ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 121

ਮਾਝ ਮਹਲਾ ੩ ॥ ਨਿਰਮਲ ਸਬਦੁ ਨਿਰਮਲ ਹੈ ਬਾਣੀ ॥ ਨਿਰਮਲ ਜੋਤਿ ਸਭ ਮਾਹਿ ਸਮਾਣੀ ॥ ਨਿਰਮਲ ਬਾਣੀ ਹਰਿ ਸਾਲਾਹੀ ਜਪਿ ਹਰਿ ਨਿਰਮਲੁ ਮੈਲੁ ਗਵਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਸੁਖਦਾਤਾ ਮੰਨਿ ਵਸਾਵਣਿਆ ॥ ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥੧॥ ਰਹਾਉ ॥ ਨਿਰਮਲ ਨਾਮੁ ਵਸਿਆ ਮਨਿ ਆਏ ॥ ਮਨੁ ਤਨੁ ਨਿਰਮਲੁ ਮਾਇਆ ਮੋਹੁ ਗਵਾਏ ॥ ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦੁ ਵਜਾਵਣਿਆ ॥੨॥ ਨਿਰਮਲ ਅੰਮ੍ਰਿਤੁ ਗੁਰ ਤੇ ਪਾਇਆ ॥ ਵਿਚਹੁ ਆਪੁ ਮੁਆ ਤਿਥੈ ਮੋਹੁ ਨ ਮਾਇਆ ॥ ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ ਨਿਰਮਲ ਬਾਣੀ ਮੰਨਿ ਵਸਾਵਣਿਆ ॥੩॥ ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ ॥ ਹਉਮੈ ਮੈਲੁ ਗੁਰ ਸਬਦੇ ਧੋਵੈ ॥ ਨਿਰਮਲ ਵਾਜੈ ਅਨਹਦ ਧੁਨਿ ਬਾਣੀ ਦਰਿ ਸਚੈ ਸੋਭਾ ਪਾਵਣਿਆ ॥੪॥ ਨਿਰਮਲ ਤੇ ਸਭ ਨਿਰਮਲ ਹੋਵੈ ॥ ਨਿਰਮਲੁ ਮਨੂਆ ਹਰਿ ਸਬਦਿ ਪਰੋਵੈ ॥ ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ ॥੫॥ ਸੋ ਨਿਰਮਲੁ ਜੋ ਸਬਦੇ ਸੋਹੈ ॥ ਨਿਰਮਲ ਨਾਮਿ ਮਨੁ ਤਨੁ ਮੋਹੈ ॥ ਸਚਿ ਨਾਮਿ ਮਲੁ ਕਦੇ ਨ ਲਾਗੈ ਮੁਖੁ ਊਜਲੁ ਸਚੁ ਕਰਾਵਣਿਆ ॥੬॥ ਮਨੁ ਮੈਲਾ ਹੈ ਦੂਜੈ ਭਾਇ ॥ ਮੈਲਾ ਚਉਕਾ ਮੈਲੈ ਥਾਇ ॥ ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ ॥੭॥ ਮੈਲੇ ਨਿਰਮਲ ਸਭਿ ਹੁਕਮਿ ਸਬਾਏ ॥ ਸੇ ਨਿਰਮਲ ਜੋ ਹਰਿ ਸਾਚੇ ਭਾਏ ॥ ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲੁ ਚੁਕਾਵਣਿਆ ॥੮॥੧੯॥੨੦॥ {ਪੰਨਾ 121}

ਪਦ ਅਰਥ: ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਜਪਿ = ਜਪ ਕੇ।1।

ਸੁਖਦਾਤਾ = ਸੁਖ ਦੇਣ ਵਾਲਾ। ਮੰਨਿ = ਮਨਿ, ਮਨ ਵਿਚ। ਗੁਰ ਸ਼ਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸਲਾਹੀ = ਮੈਂ ਸਲਾਹੁੰਦਾ ਹਾਂ। ਸਬਦੇ = ਸਬਦੁ ਹੀ, ਸ਼ਬਦ ਹੀ। ਤਿਸਾ = ਮਾਇਆ ਦੀ ਤ੍ਰਿਸ਼ਨਾ।1। ਰਹਾਉ।

