਆਪਣੀ ਆਤਮਕ ਜੀਵਨ-ਦਾਤੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਜੋੜ ਦੇਂਦਾ ਹੈ, ਤੇ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਆਪਣਾ ਨਾਮ (ਉਸ ਦੇ ਅੰਦਰ) ਪਰਗਟ ਕਰ ਦੇਂਦਾ ਹੈ।5। (ਹੇ ਪ੍ਰਭੂ!) ਖੋਟੇ ਜੀਵ ਤੇ ਖਰੇ ਜੀਵ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ, ਤੂੰ ਆਪ ਹੀ ਸਾਰੇ ਜੀਵਾਂ (ਦੀਆਂ ਕਰਤੂਤਾਂ) ਨੂੰ ਪਰਖਦਾ ਰਹਿੰਦਾ ਹੈਂ। ਖਰੇ ਜੀਵਾਂ ਨੂੰ ਪਰਖ ਕੇ ਤੂੰ ਆਪਣੇ ਖ਼ਜ਼ਾਨੇ ਵਿਚ ਪਾ ਲੈਂਦਾ ਹੈਂ (ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈਂ) ਤੇ ਖੋਟੇ ਜੀਵਾਂ ਨੂੰ ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈਂ।6। (ਹੇ ਕਰਤਾਰ!) ਮੈਂ (ਤੇਰਾ ਦਾਸ) ਕਿਸ ਤਰ੍ਹਾਂ ਤੇਰਾ ਦਰਸਨ ਕਰਾਂ? ਕਿਸ ਤਰ੍ਹਾਂ ਤੇਰੀ ਸਿਫ਼ਤਿ-ਸਾਲਾਹ ਕਰਾਂ? (ਜੇ ਤੇਰੀ ਆਪਣੀ ਹੀ ਮਿਹਰ ਹੋਵੇ, ਤੇ ਮੈਨੂੰ ਤੂੰ ਗੁਰੂ ਮਿਲਾ ਦੇਵੇਂ, ਤਾਂ) ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿਚ ਲੱਗ ਕੇ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ। (ਹੇ ਪ੍ਰਭੂ!) ਤੇਰੇ ਹੁਕਮ ਨਾਲ ਹੀ ਤੇਰਾ ਅੰਮ੍ਰਿਤ-ਨਾਮ (ਜੀਵ ਦੇ ਹਿਰਦੇ ਵਿਚ) ਵੱਸਦਾ ਹੈ, ਤੂੰ ਆਪਣੇ ਹੁਕਮ ਅਨੁਸਾਰ ਹੀ ਆਪਣਾ ਨਾਮ-ਅੰਮ੍ਰਿਤ (ਜੀਵਾਂ ਨੂੰ) ਪਿਲਾਂਦਾ ਹੈਂ।7। (ਹੇ ਭਾਈ!) ਜੇ ਸਤਿਗੁਰੂ ਦਾ ਆਸਰਾ-ਪਰਨਾ ਲਿਆ ਜਾਏ, ਤਦੋਂ ਹੀ ਆਤਮਕ ਜੀਵਨ ਦੇਣ ਵਾਲਾ ਗੁਰ ਸ਼ਬਦ ਤਦੋਂ ਹੀ ਆਤਮਕ ਜੀਵਨ-ਦਾਤੀ ਸਿਫ਼ਤਿ-ਸਾਲਾਹ ਦੀ ਬਾਣੀ ਮਨੁੱਖ ਦੇ ਹਿਰਦੇ ਵਿਚ ਵੱਸ ਸਕਦੀ ਹੈ। ਹੇ ਨਾਨਕ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ। ਇਹ ਨਾਮ-ਅੰਮ੍ਰਿਤ ਪੀਤਿਆਂ (ਮਾਇਆ ਦੀ) ਸਾਰੀ ਭੁੱਖ ਲਹਿ ਜਾਂਦੀ ਹੈ।8।15।16। |
Sri Guru Granth Darpan, by Professor Sahib Singh |