ਮਨਿ = ਮਨ ਵਿਚ। ਆਏ = ਆਇ, ਆ ਕੇ। ਨਾਦੁ = ਗਰਜ।2।

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤੇ = ਤੋਂ, ਪਾਸੋਂ। ਆਪੁ = ਆਪਾ-ਭਾਵ।3।

ਸਬਦੇ = ਸਬਦਿ, ਸ਼ਬਦ ਦੀ ਰਾਹੀਂ। ਵਾਜੈ = ਵੱਜਦੀ ਹੈ। ਅਨਹਦ ਧੁਨਿ ਬਾਣੀ = ਉਹ ਬਾਣੀ ਜਿਸ ਦੀ ਧੁਨੀ ਇਕ-ਰਸ ਹੁੰਦੀ ਰਹਿੰਦੀ ਹੈ। ਦਰਿ = ਦਰ ਤੇ।4।

ਤੇ = ਤੋਂ, ਦੀ ਛੁਹ ਨਾਲ। ਸਬਦਿ = ਸ਼ਬਦ ਵਿਚ। ਨਾਮਿ = ਨਾਮ ਵਿਚ।5।

ਸੋਹੈ– ਸੋਹਣਾ ਹੋ ਜਾਂਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਮੋਹੈ– ਮਸਤ ਹੋ ਜਾਂਦਾ ਹੈ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ।6।

ਦੂਜੈ ਭਾਇ-ਮਾਇਆ ਦੇ ਮੋਹ ਵਿਚ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਮੈਲੈ ਥਾਇ = ਮੈਲੇ ਥਾਂ ਵਿਚ।7।

ਸਭਿ = ਸਾਰੇ (ਜੀਵ) । ਹੁਕਮਿ = ਹੁਕਮ ਅਨੁਸਾਰ। ਸਬਾਏ = ਸਾਰੇ। ਭਾਏ = ਚੰਗੇ ਲੱਗੇ।8।

ਅਰਥ: ਪਰਮਾਤਮਾ ਦੀ ਪਵਿੱਤ੍ਰ ਜੋਤਿ ਸਭ ਜੀਵਾਂ ਵਿਚ ਸਮਾਈ ਹੋਈ ਹੈ। ਉਸ ਦੀ ਸਿਫ਼ਤਿ-ਸਾਲਾਹ ਦਾ ਸ਼ਬਦ (ਸਭ ਨੂੰ) ਪਵਿਤ੍ਰ ਕਰਨ ਵਾਲਾ ਹੈ। ਉਸ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਸਭ ਨੂੰ) ਪਵਿਤ੍ਰ ਕਰਨ ਵਾਲੀ ਹੈ। (ਹੇ ਭਾਈ!) ਮੈਂ ਉਸ ਹਰੀ ਦੀ ਪਵਿਤ੍ਰ ਬਾਣੀ ਦੀ ਰਾਹੀਂ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ। ਪਰਮਾਤਮਾ ਦਾ ਨਾਮ ਜਪ ਕੇ ਪਵਿਤ੍ਰ ਹੋ ਜਾਈਦਾ ਹੈ, (ਵਿਕਾਰਾਂ ਦੀ) ਮੈਲ (ਮਨ ਵਿਚੋਂ) ਦੂਰ ਕਰ ਲਈਦੀ ਹੈ।1।

ਮੈਂ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਸੁੱਖ ਦੇਣ ਵਾਲੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ। ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਵਿਤ੍ਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ। ਗੁਰੂ ਦਾ ਸ਼ਬਦ ਹੀ ਸੁਣ ਕੇ ਮੈਂ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਮਿਟਾਂਦਾ ਹਾਂ।1। ਰਹਾਉ।

(ਜਿਸ ਮਨੁੱਖ ਦੇ) ਮਨ ਵਿਚ ਪਵਿਤ੍ਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਤਨ ਪਵਿਤ੍ਰ ਹੋ ਜਾਂਦਾ ਹੈ। (ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ। ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪਵਿਤ੍ਰ ਗੁਣ ਸਦਾ ਗਾਂਦਾ ਹੈ (ਜਿਵੇਂ ਜੋਗੀ ਨਾਦ ਵਜਾਂਦਾ ਹੈ) ਉਹ ਮਨੁੱਖ ਸਿਫ਼ਤਿ-ਸਾਲਾਹ ਦਾ (ਮਾਨੋ) ਨਾਦ ਵਜਾਂਦਾ ਹੈ।2।

ਜਿਸ ਮਨੁੱਖ ਨੇ ਗੁਰੂ ਪਾਸੋਂ ਪਵਿਤ੍ਰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ, ਉਸ ਦੇ ਅੰਦਰੋਂ ਆਪਾ-ਭਾਵ ਮੁੱਕ ਜਾਂਦਾ ਹੈ, ਉਸ ਦੇ ਹਿਰਦੇ ਵਿਚ, ਮਾਇਆ ਦਾ ਮੋਹ ਨਹੀਂ ਰਹਿ ਜਾਂਦਾ। (ਜਿਉਂ ਜਿਉਂ ਉਹ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਪਵਿਤ੍ਰ ਬਾਣੀ ਆਪਣੇ ਮਨ ਵਿਚ ਵਸਾਂਦਾ ਹੈ, ਪਰਮਾਤਮਾ ਨਾਲ ਉਸ ਦੀ ਪਵਿਤ੍ਰ ਡੂੰਘੀ ਸਾਂਝ ਬਣਦੀ ਹੈ, ਉਸ ਦੀ ਸੁਰਤਿ ਪ੍ਰਭੂ-ਚਰਨਾਂ ਨਾਲ ਜੁੜਦੀ ਹੈ ਜੋ ਉਸ ਨੂੰ (ਹੋਰ) ਪਵਿਤ੍ਰ ਕਰਦੀ ਹੈ।3।

ਜੇਹੜਾ ਮਨੁੱਖ ਪਵਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ (ਆਪ ਭੀ) ਪਵਿਤ੍ਰ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ (ਆਪਣੇ ਮਨ ਵਿਚੋਂ) ਹਉਮੈ ਦੀ ਮੈਲ ਧੋ ਲੈਂਦਾ ਹੈ। ਉਸ ਮਨੁੱਖ ਦੇ ਅੰਦਰ ਇਕ-ਰਸ ਲਗਨ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਤੇ ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ।4।

ਪਵਿਤ੍ਰ ਪਰਮਾਤਮਾ ਦੀ (ਨਾਮ-) ਛੁਹ ਨਾਲ ਸਾਰੀ ਲੁਕਾਈ ਪਵਿਤ੍ਰ ਹੋ ਜਾਂਦੀ ਹੈ। (ਜਿਉਂ ਜਿਉਂ ਮਨੁੱਖ ਆਪਣੇ ਮਨ ਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਪ੍ਰੋਂਦਾ ਹੈ (ਤਿਉਂ ਤਿਉਂ ਉਸ ਦਾ) ਮਨ ਪਵਿਤ੍ਰ ਹੁੰਦਾ ਜਾਂਦਾ ਹੈ। ਵੱਡੇ ਭਾਗਾਂ ਵਾਲੇ ਮਨੁੱਖ ਹੀ ਪਵਿਤ੍ਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦੇ ਹਨ। ਜੇਹੜਾ ਮਨੁੱਖ ਨਾਮ ਵਿਚ ਜੁੜਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ, ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।5।

ਉਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਬਣਦਾ ਹੈ, ਜੇਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ। ਪਵਿਤ੍ਰ ਪ੍ਰਭੂ ਦੇ ਨਾਮ ਵਿਚ ਉਸ ਦਾ ਮਨ ਮਸਤ ਰਹਿੰਦਾ ਹੈ, ਉਸ ਦਾ ਤਨ (ਭਾਵ, ਹਰੇਕ ਗਿਆਨ-ਇੰਦ੍ਰਾ) ਮਸਤ ਰਹਿੰਦਾ ਹੈ। ਸਦਾ-ਥਿਰ ਪਰਮਾਤਮਾ ਦੇ ਨਾਮ ਵਿਚ ਜੁੜਨ ਕਰ ਕੇ ਉਸ ਨੂੰ (ਵਿਕਾਰਾਂ ਦੀ) ਮੈਲ ਕਦੇ ਨਹੀਂ ਲਗਦੀ। ਸਦਾ-ਥਿਰ ਰਹਿਣ ਵਾਲਾ ਪ੍ਰਭੂ ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉਜਲਾ ਕਰ ਦੇਂਦਾ ਹੈ।6।

ਪਰ ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਮਸਤ ਰਹਿੰਦਾ ਹੈ, ਉਸ ਦਾ ਮਨ (ਵਿਕਾਰਾਂ ਦੀ ਮੈਲ ਨਾਲ) ਮੈਲਾ (ਹੀ) ਰਹਿੰਦਾ ਹੈ। (ਉਹ ਲਕੀਰਾਂ ਕੱਢ ਕੱਢ ਕੇ ਬੇਸ਼ੱਕ ਸੁੱਚੇ ਚੌਂਕੇ ਬਣਾਏ, ਪਰ ਉਸ ਦੇ ਹਿਰਦੇ ਦਾ) ਚੌਂਕਾ ਮੈਲਾ ਹੀ ਰਹਿੰਦਾ ਹੈ (ਉਹ ਦੀ ਸੁਰਤਿ ਸਦਾ) ਮੈਲੇ ਥਾਂ ਵਿਚ ਹੀ ਟਿਕੀ ਰਹਿੰਦੀ ਹੈ। ਉਹ ਮਨੁੱਖ (ਵਿਕਾਰਾਂ ਦੀ) ਮੈਲ ਨੂੰ ਹੀ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦਾ ਹੈ, (ਜਿਸ ਕਰਕੇ ਉਹ ਆਪਣੇ ਅੰਦਰ) ਹੋਰ ਹੋਰ (ਵਿਕਾਰਾਂ ਦੀ) ਮੈਲ ਵਧਾਂਦਾ ਜਾਂਦਾ ਹੈ। (ਇਸ ਤਰ੍ਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਵਿਕਾਰਾਂ ਦੀ) ਮੈਲ (ਵਧਾ ਵਧਾ ਕੇ) ਦੁੱਖ ਸਹਾਰਦਾ ਹੈ।7।

(ਪਰ ਜੀਵਾਂ ਦੇ ਕੀਹ ਵੱਸ?) ਵਿਕਾਰੀ ਜੀਵ ਤੇ ਪਵਿਤ੍ਰ-ਆਤਮਾ ਜੀਵ ਸਾਰੇ ਪਰਮਾਤਮਾ ਦੇ ਹੁਕਮ ਵਿਚ (ਹੀ ਤੁਰ ਰਹੇ ਹਨ) । ਜੇਹੜੇ ਬੰਦੇ ਸਦਾ-ਥਿਰ ਹਰੀ ਨੂੰ ਪਿਆਰੇ ਲੱਗ ਪੈਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।

ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ (ਆਪਣੇ ਅੰਦਰੋਂ ਵਿਕਾਰ ਆਦਿਕਾਂ ਦੀ) ਮੈਲ ਦੂਰ ਕਰ ਲੈਂਦਾ ਹੈ।8।19। 20।

ਮਾਝ ਮਹਲਾ ੩ ॥ ਗੋਵਿੰਦੁ ਊਜਲੁ ਊਜਲ ਹੰਸਾ ॥ ਮਨੁ ਬਾਣੀ ਨਿਰਮਲ ਮੇਰੀ ਮਨਸਾ ॥ ਮਨਿ ਊਜਲ ਸਦਾ ਮੁਖ ਸੋਹਹਿ ਅਤਿ ਊਜਲ ਨਾਮੁ ਧਿਆਵਣਿਆ ॥੧॥ ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ॥ ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ ਸੁਣਾਵਣਿਆ ॥੧॥ ਰਹਾਉ ॥ ਗੋਬਿਦੁ ਗਾਵਹਿ ਸਹਜਿ ਸੁਭਾਏ ॥ ਗੁਰ ਕੈ ਭੈ ਊਜਲ ਹਉਮੈ ਮਲੁ ਜਾਏ ॥ ਸਦਾ ਅਨੰਦਿ ਰਹਹਿ ਭਗਤਿ ਕਰਹਿ ਦਿਨੁ ਰਾਤੀ ਸੁਣਿ ਗੋਬਿਦ ਗੁਣ ਗਾਵਣਿਆ ॥੨॥ ਮਨੂਆ ਨਾਚੈ ਭਗਤਿ ਦ੍ਰਿੜਾਏ ॥ ਗੁਰ ਕੈ ਸਬਦਿ ਮਨੈ ਮਨੁ ਮਿਲਾਏ ॥ ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ ॥੩॥ ਊਚਾ ਕੂਕੇ ਤਨਹਿ ਪਛਾੜੇ ॥ ਮਾਇਆ ਮੋਹਿ ਜੋਹਿਆ ਜਮਕਾਲੇ ॥ ਮਾਇਆ ਮੋਹੁ ਇਸੁ ਮਨਹਿ ਨਚਾਏ ਅੰਤਰਿ ਕਪਟੁ ਦੁਖੁ ਪਾਵਣਿਆ ॥੪॥ ਗੁਰਮੁਖਿ ਭਗਤਿ ਜਾ ਆਪਿ ਕਰਾਏ ॥ ਤਨੁ ਮਨੁ ਰਾਤਾ ਸਹਜਿ ਸੁਭਾਏ ॥ ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ ਥਾਇ ਪਾਵਣਿਆ ॥੫॥ ਬਹੁ ਤਾਲ ਪੂਰੇ ਵਾਜੇ ਵਜਾਏ ॥ ਨਾ ਕੋ ਸੁਣੇ ਨ ਮੰਨਿ ਵਸਾਏ ॥ ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ ॥੬॥ ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ ॥ ਇੰਦ੍ਰੀ ਵਸਿ ਸਚ ਸੰਜਮਿ ਜੁਗਤਾ ॥ ਗੁਰ ਕੈ ਸਬਦਿ ਸਦਾ ਹਰਿ ਧਿਆਏ ਏਹਾ ਭਗਤਿ ਹਰਿ ਭਾਵਣਿਆ ॥੭॥ ਗੁਰਮੁਖਿ ਭਗਤਿ ਜੁਗ ਚਾਰੇ ਹੋਈ ॥ ਹੋਰਤੁ ਭਗਤਿ ਨ ਪਾਏ ਕੋਈ ॥ ਨਾਨਕ ਨਾਮੁ ਗੁਰ ਭਗਤੀ ਪਾਈਐ ਗੁਰ ਚਰਣੀ ਚਿਤੁ ਲਾਵਣਿਆ ॥੮॥੨੦॥੨੧॥ {ਪੰਨਾ 121-122}

ਪਦ ਅਰਥ: ਮੇਰੀ ਮਨਸਾ = ਅਪਣੱਤ ਦਾ ਫੁਰਨਾ। ਮਨਿ = ਮਨ ਵਿਚ, ਅੰਦਰੋਂ। ਸੋਹਹਿ = ਸੋਹਣੇ ਲੱਗਦੇ ਹਨ।1।

ਸਬਦਿ-(ਗੁਰੂ ਦੇ) ਸ਼ਬਦ ਦੀ ਰਾਹੀਂ।1। ਰਹਾਉ।

ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਸੁੱਚੇ ਪਿਆਰ ਵਿਚ। ਭੈ = ਡਰ-ਅਦਬ ਵਿਚ (ਰਹਿ ਕੇ) । ਜਾਏ = ਦੂਰ ਹੋ ਜਾਂਦੀ ਹੈ। ਅਨੰਦਿ = ਆਨੰਦ ਵਿਚ। ਸੁਣਿ = ਸੁਣ ਕੇ।2।

ਮਨੂਆ = ਮਨ। ਨਾਚੈ = ਨੱਚਦਾ ਹੈ, ਹੁਲਾਰੇ ਵਿਚ ਆਉਂਦਾ ਹੈ। ਮਨੈ ਮਨੁ ਮਿਲਾਏ = ਮਨ ਵਿਚ ਹੀ ਮਨ ਨੂੰ ਮਿਲਾਈ ਰੱਖਦਾ ਹੈ, ਮਨ ਨੂੰ ਰੋਕੀ ਰੱਖਦਾ ਹੈ। ਤਾਲੁ ਪੂਰੇ-ਰਾਗ ਤੇ ਜੋੜੀ ਦੇ ਵਜ਼ਨ ਦੇ ਨਾਲ ਰਲਾ ਕੇ ਹੱਥਾਂ ਦੀ ਤਾਲੀ ਮਾਰਦਾ ਹੈ ਜਾਂ ਪੈਰਾਂ ਦਾ ਨਾਚ ਕਰਦਾ ਹੈ। ਨਿਰਤਿ = ਨਾਚ। ਸਬਦੇ = ਸ਼ਬਦ ਵਿਚ ਹੀ।3।

ਤਨਹਿ = ਸਰੀਰ ਨੂੰ। ਪਛਾੜੇ = (ਕਿਸੇ ਸ਼ੈ ਨਾਲ) ਪਟਕਾਂਦਾ ਹੈ। ਮੋਹਿ = ਮੋਹ ਵਿਚ। ਜੋਹਿਆ = ਤੱਕ ਵਿਚ ਰੱਖਿਆ ਹੋਇਆ ਹੈ। ਜਮਕਾਲੇ = ਜਮਕਾਲਿ, ਜਮਕਾਲ ਨੇ, ਆਤਮਕ ਮੌਤ ਨੇ। ਮਨਹਿ = ਮਨ ਨੂੰ। ਕਪਟੁ = ਛਲ, ਠੱਗੀ।4।

ਜਾ-ਜਦੋਂ। ਗੁਰਮੁਖਿ = ਗੁਰੂ ਦੇ ਸਨਮੁੱਖ ਰੱਖ ਕੇ। ਰਾਤਾ = ਰੰਗਿਆ ਹੋਇਆ, ਮਸਤ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਸੁੱਚੇ ਪ੍ਰੇਮ ਵਿਚ। ਵਜੈ = ਪ੍ਰਭਾਵ ਪਾਂਦੀ ਹੈ। ਵਜਾਏ = (ਸਿਫ਼ਤਿ-ਸਾਲਾਹ ਦਾ ਵਾਜਾ) ਵਜਾਂਦਾ ਹੈ। ਥਾਇ ਪਾਵਣਿਆ = ਕਬੂਲ ਕਰਦਾ ਹੈ।5।

ਬਹੁ = ਬਹੁਤੇ। ਮੰਨਿ = ਮਨਿ, ਮਨ ਵਿਚ। ਬੰਧਿ = ਬੰਨ੍ਹ ਕੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ।6।

ਮੁਕਤਾ = ਮਾਇਆ ਦੇ ਬੰਧਨਾਂ ਤੋਂ ਸੁਤੰਤਰ। ਵਸਿ = ਵੱਸ ਵਿਚ। ਸੰਜਮਿ = ਸੰਜਮ ਵਿਚ। ਜੁਗਤਾ = ਜੁੜਿਆ ਹੋਇਆ; ਟਿਕਿਆ ਹੋਇਆ।7।

ਜੁਗ ਚਾਰੇ = ਸਦਾ ਹੀ। ਗੁਰਮੁਖਿ = ਗੁਰੂ ਦੇ ਸਨਮੁੱਖ ਰਹਿ ਕੇ ਹੀ। ਹੋਰਤੁ = ਕਿਸੇ ਹੋਰ ਤਰੀਕੇ ਨਾਲ।8।

ਅਰਥ: ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਬਹੁਤ ਪਵਿਤ੍ਰ-ਆਤਮਾ ਹੋ ਜਾਂਦੇ ਹਨ, ਉਹਨਾਂ ਦੇ ਮਨ ਵਿਚ (ਭੀ) ਸੁੱਧ (ਫੁਰਨੇ) ਉਠਦੇ ਹਨ ਉਹਨਾਂ ਦੇ ਮੂੰਹ (ਭੀ) ਸੋਹਣੇ ਦਿੱਸਦੇ ਹਨ, ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਹ ਪਵਿਤ੍ਰ ਗੋਬਿੰਦ ਦਾ ਰੂਪ ਹੋ ਜਾਂਦੇ ਹਨ, ਪਰਮਾਤਮਾ-ਸਰੋਵਰ ਦੇ ਉਹ, (ਮਾਨੋ) ਸੋਹਣੇ ਹੰਸ ਬਣ ਜਾਂਦੇ ਹਨ।1।

ਮੈਂ ਉਸ ਮਨੁੱਖ ਤੋਂ ਸਦਾ ਸਦਕੇ ਵਾਰਨੇ ਜਾਂਦਾ ਹਾਂ, ਜੇਹੜਾ ਗੋਬਿੰਦ ਦੇ ਗੁਣ ਸਦਾ ਗਾਂਦਾ ਹੈ, ਜੇਹੜਾ ਦਿਨ ਰਾਤ ਗੋਬਿੰਦ ਦਾ ਨਾਮ ਉਚਾਰਦਾ ਹੈ, ਜੇਹੜਾ ਗੁਰੂ ਦੇ ਸ਼ਬਦ ਦੀ ਰਾਹੀਂ (ਹੋਰਨਾਂ ਨੂੰ ਭੀ) ਗੋਬਿੰਦ ਦੇ ਗੁਣ ਸੁਣਾਂਦਾ ਹੈ।1। ਰਹਾਉ।

ਜੇਹੜੇ ਮਨੁੱਖ ਗੋਬਿੰਦ (ਦੇ ਗੁਣ) ਆਤਮਕ ਅਡੋਲਤਾ ਵਿਚ (ਪ੍ਰਭੂ ਚਰਨਾਂ ਦੇ) ਪ੍ਰੇਮ ਵਿਚ (ਟਿਕ ਕੇ) ਗਾਂਦੇ ਹਨ, ਗੁਰੂ ਦੇ ਡਰ-ਅਦਬ ਵਿਚ ਰਹਿ ਕੇ ਉਹ (ਲੋਕ ਪਰਲੋਕ ਵਿਚ) ਸੁਰਖ਼ਰੂ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਉਹ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਹਨ, ਸਦਾ ਆਤਮਕ ਆਨੰਦ ਵਿਚ ਮਗਨ ਰਹਿੰਦੇ ਹਨ, ਉਹ (ਹੋਰਨਾਂ ਪਾਸੋਂ) ਸੁਣ ਕੇ (ਭਾਵ, ਉਹ ਗੋਬਿੰਦ ਦੇ ਗੁਣ ਸੁਣਦੇ ਭੀ ਹਨ, ਤੇ) ਗੋਬਿੰਦ ਦੇ ਗੁਣ ਗਾਂਦੇ (ਭੀ) ਹਨ।2।

ਜਿਉਂ ਜਿਉਂ ਮਨੁੱਖ ਭਗਤੀ ਦ੍ਰਿੜ੍ਹ ਕਰਦਾ ਹੈ ਉਸ ਦਾ ਮਨ ਹੁਲਾਰੇ ਵਿਚ ਆਉਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਆਪਣੇ ਮਨ ਨੂੰ ਉਧਰ ਹੀ ਟਿਕਾਈ ਰੱਖਦਾ ਹੈ (ਬਾਹਰ ਭਟਕਣ ਤੋਂ ਬਚਾਈ ਰੱਖਦਾ ਹੈ) । (ਜਿਵੇਂ ਕੋਈ ਰਾਸਧਾਰੀਆ ਰਾਸ ਪਾਣ ਵੇਲੇ ਰਾਗ ਦੇ ਸ਼ਾਜ਼ਾਂ ਦੇ ਨਾਲ ਨਾਲ ਮਿਲ ਕੇ ਨਾਚ ਕਰਦਾ ਹੈ, ਤਿਵੇਂ) ਉਹ ਮਨੁੱਖ (ਮਾਨੋ) ਸੱਚਾ ਨਾਚ ਕਰਦਾ ਹੈ (ਜਦੋਂ ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਆਤਮਕ) ਨਾਚ ਕਰਦਾ ਹੈ।3।

ਪਰ ਜੇਹੜਾ ਮਨੁੱਖ (ਰਾਸ ਆਦਿਕ ਪਾਣ ਵੇਲੇ) ਉੱਚੀ ਉੱਚੀ ਸੁਰ ਵਿਚ ਬੋਲਦਾ ਹੈ ਤੇ ਆਪਣੇ ਸਰੀਰ ਨੂੰ (ਕਿਸੇ ਸ਼ੈ ਨਾਲ) ਪਟਕਾਂਦਾ ਹੈ, (ਉਂਞ ਉਹ) ਮਾਇਆ ਦੇ ਮੋਹ ਵਿਚ (ਫਸਿਆ ਹੋਇਆ) ਹੈ, ਉਸ ਨੂੰ ਆਤਮਕ ਮੌਤ ਨੇ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ। ਉਸ ਦੇ ਮਨ ਨੂੰ ਮਾਇਆ ਦਾ ਮੋਹ (ਹੀ) ਨਚਾ ਰਿਹਾ ਹੈ, ਉਸ ਦੇ ਅੰਦਰ ਛਲ ਹੈ। (ਸਿਰਫ਼ ਬਾਹਰ ਹੀ ਰਾਸ ਆਦਿਕ ਦੇ ਵੇਲੇ ਪ੍ਰੇਮ ਦੱਸਦਾ ਹੈ) ਤੇ ਉਹ ਦੁੱਖ ਪਾਂਦਾ ਹੈ।4।

ਜਦੋਂ ਪਰਮਾਤਮਾ ਆਪ ਕਿਸੇ ਮਨੁੱਖ ਨੂੰ ਗੁਰੂ ਦੀ ਸਰਨ ਪਾ ਕੇ ਉਸ ਪਾਸੋਂ ਆਪਣੀ ਭਗਤੀ ਕਰਾਂਦਾ ਹੈ, ਤਾਂ ਉਸ ਦਾ ਮਨ ਉਸ ਦਾ ਤਨ (ਭਾਵ, ਹਰੇਕ ਗਿਆਨ-ਇ੍ਰੰਦਾ) ਆਤਮਕ ਅਡੋਲਤਾ ਵਿਚ ਪ੍ਰਭੂ-ਚਰਨਾਂ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ। ਉਸ ਦੇ ਅੰਦਰ ਸਿਫ਼ਤਿ-ਸਾਲਾਹ ਦੀ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ ਸਿਫ਼ਤਿ-ਸਾਲਾਹ ਦਾ, ਮਾਨੋ, ਵਾਜਾ ਵਜਾਂਦਾ ਹੈ। ਗੁਰੂ ਦਾ ਆਸਰਾ ਲੈ ਕੇ ਕੀਤੀ ਹੋਈ ਭਗਤੀ ਪਰਮਾਤਮਾ ਪਰਵਾਨ ਕਰਦਾ ਹੈ।5।

ਪਰ ਜੇਹੜਾ ਭੀ ਮਨੁੱਖ ਨਿਰੇ ਸਾਜ਼ ਵਜਾਂਦਾ ਹੈ ਤੇ ਸਾਜ਼ਾਂ ਦੇ ਨਾਲ ਮਿਲ ਕੇ ਨਾਚ ਕਰਦਾ ਹੈ ਉਹ (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਨਾਹ ਹੀ ਸੁਣਦਾ ਹੈ ਤੇ ਨਾਹ ਹੀ ਆਪਣੇ ਮਨ ਵਿਚ ਵਸਾਂਦਾ ਹੈ। ਉਹ ਤਾਂ ਮਾਇਆ ਕਮਾਣ ਦੀ ਖ਼ਾਤਰ ਪਿੜ ਬੰਨ੍ਹ ਕੇ ਨੱਚਦਾ ਹੈ। ਮਾਇਆ ਦੇ ਮੋਹ ਵਿਚ ਟਿਕਿਆ ਰਹਿ ਕੇ ਉਹ ਦੁੱਖ ਹੀ ਸਹਾਰਦਾ ਹੈ (ਇਸ ਨਾਚ ਨਾਲ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ) ।6।

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਹੁੰਦੀ ਹੈ, ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹ ਆਪਣੀਆਂ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੇ ਸੰਜਮ ਵਿਚ ਟਿਕਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ ਇਹੀ ਹੈ ਭਗਤੀ ਜੇਹੜੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ।7।

ਪਰਮਾਤਮਾ ਦੀ ਭਗਤੀ ਗੁਰੂ ਦੇ ਸਨਮੁੱਖ ਰਹਿ ਕੇ ਹੀ ਹੋ ਸਕਦੀ ਹੈ– ਇਹ ਨਿਯਮ ਸਦਾ ਲਈ ਹੀ ਅਟੱਲ ਹੈ। (ਇਸ ਤੋਂ ਬਿਨਾਂ) ਕਿਸੇ ਭੀ ਹੋਰ ਤਰੀਕੇ ਨਾਲ ਕੋਈ ਮਨੁੱਖ ਪ੍ਰਭੂ ਦੀ ਭਗਤੀ ਪ੍ਰਾਪਤ ਨਹੀਂ ਕਰ ਸਕਦਾ। ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਦੀ ਦਾਤਿ ਗੁਰੂ ਵਿਚ ਸਰਦਾ ਰੱਖਿਆਂ ਹੀ ਮਿਲ ਸਕਦੀ ਹੈ। ਉਹੀ ਮਨੁੱਖ ਨਾਮ ਸਿਮਰ ਸਕਦਾ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਆਪਣਾ ਚਿਤ ਜੋੜਦਾ ਹੈ।8। 20। 21।

TOP OF PAGE

Sri Guru Granth Darpan, by Professor Sahib Singh